ਦਾਖ਼ਲਾ

Wednesday, 14 October 2009 17:36

45 - ਢੁੱਡੀਕੇ ਤੋਂ ਮੁਕੰਦਪੁਰ

Written by ਪ੍ਰਿੰਸੀਪਲ ਸਰਵਣ ਸਿੰਘ
Rate this item
(0 votes)

ਬਚਪਨ ਵਿੱਚ ਮੈਂ ਚਾਹ ਤੇ ਲੱਸੀ ਦੇ ਝਗੜੇ ਵਰਗਾ ਚਿੱਠਾ ਲਿਖਣ ਤੇ ਕਵੀਸ਼ਰ ਜਾਂ ਮਾਸਟਰ ਬਣਨ ਬਾਰੇ ਚਿਤਵਿਆ ਸੀ। ਪਰ ਭਾਸ਼ਾ ਵਿਭਾਗ ਪੰਜਾਬ ਨੇ ਆਪਣੇ ਪੁਰਸਕਾਰ ਨਾਲ ਮੈਨੂੰ ਸ਼੍ਰੋਮਣੀ ਲੇਖਕ ਤੇ ਡਾ.ਸਰਦਾਰਾ ਸਿੰਘ ਜੌਹਲ ਹੋਰਾਂ ਨੇ ਕਾਲਜ ਦਾ ਪ੍ਰਿੰਸੀਪਲ ਬਣਾ ਦਿੱਤਾ। ਬੋਤੇ `ਤੇ ਬਹਿਣ ਵਾਲੇ ਬੱਚੇ ਨੂੰ ਹਵਾਈ ਜਹਾਜ਼ਾਂ ਦੇ ਝੂਟੇ ਤੇ ਦੇਸ਼ ਵਿਦੇਸ਼ ਘੁੰਮਣ ਦੇ ਮੌਕੇ ਦੇ ਦਿੱਤੇ। ਮੈਂ ਸਮਝਦਾ ਹਾਂ ਜਿਵੇਂ ਸਾਧਾਰਨ ਕਿਸਾਨ ਦੇ ਸਾਧਾਰਨ ਪੁੱਤਰ ਨੂੰ ਪ੍ਰਿੰਸੀਪਲ ਦੀ ਪਦਵੀ ਤਕ ਪਹੁੰਚਣ ਦੇ ਵਸੀਲੇ ਬਣੇ ਉਵੇਂ ਹਰ ਬਾਲਕ ਦੇ ਬਣ ਸਕਦੇ ਹਨ। ਬੱਸ ਹੀਲੇ ਕਰਨ ਦੀ ਲੋੜ ਹੈ। ਹੀਲਿਆਂ ਨਾਲ ਵਸੀਲੇ ਬਣ ਹੀ ਜਾਂਦੇ ਹਨ। ਹਰ ਬੱਚੇ ਵਿੱਚ ਏਨੀਆਂ ਸੰਭਾਵਨਾਵਾਂ ਹੁੰਦੀਆਂ ਹਨ ਕਿ ਉਹ ਕੁੱਝ ਵੀ ਕਰ ਸਕਦਾ ਹੈ ਤੇ ਕੁੱਝ ਵੀ ਬਣ ਸਕਦਾ ਹੈ। ਮੈਂ ਵੀ ਬਹੁਤ ਕੁੱਝ ਬਣ ਸਕਦਾ ਸੀ ਤੇ ਹੁਣ ਨਾਲੋਂ ਕਿਤੇ ਵੱਧ ਕਰ ਸਕਦਾ ਸੀ ਜੋ ਨਹੀਂ ਕਰ ਸਕਿਆ।

ਪਰ ਜੋ ਕਰ ਸਕਿਆ ਉਹਦੇ `ਚ ਮੇਰੀ ਪ੍ਰਿੰਸੀਪਲੀ ਦੇ ਚਾਰ ਸਾਲ ਜ਼ਿਕਰਯੋਗ ਹਨ। ਢੁੱਡੀਕੇ ਕਾਲਜ ਦੀ ਸਰਕਾਰੀ ਨੌਕਰੀ ਮੈਂ ਦੋ ਸਾਲ ਅਗਾਊਂ ਛੱਡ ਦਿੱਤੀ ਸੀ। ਤਿੰਨ ਮਹੀਨੇ ਦਾ ਨੋਟਿਸ ਦੇ ਕੇ ਪ੍ਰੀ ਮੈਚਿਓਰ ਰਿਟਾਇਰਮੈਂਟ ਲੈ ਲਈ ਸੀ। ਅਕਤੂਬਰ 1996 `ਚ ਮੈਂ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਸੰਭਾਲੀ ਤੇ ਅਕਤੂਬਰ 2000 ਵਿੱਚ ਛੱਡੀ। ਕਾਲਜ ਦਾ ਚਾਰਜ ਸੰਭਾਲਣ ਵੇਲੇ 328 ਵਿਦਿਆਰਥੀ ਸਨ ਜੋ ਛੱਡਣ ਵੇਲੇ 1135 ਹੋ ਚੁੱਕੇ ਸਨ। ਅਮਰਦੀਪ ਕਾਲਜ ਪੰਜਾਬ ਦਾ ਵਾਹਦ ਪੇਂਡੂ ਕਾਲਜ ਹੋਵੇਗਾ ਜਿਥੇ ਵਿਦਿਆਰਥੀਆਂ ਦੀ ਗਿਣਤੀ ਏਨੀ ਤੇਜ਼ੀ ਨਾਲ ਵਧੀ। ਦੋ ਸੌ ਪਿੰਡਾਂ ਦੇ ਵਿਦਿਆਰਥੀ ਇਸ ਵਿੱਚ ਪੜ੍ਹਨ ਲੱਗ ਪਏ ਹਾਲਾਂਕਿ ਇਹਦੇ ਆਲੇ ਦੁਆਲੇ ਪਹਿਲਾਂ ਹੀ ਕਈ ਕਾਲਜ ਮੌਜੂਦ ਸਨ।

ਇਕ ਪਾਸੇ ਬੰਗੇ ਤੇ ਨਵਾਂਸ਼ਹਿਰ ਦੇ ਕਾਲਜ ਸਨ, ਦੂਜੇ ਪਾਸੇ ਫਗਵਾੜੇ ਦੇ ਤੇ ਤੀਜੇ ਪਾਸੇ ਫਿਲੌਰ ਦਾ ਡੀ.ਏ.ਵੀ.ਕਾਲਜ ਸੀ। ਉਹ ਅਕਸਰ ਕਹਿੰਦੇ ਸਨ ਕਿ ਪਿੰਡ `ਚ ਕਾਲਜ ਕਿਥੇ ਚੱਲਣੈ? ਪਰ ਉਨ੍ਹਾਂ ਨੂੰ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਦੇ ਹੀ ਕਈ ਵਿਦਿਆਰਥੀ ਪੇਂਡੂ ਕਾਲਜ ਵਿੱਚ ਪੜ੍ਹਨ ਆ ਲੱਗੇ। ਵਿਦਿਆਰਥੀਆਂ ਨੂੰ ਪ੍ਰੇਰਨ ਪਿੱਛੇ ਸਮੁੱਚੇ ਸਟਾਫ਼ ਦੇ ਸੁਹਿਰਦ ਯਤਨ ਸਨ। ਮੈਂ ਤਾਂ ਸਟਾਫ਼ ਦੀ ਉਸ ਟੀਮ ਦਾ ਕੈਪਟਨ ਹੀ ਸਾਂ ਜਿਸ ਦੀ ਡਿਊਟੀ ਖਿਡਾਰੀਆਂ ਨੂੰ ਸਹੀ ਥਾਂ `ਤੇ ਖਿਡਾਉਣਾ ਸੀ। ਹਰ ਇੱਕ ਤੋਂ ਉਸ ਦੀ ਯੋਗਤਾ ਅਨੁਸਾਰ ਕੰਮ ਲੈਣਾ ਸੀ।

ਮੈਨੂੰ ਪ੍ਰਿੰਸੀਪਲੀ ਦਾ ਨਿਯੁਕਤੀ ਪੱਤਰ ਦੇਣ ਵੇਲੇ ਡਾ.ਜੌਹਲ ਨੇ ਤਿੰਨ ਗੱਲਾਂ ਕਹੀਆਂ ਸਨ। ਇੱਕ ਸੀ ਕਿ ਕਾਲਜ ਨਵਾਂ ਹੈ ਜਿਸ ਲਈ ਵੱਧ ਸਮਾਂ ਦੇਣਾ ਪਵੇਗਾ। ਦੂਜੀ ਸੀ ਫਜ਼ੂਲ ਖਰਚੀ ਨਹੀਂ ਹੋਣ ਦੇਣੀ ਤੇ ਤੀਜੀ ਸੀ ਜਾਣ ਬੁੱਝ ਕੇ ਗ਼ਲਤੀ ਨਹੀਂ ਕਰਨੀ। ਮੈਂ ਮਨ `ਚ ਆਖਿਆ ਕਿ ਮੈਂ ਤਾਂ ਮੁੱਢੋਂ ਹੀ ਸਰਫੇਹੱਥਾ ਹਾਂ ਇਸ ਲਈ ਫਜ਼ੂਲ ਖਰਚੀ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੋਣਾ। ਵੱਧ ਸਮਾਂ ਦੇਣ ਨਾਲ ਮੇਰਾ ਕੁੱਝ ਘਟ ਨਹੀਂ ਜਾਣਾ। ਮੈਂ ਕਿਹੜਾ ਸਾਈਡ ਬਿਜਨਸ ਕਰਨੈਂ? ਦਫਤਰ `ਚ ਈ ਬਹਿਣੈ, ਦੋ ਘੰਟੇ ਹੋਰ ਬਹਿ ਲਿਆ ਕਰਾਂਗਾ। ਮੇਰੇ ਦੋ ਘੰਟੇ ਵੱਧ ਬਹਿਣ ਨਾਲ ਜੇ ਸਟਾਫ਼ ਦੋ ਘੰਟੇ ਵਾਧੂ ਕੰਮ ਕਰ ਲਵੇਗਾ ਤਾਂ ਸੌ ਘੰਟਿਆਂ ਦਾ ਕੰਮ ਹੋਰ ਨਿਬੜ ਜਾਵੇਗਾ। ਇਸ ਦੇ ਉਲਟ ਮੇਰੀ ਇੱਕ ਘੰਟੇ ਦੀ ਫਰਲੋ ਸਟਾਫ਼ ਮੈਂਬਰਾਂ ਤੋਂ ਪੰਜਾਹ ਘੰਟਿਆਂ ਦੀ ਫਰਲੋ ਮਰਵਾ ਦੇਵੇਗੀ। ਗ਼ਲਤੀ ਮੈਂ ਜਾਣ ਬੁੱਝ ਕੇ ਨਹੀਂ ਕਰਾਂਗਾ ਪਰ ਜੇ ਕੰਮ ਕਰਦਿਆਂ ਹੋ ਗਈ ਤਾਂ ਸੱਚੇ ਦਿਲੋਂ ਬਖਸ਼ਾ ਲਵਾਂਗਾ।

ਜਿੱਦਣ ਮੈਂ ਕਾਲਜ ਦਾ ਚਾਰਜ ਸੰਭਾਲਿਆ ਤਾਂ ਜੌਹਲ ਸਾਹਿਬ ਨੇ ਆਪਣੀ ਜੇਬ `ਚੋਂ ਪੈੱਨ ਕੱਢ ਕੇ ਦੇ ਦਿੱਤਾ ਜੋ ਮੇਰੇ ਲਈ ਅਨਮੋਲ ਤੋਹਫ਼ਾ ਸੀ। ਉਂਜ ਵੀ ਉਹ ਪਾਰਕਰ ਪੈੱਨ ਸੀ। ਉਦੋਂ ਉਹ ਰਿਜ਼ਰਵ ਬੈਂਕ ਇੰਡੀਆ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਸ਼ਾਮਲ ਸਨ ਜਿਥੇ ਉਨ੍ਹਾਂ ਦੀਆਂ ਫਾਈਲਾਂ ਨਾਲ ਪਾਰਕਰ ਪੈੱਨ ਮਿਲ ਜਾਂਦੇ ਸਨ। ਉਹ ਚਾਰ ਪ੍ਰਧਾਨ ਮੰਤਰੀਆਂ ਦੇ ਆਰਥਿਕ ਸਲਾਹਕਾਰ ਰਹੇ ਸਨ। ਉਨ੍ਹਾਂ ਦਾ ਬੜਾ ਨਾਂ ਸੀ, ਹੁਣ ਵੀ ਹੈ ਤੇ ਅੱਗੋਂ ਵੀ ਰਹੇਗਾ। ਮੈਂ ਉਨ੍ਹਾਂ ਦੀ ਸਵੈਜੀਵਨੀ ‘ਰੰਗਾਂ ਦੀ ਗਾਗਰ’ ਪੜ੍ਹ ਕੇ ਉਨ੍ਹਾਂ ਦੀ ਸ਼ਖਸੀਅਤ ਤੋਂ ਵਾਕਫ਼ ਹੋ ਗਿਆ ਸਾਂ। ਉਹ ਬੜੇ ਵੱਡੇ ਬੰਦੇ ਸਨ ਪਰ ਲੱਗਦੇ ਆਮ ਜਿਹੇ ਸਨ। ਅਸੀਂ ਉਨ੍ਹਾਂ ਦੇ ਗੋਡੀਂ ਹੱਥ ਲਾ ਕੇ ਮਿਲਦੇ ਪਰ ਉਹ ਬੁੱਕਲ `ਚ ਲੈ ਕੇ ਪਿਆਰ ਦਿੰਦੇ। ਉਨ੍ਹਾਂ ਨੇ ਮੈਨੂੰ ਸੁਤੰਤਰ ਤੌਰ `ਤੇ ਪ੍ਰਿੰਸੀਪਲੀ ਕਰਨ ਦੀ ਖੁੱਲ੍ਹ ਦੇਈ ਰੱਖੀ। ਉਹ ਹਮੇਸ਼ਾਂ ਹੋਰ ਉਤਸ਼ਾਹ ਨਾਲ ਕੰਮ ਕਰਨ ਦੀ ਹੱਲਾਸ਼ੇਰੀ ਦਿੰਦੇ ਰਹੇ।

