ਕੁਸ਼ਤੀ ਪੰਜਾਬੀਆਂ ਦੀ ਜੱਦੀ ਪੁਸ਼ਤੀ ਖੇਡ ਹੈ। ਇਸ ਵਿੱਚ ਪੰਜਾਬ ਨੇ ਕਈ ਰੁਸਤਮੇ ਜ਼ਮਾਂ ਪੈਦਾ ਕੀਤੇ ਹਨ। ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿੱਚ ਮੱਲ ਅਖਾੜੇ ਦੀ ਨੀਂਹ ਰੱਖੀ ਸੀ ਜਿਸ ਦੀ ਯਾਦ ਵਿੱਚ ਗੁਰਦਵਾਰਾ ਮੱਲ ਅਖਾੜਾ ਸੁਭਾਇਮਾਨ ਹੈ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਕੁਸ਼ਤੀਆਂ ਦੇ ਬੜੇ ਵੱਡੇ ਸਰਪ੍ਰਸਤ ਸਨ। ਉਨ੍ਹਾਂ ਨੇ ਪਹਿਲਵਾਨ ਪਾਲ ਰੱਖੇ ਸਨ ਤੇ ਉਨ੍ਹਾਂ ਦੇ ਘੋਲ ਕਰਵਾਇਆ ਕਰਦੇ ਸਨ। ਉਹ ਖ਼ੁਦ ਵੀ ਸਰੀਰਕ ਤੌਰ `ਤੇ ਬੜੇ ਬਲਵਾਨ ਸਨ ਤੇ ਸਿੱਖਾਂ ਨੂੰ ਬਲਵਾਨ ਬਣਾਉਣਾ ਚਾਹੁੰਦੇ ਸਨ। ਪੈਂਦੇ ਖਾਂ ਪਠਾਣ ਤੋਂ ਲੈ ਕੇ ਕਰੀਮ ਬਖ਼ਸ਼, ਕਿੱਕਰ ਸਿੰਘ, ਗੋਬਰ, ਗ਼ੁਲਾਮ, ਗਾਮਾ, ਕੱਲੂ ਤੇ ਅਜੋਕੇ ਦੌਰ ਦੇ ਦਾਰਾ ਸਿੰਘ ਤੇ ਕਰਤਾਰ ਸਿੰਘ ਤਕ ਕਹਿੰਦੇ ਕਹਾਉਂਦੇ ਅਨੇਕਾਂ ਪਹਿਲਵਾਨ ਹੋਏ ਹਨ। ਪੰਜਾਬ ਪਹਿਲਵਾਨਾਂ ਦਾ ਘਰ ਹੈ ਤੇ ਪੰਜਾਬੀ ਜਿਥੇ ਵੀ ਗਏ ਹਨ ਕੁਸ਼ਤੀ `ਚ ਦਿਲਚਸਪੀ ਰੱਖਦੇ ਹਨ। ਇੰਗਲੈਂਡ ਤੇ ਕੈਨੇਡਾ ਵਰਗੇ ਮੁਲਕਾਂ ਵਿੱਚ ਵੀ ਛਿੰਝਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।
ਵੈਨਕੂਵਰ ਲਾਗੇ ਸੱਰੀ ਦੇ ਗਿਲਡਫੋਰਡ ਰੈੱਕਰੀਸ਼ਨ ਸੈਂਟਰ ਵਿੱਚ 2-3 ਨਵੰਬਰ 2007 ਨੂੰ ਗੁਰੂ ਹਰਗੋਬਿੰਦ ਕੌਮਾਂਤਰੀ ਕੁਸ਼ਤੀ ਮੁਕਾਬਲੇ ਹੋਏ ਹਨ ਜਿਨ੍ਹਾਂ ਦਾ ਪ੍ਰਬੰਧ ਹਰਗੋਬਿੰਦ ਰੈਸਲਿੰਗ ਕਲੱਬ ਸੱਰੀ ਨੇ ਕੀਤਾ। ਇਸ ਵਿੱਚ ਦੇਸ਼ ਵਿਦੇਸ਼ ਦੇ 220 ਪਹਿਲਵਾਨਾਂ ਨੇ ਭਾਗ ਲਿਆ। ਜੇਤੂਆਂ ਨੂੰ ਤੀਹ ਹਜ਼ਾਰ ਡਾਲਰ ਤੋਂ ਵੱਧ ਦੇ ਨਕਦ ਇਨਾਮ ਤੇ ਮੈਡਲ ਦਿੱਤੇ ਗਏ। ਇਨ੍ਹਾਂ ਪਹਿਲਵਾਨਾਂ ਵਿੱਚ 131 ਪੁਰਸ਼ ਤੇ 89 ਔਰਤਾਂ ਸਨ। ਕੈਨੇਡਾ ਦੇ ਪਹਿਲਵਾਨਾਂ ਦੀ ਗਿਣਤੀ 142, ਅਮਰੀਕਾ ਦੀ 61, ਭਾਰਤ 8, ਮੈਕਸੀਕੋ 2, ਬਰਤਾਨੀਆਂ 1, ਦੱਖਣੀ ਅਫਰੀਕਾ 1 ਤੇ ਹੈਟੀ 1 ਸੀ। ਕੁੱਝ ਪਹਿਲਵਾਨ ਸੁਤੰਤਰ ਸਨ। ਇਨ੍ਹਾਂ ਤੋਂ ਬਿਨਾਂ 44 ਕਾਲਜੀਏਟ ਪਹਿਲਵਾਨ ਸਨ। ਇਹ ਕੁਸ਼ਤੀ ਮੁਕਾਬਲੇ ਫਿੱਲਾ ਯਾਨੀ ਕੌਮਾਂਤਰੀ ਕੁਸ਼ਤੀ ਫੈਡਰੇਸ਼ਨ ਦੇ ਨਿਯਮਾਂ ਤੇ ਸਰਪ੍ਰਸਤੀ ਅਧੀਨ ਕਰਵਾਏ ਗਏ ਜਿਨ੍ਹਾਂ ਦਾ ਨਾਂ 2007 ਹਰਗੋਬਿੰਦ ਇੰਟਰਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪਸ ਰੱਖਿਆ ਗਿਆ।
ਕੈਨੇਡਾ ਦੇ ਵੈਨਕੂਵਰ ਵਾਲੇ ਪਾਸੇ ਪੰਜਾਬੀਆਂ ਨੇ ਕੁਸ਼ਤੀ ਦੇ ਕਈ ਅਖਾੜੇ ਚਲਾਏ ਹੋਏ ਹਨ। ਪਿਛਲੇ ਦਿਨੀਂ ਮੈਨੂੰ ਐਬਸਫੋਰਡ ਦੇ ਗੁਰੂ ਗੋਬਿੰਦ ਸਿੰਘ ਅਖਾੜੇ ਵਿੱਚ ਜਾਣ ਦਾ ਮੌਕਾ ਮਿਲਿਆ ਸੀ ਜਿਸ ਨੂੰ ਪਹਿਲਵਾਨ ਬੂਟਾ ਸਿੰਘ ਢੀਂਡਸਾ ਆਪਣੇ ਹੋਰ ਸਾਥੀਆਂ ਨਾਲ ਗੁਰਦਵਾਰਾ ਖਾਲਸਾ ਦਰਬਾਰ ਦੇ ਸਹਿਯੋਗ ਨਾਲ ਚਲਾ ਰਹੇ ਹਨ। ਉਥੋਂ ਦੇ ਆਲੀਸ਼ਾਨ ਸਟੇਡੀਅਮ ਨਾਲ ਲੱਗਦੇ ਜਿਮ ਵਿੱਚ ਸੌ ਦੇ ਕਰੀਬ ਪਠੀਰ ਉਮਰ ਦੇ ਪੱਠੇ ਪਹਿਲਵਾਨੀ ਦਾ ਅਦਬ ਅਦਾਬ ਤੇ ਕੁਸ਼ਤੀ ਦੇ ਦਾਅ ਪੇਚ ਸਿੱਖ ਰਹੇ ਸਨ। ਉਨ੍ਹਾਂ ਮਾਪਿਆਂ ਨੂੰ ਵਧਾਈ ਦੇਣੀ ਬਣਦੀ ਹੈ ਜਿਹੜੇ ਆਪਣੇ ਬੱਚਿਆਂ ਨੂੰ ਚੰਗੀ ਸਿਹਤ ਬਣਾਉਣ ਤੇ ਨਰੋਏ ਖੇਡ ਸੱਭਿਆਚਾਰ ਦੇ ਲੜ ਲਾ ਰਹੇ ਹਨ। ਨਿੱਕੇ ਬੱਚਿਆਂ ਤੇ ਨੌਜੁਆਨਾਂ ਨੂੰ ਕਸਰਤਾਂ ਕਰਦੇ ਵੇਖ ਕੇ ਮਨ ਬਹੁਤ ਖ਼ੁਸ਼ ਹੋਇਆ। ਉਨ੍ਹਾਂ ਦਾ ਵਿਹਲਾ ਸਮਾਂ ਵੀ ਬੜਾ ਸੋਹਣਾ ਲੰਘ ਰਿਹਾ ਸੀ।
ਉਥੇ ਮੈਨੂੰ ਲੋਪੋਂ ਦੇ ਗੁਰਮੀਤ ਸਿੰਘ ਦਾ ਲੜਕਾ ਹਰਬ ਧਾਲੀਵਾਲ ਤੇ ਹਾਕਮ ਸਿੰਘ ਢੁੱਡੀਕੇ ਦਾ ਪੁੱਤਰ ਮਨਦੀਪ ਸਿੰਘ ਮਿਲਾਏ ਗਏ ਜਿਨ੍ਹਾਂ ਨੇ ਸਕੂਲ ਪੱਧਰ `ਤੇ ਬੜੀ ਹੋਣਹਾਰੀ ਵਿਖਾਈ ਹੈ। ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਕਈ ਮੈਡਲ ਜਿੱਤ ਲਏ ਹਨ। ਮਨਦੀਪ ਗਿੱਲ ਗਦਰੀ ਬਾਬੇ ਪਾਲਾ ਸਿੰਘ ਦਾ ਪੋਤਾ ਹੈ। ਗੁਰੂਘਰ ਦੇ ਪ੍ਰਧਾਨ ਸਵਰਨ ਸਿੰਘ ਢੁੱਡੀਕੇ ਖ਼ੁਦ ਖੇਡਾਂ ਵਿੱਚ ਦਿਲਚਸਪੀ ਲੈ ਰਹੇ ਹਨ। ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਨਿਸ਼ਾਨਾ ਕੈਨੇਡੀਅਨ, ਕਾਮਨਵੈੱਲਥ ਖੇਡਾਂ ਤੇ ਓਲੰਪਿਕ ਚੈਂਪੀਅਨ ਪੈਦਾ ਕਰਨ ਦਾ ਹੈ।
