ਦਾਖ਼ਲਾ

Wednesday, 14 October 2009 17:55

50 - ਬਾਬਾ ਪਾਲਾ ਸਿੰਘ

Written by ਪ੍ਰਿੰਸੀਪਲ ਸਰਵਣ ਸਿੰਘ
Rate this item
(0 votes)

ਪਿੰਡ ਵਿੱਚ ਮੇਰੀ ਪਹਿਲੀ ਪਛਾਣ ਬਾਬਾ ਪਾਲਾ ਸਿਓਂ ਦੇ ਪੋਤੇ ਵਜੋਂ ਸੀ। ਜੇ ਮੈਂ ਕੋਈ ਮਾਅਰਕਾ ਮਾਰਦਾ ਤਾਂ ਉਹ ਪਾਲਾ ਸਿਓਂ ਦੇ ਪੋਤੇ ਦਾ ਵੱਜਦਾ। ਮੇਰੇ ਨਾਂ ਨੂੰ ਕੋਈ ਨਹੀਂ ਸੀ ਜਾਣਦਾ। ਮੈਂ ਵੀ ਆਪਣਾ ਨਾਂ ਦੱਸਣ ਦੀ ਥਾਂ ਪਾਲਾ ਸਿਓਂ ਦਾ ਪੋਤਾ ਦੱਸਦਾ। ਸਾਡੇ ਬਾਬੇ ਹੋਰੀਂ ਤਿੰਨ ਭਰਾ ਸਨ। ਵੱਡਾ ਪੋਲ੍ਹਾ ਸਿੰਘ, ਵਿਚਕਾਰਲਾ ਰਤਨ ਸਿੰਘ ਤੇ ਛੋਟਾ ਪਾਲਾ ਸਿੰਘ। ਉਨ੍ਹਾਂ ਦੇ ਪਿਤਾ ਵਰਿਆਮ ਸਿੰਘ ਹੋਰੀਂ ਚਾਰ ਭਾਈ ਸਨ। ਉਨ੍ਹਾਂ ਦੇ ਬਾਪ ਭਗਵਾਨ ਸਿੰਘ ਦਾ ਮੈਨੂੰ ਨਹੀਂ ਪਤਾ ਕਿ ਉਹ ਕਿੰਨੇ ਭਰਾ ਸਨ ਤੇ ਕਿੰਨਿਆਂ ਦੇ ਔਲਾਦ ਹੋਈ? ਭਗਵਾਨ ਸਿੰਘ ਦੇ ਪਿਤਾ ਸੁੰਦਰ ਸਿੰਘ ਦਾ ਵੀ ਪਤਾ ਨਹੀਂ ਕਿ ਉਨ੍ਹਾਂ ਦੇ ਬਾਪ ਦਾ ਕਿੱਡਾ ਪਰਿਵਾਰ ਸੀ? ਮੈਂ ਹਾਲੇ ਇਹ ਵੀ ਪਤਾ ਨਹੀਂ ਲਾ ਸਕਿਆ ਕਿ ਸਾਡਾ ਕਿਹੜਾ ਵਡੇਰਾ ਮਾਝੇ ਦੀ ਸਰਹਾਲੀ ਤੋਂ ਉਠ ਕੇ ਮਾਲਵੇ ਦੇ ਪਿੰਡ ਚਕਰ ਆਇਆ ਸੀ ਤੇ ਕਦੋਂ ਆਇਆ ਸੀ?

ਇਹ ਤੱਥ ਖੋਜ ਦਾ ਮੁਥਾਜ ਹੈ ਕਿ ਸਾਡੇ ਵੱਡਵਡੇਰੇ ਹਿੰਦੂਆਂ ਤੋਂ ਸਿੱਖ ਕਦੋਂ ਬਣੇ? ਇਤਿਹਾਸ ਤਾਂ ਇਹੋ ਦੱਸਦਾ ਹੈ ਕਿ ਸਾਡੇ ਵੱਡਵਡੇਰੇ ਹਿੰਦੂ ਜਾਟ ਸਨ ਜੋ ਮੁਸਲਮਾਨ ਬਣਨੋਂ ਬਚ ਗਏ ਤੇ ਸਿੱਖ ਸਜ ਗਏ। ਸਾਡੇ ਗੋਤ ਦੇ ਸੰਧੂ ਜੱਟ ਹਿੰਦੂ ਵੀ ਹਨ, ਮੁਸਲਮਾਨ ਵੀ ਹਨ ਤੇ ਸਿੱਖ ਵੀ ਹਨ। ਏਧਰ ਸ਼ਹੀਦ ਭਗਤ ਸਿੰਘ ਸੰਧੂ ਸੀ, ਓਧਰ ਕਿੱਸਾਕਾਰ ਕਾਦਰਯਾਰ ਸੰਧੂ, ਭਾਈ ਬਾਲਾ ਸੰਧੂ ਤੇ ਭਾਰਤ ਦਾ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਵੀ ਸੰਧੂ ਸੀ। ਬਾਕੀ ਗੋਤਾਂ ਦਾ ਵੀ ਇਹੋ ਹਾਲ ਹੈ। ਅੱਜ ਜਿਹੜੇ ਲੋਕ ਹਿੰਦੂ, ਮੁਸਲਮਾਨ ਜਾਂ ਸਿੱਖਾਂ ਦੇ ਨਾਂ `ਤੇ ਲੜੀ ਮਰੀ ਜਾਂਦੇ ਹਨ ਉਹ ਭੁੱਲ ਗਏ ਹਨ ਕਿ ਉਨ੍ਹਾਂ ਦੇ ਵਡਵਡੇਰੇ ਇਕੋ ਪਿਓ ਦੇ ਪੁੱਤ ਸਨ!