ਡਾ.ਜੌਹਲ ਦੋ ਚਾਰ ਹਫ਼ਤਿਆਂ ਬਾਅਦ ਕਾਲਜ ਆਉਂਦੇ ਤੇ ਖੁੱਲ੍ਹਾ ਵਕਤ ਦੇ ਕੇ ਜਾਂਦੇ। ਉਨ੍ਹਾਂ ਨਾਲ ਚੋਟੀ ਦੇ ਵਿਗਿਆਨੀ ਤੇ ਵਿਦਵਾਨ ਹੁੰਦੇ। ਤਿੰਨਾਂ ਚਹੁੰ ਸਾਲਾਂ `ਚ ਉਹ ਛੇ ਵਾਈਸ ਚਾਂਸਲਰ ਤੇ ਦਰਜਨ ਤੋਂ ਵੱਧ ਡੀਨ ਤੇ ਡਾਇਰੈਕਟਰ ਅਮਰਦੀਪ ਕਾਲਜ ਵਿੱਚ ਲਿਆਏ। ਵੱਖ ਵੱਖ ਖੇਤਰਾਂ ਦੇ ਵਿਦਵਾਨ ਵਿਦਿਆਰਥੀਆਂ ਨੂੰ ਮਿਲਾਉਂਦੇ ਜੋ ਉਨ੍ਹਾਂ ਨਾਲ ਸੁਆਲ ਜੁਆਬ ਕਰਦੇ। ਕਦੇ ਕਦੇ ਉਹ ਨਿੱਜੀ ਗੱਲਾਂ ਵੀ ਤੋਰ ਲੈਂਦੇ। ਕਹਿੰਦੇ-ਮੈਂ ਮਾੜਾ ਮੋਟਾ ਅਥਲੀਟ ਵੀ ਸਾਂ ਤੇ ਉਨੀ ਫੁੱਟ ਲੰਮੀ ਛਾਲ ਲਾ ਲੈਂਦਾ ਸਾਂ। ਚਰ੍ਹੀ ਦੀਆਂ ਤਿੰਨ ਚਾਰ ਭਰੀਆਂ ਟੋਕਾ ਗੇੜ ਕੇ ਕੁਤਰ ਦਿੰਦਾ ਸੀ। ਚਾਚੇ ਤਾਇਆਂ ਦੇ ਮੁੜ੍ਹਕੇ ਨਾਲ ਭਿੱਜੇ ਕਪੜੇ ਧੋ ਦਿੰਦਾ ਸੀ। ਉਹ ਪੁੱਛਦੇ-ਅਜੇ ਤੈਨੂੰ ਸਾਡੇ ਲੀੜਿਆਂ `ਚੋਂ ਮੁਸ਼ਕ ਆਉਣ ਲੱਗਾ ਕਿ ਨਹੀਂ?

ਕਸਰਤ ਕਰਨ ਦੀ ਗੱਲ ਚੱਲਦੀ ਤਾਂ ਕਹਿੰਦੇ-ਮੈਂ ਡੰਡ ਬੈਠਕਾਂ ਵੀ ਲਾਉਂਦਾ ਰਿਹਾਂ। ਮੈਂ ਦੁੱਧ ਘੇ ਬਹੁਤ ਖਾਧਾ ਪੀਤਾ ਤੇ ਖੇਤੀ ਦੇ ਕੰਮਾਂ ਵਿੱਚ ਵੀ ਹੱਥ ਵਟਾਇਆ। ਸ਼ੱਕਰ ਘਿਓ ਬਿਨਾਂ ਮੈਨੂੰ ਰੋਟੀ ਸੁਆਦ ਨਹੀਂ ਸੀ ਲੱਗਦੀ ਜਿਸ ਦਾ ਨਤੀਜਾ ਮਗਰੋਂ ਹਰਟ ਅਟੈਕ ਦੀ ਸਜ਼ਾ ਲੈ ਕੇ ਭੁਗਤਿਆ। ਆਪਣੇ ਹਰਟ ਅਟੈਕ ਬਾਰੇ ਉਹ ਦੱਸਦੇ ਕਿ ਇਓਂ ਲੱਗਾ ਜਿਵੇਂ ਮੈਂ ਡੂੰਘੀ ਨੀਂਦ ਸੌਣ ਲੱਗਾ ਹੋਵਾਂ। ਸ਼ੁਕਰ ਹੈ ਉਹ ਦਿਲ ਦੇ ਦੋ ਦੌਰਿਆਂ ਤੋਂ ਬਾਅਦ ਵੀ ਪੂਰੇ ਸਰਗਰਮ ਹੈ।