ਪੰਜਾਬੀਆਂ ਦੇ ਕੁਸ਼ਤੀ ਕਲੱਬਾਂ ਵਿੱਚ ਹਰਗੋਬਿੰਦ ਰੈਸਲਿੰਗ ਕਲੱਬ ਦਾ ਵਿਸ਼ੇਸ਼ ਸਥਾਨ ਹੈ। ਇਸ ਦਾ ਮੁੱਢ ਆਪਣੇ ਸਮੇਂ ਦੇ ਪਹਿਲਵਾਨ ਸਤਨਾਮ ਸਿੰਘ ਜੌਹਲ ਨੇ 1986 ਵਿੱਚ ਵਿਲੀਅਮ ਲੇਕ ਵਿਖੇ ਬੰਨ੍ਹਿਆਂ ਸੀ। ਹਕੀਮਪੁਰ ਦੇ ਪੁਰੇਵਾਲ ਭਰਾਵਾਂ ਮਲਕੀਤ ਸਿੰਘ, ਚਰਨ ਸਿੰਘ ਤੇ ਗੁਰਜੀਤ ਸਿੰਘ ਨੇ ਇਸ ਵਿੱਚ ਬੜਾ ਯੋਗਦਾਨ ਪਾਇਆ। ਮਲਕੀਤ ਸਿੰਘ ਖ਼ੁਦ ਭਾਰਤੀ ਯੂਨੀਵਰਸਿਟੀਆਂ ਦਾ ਚੈਂਪੀਅਨ ਪਹਿਲਵਾਨ ਰਿਹਾ ਸੀ। ਤਿੰਨੇ ਭਰਾ ਕਬੱਡੀ ਦੇ ਵੀ ਤਕੜੇ ਖਿਡਾਰੀ ਸਨ ਜਿਨ੍ਹਾਂ ਨੇ ਕੈਨੇਡਾ ਵਿੱਚ ਕਬੱਡੀ ਦਾ ਮੁੱਢ ਬੰਨ੍ਹਿਆਂ। ਵਿਲੀਅਮ ਲੇਕ ਵਿੱਚ ਸਤਨਾਮ ਸਿੰਘ ਜੌਹਲ ਨੇ ਆਪਣੇ ਹੀ ਘਰ ਵਿੱਚ ਨਵੇਂ ਉੱਠ ਰਹੇ ਪਹਿਲਵਾਨ ਰਣਦੀਪ ਸਿੰਘ ਸੋਢੀ ਨੂੰ ਤਿਆਰ ਕਰਨਾ ਸ਼ੁਰੂ ਕੀਤਾ ਜਿਸ ਨੇ ਅੱਗੇ ਜਾ ਕੇ ਬੜੀਆਂ ਮੱਲਾਂ ਮਾਰੀਆਂ। ਰਵੀ ਸੋਢੀ ਹੁਣ ਹਰਗੋਬਿੰਦ ਕਲੱਬ ਦਾ ਪ੍ਰੋਗਰਾਮ ਡਾਇਰੈਕਟਰ ਹੈ। ਉਸ ਨੇ ਹੋਰ ਕਈ ਖ਼ਿਤਾਬਾਂ ਦੇ ਨਾਲ 1997 ਵਿੱਚ ਕੁਸ਼ਤੀ ਦੀ ਕਾਮਨਵੈੱਲਥ ਚੈਂਪੀਅਨਸ਼ਿਪ ਜਿੱਤੀ।
ਹਰਗੋਬਿੰਦ ਰੈਸਲਿੰਗ ਕਲੱਬ ਦੀਆਂ ਵੱਡੀਆਂ ਪ੍ਰਾਪਤੀਆਂ ਵਿੱਚ ਨਾਈਜੇਰੀਆ ਦੇ ਪਹਿਲਵਾਨ ਡੇਨੀਅਲ ਇਗਾਲੀ ਨੂੰ ਓਲੰਪਿਕ ਖੇਡਾਂ ਦੀਆਂ ਬੁਲੰਦੀਆਂ ਤਕ ਪੁਚਾਉਣਾ ਹੈ। ਉਹ ਵਿਕਟੋਰੀਆ ਦੀਆਂ ਕਾਮਨਵੈੱਲਥ ਖੇਡਾਂ ਵਿੱਚ ਭਾਗ ਲੈਣ ਆਇਆ ਕੈਨੇਡਾ ਵਿੱਚ ਹੀ ਰਹਿ ਗਿਆ ਸੀ ਤੇ ਘਰੋਂ ਗ਼ਰੀਬ ਸੀ। ਹਰਗੋਬਿੰਦ ਕਲੱਬ ਦੇ ਸਪਾਂਸਰਾਂ ਨੇ ਉਹਦੀ ਮਾਲੀ ਮਦਦ ਕਰਨ ਦੇ ਨਾਲ ਉਸ ਨੂੰ ਪਹਿਲਵਾਨੀ ਦੀ ਵਿਸ਼ੇਸ਼ ਸਿਖਲਾਈ ਦੁਆਈ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਉਹ ਸਿਡਨੀ ਦੀਆਂ ਓਲੰਪਿਕ ਖੇਡਾਂ ਵਿੱਚ 69 ਕਿਲੋਗਰਾਮ ਵਰਗ `ਚੋਂ ਸੋਨੇ ਦਾ ਤਮਗ਼ਾ ਜਿੱਤ ਗਿਆ। ਉਸ ਨੇ ਕਾਮਨਵੈੱਲਥ ਖੇਡਾਂ ਤੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ `ਚੋਂ ਵੀ ਗੋਲਡ ਮੈਡਲ ਜਿੱਤੇ।
