ਲੇਖ਼ਕ

Wednesday, 14 October 2009 17:28

43 - ਮੇਰੀਆਂ ਪੁਸਤਕਾਂ ਦਾ ਪ੍ਰਕਾਸ਼ਨ

Written by
Rate this item
(0 votes)

ਮੇਰੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਨਵਯੁੱਗ ਪਬਲਿਸ਼ਰਜ਼ ਦਿੱਲੀ ਨੇ ਪ੍ਰਕਾਸ਼ਿਤ ਕੀਤੀ ਸੀ। ਉਸ ਵਿੱਚ ਵੀਹ ਕੁ ਖਿਡਾਰੀਆਂ ਦੇ ਰੇਖਾ ਚਿੱਤਰ ਸਨ ਜੋ ‘ਆਰਸੀ’ ਵਿੱਚ ਛਪੇ ਸਨ। ਉਹ ਕਿਤਾਬ ਬੜੀ ਛੇਤੀ ਵਿਕ ਗਈ ਤੇ ਹੁਣ ਉਹਦੀ ਕੋਈ ਕਾਪੀ ਮੇਰੇ ਪਾਸ ਵੀ ਨਹੀਂ। ਭਾਪਾ ਪ੍ਰੀਤਮ ਸਿੰਘ ਨੇ ਉਹਨੀਂ ਦਿਨੀਂ ਮੈਨੂੰ ਇੱਕ ਹਜ਼ਾਰ ਰੁਪਿਆ ਰਾਇਲਟੀ ਦਾ ਦਿੱਤਾ ਸੀ।

1966 ਤੋਂ ਮੈਂ ‘ਆਰਸੀ’ ਵਿੱਚ ਛਪੇ ਆਪਣੇ ਆਰਟੀਕਲ ਕੱਟ ਕੇ ਸਾਂਭ ਲੈਂਦਾ ਸਾਂ। ਕੁੱਝ ਸਾਲਾਂ ਬਾਅਦ ਮੈਂ ਉਹ ਆਰਟੀਕਲ ਸੋਧ ਕੇ ਲਿਖੇ ਤੇ ਖਰੜਾ ਭਾਪਾ ਪ੍ਰੀਤਮ ਸਿੰਘ ਨੂੰ ਦੇਣ ਚਲਾ ਗਿਆ। ਉਸ ਨੇ ਚਿੱਟੀ ਪੱਗ ਹੇਠਾਂ ਲਾਈਆਂ ਗੋਲ ਐਨਕਾਂ ਵਿੱਚ ਦੀ ਖਰੜੇ `ਤੇ ਨਜ਼ਰ ਮਾਰੀ। ਫਿਰ ਚਿੱਟੀ ਮੁਸਕ੍ਰਾਹਟ ਬਖੇਰਦਿਆਂ ਖਰੜਾ ਲਫਾਫ਼ੇ `ਚ ਪਾਇਆ ਤੇ ਉਸ ਉਤੇ ਕਿਤਾਬ ਦਾ ਨਾਂ ਲਿਖ ਕੇ ਮੇਜ਼ ਦੇ ਦਰਾਜ ਵਿੱਚ ਰੱਖ ਲਿਆ। ਮੈਨੂੰ ਕਿਤਾਬ ਛਪਵਾਉਣ ਦਾ ਕੋਈ ਤਜਰਬਾ ਨਹੀਂ ਸੀ। ਮੈਂ ਪੁੱਛਿਆ, “ਮੇਰੇ ਵੱਲੋਂ ਕੁਛ ਲਿਖਣਾ ਲਿਖਵਾਉਣਾ ਜਾਂ ਦੇਣਾ ਦਿਵਾਉਣਾ ਐ ਤਾਂ ਦੱਸੋ?” ਭਾਪਾ ਜੀ ਫਿਰ ਮੁਸਕਰਾਏ ਤੇ ਕੁੱਝ ਨਾ ਬੋਲੇ। ਮੈਨੂੰ ਕੀ ਪਤਾ ਸੀ ਕਿਤਾਬਾਂ ਕਿਵੇਂ ਛਪਦੀਆਂ ਹਨ?

ਮੈਂ ਚਾਂਦਨੀ ਚੌਕ ਦੇ ਗੁਰਦਵਾਰੇ ਸੀਸ ਗੰਜ ਮੱਥਾ ਟੇਕ ਕੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ `ਤੇ ਚਲਾ ਗਿਆ। ਉਦੋਂ ਮੈਂ ਵਿਦਿਆਰਥੀ ਨਹੀਂ ਸਾਂ ਇਸ ਲਈ ਟੀਟੀ ਦੇ ਢਿੱਡ ਨੂੰ ਉਂਗਲ ਲਾ ਕੇ ਦਸਾਂ ਦੇ ਨੋਟ ਨਾਲ ਸਫ਼ਰ ਕਰਨ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ। ਮੈਂ ਪੂਰੀ ਟਿਕਟ ਲਈ ਤੇ ਢੁੱਡੀਕੇ ਆ ਗਿਆ।

ਇਕ ਦਿਨ ਮੈਂ ਕਾਲਜ ਤੋਂ ਮੁੜਦਿਆਂ ਡਾਕਖਾਨੇ ਆਪਣੀ ਡਾਕ ਵੇਖਣ ਰੁਕਿਆ। ਉਧਰੋਂ ਜਸਵੰਤ ਸਿੰਘ ਕੰਵਲ ਵੀ ਆ ਗਿਆ। ਉਹ ਦੁਪਹਿਰ ਦੀ ਰੋਟੀ ਖਾ ਕੇ ਚਿੱਠੀਆਂ ਡਾਕਖਾਨੇ ਪਾਉਣ ਤੇ ਲੈਣ ਆ ਜਾਂਦਾ ਸੀ। ਕਦੇ ਕਦੇ ਉਹਦੇ ਰੰਗੀਨ ਤੰਬੀ ਲਾਈ ਹੁੰਦੀ ਸੀ ਜੋ ਕਿਸੇ ਪਾਕਿਸਤਾਨੀ ਦੋਸਤ ਨੇ ਦਿੱਤੀ ਸੀ। ਕੰਵਲ ਉਦੋਂ ਕਾਲੀਆਂ ਐਨਕਾਂ ਲਾ ਕੇ ਸ਼ੁਕੀਨੀ ਵੀ ਲਾ ਲੈਂਦਾ ਸੀ। ਇੱਕ ਦਿਨ ਕਹਿਣ ਲੱਗਾ, “ਜੇ ਮੇਰੇ `ਤੇ ਚੜ੍ਹਦੀ ਜੁਆਨੀ `ਚ ਈ ਗਿਆਨੀ ਹੋਣ ਦਾ ਠੱਪਾ ਨਾ ਲੱਗਦਾ ਤਾਂ ਮੈਂ ਬੜੀ ਐਸ਼ ਕਰਨੀ ਸੀ। ਮੇਰੀਆਂ ਅੱਧੀਆਂ ਖੁਸ਼ੀਆਂ ਗਿਆਨੀਪੁਣਾ ਈ ਖਾ ਗਿਆ!” ਮੈਂ ਮਨ `ਚ ਕਿਹਾ, “ਕੰਵਲ ਸਾਹਿਬ, ਕਸਰ ਤਾਂ ਆਪਾਂ ਗਿਆਨੀ ਬਣ ਕੇ ਵੀ ਨਹੀਂ ਛੱਡੀ!”