ਬਾਬਾ ਪਾਲਾ ਸਿੰਘ ਦਾ ਮੈਨੂੰ ਪੜ੍ਹਾਉਣ ਲਿਖਾਉਣ `ਚ ਸਭ ਤੋਂ ਵੱਧ ਰੋਲ ਸੀ। ਉਹ ਬੇਸ਼ਕ ਸਿੱਧੇ ਸਾਦੇ ਕਿਸਾਨ ਸਨ ਪਰ ਦੂਰਦਰਸ਼ੀ ਸਨ। ਵਿੱਦਿਆ ਦੇ ਮਹੱਤਵ ਨੂੰ ਖ਼ੂਬ ਸਮਝਦੇ ਸਨ। ਕਿਹਾ ਕਰਦੇ ਸਨ ਕਿ ਵਿੱਦਿਆ ਬੰਦੇ ਦਾ ਸਭ ਵਧੀਆ ਗਹਿਣਾ ਹੈ। ਜੀਹਦੇ ਕੋਲ ਇਲਮ ਹੈ ਉਹਦੇ ਕੋਲ ਸਾਰਾ ਕੁਛ ਹੈ ਤੇ ਉਹ ਕਦੇ ਭੁੱਖਾ ਨਹੀਂ ਮਰ ਸਕਦਾ। ਉਨ੍ਹਾਂ ਨੇ ਸਾਡੇ ਪਿਤਾ ਨੂੰ ਪੜ੍ਹਾਉਣ ਦੀ ਪੂਰੀ ਵਾਹ ਲਾਈ ਸੀ ਪਰ ਬਾਪੂ ਅੱਠਵੀਂ `ਚੋਂ ਫੇਲ੍ਹ ਹੋ ਕੇ ਪੜ੍ਹਾਈ ਅੱਧ ਵਿਚਕਾਰੇ ਛੱਡ ਗਿਆ ਸੀ। ਬਾਬੇ ਦੀਆਂ ਪੁੱਤਰ ਨੂੰ ਪੜ੍ਹਾਉਣ ਦੀਆਂ ਰੀਝਾਂ ਵਿਚੇ ਰਹਿ ਗਈਆਂ ਸਨ ਜੋ ਕਿਸੇ ਹੱਦ ਤਕ ਪੋਤੇ ਨੂੰ ਪੜ੍ਹਾ ਕੇ ਪੂਰੀਆਂ ਕੀਤੀਆਂ ਗਈਆਂ। ਉਹ ਕਿਰਤੀ ਕਿਸਾਨ ਹੋਣ ਦੇ ਨਾਲ ਨਿਸ਼ਕਾਮ ਸੇਵਾ ਵਾਲੇ ਗੁਰੂ ਦੇ ਸਿੱਖ ਦੀ ਅਜਿਹੀ ਜ਼ਿੰਦਗੀ ਜੀਵੇ ਕਿ ਆਪਣਾ ਨਾਮ ਪਿੱਛੇ ਛੱਡ ਗਏ। ਅੱਜ ਵੀ ਪਿੰਡ ਦੇ ਲੋਕ ਉਨ੍ਹਾਂ ਦਾ ਨਾਂ ਭਲੇ ਪੁਰਸ਼ ਵਜੋਂ ਲੈਂਦੇ ਹਨ।

ਸਾਡਾ ਵੱਡਾ ਬਾਬਾ ਪੋਲ੍ਹਾ ਸਿੰਘ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਕੈਨੇਡਾ ਚਲਾ ਗਿਆ ਸੀ। ਮੈਂ ਉਸ ਦੇ ਫੋਟੋ ਹੀ ਵੇਖੇ ਹਨ। ਉਹ ਬੜਾ ਬਣਦਾ ਫੱਬਦਾ ਜੁਆਨ ਸੀ ਤੇ ਮੁੱਢਲੇ ਪੰਜਾਬੀ ਕੈਨੇਡੀਅਨਾਂ ਵਿਚੋਂ ਸੀ। ਕੁੱਝ ਸਾਲਾਂ ਬਾਅਦ ਉਹ ਪਿੰਡ ਮੁੜਿਆ ਤਾਂ ਉਸ ਨੂੰ ਨਮੂਨੀਆ ਹੋ ਗਿਆ ਜਿਸ ਨਾਲ ਉਸ ਦੀ ਮ੍ਰਿਤੂ ਹੋ ਗਈ। ਮੈਂ ਅਕਸਰ ਸੋਚਦਾਂ ਜੇ ਬਾਬਾ ਪੋਲ੍ਹਾ ਸਿੰਘ ਤੀਹਵਿਆਂ ਵਿੱਚ ਨਾ ਗੁਜ਼ਰਦਾ ਤਾਂ ਸਾਡੇ ਤਿੰਨਾਂ ਹੀ ਬਾਬਿਆਂ ਦਾ ਲਾਣਾ ਕਦੋਂ ਦਾ ਕੈਨੇਡੀਅਨ ਬਣਿਆ ਹੁੰਦਾ। ਸੰਭਵ ਸੀ ਮੇਰਾ ਜਨਮ ਕੈਨੇਡਾ `ਚ ਹੁੰਦਾ ਤੇ ਮੇਰੀ ਜੀਵਨ ਗਾਥਾ ਹੋਰ ਹੁੰਦੀ। ਅਚਾਨਕ ਵਾਪਰੀਆਂ ਘਟਨਾਵਾਂ ਪਰਿਵਾਰਾਂ ਦੇ ਭਵਿੱਖ ਦਾ ਕਾਂਟਾ ਬਦਲ ਦਿੰਦੀਆਂ ਹਨ। ਮੈਂ ਤਾਂ ਵੈਸੇ ਹੀ ਕਾਂਟੇ ਬਦਲਦਾ ਰਿਹਾਂ ਹਾਂ।

ਮੇਰੇ ਜਨਮ ਵੇਲੇ ਘਰ ਦੀ ਆਰਥਿਕ ਹਾਲਤ ਨਿਸਬਤਨ ਪਤਲੀ ਸੀ। ਹੋ ਸਕਦੈ ਆਰਥਿਕ ਪੱਖੋਂ ਅਮੀਰ ਘਰ `ਚ ਜੰਮ ਕੇ ਮੈਂ ਵਿਗੜ ਜਾਂਦਾ ਤੇ ਪੜ੍ਹਦਾ ਹੀ ਨਾ। ਭਰੀ ਹੋਈ ਜੇਬ ਨਾਲ ਫੈਲਸੂਫ਼ੀਆਂ `ਚ ਪੈ ਜਾਂਦਾ ਅਤੇ ਆਪਣੀ ਤੇ ਮਾਪਿਆਂ ਦੀ ਬਦਨਾਮੀ ਵਾਧੂ ਦੀ ਕਰਾਉਂਦਾ। ਪੈਸੇ ਧੇਲੇ ਦੀ ਅਮੀਰੀ ਨਾਲ ਜ਼ਰੂਰੀ ਨਹੀਂ ਕਿ ਸਾਰਾ ਕੁੱਝ ਠੀਕ ਠਾਕ ਹੋ ਜਾਂਦਾ ਹੋਵੇ। ਮਾਇਆ ਨਾਲ ਕਈ ਖਰਾਬੀਆਂ ਵੀ ਪੈਦਾ ਹੋ ਜਾਂਦੀਆਂ ਹਨ। ਕਹਿੰਦੇ ਹਨ ਕਿ ਪੈਸਾ ਤਾਂ ਕੰਜਰਾਂ ਕੋਲ ਵੀ ਬਹੁਤ ਹੁੰਦੈ ਪਰ ਉਹ ਚੰਗੇ ਬੰਦੇ ਨਹੀਂ ਹੁੰਦੇ। ਬੜੇ ਬੜੇ ਧਨਵਾਨ ਲੋਕਾਂ ਦੀਆਂ ਖਰਾਬੀਆਂ ਦੇ ਕਿੱਸੇ ਹਰ ਰੋਜ਼ ਪੜ੍ਹੀ ਸੁਣੀ ਦੇ ਹਨ। ਪੈਸਾ ਵੀ ਬੰਦੇ ਦੀ ਖੁਰਾਕ ਵਾਂਗ ਓਨਾ ਕੁ ਹੀ ਚਾਹੀਦੈ ਜਿੰਨੇ ਦੀ ਲੋੜ ਹੋਵੇ। ਵਾਧੂ ਪੈਸਾ ਵਾਧੂ ਖੁਰਾਕ ਵਾਂਗ ਬਦਹਜ਼ਮੀ ਪੈਦਾ ਕਰਦੈ।

ਜਿੰਨੀਆਂ ਕੁ ਸਮੱਸਿਆਵਾਂ ਲੋੜ ਤੋਂ ਘੱਟ ਧਨ ਮਿਲਣ ਦੀਆਂ ਹਨ ਲੋੜ ਤੋਂ ਵੱਧ ਧਨ ਮਿਲਣ ਦੀਆਂ ਉਸ ਤੋਂ ਵੀ ਵੱਧ ਹਨ। ਪਰ ਸਮਝਦਾ ਕੋਈ ਕੋਈ ਹੈ। ਕਿਸੇ ਵਿਦਵਾਨ ਨੇ ਲਿਖਿਆ ਹੈ-ਜਿਹੜੇ ਲੋਕ ਇਹ ਸੋਚਦੇ ਹਨ ਕਿ ਧਨ ਸਭ ਕੁੱਝ ਕਰ ਸਕਦਾ ਹੈ ਉਹਨਾਂ `ਤੇ ਸ਼ੱਕ ਕੀਤਾ ਜਾ ਸਕਦਾ ਹੈ ਕਿ ਉਹ ਸਭ ਕੁੱਝ ਧਨ ਲਈ ਹੀ ਕਰਨਗੇ ਤੇ ਬਹੁਤ ਕੁੱਝ ਬੁਰਾ ਵੀ ਕਰਨਗੇ। ਸ਼ਾਹ ਹੁਸੈਨ ਨੇ ਤਾਂ ਸਿਰੇ ਦੀ ਗੱਲ ਕੀਤੀ ਹੈ-ਜਿਸ ਧਨ ਦਾ ਤੂੰ ਗਰਬ ਕਰੇਨੈਂ ਸੋ ਨਾਲਿ ਨਾ ਚਲਸਨ ਦੰਮਾਂ, ਲੱਖਾਂ ਅਤੇ ਕਰੋੜਾਂ ਵਾਲੇ ਸੇ ਪਉਸਣ ਵੱਸ ਜੰਮਾਂ।

ਬਚਪਨ `ਚ ਹੰਢਾਈ ਤੰਗੀ ਨੇ ਮੈਨੂੰ ਸੰਜਮ ਨਾਲ ਜਿਉਣਾ ਸਿਖਾਇਆ ਜੀਹਦੇ ਨਾਲ ਮੈਂ ਹੁਣ ਤਕ ਸੁਖੀ ਹਾਂ। ਮੈਂ ਥੋੜ੍ਹੀਆਂ ਸੁਖ ਸਹੂਲਤਾਂ ਨਾਲ ਵੀ ਸੌਖਾ ਰਹਿ ਸਕਦਾ ਹਾਂ। ਬਹੁਤ ਲੋਕ ਹਨ ਜਿਹੜੇ ਬਹੁਤ ਸਾਰੀਆਂ ਸਹੂਲਤਾਂ ਨਾਲ ਵੀ ਸੌਖੇ ਨਹੀਂ ਰਹਿੰਦੇ। ਹੁੰਦੇ ਸੁੰਦੇ ‘ਮਰ ਗਏ, ਮਰ ਗਏ’ ਕਰਦੇ ਰਹਿੰਦੇ ਹਨ। ਉਹ ਲੋੜ ਤੋਂ ਵੱਧ ਤੇ ਵੱਡੇ ਮਕਾਨ ਬਣਾਈ/ਖਰੀਦੀ ਜਾਣਗੇ। ਜਿਨ੍ਹਾਂ ਨੂੰ ਲੋੜ ਹੈ ਉਨ੍ਹਾਂ ਨੂੰ ਝੁੱਗੀ ਝੋਂਪੜੀ ਵੀ ਨਹੀਂ ਜੁੜਦੀ। ਕਈਆਂ ਤੋਂ ਪਹਿਲੇ ਕਪੜੇ ਪਾ ਨਹੀਂ ਹੁੰਦੇ ਪਰ ਨਵੇਂ ਖਰੀਦ ਕੇ ਢੇਰ ਲਾਈ ਜਾਣਗੇ। ਲੋੜ ਜੋਗਾ ਭੋਜਨ ਖਾਧਾ ਨਹੀਂ ਜਾਂਦਾ, ਪਲੇਟਾਂ ਹੋਰ ਡੱਕ ਲੈਣਗੇ ਤੇ ਫਿਰ ਜੂਠਾ ਛੱਡਣਗੇ। ਪਹਿਲੀ ਸਵਾਰੀ ਚੰਗੀ ਭਲੀ ਹੁੰਦੀ ਹੈ ਪਰ ਵਾਧੂ ਵਿਖਾਵੇ ਲਈ ਨਵੀਂ ਕਾਰ ਜਾਂ ਕੋਈ ਹੋਰ ਸਵਾਰੀ ਲਿਆ ਖੜ੍ਹਾਉਣਗੇ। ਇਸ ਨੂੰ ਅਮੀਰੀ ਨਹੀਂ ਕਿਹਾ ਜਾ ਸਕਦਾ ਸਗੋਂ ਅੰਦਰਲੀ ਗ਼ਰੀਬੀ ਦਾ ਹੀ ਵਿਖਾਵਾ ਹੁੰਦੈ। ਬਹੁਤੇ ਬੰਦੇ ਵਿਖਾਵੇ ਦੀ ਬਿਮਾਰੀ ਦਾ ਬੁਰੀ ਤਰ੍ਹਾਂ ਸ਼ਿਕਾਰ ਹਨ। ਬੰਦਾ ਵਿਖਾਵੇ ਦੀ ਅਮੀਰੀ ਨਾਲੋਂ ਅੰਦਰਲੀ ਅਮੀਰੀ ਨਾਲ ਭਰਪੂਰ ਹੋਵੇ ਤਾਂ ਵਧੇਰੇ ਸੁਖੀ ਰਹਿ ਸਕਦੈ।

