ਅਜਮੇਰ ਸਿੰਘ ਨੇ ਹੈਮਰ ਸੁੱਟਣ ਵਿੱਚ ਗੋਲਡਨ ਹੈਟ ਟ੍ਰਿਕ ਮਾਰਿਆ ਸੀ। ਯਾਨੀ ਲਗਾਤਾਰ ਤਿੰਨ ਸੋਨ ਤਮਗ਼ੇ ਜਿੱਤੇ ਸਨ। ਉਹ ਵੀ ਵਿਸ਼ਵ ਵੈਟਰਨ ਚੈਂਪੀਅਨ ਬਣਨ ਦੇ। ਉਹ ਪੰਜਾਬ ਪੁਲਿਸ `ਚੋਂ ਐੱਸ.ਪੀ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਅੱਜ ਕੱਲ੍ਹ ਆਪਣੇ ਪਿੰਡ ਰਹਿੰਦਾ ਹੈ ਤੇ ਸੱਥਾਂ ਦਾ ਸ਼ਿੰਗਾਰ ਹੈ। ਅਜੇ ਵੀ ਉਸ ਨੇ ਆਪਣਾ ਜੁੱਸਾ ਸੰਭਾਲਿਆ ਹੋਇਐ ਤੇ ਆਪਣੀ ਉਮਰ ਦੇ ਹੈਮਰ ਸੁਟਾਵਿਆਂ ਨੂੰ ਨੇੜੇ ਨਹੀਂ ਲੱਗਣ ਦਿੰਦਾ।
ਮਈ 1966 ਦੀ ਗੱਲ ਹੈ। ਪਟਿਆਲੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿੱਚ ਚੋਟੀ ਦੇ ਅਥਲੀਟਾਂ ਦਾ ਕੋਚਿੰਗ ਕੈਂਪ ਲੱਗਾ ਹੋਇਆ ਸੀ। ਮੈਂ ਉਦੋਂ ਖਿਡਾਰੀਆਂ ਦੇ ਰੇਖਾ ਚਿੱਤਰ ਲਿਖਣੇ ਸ਼ੁਰੂ ਕੀਤੇ ਸਨ ਤੇ ਖਿਡਾਰੀਆਂ ਨਾਲ ਮੁਲਾਕਾਤਾਂ ਕਰਨ ਲਈ ਪਟਿਆਲੇ ਗਿਆ ਹੋਇਆ ਸਾਂ। ਇੱਕ ਦਿਨ ਅਥਲੀਟ ਟਰੈਕ ਵਿੱਚ ਪ੍ਰੈਕਟਿਸ ਕਰਨ ਪਿੱਛੋਂ ਅਰਾਮ ਕਰ ਰਹੇ ਸਨ ਤੇ ਮੈਂ ਪੌੜੀਆਂ `ਤੇ ਬੈਠਾ ਡਾਇਰੀ ਵਿੱਚ ਕੁੱਝ ਨੋਟ ਕਰ ਰਿਹਾ ਸਾਂ। ਮੇਰੇ ਨੇੜੇ ਹੀ ਅਥਲੀਟਾਂ ਦੀ ਇੱਕ ਟੋਲੀ ਖੇਡ ਅਧਿਕਾਰੀਆਂ ਦੀਆਂ ਚੁਗਲੀਆਂ ਕਰਦੀ ਸੁਣੀ। ਅਜਮੇਰ ਸਿੰਘ ਉਦੋਂ ਛੋਟਾ ਠਾਣੇਦਾਰ ਸੀ। ਉਸ ਨੂੰ ਉਦੋਂ ਮਸਤ ਕਹਿੰਦੇ ਸਨ। ਉਹ ਜਿਸ ਟੋਲੀ `ਚ ਬਹਿੰਦਾ ਹਾਸੇ ਖੇਡੇ ਦੀਆਂ ਰੌਣਕਾਂ ਲਾਈ ਰੱਖਦਾ। ਉਹ ਕਹਿਣ ਲੱਗਾ, “ਆਹ ਲੰਡੂ ਜੇ ਅਫਸਰ ਰੇਲ ਦਾ ਸਫ਼ਰ ਥਰਡ ਕਲਾਸ `ਚ ਕਰਦੇ ਆ ਪਰ ਟੀ.ਏ.ਫਸਟ ਕਲਾਸ ਦਾ ਲੈਂਦੇ ਆ। ਅਥਲੈਟਿਕ ਕਰਨ ਵਾਲੀਆਂ ਕੁੜੀਆਂ ਵੱਲ ਅਏਂ ਝਾਕਦੇ ਆ ਜਿਵੇਂ ਤੀਵੀਂ ਕਦੇ ਦੇਖੀ ਨੀ ਹੁੰਦੀ।”
ਅਚਾਨਕ ਗੁਰਬਚਨ ਸਿੰਘ ਰੰਧਾਵੇ ਦੀ ਨਿਗ੍ਹਾ ਮੇਰੇ `ਤੇ ਪਈ ਤੇ ਉਹ ਉੱਚੀ ਦੇਣੀ ਕਹਿਣ ਲੱਗਾ, “ਵੀਰਾ ਕਿਤੇ ਇਹ ਨਾ ਲਿਖ ਦਈਂ। ਇਹ ਤਾਂ ਅਸੀਂ ਹੱਸਦੇ ਆਂ। ਅਫਸਰ ਬੜੇ ਚੰਗੇ ਆ!”