ਕੰਵਲ ਨੂੰ ਹਰ ਰੋਜ਼ ਈ ਚਿੱਠੀਆਂ ਆਉਂਦੀਆਂ ਤੇ ਰਸਾਲੇ ਵੀ ਆਉਂਦੇ। ਵਿਚੇ ਕੁੜੀਆਂ ਕੱਤਰੀਆਂ ਦੀਆਂ ਚਿੱਠੀਆਂ ਆਈ ਜਾਂਦੀਆਂ। ਚਿੱਠੀਆਂ ਰਾਹੀਂ ਹੀ ਡਾ.ਜਸਵੰਤ ਗਿੱਲ ‘ਪੁੰਨਿਆ ਦਾ ਚਾਨਣ’ ਬਣੀ ਸੀ। ਉੱਦਣ ਦੀ ਡਾਕ `ਚ ਮੇਰੇ ਨਾਂ `ਤੇ ਇੱਕ ਬੰਡਲ ਆਇਆ। ਕੰਵਲ ਨੇ ਬੰਡਲ ਖੋਲ੍ਹਣ ਤੋਂ ਪਹਿਲਾਂ ਹੀ ਦੱਸ ਦਿੱਤਾ ਕਿ ਇਹਦੇ `ਚ ਤੇਰੀ ਨਵੀਂ ਛਪੀ ਕਿਤਾਬ ਐ। ਉਸ ਨੂੰ ਭਾਪਾ ਪ੍ਰੀਤਮ ਸਿੰਘ ਨੇ ਵਿੜਕ ਦੇ ਦਿੱਤੀ ਸੀ। ਮੈਨੂੰ ਨਹੀਂ ਸੀ ਪਤਾ ਕਿ ਏਡੀ ਛੇਤੀ ਛਪ ਜਾਵੇਗੀ। ਬੰਡਲ ਖੋਲ੍ਹਿਆ ਤਾਂ ਸੱਚਮੁੱਚ ਹੀ ‘ਪੰਜਾਬ ਦੇ ਉੱਘੇ ਖਿਡਾਰੀ’ ਦੀਆਂ ਦਸ ਕਾਪੀਆਂ ਨਿਕਲੀਆਂ। ਮੇਰਾ ਮਨ ਬਾਗੋ ਬਾਗ਼ ਹੋ ਗਿਆ। ਤਿੰਨ ਰੰਗੇ ਟਾਈਟਲ ਉਤੇ ਸੂਹਾ ਸੂਰਜ ਦਗ ਰਿਹਾ ਸੀ। ਕਿਤਾਬ ਖੋਲ੍ਹੀ ਤਾਂ ਮੇਰਾ ਮੁੱਖ ਬੰਦ ‘ਪਹੁਫੁਟਾਲਾ’ ਲਿਖਿਆ ਹੋਇਆ ਸੀ। ਮੈਂ ਲਿਖਿਆ ਸੀ ਕਿ ਇਹ ਮੇਰੀ ਲਿਖਤ ਦਾ ਪਹੁਫੁਟਾਲਾ ਹੈ ਤੇ ਧੁੱਪਾਂ ਅਜੇ ਚੜ੍ਹਨੀਆਂ ਹਨ। ਮੇਰੀ ਤਕੜਾ ਖਿਡਾਰੀ ਬਣਨ ਦੀ ਰੀਝ ਸੀ ਜੋ ਪੂਰੀ ਨਹੀਂ ਹੋਈ। ਉਸੇ ਰੀਝ ਨੂੰ ਪੂਰੀ ਕਰਨ ਲਈ ਮੈਂ ਖੇਡ ਲੇਖਕ ਬਣਿਆ ਹਾਂ। ਮੈਂ ਮੁੱਖ ਬੰਦ ਕਿਸੇ ਹੋਰ ਤੋਂ ਨਹੀਂ ਸੀ ਲਿਖਵਾਇਆ ਤੇ ਨਾ ਹੀ ਬਾਅਦ ਵਿੱਚ ਲੋੜ ਸਮਝੀ। ਆਪ ਹੀ ਕੁੱਝ ਸ਼ਬਦ ਲਿਖ ਕੇ ਪੁਸਤਕ ਦੀ ਜਾਣ ਪਛਾਣ ਕਰਾ ਦਿੰਦਾ ਹਾਂ।

ਆਪਣੀ ਪਲੇਠੀ ਪੁਸਤਕ ਮੈਂ ਢੁੱਡੀਕੇ ਵਿੱਚ ਹੀ ਕੰਵਲ ਦੇ ਹੱਥੋਂ ਰਿਲੀਜ਼ ਕਰਵਾਈ ਜਿਸ ਦੀ ਫੋਟੋ ਅਖ਼ਬਾਰਾਂ ਵਿੱਚ ਛਪੀ। ਸੱਤਰਵਿਆਂ `ਚ ਉਸ ਕਿਤਾਬ ਦੀ ਕੀਮਤ ਦਸ ਰੁਪਏ ਸੀ ਜਿਸ ਦੀ ਰਾਇਲਟੀ ਵਜੋਂ ਮੈਨੂੰ ਪਹਿਲਾਂ ਛੇ ਸੌ ਤੇ ਪਿੱਛੋਂ ਚਾਰ ਸੌ ਰੁਪਏ ਦੇ ਚੈੱਕ ਮਿਲੇ।