ਬਾਬਾ ਪਾਲਾ ਸਿੰਘ ਦਾ ਜਨਮ ਉਨੀਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ ਹੋਇਆ ਸੀ। ਜਦੋਂ ਉਨ੍ਹਾਂ ਨੂੰ ਸੁਤੰਤਰਤਾ ਸੰਗਰਾਮੀਏਂ ਵਜੋਂ ਤਾਮਰ ਪੱਤਰ ਮਿਲਣਾ ਸੀ ਤਾਂ ਮੈਂ ਫਾਰਮ ਉਤੇ ਅੰਦਾਜ਼ੇ ਨਾਲ ਹੀ ਉਨ੍ਹਾਂ ਦੀ ਜਨਮ ਤਾਰੀਖ 15 ਅਗੱਸਤ 1890 ਭਰ ਦਿੱਤੀ ਸੀ। ਹੋ ਸਕਦੈ ਉਮਰ ਦੋ ਚਾਰ ਸਾਲ ਵੱਧ ਭਰੀ ਗਈ ਹੋਵੇ। ਬਾਬੇ ਵੇਲੇ ਸਾਡੇ ਪਿੰਡ `ਚ ਸਕੂਲ ਨਹੀਂ ਸੀ ਬਣਿਆ ਜਿਸ ਕਰਕੇ ਉਨ੍ਹਾਂ ਨੇ ਗੁਰਮੁਖੀ ਦੇ ਅੱਖਰ ਗੁਰਦਵਾਰੇ ਦੇ ਭਾਈ ਜੀ ਤੋਂ ਸਿੱਖੇ ਸਨ। ਸਕੂਲ/ਕਾਲਜ ਵਿੱਚ ਪੜ੍ਹਦਿਆਂ ਮੈਨੂੰ ਬਾਬੇ ਦੀਆਂ ਲਿਖੀਆਂ ਚਿੱਠੀਆਂ ਮਿਲਦੀਆਂ ਸਨ ਜਿਨ੍ਹਾਂ ਦੀ ਲਿਖਾਈ ਪੁਰਾਣੀਆਂ ਪੋਥੀਆਂ ਦੀ ਲਿਖਤ ਵਰਗੀ ਹੁੰਦੀ ਸੀ। ਸ਼ਬਦ ਜੋੜਾਂ ਦੀਆਂ ਗ਼ਲਤੀਆਂ ਨਹੀਂ ਸਨ ਹੁੰਦੀਆਂ ਜਿਵੇਂ ਕਿ ਅੱਜ ਕੱਲ੍ਹ ਦੇ ਵਿਦਿਆਰਥੀ ਕਰਦੇ ਹਨ। ਬਾਬੇ ਨੇ ਬਚਪਨ ਵਿੱਚ ਹੀ ਗੁਰਬਾਣੀ ਦਾ ਪਾਠ ਕਰਨਾ ਸਿੱਖ ਲਿਆ ਸੀ ਤੇ ਉਹ ਪਾਠੀ ਬਣ ਗਏ ਸਨ।

ਬਾਬੇ ਦੇ ਪਾਠੀ ਹੋਣ ਕਾਰਨ ਸਾਡੇ ਘਰ ਵਿੱਚ ਗੁਟਕੇ ਤੇ ਪੋਥੀਆਂ ਪਈਆਂ ਹੁੰਦੀਆਂ ਸਨ। ਮੇਰੀਆਂ ਪਹਿਲੀਆਂ ਪਾਠ ਪੁਸਤਕਾਂ ਗੁਟਕੇ ਤੇ ਪੋਥੀਆਂ ਹੀ ਸਨ। ਜਦੋਂ ਸਾਡਾ ਬਾਪ ਕਮਿਊਨਿਸਟ ਪਾਰਟੀ ਦਾ ਮੈਂਬਰ ਬਣਿਆ ਤਾਂ ਕਾਮਰੇਡਾਂ ਦੇ ਪੜ੍ਹਨ ਵਾਲੇ ਕਿਤਾਬਚੇ ਤੇ ਰਸਾਲੇ ਸਾਡੇ ਘਰ ਆਉਣੇ ਸ਼ੁਰੂ ਹੋ ਗਏ। ਸਾਡੇ ਪਿਤਾ ਦਾ ਪਹਿਲਾ ਨਾਂ ਹਰਦਿਆਲ ਸਿੰਘ ਸੀ ਪਰ ਬਾਅਦ ਵਿੱਚ ਬਾਬੂ ਸਿੰਘ ਹੋ ਗਿਆ। ਕਹਿੰਦੇ ਹਨ ਕਿ ਜਦੋਂ ਉਹ ਲਾਹੌਰੋਂ ਡਰਾਈਵਰੀ ਸਿੱਖ ਕੇ ਮੁੜੇ ਤਾਂ ਬਾਬੂਆਂ ਵਰਗੇ ਲੱਗਦੇ ਸਨ ਜਿਸ ਕਰਕੇ ਉਹਦਾ ਨਾਂ ਹੀ ਬਾਬੂ ਪੱਕ ਗਿਆ। ਸਾਡੇ ਘਰ ਬਾਪੂ ਦਾ ਜੋ ਪਾਸਪੋਰਟ ਪਿਆ ਹੈ ਉਹਦੇ ਵਿੱਚ ਉਨ੍ਹਾਂ ਦਾ ਨਾਂ ਹਰਦਿਆਲ ਸਿੰਘ ਹੈ ਪਰ ਕਾਗਜ਼ਾਂ ਵਿੱਚ ਸਾਡੀ ਵਲਦੀਅਤ ਬਾਬੂ ਸਿੰਘ ਹੀ ਹੈ। ਹੋ ਸਕਦੈ ਕਮਿਊਨਿਸਟ ਬਣਨ ਕਰਕੇ ਨਾਮ ਬਦਲਣਾ ਪਿਆ ਹੋਵੇ।

