ਦੁਨੀਆਂ ਹੋ ਹੋ ਤੁਰੀ ਜਾਂਦੀ ਹੈ। ਪੰਜਾਹ ਕਿਲੋਮੀਟਰ ਵਾਕ ਦਾ ਚੈਂਪੀਅਨ ਜ਼ੋਰਾ ਸਿੰਘ ਸਦਾ ਲਈ ਤੁਰ ਗਿਆ ਹੈ। ਉਹਦੇ ਅਕਾਲ ਚਲਾਣੇ ਦਾ ਪਤਾ ਮੈਨੂੰ ਕਈ ਮਹੀਨੇ ਬਾਅਦ ਲੱਗਾ। ਅਜਿਹੇ ਵਿਲੱਖਣ ਅਥਲੀਟ ਦੀ ਯਾਦ ਖੇਡ ਜਗਤ ਨਾਲ ਸਾਂਝੀ ਕਰਨੀ ਬਣਦੀ ਹੈ। ਸਾਡੇ ਬਹੁਤ ਸਾਰੇ ਖਿਡਾਰੀ ਆਪਣੀ ਖੇਡ ਸਮੇਂ ਲੋਕਾਂ ਵਿੱਚ ਬੜੇ ਹਰਮਨ ਪਿਆਰੇ ਹੁੰਦੇ ਹਨ ਪਰ ਬਾਅਦ ਵਿੱਚ ਉਹ ਭੁੱਲ ਭੁਲਾ ਜਾਂਦੇ ਹਨ। ਕਈਆਂ ਦਾ ਬੁਢਾਪਾ ਇਕਲਾਪੇ ਤੇ ਗੁੰਮਨਾਮੀ ਵਿੱਚ ਗੁਜ਼ਰਦਾ ਹੈ ਤੇ ਉਨ੍ਹਾਂ ਦੇ ਪਰਲੋਕ ਸਿਧਾਰ ਜਾਣ ਦਾ ਵੀ ਪਤਾ ਨਹੀਂ ਲੱਗਦਾ।
ਡਿਸਕਸ ਸੁੱਟਣ ਵਿੱਚ ਏਸ਼ੀਆ ਦੇ ਚੈਂਪੀਅਨ ਬਲਕਾਰ ਸਿੰਘ ਦੇ ਗੁਜ਼ਰ ਜਾਣ ਦਾ ਵੀ ਮੈਨੂੰ ਬੜੀ ਦੇਰ ਬਾਅਦ ਪਤਾ ਲੱਗਾ ਸੀ। ਉਸ ਨੇ ਚਾਰ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ ਤੇ ਤਮਗ਼ੇ ਜਿੱਤੇ ਸਨ। ਗੋਲਾ ਸੁੱਟਣ ਵਿੱਚ ਏਸ਼ੀਆ ਦਾ ਚੈਂਪੀਅਨ ਤੇ ਭਾਰਤ ਲਈ ਪੰਜ ਤਮਗ਼ੇ ਜਿੱਤਣ ਵਾਲਾ ਪ੍ਰਦੁੱਮਣ ਸਿੰਘ ਪਿਛਲੇ ਸਿਆਲ ਮੰਜੇ ਉਤੇ ਪਿਆ ਸੀ ਜੋ ਪਿੱਛੇ ਜਿਹੇ ਚਲਾਣਾ ਕਰ ਗਿਆ ਹੈ। ਉਸ ਦੇ ਪਿੰਡ ਭਗਤੇ ਮੈਂ ਉਸ ਨੂੰ ਮਿਲ ਆਇਆ ਸਾਂ। ਜ਼ੋਰਾ ਸਿੰਘ ਦੀ ਮ੍ਰਿਤੂ ਬਾਰੇ ਵੀ ਮੈਨੂੰ ਅਜੇ ਪਤਾ ਨਾ ਲੱਗਦਾ ਜੇਕਰ ਟੋਰਾਂਟੋ ਵਿੱਚ ਵਸਦਾ ਉਸ ਦਾ ਸ਼ਗਿਰਦ ਅਥਲੀਟ ਪਵਨਜੀਤ ਸਿੰਘ ਨਾ ਦੱਸਦਾ।
ਜ਼ੋਰਾ ਸਿੰਘ ਨੇ 1959 ਵਿੱਚ ਉਸ ਸਮੇਂ ਦੇ ਓਲੰਪਿਕ ਰਿਕਾਰਡ ਨਾਲੋਂ ਬਿਹਤਰ ਸਮਾਂ ਕੱਢ ਦਿੱਤਾ ਸੀ। ਉਦੋਂ ਪੰਜਾਹ ਕਿਲੋਮੀਟਰ ਵਗਣ ਦਾ ਓਲੰਪਿਕ ਰਿਕਾਰਡ 4 ਘੰਟੇ 28 ਮਿੰਟ 7.8 ਸੈਕੰਡ ਸੀ। ਜ਼ੋਰਾ ਸਿੰਘ ਨੇ ਪੰਜਾਹ ਕਿਲੋਮੀਟਰ ਦੀ ਵਾਕ 4 ਘੰਟੇ 26 ਮਿੰਟ 8.4 ਸੈਕੰਡ ਵਿੱਚ ਮੁਕਾ ਕੇ ਦਰਸ਼ਕ ਦੰਗ ਕਰ ਦਿੱਤੇ ਸਨ। ਅਖ਼ਬਾਰਾਂ ਵਿੱਚ ਮੋਟੀਆਂ ਸੁਰਖ਼ੀਆਂ ਲੱਗੀਆਂ ਸਨ। ਏਸ਼ੀਆ ਦੀ ਧਰਤੀ ਤੋਂ ਅਥਲੈਟਿਕਸ ਦੀ ਇੱਕ ਨਵੀਂ ਉਮੀਦ ਪੈਦਾ ਹੋ ਗਈ ਸੀ ਤੇ ਦੁਨੀਆਂ ਦੇ ਕਹਿੰਦੇ ਕਹਾਉਂਦੇ ਵਾਕਰ ਭੈ ਭੀਤ ਹੋ ਗਏ ਸਨ। ਭਾਰਤ ਨੂੰ ਓਲੰਪਿਕ ਖੇਡਾਂ `ਚੋਂ ਮੈਡਲ ਮਿਲਣ ਦੀ ਆਸ ਬੱਝ ਗਈ ਸੀ। ਪਰ ਕਿਸਮਤ ਨੇ ਜ਼ੋਰਾ ਸਿੰਘ ਦਾ ਸਾਥ ਨਾ ਦਿੱਤਾ। ਰੋਮ ਦੀਆਂ ਓਲੰਪਿਕ ਖੇਡਾਂ ਵਿੱਚ ਉਹ ਪਹਿਲੇ ਤੀਹ ਕਿਲੋਮੀਟਰ ਸਭ ਤੋਂ ਮੂਹਰੇ ਰਿਹਾ। ਫਿਰ ਇੰਗਲੈਂਡ ਦਾ ਥਾਮਸ ਤੇ ਸੋਵੀਅਤ ਰੂਸ ਦਾ ਵਾਕਰ ਇੱਕ ਕਿਲੋਮੀਟਰ ਬਰਾਬਰ ਖਹਿ ਕੇ ਅੱਗੇ ਨਿਕਲ ਗਏ। ਡੇਢ ਕਿਲੋਮੀਟਰ ਫਾਸਲਾ ਰਹਿਣ ਵੇਲੇ ਤਕ ਉਹ ਤੀਜੇ ਨੰਬਰ ਉਤੇ ਸੀ। ਫਿਰ ਇੱਕ ਟੋਲੀ ਹੀ ਉਸ ਤੋਂ ਮੂਹਰੇ ਨਿਕਲ ਗਈ ਤੇ ਉਸ ਨੂੰ ਅੱਠਵਾਂ ਸਥਾਨ ਮਿਲਿਆ। ਭਾਰਤ ਦੇ ਕਿਸੇ ਅਥਲੀਟ ਲਈ ਓਲੰਪਿਕ ਖੇਡਾਂ ਵਿੱਚ ਅੱਠਵਾਂ ਸਥਾਨ ਹਾਸਲ ਕਰਨਾ ਵੀ ਵੱਡੀ ਪ੍ਰਾਪਤੀ ਹੈ।
ਰੋਮ ਦੀਆਂ ਓਲੰਪਿਕ ਖੇਡਾਂ ਤਕ ਪੁੱਜਣ ਤੋਂ ਪਹਿਲਾਂ ਉਸ ਨੇ ਘੱਟੋਘੱਟ ਪੰਜਾਹ ਹਜ਼ਾਰ ਮੀਲ ਵਗਣ ਦਾ ਅਭਿਆਸ ਕੀਤਾ ਹੋਵੇਗਾ। ਕਈ ਸਾਲ ਉਹ ਹਰ ਰੋਜ਼ ਪੱਚੀ ਤੀਹ ਮੀਲ ਵਗਣ ਦੀ ਪ੍ਰੈਕਟਿਸ ਕਰਦਾ ਰਿਹਾ ਸੀ। ਰੁੜਕੀ ਦਾ ਆਲਾ ਦੁਆਲਾ ਉਹਦੀਆਂ ਪੈੜਾਂ ਨਾਲ ਗਾਹਿਆ ਪਿਆ ਸੀ। ਉਸ ਦਾ ਜਨਮ 15 ਜੂਨ 1928 ਨੂੰ ਤਲਵੰਡੀ ਖੁਰਦ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਉਹ ਸਿਰਫ ਛੇ ਜਮਾਤਾਂ ਪੜ੍ਹ ਸਕਿਆ ਸੀ ਤੇ ਥੋੜ੍ਹਾ ਚਿਰ ਖੇਤੀ ਦਾ ਕੰਮ ਕਰ ਕੇ ਬੰਗਾਲ ਇੰਜਨੀਅਰਿੰਗ ਸੈਂਟਰ ਰੁੜਕੀ ਵਿੱਚ ਭਰਤੀ ਹੋ ਗਿਆ ਸੀ। ਰੰਗਰੂਟੀ ਉਸ ਨੇ ਰੁੜਕੀ ਵਿੱਚ ਕੀਤੀ ਤੇ ਲੜਾਈ ਲੜਨ ਲਈ ਉਸ ਨੂੰ ਇਰਾਨ ਤੇ ਇਰਾਕ ਜਾਣਾ ਪਿਆ। ਉਹ ਇੱਕ ਸਾਧਾਰਨ ਕਿਸਾਨ ਅਰੂੜ ਸਿੰਘ ਦਾ ਪੁੱਤਰ ਸੀ। ਉਹ ਪੰਜ ਭਰਾ ਸਨ ਤੇ ਸਾਰਿਆਂ ਦਾ ਖੇਤੀ ਉਤੇ ਗ਼ੁਜ਼ਾਰਾ ਮੁਸ਼ਕਲ ਸੀ।