ਮੇਰੀ ਦੂਜੀ ਕਿਤਾਬ ‘ਖੇਡ ਸੰਸਾਰ’ ਆਰਸੀ ਪਬਲਿਸ਼ਰਜ਼ ਦਿੱਲੀ ਨੇ ਪ੍ਰਕਾਸ਼ਤ ਕੀਤੀ। ਉਸ ਵਿੱਚ ਖੇਡਾਂ ਤੇ ਖਿਡਾਰੀਆਂ ਬਾਰੇ ਦੋ ਕੁ ਦਰਜਨ ਆਰਟੀਕਲ ਸਨ। ਉਸ ਦਾ ਡਾ.ਹਰਿਭਜਨ ਸਿੰਘ ਨੇ ਬੜੀ ਸ਼ਿੱਦਤ ਨਾਲ ਨੋਟਿਸ ਲਿਆ ਤੇ ਆਰਸੀ ਵਿੱਚ ਛਪਦੇ ਆਪਣੇ ‘ਨਕਸ਼ ਨਵੇਰੇ’ ਕਾਲਮ ਵਿੱਚ ਬੜਾ ਸਿਫਤ ਸਲਾਹੁਤ ਵਾਲਾ ਲੇਖ ਲਿਖਿਆ। ਉਸ ਨੇ ਲਿਖਿਆ, “ਸਰਵਣ ਸਿੰਘ ਕਵਿਤਾ ਨਹੀਂ ਕਹਿੰਦਾ, ਨਾਵਲ-ਕਹਾਣੀ ਨਹੀਂ ਸੁਣਾਉਂਦਾ, ਨਾਟਕ ਨਹੀਂ ਵਿਖਾਉਂਦਾ ਤਾਂ ਵੀ ਮੈਨੂੰ ਉਸ ਵਿੱਚ ਸਾਹਿਤ-ਕਲਾ ਵਰਗਾ ਸੁਆਦ ਆਉਂਦਾ ਹੈ। ਜੇ ਤੁਸੀਂ ਉਹਨੂੰ ਅਜੇ ਤਕ ਨਹੀਂ ਪੜ੍ਹਿਆ ਤਾਂ ਇੱਕ ਵਾਰ ਜ਼ਰੂਰ ਪੜ੍ਹੋ। ਤੁਸੀਂ ਕਵਿਤਾ ਕਹਾਣੀ ਦੇ ਗਿੱਝੇ ਹੋਏ ਉਹਦੀ ਲਿਖਤ ਵੱਲ ਧਿਆਨ ਦੇਵੋਗੇ ਤਾਂ ਤੁਹਾਨੂੰ ਆਪਣੇ ਮੂੰਹ ਦਾ ਸਵਾਦ ਬਦਲਿਆ ਜਾਪੇਗਾ। ਅੱਜ-ਕੱਲ੍ਹ ਦੀ ਕਵਿਤਾ ਕਹਾਣੀ ਵਿੱਚ ਕੋੜਕੂ ਬਹੁਤੇ ਤੇ ਚਿੱਥਣ ਜੋਗਾ ਦਾਣਾ ਕੋਈ ਕੋਈ ਹੀ ਹੁੰਦਾ ਹੈ …।”

ਅੱਗੇ ਜਾ ਕੇ ਉਹ ਬਹੁਤ ਜਜ਼ਬਾਤੀ ਹੋ ਗਿਆ ਤੇ ਮੇਰੀ ਲਿਖਤ `ਤੇ ਡੁੱਲ੍ਹ ਹੀ ਗਿਆ, “ਦੁਨੀਆ ਦੇ ਕੋਝ ਤੋਂ ਉਕਤਾ ਕੇ ਅਸੀਂ ਸੁਹਜੀਲੇ ਸਾਹਿਤ ਵੱਲ ਰੁਚਿਤ ਹੁੰਦੇ ਹਾਂ। ਜੇ ਸਾਹਿਤ ਵਿਚਲੇ ਕੋਝ ਤੋਂ ਵੀ ਤੁਹਾਡਾ ਮਨ ਉਚਾਟ ਹੋ ਜਾਵੇ ਤਾਂ ਸਰਵਣ ਸਿੰਘ ਦੇ ਖੇਡ ਸੰਸਾਰ ਵਿੱਚ ਪ੍ਰਵੇਸ਼ ਕਰੋ। ਤੁਹਾਨੂੰ ਲੱਗੇਗਾ ਕਿ ਨਿਰਭਉ ਤੇ ਨਿਰਵੈਰ ਅਕਾਲ ਪੁਰਖ ਅਜੇ ਜਿਊਂਦਾ ਹੈ। ਸਾਨੂੰ ਕਿਸੇ ਸਾਹਿਤ-ਪਾਰਖੂ ਨੇ ਦੱਸਿਆ ਹੈ ਕਿ ਨਾਵਲ ਓਦੋਂ ਹੋਂਦ ਵਿੱਚ ਆਇਆ ਜਦੋਂ ਰੱਬ ਦੁਨੀਆ ਤੋਂ ਰੁਖ਼ਸਤ ਹੋ ਚੁੱਕਾ ਸੀ। ਮੈਨੂੰ ਜਾਪਦਾ ਹੈ ਸਰਵਣ ਸਿੰਘ ਓਸ ਰੁਖ਼ਸਤਸ਼ੁਦਾ ਰੱਬ ਨੂੰ ਮੁੜ ਦੁਨੀਆ ਵਿੱਚ ਮੋੜ ਲਿਆਇਆ ਹੈ। ਉਹਨੇ ਰੱਬੀ ਮਿਹਰ ਤੇ ਮਨੁੱਖੀ ਮਰਿਆਦਾ ਵਿੱਚ ਸਾਡੇ ਵਿਸ਼ਵਾਸ ਨੂੰ ਮੁੜ ਪੱਕਾ ਕਰ ਦਿੱਤਾ ਹੈ। ਉਹਦੀ ਰਚਨਾ ਮਾਨਵਤਾ ਦਾ ਨਾਹਰਾ ਨਹੀਂ ਮਾਰਦੀ, ਮਾਨਵਤਾ ਦਾ ਇੱਕ ਹੁਸੀਨ ਪੱਖ ਉਜਾਗਰ ਕਰ ਕੇ ਸਾਨੂੰ ਉਹਦੇ ਨਾਲ ਜੋੜਦੀ ਹੈ। ਉਸ ਦੀ ਲਿਖਤ ਪੜ੍ਹਨ ਵੇਲੇ ਅਸੀਂ ਜ਼ੋਰਾਵਰਾਂ ਦੇ ਹਾਣੀ ਹੋਏ ਜਾਪਦੇ ਹਾਂ। ਉਹਦੇ ਬੋਲ ਸਾਡੇ ਆਲੇ ਦੁਆਲੇ ਕੋਸੀ ਧੁੱਪ ਵਾਂਗ ਵਿਛ ਜਾਂਦੇ ਹਨ ਤੇ ਸਾਡੇ ਮਨ ਵਿੱਚ ਸੁਖਾਵਾਂ ਜਿਹਾ ਨਿੱਘ ਬਣ ਕੇ ਬੈਠ ਜਾਂਦੇ ਹਨ। ਜੇ ਤੁਸੀਂ ਕੁੜੀ-ਮੁੰਡੇ ਦੇ ਘਿਸੇ-ਪਿਟੇ ਇਸ਼ਕ-ਪੇਚੇ ਦੇ ਬਗ਼ੈਰ ਸਰੋਦੀ ਰਚਨਾ ਦਾ ਅਨੰਦ ਲੈਣਾ ਚਾਹੁੰਦੇ ਹੋ, ਕਹਾਣੀ-ਪਲਾਟ ਤੋਂ ਬਗ਼ੈਰ ਬਿਰਤਾਂਤ ਨੂੰ ਸੰਭਵ ਹੋਇਆ ਵੇਖਣਾ ਚਾਹੁੰਦੇ ਹੋ ਤਾਂ ਸਰਵਣ ਸਿੰਘ ਦੇ ਖੇਡ ਸੰਸਾਰ ਵਿੱਚ ਪ੍ਰਵੇਸ਼ ਕਰੋ …।”