ਪਹਿਲੇ ਦਿਨ ਤੋਂ ਹੀ ਅਮਰਦੀਪ ਮੈਮੋਰੀਅਲ ਕਾਲਜ ਡਾ.ਜੌਹਲ ਦਾ ਕਾਲਜ ਵੱਜਣ ਲੱਗ ਪਿਆ ਸੀ। ਮੁਕੰਦਪੁਰ ਉਨ੍ਹਾਂ ਦੇ ਸਹੁਰੇ ਹਨ। ਕਾਲਜ ਖੋਲ੍ਹਣ ਵੇਲੇ ਮੁਕੰਦਪੁਰ ਦੇ ਮੋਹਤਬਰ ਸੱਜਣਾਂ ਨੇ ਬੜੇ ਹੰਮੇ ਨਾਲ ਕਾਲਜ ਦੀ ਵਾਗ ਡੋਰ ਉਨ੍ਹਾਂ ਨੂੰ ਸੌਂਪੀ ਸੀ। ਆਖਿਆ ਸੀ ਕਿ ਭਾਵੇਂ ਸਾਲ `ਚ ਦੋ ਚਾਰ ਦਿਨ ਹੀ ਆਇਆ ਕਰੋ ਪਰ ਕਾਲਜ ਦੀ ਪ੍ਰਬੰਧਕ ਕਮੇਟੀ ਨਾਲ ਤੁਹਾਡਾ ਨਾਂ ਜੁੜਿਆ ਹੋਣਾ ਚਾਹੀਦੈ। ਉਨ੍ਹਾਂ ਨੇ ਉਮਰ ਭਰ ਲਈ ਡਾ.ਜੌਹਲ ਨੂੰ ਕਾਲਜ ਦੀ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਥਾਪ ਲਿਆ ਸੀ। ਸਾਲ `ਚ ਦੋ ਚਾਰ ਦਿਨ ਆਉਣ ਦੀ ਥਾਂ ਉਹ ਕਾਲਜ ਦੇ ਹਮੇਸ਼ਾਂ ਅੰਗ ਸੰਗ ਰਹੇ ਤੇ ਖੁੱਲ੍ਹਾ ਸਮਾਂ ਦਿੰਦੇ ਰਹੇ। ਇਹ ਉਨ੍ਹਾਂ ਦੀ ਦੂਰਅੰਦੇਸ਼ੀ ਹੈ ਕਿ ਹੁਣ ਅਮਰਦੀਪ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰੂਰਲ ਕੈਂਪਸ ਬਣਾ ਦਿੱਤਾ ਗਿਆ ਹੈ।

ਮੈਂ ਪ੍ਰਿੰਸੀਪਲ ਦੀ ਪਦਵੀ ਸੰਭਾਲਣ ਸਾਰ ਫਜ਼ੂਲ ਖਰਚੀ ਰੋਕਣ ਤੇ ਕੁੱਝ ਵਧੇਰੇ ਕੰਮ ਕਰਨ ਦੀ ਪਹਿਲ ਕਰਦਿਆਂ ਪੰਜਾਬੀ ਦੇ ਇੱਕ ਪਾਰਟ ਟਾਈਮ ਲੈਕਚਰਾਰ ਦੀ ਸੇਵਾਮੁਕਤੀ ਕਰ ਕੇ ਉਹਦੇ ਦੋ ਪੀਰੀਅਡ ਆਪ ਪੜ੍ਹਾਉਣ ਲੱਗ ਪਿਆ। ਇਓਂ ਮੇਰਾ ਪੜ੍ਹਾਉਣ ਦਾ ਭੁਸ ਵੀ ਪੂਰਾ ਹੋਈ ਗਿਆ ਤੇ ਕਮੇਟੀ ਦਾ ਕੁੱਝ ਖਰਚਾ ਵੀ ਬਚ ਗਿਆ। ਮੈਂ ਬੇਲੋੜੇ ਡੀ.ਏ.ਟੀ.ਏ.ਲੈਣ ਦੀ ਖੁੱਲ੍ਹ ਖੇਡ ਬੰਦ ਕਰ ਦਿੱਤੀ। ਨਾ ਆਪ ਲੈਂਦਾ ਤੇ ਨਾ ਕਿਸੇ ਹੋਰ ਨੂੰ ਦਿੰਦਾ। ਫਗਵਾੜੇ ਫਿਲੌਰ ਜਾਣ ਦਾ ਡੀ.ਏ.ਟੀ.ਏ.ਕਾਹਦਾ? ਲੁਧਿਆਣੇ ਤੇ ਜਲੰਧਰ ਦਾ ਵੀ ਨਾ ਦਿੰਦਾ ਕਿਉਂਕਿ ਉਂਜ ਵੀ ਤਾਂ ਕਿਸੇ ਨਾ ਕਿਸੇ ਨੇ ਜਾਣਾ ਹੀ ਹੁੰਦਾ ਸੀ। ਹਾਂ, ਚੰਡੀਗੜ੍ਹ ਤੇ ਅੰਮ੍ਰਿਤਸਰ ਜਾਣ ਦਾ ਕਿਰਾਇਆ ਮੰਨਿਆ ਜਾ ਸਕਦਾ ਸੀ।

ਪ੍ਰਿੰਸੀਪਲਾਂ ਨੂੰ ਸਮਾਗਮਾਂ ਦੇ ਬਥੇਰੇ ਸੱਦੇ ਆਉਂਦੇ ਹਨ। ਨਾ ਮੈਂ ਆਪ ਜਾਂਦਾ ਤੇ ਨਾ ਲੈਕਚਰਾਰਾਂ ਨੂੰ ਜਾਣ ਦਿੰਦਾ। ਕਾਲਜ ਦੇ ਆਪਣੇ ਕੰਮ ਹੀ ਨਹੀਂ ਸਨ ਮੁੱਕਦੇ। ਮੈਂ ਆਪਣੀ ਪ੍ਰਿੰਸੀਪਲੀ ਦੌਰਾਨ ਖੇਡ ਮੇਲਿਆਂ `ਤੇ ਜਾਣਾ ਤੇ ਅਖ਼ਬਾਰਾਂ ਰਸਾਲਿਆਂ ਲਈ ਲਿਖਣਾ ਵੀ ਬੰਦ ਕਰ ਦਿੱਤਾ। ਸੋਚਿਆ ਕਿ ਰਿਟਾਇਰ ਹੋ ਕੇ ਇਹੋ ਕੁੱਝ ਕਰਨੈਂ। ਕਈ ਪ੍ਰਿੰਸੀਪਲ ਰਿਟਾਇਰ ਹੋਣ ਪਿੱਛੋਂ ਦਾ ਜੁਗਾੜ ਪ੍ਰਿੰਸੀਪਲ ਹੁੰਦਿਆਂ ਹੀ ਕਰੀ ਜਾਂਦੇ ਰਹਿੰਦੇ ਹਨ। ਉਹ ਆਪਣੇ ਕਾਲਜ ਵਿੱਚ ਘੱਟ ਤੇ ਹੋਰਨਾਂ ਕਾਲਜਾਂ ਵਿੱਚ ਵੱਧ ਤੁਰੇ ਫਿਰਦੇ ਹਨ। ਕਿਤੇ ਫੀਤਾ ਕੱਟਦੇ ਤੇ ਕਿਤੇ ਪ੍ਰਧਾਨਗੀ ਕਰਦੇ ਲੈਕਚਰ ਝਾੜਦੇ ਹਨ।