ਬਾਬਾ ਪਾਲਾ ਸਿੰਘ ਤਕੜੇ ਜੁੱਸੇ ਦੇ ਮਾਲਕ ਸਨ। ਕੱਦ ਪੰਜ ਫੁੱਟ ਦਸ ਇੰਚ ਸੀ। ਉਹ ਤੁਰਦੇ ਬਹੁਤ ਤੇਜ਼ ਸਨ ਤੇ ਕਿਰਸਾਣੇ ਕੰਮ ਨੂੰ ਬੜੇ ਤਕੜੇ ਸਨ। ਦਿਹਾੜੀ ਵਿੱਚ ਪੌਣੀ ਘੁਮਾਂ ਕਣਕ ਵੱਢ ਦਿੰਦੇ ਸਨ। ਜਿਥੇ ਜਾਂਦੇ ਤੁਰ ਕੇ ਜਾਂਦੇ ਭਾਵੇਂ ਪੰਜਾਹ ਕੋਹ ਦੂਰ ਬਠਿੰਡੇ ਜਾਣਾ ਪਵੇ। ਤੜਕੇ ਤਿੰਨ ਵਜੇ ਉਠ ਕੇ ਉਹ ਮੈਨੂੰ ਵੀਹ ਕਿਲੋਮੀਟਰ ਦੂਰ ਜਗਰਾਓਂ ਤੋਂ ਰੇਲ ਗੱਡੀ ਚੜ੍ਹਾਉਣ ਜਾਂਦੇ, ਸੌਦਾ ਸੂਤ ਲੈ ਕੇ ਵਾਪਸ ਮੁੜਦੇ ਤੇ ਫਿਰ ਸਾਰਾ ਦਿਨ ਖੇਤਾਂ `ਚ ਕੰਮ ਕਰਦੇ। ਪੈਰੀਂ ਧੌੜੀ ਦੀ ਜੁੱਤੀ ਪਾਈ ਹੁੰਦੀ ਸੀ ਜੋ ਤੁਰਦਿਆਂ ਉਹ ਲਾਹ ਵੀ ਲੈਂਦੇ ਤਾਂ ਕਿ ਛੇਤੀ ਘਸ ਨਾ ਜਾਵੇ। ਉਨ੍ਹਾਂ ਨੇ ਸਾਰੀ ਉਮਰ ਨਾ ਸ਼ਰਾਬ ਪੀਤੀ, ਨਾ ਮੀਟ ਖਾਧਾ ਤੇ ਨਾ ਆਂਡਾ। ਸਾਡਾ ਬਾਪੂ ਵੀ ਅਰਧ ਸੋਫੀ ਸੀ। ਸਾਡੀ ਪੰਜਾਂ ਹੀ ਭਰਾਵਾਂ ਦੀ ਉਹ ਗੱਲ ਹੈ ਕਿ ਮਿਲ ਜਾਵੇ ਤਾਂ ਹਾਂ ਹੈ ਨਹੀਂ ਤਾਂ ਨਾਂਹ। ਵੱਡੇ ਭਾਈ ਨੇ ਕੁੱਝ ਸਮੇਂ ਲਈ ਗਾਤਰਾ ਪਾ ਲਿਆ ਸੀ ਪਰ ਉਹ ਗਾਤਰੇ ਵਾਲੀ ਰਹਿਤ ਮਰਿਆਦਾ ਕਾਇਮ ਨਾ ਰੱਖ ਸਕਿਆ।

ਜਦੋਂ ਜੈਤੋ ਦਾ ਮੋਰਚਾ ਲੱਗਾ ਤਾਂ ਸਾਡਾ ਬਾਬਾ ਤੀਹ ਕੁ ਸਾਲਾਂ ਦਾ ਸੀ। ਉਸ ਦਾ ਵਿਆਹ ਚੰਦ ਕੌਰ ਨਾਲ ਹੋ ਚੁੱਕਾ ਸੀ ਤੇ ਸਾਡਾ ਬਾਪ ਸਾਡੀ ਅੰਮਾ ਦੀ ਗੋਦ ਵਿੱਚ ਸੀ। ਸਾਡੇ ਪਿੰਡ ਪ੍ਰਚਾਰਕ ਆਏ ਤੇ ਉਨ੍ਹਾਂ ਸਿੰਘਾਂ ਦੇ ਨਾਂ ਮੰਗਣ ਲੱਗੇ ਜਿਹੜੇ ਜੈਤੋ ਦੇ ਮੋਰਚੇ ਵਾਸਤੇ ਸ਼ਹੀਦੀ ਜਥੇ `ਚ ਸ਼ਾਮਲ ਹੋਣਾ ਚਾਹੁੰਦੇ ਸਨ। ਸ਼ਹੀਦੀ ਜਥੇ ਅੰਮ੍ਰਿਤਸਰ ਤੋਂ ਚਲਦੇ ਸਨ ਤੇ ਪਿੰਡਾਂ ਵਿੱਚ ਪੜਾਅ ਕਰਦੇ ਜੈਤੋ ਜਾ ਕੇ ਗ੍ਰਿਫਤਾਰੀਆਂ ਦਿੰਦੇ ਸਨ। ਜਥਿਆਂ ਨੂੰ ਸ਼ਹੀਦੀ ਜਥੇ ਇਸ ਲਈ ਕਹਿੰਦੇ ਸਨ ਪਹਿਲੇ ਜਥੇ ਉਤੇ ਗੋਲੀ ਚੱਲ ਚੁੱਕੀ ਸੀ ਤੇ ਕਈ ਸਿੰਘ ਸ਼ਹੀਦ ਹੋ ਚੁੱਕੇ ਸਨ। ਅੰਗਰੇਜ਼ ਸਰਕਾਰ ਨੇ ਦਹਿਸ਼ਤ ਪਾ ਰੱਖੀ ਸੀ ਕਿ ਜਿਹੜਾ ਸਿੰਘ ਜਥੇ ਵਿੱਚ ਸ਼ਾਮਲ ਹੋਵੇਗਾ ਉਹ ਗੋਲੀ ਨਾਲ ਮਾਰਿਆ ਜਾ ਸਕਦੈ। ਬਾਬਾ ਪਾਲਾ ਸਿੰਘ ਤੇ ਪਿੰਡ ਦੇ ਪੰਜ ਛੇ ਸਿੰਘਾਂ ਨੇ ਆਪਣੇ ਨਾਂ ਸ਼ਹੀਦੀ ਜਥੇ ਵਿੱਚ ਸ਼ਾਮਲ ਹੋਣ ਲਈ ਲਿਖਾ ਦਿੱਤੇ ਸਨ।