ਡਾ.ਹਰਿਭਜਨ ਸਿੰਘ ਨੇ ਆਪਣੇ ਆਰਟੀਕਲ ਦੇ ਅਖ਼ੀਰ ਵਿੱਚ ਲਿਖਿਆ ਸੀ, “ਸ਼ਾਇਦ ਤੁਹਾਨੂੰ ਜਾਪੇਗਾ ਮੈਂ ਭਾਵਕ ਹੋ ਰਿਹਾ ਹਾਂ। ਜਾਪਦਾ ਮੈਨੂੰ ਵੀ ਹੈ। ਏਸੇ ਲਈ ਮੈਂ ਆਪਣੇ ਲਿਖੇ ਨੂੰ ਦੁਬਾਰਾ ਪੜ੍ਹ ਗਿਆ। ਪਰ, ਲਿਖੇ ਵਿਚੋਂ ਕੁੱਝ ਵੀ ਕੱਟਣ ਦਾ ਹੀਆ ਨਹੀਂ ਪਿਆ।”

ਏਨੀ ਪਰਸੰਸਾ ਨੇ ਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਲਈ ਹੋਰ ਪੱਕਾ ਕਰ ਦਿੱਤਾ। ਜੇਕਰ ਮੇਰੀਆਂ ਖੇਡ ਲਿਖਤਾਂ ਦੀ ਸਲਾਹੁਤ ਨਾ ਹੁੰਦੀ ਤਾਂ ਸੰਭਵ ਸੀ ਮੈਂ ਕਹਾਣੀਆਂ ਲਿਖੀ ਜਾਂਦਾ ਤੇ ਖੇਡਾਂ ਖਿਡਾਰੀਆਂ ਵੱਲੋਂ ਬੇਮੁੱਖ ਹੀ ਹੋ ਜਾਂਦਾ। ਕਹਾਣੀਆਂ ਲਿਖੀ ਜਾਣ ਦਾ ਲਾਲਚ ਇਹ ਵੀ ਹੋਣਾ ਸੀ ਕਿ ਕਵਿਤਾ-ਕਹਾਣੀਆਂ ਲਿਖਣ ਵਾਲਿਆਂ ਨੂੰ ਹੀ ਆਲੋਚਕ ਸਾਹਿਤਕਾਰ ਮੰਨਦੇ ਹਨ ਜਦ ਕਿ ਖੇਡਾਂ ਖਿਡਾਰੀਆਂ ਬਾਰੇ ਲਿਖਣ ਵਾਲਿਆਂ ਨੂੰ ਤਾਂ ਐਰੇ ਗੈਰੇ ਹੀ ਸਮਝਦੇ ਹਨ। ਸ਼ਾਇਦ ਰਵਾਇਤੀ ਆਲੋਚਕ ਮੈਨੂੰ ਅਜੇ ਵੀ ‘ਲੇਖਕ’ ਨਾ ਮੰਨਦੇ ਹੋਣ ਤੇ ਸਾਹਿਤਕਾਰ ਤਾਂ ਮੰਨਣਾ ਹੀ ਕੀਹਨੇ ਹੈ?

ਮੇਰੀ ਤੀਜੀ ਪੁਸਤਕ ‘ਪੰਜਾਬੀ ਖਿਡਾਰੀ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕੀਤੀ ਜਿਸ ਨੂੰ ਡਾ.ਐੱਮ.ਐੱਸ.ਰੰਧਾਵਾ ਨੇ ਰਿਲੀਜ਼ ਕੀਤਾ। ਉਸ ਵਿੱਚ ਪੰਜਾਬੀ ਮੂਲ ਦੇ ਪੰਜਾਹ ਖਿਡਾਰੀਆਂ ਦੇ ਰੇਖਾ ਚਿੱਤਰ ਸਨ। ਯੂਨੀਵਰਸਿਟੀ ਨੇ ਉਸ ਦਾ ਅੰਗਰੇਜ਼ੀ ਅਨੁਵਾਦ ਵੀ ਪ੍ਰਕਾਸ਼ਿਤ ਕਰਵਾਇਆ ਜਿਸ ਦਾ ਨਾਂ ‘ਸਪੋਰਟਸਮੈੱਨ ਆਫ਼ ਪੰਜਾਬ’ ਰੱਖਿਆ। ਅੰਗਰੇਜ਼ੀ ਦੀ ਪੁਸਤਕ ਨੇ ਮੇਰੀ ਪਛਾਣ ਗ਼ੈਰ ਪੰਜਾਬੀ ਪਾਠਕਾਂ ਤਕ ਵੀ ਬਣਾ ਦਿੱਤੀ।