ਗੁਰਬਚਨ ਸਿੰਘ ਰੰਧਾਵਾ ਤੇ ਅਜਮੇਰ ਸਿੰਘ ਬਾਅਦ ਵਿੱਚ ਖ਼ੁਦ ਪੁਲਿਸ ਦੇ ਵੱਡੇ ਅਫਸਰ ਬਣ ਕੇ ਰਿਟਾਇਰ ਹੋਏ। ਇਹ ਤਾਂ ਉਹੀ ਜਾਨਣ ਕਿ ਅਫਸਰ ਕਿੰਨੇ ਕੁ ਡੀ.ਏ.ਟੀ.ਏ.ਲੈਂਦੇ ਤੇ ਕਿੰਨੇ ਕੁ ਚੰਗੇ ਮਾੜੇ ਹੁੰਦੇ ਹਨ?
ਅਜਮੇਰ ਸਿੰਘ ਦਾ ਜਨਮ 2 ਫਰਵਰੀ 1938 ਨੂੰ ਸਰਹੰਦ ਨੇੜੇ ਪਿੰਡ ਸੌਂਢੀਆ ਵਿੱਚ ਸਾਧਾਰਨ ਕਿਸਾਨ ਸਰਵਣ ਸਿੰਘ ਦੇ ਘਰ ਹੋਇਆ ਸੀ। ਸਰਵਣ ਸਿੰਘ ਖ਼ੁਦ ਮਾੜੇ ਮੋਟੇ ਪਹਿਲਵਾਨ ਸਨ ਤੇ ਘਰ `ਚ ਖੁੱਲ੍ਹਾ ਡੁੱਲ੍ਹਾ ਲਵੇਰਾ ਰੱਖਦੇ ਸਨ। ਉਨ੍ਹਾਂ ਦੇ ਚਾਰੇ ਪੁੱਤਰ ਹੱਡਾਂ ਪੈਰਾਂ ਦੇ ਖੁੱਲ੍ਹੇ ਨਿਕਲੇ ਜਿਨ੍ਹਾਂ `ਚੋਂ ਦੋ ਇੰਟਰਨੈਸ਼ਨਲ ਅਥਲੀਟ ਬਣੇ। ਅਜਮੇਰ ਸਿੰਘ ਨਿੱਕਾ ਹੁੰਦਾ ਮਸਤਗੜ੍ਹ ਦੇ ਸਾਧ ਕੋਲ ਚਲਾ ਗਿਆ ਸੀ ਤੇ ਟੋਭੇ ਦੀ ਮਿੱਟੀ ਕੱਢਣ ਪਿੱਛੋਂ ਗਜ਼ਾ ਕਰ ਕੇ ਲਿਆਉਂਦਾ ਸੀ। ਘਿਓ ਲੱਗੀਆਂ ਰੋਟੀਆਂ ਉਹ ਪਹਿਲਾਂ ਹੀ ਝੰਬ ਜਾਂਦਾ ਤੇ ਉਤੋਂ ਦੁੱਧ ਪੀ ਲੈਂਦਾ। ਫਿਰ ਮਸਤੀ ਮਾਰਦਾ। ਲੋਕਾਂ ਨੇ ਉਸ ਦਾ ਨਾਂ ਹੀ ਮਸਤ ਰੱਖ ਲਿਆ ਸੀ।
ਸਾਲ ਛੇਈਂ ਮਹੀਨੀਂ ਉਹ ਦੁੱਧੋਂ ਭੱਜੀਆਂ ਲਵੇਰੀਆਂ ਦੇ ਕੱਟੇ ਮੰਢੌਰ ਦੀ ਮੰਡੀ `ਚ ਵੇਚਣ ਲੈ ਤੁਰਦਾ। ਉਹਦੇ ਖੱਦਰ ਦਾ ਲੰਮਾ ਝੱਗਾ ਪਾਇਆ ਹੁੰਦਾ ਸੀ। ਇਕੇਰਾਂ ਕੱਟੇ ਵੇਚ ਕੇ ਵੱਟੇ ਪੈਸਿਆਂ ਨਾਲ ਉਸ ਨੇ ਸੱਜੇ ਪੱਟ `ਤੇ ਮੋਰ ਖੁਣਵਾ ਲਿਆ ਤੇ ਖੱਬੇ `ਤੇ ਕੁੱਕੜ। ਬਾਂਹ ਉਤੇ ਅਜਮੇਰ ਸਿੰਘ ਲਿਖਵਾ ਲਿਆ। ਅੱਧੀ ਸਦੀ ਬਾਅਦ ਕੁੱਕੜ ਤੇ ਮੋਰ ਤਾਂ ਏਕਮਕਾਰ ਵਰਗੇ ਲੱਗਣ ਲੱਗ ਪਏ ਹਨ ਤੇ ਅਜਮੇਰ ਸਿੰਘ ਦਾ ਅੱਧਮਿਟਿਆ ਨਾਂ ਭਾਵੇਂ ਕੋਈ ਕੁਛ ਪੜ੍ਹੀ ਜਾਵੇ। ਸਰੀਰ ਵਧ ਜਾਣ ਨਾਲ ਸਿਆਹੀ ਫੈਲ ਗਈ ਹੈ।