ਜਿੱਦਣ ਜਥੇ ਵਿੱਚ ਜਾਣ ਦਾ ਦਿਨ ਆਇਆ ਤਾਂ ਨਾਂ ਲਿਖਾਉਣ ਵਾਲੇ ਸਿੰਘ ਸੂਏ ਦੇ ਪੁਲ ਉਤੇ `ਕੱਠੇ ਹੋਏ। ਉਥੇ ਉਹ ਜਕੋਤਕੀ ਵਿੱਚ ਪੈ ਗਏ। ਕੁੱਝ ਕਹਿਣ ਚੱਲੀਏ ਤੇ ਕੁੱਝ ਪੈਰ ਮੱਲਣ ਲੱਗ ਪਏ। ਇੱਕ ਜਣਾ ਘਰ ਨੂੰ ਮੁੜਿਆ ਤਾਂ ਬਾਬਾ ਪਾਲਾ ਸਿੰਘ ਨੇ ਕਿਹਾ, “ਮੈਂ ਤਾਂ ਬਚਨ ਕਰ ਕੇ ਹੁਣ ਪਿੱਛੇ ਨਹੀਂ ਮੁੜਨਾ। ਜੀਹਨੇ ਆਉਣਾ ਮੇਰੇ ਨਾਲ ਆ ਜੇ, ਜੀਹਨੇ ਪਿੱਛੇ ਮੁੜਨਾ ਪਿੱਛੇ ਮੁੜ ਜੇ।” ਉਹ ਅਰਦਾਸ ਕਰ ਕੇ ਅੱਗੇ ਤੁਰ ਪਏ। ਚਾਰ ਸਿੰਘ ਉਹਨਾਂ ਮਗਰ ਲੱਗ ਤੁਰੇ। ਪੰਜ ਸੌ ਸਿੰਘਾਂ ਦੇ ਜਥੇ ਉਤੇ ਗੋਲੀ ਤਾਂ ਨਾ ਚੱਲੀ ਪਰ ਲਾਠੀ ਚਾਰਜ ਹੋ ਗਿਆ ਜਿਸ ਵਿੱਚ ਸਾਡੇ ਬਾਬੇ ਦੀ ਇੱਕ ਬਾਂਹ ਭੱਜ ਗਈ ਜੋ ਵਿੰਗੀ ਬੱਝੀ ਤੇ ਅਖ਼ੀਰ ਤਕ ਸਿੱਧੀ ਨਾ ਹੋਈ। ਗ੍ਰਿਫਤਾਰ ਕੀਤੇ ਜਥੇ ਨੂੰ ਨਾਭੇ ਦੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਸੱਤ ਮਹੀਨੇ ਬਾਬੇ ਤੇ ਉਸ ਦੇ ਸਾਥੀਆਂ ਨੂੰ ਜੇਲ੍ਹ ਵਿੱਚ ਰਹਿਣਾ ਪਿਆ। ਜੇਲ੍ਹ ਵਿਚੋਂ ਉਨ੍ਹਾਂ ਨੇ ਸੁਨੇਹਾ ਭੇਜ ਦਿੱਤਾ ਸੀ ਕਿ ਕੋਈ ਸਾਡੀ ਮੁਲਾਕਾਤ ਨੂੰ ਨਾ ਆਵੇ ਜਦ ਕਿ ਅੰਮਾ ਚਾਹੁੰਦੀ ਸੀ ਕਿ ਉਹ ਆਪਣੇ ਸਿਰ ਦਾ ਸਾਂਈਂ ਵੇਖ ਆਵੇ ਤੇ ਪੁੱਤਰ ਦਾ ਮੂੰਹ ਵਿਖਾ ਲਿਆਵੇ।

ਕਈ ਵਾਰ ਮੈਂ ਸੋਚਦਾਂ ਕਿ ਸਾਧਾਰਨ ਲੋਕ ਹੀ ਹੁੰਦੇ ਹਨ ਜਿਨ੍ਹਾਂ ਅੰਦਰ ਕੁਰਬਾਨੀ ਤੇ ਸੰਘਰਸ਼ ਦਾ ਜ਼ਜ਼ਬਾ ਠਾਠਾਂ ਮਾਰ ਰਿਹਾ ਹੁੰਦੈ ਜਦ ਕਿ ਰੱਜੇ ਪੁੱਜੇ ਤੇ ਤੇਜ਼ਤਰਾਰ ਬੰਦੇ ਅਜਿਹੇ ਮੌਕੇ ਟਾਲਮਟੋਲ ਕਰ ਜਾਂਦੇ ਹਨ। ਪੰਜਾਬ ਵਿੱਚ ਜਿੰਨੀਆਂ ਵੀ ਲਹਿਰਾਂ ਚੱਲੀਆਂ ਆਮ ਕਰ ਕੇ ਸਰਦੇ ਪੁੱਜਦੇ ਆਗੂ ਬਚਦੇ ਰਹੇ ਨੇ ਤੇ ਸਾਧਾਰਨ ਵਰਕਰ ਸਿਰ ਧੜ ਦੀਆਂ ਲਾਉਂਦੇ ਰਹੇ ਨੇ।

ਜੇਲ੍ਹ ਤੋਂ ਰਿਹਾਅ ਹੋ ਕੇ ਬਾਬਾ ਪਾਲਾ ਸਿੰਘ ਨੇ ਮੁੜ ਖੇਤੀਬਾੜੀ ਤੇ ਕਬੀਲਦਾਰੀ ਆ ਸੰਭਾਲੀ। ਉਨ੍ਹਾਂ ਨੂੰ ਪਾਠ ਕਰਨ ਦੀ ਜੋ ਲਗਨ ਬਚਪਨ ਵਿੱਚ ਲੱਗੀ ਸੀ ਜੇਲ੍ਹ ਵਿੱਚ ਹੋਰ ਪਰਪੱਕ ਹੋ ਗਈ ਅਤੇ ਉਹ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਾਠੀ ਬਣ ਗਏ। ਮੈਂ ਆਪਣੀ ਅਠੱਤੀ ਸਾਲ ਦੀ ਉਮਰ ਤਕ ਆਪਣੇ ਬਾਬੇ ਦੀ ਸੰਗਤ ਮਾਣੀ ਹੈ ਤੇ ਵੇਖਿਆ ਹੈ ਕਿ ਉਹ ਆਪਣਾ ਕਿਰਸਾਣਾ ਕੰਮ ਰੀਝ ਨਾਲ ਕਰਦਿਆਂ ਵਿਚੋਂ ਵਿਹਲ ਕੱਢ ਕੇ ਅਖੰਡ ਪਾਠ ਦੀ ਰੌਲ ਲਾਉਂਦੇ ਰਹੇ ਸਨ। ਉਹ ਹਮੇਸ਼ਾਂ ਘਰੋਂ ਖਾਣਾ ਖਾ ਕੇ ਜਾਂਦੇ ਸਨ ਤੇ ਪਾਠ ਕਰਾਉਣ ਵਾਲੇ ਘਰ ਦੀ ਰੋਟੀ ਖਾਣ ਤੋਂ ਗੁਰੇਜ਼ ਕਰਦੇ ਸਨ। ਬਾਬੇ ਦਾ ਕਹਿਣਾ ਸੀ ਕਿ ਪਾਠ ਦਾ ਕੋਈ ਇਵਜ਼ਾਨਾ ਨਹੀਂ ਲੈਣਾ ਚਾਹੀਦਾ ਤੇ ਪੁੰਨ ਅਰਥੀ ਪਾਠ ਕਰਨਾ ਚਾਹੀਦੈ। ਸਾਡੇ ਬਾਬੇ ਨੇ ਪਿੰਡ `ਚ ਚਾਲੀ ਸਾਲ ਅਖੰਡ ਪਾਠਾਂ ਦੀਆਂ ਰੌਲਾਂ ਲਾਈਆਂ ਪਰ ਕਿਸੇ ਤੋਂ ਕੋਈ ਕਪੜਾ ਲੀੜਾ, ਖਾਧ ਸਮੱਗਰੀ ਜਾਂ ਪੈਸਾ ਵਸੂਲ ਨਹੀਂ ਸੀ ਕੀਤਾ। ਸ਼ਾਇਦ ਇਸੇ ਲਈ ਪਿੰਡ ਦੇ ਪੁਰਾਣੇ ਬੰਦੇ ਕਹਿੰਦੇ ਹਨ ਕਿ ਸਾਡਾ ਪਰਿਵਾਰ ਬਾਬਾ ਪਾਲਾ ਸਿਓਂ ਦੀ ਕੀਤੀ ਨਿਸ਼ਕਾਮ ਸੇਵਾ ਦੀ ਖੱਟੀ ਖਾ ਰਿਹੈ।

ਸਾਡੇ ਬਾਬੇ ਨੇ ਲੰਮੀ ਭਰਪੂਰ ਜ਼ਿੰਦਗੀ ਬਤੀਤ ਕੀਤੀ। ਮੈਂ ਉਹਨਾਂ ਨੂੰ ਕਦੇ ਤੈਸ਼ ਜਾਂ ਕ੍ਰੋਧ ਵਿੱਚ ਆਏ ਨਹੀਂ ਵੇਖਿਆ। ਕਦੇ ਸਾਬਣ ਨਾਲ ਨ੍ਹਾਉਂਦੇ ਵੀ ਨਹੀਂ ਵੇਖਿਆ ਹਾਲਾਂ ਕਿ ਅਸੀਂ ਸਾਰੇ ਹੀ ਸਾਬਣ ਵਰਤਣ ਲੱਗ ਪਏ ਸਾਂ। ਕੇਸੀ ਇਸ਼ਨਾਨ ਉਹ ਲੱਸੀ ਜਾਂ ਦਹੀਂ ਨਾਲ ਕਰਦੇ ਤੇ ਸਰ੍ਹੋਂ ਦਾ ਤੇਲ ਲਾ ਲੈਂਦੇ। ਸਿਆਲ ਵਿੱਚ ਮੇਥਿਆਂ ਦੀ ਪੰਜੀਰੀ ਖਾਂਦੇ ਤੇ ਹਮੇਸ਼ਾਂ ਤੌੜੀ ਦਾ ਕੜ੍ਹਿਆ ਦੁੱਧ ਪੀਂਦੇ। ਚੋਰੀ ਕਰਨ, ਝੂਠ ਬੋਲਣ ਤੇ ਬਚਨ ਤੋਂ ਫਿਰਨ ਨੂੰ ਬੁਰਾ ਸਮਝਦੇ। ਉਹ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਵਿੱਚ ਵੀ ਸੇਵਾ ਕਰਦੇ ਰਹੇ। ਮੈਂ ਅਨੇਕਾਂ ਵਾਰ ਉਨ੍ਹਾਂ ਨਾਲ ਧਾਰਮਿਕ ਸਮਾਗਮਾਂ `ਤੇ ਗਿਆ ਤੇ ਉਹ ਮੈਨੂੰ ਬਚਪਨ ਤੋਂ ਹੀ ਸਟੇਜਾਂ ਉਤੇ ਚੜ੍ਹਾਉਂਦੇ ਰਹੇ। ਮੈਂ ਜਦੋਂ ਛੁੱਟੀਆਂ `ਚ ਪਿੰਡ ਆਉਂਦਾ ਤਾਂ ਖੇਤ ਰੋਟੀ ਲੈ ਕੇ ਜਾਂਦਾ ਜਿਥੇ ਉਹ ਸੱਤਰ ਸਾਲ ਤੋਂ ਵੱਡੀ ਉਮਰ ਦੇ ਹੋ ਕੇ ਵੀ ਖੇਤੀ ਦਾ ਕੰਮ ਕਰ ਰਹੇ ਹੁੰਦੇ। ਉਹ ਨਿਤਨੇਮ ਦੇ ਅਭਿਆਸੀ ਸਨ ਤੇ ਹਰ ਇੱਕ ਨੂੰ ਸਿੰਘ ਦੇ ਨਾਂ ਨਾਲ ਬੁਲਾਉਂਦੇ ਸਨ। ਇਥੋਂ ਤਕ ਕਿ ਮੈਨੂੰ ਵੀ ਸਰਵਣ ਸਿਆਂ ਕਹਿੰਦੇ।