ਇਕ ਦਿਨ ਇੱਕ ਫਾਈਲ ਵਿੱਚ ਮੈਂ ਕਾਲਜ ਦੀ ਐਡ ਦੇ ਬਿੱਲ ਵੇਖੇ। ਉਹ ਹਜ਼ਾਰਾਂ ਵਿੱਚ ਸਨ। ਮੈਂ ਐਡ ਬਿਲਕੁਲ ਬੰਦ ਕਰ ਦਿੱਤੀ। ਆਖਿਆ ਕਿ ਕੰਮ ਕਰੀਏ ਤਾਂ ਐਡ ਆਪਣੇ ਆਪ ਹੀ ਹੋਈ ਜਾਂਦੀ ਹੈ। ਮਸ਼ਹੂਰੀ ਉਨ੍ਹਾਂ ਦੀ ਲੋੜ ਹੈ ਜਿਹੜੇ ਮਸ਼ਹੂਰੀ ਜੋਗੇ ਨਹੀਂ ਹੁੰਦੇ ਤੇ ਐਡਾਂ ਦੇ ਕੇ ਮਸ਼ਹੂਰੀਆਂ ਕਰਾਉਂਦੇ ਨੇ। ਜਿਸ ਕਾਲਜ ਵਿੱਚ ਪੜ੍ਹਦੇ ਸੈਂਕੜੇ ਵਿਦਿਆਰਥੀ ਆਪਣੇ ਕਾਲਜ ਦੀ ਮਸ਼ਹੂਰੀ ਕਰਨ ਜੋਗੇ ਨਹੀਂ ਉਸ ਕਾਲਜ ਦੀ ਮਸ਼ਹੂਰੀ ਮੀਡੀਆ ਵੀ ਕੀ ਕਰੇਗਾ?

ਮੈਂ ਸਟਾਫ ਦੀ ਮੀਟਿੰਗ ਸੱਦ ਕੇ ਆਖਿਆ, “ਆਪਾਂ ਸਾਰੇ ਰਲ ਕੇ ਜ਼ੋਰ ਲਾਈਏ ਤੇ ਕਾਲਜ ਨੂੰ ਵਾਇਬਲ ਬਣਾਈਏ। ਘੱਟੋਘੱਟ ਪੰਜ ਸੱਤ ਸੌ ਵਿਦਿਆਰਥੀ ਤਾਂ ਹੋਣ। ਕਾਲਜ ਵਿੱਚ ਵਿਦਿਆਰਥੀ ਨਹੀਂ ਹੋਣਗੇ ਤਾਂ ਕਾਲਜ ਕਾਹਦੇ ਲਈ? ਭਰਵੀਆਂ ਜਮਾਤਾਂ ਤੇ ਪੜ੍ਹੇ ਜਾਣ ਵਾਲੇ ਮਜਮੂਨਾਂ ਨਾਲ ਹੀ ਕਾਲਜ ਚੱਲ ਸਕੇਗਾ। ਸਾਰੇ ਲੈਕਚਰਾਰ ਆਪੋ ਆਪਣੇ ਮਜ਼ਮੂਨਾਂ ਵਿੱਚ ਲੋੜੀਂਦੇ ਵਿਦਿਆਰਥੀ ਦਾਖਲ ਕਰਾਉਣ। ਪਿੰਡਾਂ ਦੇ ਸਕੂਲਾਂ ਵਿੱਚ ਜਾ ਕੇ ਲੱਭਣ। ਮੈਂ ਸਾਇੰਸ ਤੇ ਕਮੱਰਸ ਦੀਆਂ ਜਮਾਤਾਂ ਵੱਡੀਆਂ ਕਰਨਾ ਚਾਹਾਂਗਾ। ਸਮੁੱਚਾ ਸਟਾਫ਼ ਹੀ ਵਿਦਿਆਰਥੀਆਂ ਨੂੰ ਸਾਇੰਸ ਤੇ ਕਮੱਰਸ ਪੜ੍ਹਨ ਲਈ ਪ੍ਰੇਰੇ। ਇਸ ਕਾਲਜ ਦੇ ਵਧਣ ਫੁੱਲਣ ਵਿੱਚ ਤੁਹਾਡੀਆਂ ਸਾਰੀ ਉਮਰ ਦੀਆਂ ਰੋਟੀਆਂ ਹਨ। ਮੇਰਾ ਕੀ ਹੈ? ਮੈਂ ਤਾਂ ਨੌਕਰੀ ਦੇ ਆਖ਼ਰੀ ਦੌਰ ਵਿੱਚ ਹਾਂ। ਕਾਲਜ ਫੇਲ੍ਹ ਹੋ ਗਿਆ ਤਾਂ ਮੇਰਾ ਕੁੱਝ ਜਾਣਾ ਨੀ ਤੇ ਤੁਹਾਡਾ ਕੁੱਝ ਰਹਿਣਾ ਨੀ। ਜਿਹੜੇ ਬੰਜਰਾਂ ਆਬਾਦ ਕਰ ਲੈਂਦੇ ਨੇ ਸਾਰੀ ਉਮਰ ਸੁਖ ਦੀ ਜ਼ਿੰਦਗੀ ਜੀਂਦੇ ਨੇ ਤੇ ਜਿਹੜੇ ਨਹੀਂ ਕਰਦੇ ਉਹ ਸਾਰੀ ਉਮਰ ਭੁੱਖੇ ਮਰਦੇ ਨੇ। ਨਵਾਂ ਕਾਲਜ ਬੰਜਰ ਵਾਂਗ ਹੀ ਹੁੰਦੈ ਜਿਸ ਨੂੰ ਆਬਾਦ ਕਰਨ ਲਈ ਵਧੇਰੇ ਮਿਹਨਤ ਦੀ ਲੋੜ ਹੈ।”

ਅਸੀਂ 1997 ਦੇ ਦਾਖਲਿਆਂ ਲਈ ਘੱਟੋਘੱਟ ਪੰਜ ਸੌ ਵਿਦਿਆਰਥੀਆਂ ਦਾ ਟੀਚਾ ਮਿਥਿਆ। ਮੈਂ ਖੁਦ ਸਟਾਫ਼ ਦੇ ਮੈਂਬਰਾਂ ਨੂੰ ਨਾਲ ਲੈ ਕੇ ਨੇੜੇ ਤੇੜੇ ਦੇ ਹਾਈ ਤੇ ਹਾਇਰ ਸੈਕੰਡਰੀ ਸਕੂਲਾਂ ਵਿੱਚ ਗਿਆ। ਅਸੀਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਿਲੇ ਤੇ ਕਾਲਜ ਵਿਖਾਉਣ ਲਈ ਕਾਲਜ ਦੀਆਂ ਬੱਸਾਂ ਭੇਜੀਆਂ। ਕਾਲਜ ਦੇ ਜਿਮਨੇਜ਼ੀਅਮ, ਖੇਡ ਮੈਦਾਨ, ਲਾਇਬ੍ਰੇਰੀ, ਲਬਾਰਟਰੀਆਂ, ਵਰਕਸ਼ਾਪਾਂ ਤੇ ਗੁਰਦਵਾਰੇ ਦੇ ਦਰਸ਼ਨ ਕਰਵਾਏ। ਭਾਸ਼ਨ ਦਿੱਤੇ ਕਿ ਇਥੇ ਤੁਸੀਂ ਘਰ ਦੀ ਰੋਟੀ ਖਾ ਕੇ, ਸਾਦੇ ਕਪੜਿਆਂ ਵਿੱਚ ਘੱਟ ਖਰਚੇ ਨਾਲ ਉਚੇਰੀ ਸਿੱਖਿਆ ਹਾਸਲ ਕਰ ਸਕਦੇ ਓ ਤੇ ਸ਼ਹਿਰੀ ਮਾਹੌਲ ਦੇ ਗੰਧਲੇਪਣ ਤੋਂ ਬਚ ਸਕਦੇ ਓ। ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਡੀਆਂ ਬਰੂਹਾਂ ਉਤੇ ਕਾਲਜ ਖੁੱਲ੍ਹ ਗਿਐ।

ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਨਿਕਲੇ ਤਾਂ ਮੈਂ ਇਲਾਕੇ ਦੇ ਪਾਸ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਚਿੱਠੀਆਂ ਭੇਜੀਆਂ। ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਤੇ ਅਗਾਂਹ ਪੜ੍ਹਨ ਲਈ ਕਾਲਜ ਆਉਣ ਦਾ ਸੱਦਾ ਦਿੱਤਾ। ਹੁਸ਼ਿਆਰ ਵਿਦਿਆਰਥੀਆਂ, ਚੰਗੇ ਖਿਡਾਰੀਆਂ, ਕਲਾਕਾਰਾਂ ਤੇ ਗਰੀਬ ਮਾਪਿਆਂ ਦੇ ਬੱਚਿਆਂ ਨੂੰ ਕੁੱਝ ਸਹੂਲਤਾਂ ਦੇਣ ਦਾ ਐਲਾਨ ਕੀਤਾ। ਨਤੀਜਾ ਇਹ ਹੋਇਆ ਕਿ ਛੇ ਸੌ ਦੇ ਕਰੀਬ ਵਿਦਿਆਰਥੀ ਕਾਲਜ ਵਿੱਚ ਦਾਖਲ ਹੋ ਗਏ।

ਵਿਦਿਆਰਥੀਆਂ ਨੂੰ ਵੱਧ ਪੜ੍ਹਾ ਕੇ ਤੇ ਵੱਧ ਟੈੱਸਟ ਲੈ ਕੇ ਹੀ ਚੰਗੇ ਨਤੀਜੇ ਕੱਢੇ ਜਾ ਸਕਦੇ ਸਨ। ਸਟਾਫ ਨੇ ਇੰਜ ਹੀ ਕੀਤਾ ਜਿਸ ਨਾਲ ਵਧੀਆ ਨਤੀਜੇ ਨਿਕਲੇ ਤੇ ਕਾਲਜ ਦੀ ਸ਼ਾਖ ਬਣ ਗਈ। 1998 ਵਿੱਚ ਵਿਦਿਆਰਥੀਆਂ ਦੀ ਗਿਣਤੀ ਅੱਠ ਸੌ ਦੇ ਕਰੀਬ ਹੋ ਗਈ। ਪੜ੍ਹਾਈ ਦੇ ਨਾਲ ਨਾਲ ਕਾਲਜ ਦੀਆਂ ਕੁੱਝ ਟੀਮਾਂ ਨੇ ਅੰਤਰ ਕਾਲਜੀ ਮੁਕਾਬਲਿਆਂ ਵਿੱਚ ਜਿੱਤਾਂ ਹਾਸਲ ਕਰ ਲਈਆਂ। ਬੀ ਡਿਵੀਜ਼ਨ ਦੇ ਕਾਲਜਾਂ ਵਿੱਚ ਪਹਿਲਾਂ ਕਬੱਡੀ ਦੀ ਟੀਮ ਯੂਨੀਵਰਸਿਟੀ ਚੈਂਪੀਅਨ ਬਣੀ, ਫਿਰ ਹਾਕੀ ਤੇ ਫੁਟਬਾਲ ਦੀਆਂ ਟੀਮਾਂ ਵੀ ਯੂਨੀਵਰਸਿਟੀ ਚੈਂਪੀਅਨ ਬਣ ਗਈਆਂ। ਅਮਰਦੀਪ ਕਾਲਜ ਖੇਡਾਂ ਵਿੱਚ ਬੀ ਡਿਵੀਜ਼ਨ ਕਾਲਜਾਂ ਦੀ ਓਵਰ ਆਲ ਜਨਰਲ ਚੈਂਪੀਅਨਸ਼ਿਪ ਜਿੱਤਣ ਲੱਗ ਪਿਆ। ਯੁਵਕ ਮੇਲਿਆਂ ਵਿੱਚ ਵੀ ਕਾਲਜ ਦੇ ਕਲਾਕਾਰਾਂ ਨੇ ਆਪਣੀ ਥਾਂ ਬਣਾ ਲਈ। ਸਾਰੀਆਂ ਪ੍ਰਾਪਤੀਆਂ ਨੇ ਰਲ ਕੇ ਏਨਾ ਅਸਰ ਕੀਤਾ ਕਿ 1999 ਵਿੱਚ ਵਿਦਿਆਰਥੀਆਂ ਦਾ ਦਾਖਲਾ ਇੱਕ ਹਜ਼ਾਰ ਤੇ 2000 ਵਿੱਚ 1135 ਹੋ ਗਿਆ। ਕਾਲਜ ਹੁਣ ਪੂਰਾ ਪੈਰਾਂ ਸਿਰ ਸੀ ਤੇ ਜਿਸ ਮਿਸ਼ਨ ਲਈ ਮੈਂ ਆਇਆ ਸਾਂ ਉਹ ਪੂਰਾ ਹੋ ਗਿਆ ਸੀ। ਇਸ ਸਮੇਂ ਦੌਰਾਨ ਕਈ ਕਿੱਤਾਕਾਰੀ ਮਜ਼ਮੂਨ ਸ਼ੁਰੂ ਹੋਏ ਤੇ ਪੋਸਟ ਗਰੈਜੂਏਟ ਡਿਗਰੀਆਂ ਦੀ ਪੜ੍ਹਾਈ ਨਾਲ ਕਾਲਜ ਪੋਸਟ ਗਰੇਜੂਏਟ ਬਣ ਗਿਆ।

ਮੈਂ ਇਹ ਵੀ ਸਮਝਦਾ ਹਾਂ ਕਿ `ਕੱਲਾ ਪ੍ਰਿੰਸੀਪਲ ਕਿਸੇ ਕਾਲਜ ਦਾ ਕੁੱਝ ਨਹੀਂ ਸੰਵਾਰ ਸਕਦਾ ਜੇਕਰ ਪ੍ਰਬੰਧਕ ਕਮੇਟੀ ਤੇ ਸਟਾਫ ਦਾ ਸਹਿਯੋਗ ਨਾ ਹੋਵੇ। ਨਾਲ ਇਹ ਵੀ ਹੈ ਕਿ ਉਹ ਸਹਿਯੋਗ ਲੈਣ ਵੀ ਜਾਣਦਾ ਹੋਵੇ। ਅਮਰਦੀਪ ਕਾਲਜ ਦੇ ਵੱਡੇ ਭਾਗ ਸਨ ਕਿ ਉਸ ਨੂੰ ਡਾ.ਜੌਹਲ ਹੋਰਾਂ ਦੀ ਸਰਪ੍ਰਸਤੀ ਤੇ ਸੈਕਟਰੀ ਦੇ ਰੂਪ ਵਿੱਚ ਡਾ.ਅਮਰਜੀਤ ਸਿੰਘ ਦੀ ਨਿਸ਼ਕਾਮ ਸੇਵਾ ਮਿਲੀ। ਜਦ ਮੈਂ ਪ੍ਰਿੰਸੀਪਲ ਬਣਿਆ ਤਾਂ ਕਾਲਜ ਦੀਆਂ ਇਮਾਰਤਾਂ ਅਧੂਰੀਆਂ ਸਨ। ਇੱਕ ਬੰਨੇ ਇਮਾਰਤਾਂ ਉਸਾਰਨ ਦਾ ਕੰਮ ਸੀ, ਦੂਜੇ ਬੰਨੇ ਹੋਰ ਕੋਰਸਾਂ ਤੇ ਜਮਾਤਾਂ ਦੀ ਐਫਿਲੀਏਸ਼ਨ ਲੈਣ ਦਾ ਚੱਕਰ ਸੀ ਤੇ ਤੀਜੇ ਪਾਸੇ ਕਾਲਜ ਨੂੰ ਵਾਇਬਲ ਬਣਾਉਣ ਦਾ ਕਾਰਜ ਸੀ। ਇਹਦੇ ਵਿੱਚ ਡਾ.ਅਮਰਜੀਤ ਸਿੰਘ ਦੀਆਂ ਸੇਵਾਵਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਨ੍ਹਾਂ ਨੂੰ ਸਹੀ ਅਰਥਾਂ ਵਿੱਚ ਕਾਲਜ ਦਾ ਉਸਰੱਈਆ ਕਿਹਾ ਜਾ ਸਕਦੈ।

ਅਮਰਦੀਪ ਸ.ਗੁਰਚਰਨ ਸਿੰਘ ਸ਼ੇਰਗਿੱਲ ਤੇ ਬੀਬੀ ਸੁਰਿੰਦਰ ਕੌਰ ਦਾ ਇਕਲੌਤਾ ਪੁੱਤਰ ਸੀ। ਜਦੋਂ ਉਹ ਸਕੂਲ ਦੀ ਪੜ੍ਹਾਈ ਮੁਕਾ ਕੇ ਲੰਡਨ ਸਕੂਲ ਆਫ ਇਕਨਾਮਿਕਸ ਦਾ ਵਿਦਿਆਰਥੀ ਬਣਿਆ ਤਾਂ ਦੋ ਮਹੀਨਿਆਂ ਬਾਅਦ ਹੀ ਮੈਨਾਜਾਈਟਿਸ ਨਾਂ ਦੀ ਨਾਮੁਰਾਦ ਬਿਮਾਰੀ ਨਾਲ ਉਸ ਦੀ ਮ੍ਰਿਤੂ ਹੋ ਗਈ। ਸ਼ੇਰਗਿੱਲ ਪਰਿਵਾਰ ਉਤੇ ਇਹ ਕਹਿਰ ਟੁੱਟ ਪੈਣ ਵਾਲਾ ਭਾਣਾ ਵਰਤ ਗਿਆ ਸੀ। ਪ੍ਰਮਾਤਮਾ ਨੇ ਭਾਣਾ ਮੰਨਣ ਦਾ ਬਲ ਬਖਸ਼ਿਆ ਤੇ ਉਨ੍ਹਾਂ ਨੇ ਅਮਰਦੀਪ ਦੀ ਯਾਦ ਵਿੱਚ ਆਪਣੇ ਜੱਦੀ ਪਿੰਡ `ਚ ਕਾਲਜ ਬਣਾਉਣ ਦਾ ਬੀੜਾ ਚੁੱਕ ਲਿਆ। ਸਰਪੰਚ ਸਾਧੂ ਸਿੰਘ ਤੇ ਉਨ੍ਹਾਂ ਦੇ ਵੱਡੇ ਭਾਈ ਸ.ਜਗਤ ਸਿੰਘ ਸ਼ੇਰਗਿੱਲ ਨੇ ਵੀਹ ਖੇਤ ਕਾਲਜ ਲਈ ਛੱਡ ਦਿਤੇ। ਇੰਗਲੈਂਡ ਤੇ ਕੈਨੇਡਾ `ਚ ਵੱਸਦੇ ਸੱਜਣਾਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ। ਪੰਜ ਹਜ਼ਾਰ ਪੌਂਡ ਜਾਂ ਉਸ ਤੋਂ ਵੱਧ ਦਾਨ ਦੇਣ ਵਾਲੇ ਜੀਵਨ ਮੈਂਬਰਾਂ ਦੀ ਗਿਣਤੀ ਸੌ ਤੋਂ ਟੱਪ ਗਈ। ਉਨ੍ਹਾਂ ਬਾਰੇ ਇੱਕ ਕਿਤਾਬ ਲਿਖੀ ਗਈ ਹੈ-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਦਾਨਵੀਰ।

ਮੈਂ ਜਦੋਂ ਢੁੱਡੀਕੇ ਕਾਲਜ ਛੱਡ ਕੇ ਮੁਕੰਦਪੁਰ ਕਾਲਜ ਵਿੱਚ ਜਾਣਾ ਸੀ ਤਾਂ ਮੈਨੂੰ ਬੜੀ ਜਜ਼ਬਾਤੀ ਵਿਦਾਇਗੀ ਦਿੱਤੀ ਗਈ ਸੀ। ਇਹ ਮੇਰੇ ਜੀਵਨ ਦੀ ਅਭੁੱਲ ਯਾਦ ਹੈ। ਜਿਸ ਕਾਲਜ ਵਿੱਚ ਮੈਂ ਸਵਾ ਉਣੱਤੀ ਸਾਲ ਪੜ੍ਹਾਇਆ ਸੀ ਉਸ ਨੂੰ ਸਮੇਂ ਤੋਂ ਪਹਿਲਾਂ ਛੱਡ ਕੇ ਜਾ ਰਿਹਾ ਸਾਂ। ਢੁੱਡੀਕੇ ਪੜ੍ਹਾਉਂਦਿਆਂ ਮੇਰਾ ਵਿਆਹ ਹੋਇਆ ਸੀ, ਬੱਚੇ ਜੰਮੇ, ਪਲੇ ਤੇ ਪੜ੍ਹੇ ਸਨ ਤੇ ਉਡਾਰ ਹੋ ਕੇ ਸਰਵਿਸ ਕਰਨ ਲੱਗ ਪਏ ਸਨ। ਮੇਰੀ ਸਾਰੀ ਉਮਰ ਦਾ ਅੱਧਾ ਸਮਾਂ ਬੀਤ ਗਿਆ ਸੀ ਢੁੱਡੀਕੇ। ਬੜਾ ਗੂੜ੍ਹਾ ਰਿਸ਼ਤਾ ਸੀ ਢੁੱਡੀਕੇ ਨਾਲ। ਪਰ ਹੁਣ ਮੇਰਾ ਅਗਲਾ ਮੁਕਾਮ ਮਾਲਵੇ ਦੀ ਥਾਂ ਦੁਆਬੇ ਦਾ ਪਿੰਡ ਸੀ। ਪਤਾ ਨਹੀਂ ਸੀ ਮੈਂ ਉਸ ਪਿੰਡ ਨੂੰ ਭਾਵਾਂ ਜਾਂ ਨਾ ਭਾਵਾਂ। ਕੀ ਮੇਰਾ ਮਾਣ ਤਾਣ ਉਥੇ ਵੀ ਢੁੱਡੀਕੇ ਵਰਗਾ ਬਣਿਆ ਰਹੇਗਾ ਜਾਂ ਮੈਂ ਅਜਨਬੀ ਬਣ ਜਾਵਾਂਗਾ? ਢੁੱਡੀਕੇ ਮੈਂ ਜ਼ਿੰਦਾਬਾਦ ਹੀ ਸੁਣੀ ਸੀ। ਕਦੇ ਮੁਰਦਾਬਾਦ ਦਾ ਨਾਹਰਾ ਮੇਰੇ ਖ਼ਿਲਾਫ਼ ਨਹੀਂ ਸੀ ਲੱਗਾ। ਕਿਤੇ ਪ੍ਰਿੰਸੀਪਲ ਬਣ ਕੇ ਮੁਰਦਾਬਾਦ ਹੀ ਨਾ ਕਰਵਾਈ ਜਾਵਾਂ?

ਜਦੋਂ ਕਾਲਜ ਦੇ ਨਵੇਂ ਤੇ ਪੁਰਾਣੇ ਵਿਦਿਆਰਥੀਆਂ ਤੋਂ ਲੈ ਕੇ ਜਸਵੰਤ ਸਿੰਘ ਕੰਵਲ ਤਕ ਹਰ ਕੋਈ ਮੇਰੇ ਲਈ ਪਿਆਰ ਮੁਹੱਬਤ ਦੇ ਬੋਲ ਬੋਲ ਰਿਹਾ ਸੀ ਤਾਂ ਮੇਰੀਆਂ ਅੱਖਾਂ ਵਾਰ ਵਾਰ ਸਿੰਮ ਰਹੀਆਂ ਸਨ। ਮਨ ਭਰ ਭਰ ਆਉਂਦਾ ਸੀ। ਸਿਆਣੇ ਸੱਚ ਕਹਿੰਦੇ ਹਨ ਕਿ ਜਿਸ ਜਗ੍ਹਾ ਰਹੀਏ ਉਹ ਧਰਤੀ ਮੋਹ ਪਾ ਲੈਂਦੀ ਹੈ ਤੇ ਉਸ ਨੂੰ ਅਲਵਿਦਾ ਕਹਿਣ ਲੱਗਿਆਂ ਕਲੇਜੇ ਖੋਹ ਪੈਣ ਲੱਗਦੀ ਹੈ। ਮੈਂ ਛਲਕਦੀਆਂ ਅੱਖਾਂ ਤੇ ਭਰੇ ਮਨ ਨਾਲ ਹੀ ਅਲਵਿਦਾਈ ਦੇ ਕੁੱਝ ਬੋਲ ਸਾਂਝੇ ਕਰ ਸਕਿਆ ਸਾਂ। ਮੈਂ ਕਿਹਾ ਸੀ ਕਿ ਮੇਰਾ ਵਜੂਦ ਭਾਵੇਂ ਮੁਕੰਦਪੁਰ ਹੋਵੇਗਾ ਪਰ ਦਿਲ ਢੁੱਡੀਕੇ ਦੀਆਂ ਗਲੀਆਂ ਤੇ ਦਰਾਂ ਉਤੇ ਦਸਤਕ ਦਿੰਦਾ ਰਹੇਗਾ।

ਢੁੱਡੀਕੇ ਨਿਵਾਸੀਆਂ ਨੇ ਮੈਨੂੰ ਦਿਲਾਂ ਦਾ ਨਿੱਘ ਭਰ ਕੇ ਵਿਦਾ ਕੀਤਾ ਸੀ ਤੇ ਮੇਰੀ ਅਗਲੀ ਯਾਤਰਾ ਲਈ ਸ਼ੁਭ ਦੁਆਵਾਂ ਦਿੱਤੀਆਂ ਸਨ। ਉਨ੍ਹਾਂ ਸ਼ੁਭ ਦੁਆਵਾਂ ਸਦਕਾ ਹੀ ਮੇਰੀ ਅਗਲੀ ਯਾਤਰਾ ਸਫਲ ਹੋਈ ਤੇ ਮੈਂ ਮੁਕੰਦਪੁਰ ਕਾਲਜ ਦੀ ਪ੍ਰਿੰਸੀਪਲੀ ਸਹੀ ਨਿਭਾਉਣ ਦੇ ਯੋਗ ਹੋ ਸਕਿਆ।

Last modified on Tuesday, 30 November 1999 00:00
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।

2 comments

  • Comment Link folcklord Monday, 19 July 2010 20:38 posted by folcklord

    7DcEzl msafvmjzyjbr, [url=http://ynrpqykfshmb.com/]ynrpqykfshmb[/url], [link=http://guwscbcqsjoz.com/]guwscbcqsjoz[/link], http://xqghzklhbrnp.com/

    This e-mail address is being protected from spambots. You need JavaScript enabled to view it
  • Comment Link kuleshs Wednesday, 14 July 2010 23:33 posted by kuleshs

    4w2XDy tawdsntwabqo, [url=http://oynovpzmlrbh.com/]oynovpzmlrbh[/url], [link=http://ffggzsprtads.com/]ffggzsprtads[/link], http://ijmdlwieokkv.com/

    This e-mail address is being protected from spambots. You need JavaScript enabled to view it