ਅਜਮੇਰ ਸਿੰਘ ਦਾ ਕੱਦ ਪੰਜ ਫੁੱਟ ਗਿਆਰਾਂ ਇੰਚ ਹੈ ਤੇ ਭਾਰ ਕੁਇੰਟਲ ਤੋਂ ਉਤੇ ਹੈ। ਨੱਕ ਵੱਡਾ, ਅੱਖਾਂ ਟੋਪੀਦਾਰ, ਸਿਹਲੀਆਂ ਅੱਧਗੰਜੀਆਂ, ਬੁੱਲ੍ਹ ਮੋਟੇ ਤੇ ਢਾਲੂ ਹਨ। ਲੱਗਦਾ ਹੈ ਜਿਵੇਂ ਨਿੱਕੇ ਹੁੰਦੇ ਨੇ ਢੁੱਡਾਂ ਮਾਰ ਮਾਰ ਕੇ ਮੱਝਾਂ ਚੁੰਘੀਆਂ ਹੋਣ। ਉਹ ਸਿਰੇ ਦਾ ਗਾਲੜੀ ਹੈ ਤੇ ਢਾਲਵੇਂ ਬੁੱਲ੍ਹਾਂ `ਚੋਂ ਹਾਸਾ ਮਜ਼ਾਕ ਤਿਲ੍ਹਕ ਤਿਲ੍ਹਕ ਪੈਂਦਾ ਹੈ। ਬੋਲ ਟੁਣਕਵਾਂ ਹੈ, ਅੱਖਾਂ ਮਸਤ ਤੇ ਤੋਰ ਮਸਤਾਨੀ। ਪੱਟ ਗੇਲੀਆਂ ਵਰਗੇ ਹਨ, ਧੁੰਨੀ ਡੂੰਘੀ ਤੇ ਮੁੱਛਾਂ ਖੜ੍ਹਵੀਆਂ। ਵਸਮਾ ਪਤਾ ਨਹੀਂ ਕਿਹੜੀ ਕੰਪਨੀ ਦਾ ਲਾਉਂਦੈ ਕਿ ਅਜੇ ਵੀ ਚਾਲੀਆਂ ਸਾਲਾ ਦਾ ਈ ਲੱਗਦੈ। ਪਿੱਛੇ ਜਿਹੇ ਮੈਂ ਉਹਨੂੰ ਮਿਲਿਆ ਤੇ ਉਹਦੀ ਕਾਲੀ ਦਾੜ੍ਹੀ ਦਾ ਭੇਤ ਪੁੱਛਿਆ ਤਾਂ ਉਹ ਕਹਿਣ ਲੱਗਾ, “ਤੁਹਾਥੋਂ ਕਾਹਦਾ ਲਕੋਅ ਆ। ਇਹ ਸਭ ਰੰਗਾਂ ਛੰਗਾਂ ਦੀ ਮਿਹਰਬਾਨੀ ਆਂ।”
ਫਿਰ ਉਹ ਆਪਣੀਆਂ ਤਸਵੀਰਾਂ ਵਿਖਾਉਣ ਲੱਗ ਪਿਆ। ਵਿਸ਼ਵ ਵੈਟਰਨ ਚੈਂਪੀਅਨਸ਼ਿਪ ਵਿੱਚ ਮਾਰਚ ਪਾਸਟ ਕਰਦੇ ਦੀਆਂ, ਹੈਮਰ ਸੁੱਟਦੇ ਦੀਆਂ, ਵਿਕਟਰੀ ਸਟੈਂਡ `ਤੇ ਗੋਲਡ ਮੈਡਲ ਗਲ ਪੁਆਉਂਦੇ ਦੀਆਂ ਤੇ ਪੁਲਿਸ ਅਫਸਰ ਬਣਨ ਦੇ ਸਟਾਰ ਲੱਗਣ ਦੀਆਂ। ਕੁੱਝ ਤਸਵੀਰਾਂ ਵਿਦੇਸ਼ੀ ਮੇਮਾਂ ਨਾਲ ਵੀ ਸਨ। ਆਖਣ ਲੱਗਾ, “ਘਰ ਆਲੀ ਨੂੰ ਤਾਂ ਸਾਰਾ ਪਤਾ ਬਈ ਇਹ ਊਂਈਂ ਫੋਟੋਆਂ ਈ ਆਂ, ਹੋਰ ਕੁਸ਼ ਨੀ। ਲਓ ਤੁਸੀਂ ਵੀ ਦਰਸ਼ਨ ਕਰ-ਲੋ। ਆਹ ਹੈਮਰ ਸਿੱਟਦੀ ਸੀ, ਆਹ ਗੋਲਾ, ਆਹ ਲੰਮੀ ਛਾਲ ਆਲੀ ਤੇ ਆਹ ਊਂਈਂ ਆ ਖੜ੍ਹੀ ਹੋਈ ਸਿੰਘ ਨਾਲ ਫੋਟੋ ਖਿਚਾਉਣ। ਮੈਂ ਵੀ ਆਖਿਆ, ਫੋਟੋ ਖਿਚਾਉਣ ਨਾਲ ਆਪਣਾ ਕੀ ਘਸਦੈ?”
ਮੈਂ ਤਸਵੀਰਾਂ `ਚੋਂ ਇੱਕ ਸੋਹਣੀ ਜਿਹੀ ਮੇਮ ਦੀ ਤਸਵੀਰ ਚੁਣ ਲਈ। ਉਹ ਪੁੱਛਣ ਲੱਗਾ, “ਭਲਾ ਮੇਮ ਦੀ ਫੋਟੋ ਕਿਹੜੇ ਕੰਮ ਆਊ?”
ਮੈਂ ਆਖਿਆ, “ਇਹਦੇ `ਚ ਗਲੈਮਰ ਆ, ਸੁਹੱਪਣ। ਪਾਠਕ ਮੇਮ ਦੀ ਫੋਟੋ ਵੇਖਣਗੇ ਤੇ ਇਹਦੇ ਨਾਲ ਤੁਹਾਡੀ ਵੀ ਵੇਖ ਲੈਣਗੇ। ਇਸ਼ਤਿਹਾਰਬਾਜ਼ੀ ਸੋਹਣੀਆਂ ਕੁੜੀਆਂ ਨਾਲ ਹੀ ਹੁੰਦੀ ਐ।”
ਅਜਮੇਰ ਸਿੰਘ ਨੇ ਹੱਸਦਿਆਂ ਕਿਹਾ, “ਦੇਖਿਓ ਕਿਤੇ ਹੋਰ ਈ ਪੰਗਾ ਨਾ ਖੜ੍ਹਾ ਕਰ ਦਿਓ। ਲਾਗ ਡਾਟ ਆਲਿਆਂ ਨੇ ਕਹਿਣਾ ਕਿ ਮੇਮ ਨਾਲ ਰਲਿਆ ਹੋਊ। ਪੁਲਿਸ ਆਲੇ ਤਾਂ ਪਹਿਲਾਂ ਈ ਬਥੇਰੇ ਬਦਨਾਮ ਨੇ।” ਤੇ ਉਹਨੇ ਨਾਲ ਹੀ ਮੇਮਾਂ ਦੀਆਂ ਤਸਵੀਰਾਂ ਪਾਸੇ ਕਰ ਲਈਆਂ।
ਮੈਨੂੰ ਯਾਦ ਆਇਆ ਅਜਮੇਰ ਸਿੰਘ ਦਾ ਪੁਰਾਣਾ ਰੰਗੀਲਾਪਣ। ਬੰਗਲੌਰ ਦੀ ਇੱਕ ਨੈਸ਼ਨਲ ਮੀਟ ਸਮੇਂ ਉਸ ਨੇ ਬੈਂਡ ਵਾਜੇ ਨਾਲ ਆਪਣੀ ਛਾਤੀ ਦੇ ਮਸਲ ਨਚਾ ਕੇ ਵਿਖਾਏ ਸਨ। ਢੋਲ ਦੇ ਡੱਗੇ ਨਾਲ ਉਹ ਕਦੇ ਸੱਜਾ ਮੰਮਾ ਹਿਲਾਉਂਦਾ, ਕਦੇ ਖੱਬਾ ਤੇ ਡੱਗੇ ਦੇ ਤੋੜੇ ਉਤੇ ਉਹ ਦੋਹਾਂ ਮੰਮਿਆਂ ਨੂੰ ਵਾਰੋ ਵਾਰੀ ਬੁੜ੍ਹਕਾ ਕੇ ਤੋੜਾ ਝਾੜਦਾ। ਫੇਰ ਉਹਨੇ ਨੱਚਣ ਵਾਲੀ ਕੁੜੀ ਦੇ ਸਾਹਮਣੇ ਬੈਠ ਕੇ ਮੋਢੇ ਤੇ ਧੌਣ ਅਹਿੱਲ ਰੱਖ ਕੇ, ਸਿਰ ਹਿਲਾ ਕੇ ਫਿਲਮਾਂ ਵਾਲੀ ਰੇਖਾ ਨੂੰ ਵੀ ਮਾਤ ਪਾ ਦਿੱਤਾ। ਅਸਲ ਵਿੱਚ ਉਹ ਮੌਜੀ ਬੰਦਾ ਹੈ, ਖ਼ੁਸ਼ਦਿਲ। ਉਹ ਕਹਿੰਦਾ ਹੈ ਕਿ ਅੱਜ ਕੱਲ੍ਹ ਦੇ ਖਿਡਾਰੀ ਸਾਤੇ ਵੇਲਿਆਂ ਦੇ ਖਿਡਾਰੀਆਂ ਵਰਗੇ ਖੁੱਲ੍ਹ ਦਿਲੇ ਤੇ ਮਿਲਾਪੜੇ ਨਹੀਂ। ਉਹਨਾਂ `ਚ ਪੁਰਾਣੇ ਖਿਡਾਰੀਆਂ ਵਰਗਾ ਮੋਹ ਤੇਹ ਨਹੀਂ। ਉਹੋ ਜਿਹਾ ਹਾਸਾ ਖੇਡਾ ਵੀ ਨੀ ਕਰਦੇ। ਬੱਸ ਚੁੱਪਕੀਤੇ ਜਿਹੇ ਹਨ ਜਿਵੇਂ ਰੁੱਸੇ ਹੋਏ ਹੋਣ।
ਅਜਮੇਰ ਸਿੰਘ ਨੇ ਮੈਟ੍ਰਿਕ ਸਰਹੰਦ ਤੋਂ ਕੀਤੀ ਸੀ। ਐੱਫ.ਏ.ਦੀ ਪੜ੍ਹਾਈ ਡੀ.ਏ.ਵੀ.ਕਾਲਜ ਅੰਬਾਲਾ ਤੋਂ ਕਰ ਕੇ ਬੀ.ਏ.ਮਹਿੰਦਰਾ ਕਾਲਜ ਪਟਿਆਲੇ ਤੋਂ ਕੀਤੀ। ਸਕੂਲ ਵਿੱਚ ਉਹ ਕਬੱਡੀ ਤੇ ਫੁਟਬਾਲ ਖੇਡਦਾ ਸੀ ਪਰ ਕਾਲਜ ਜਾ ਕੇ ਉਹ ਪਹਿਲਵਾਨੀ ਕਰਨ ਲੱਗਾ ਤੇ ਆਪਣੇ ਵਜ਼ਨ ਵਿੱਚ ਪੰਜਾਬ ਯੂਨੀਵਰਸਿਟੀ ਦਾ ਰੈਸਲਿੰਗ ਚੈਂਪੀਅਨ ਬਣ ਗਿਆ। ਅਖਾੜੇ `ਚ ਘੁਲਦਿਆਂ ਉਹਦਾ ਸਿਰ ਮਿੱਟੀ ਨਾਲ ਭਰ ਜਾਂਦਾ ਸੀ ਜਿਸ ਕਰਕੇ ਕੁਸ਼ਤੀਆਂ ਤੋਂ ਕਿਨਾਰਾ ਕਰ ਲਿਆ ਤੇ ਥਰੋਆਂ ਕਰਨ ਲੱਗਾ। ਮਹਿੰਦਰਾ ਕਾਲਜ ਵਿੱਚ ਪੜ੍ਹਦਿਆਂ ਉਹ ਆਲ ਇੰਡੀਆ ਯੂਨੀਵਰਸਿਟੀਜ਼ ਦਾ ਚੈਂਪੀਅਨ ਬਣ ਗਿਆ। ਉਹਦੀਆਂ ਬਾਹਾਂ ਵਿੱਚ ਜ਼ੋਰ ਸੀ ਤੇ ਜਿਧਰ ਪੈਂਦਾ ਸੀ ਧੱਕੇ ਦੇਈ ਜਾਂਦਾ ਸੀ। ਉਹ ਡਿਸਕਸ ਤੇ ਗੋਲਾ ਵੀ ਵਾਹਵਾ ਸੁੱਟ ਲੈਂਦਾ ਸੀ।
ਥਰੋਆਂ ਦੇ ਸਿਰ `ਤੇ ਉਹ 1960 `ਚ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਤੇ ਪਹਿਲੇ ਸਾਲ ਹੀ ਆਲ ਇੰਡੀਆ ਪੁਲਿਸ ਦਾ ਚੈਂਪੀਅਨ ਬਣ ਗਿਆ। ਫਿਰ ਉਹ ਨੈਸ਼ਨਲ ਚੈਂਪੀਅਨ ਬਣਿਆਂ ਤੇ ਪੁਲਿਸ ਮਹਿਕਮੇ `ਚ ਉਸ ਨੂੰ ਤਰੱਕੀ ਮਿਲਣ ਲੱਗੀ। ਉਹਦਾ ਹੈਮਰ 140 ਫੁੱਟ ਦੀ ਦੂਰੀ ਤੋਂ ਵਧਦਾ 1965 ਵਿੱਚ 180 ਫੁੱਟ ਤੋਂ ਵੀ ਟੱਪ ਗਿਆ ਤੇ ਨੈਸ਼ਨਲ ਰਿਕਾਰਡ ਉਹਦੇ ਨਾਂ ਹੋ ਗਿਆ। 1960 ਤੋਂ 75 ਤਕ ਉਹ ਜਿੱਤ ਮੰਚਾਂ `ਤੇ ਚੜ੍ਹਦਾ ਰਿਹਾ। ਇਸ ਦੌਰਾਨ ਉਹ ਕਈ ਵਾਰ ਪੰਜਾਬ ਚੈਂਪੀਅਨ, ਆਲ ਇੰਡੀਆ ਪੁਲਿਸ ਚੈਂਪੀਅਨ ਤੇ ਨੈਸ਼ਨਲ ਚੈਂਪੀਅਨ ਬਣਿਆ ਅਤੇ ਉਸ ਨੂੰ ਟੀਮਾਂ ਦੀਆਂ ਕਪਤਾਨੀਆਂ ਕਰਨ ਦਾ ਮੌਕਾ ਮਿਲਦਾ ਰਿਹਾ। 1962 ਵਿੱਚ ਉਸ ਨੇ ਇੰਡੋ-ਜਰਮਨ ਮੀਟ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।
1966 ਵਿੱਚ ਕਿੰਗਸਟਨ ਦੀਆਂ ਕਾਮਨਵੈੱਲਥ ਖੇਡਾਂ ਲਈ ਉਸ ਦੇ ਚੁਣੇ ਜਾਣ ਦਾ ਪਰਵੀਨ ਕੁਮਾਰ ਨੇ ਚਾਨਸ ਮਾਰ ਦਿੱਤਾ। ਪਰਵੀਨ ਕਾਮਨਵੈੱਲਥ ਖੇਡਾਂ `ਚੋਂ ਚਾਂਦੀ ਦਾ ਤਮਗ਼ਾ ਜਿੱਤਿਆ। ਉਹ ਉਸ ਵੇਲੇ ਦੁਨੀਆਂ ਦਾ ਸਭ ਤੋਂ ਛੋਟੀ ਉਮਰ ਦਾ ਸਭ ਤੋਂ ਭਾਰਾ ਸੁਟਾਵਾ ਸੀ। ਫਿਰ ਪਰਵੀਨ ਨੇ ਕਈ ਸਾਲ ਉਸ ਨੂੰ ਅੱਗੇ ਨਾ ਨਿਕਲਣ ਦਿੱਤਾ। 1973 ਵਿੱਚ ਫਿਲਪਾਈਨ ਦੇ ਸ਼ਹਿਰ ਮਨੀਲਾ `ਚ ਪਹਿਲੀ ਏਸ਼ਿਆਈ ਟਰੈਕ ਐਂਡ ਫੀਲਡ ਮੀਟ ਹੋਈ ਜਿਸ ਵਿੱਚ ਅਜਮੇਰ ਸਿੰਘ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਤੇ ਸੋਨੇ ਦਾ ਤਮਗ਼ਾ ਜਿੱਤਿਆ। ਉਥੇ ਉਸ ਨੇ 60.4 ਮੀਟਰ ਦੂਰ ਹੈਮਰ ਸੁੱਟਿਆ ਸੀ। ਪੰਜਾਬ ਸਰਕਾਰ ਨੇ ਉਸ ਨੂੰ ਪੁਲਿਸ ਦੇ ਸਬ ਇੰਸਪੈਕਟਰ ਤੋਂ ਇੰਸਪੈਕਟਰ ਬਣਾ ਦਿੱਤਾ। 