ਪਿੰਡ ਵਿੱਚ ਜ਼ੋਰਾ ਸਿੰਘ ਕਬੱਡੀ ਖੇਡਦਾ ਸੀ ਤੇ ਫੌਜ ਵਿੱਚ ਜਾ ਕੇ ਵਾਲੀਵਾਲ ਖੇਡਣ ਲੱਗਾ। ਫਿਰ ਉਹ ਦੌੜਨ ਲੱਗ ਪਿਆ। ਉਸ ਨੇ ਚਾਰ ਸੌ ਮੀਟਰ ਦੀ ਦੌੜ 52.3 ਸੈਕੰਡ ਵਿੱਚ ਲਾਈ। ਜਦੋਂ ਦੌੜਾਂ ਵਿੱਚ ਉਹ ਕੋਈ ਮਾਅ੍ਹਰਕਾ ਨਾ ਮਾਰ ਸਕਿਆ ਤਾਂ ਪੱਚੀ ਸਾਲ ਦੀ ਉਮਰ ਵਿੱਚ ਵਗਣ ਲੱਗ ਪਿਆ। ਵਗਦਿਆਂ ਹਰੇਕ ਕਦਮ ਦੀ ਅੱਡੀ ਜ਼ਮੀਨ `ਤੇ ਪਹਿਲਾਂ ਲਾਉਣੀ, ਖੁੱਚ ਸਿੱਧੀ ਕਰਨੀ ਤੇ ਹਰ ਸਮੇਂ ਇੱਕ ਪੈਰ ਦਾ ਧਰਤੀ ਨਾਲ ਲਗਾਓ ਜ਼ਰੂਰੀ ਹੁੰਦਾ ਹੈ। ਦੌੜਨਾ ਫ਼ਾਊਲ ਗਿਣਿਆ ਜਾਂਦਾ ਹੈ। ਜੇ ਕਿਤੇ ਇਹੋ ਈਵੈਂਟ ਉਹ ਆਰੰਭ ਵਿੱਚ ਅਪਨਾ ਲੈਂਦਾ ਤਾਂ ਵਧੇਰੇ ਕਾਮਯਾਬ ਰਹਿੰਦਾ।
ਪਹਿਲਾਂ ਉਸ ਨੇ ਪੰਜ ਕਿਲੋਮੀਟਰ ਦੀ ਵਾਕ ਵਿੱਚ ਹਿੱਸਾ ਲਿਆ। ਇਹ ਵਾਕ ਉਸ ਨੇ ਬਾਈ ਮਿੰਟ ਵਿੱਚ ਪੂਰੀ ਕੀਤੀ। ਫਿਰ ਉਹ ਵੀਹ ਕਿਲੋਮੀਟਰ ਦੀ ਵਾਕ ਕਰਨ ਲੱਗਾ। ਪੰਜਾਬ ਸੈਂਟਰ ਦਾ ਹਰਨੇਕ ਸਿੰਘ 20 ਕਿਲੋਮੀਟਰ ਦੀ ਵਾਕ ਦਾ ਨੈਸ਼ਨਲ ਚੈਂਪੀਅਨ ਸੀ। ਉਹ ਕਿਹਾ ਕਰਦਾ ਸੀ, “ਵੀਹ ਕਿਲੋਮੀਟਰ ਦੀ ਵਾਕ ਤਾਂ ਮੇਰੀ ਪੇ-ਬੁੱਕ `ਤੇ ਲਿਖੀ ਹੋਈ ਐ।”
ਜ਼ੋਰਾ ਸਿੰਘ ਨੇ ਕਿਹਾ, “ਪੁੱਤਰਾ, ਅਗਲੀ ਵਾਰ ਜ਼ੋਰੇ ਦੀ ਪੇ-ਬੁੱਕ `ਤੇ ਆਊ। ਲੈ ਤਕੜਾ ਰਹੀਂ।”
ਵਾਕ ਸ਼ੁਰੂ ਹੋਈ। ਵੀਹ ਕਿਲੋਮੀਟਰ ਦਾ ਪੰਧ ਤਹਿ ਕਰਦਿਆਂ ਜ਼ੋਰਾ ਸਿੰਘ ਹਰਨੇਕ ਸਿੰਘ ਤੋਂ ਬਹੁਤ ਅੱਗੇ ਨਿਕਲ ਗਿਆ। ਵਿਕਟਰੀ ਸਟੈਂਡ ਉਤੇ ਖੜ੍ਹਿਆਂ ਜ਼ੋਰਾ ਸਿੰਘ ਨੇ ਗੱਲ ਰੜਕਾਈ, “ਕਿਉਂ ਨੇਕਿਆ, ਕੱਟ `ਤੀ ਨਾ ਤੇਰੀ ਪੇ-ਬੁੱਕ ਤੋਂ ਵਾਕ?”
ਇਉਂ ਉਸ ਦੀ ਚੜ੍ਹਤ ਦਾ ਦੌਰ ਸ਼ੁਰੂ ਹੋਇਆ। ਫੌਜ ਦੇ ਮੁਕਾਬਲਿਆਂ ਤੋਂ ਲੈ ਕੇ ਦੇਸ਼ ਭਰ ਦੀਆਂ ਅਥਲੈਟਿਕ ਮੀਟਾਂ ਵਿੱਚ ਉਸ ਨੇ ਸਭਨੀਂ ਥਾਈਂ ਨਵੇਂ ਰਿਕਾਰਡ ਕਾਇਮ ਕਰ ਦਿੱਤੇ। ਉਸ ਦੇ ਅਭਿਆਸ ਦਾ ਇਹ ਹਾਲ ਸੀ ਕਿ ਕਈ ਵਾਰ ਉਸ ਨੇ ਚਾਲੀ ਪੰਜਾਹ ਮੀਲ ਲਗਾਤਾਰ ਵਗੇ ਜਾਣਾ। ਉਹਦੇ ਕੈਨਵਸ ਦੇ ਬੂਟ ਮਸਾਂ ਦਸ ਪੰਦਰਾਂ ਦਿਨ ਕੱਟਦੇ। ਅੱਡੀਆਂ ਤੇ ਪੰਜੇ ਘਸ ਜਾਂਦੇ। ਪੈਰਾਂ ਦੇ ਨਹੁੰ ਸੁੱਕ ਜਾਣ ਦੇ ਬਾਵਜੂਦ ਉਹ ਵਗਣੋਂ ਨਾ ਰੁਕਦਾ। ਮੀਹ ਹਨ੍ਹੇਰੀ ਦੀ ਪਰਵਾਹ ਕੀਤੇ ਉਹ ਆਪਣਾ ਨਿੱਤਨੇਮ ਜਾਰੀ ਰੱਖਦਾ। ਉਸ ਨੂੰ ਕੋਈ ਸਾਇੰਟੇਫਿਕ ਸਿਖਲਾਈ ਨਹੀਂ ਸੀ ਮਿਲ ਰਹੀ। ਬੱਸ ਅੰਦਰਲੀ ਲਗਨ ਤੇ ਵਿਸ਼ਵ ਜੇਤੂ ਬਣਨ ਦੀ ਰੀਝ ਉਹਨੂੰ ਤੋਰੀ ਫਿਰਦੀ ਸੀ। ਇਹੋ ਰੀਝ ਮਿਲਖਾ ਸਿੰਘ ਵਿੱਚ ਸੀ। ਸਾਰੇ ਫੌਜੀ ਅਥਲੀਟ ਜਾਨ ਮਾਰ ਕੇ ਮਿਹਨਤ ਕਰਨ `ਚ ਯਕੀਨ ਰੱਖਦੇ ਸਨ। ਉਦੋਂ ਭਾਰਤ ਦੇ ਚੈਂਪੀਅਨ ਅਥਲੀਟ ਆਮ ਕਰ ਕੇ ਫੌਜੀ ਹੀ ਹੁੰਦੇ ਸਨ।
1952 ਤੋਂ ਇਟਲੀ ਦੇ ਜੀ.ਦੋਰਦੋਨੀ ਦਾ ਪੰਜਾਹ ਕਿਲੋਮੀਟਰ ਵਾਕ ਦਾ ਓਲੰਪਿਕ ਰਿਕਾਰਡ ਤੁਰਿਆ ਆਉਂਦਾ ਸੀ। 1959 ਵਿੱਚ ਜ਼ੋਰਾ ਸਿੰਘ ਨੇ ਇੱਕ ਮੀਟ ਵਿੱਚ ਦੋਰਦੋਨੀ ਨਾਲੋਂ ਬਿਹਤਰ ਸਮਾਂ ਕੱਢ ਕੇ ਸਭ ਨੂੰ ਹੈਰਾਨ ਕਰ ਦਿੱਤਾ। ਜ਼ੋਰਾ ਸਿੰਘ ਨੇ ਫੌਜ ਦੀ ਮੀਟ ਵਿੱਚ ਅਜੇ ਅੱਧਾ ਪੰਧ ਈ ਤਹਿ ਕੀਤਾ ਸੀ ਕਿ ਇੱਕ ਜੱਜ ਨੇ ਕਿਹਾ, “ਜੇਕਰ ਇਹੋ ਸਪੀਡ ਜਾਰੀ ਰੱਖੇਂ ਤਾਂ ਵਿਸ਼ਵ ਰਿਕਾਰਡ ਤੋੜ ਸਕਦੈਂ।” ਉਹੀ ਗੱਲ ਹੋਈ। ਜ਼ੋਰਾ ਸਿੰਘ ਨੇ ਲਗਭਗ ਦੋ ਮਿੰਟ ਦੇ ਸਮੇਂ ਨਾਲ ਦੋਰਦੋਨੀ ਦੇ ਓਲੰਪਿਕ ਰਿਕਾਰਡ ਨੂੰ ਮਾਤ ਪਾ ਦਿੱਤਾ।
1960 ਦੀਆਂ ਓਲੰਪਿਕ ਖੇਡਾਂ ਲਈ ਉਹ ਭਾਰਤੀ ਟੀਮ ਵਿੱਚ ਚੁਣਿਆ ਗਿਆ। ਓਲੰਪਿਕ ਖੇਡਾਂ ਤੋਂ ਪਹਿਲਾਂ ਉਸ ਨੇ ਜਰਮਨੀ ਤੇ ਯੂਰਪ ਦੇ ਹੋਰ ਮੁਲਕਾਂ ਦੀਆਂ ਅੱਠ ਮੀਟਾਂ ਵਿੱਚ ਭਾਗ ਲਿਆ ਤੇ ਅੱਠਾਂ ਵਿੱਚ ਹੀ ਅੱਵਲ ਆਇਆ। ਜਦੋਂ ਰੋਮ ਦੀ ਓਲੰਪਿਕ ਵਾਕ ਸ਼ੁਰੂ ਹੋਈ ਤਾਂ ਟੀਮ ਅਧਿਕਾਰੀ ਤੇ ਤਿੰਨ ਚਾਰ ਭਾਰਤੀ ਜ਼ੋਰਾ ਸਿੰਘ ਦਾ ਹੌਂਸਲਾ ਵਧਾਉਣ ਲਈ ਹਾਜ਼ਰ ਸਨ। ਸ਼ਾਮ ਦਾ ਸਮਾਂ ਸੀ। ਪੰਜਾਹ ਕਿਲੋਮੀਟਰ ਵਾਕ ਦਾ ਅੰਤ ਸਾਢੇ ਚਾਰ ਘੰਟਿਆਂ ਤਕ ਹੋਣਾ ਸੀ। ਭਾਰਤੀ ਟੀਮ ਦੇ ਅਧਿਕਾਰੀ ਕਿਤੇ ਖਾਣ ਪੀਣ ਜਾ ਬੈਠੇ। ਖਾਂਦਿਆਂ ਪੀਂਦਿਆਂ ਉਹ ਜ਼ੋਰਾ ਸਿੰਘ ਨੂੰ ਭੁੱਲ ਹੀ ਗਏ।