ਪੁਰੇਵਾਲ ਭਰਾਵਾਂ ਨੇ ਡੇਨੀਅਲ ਇਗਾਲੀ ਨੂੰ ਪੰਜਾਬ ਦੀ ਦੇਸੀ ਖੇਡ ਕਬੱਡੀ ਵੀ ਖਿਡਾਈ ਤੇ ਲੋਕਾਂ ਨੇ ਉਸ ਦਾ ਨਾਂ ਤੂਫ਼ਾਨ ਸਿੰਘ ਰੱਖ ਲਿਆ। ਤੂਫ਼ਾਨ ਸਿੰਘ ਬਣ ਕੇ ਉਹ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਵਿੱਚ ਵੀ ਕਬੱਡੀ ਖੇਡਿਆ। ਮੈਂ ਉਦੋਂ ਤੂਫ਼ਾਨ ਸਿੰਘ ਦੇ ਮੈਚ ਦੀ ਆਲ ਇੰਡੀਆ ਰੇਡੀਓ ਜਲੰਧਰ ਲਈ ਕੁਮੈਂਟਰੀ ਕੀਤੀ ਸੀ। ਉਹ ਪੰਦਰਾਂ ਸਕਿੰਟਾਂ ਵਿੱਚ ਹੀ ਆਪਣੀ ਟੀਮ ਲਈ ਪੈਂਟ੍ਹ ਲੈ ਕੇ ਮੁੜ ਆਉਂਦਾ ਸੀ। ਉਹ ਅਫਰੀਕੀ ਨਸਲ ਦਾ ਖਿਡਾਰੀ ਏਨਾ ਤੇਜ਼ਤਰਾਰ ਸੀ ਕਿ ਕਿਸੇ ਹੱਥ ਨਹੀਂ ਸੀ ਆ ਰਿਹਾ। ਬਾਅਦ ਵਿੱਚ ਉਹ ਪੰਜਾਬੀਆਂ ਦੇ ਗੜ੍ਹ ਸੱਰੀ ਵਿੱਚ ਬੀ.ਸੀ.ਪਾਰਲੀਮੈਂਟ ਦੀ ਚੋਣ ਵੀ ਲੜਿਆ। ਇਹ ਵੱਖਰੀ ਗੱਲ ਹੈ ਕਿ ਕੁਸ਼ਤੀ ਤੇ ਕਬੱਡੀ ਵਾਂਗ ਉਸ ਨੂੰ ਸਿਆਸੀ ਦੰਗਲ ਵਿੱਚ ਜਿੱਤ ਨਸੀਬ ਨਾ ਹੋਈ।
ਸਤਨਾਮ ਸਿੰਘ ਜੌਹਲ ਦੇ ਵਿਲੀਅਮ ਲੇਕ ਤੋਂ ਸੱਰੀ ਵਿੱਚ ਆ ਜਾਣ ਕਾਰਨ ਹਰਗੋਬਿੰਦ ਕਲੱਬ ਦੀਆਂ ਸਰਗਰਮੀਆਂ ਵੈਨਕੂਵਰ ਦੇ ਇਲਾਕੇ ਵਿੱਚ ਸ਼ੁਰੂ ਹੋ ਗਈਆਂ ਸਨ। ਇਸ ਨੂੰ ਸਮੇਂ ਸਮੇਂ ਕੁਲਵੰਤ ਸਿੰਘ ਨਿੱਝਰ, ਫਤਿਹ ਸਿੰਘ, ਮੁਹੰਮਦ ਕਿਯੂਮ, ਨਜ਼ੀਰ ਲਾਲ ਤੇ ਲੈਮ੍ਹਸੁਰੈਨ ਨੈਡਲ ਵਰਗੇ ਕੋਚ ਮਿਲਦੇ ਰਹੇ। ਸਤਨਾਮ ਜੌਹਲ, ਰਵੀ ਸੋਢੀ ਤੇ ਪਾਰ ਬਧੇਸ਼ਾ ਇਸ ਕਲੱਬ ਦੇ ਥੰਮ੍ਹ ਹਨ। ਇਸ ਵੇਲੇ ਇਹ ਅਖਾੜਾ 12876, 85 ਐਵੀਨਿਊ ਸੱਰੀ ਵਿੱਚ ਚੱਲ ਰਿਹੈ। ਇਸ ਰਾਹੀਂ ਤਿਆਰ ਕੀਤੇ ਉੱਘੇ ਪਹਿਲਵਾਨਾਂ ਵਿੱਚ ਡੇਨੀਅਲ ਇਗਾਲੀ, ਰਵੀ ਸੋਢੀ, ਨਜ਼ੀਰ ਲਾਲ, ਰਜ਼ੀ ਗ਼ੁਲ, ਐੱਮ ਹੇਅਰ, ਮੁਹੰਮਦ ਸਾਦਿਕ ਕਿਯੂਮ, ਜਸ ਸੰਘੇੜਾ, ਪੈਰੀ ਪੁਰੇਵਾਲ ਤੇ ਟੈਰੀ ਪੁਰੇਵਾਲ ਦੇ ਨਾਂ ਗਿਣਾਏ ਜਾ ਸਕਦੇ ਹਨ। ਅਨੇਕਾਂ ਪੱਠੇ ਇਸ ਅਖਾੜੇ ਦਾ ਫਾਇਦਾ ਉਠਾ ਰਹੇ ਹਨ।