1974 ਵਿੱਚ ਉਸ ਨੇ ਤਹਿਰਾਨ ਦੀਆਂ ਏਸ਼ਿਆਈ ਖੇਡਾਂ ਵਿੱਚ ਭਾਗ ਲਿਆ ਤੇ ਉਥੇ ਚੌਥੇ ਸਥਾਨ `ਤੇ ਰਿਹਾ। ਨਿਰਮਲ ਸਿੰਘ ਜੀਹਦੇ ਪੱਟ ਉਤੇ ਸੱਪ ਖੁਣਿਆ ਹੋਇਆ ਹੈ ਚਾਂਦੀ ਦਾ ਮੈਡਲ ਜਿੱਤਿਆ।
ਨਿਰਮਲ ਸਿੰਘ ਦੇ ਦੱਸਣ ਅਨੁਸਾਰ ਉਸ ਨੇ ਆਖ਼ਰੀ ਥਰੋਅ ਗੁਰੂ ਨਾਨਕ ਨੂੰ ਧਿਆ ਕੇ ਸੁੱਟੀ ਤੇ ਉਹ ਅਜਮੇਰ ਤੇ ਇੱਕ ਹੋਰ ਦੀ ਸੁੱਟ ਤੋਂ ਅੱਗੇ ਨਿਕਲ ਗਈ। ਉਹਦੀ ਦਿਲਚਸਪ ਗੱਲ ਇਹ ਵੀ ਸੀ ਕਿ ਪਹਿਲੀ ਵਾਰ ਕੋਕਰੀ ਆਪਣੇ ਸਹੁਰੀਂ ਜਾ ਕੇ ਜਦ ਉਹ ਪਟੜੇ ਉਤੇ ਵਿਹੜੇ `ਚ ਨ੍ਹਾਉਣ ਬੈਠਾ ਤਾਂ ਸਾਲੀਆਂ ਨੇ ਰੌਲਾ ਪਾ ਦਿੱਤਾ, “ਆਪਣੇ ਘਰ ਸੱਪ!” ਨਿਰਮਲ ਸਿੰਘ ਨੇ ਭੱਜ ਕੇ ਡਾਂਗ ਚੁੱਕ ਲਈ ਤੇ ਪੁੱਛਣ ਲੱਗਾ, “ਕਿਧਰ ਆ ਸੱਪ?”
ਸਾਲੀਆਂ ਤੋਂ ਹਾਸਾ ਕਿਥੇ ਰੋਕਿਆ ਜਾਣਾ ਸੀ? ਸੱਪ ਕਿਸੇ ਖੱਲ ਖੂੰਜੇ ਨਹੀਂ ਸੀ ਲੁਕਿਆ ਹੋਇਆ ਸਗੋਂ ਨਿਰਮਾਲ ਸਿੰਘ ਦੇ ਪੱਟ ਉਤੇ ਖੁਣਿਆਂ ਹੋਇਆ ਸੀ। ਮਖੌਲ ਕਰਾ ਕੇ ਉਹ ਫੇਰ ਨ੍ਹਾਉਣ ਬੈਠ ਗਿਆ।
ਅਜਮੇਰ ਸਿੰਘ ਨੇ ਦੱਸਿਆ ਕਿ ਉਹਨੇ ਕਦੇ ਕਿਸੇ ਪੀਰ ਫਕੀਰ ਨੂੰ ਧਿਆ ਕੇ ਹੈਮਰ ਨਹੀਂ ਸੁੱਟਿਆ। ਹਾਂ, ਕਦੇ ਕਦੇ ਜੋਸ਼ `ਚ ਆਉਣ ਲਈ ਕੜਾ ਚੁੰਮ ਕੇ, ਥਾਪੀ ਮਾਰ ਕੇ ਲਲਕਾਰਾ ਜ਼ਰੂਰ ਮਾਰ ਲੈਂਦਾ ਹੈ। ਇਓਂ ਬੰਦਾ ਰੋਹ `ਚ ਆ ਜਾਂਦਾ ਹੈ। ਮੈਂ ਪੁੱਛਿਆ, “ਖੇਡਾਂ `ਚੋਂ ਤੁਸੀਂ ਕੀ ਖੱਟਿਆ ਤੇ ਕੀ ਗੁਆਇਆ?”
ਉਸ ਦਾ ਉੱਤਰ ਸੀ, “ਖੇਡਾਂ `ਚੋਂ ਮੈਂ ਬਹੁਤ ਕੁਛ ਖੱਟਿਆ। ਦੇਸ ਪਰਦੇਸ ਦੂਰ ਦੂਰ ਤਕ ਜਾਣ ਦਾ ਮੌਕਾ ਮਿਲਿਆ। ਜੱਗ ਜਹਾਨ ਦੀਆਂ ਸੈਰਾਂ ਕੀਤੀਆਂ। ਨੌਕਰੀ ਮਿਲੀ, ਤਰੱਕੀ ਮਿਲੀ, ਐੱਸ.ਪੀ.ਦਾ ਰੈਂਕ ਮਿਲਿਆ ਤੇ ਮਨ ਨੂੰ ਤਸੱਲੀ ਮਿਲੀ ਕਿ ਆਪਾਂ ਵੀ ਹੈਗੇ ਆਂ ਕੁਛ। ਇੱਜ਼ਤ ਮਿਲੀ, ਨਾਮਣਾ, ਖੱਟਿਆ ਤੇ ਚੈਂਪੀਅਨ ਬਣਨ ਦਾ ਸੁਆਦ ਆਇਆ। ਹੋਰ ਬੰਦੇ ਨੂੰ ਕੀ ਚਾਹੀਦੈ?”
“ਖੇਡ `ਚ ਕੋਈ ਹਾਦਸਾ, ਕੋਈ ਮੰਦਭਾਗੀ ਗੱਲ, ਕੋਈ ਮਾਯੂਸੀ?”
“ਮਾਯੂਸੀ ਇਹ ਆ ਕਿ ਆਪਣਾ ਮੁਲਕ ਸਪੋਰਟਸ ਮਾਈਂਡਿਡ ਨ੍ਹੀਂ। ਜਦੋਂ ਮੈਂ ਮਨੀਲਾ ਤੋਂ ਗੋਲਡ ਮੈਡਲ ਜਿੱਤ ਕੇ ਮੁੜਿਆ ਤਾਂ ਦਿੱਲੀ ਏਅਰਪੋਰਟ `ਤੇ ਕਸਟਮ ਵਾਲਿਆਂ ਨੇ ਸਾਡੇ ਨਾਲ ਅਜਿਹਾ ਵਰਤਾਓ ਕੀਤਾ ਜਿਵੇਂ ਅਸੀਂ ਸਮੱਗਲਰ ਹੋਈਏ। ਸਾਡੇ ਆਗੂ ਉਮਰਾਓ ਸਿੰਘ ਨੇ ਵਿੱਚ ਪੈ ਕੇ ਕਿਹਾ ਕਿ ਅਜਮੇਰ ਸਿੰਘ ਇੰਡੀਆ ਲਈ ਗੋਲਡ ਮੈਡਲ ਲੈ ਕੇ ਆਇਐ। ਕਲੱਰਕ ਪਾਤਸ਼ਾਹ ਕਹਿਣ ਲੱਗਾ, ਇਹ ਤਾਂ ਇੱਕ ਹੋਰ ਚੋਰੀ ਫੜੀ ਗਈ। ਗੋਲਡ ਮੈਡਲ ਤਾਂ ਇਹਨੇ ਡਿਕਲੇਅਰ ਈ ਨ੍ਹੀਂ ਕੀਤਾ। ਇਹ ਤਾਂ ਸਿੱਧਾ ਈ ਜੁਰਮ ਐਂ। ਤੁਸੀਂ ਈ ਦੱਸੋ ਏਥੇ ਸਪੋਰਟਸਮੈਨ ਕੀ ਕਰ-ਲੂ?”
ਮਾਯੂਸੀ ਦੇ ਬਾਵਜੂਦ ਅਜਮੇਰ ਸਿੰਘ ਨੇ ਖੇਡਾਂ ਦਾ ਖਹਿੜਾ ਨਹੀਂ ਛੱਡਿਆ। ਚਾਲੀ ਸਾਲ ਦੀ ਉਮਰ ਤੋਂ ਬਾਅਦ ਖਿਡਾਰੀ ਵੈਟਰਨਜ਼ ਦੀਆਂ ਖੇਡਾਂ ਵਿੱਚ ਭਾਗ ਲੈ ਸਕਦਾ ਹੈ। ਜੁਆਨੀ ਵਿੱਚ ਅਜਮੇਰ ਸਿੰਘ ਨੇ ਵੱਧ ਤੋਂ ਵੱਧ 62.78 ਮੀਟਰ ਦੂਰ ਹੈਮਰ ਸੁੱਟਿਆ ਸੀ। ਵੈਟਰਨ ਅਥਲੀਟ ਬਣ ਕੇ ਉਸ ਨੇ ਚੌਥੀ ਵਿਸ਼ਵ ਵੈਟਰਨ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਤੇ ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟ ਚਰਚ ਤੋਂ ਤਾਂਬੇ ਦਾ ਤਮਗ਼ਾ ਜਿੱਤਿਆ। 1989 ਵਿੱਚ ਅੱਠਵੀਂ ਵਿਸ਼ਵ ਵੈਟਰਨ ਚੈਂਪੀਅਨਸ਼ਿਪ ਅਮਰੀਕਾ `ਚ ਹੋਈ ਜਿਥੇ ਉਸ ਨੇ 57.22 ਮੀਟਰ ਦੂਰ ਹੈਮਰ ਸੁੱਟ ਕੇ ਗੋਲਡ ਮੈਡਲ ਤੇ ਵਰਲਡ ਚੈਂਪੀਅਨ ਬਣਨ ਦਾ ਖ਼ਿਤਾਬ ਜਿੱਤਿਆ। ਨੌਵੀਂ ਵਰਲਡ ਚੈਂਪੀਅਨਸ਼ਿਪ ਫਿਨਲੈਂਡ `ਚ ਹੋਈ ਤੇ ਉਥੇ ਵੀ ਉਸ ਨੇ 55.54 ਮੀਟਰ ਹੈਮਰ ਸੁੱਟਣ ਨਾਲ ਸੋਨੇ ਦਾ ਤਮਗ਼ਾ ਹਾਸਲ ਕੀਤਾ। ਅਕਤੂਬਰ 1993 ਵਿੱਚ ਦਸਵੀਆਂ ਵਿਸ਼ਵ ਵੈਟਰਨ ਖੇਡਾਂ ਜੋ ਜਪਾਨ `ਚ ਹੋਈਆਂ ਉਥੈ ਵੀ ਉਹ ਵਿਸ਼ਵ ਵਿਜੇਤਾ ਬਣਿਆ। ਉਥੇ ਉਸ ਨੇ 51.80 ਮੀਟਰ ਦੂਰ ਹੈਮਰ ਸੁੱਟਿਆ। ਇੰਜ ਉਸ ਨੇ ਪੰਜਾਹ ਤੋਂ ਪਚਵੰਜਾ ਸਾਲ ਦੇ ਉਮਰ ਵਰਗ ਵਿੱਚ ਵਿਸ਼ਵ ਪੱਧਰ ਉਤੇ ਤਿੰਨ ਸੋਨ ਤਮਗ਼ੇ ਜਿੱਤ ਕੇ ਗੋਲਡਨ ਹੈਟ ਟ੍ਰਿਕ ਮਾਰਿਆ।
ਫਿਰ ਪਚਵੰਜਾ ਤੋਂ ਸੱਠ ਤੇ ਵਡੇਰੀ ਉਮਰ ਵਿੱਚ ਵੀ ਉਸ ਨੇ ਕਈ ਮੈਡਲ ਜਿੱਤੇ ਹਨ। ਜਦੋਂ ਤਕ ਉਹ ਪੰਜਾਬ ਪੁਲਿਸ ਵਿੱਚ ਰਿਹਾ ਉਹਦੇ ਲਈ ਵੈਟਰਨਜ਼ ਦੇ ਮੁਕਾਬਲਿਆਂ ਵਿੱਚ ਭਾਲ ਲੈਣਾ ਸੁਖਾਲਾ ਸੀ। ਬਾਅਦ ਵਿੱਚ ਮੀਟਾਂ `ਤੇ ਜਾਣ ਆਉਣ ਦਾ ਖਰਚਾ ਉਸ ਨੂੰ ਪੱਲਿਓਂ ਲਾਉਣਾ ਪੈ ਰਿਹੈ। 2005 ਵਿੱਚ ਉਹ ਕੈਨੇਡਾ ਵਿੱਚ ਐਡਮਿੰਟਨ ਦੀਆਂ ਮਾਸਟਰਜ਼ ਖੇਡਾਂ ਵਿੱਚ ਭਾਗ ਲੈਣ ਆਇਆ ਸੀ। ਉਥੇ ਸਬੱਬ ਨਾਲ ਮੈਂ ਵੀ ਗਿਆ ਹੋਇਆ ਸਾਂ। ਉਥੇ ਵੀ ਅਜਮੇਰ ਸਿੰਘ ਵਿਕਟਰੀ ਸਟੈਂਡ ਉਤੇ ਚੜ੍ਹਿਆ ਤੇ ਆਪਣੇ ਮੈਡਲਾਂ ਦੀ ਗਿਣਤੀ ਵਿੱਚ ਵਾਧਾ ਕੀਤਾ।
ਉਸ ਦੇ ਦੋ ਪੁੱਤਰ ਹਨ ਪਰ ਚੰਗੀਆਂ ਖੁਰਾਕਾਂ ਖੁਆਉਣ ਦੇ ਬਾਵਜੂਦ ਉਹ ਤਕੜੇ ਖਿਡਾਰੀ ਨਹੀਂ ਬਣੇ। ਉਹਦੇ ਕਹਿਣ ਮੂਜਬ ਲੋੜੋਂ ਵੱਧ ਸਹੂਲਤਾਂ ਵੀ ਬੱਚਿਆਂ ਨੂੰ ਵਿਗਾੜ ਦਿੰਦੀਆਂ ਹਨ। ਉਹ ਆਪ ਤੰਗੀ `ਚੋਂ ਉਠਿਆ ਸੀ। ਆਪਣੀ ਮਿਹਨਤ, ਲਗਨ ਤੇ ਦ੍ਰਿੜਤਾ ਨਾਲ ਵਿਸ਼ਵ ਚੈਂਪੀਅਨ ਬਣਿਆਂ। ਉਸ ਨੇ ਚਟਪਟੇ ਖਾਣਿਆਂ ਦੀ ਥਾਂ ਸਾਦੀ ਸ਼ੁਧ ਖੁਰਾਕ ਨੂੰ ਤਰਜੀਹ ਦਿੱਤੀ। ਸਰਫਾ ਉਨਾ ਹੀ ਕੀਤਾ ਜਿੰਨਾ ਜਾਇਜ਼ ਸੀ ਪਰ ਫਜ਼ੂਲ ਖਰਚੀ ਤੋਂ ਹਮੇਸ਼ਾਂ ਬਚਿਆ ਰਿਹਾ। ਨਾ ਉਹ ਵਹਿਮਾਂ `ਚ ਪਿਆ ਤੇ ਨਾ ਭਰਮਾਂ `ਚ। ਸਫਲਤਾ ਦਾ ਰਾਜ਼ ਉਸ ਨੇ ਸੰਤੁਲਤ ਵਿਵਹਾਰ ਦੱਸਿਆ। ਸੰਤੁਲਤ ਖੁਰਾਕ, ਸੰਤੁਲਤ ਮਿਹਨਤ ਤੇ ਸੰਤੁਲਤ ਆਰਾਮ। ਤੇ ਨਾਲ ਦੀ ਨਾਲ ਸੰਤੁਲਤ ਹਾਸਾ ਖੇਡਾ ਵੀ ਜੋ ਉਸ ਨੇ ਬੁੱਢੇਵਾਰੇ ਵੀ ਨਹੀਂ ਛੱਡਿਆ।