1982 ਦੀਆਂ ਏਸ਼ਿਆਈ ਖੇਡਾਂ ਦੇ ਮੌਕੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਪ੍ਰਕਾਸ਼ਨ ਵਿਭਾਗ ਨੇ ਭਾਰਤੀ ਭਾਸ਼ਾਵਾਂ ਵਿੱਚ ‘ਇੰਡੀਆ ਇਨ ਵਰਲਡ ਸਪੋਰਟਸ’ ਨਾਂ ਦੀ ਪੁਸਤਕ ਲਿਖਵਾਈ। ਪੰਜਾਬੀ ਵਿੱਚ ਇਹ ਪੁਸਤਕ ਲਿਖਣ ਦਾ ਕਾਰਜ ਮੈਨੂੰ ਸੌਂਪਿਆ ਗਿਆ ਤੇ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ। ਇਹ ਮੇਰੇ ਲਈ ਵੱਡਾ ਚੈਲੰਜ ਸੀ। ਮੈਂ ਪੁਰਾਣੇ ਖਿਡਾਰੀਆਂ ਤੇ ਖੇਡ ਪ੍ਰਬੰਧਕਾਂ ਨਾਲ ਸੰਪਰਕ ਕੀਤਾ। ਦੱਸ ਪਈ ਕਿ ‘ਟ੍ਰਿਬਿਊਨ’ ਦੀ ਲਾਇਬ੍ਰੇਰੀ `ਚੋਂ ਪੁਰਾਣੇ ਅਖ਼ਬਾਰ ਵੇਖ ਕੇ ਖੇਡਾਂ ਤੇ ਖਿਡਾਰੀਆਂ ਦੇ ਰਿਕਾਰਡ ਲੱਭੇ ਜਾ ਸਕਦੇ ਹਨ। ਮੈਂ ਚੰਡੀਗੜ੍ਹ ਗਿਆ ਤੇ ਬਰਜਿੰਦਰ ਸਿੰਘ ਨੇ ਮੈਨੂੰ ਟ੍ਰਿਬਿਊਨ ਦੀ ਲਾਇਬ੍ਰੇਰੀ ਵਿੱਚ ਜਾ ਬਿਠਾਇਆ। ਪੁਰਾਣੇ ਅਖ਼ਬਾਰਾਂ `ਚੋਂ ਮੈਨੂੰ ਕਾਫੀ ਮਸਾਲਾ ਮਿਲਿਆ। ਖ਼ਾਸ ਕਰ ਕੇ 1951 ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਦੀ ਕਵਰੇਜ ਵਿਚੋਂ। ਖੇਡ ਲੇਖਕ ਐੱਮ.ਐੱਲ.ਕਪੂਰ ਪਹਿਲੀਆਂ ਏਸ਼ਿਆਈ ਖੇਡਾਂ ਸਮੇਂ ਟ੍ਰਿਬਿਊਨ ਦਾ ਸਪੋਰਟਸ ਐਡੀਟਰ ਹੁੰਦਾ ਸੀ ਜਿਸ ਨੇ ‘ਪੰਜਾਬ ਸਪੋਰਟਸ ਐਂਡ ਹੂ ਇਜ਼ ਹੂ’ ਕਿਤਾਬ ਲਿਖੀ ਸੀ। ਉਸ ਦੀ ਇੱਕ ਹੋਰ ਪੁਸਤਕ ‘ਰੁਮਾਂਸ ਆਫ਼ ਹਾਕੀ’ ਸੀ ਜਿਸ ਨੇ ਮੇਰੀ ਮਦਦ ਕੀਤੀ। ਮੈਲਵਿਲ ਡੀਮੈਲੋ ਦੀ ਓਲੰਪਿਕ ਖੇਡਾਂ ਬਾਰੇ ਲਿਖੀ ਕਿਤਾਬ ਵੀ ਮੇਰੀ ਮਦਦਗਾਰ ਬਣੀ। ਖੇਡਾਂ ਦੀਆਂ ਐਸੋਸੀਏਸ਼ਨਾਂ ਤੇ ਫੈਡਰੇਸ਼ਨਾਂ ਤੋਂ ਵੀ ਮਦਦ ਲਈ।

ਮੈਨੂੰ ਪਤਾ ਲੱਗਾ ਕਿ ਪਟਿਆਲੇ ਐੱਨ.ਆਈ.ਐੱਸ.ਦੀ ਲਾਇਬ੍ਰੇਰੀ ਵਿਚੋਂ ਖੇਡਾਂ ਸੰਬੰਧੀ ਬਹੁਤ ਕੁੱਝ ਮਿਲ ਸਕਦੈ। ਸਬੱਬ ਨਾਲ ਅਕਤੂਬਰ ਵਿੱਚ ਪਤਝੜ ਦੀਆਂ ਛੁੱਟੀਆਂ ਆ ਗਈਆਂ। ਤੜਕੇ ਚਾਰ ਵਜੇ ਢੁੱਡੀਕੇ ਦੇ ਉੱਚੇ ਡੇਰੇ ਦਾ ਲਾਊਡ ਸਪੀਕਰ ਬੋਲਦਾ ਤਾਂ ਮੈਂ ਵੀ ਨਾਲ ਹੀ ਉੱਠ ਖੜ੍ਹਦਾ। ਚਾਹ ਪੀ ਕੇ ਸਾਈਕਲ ਉਤੇ ਲੱਤ ਦਿੰਦਾ ਤੇ ਅਜੀਤਵਾਲ ਦੇ ਅੱਡੇ ਉਤੇ ਸਾਈਕਲ ਇੱਕ ਦੁਕਾਨਦਾਰ ਨੂੰ ਸੰਭਾਲ ਕੇ ਮੋਗੇ ਤੋਂ ਚੰਡੀਗੜ੍ਹ ਜਾਣ ਵਾਲੀ ਪਹਿਲੀ ਬੱਸ ਜਾ ਫੜਦਾ। ਲੁਧਿਆਣੇ ਉੱਤਰਦਿਆਂ ਹੀ ਸਿੱਧੀ ਪਟਿਆਲੇ ਜਾਣ ਵਾਲੀ ਬੱਸ ਮਿਲ ਜਾਂਦੀ। ਮੈਂ ਅੱਠ ਵਜਦੇ ਨੂੰ ਪਟਿਆਲੇ ਪਹੁੰਚ ਜਾਂਦਾ ਤੇ ਬੱਸ ਅੱਡੇ ਕੋਲ ਕਾਰਨਰ ਢਾਬੇ ਤੋਂ ਪਰੌਂਠੇ ਛਕ ਕੇ ਰਿਕਸ਼ੇ ਉਤੇ ਐੱਨ.ਆਈ.ਐੱਸ.ਚਲਾ ਜਾਂਦਾ। ਲਾਇਬ੍ਰੇਰੀ ਨੌਂ ਵਜੇ ਖੁੱਲ੍ਹਦੀ ਸੀ ਤੇ ਚਾਰ ਵਜੇ ਬੰਦ ਹੁੰਦੀ ਸੀ। ਕਈ ਵਾਰ ਮੈਂ ਲਾਇਬ੍ਰੇਰੀ ਖੁੱਲ੍ਹਣ ਤੋਂ ਵੀ ਪਹਿਲਾਂ ਉਥੇ ਖੜ੍ਹਾ ਹੁੰਦਾ। ਲਾਇਬ੍ਰੇਰੀਅਨ ਹੈਰਾਨ ਹੁੰਦਾ ਕਿ ਇਹ ਸੌ ਮੀਲ ਦੂਰ ਢੁੱਡੀਕੇ ਤੋਂ ਚੱਲ ਕੇ ਏਨਾ ਸਵੱਖਤੇ ਕਿਵੇਂ ਆ ਗਿਆ?

ਮੈਂ ਚਾਰ ਵਜੇ ਤਕ ਆਪਣੀ ਡਾਇਰੀ ਉਤੇ ਕੁੱਝ ਨਾ ਕੁੱਝ ਨੋਟ ਕਰਦਾ ਰਹਿੰਦਾ ਤੇ ਲਾਇਬ੍ਰੇਰੀ ਬੰਦ ਹੋਣ `ਤੇ ਈ ਸੀਟ ਤੋਂ ਉਠਦਾ। ਮੈਂ ਹੁਣ ਵੀ ਹੈਰਾਨ ਹੁੰਨਾਂ ਕਿ ਮੇਰੇ `ਚ ਏਨੀ ਲਗਨ ਕਾਹਦੇ ਲਈ ਸੀ? ਮੈਂ ਖੇਡਾਂ ਖਿਡਾਰੀਆਂ ਬਾਰੇ ਲਿਖਣ ਦੀ ਥਾਂ ਪੀ ਐੱਚ.ਡੀ.ਕਿਉਂ ਨਾ ਕਰ ਲਈ? ਮੈਨੂੰ ਖਾਣ ਪੀਣ ਦੀ ਸੋਝੀ ਨਹੀਂ ਸੀ ਰਹਿੰਦੀ। ਸਵਾ ਚਾਰ ਵਜੇ ਮੈਂ ਐੱਨ.ਆਈ.ਐੱਸ.ਦੇ ਦਰ ਮੂਹਰਿਓਂ ਉਸ ਰਿਕਸ਼ੇ `ਤੇ ਚੜ੍ਹਦਾ ਜੀਹਦਾ ਚਾਲਕ ਜੁਆਨ ਹੁੰਦਾ ਤੇ ਮੈਨੂੰ ਮਿੰਟਾਂ `ਚ ਬੱਸ ਅੱਡੇ `ਤੇ ਪੁਚਾ ਸਕਦਾ। ਪਟਿਆਲੇ ਤੋਂ ਲੁਧਿਆਣੇ ਤੇ ਅਜੀਤਵਾਲ ਹੁੰਦਾ ਹੋਇਆ ਮੈਂ ਅੱਠ ਨੌਂ ਵਜਦੇ ਨੂੰ ਢੁੱਡੀਕੇ ਘਰ ਪਹੁੰਚ ਜਾਂਦਾ। ਮੇਰੀਆਂ ਦੋ ਹਫ਼ਤੇ ਦੀਆਂ ਛੁੱਟੀਆਂ ਏਸੇ ਗੇੜ `ਚ ਲੰਘੀਆਂ ਤੇ ਮੇਰੇ ਕੋਲ ਏਨਾ ਮਸਾਲਾ ਹੋ ਗਿਆ ਕਿ ਮੈਂ ਮਿਥੇ ਸਮੇਂ `ਚ ਪੁਸਤਕ ਦਾ ਖਰੜਾ ਤਿਆਰ ਕਰ ਕੇ ਦੇ ਦਿੱਤਾ। ਪੰਜਾਬੀ ਵਿੱਚ ਉਸ ਪੁਸਤਕ ਦਾ ਨਾਂ ‘ਖੇਡ ਜਗਤ ਵਿੱਚ ਭਾਰਤ’ ਰੱਖਿਆ ਗਿਆ।

ਉਸ ਪੁਸਤਕ ਦੇ ਪ੍ਰਕਾਸ਼ਨ ਤੇ ਵਿਤਰਨ ਦੀ ਗੱਲ ਵੀ ਸੁਣ ਲਓ। ਮੈਨੂੰ ਪੁੱਛਿਆ ਗਿਆ ਕਿ ਕ੍ਰਿਤ ਫਲ ਉੱਕਾ ਪੁੱਕਾ ਲੈਣਾ ਹੈ ਜਾਂ 15% ਰਾਇਲਟੀ ਲੈਣੀ ਹੈ। ਪ੍ਰਕਾਸ਼ਨ ਵਿਭਾਗ ਦੇ ਪੰਜਾਬੀ ਐਡੀਟਰ ਗੁਰਚਰਨ ਸਿੰਘ ਮੋਹੇ ਦਾ ਮਸ਼ਵਰਾ ਸੀ ਕਿ ਇਹ ਕਿਤਾਬ ਕਦੇ ਟੈਕਸਟ ਬੁੱਕ ਲੱਗ ਸਕਦੀ ਹੈ ਤੇ ਹਜ਼ਾਰਾਂ `ਚ ਵਿਕ ਸਕਦੀ ਹੈ ਇਸ ਲਈ ਰਾਇਲਟੀ ਲੈਣੀ ਠੀਕ ਹੈ। ਉਹਦੀ ਸਲਾਹ ਨਾਲ ਮੈਂ ਰਾਇਲਟੀ ਵਾਲੇ ਖਾਨੇ `ਚ ਦਸਖ਼ਤ ਕਰ ਦਿੱਤੇ।

ਪੁਸਤਕ ਦੀ ਪਹਿਲੀ ਐਡੀਸ਼ਨ ਦੀਆਂ ਇਕੱਤੀ ਸੌ ਕਾਪੀਆਂ ਛਾਪੀਆਂ ਗਈਆਂ ਜਿਨ੍ਹਾਂ `ਚੋਂ ਦਸ ਕਾਪੀਆਂ ਮੈਨੂੰ ਲੇਖਕ ਹੋਣ ਵਜੋਂ ਮਿਲੀਆਂ। ਕਿਤਾਬ ਦੀ ਕੀਮਤ ਸਵਾ ਸੋਲਾਂ ਰੁਪਏ ਸੀ। ਉਦੋਂ ਗਵਾਲੀਅਰ ਵਿੱਚ ਸਨਾਈਪਸ ਨਾਂ ਦੀ ਖੇਡ ਸੁਸਾਇਟੀ ਸੀ ਜੋ ਭਾਰਤੀ ਭਾਸ਼ਾਵਾਂ ਵਿੱਚ ਪ੍ਰਕਾਸ਼ਤ ਸਰੀਰਕ ਸਿੱਖਿਆ ਤੇ ਖੇਡਾਂ ਦੀਆਂ ਪੁਸਤਕਾਂ ਨੂੰ ਪੁਰਸਕਾਰ ਦਿੰਦੀ ਸੀ। ਮੈਂ ਪੰਜ ਕਾਪੀਆਂ ਪੁਰਸਕਾਰ ਮੁਕਾਬਲੇ ਲਈ ਭੇਜ ਦਿੱਤੀਆਂ। ਭਾਰਤੀ ਭਾਸ਼ਾਵਾਂ ਦੀਆਂ ਖੇਡ ਪੁਸਤਕਾਂ `ਚੋਂ ‘ਖੇਡ ਜਗਤ ਵਿੱਚ ਭਾਰਤ’ ਨੂੰ ਪੱਚੀ ਸੌ ਰੁਪਏ ਦਾ ਨੈਸ਼ਨਲ ਅਵਾਰਡ ਜਿੱਤਣ ਦੀ ਮੈਨੂੰ ਚਿੱਠੀ ਆ ਗਈ। ਨਾਲ ਇਹ ਵੀ ਲਿਖਿਆ ਹੋਇਆ ਸੀ ਕਿ ਪੁਸਤਕ ਦੀਆਂ ਸੌ ਕਾਪੀਆਂ ਪੱਚੀ ਫੀਸਦੀ ਡਿਸਕਾਊਂਟ `ਤੇ ਸਨਾਈਪਸ ਨੂੰ ਭਿਜਵਾ ਦਿੱਤੀਆਂ ਜਾਣ।

