ਕਬੱਡੀ ਪੰਜਾਬੀਆਂ `ਚ ਸਭ ਤੋਂ ਵੱਧ ਮਕਬੂਲ ਖੇਡ ਹੈ ਪਰ ਇਸ ਵਿੱਚ ਆਪਾਧਾਪੀ ਵੀ ਬਹੁਤ ਹੈ। ਅਨੁਸ਼ਾਸਨ ਦੀਆਂ ਜਿੰਨੀਆਂ ਧੱਜੀਆਂ ਇਸ ਖੇਡ ਵਿੱਚ ਉਡਾਈਆਂ ਜਾਂਦੀਆਂ ਹਨ ਸ਼ਾਇਦ ਹੀ ਕਿਸੇ ਹੋਰ ਖੇਡ ਵਿੱਚ ਉਡਾਈਆਂ ਜਾਂਦੀਆਂ ਹੋਣ। ਜੇ ਕੋਈ ਕਬੱਡੀ ਵਿੱਚ ਅਨੁਸ਼ਾਸਨ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਉਲਟ ਇੱਕ ਹੋਰ ਗਰੁੱਪ ਖੜ੍ਹਾ ਕਰ ਲਿਆ ਜਾਂਦਾ ਹੈ। ਕਬੱਡੀ ਦਾ ਹਾਲ ਬਹੁਤ ਸਾਰੇ ਗੁਰਦੁਆਰਿਆਂ ਦੇ ਰੌਲੇ ਗੌਲੇ ਵਰਗਾ ਹੈ। ਸਿੱਖ ਜਿਥੇ ਵੀ ਗਏ ਹਨ ਉਹ ਗੁਰਦੁਆਰੇ ਤੇ ਕਬੱਡੀ ਆਪਣੇ ਨਾਲ ਲੈ ਗਏ ਹਨ। ਨਾ ਉਨ੍ਹਾਂ ਨੂੰ ਗੁਰਦਵਾਰਾ ਬਣਾਏ ਬਿਨਾਂ ਟਿਕਾਅ ਆਉਂਦੈ ਤੇ ਨਾ ਕਬੱਡੀ ਖਿਡਾਏ ਬਿਨਾਂ ਚਿੱਤ ਖ਼ੁਸ਼ ਹੁੰਦੈ। ਉਹ ਜਿਥੇ ਵੀ ਜਾਂਦੇ ਹਨ ਜਾਣ ਸਾਰ ਗੁਰੂਘਰ ਦਾ ਨਿਸ਼ਾਨ ਸਾਹਿਬ ਗੱਡ ਦਿੰਦੇ ਹਨ ਤੇ ਨਾਲ ਹੀ ਕਬੱਡੀ ਦਾ ਟੂਰਨਾਮੈਂਟ ਰੱਖ ਲੈਂਦੇ ਹਨ। ਫਿਰ ਜਿਵੇਂ ਗੁਰਦਵਾਰੇ ਦੀ ਗੋਲਕ ਲਈ ਖੰਡੇ ਖੜਕਦੇ ਹਨ ਉਵੇਂ ਕਬੱਡੀ ਦੀ ਖੇਡ ਉਤੇ ਵੀ ਬੋਤਲਾਂ ਦੀ ਰੇਡ ਹੁੰਦੀ ਹੈ।
ਗੁਰਦੁਆਰਿਆਂ ਤੇ ਕਬੱਡੀ ਦਾ ਏਨਾ ਗੂੜ੍ਹਾ ਸੰਬੰਧ ਹੈ ਕਿ ਵਿਦੇਸ਼ਾਂ ਵਿੱਚ ਕਬੱਡੀ ਦੇ ਟੂਰਨਾਮੈਂਟ ਗੁਰੂਘਰਾਂ ਦੇ ਸਹਿਯੋਗ ਨਾਲ ਹੀ ਸ਼ੁਰੂ ਹੁੰਦੇ ਰਹੇ ਹਨ। ਕਬੂਤਰਬਾਜ਼ੀ ਗੁਰੂਘਰਾਂ ਰਾਹੀਂ ਵੀ ਹੁੰਦੀ ਰਹੀ ਹੈ ਤੇ ਕਬੱਡੀ ਰਾਹੀਂ ਵੀ ਚਲਦੀ ਰਹੀ ਹੈ। ਜਿਵੇਂ ਗੁਰੂ ਘਰਾਂ ਦੇ ਪ੍ਰਬੰਧਕਾਂ ਵਿੱਚ ਪਾਟਕ ਪਿਆ ਰਹਿੰਦੈ ਉਵੇਂ ਕਬੱਡੀ ਦੇ ਕਲੱਬ ਵੀ ਇਕਸੁਰ ਨਹੀਂ ਹੁੰਦੇ। ਅਮਰੀਕਾ ਵਿੱਚ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦੇ ਦੋ ਮਾਂ-ਧੜੇ ਹਨ। ਇੱਕ ਜੌਨ੍ਹ ਸਿੰਘ ਗਿੱਲ ਵਾਲਾ ਤੇ ਦੂਜਾ ਲੱਛਰਾਂ ਵਾਲਾ। ਯੂ.ਕੇ.ਕਬੱਡੀ ਫੈਡਰੇਸ਼ਨ ਦੇ ਵੀ ਕਦੇ ਦੋ ਧੜੇ ਬਣ ਜਾਂਦੇ ਹਨ ਤੇ ਕਦੇ ਇਕੋ ਨਾਲ ਡੰਗ ਸਾਰ ਲਿਆ ਜਾਂਦੈ। ਪੰਜਾਬ ਵਿੱਚ ਵੀ ਕਬੱਡੀ ਦੇ ਦੋ ਗਰੁੱਪ ਹਨ ਤੇ ਉਨ੍ਹਾਂ ਦਾ ਇੱਕ ਦੂਜੇ ਵੱਲ ਮਾਰਨਖੰਡੇ ਸਾਹਨਾਂ ਵਾਲਾ ਸਿਲਸਿਲਾ ਹੈ। ਕਦੇ ਉਹ ਆਪਸ ਵਿੱਚ `ਕੱਠੇ ਹੁੰਦੇ ਸਨ ਤੇ `ਕੱਠੇ ਖਾਂਦੇ ਪੀਂਦੇ ਸਨ। ਕੀ ਪਤਾ ਉਹ ਫਿਰ `ਕੱਠੇ ਹੋ ਜਾਣ? ਐਨ ਉਵੇਂ ਜਿਵੇਂ ਬਾਦਲ ਸਾਹਿਬ ਤੇ ਟੌਹੜਾ ਸਾਹਿਬ ਕਦੇ ਅੱਡ ਹੋ ਕੇ ਮਿਹਣੋ ਮਿਹਣੀ ਹੋ ਜਾਂਦੇ ਸੀ ਤੇ ਕਦੇ `ਕੱਠੇ ਹੋ ਕੇ ਘਿਉ ਖਿਚੜੀ ਹੋ ਜਾਂਦੇ ਸੀ। ਲੱਗਦੈ `ਕੱਠੇ ਹੋਣ ਤੇ ਅੱਡ ਹੋਣ ਦੀ ਸਿੱਖਾਂ ਨੂੰ ਅਕਾਲ ਪੁਰਖ ਵੱਲੋਂ ਬਖ਼ਸ਼ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਅਜੇ ਤਕ ਉਨ੍ਹਾਂ ਨੂੰ ਸਮਝ ਨਹੀਂ ਆਈ ਪਈ ਜਦੋਂ `ਕੱਠੇ ਹੋਏ ਬਿਨਾਂ ਸਰਨਾ ਨਹੀਂ ਤਾਂ ਅੱਡੋ ਅੱਡ ਕਿਉਂ ਹੁੰਦੇ ਹਨ?
