ਨੋਇਡਾ ਦੇ ਨਿੱਕੇ ਬੱਚੇ ਨੇ
ਛੱਬੀ ਜਨਵਰੀ ਦੀ ਪਰੇਡ ਦੇਖ ਪੁੱਛਿਆ
ਮਾਂ ਗਣਤੰਤਰ ਦਿਵਸ ਕੀ ਹੁੰਦਾ ਏ?
ਤਾਂ ਮਾਂ ਬੋਲੀ ਪੂਰਨ ਪ੍ਰਭੂਸੱਤਾ ਦਾ ਦਿਨ
ਲੋਕਾਂ ਦਾ ਆਪਣਾ ਰਾਜ
ਤੇ ਲੋਕਾਂ ਦੀ ਸ਼ਕਤੀ
ਲੋਕਾਂ ਦਾ ਆਪਣਾ ਸੰਵਿਧਾਨ
ਤਾਂ ਬੱਚਾ ਫੇਰ ਬੋਲਿਆ
ਮਾਂ ਸੰਵਿਧਾਨ ਕੀ ਹੁੰਦਾ ਏ?
ਤਾਂ ਮਾਂ ਬੋਲੀ
ਲੋਕ ਹੱਕਾਂ ਦਾ ਰਖਵਾਲਾ
ਦਲਿਤਾਂ ਦਾ ਮਸੀਹਾ
ਬੱਚਾ ਸ਼ਸ਼ੋਪੰਜ ਵਿੱਚ ਪੈ ਗਿਆ
ਤੇ ਫਿਰ ਇਹ ਪਰੇਡ?
ਦੇਸ਼ ਦੀ ਤਰੱਕੀ ਦਾ ਨਮੂਨਾ
ਤਾਕਤ ਦਾ ਪ੍ਰਦਰਸ਼ਨ
ਤਾਂ ਬੱਚੇ ਦੇ ਮਨ `ਚ
ਇੱਕ ਘਰ `ਚੋਂ ਲੱਭੇ ਪਿੰਜਰ ਘੁੰਮੇ
ਤੇ ਅਖਬਾਰਾਂ ਦੀਆਂ ਸੁਰਖੀਆਂ
ਗਰੀਬਾਂ ਦੇ ਅਠੱਤੀ ਬੱਚੇ ਗੁੰਮ
ਨੋਇਡਾ ਪਿੰਜਰ ਕਾਂਡ ਦੀ ਦਹਿਸ਼ਤ
ਮਾਰਨ ਤੋਂ ਬਾਅਦ ਵੀ ਬਲਾਤਕਾਰ
ਕਾਤਲ ਮਾਸ ਵੀ ਖਾਂਦੇ ਸਨ
ਤੇ ਅੰਗ ਸਮਗਲਿੰਗ ਦਾ ਸ਼ੱਕ
ਪੁਲੀਸ ਦਾ ਰਵਈਆ ਨਾਂ ਪੱਖੀ
ਬੱਚਾ ਬਰੜਾਇਆ
ਕਿਹੜਾ ਸਵਿੰਧਾਨ ਤੇ ਕਿਸ ਨੂੰ ਹੱਕ?
ਕਿਹੜੀ ਤਰੱਕੀ ਤੇ ਕਿਹੜਾ ਦੇਸ਼?
ਕਾਤਲ ਪੁਲੀਸ ਨੇਤਾ ਤੇ ਡਾਕਟਰ
ਇੱਕ ਦੂਸਰੇ ਤੋਂ ਵੱਧ ਕੇ ਸ਼ੈਤਾਨ
ਲਾਲ ਕਿਲੇ ਤੋਂ ਭਾਸ਼ਨ
ਮੇਰਾ ਭਾਰਤ ਮਹਾਨ
ਤਾਂ ਬੱਚਾ ਚੀਕ ਪਿਆ
ਇਹ ਤਾਂ ਘੋਰ ਅਪਮਾਨ
ਰਿਸ਼ਵਤਖੋਰੀ ਤੇ ਵਿਕ ਰਿਹਾ ਇਮਾਨ
ਝੂਠੇ ਦਿਖਾਵੇ ਤੇ ਝੂਠੀ ਸ਼ਾਨ
ਅਨੇਕਾਂ ਕੁਰਬਾਨੀਆਂ ਦਾ ਘਾਣ
ਉਹ ਚੀਕਿਆ ਮੈਂ ਨੀ ਦੇਖਣੀ ਪਰੇਡ
ਮਾਂ ਮੈਨੂੰ ਕਾਰਟੂਨ ਲਾ …
ਤਾਂ ਮਾਂ ਖਿਝ ਕੇ ਬੋਲੀ
ਅੱਜ ਦੇ ਨਿਆਣਿਆ ਨੂੰ ਕੀ ਪਤਾ
ਦੇਸ਼ ਭਗਤੀ ਕੀ ਹੁੰਦੀ ਆ…
ਲੀਡਰ ਬੋਲ ਰਹੇ ਸਨ
ਪਰੇਡ ਚੱਲ ਰਹੀ ਸੀ
ਨਾਹਰੇ ਗੂੰਜ ਰਹੇ ਸਨ
ਲੋਕੀ ਵੇਖ ਰਹੇ ਸਨ
ਮਾਪੇ ਰੋ ਰਹੇ ਸਨ ਬੱਚੇ
ਬੱਚੇ ਖੋਅ ਗਏ ਸਨ
ਦੇਸ਼ ਛੱਬੀ ਜਨਵਰੀ ਮਨਾ ਰਿਹਾ ਸੀ
ਨੋੲਡਾ ਦਾ ਨਿੱਕਾ ਜਿਹਾ ਬੱਚਾ
ਦੌੜ ਰਿਹਾ ਸੀ ਕਦੀ ਅੰਦਰ ਕਦੀ ਬਾਹਰ
ਚੀਜਾਂ ਤੋੜ ਰਿਹਾ ਸੀ ਭਾਂਡੇ ਭੰਨ ਰਿਹਾ ਸੀ
ਮੁਜਾਹਰਾ ਹੋ ਰਿਹਾ ਸੀ ਨਾਹਰੇ ਲੱਗ ਰਹੇ ਸਨ
ਛੁੱਟੀ ਮਸਾਂ ਆਈ ਸੀ ਲੋਕੀ ਸੌਂ ਰਹੇ ਸਨ
ਮਾਂ ਆਖ ਰਹੀ ਕੈਸਾ ਬੱਚਾ ਇਹ ਸ਼ੈਤਾਨ
ਨੇਤਾ ਬੋਲ ਰਿਹਾ ਸੀ ਮੇਰਾ ਦੇਸ਼ ਹੈ ਮਹਾਨ
ਮੇਰ ਦੇਸ਼ ਹੈ ਮਹਾਨ…