ਜਦੋਂ ਵਾਕ ਖ਼ਤਮ ਹੋਈ ਤਾਂ ਜ਼ੋਰਾ ਸਿੰਘ ਨੂੰ ਬੁਕਲ ਵਿੱਚ ਲੈਣ ਵਾਲਾ ਕੋਈ ਨਹੀਂ ਸੀ। ਮੁਕਾਬਲੇ ਦੇ ਅਥਲੀਟਾਂ ਨੂੰ ਉਨ੍ਹਾਂ ਦੇ ਕੋਚ ਤੇ ਸਾਥੀ ਸੰਭਾਲ ਰਹੇ ਸਨ ਪਰ ਜ਼ੋਰਾ ਸਿੰਘ ਹਰਫਲਿਆ ਫਿਰ ਰਿਹਾ ਸੀ। ਸਟੇਡੀਅਮ ਦੀਆਂ ਬੱਤੀਆ ਜਗ ਰਹੀਆਂ ਸਨ ਪਰ ਵਿਤੋਂ ਬਾਹਰਾ ਜ਼ੋਰ ਲਾਉਣ ਕਾਰਨ ਉਸ ਨੂੰ ਕੁੱਝ ਵੀ ਸਾਫ ਨਹੀਂ ਸੀ ਦਿਸ ਰਿਹਾ। ਉਹ ਬੌਰਿਆਂ ਵਾਂਗ ਡੋਲਦਾ ਫਿਰਦਾ ਸੀ। ਗਰਮੀ, ਪਿਆਸ ਤੇ ਥਕਾਵਟ ਨੇ ਉਸ ਨੂੰ ਅਧਮੋਇਆ ਕਰ ਦਿੱਤਾ ਸੀ। ਪੰਜਾਹ ਕਿਲੋਮੀਟਰ ਦੀ ਖਹਿਵੀਂ ਵਾਕ ਸਾਰੀ ਸੱਤਿਆ ਮੁਕਾ ਦਿੰਦੀ ਹੈ। ਸਰੀਰ ਦਾ ਕਣ ਕਣ ਮੁਰਝਾ ਜਾਂਦਾ ਹੈ। ਲੜਖੜਾਉਂਦਾ ਉਹ ਪਾਣੀ ਦੀ ਟੂਟੀ ਕੋਲ ਅਪੜਿਆ। ਜਿਵੇਂ ਕਿਵੇਂ ਬਟਨ ਦੱਬਿਆ ਤਾਂ ਪਾਣੀ ਦੀ ਧਾਰ ਉਛਲੀ। ਉਸ ਨੇ ਮੂੰਹ ਹੇਠਾਂ ਕਰ ਦਿੱਤਾ। ਉਤੋਂ ਧਾਰ ਪੈ ਰਹੀ ਸੀ ਤੇ ਹੇਠਾਂ ਜੂੜੇ ਵਾਲਾ ਅਥਲੀਟ ਮੂੰਹ ਟੱਡੀ ਖੜ੍ਹਾ ਸੀ। ਕੁੱਝ ਪਾਣੀ ਸੰਗੋਂ ਥੱਲੇ ਉਤਰ ਰਿਹਾ ਸੀ ਤੇ ਬਾਕੀ ਮੁੱਛਾਂ ਤੇ ਦਾੜ੍ਹੀ ਵਿੱਚ ਦੀ ਥੱਲੇ ਡੁੱਲ੍ਹ ਰਿਹਾ ਸੀ। ਫੋਟੋਗਰਾਫਰਾਂ ਲਈ ਇਹ ਅਜੀਬ ‘ਪੋਜ਼’ ਸੀ। ਇਸ ਪੋਜ਼ ਦੀਆਂ ਤੁਰੰਤ ਤਸਵੀਰਾਂ ਖਿੱਚੀਆਂ ਗਈਆਂ ਜੋ ਇਸ ਕੈਪਸ਼ਨ ਨਾਲ ਅਖ਼ਬਾਰਾਂ ਵਿੱਚ ਛਪੀਆਂ-ਪੰਜਾਹ ਕਿਲੋਮੀਟਰ ਵਗਣ ਪਿੱਛੋਂ ‘ਰੀਲੈਕਸ’ ਹੋ ਰਿਹਾ ਸਿੰਘ।
ਪਾਣੀ ਪੀ ਕੇ ਪਿੱਛੇ ਮੁੜਦੇ ਜ਼ੋਰਾ ਸਿੰਘ ਨੂੰ ਇੱਕ ਪੱਤਰਕਾਰ ਨੇ ਪੁੱਛਿਆ, “ਇਸ ਤਰ੍ਹਾਂ ਦੀ ਹਾਲਤ ਵਿੱਚ ਪਾਣੀ ਪੀਣਾ ਤੁਹਾਨੂੰ ਨੁਕਸਾਨ ਤਾਂ ਨਹੀਂ ਪੁਚਾਵੇਗਾ?” ਜ਼ੋਰਾ ਸਿੰਘ ਦਾ ਉੱਤਰ ਸੀ, “ਇਹ ਫੋਕਾ ਪਾਣੀ ਐਂ। ਫੋਕਾ ਪਾਣੀ ਕੀ ਨੁਕਸਾਨ ਕਰੇਗਾ?”
ਫਿਰ ਉਹ ਉਸ ਥਾਂ ਆਇਆ ਜਿਥੇ ਉਸ ਨੇ ਟਰੈਕ ਸੂਟ ਲਾਹਿਆ ਸੀ। ਉਸ ਨੂੰ ਉਥੇ ਆਪਣਾ ਟਰੈਕ ਸੂਟ ਨਾ ਲੱਭਾ। ਮੁਕਾਬਲੇ ਪਿੱਛੋਂ ਜ਼ਰੂਰੀ ਹੁੰਦਾ ਹੈ ਕਿ ਟਰੈਕ ਸੂਟ ਪਹਿਨ ਲਿਆ ਜਾਵੇ ਤੇ ਸਰੀਰ ਨੂੰ ਹੌਲੀ ਹੌਲੀ ਠੰਢਾ ਹੋਣ ਦਿੱਤਾ ਜਾਵੇ। ਪਰ ਜ਼ੋਰਾ ਸਿੰਘ ਭਿੱਜੇ ਹੋਏ ਕੱਛੇ ਬੁਨੈਣ ਨਾਲ ਏਧਰ ਓਧਰ ਆਪਣਾ ਟਰੈਕ ਸੂਟ ਲੱਭਦਾ ਖਪਦਾ ਰਿਹਾ। ਅਖ਼ੀਰ ਅੱਧੇ ਘੰਟੇ ਬਾਅਦ ਉਸ ਨੂੰ ਟਰੈਕ ਸੂਟ ਨਸੀਬ ਹੋਇਆ। ਜਦੋਂ ਉਹ ਓਲੰਪਿਕ ਪਿੰਡ ਵਿੱਚ ਗਿਆ ਤਾਂ ਉਹਦੇ ਭਾਰਤੀ ਭਾਈ ਉਹਦੀ ਚੰਗੀ ਕਾਰਗੁਜ਼ਾਰੀ ਦੇ ਜਸ਼ਨ ਮਨਾ ਰਹੇ ਸਨ। ਟੀਮ ਅਧਿਕਾਰੀ ਕਹਿ ਰਹੇ ਸਨ ਕਿ ਦੁਨੀਆ `ਚ ਅੱਠਵੇਂ ਨੰਬਰ `ਤੇ ਆਉਣਾ ਵੀ ਭਾਰਤੀਆਂ ਲਈ ਪਹਿਲੇ ਨੰਬਰ `ਤੇ ਆਉਣ ਵਾਂਗ ਹੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਜਿਹੋ ਜਿਹਾ ਵਰਤਾਅ ਜ਼ੋਰਾ ਸਿੰਘ ਨਾਲ ਹੋਇਆ, ਇਹੋ ਜਿਹੀ ਹਾਲਤ ਵਿੱਚ ਪੰਜਾਹ ਕਿਲੋਮੀਟਰ ਵਾਕ ਪੂਰੀ ਕਰ ਲੈਣੀ ਹੀ ਜੇਤੂ ਬਣਨ ਬਰਾਬਰ ਸੀ।
1962 ਵਿੱਚ ਜਪਾਨੀਆਂ ਨੇ ਜ਼ੋਰਾ ਸਿੰਘ ਨੂੰ ਟੋਕੀਓ ਦੀ ਇੱਕ ਮੀਟ ਵਿੱਚ ਸ਼ਾਮਲ ਹੋਣ ਲਈ ਸੱਦਿਆ। ਉਥੇ ਉਸ ਦਾ ਵਿਸ਼ੇਸ਼ ਮਾਣ ਸਨਮਾਨ ਕੀਤਾ ਗਿਆ। ਖੇਡਾਂ ਵਿੱਚ ਉਸ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪ੍ਰਾਪਤੀ ਸਦਕਾ ਪਹਿਲਾਂ ਉਸ ਨੂੰ ਹੌਲਦਾਰੀ ਮਿਲੀ ਤੇ ਪਿੱਛੋਂ ਸੂਬੇਦਾਰੀ। 1964 ਵਿੱਚ ਉਸ ਨੇ ਐੱਨ.ਆਈ.ਐੱਸ.ਪਟਿਆਲਾ ਤੋਂ ਕੋਚਿੰਗ ਦਾ ਕੋਰਸ ਪਾਸ ਕਰ ਲਿਆ। ਉਹ ਛੇ ਸਾਲ ਫੌਜੀ ਵਾਕਰਾਂ ਦਾ ਕੋਚ ਰਿਹਾ ਤੇ ਫੌਜ `ਚੋਂ ਰਿਟਾਇਰ ਹੋ ਕੇ ਪੰਜਾਬ ਸਰਕਾਰ ਦੇ ਖੇਡ ਵਿਭਾਗ ਦੀ ਨੌਕਰੀ ਕਰ ਲਈ। 1984 ਵਿੱਚ ਉਹ ਉਸ ਨੌਕਰੀ ਤੋਂ ਵੀ ਰਿਟਾਇਰ ਹੋ ਗਿਆ ਤੇ ਉਸੇ ਸਾਲ ਉਸ ਦੀ ਪਤਨੀ ਭਗਵਾਨ ਕੌਰ ਗੁਜ਼ਰ ਗਈ। ਜੀਵਨ ਦੀ ਸ਼ਾਮ ਉਸ ਨੇ ਤਲਵੰਡੀ ਵਿੱਚ ਗੁਜ਼ਾਰੀ। ਉਸ ਦੇ ਤਿੰਨ ਧੀਆਂ ਤੇ ਤਿੰਨ ਪੁੱਤਰ ਸਨ। ਵਿਚਕਾਰਲੇ ਪੁੱਤਰ ਮੱਖਣ ਸਿੰਘ ਦੀ ਜੁਆਨੀ ਵਿੱਚ ਹੀ ਮ੍ਰਿਤੂ ਹੋ ਗਈ। ਆਖ਼ਰ ਪਤਨੀ ਤੇ ਪੁੱਤਰ ਦੇ ਵਿਛੋੜੇ ਦਾ ਸੱਲ ਜ਼ੋਰਾ ਸਿੰਘ ਨੂੰ ਵੀ ਲੈ ਬੈਠਾ।
ਮੈਂ ਜਿੰਨੀ ਵਾਰ ਵੀ ਉਸ ਨੂੰ ਮਿਲਿਆ ਸਾਂ ਉਸ ਦੀ ਨਿਮਰਤਾ ਤੇ ਸਾਦਗੀ ਤੋਂ ਪ੍ਰਭਾਵਤ ਹੋਇਆ ਸਾਂ। ਰੁਕ ਰੁਕ ਕੇ ਬੋਲਦਿਆਂ ਉਸ ਦੀਆਂ ਰਗਾਂ ਫੁੱਲ ਜਾਂਦੀਆਂ ਤੇ ਉਹ ਜਜ਼ਬਾਤੀ ਹੋ ਜਾਂਦਾ। ਇੱਕ ਵਾਰ ਮੈਂ ਉਹਦੇ ਪਿੰਡ ਗਿਆ। ਤਲਵੰਡੀ ਖੁਰਦ ਨੂੰ ਉਸ ਇਲਾਕੇ ਦੇ ਲੋਕ ਨੀਵੀਂ ਤਲਵੰਡੀ ਕਹਿੰਦੇ ਹਨ। ਉੱਚੀ ਤਲਵੰਡੀ ਲੰਘ ਕੇ ਮੈਂ ਨੀਵੀਂ ਤਲਵੰਡੀ ਦੇ ਇੱਕ ਬੰਦੇ ਕੋਲੋਂ ਉਹਦਾ ਘਰ ਪੁੱਛਿਆ ਤਾਂ ਉਹ ਕਹਿਣ ਲੱਗਾ, “ਜ਼ੋਰਾ ਸਿੰਘ ਕੌਣ?” ਮੈਂ ਹੈਰਾਨ ਹੋਇਆ ਕਿ ਜਿਹੜਾ ਜ਼ੋਰਾ ਸਿੰਘ ਓਲੰਪੀਅਨ ਹੈ ਉਸ ਨੂੰ ਉਹਦਾ ਪੇਂਡੂ ਭਰਾ ਵੀ ਨਹੀਂ ਜਾਣਦਾ। ਮੈਂ ਜ਼ੋਰਾ ਸਿੰਘ ਦੇ ਖਿਡਾਰੀ ਹੋਣ ਬਾਰੇ ਦੱਸਿਆ ਤਾਂ ਵੀ ਉਸ ਨੂੰ ਕੋਈ ਸਮਝ ਨਾ ਲੱਗੀ। ਮੈਂ ਉਹਦੇ ਰਿਟਾਇਰ ਫੌਜੀ ਹੋਣ ਬਾਰੇ ਦੱਸਿਆ ਤਾਂ ਉਹ ਕਹਿਣ ਲੱਗਾ, “ਹੱਛਾ ਉਹ ਨਾਂ ਕਟੀਆ ਜ਼ੋਰਾ? ਉਹਦਾ ਘਰ ਸਾਮ੍ਹਣੇ ਐ, ਹਰੇ ਤਖਤਿਆਂ ਵਾਲਾ।”
ਮੈਂ ਘਰ ਅੰਦਰ ਗਿਆ ਤਾਂ ਬੈਠਕ ਵਿੱਚ ਉਹਦੀਆਂ ਕੁੰਢੀਆਂ ਮੁੱਛਾਂ ਵਾਲੀ ਤਸਵੀਰ ਵੇਖੀ। ਕੁੰਢੀਆਂ ਮੁੱਛਾਂ ਤੋਂ ਇੰਗਲੈਂਡ ਵਾਲੀ ਗੱਲ ਯਾਦ ਆ ਗਈ। ਇੰਗਲੈਂਡ ਵਿੱਚ ਜ਼ੋਰਾ ਸਿੰਘ ਹੋਰੀਂ ਪ੍ਰੈਕਟਿਸ ਕਰ ਕੇ ਮੁੜੇ ਤਾਂ ਇੱਕ ਅੰਗਰੇਜ਼ ਦੇ ਘਰੋਂ ਪਾਣੀ ਪੀਣ ਲਈ ਮੰਗਿਆ। ਐਨ ਉਵੇਂ ਜਿਵੇਂ ਪੰਜਾਬ ਵਿੱਚ ਰਾਹੀ ਪਾਂਧੀ ਕਿਸੇ ਘਰੋਂ ਲੱਸੀ ਪਾਣੀ ਪੀ ਜਾਂਦੇ ਹਨ। ਅੰਗਰੇਜ਼ ਸੁਆਣੀ ਨੇ ਉਨ੍ਹਾਂ ਨੂੰ ਪਾਣੀ ਪਿਆਇਆ। ਉਸ ਦਾ ਛੋਟਾ ਜਿਹਾ ਬੱਚਾ ਹੈਰਾਨੀ ਨਾਲ ਜ਼ੋਰਾ ਸਿੰਘ ਦਾ ਜੂੜਾ ਤੇ ਕੁੰਢੀਆਂ ਮੁੱਛਾਂ ਵੇਖਦਾ ਰਿਹਾ। ਜ਼ੋਰਾ ਸਿੰਘ ਨੇ ਲਾਡ ਨਾਲ ਬੱਚੇ ਨੂੰ ਕੁੱਛੜ ਚੁੱਕਿਆ ਤੇ ਥਪਥਪਾਇਆ। ਬੱਚਾ ਮੁਸਕਰਾਉਣ ਦੀ ਥਾਂ ਉਹਦੀਆਂ ਕੁੰਢੀਆਂ ਮੁੱਛਾਂ ਤੋਂ ਡਰਦਾ ਡਾਡਾਂ ਮਾਰਨ ਲੱਗ ਪਿਆ। ਬਾਅਦ ਵਿੱਚ ਪਤਾ ਲੱਗਾ ਕਿ ਉਸ ਬੱਚੇ ਨੂੰ ਬੁਖ਼ਾਰ ਹੋ ਗਿਆ। ਜਦੋਂ ਵੀ ਜ਼ੋਰਾ ਸਿੰਘ ਹੋਰੀਂ ਉਹਨਾਂ ਦੇ ਘਰ ਅੱਗੋਂ ਦੀ ਲੰਘਣ ਤਾਂ ਬੱਚਾ ਡਰ ਜਿਆ ਕਰੇ। ਇਹ ਗੱਲ ਬੱਚੇ ਦੇ ਪਿਤਾ ਨੇ ਜ਼ੋਰਾ ਸਿੰਘ ਹੋਰਾਂ ਨੂੰ ਦੱਸੀ ਤਾਂ ਉਨ੍ਹਾਂ ਨੇ ਹੋਰ ਰਸਤਾ ਅਪਨਾ ਲਿਆ ਤੇ ਜ਼ੋਰਾ ਸਿੰਘ ਨੇ ਮੁੱਛਾਂ ਦੇ ਕੁੰਢ ਵੀ ਕੱਢ ਦਿੱਤੇ।
ਮੈਂ ਜ਼ੋਰਾ ਸਿੰਘ ਨੂੰ ਪੁੱਛਿਆ ਸੀ, “ਕੋਈ ਖ਼ੁਸ਼ੀ ਦੀ ਘੜੀ ਦੱਸੋ ਜੋ ਮੁੜ ਮੁੜ ਚੇਤੇ ਆਉਂਦੀ ਹੋਵੇ?”
ਜ਼ੋਰਾ ਸਿੰਘ ਨੇ ਹੇਠਲੇ ਬੁੱਲ੍ਹ ਦੀ ਸੱਜੀ ਕੰਨੀ ਪਿੱਛੇ ਨੂੰ ਖਿੱਚਦਿਆਂ ਕਿਹਾ ਸੀ, “ਖ਼ੁਸ਼ੀ ਦੇ ਬੜੇ ਮੌਕੇ ਆਏ। ਇੱਕ ਵਾਰ ਕਿਸੇ ਵੱਡੇ ਬੰਦੇ ਨੇ ਬਾਹਰੋਂ ਆਉਣਾ ਸੀ। ਪਾਲਮ ਦੇ ਹਵਾਈ ਅੱਡੇ ਤੋਂ ਰਾਸ਼ਟਰਪਤੀ ਭਵਨ ਤਕ ਰੰਗ ਬਰੰਗੇ ਝੰਡੇ ਲੱਗੇ ਹੋਏ ਸੀ। ਮੈਂ ਵਾਕ ਦੀ ਪ੍ਰੈਕਟਿਸ ਕਰਨ ਨਿਕਲਿਆ। ਜਦੋਂ ਮੈਂ ਝੰਡਿਆਂ ਵਾਲੀ ਸੜਕ `ਤੇ ਪਿਆ ਤਾਂ ਇਉਂ ਲੱਗਾ ਜਿਵੇਂ ਉਡਦਾ ਹੋਵਾਂ। ਪੈਰ ਆਪਣੇ ਆਪ ਉਠਣ ਤੇ ਫਰ ਫਰ ਕਰਦੇ ਝੰਡੇ ਪਿੱਛੇ ਭੱਜੇ ਜਾਣ। ਮੈਨੂੰ ਐਂ ਲੱਗੀ ਜਾਵੇ ਬਈ ਜੇ ਏਨੀ ਵਧੀਆ ਸੜਕ ਹੋਵੇ ਤੇ ਐਂ ਝੰਡੇ ਲੱਗੇ ਹੋਣ ਤਾਂ ਮੈਰਾਥਨ ਵਾਲਿਆਂ ਨੂੰ ਵੀ ਮੂਹਰੇ ਨਾ ਨਿਕਲਣ ਦੇਵਾਂ। ਓਦਣ ਚਿੱਤ ਬਹੁਤ ਖ਼ੁਸ਼ ਹੋਇਆ।”
ਖ਼ੁਰਾਕ ਬਾਰੇ ਪੁੱਛਣ `ਤੇ ਉਹਨੇ ਕਿਹਾ ਸੀ, “ਜਦੋਂ ਮੈਂ ਛੁੱਟੀ ਕੱਟ ਕੇ ਪਿੰਡੋਂ ਰੁੜਕੀ ਨੂੰ ਜਾਂਦਾ ਸੀ ਤਾਂ ਹਰ ਵਾਰ ਘਿਓ ਦਾ ਪੀਪਾ ਲੈ ਕੇ ਜਾਂਦਾ ਸੀ। ਘਰ ਵਾਲੇ ਕਹਿੰਦੇ ਸੀ, ਖੇਡ ਕਰਨੀ ਐਂ ਤਾਂ ਚੰਗੀ ਤਰ੍ਹਾਂ ਕਰ। ਹੋਰ ਵੀ ਖ਼ੁਰਾਕ ਮਿਲ ਜਾਂਦੀ ਸੀ। ਜ਼ੋਰ ਵੀ ਬਹੁਤ ਲੱਗਦਾ ਸੀ। ਖ਼ੁਰਾਕ ਨਾਂ ਹੋਵੇ ਤਾਂ ਵਾਕ ਵਾਲਾ ਹੱਡੀਆਂ ਦਾ ਪਿੰਜਰ ਬਣ ਜਾਂਦੈ। ਇਹ ਕੰਮ ਮਾੜੇ ਧੀੜੇ ਦੇ ਕਰਨ ਵਾਲਾ ਨੀ।”
ਲੰਮੀਆਂ ਵਾਟਾਂ ਦਾ ਪਾਂਧੀ ਹੋਣ ਕਾਰਨ ਉਹਦੀ ਤੋਰ ਹੀ ਆਮ ਆਦਮੀਆਂ ਨਾਲੋਂ ਵੱਖਰੀ ਸੀ। ਸੁਤੇ ਸਿੱਧ ਖੜ੍ਹਾ ਵੀ ਉਹ ਵਗਣ ਲਈ ਤਿਆਰ ਲੱਗਦਾ ਸੀ। ਆਖ਼ਰੀ ਵਾਰ ਮੈਂ ਉਹਦੇ ਦਰਸ਼ਨ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਕੀਤੇ ਸਨ। 2001 ਵਿੱਚ ਲੁਧਿਆਣੇ ਕੌਮੀ ਖੇਡਾਂ ਹੋਈਆਂ ਸਨ। ਉਹ ਪੁਰਾਣੇ ਖਿਡਾਰੀਆਂ ਦੀ ਕਤਾਰ ਵਿੱਚ ਬੈਠਾ ਸੀ। ਉਹਦਾ ਪੋਤਾ ਉਸ ਨੂੰ ਲੈ ਕੇ ਆਇਆ ਸੀ। ਉਸ ਦੀ ਹਾਲਤ ਮੰਦੀ ਜਾਪਦੀ ਸੀ। ਕਹਿਣ ਲੱਗਾ, “ਸੰਗਤ ਦਰਸ਼ਨ ਵੇਲੇ ਹੋਰਨਾਂ ਨੂੰ ਤਾਂ ਪੱਚੀ ਪੱਚੀ ਹਜ਼ਾਰ ਮਿਲ ਗਿਆ ਪਰ ਮੈਨੂੰ ਕਿਸੇ ਪੁੱਛਿਆ ਈ ਨੀ। ਤੁਸੀਂ ਅਖ਼ਬਾਰ ਵਿੱਚ ਲਿਖ ਦਿਓ ਸ਼ੈਂਤ ਮਿਲ ਜਾਣ।” ਲਿਖਣ ਨੂੰ ਤਾਂ ਮੈ ਲਿਖ ਦਿੱਤਾ ਪਰ ਮੈਨੂੰ ਨਹੀਂ ਪਤਾ ਉਸ ਬਿਰਧ ਚੈਂਪੀਅਨ ਨੂੰ ਪੱਚੀ ਹਜ਼ਾਰ ਮਿਲ ਗਿਆ ਸੀ ਜਾਂ ਨਹੀਂ? ਹੁਣ ਪਤਾ ਲੱਗਾ ਹੈ ਕਿ ਪਿੱਛੇ ਜਿਹੇ ਉਹਦੀ ਲੱਤ `ਚ ਚੀਸ ਪਈ ਤੇ ਉਹ ਮੁੱਲਾਂਪੁਰ ਡਾਕਟਰ ਕੋਲ ਚਲਾ ਗਿਆ। ਦਵਾਈ ਲੈਂਦਿਆਂ ਲੱਤ ਸੋਜ਼ ਨਾਲ ਲਾਲ ਹੋ ਗਈ ਤੇ ਪੰਜਵੇਂ ਦਿਨ 9 ਅਕਤੂਬਰ 2005 ਨੂੰ ਉਹ ਉਥੇ ਚਲਾ ਗਿਆ ਜਿਥੋਂ ਕੋਈ ਮੁੜ ਕੇ ਨਹੀਂ ਪਰਤਦਾ। ਭਾਰਤ ਦੇ ਬਹੁਤੇ ਚੈਂਪੀਅਨਾਂ ਦਾ ਅੰਤ ਇੰਜ ਹੀ ਹੁੰਦੈ। ਤੇ ਕੋਈ ਪਤਾ ਨਹੀਂ ਕਦੋ ਤਕ ਉਹ ਗੁੰਮਨਾਮੀ `ਚ ਜੀਂਦੇ ਤੇ ਮਰਦੇ ਰਹਿਣਗੇ?