ਚਿੱਠੀ ਲੈ ਕੇ ਮੈਂ ਦਿੱਲੀ ਦੇ ਪਟਿਆਲਾ ਹਾਊਸ ਵਿੱਚ ਗਿਆ ਜਿਥੇ ਪ੍ਰਕਾਸ਼ਨ ਵਿਭਾਗ ਦਾ ਦਫਤਰ ਸੀ। ਮੈਂ ਉਨ੍ਹਾਂ ਨੂੰ ਪੁਸਤਕ ਦੀਆਂ ਸੌ ਕਾਪੀਆਂ ਗਵਾਲੀਅਰ ਭੇਜਣ ਲਈ ਕਿਹਾ। ਉਨ੍ਹਾਂ ਦਾ ਜਵਾਬ ਸੀ ਕਿ ਪਹਿਲਾਂ ਪੈਸੇ ਦਿਓ, ਫੇਰ ਪੁਸਤਕਾਂ ਭੇਜਾਂਗੇ। ਓਨੇ ਪੈਸੇ ਉਸ ਵੇਲੇ ਮੇਰੇ ਕੋਲ ਨਹੀਂ ਸਨ। ਮੈਂ ਲੁਧਿਆਣੇ ਆ ਕੇ ਲਾਇਲ ਬੁੱਕ ਡਿਪੂ ਵਾਲਿਆਂ ਕੋਲ ਗੱਲ ਕੀਤੀ ਤਾਂ ਉਨ੍ਹਾਂ ਨੇ ਪ੍ਰਕਾਸ਼ਨ ਵਿਭਾਗ ਤੋਂ ਸੌ ਕਾਪੀਆਂ ਮੰਗਵਾ ਕੇ ਗਵਾਲੀਅਰ ਭੇਜ ਦਿੱਤੀਆਂ। ਮਾਰਚ ਦੇ ਮਹੀਨੇ ਮੈਨੂੰ ਉਹਨਾਂ ਹੀ ਸੌ ਕਿਤਾਬਾਂ ਦੀ ਰਾਇਲਟੀ ਦਾ ਚੈੱਕ ਮਿਲਿਆ ਜਿਸ ਨਾਲ ਲਿਖਿਆ ਹੋਇਆ ਸੀ ਕਿ ਇਹ ਰਾਸ਼ੀ ਮੈਂ ਆਪਣੀ ਸਾਲਾਨਾ ਆਮਦਨ ਵਿੱਚ ਜ਼ਰੂਰ ਜੋੜਾਂ ਤੇ ਇਨਕਮ ਟੈਕਸ ਦੇਣਾ ਨਾ ਭੁੱਲਾਂ। ਉਦੋਂ ਮੇਰੀ ਆਮਦਨ ਟੈਕਸ ਦੇਣ ਜੋਗੀ ਨਹੀਂ ਸੀ ਤੇ ਢਾਈ ਕੁ ਸੌ ਦੀ ਰਾਇਲਟੀ ਪਾ ਕੇ ਵੀ ਕੀ ਹੋਣੀ ਸੀ?

ਪੁਰਸਕਾਰ ਵਿਜੇਤਾ ਉਸ ਪੁਸਤਕ ਦੀਆਂ ਸਰਕਾਰ ਦੇ ਪ੍ਰਕਾਸ਼ਨ ਵਿਭਾਗ ਤੋਂ ਦੋ ਸੌ ਤੋਂ ਵੀ ਘੱਟ ਕਾਪੀਆਂ ਵੇਚ ਹੋਈਆਂ ਜਦ ਕਿ ਬਾਕੀ ਦੀਆਂ ਨੂੰ ਸਿਓਂਕ ਖਾ ਗਈ! ਮੇਰੇ ਲਈ ਸ਼ੁਕਰ ਦੀ ਗੱਲ ਇਹੋ ਰਹੀ ਕਿ ਉਹ ਪੁਸਤਕ ਮੈਨੂੰ ਪੱਚੀ ਸੌ ਦਾ ਪੁਰਸਕਾਰ ਦੁਆ ਗਈ। ਰਾਇਲਟੀ ਸੁੱਖ ਨਾਲ ਏਨੀ ਕੁ ਹੀ ਮਿਲੀ ਕਿ ਮੈਂ ਇਨਕਮ ਟੈਕਸ ਦੇਣੋਂ ਬਚਿਆ ਰਿਹਾ। ਚੈੱਕ ਭਾਵੇਂ ਦਸਾਂ ਰੁਪਿਆਂ ਦਾ ਹੁੰਦਾ ਸੀ ਪਰ ਨਾਲ ਇਹ ਜ਼ਰੂਰ ਲਿਖਿਆ ਹੁੰਦਾ ਸੀ ਕਿ ਇਨਕਮ ਟੈਕਸ ਦੇਣਾ ਨਾ ਭੁੱਲਾਂ!