ਪਿਛਲੇ ਸਾਲ ਕੈਨੇਡਾ ਵਿੱਚ ਵੀ ਕਬੱਡੀ ਦੇ ਦੋ ਧੜੇ ਬਣ ਗਏ ਸਨ ਪਰ ਗੁਰੂ ਦੀ ਮਿਹਰ ਨਾਲ ਮੁੜ ਉਨ੍ਹਾਂ ਵਿੱਚ ਏਕਤਾ ਹੋ ਗਈ ਸੀ। ਉਨ੍ਹਾਂ ਨੇ 2006 ਦਾ ਕਬੱਡੀ ਸੀਜ਼ਨ ਖੇਡਣ ਲਈ ਪੰਜਾਬ ਤੋਂ ਸੌ ਦੇ ਕਰੀਬ ਕਬੱਡੀ ਖਿਡਾਰੀਆਂ ਨੂੰ ਵੀਜ਼ੇ ਲੁਆ ਕੇ ਕੈਨੇਡਾ ਮੰਗਵਾ ਲਿਆ ਸੀ। ਜੇਕਰ ਸਾਰੇ ਖਿਡਾਰੀ ਕਬੱਡੀ ਖੇਡ ਕੇ ਵਾਪਸ ਮੁੜ ਜਾਂਦੇ ਤਾਂ 2007 ਦਾ ਕਬੱਡੀ ਸੀਜ਼ਨ ਖੇਡਣ ਲਈ ਭਾਵੇਂ ਦੋ ਸੌ ਖਿਡਾਰੀ ਵੀਜ਼ੇ ਲੈ ਲੈਂਦੇ। 2005 `ਚ ਪੰਜਾਬੀਆਂ ਦੀ ਓਨਟਾਰੀਓ ਸਪੋਰਟਸ ਫੈਡਰੇਸ਼ਨ ਨੇ 42 ਖਿਡਾਰੀ ਮੰਗਵਾਏ ਸਨ ਤੇ ਕਬੱਡੀ ਖੇਡਣ ਪਿੱਛੋਂ ਉਹ ਸਾਰੇ ਹੀ ਵਾਪਸ ਚਲੇ ਗਏ ਸਨ। ਉਹਦਾ ਅਸਰ ਇਹ ਪਿਆ ਕਿ 2006 ਵਿੱਚ ਖੁੱਲ੍ਹਦਿਲੀ ਨਾਲ ਕੈਨੇਡਾ ਦੇ ਵੀਜ਼ੇ ਮਿਲੇ। ਇੰਗਲੈਂਡ ਵਿੱਚ ਵੀ ਕਬੱਡੀ ਖੇਡਣ ਜਾਣ ਲਈ ਪੰਜਾਬ ਦੇ ਸੌ ਕੁ ਖਿਡਾਰੀਆਂ ਨੂੰ ਵੀਜ਼ੇ ਮਿਲ ਗਏ।
ਐਤਕੀਂ ਕਬੱਡੀ ਨੂੰ ਮਾਰ ਪੈਂਦੀ ਲੱਗਦੀ ਹੈ। ਓਨਟਾਰੀਓ ਸਪੋਰਟਸ ਫੈਡਰੇਸ਼ਨ ਨੇ ਆਪਣੀ ਮੀਟਿੰਗ ਕਰ ਕੇ ਦੱਸਿਆ ਹੈ ਕਿ 2006 ਵਿੱਚ ਕਬੱਡੀ ਖੇਡਣ ਆਏ ਗਿਆਰਾਂ ਖਿਡਾਰੀ ਵਾਪਸ ਇੰਡੀਆ ਨਹੀਂ ਮੁੜੇ। ਉਨ੍ਹਾਂ ਦੇ ਨਾਂ ਵੀ ਨਸ਼ਰ ਕਰ ਦਿੱਤੇ ਕਰ ਦਿੱਤੇ ਹਨ ਜੋ ਲੱਭੀ, ਦੁਨਾਲੀ, ਰੰਗੀਆਂ ਵਾਲਾ ਪਹਿਲਵਾਨ, ਪੱਪੂ ਚੂਹੜਚੱਕ, ਗੁਰਤੇਜ ਬਰਾੜ, ਗਿੱਲ ਘਾਲੀ, ਸੁੱਖਾ ਰੰਧਾਵਾ, ਬਲਵਿੰਦਰ ਖਾਰਾ, ਭਾਊ ਜੈਤੋ, ਮਨਜੀਤ ਚੂਹੜਚੱਕ ਤੇ ਰੇਸ਼ਮ ਹਨ। ਉਨ੍ਹਾਂ ਉਤੇ ਕਬੱਡੀ ਖੇਡਣ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਜੇ ਇਨ੍ਹਾਂ ਖਿਡਾਰੀਆਂ ਨੂੰ ਕੋਈ ਕਲੱਬ ਕਬੱਡੀ ਖਿਡਾਵੇਗਾ ਤਾਂ ਖੇਡ ਵਿੱਚ ਅਨੁਸ਼ਾਸਨ ਕਿਥੋਂ ਆਵੇਗਾ? ਇਨ੍ਹਾਂ ਖਿਡਾਰੀਆਂ ਨੇ ਪਤਾ ਨਹੀਂ ਕਿੰਨਿਆਂ ਦਾ ਅੱਗਾ ਮਾਰ ਦੇਣਾ ਹੈ। ਹੁਣ ਵੀਜ਼ੇ ਮਿਲਣੇ ਹੋਰ ਵੀ ਔਖੇ ਹੋ ਜਾਣੇ ਹਨ। ਜੇ ਉਹ ਵਾਪਸ ਮੁੜ ਜਾਂਦੇ ਤਾਂ ਮੁੜ ਕੇ ਫਿਰ ਖੇਡਣ ਆ ਸਕਦੇ ਸੀ।
ਟੋਰਾਂਟੋ ਵਿੱਚ ਦੋ ਕਲੱਬਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਫੈਡਰੇਸ਼ਨ ਉਨ੍ਹਾਂ ਨੂੰ ਬਿਨਾਂ ਵਜ੍ਹਾ ਬਦਨਾਮ ਕਰ ਰਹੀ ਹੈ। ਟੋਰਾਂਟੋ ਦੇ ਪੰਜਾਬੀ ਰੇਡੀਓ ਵਾਲੇ ਵੀ ਕਬੱਡੀ ਦੇ ਕਬੂਤਰਾਂ ਦੀ ਚਰਚਾ ਕਰ ਰਹੇ ਹਨ। ਫੈਡਰੇਸ਼ਨ ਦੇ ਬੁਲਾਰੇ ਕਹਿੰਦੇ ਹਨ ਕਿ ਉਹ ਕਿਸੇ ਕਲੱਬ ਨੂੰ ਬਦਨਾਮ ਨਹੀਂ ਕਰ ਰਹੇ ਸਗੋਂ ਉਨ੍ਹਾਂ ਕਲੱਬਾਂ ਤੋਂ ਜਵਾਬਦੇਹੀ ਮੰਗ ਰਹੇ ਹਨ ਜਿਨ੍ਹਾਂ ਕਲੱਬਾਂ ਨੇ ਕਬੂਤਰ ਬਣਨ ਵਾਲੇ ਖਿਡਾਰੀ ਸੱਦੇ ਸਨ। ਦੋਵੇਂ ਕਲੱਬਾਂ ਦੇ ਬੁਲਾਰੇ ਇਹ ਤਾਂ ਮੰਨਦੇ ਹਨ ਕਿ ਕਬੂਤਰ ਬਣਨ ਵਾਲੇ ਕਬੱਡੀ ਦੇ ਖਿਡਾਰੀਆਂ ਨੂੰ ਬੈਨ ਕਰਨਾ ਵਾਜਬ ਹੈ ਪਰ ਉਹਨਾਂ ਦੋਹਾਂ ਕਲੱਬਾਂ ਵਾਲਾ ਪੈਮਾਨਾ ਹੋਰਨਾਂ ਕਲੱਬਾਂ `ਤੇ ਵੀ ਲਾਗੂ ਹੋਣਾ ਚਾਹੀਦੈ। ਜਿਨ੍ਹਾਂ ਨੇ ਜਾਅਲ੍ਹੀ ਵਿਆਹਾਂ ਦਾ ਡਰਾਮਾ ਕੀਤਾ ਉਨ੍ਹਾਂ ਦਾ ਵੀ ਭਾਂਡਾ ਭੱਜਣਾ ਚਾਹੀਦੈ। ਜੇ ਇਹ ਲਾਗੂ ਨਹੀਂ ਹੁੰਦਾ ਤਾਂ ਕੈਨੇਡਾ ਵਿੱਚ ਵੀ ਕਬੱਡੀ ਦੇ ਦੋ ਗਰੁੱਪ ਬਣਨ ਦੀ ਸੰਭਾਵਨਾ ਹੈ। ਵੇਖਦੇ ਹਾਂ ਓਨਟਾਰੀਓ ਦੀ ਸਪੋਰਟਸ ਫੈਡਰੇਸ਼ਨ ਤੇ ਬ੍ਰਿਟਿਸ਼ ਕੋਲੰਬੀਆ ਦੀ ਕਬੱਡੀ ਫੈਡਰੇਸ਼ਨ ਕੈਨੇਡਾ ਵਿੱਚ ਕਬੱਡੀ ਦੇ ਭਵਿੱਖ ਲਈ ਕਿਹੜਾ ਰਸਤਾ ਅਖ਼ਤਿਆਰ ਕਰਦੀਆਂ ਹਨ? ਹਾਲੇ ਤਾਂ ਉਨ੍ਹਾਂ ਨੇ ਕਬੱਡੀ ਨੂੰ ਡਰੱਗ ਤੋਂ ਬਚਾਉਣ ਲਈ ਖਿਡਾਰੀਆਂ ਦੇ ਡੋਪ ਟੈੱਸਟ ਵੀ ਕਰਨੇ ਹਨ।