ਕਿਸੇ ਪੰਜਾਬੀ ਕੁਸ਼ਤੀ ਕਲੱਬ ਵੱਲੋਂ ਇਹ ਪਹਿਲੀ ਵਾਰ ਹੋਇਆ ਕਿ ਉਸ ਨੇ ਕੈਨੇਡਾ ਵਿੱਚ ਕੌਮਾਂਤਰੀ ਪੱਧਰ ਦੀਆਂ ਕੁਸ਼ਤੀਆਂ ਕਰਵਾਈਆਂ। ਇਹਦੇ ਲਈ ਦੋ ਦਰਜਨ ਤੋਂ ਵੱਧ ਸਪਾਂਸਰ ਲੱਭੇ ਗਏ ਤੇ ਕੁਸ਼ਤੀ ਕਰਦੇ ਪਹਿਲਵਾਨਾਂ ਦੀਆਂ ਤਸਵੀਰਾਂ ਵਾਲਾ ਰੰਗੀਨ ਇਸ਼ਤਿਹਾਰ ਕੱਢਿਆ ਗਿਆ। ਮੀਡੀਏ ਰਾਹੀਂ ਇਸ ਦਾ ਪ੍ਰਚਾਰ ਵੀ ਖ਼ੂਬ ਕੀਤਾ ਗਿਆ। ਮੈਂ ਸਬੱਬ ਨਾਲ ਹੀ ਵੈਨਕੂਵਰ ਵੱਲ ਗਿਆ ਸਾਂ ਜਿਸ ਕਰਕੇ ਇਹ ਕੌਮਾਂਤਰੀ ਕੁਸ਼ਤੀ ਮੁਕਾਬਲੇ ਵੇਖਣ ਦਾ ਮੌਕਾ ਮਿਲ ਗਿਆ। ਸਤਨਾਮ ਜੌਹਲ ਦੇ ਸੱਦੇ `ਤੇ ਕੈਮਰਿਆਂ ਨਾਲ ਲੈਸ ਸੰਤੋਖ ਮੰਡੇਰ, ਕੁਸ਼ਤੀ ਕੋਚ ਗੁਰਚਰਨ ਸਿੰਘ ਢਿੱਲੋਂ, ਸੈਕਰਾਮੈਂਟੋ ਤੋਂ ਆਇਆ ਪੱਤਰਕਾਰ ਗੁਰਜਤਿੰਦਰ ਰੰਧਾਵਾ ਤੇ ਮੈਂ ਗਿਲਡਫੋਰਡ ਸੈਂਟਰ ਪੁੱਜੇ ਤਾਂ ਫਿੱਲਾ ਦੇ ਅਧਿਕਾਰੀਆਂ ਵੱਲੋਂ ਕੁਸ਼ਤੀ ਕਲਿਨਿਕ ਚੱਲ ਰਿਹਾ ਸੀ। ਸਾਨੂੰ ਇਸ ਗੱਲ ਦਾ ਅਫਸੋਸ ਹੋਇਆ ਕਿ ਉਹਦੇ ਵਿੱਚ ਪੰਜਾਬੀ ਆਫੀਸ਼ਲ ਨਾ ਮਾਤਰ ਸਨ ਜਦ ਕਿ ਅਜਿਹੇ ਮੌਕੇ ਦਾ ਪੰਜਾਬੀ ਕੁਸ਼ਤੀ ਕੋਚਾਂ ਨੂੰ ਵੱਧ ਤੋਂ ਵੱਧ ਫ਼ਾਇਦਾ ਉਠਾਉਣਾ ਚਾਹੀਦਾ ਸੀ। ਮੈ ਅਕਸਰ ਵੇਖਿਆ ਹੈ ਕਿ ਹੋਰਨਾਂ ਖੇਡਾਂ ਦੇ ਟੈਕਨੀਕਲ ਸੈਸ਼ਨਾਂ ਵਿੱਚ ਵੀ ਪੰਜਾਬੀ ਘੱਟ ਹੀ ਭਾਗ ਲੈਂਦੇ ਹਨ।
ਦੋ ਨਵੰਬਰ ਨੂੰ ਸ਼ਾਮੀ ਛੇ ਵਜੇ ਮੁਕਾਬਲੇ ਸ਼ੁਰੂ ਹੋਏ ਤਾਂ ਆਰੰਭ ਵਿੱਚ ਦਰਸ਼ਕਾਂ ਦੀ ਗਿਣਤੀ ਘੱਟ ਸੀ ਜੋ ਬਾਅਦ ਵਿੱਚ ਵਧ ਗਈ। ਬਾਹਰ ਮੌਸਮ ਠੰਢਾ ਸੀ ਪਰ ਅੰਦਰ ਨਿੱਘ ਸੀ। ਵੱਡੇ ਹਾਲ ਵਿੱਚ ਕੁਸ਼ਤੀ ਮੁਕਾਬਲਿਆਂ ਲਈ ਚਾਰ ਮੈਟ ਸਨ। ਚਾਰ ਚਾਰ ਜੋੜ ਇਕੋ ਸਮੇਂ ਚਲਦੇ ਗਏ ਤੇ ਦਸ ਵਜੇ ਤਕ ਪਹਿਲੇ ਦਿਨ ਉਲੀਕੀਆਂ ਸਾਰੀਆਂ ਕੁਸ਼ਤੀਆਂ ਭੁਗਤ ਗਈਆਂ। ਇਨ੍ਹਾਂ ਕੁਸ਼ਤੀਆਂ ਸਮੇਂ ਕੋਈ ਖ਼ਾਸ ਰਸਮ ਰੀਤ ਨਹੀਂ ਕੀਤੀ ਗਈ। ਕੋਈ ਅਨਾਊਂਸਰ ਵੀ ਨਹੀਂ ਸੀ।
ਤਿੰਨ ਨਵੰਬਰ ਨੂੰ ਸਵੇਰੇ ਨੌਂ ਵਜੇ ਕੁਸ਼ਤੀਆਂ ਆਰੰਭ ਹੋਈਆਂ ਜੋ ਲਗਾਤਾਰ ਰਾਤ ਦੇ ਅੱਠ ਵਜੇ ਤਕ ਚੱਲਦੀਆਂ ਰਹੀਆਂ। ਦੂਜੇ ਦਿਨ ਹਾਲ ਨੱਕੋਨੱਕ ਭਰਿਆ ਰਿਹਾ। ਦਰਸ਼ਕ ਲਗਭਗ ਸਾਰੇ ਹੀ ਪੰਜਾਬੀ ਸਨ ਪਰ ਪੰਜਾਬੀ ਦਾ ਕੋਈ ਅਨਾਊਂਸਰ ਨਹੀਂ ਸੀ ਜੋ ਆਮ ਦਰਸ਼ਕਾਂ ਨੂੰ ਕੁਸ਼ਤੀਆਂ ਦੇ ਨਵੇਂ ਨਿਯਮ ਦੱਸਦਿਆਂ ਨਾਲ ਦੀ ਨਾਲ ਨਜ਼ਾਰੇ ਬੰਨ੍ਹੀ ਜਾਂਦਾ। ਮੈਂ ਮਹਿਸੂਸ ਕੀਤਾ ਕਿ ਘੱਟ ਵਜ਼ਨ ਦੇ ਪਹਿਲਵਾਨ ਬੜੀ ਤੇਜ਼ੀ ਨਾਲ ਕੁਸ਼ਤੀ ਲੜਦੇ ਹਨ ਜਦ ਕਿ ਭਾਰੇ ਪਹਿਲਵਾਨਾਂ ਦੀ ਕੁਸ਼ਤੀ ਧੱਕੋ ਧੱਕੀ ਵਾਲੀ ਕੁੱਝ ਧੀਮੀ ਹੁੰਦੀ ਹੈ। ਭਾਰੇ ਪਹਿਲਵਾਨਾਂ ਦੀ ਥਾਂ ਹੌਲੇ ਪਹਿਲਵਾਨਾਂ ਦੀ ਕੁਸ਼ਤੀ ਵੇਖਣ ਦਾ ਵੱਧ ਸੁਆਦ ਆਉਂਦੈ। ਉਹ ਦੋ ਮਿੰਟਾਂ ਦੇ ਰਾਊਂਡ ਵਿੱਚ ਕਈ ਕਈ ਦਾਅ ਮਾਰਦੇ ਹਨ ਤੇ ਨਜ਼ਾਰਾ ਬੰਨ੍ਹ ਦਿੰਦੇ ਹਨ।
ਕੁਸ਼ਤੀਆਂ ਵਿੱਚ ਹੁਣ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਉਹ ਵੀ ਮਰਦ ਪਹਿਲਵਾਨਾਂ ਵਾਂਗ ਤੇਜ਼ ਤੇ ਧੱਕੇ ਵਾਲੀ ਕੁਸ਼ਤੀ ਲੜਦੀਆਂ ਹਨ। ਬਹੁਤੀਆਂ ਤਾਂ ਲੱਗਦੀਆਂ ਵੀ ਮੁੰਡਿਆਂ ਵਰਗੀਆਂ ਹਨ। ਕਿਸੇ ਕਿਸੇ ਦੀ ਗੁੱਤ ਤੋਂ ਹੀ ਪਛਾਣ ਹੁੰਦੀ ਹੈ ਕਿ ਉਹ ਲੜਕੀ ਹੈ। ਜਦ ਕੁਸ਼ਤੀ ਸ਼ੁਰੂ ਹੁੰਦੀ ਤਾਂ ਰੈਫਰੀ ਪਹਿਲਵਾਨਾਂ ਦੇ ਨਹੁੰ ਤੇ ਜੁੱਸੇ ਨੂੰ ਚੰਗੀ ਤਰ੍ਹਾਂ ਪੜਤਾਲਦਾ ਕਿ ਕੋਈ ਐਸੀ ਚੀਜ਼ ਨਾ ਹੋਵੇ ਜੋ ਵਿਰੋਧੀ ਪਹਿਲਵਾਨ ਨੂੰ ਨੁਕਸਾਨ ਪੁਚਾ ਸਕੇ। ਕੜਾ, ਛਾਪ ਜਾਂ ਤਵੀਤ ਬਗੈਰਾ ਪਾ ਕੇ ਕਿਸੇ ਨੂੰ ਕੁਸ਼ਤੀ ਨਹੀਂ ਲੜਨ ਦਿੱਤੀ ਜਾਂਦੀ। ਲਿਖਤੀ ਤੌਰ `ਤੇ ਅਜਿਹਾ ਕੁੱਝ ਪਹਿਨ ਕੇ ਕਬੱਡੀ ਖੇਡਣਾ ਵੀ ਮਨ੍ਹਾਂ ਹੈ ਪਰ ਉਥੇ ਕਈ ਵਾਰ ਨਿਯਮਾਂ `ਤੇ ਪੂਰਾ ਪਹਿਰਾ ਨਹੀਂ ਦਿੱਤਾ ਜਾਂਦਾ। ਕਈ ਖਿਡਾਰੀ, ਗਾਨੀਆਂ, ਤਵੀਤ ਤੇ ਤਵੀਤੜੀਆਂ ਪਾ ਕੇ ਖੇਡੀ ਜਾਂਦੇ ਹਨ ਭਾਵੇਂ ਕਿਸੇ ਦਾ ਹੱਥ ਚੀਰਿਆ ਜਾਵੇ। ਗਲ ਦੇ ਤਵੀਤ `ਚ ਹੱਥ ਆ ਜਾਵੇ ਤਾਂ ਗਲ ਵੀ ਵਲੂੰਧਰਿਆ ਜਾ ਸਕਦੈ। ਤਵੀਤਾਂ ਦਾ ਐਵੇਂ ਵਹਿਮ ਹੀ ਹੁੰਦੈ ਇਨ੍ਹਾਂ ਵਿੱਚ ਹੋਰ ਕੁੱਝ ਨਹੀਂ ਹੁੰਦਾ।
ਦੂਜੇ ਦਿਨ ਗਿਲਡਫੋਰਡ ਸੈਂਟਰ ਰੌਣਕਾਂ ਨਾਲ ਭਰਪੂਰ ਰਿਹਾ। ਉਥੇ ਪਹਿਲਵਾਨਾਂ ਤੇ ਕੁਸ਼ਤੀ ਦੇ ਪ੍ਰੇਮੀਆਂ ਨੇ ਤਾਂ ਆਉਣਾ ਹੀ ਸੀ ਲੱਖੇ ਵਰਗੇ ਕਬੱਡੀ ਦੇ ਸਟਾਰ ਖਿਡਾਰੀ ਵੀ ਕੁਸ਼ਤੀਆਂ ਦਾ ਅਨੰਦ ਮਾਣਦੇ ਰਹੇ। ਮੈਨੂੰ ਓਲੰਪਿਕ ਚੈਂਪੀਅਨ ਡੇਨੀਅਲ ਇਗਾਲੀ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਜਿਸ ਨੂੰ ਮੈਂ ਹੈਲੋ ਤੂਫਾਨ ਸਿੰਘ ਕਹਿ ਕੇ ਬੁਲਾਇਆ ਤੇ ਉਸ ਨੇ ਵੀ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ। ਉਹਦੀ ਹੱਥਘੁੱਟਣੀ `ਚ ਨਿੱਘ ਸੀ ਤੇ ਜਦ ਉਹ ਹੱਸਦਾ ਤਾਂ ਕਾਲੇ ਰੰਗ `ਚ ਚਿੱਟੇ ਦੰਦ ਇੰਜ ਚਮਕਦੇ ਜਿਵੇਂ ਹਨ੍ਹੇਰੇ `ਚ ਬੈਟਰੀ ਜਗਦੀ ਹੋਵੇ। ਉਥੇ ਭਾਰਤ ਦੇ ਵੀ ਕਈ ਮੱਲ ਮਿਲੇ ਪਰ ਓਲੰਪੀਅਨ ਪਲਵਿੰਦਰ ਸਿੰਘ ਚੀਮਾ ਨਹੀਂ ਸੀ ਆ ਸਕਿਆ। ਕਬੱਡੀ ਤੇ ਕੁਸ਼ਤੀ ਦਾ ਆਸ਼ਕ ਗੁਰਜੀਤ ਸਿੰਘ ਪੁਰੇਵਾਲ ਮਿਲਿਆ ਜਿਸ ਨੇ ਦੱਸਿਆ ਕਿ ਹਕੀਮਪੁਰ ਦਾ ਪੁਰੇਵਾਲ ਖੇਡ ਮੇਲਾ ਐਤਕੀਂ ਤੇਈ ਚੌਵੀ ਫਰਵਰੀ ਨੂੰ ਮਨਾਇਆ ਜਾਵੇਗਾ ਤੇ ਇਥੋਂ ਵੀ ਕੁੱਝ ਪਹਿਲਵਾਨ ਉਸ ਵਿੱਚ ਭਾਗ ਲੈਣ ਜਾਣਗੇ।
ਜਿਹੜੇ 220 ਪਹਿਲਵਾਨ ਕੁਸ਼ਤੀ ਮੁਕਾਬਲਿਆਂ ਵਿੱਚ ਸ਼ਾਮਲ ਹੋਏ ਉਹ ਅੱਠ ਮੁਲਕਾਂ ਦੇ ਚੌਂਤੀ ਅਖਾੜਿਆਂ ਨਾਲ ਸੰਬੰਧਿਤ ਸਨ। 65 ਕਿਲੋ ਵਜ਼ਨ ਵਿੱਚ ਸਿਮਨਜ਼, 60 ਕਿਲੋ `ਚ ਰਾਬਰਟਸਨ, 66 `ਚ ਫਰੇਅਰ, 74 ਬੇਨ ਅਸਕਰਿਨ, 84 ਪੈਡਨ, 96 ਮੋ ਲਾਵਲ ਤੇ 120 ਕਿਲੋਗਰਾਮ ਵਿੱਚ ਸਟੀਵ ਮੋਕੋ ਜੇਤੂ ਰਹੇ। ਔਰਤ ਪਹਿਲਵਾਨਾਂ ਵਿੱਚ 48 ਕਿਲੋ `ਚ ਹੁਆਨ ਕਰੋਲ, 51 ਕਿਲੋ `ਚ ਐਰਕਾ ਸ਼ਾਰਪ, 55 `ਚ ਟੋਨੀਆ ਵਰਬੀਕ, 59 `ਚ ਸੇਲੀ ਰਾਬਰਟਸ, 63 ਜਸਟਰ ਬੁਚਰਡ, 67 ਮੇਗਾ ਬੁਡਨਜ਼, 72 ਅਕੱਫੋ ਤੇ 80 ਕਿਲੋਗਰਾਮ ਵਜ਼ਨ ਵਿੱਚ ਲੀਹ ਕਲਾਹਨ ਪ੍ਰਥਮ ਰਹੀਆਂ। ਭਾਰਤ ਦੀ ਅਲਕਾ ਤੋਮਰ 55 ਕਿਲੋਗਰਾਮ ਵਿੱਚ ਦੂਜੇ ਸਥਾਨ `ਤੇ ਰਹੀ। ਪੰਜ ਹਜ਼ਾਰ ਡਾਲਰ ਨਕਦ ਇਨਾਮ ਵਾਲੀ ਚੈਲੰਜ ਕੁਸ਼ਤੀ ਸਟੀਵ ਮੋਕੋ ਨੇ ਜਿੱਤੀ।