ਸਾਡੀ ਅੰਮਾ ਚੰਦ ਕੌਰ ਸਰਬੱਤ ਦਾ ਭਲਾ ਮੰਗਣ ਵਾਲੀ ਮਾਈ ਸੀ ਜਿਸ ਦਾ ਆਖਰੀ ਸਾਹਾਂ ਤਕ ਕੋਈ ਵੀ ਦੰਦ ਨਹੀਂ ਸੀ ਹਿੱਲਿਆ। ਉਹ ਛੋਲਿਆਂ ਦੇ ਦਾਣੇ ਪਤਾਸਿਆਂ ਵਾਂਗ ਚੱਬਦੀ ਤੇ ਕਿੱਕਰ ਦੀ ਦਾਤਣ ਕਰਦੀ। ਸ਼ਾਇਦ ਉਹਦਾ ਹੀ ਵਿਰਸਾ ਹੋਵੇ ਕਿ ਮੇਰੇ ਦੰਦ ਅਜੇ ਤਕ ਕਾਇਮ ਹਨ। ਆਖ਼ਰੀ ਉਮਰੇ ਸਾਡੀ ਦਾਦੀ ਖਸਖਸ ਦੀ ਚੂੰਢੀ ਲੈਣ ਲੱਗ ਪਈ ਸੀ। ਮੈਂ ਜਦੋਂ ਵੀ ਪਿੰਡ ਆਉਂਦਾ ਤਾਂ ਉਹਦੇ ਲਈ ਅੱਖਾਂ ਦੀ ਦਵਾਈ ਤੇ ਖਸਖਸ ਜ਼ਰੂਰ ਲੈ ਕੇ ਆਉਂਦਾ। ਉਹ ਅੱਸੀ ਸਾਲ ਦੇ ਕਰੀਬ ਜੀਵੀ ਤੇ 1975 ਵਿੱਚ ਪਰਲੋਕ ਸਿਧਾਰੀ।

ਬਾਬਾ ਪਾਲਾ ਸਿੰਘ ਦੇ ਚਾਰ ਧੀਆਂ ਸਨ ਤੇ ਇੱਕ ਪੁੱਤਰ। ਅੱਗੋਂ ਅਸੀਂ ਪੰਜ ਭਰਾ ਹਾਂ ਤੇ ਤਿੰਨ ਭੈਣਾਂ। ਸਭ ਤੋਂ ਵੱਡਾ ਸ਼ੇਰ ਸਿੰਘ ਹੈ ਜੋ ਦਿਆਲਪੁਰਾ ਭਾਈਕਾ ਵਾਲੀ ਜ਼ਮੀਨ ਉਤੇ ਆਪਣੇ ਦੋਹਾਂ ਪੁੱਤਰਾਂ ਨਾਲ ਖੇਤੀ ਕਰਦੈ। ਉਥੇ ਅਸੀਂ ਸਸਤੇ ਭਾਵਾਂ ਵਿੱਚ ਚੰਗੀ ਜ਼ਮੀਨ ਖਰੀਦ ਲਈ ਸੀ। ਉਹ ਅਮਰੀਕਨ ਬਣ ਗਿਆ ਸੀ ਪਰ ਅਮਰੀਕਾ ਵਿੱਚ ਜੀਅ ਨਹੀਂ ਲਾਇਆ। ਦੂਜੇ ਥਾਂ ਮੈਂ ਹਾਂ ਤੇ ਆਪਣੇ ਦੋਹਾਂ ਪੁੱਤਰਾਂ ਬਾਰੇ ਦੱਸ ਹੀ ਚੁੱਕਾਂ। ਤੀਜਾ ਭਰਾ ਦਰਸ਼ਨ ਸਿੰਘ ਵੀ ਅਮਰੀਕਨ ਬਣਿਆ ਹੋਇਐ ਪਰ ਪਿੰਡ ਵਿੱਚ ਖੇਤੀਬਾੜੀ ਸੰਭਾਲਦੈ ਤੇ ਉਸ ਦਾ ਲੜਕਾ ਡਾ.ਬਲਵੰਤ ਸਿੰਘ ਸੰਧੂ ਦਾਖੇ ਕਾਲਜ ਵਿੱਚ ਲੈਕਚਰਾਰ ਹੈ। ਉਸ ਨੇ ਕੁੱਝ ਕਿਤਾਬਾਂ ਵੀ ਲਿਖੀਆਂ ਹਨ। ਭਜਨ ਸਿੰਘ ਐੱਮ.ਏ ਕਰਨ ਪਿੱਛੋਂ ਅਮਰੀਕਾ `ਚ ਵਿਆਹਿਆ ਗਿਆ ਸੀ ਤੇ 1984 ਤੋਂ ਅਮਰੀਕਨ ਹੈ। ਉਸ ਦੇ ਇੱਕ ਪੁੱੱਤਰ ਹੈ ਤੇ ਇੱਕ ਧੀ। ਸਭ ਤੋਂ ਛੋਟਾ ਅਰਜਨ ਸਿੰਘ ਤੇ ਉਸ ਦੇ ਦੋਵੇਂ ਪੁੱਤਰ ਵੀ ਮਿਰਕਣੀਏਂ ਹਨ।

ਸਾਡੀ ਮਾਤਾ ਕਰਤਾਰ ਕੌਰ 1993 ਵਿੱਚ ਸੁਰਗਵਾਸ ਹੋ ਗਈ ਸੀ। ਪਿਤਾ 1996 ਵਿੱਚ ਪਰਲੋਕ ਸਿਧਾਰੇ। ਬਾਬਾ ਪਾਲਾ ਸਿੰਘ ਜੋ ਸੁਤੰਤਰਤਾ ਸੰਗਰਾਮੀਏ ਸਨ ਸੁਤੰਤਰਤਾ ਦਿਵਸ ਉਤੇ ਹੀ 15 ਅਗੱਸਤ 1978 ਨੂੰ ਗੁਰਪੁਰੀ ਬਿਰਾਜੇ ਤੇ ਉੱਜਲ ਮੁੱਖੜੇ ਨਾਲ ਗੁਰੂ ਦੇ ਸਨਮੁਖ ਹੋਏ।

Last modified on Tuesday, 30 November 1999 00:00
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।

2 comments

  • Comment Link folcklord Monday, 19 July 2010 07:22 posted by folcklord

    E9MJ4x qprcirerwmap, [url=http://ahdedguwxogg.com/]ahdedguwxogg[/url], [link=http://hgjrouqfjglw.com/]hgjrouqfjglw[/link], http://jbknidmsxroy.com/

    This e-mail address is being protected from spambots. You need JavaScript enabled to view it
  • Comment Link kuleshs Wednesday, 14 July 2010 18:02 posted by kuleshs

    ok7sXo qibnelyyhsws, [url=http://piwjejpsnmir.com/]piwjejpsnmir[/url], [link=http://afuvqwizjyyk.com/]afuvqwizjyyk[/link], http://mnrknzqjycng.com/

    This e-mail address is being protected from spambots. You need JavaScript enabled to view it