ਹਰਗੋਬਿੰਦ ਕੁਸ਼ਤੀ ਕਲੱਬ ਸੱਰੀ ਦਾ ਏਡੇ ਵੱਡੇ ਮੁਕਾਬਲੇ ਕਰਾਉਣ ਦਾ ਇਹ ਪਹਿਲਾ ਯਤਨ ਸੀ ਜੋ ਕਾਮਯਾਬ ਰਿਹਾ। ਇਸ ਨੂੰ ਸਪਾਂਸਰਾਂ ਤੋਂ ਬਿਨਾਂ ਹੋਰਨਾਂ ਕੁਸ਼ਤੀ ਅਖਾੜਿਆਂ ਤੇ ਦਰਸ਼ਕਾਂ ਦਾ ਵੀ ਭਰਵਾਂ ਸਹਿਯੋਗ ਮਿਲਿਆ। ਕੋਈ ਐਸੀ ਘਟਨਾ ਨਹੀਂ ਵਾਪਰੀ ਜਿਸ ਨਾਲ ਕਿਸੇ ਤਰ੍ਹਾਂ ਦੀ ਬਦਮਜ਼ਗੀ ਹੋਈ ਹੋਵੇ। ਵੈਨਕੂਵਰ ਇਲਾਕੇ ਦੇ ਨਵੇਂ ਪਹਿਲਵਾਨਾਂ ਨੂੰ ਘਰ ਬੈਠਿਆਂ ਹੀ ਕੌਮਾਂਤਰੀ ਪੱਧਰ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੇਖਣ ਨੂੰ ਮਿਲ ਗਈਆਂ। ਇਹਦੇ ਨਾਲ ਉਨ੍ਹਾਂ ਨੂੰ ਹੋਰ ਵੀ ਬਲ ਮਿਲੇਗਾ। ਦਰਜਨ ਤੋ ਵੱਧ ਪੰਜਾਬੀ ਪਹਿਲਵਾਨਾਂ ਨੇ ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿੱਚ ਭਾਗ ਲਿਆ ਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਹ ਕਿੰਨੇ ਕੁ ਪਾਣੀ `ਚ ਹਨ?
ਹੋ ਸਕਦੈ ਕਿਸੇ ਕੁਸ਼ਤੀ ਕਲੱਬ ਨੂੰ ਕੇਵਲ ਪੰਜਾਬੀ/ਭਾਰਤੀ/ਸਾਊਥ ਏਸ਼ੀਅਨ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਾਉਣ ਦਾ ਵਿਚਾਰ ਵੀ ਆ ਜਾਵੇ ਤੇ ਆਉਂਦੇ ਸਮੇਂ `ਚ ਉਹ ਕੋਈ ਅਜਿਹਾ ਕਦਮ ਚੁੱਕਣ। ਇੰਜ ਕਰਨ ਨਾਲ ਪੰਜਾਬੀ ਪਹਿਲਵਾਨਾਂ ਨੂੰ ਵੀ ਚਮਕਣ ਦਾ ਮੌਕਾ ਮਿਲ ਸਕਦੈ ਭਾਵੇਂ ਕਿ ਅੱਗੇ ਵੱਧ ਕੇ ਉਨ੍ਹਾਂ ਨੂੰ ਵੱਡੇ ਪਹਿਲਵਾਨਾਂ ਨਾਲ ਹੀ ਟੱਕਰਨਾ ਪਵੇਗਾ। ਇੰਜ ਕਰਨ ਨਾਲ ਉਹ ਛੋਟੇ ਮੁਕਾਬਲਿਆਂ ਤੋਂ ਵੱਡੇ ਮੁਕਾਬਲਿਆਂ ਵੱਲ ਵਧ ਸਕਦੇ ਹਨ।
ਕੁਸ਼ਤੀ ਮੁਕਾਬਲਿਆਂ ਦੇ ਅੰਤ ਵਿੱਚ ਜੇਤੂ ਪਹਿਲਵਾਨਾਂ ਨੂੰ ਜਿੱਤ ਮੰਚ ਉਤੇ ਮੈਡਲ ਪਹਿਨਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਪਹਿਲਵਾਨਾਂ, ਸਪਾਂਸਰਾਂ ਤੇ ਖੇਡ ਅਧਿਕਾਰੀਆਂ ਨੂੰ ਰਾਤਰੀ ਭੋਜ ਦਿੱਤਾ ਗਿਆ। ਡਿਨਰ ਸਮਾਗਮ ਉਤੇ ਵਿਸ਼ੇਸ਼ ਵਿਅਕਤੀਆਂ ਦਾ ਮਾਣ ਸਨਮਾਨ ਕਰਨ ਦੇ ਨਾਲ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਉਮੀਦ ਹੈ ਗੁਰੂ ਹਰਗੋਬਿੰਦ ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਦੀ ਲੜੀ ਜਾਰੀ ਰਹੇਗੀ ਤੇ ਵੇਖਾਂਗੇ ਕਿ ਆਉਂਦੇ ਸਮੇਂ `ਚ ਇਹ ਮੁਕਾਬਲੇ ਕਿਥੋਂ ਤਕ ਪੁੱਜਦੇ ਹਨ?