ਅੱਸੀਵਿਆਂ ਵਿੱਚ ਮੈਂ ਸਚਿੱਤਰ ਕੌਮੀ ਏਕਤਾ `ਚ ਪਹਿਰੇਦਾਰ ਦੇ ਨਾਂ ਹੇਠ ‘ਪਿੰਡ ਦੀ ਸੱਥ `ਚੋਂ’ ਕਾਲਮ ਲਿਖਣ ਲੱਗ ਪਿਆ ਸਾਂ। ਇਹ ਉਸ ਸਮੇਂ ਦੇ ਹਾਲਾਤ ਦਾ ਤਬਸਰਾ ਸੀ। ਬਾਅਦ ਵਿੱਚ ਇਸੇ ਕਾਲਮ ਦੇ ਨਾਂ ਉਤੇ ਲਾਹੌਰ ਬੁੱਕ ਸ਼ਾਪ ਲੁਧਿਆਣਾ ਨੇ ਮੇਰੀ ਪੁਸਤਕ ਪ੍ਰਕਾਸ਼ਤ ਕੀਤੀ ਜੋ ਕੁੱਝ ਸਮਾਂ ਗਿਆਨੀ ਦੇ ਸਿਲੇਬਸ ਵਿੱਚ ਲੱਗੀ ਰਹੀ। 1990 ਵਿੱਚ ਅਮਰੀਕਾ ਤੇ ਕੈਨੇਡਾ ਦਾ ਮੇਰਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਵੀ ਲਾਹੌਰ ਬੁੱਕ ਸ਼ਾਪ ਨੇ ਹੀ ਪ੍ਰਕਾਸ਼ਤ ਕੀਤਾ। ਉਹ ਸਫ਼ਰਨਾਮਾ ਪੰਜਾਬ ਯੂਨੀਵਰਸਿਟੀ ਦੀ ਇੱਕ ਜਮਾਤ ਦੇ ਸਿਲੇਬਸ ਵਿੱਚ ਲੱਗ ਗਿਆ ਤੇ ਛੇ ਸਾਲ ਪੜ੍ਹਾਇਆ ਜਾਂਦਾ ਰਿਹਾ। ਉਸ ਕਿਤਾਬ ਦੀਆਂ ਹਜ਼ਾਰਾਂ ਕਾਪੀਆਂ ਵਿਕੀਆਂ ਜਿਸ ਦਾ ਲਾਭ ਲੇਖਕ ਨੂੰ ਘੱਟ ਤੇ ਪ੍ਰਕਾਸ਼ਕ ਨੂੰ ਵਧੇਰੇ ਹੋਇਆ।

ਫਿਰ ਲਾਹੌਰ ਬੁੱਕ ਸ਼ਾਪ ਨੇ ਹੀ ਮੇਰੀਆਂ ਪੁਸਤਕਾਂ ‘ਓਲੰਪਿਕ ਖੇਡਾਂ’ , ‘ਖੇਡ ਮੈਦਾਨ `ਚੋਂ’ ਤੇ ‘ਬਾਤਾਂ ਵਤਨ ਦੀਆਂ’ ਛਾਪੀਆਂ। ‘ਬਾਤਾਂ ਵਤਨ ਦੀਆਂ’ ਮੇਰੇ ਇੰਡੋ-ਕੈਨੇਡੀਅਨ ਟਾਈਮਜ਼ ਵਿੱਚ ਛਪਦੇ ਕਾਲਮ ਦਾ ਨਾਂ ਸੀ ਜਿਸ ਵਿੱਚ ਮੈਂ ਪੰਜਾਬ ਤੋਂ ਪਰਦੇਸੀ ਸੱਜਣਾਂ ਨੂੰ ਚਿੱਠੀਆਂ ਲਿਖਦਾ ਸਾਂ। ਮੇਰੀ ਇੱਕ ਸਚਿੱਤਰ ਪੁਸਤਕ ‘ਪੰਜਾਬ ਦੀਆਂ ਦੇਸੀ ਖੇਡਾਂ’ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਜਿਸ ਵਿੱਚ ਜਨਮੇਜਾ ਸਿੰਘ ਜੌਹਲ ਦੀਆਂ ਖਿੱਚੀਆਂ ਰੰਗੀਨ ਤਸਵੀਰਾਂ ਵਰਤੀਆਂ ਗਈਆਂ। ਇਸ ਪੁਸਤਕ ਵਿੱਚ ਪੰਜਾਬ ਦੀਆਂ ਸਤਾਸੀ ਖੇਡਾਂ ਦਾ ਵੇਰਵਾ ਹੈ।

ਫਿਰ ਮੈਂ ‘ਪੰਜਾਬੀ ਟ੍ਰਿਬਿਊਨ’ ਵਿੱਚ ‘ਖੇਡ ਜਗਤ ਦੀਆਂ ਬਾਤਾਂ’ ਨਾਂ ਦਾ ਕਾਲਮ ਲਿਖਣ ਲੱਗ ਪਿਆ। ਇਸੇ ਨਾਂ ਉਪਰ ਲਾਹੌਰ ਬੁੱਕ ਸ਼ਾਪ ਨੇ ਮੇਰੀ ਇੱਕ ਹੋਰ ਪੁਸਤਕ ਪ੍ਰਕਾਸ਼ਤ ਕੀਤੀ। ਫਿਰ ‘ਓਲੰਪਿਕ ਖੇਡਾਂ ਦੀ ਸਦੀ’ , ‘ਖੇਡ ਪਰਿਕਰਮਾ’ , ‘ਖੇਡ ਦਰਸ਼ਨ’ , ‘ਖੇਡ ਮੇਲੇ ਵੇਖਦਿਆਂ’ ਤੇ ‘ਫੇਰੀ ਵਤਨਾਂ ਦੀ’ ਵੀ ਲਾਹੌਰ ਬੁੱਕ ਸ਼ਾਪ ਨੇ ਹੀ ਪ੍ਰਕਾਸ਼ਤ ਕੀਤੀਆਂ। ਚੇਤਨਾ ਪ੍ਰਕਾਸ਼ਨ ਵਾਲੇ ਕਾਫੀ ਦੇਰ ਤੋਂ ਕਿਤਾਬ ਮੰਗ ਰਹੇ ਸਨ। ‘ਕਬੱਡੀ ਕਬੱਡੀ ਕਬੱਡੀ’ ਕਿਤਾਬ ਚੇਤਨਾ ਪ੍ਰਕਾਸ਼ਨ ਨੇ ਛਾਪੀ ਜਿਸ ਦੀ ਦੂਜੀ ਐਡੀਸ਼ਨ ਛੇ ਮਹੀਨੇ ਬਾਅਦ ਹੀ ਛਾਪਣੀ ਪੈ ਗਈ। ਉਸੇ ਨੇ ‘ਖੇਡਾਂ ਦੀ ਦੁਨੀਆ’ ਪ੍ਰਕਾਸ਼ਤ ਕੀਤੀ। ਪੁਸਤਕ ‘ਪੰਜਾਬ ਦੇ ਚੋਣਵੇਂ ਖਿਡਾਰੀ’ ਦਾ ਪ੍ਰਕਾਸ਼ਨ ਨੈਸ਼ਨਲ ਬੁੱਕ ਟ੍ਰੱਸਟ ਨੇ ਕੀਤਾ ਹੈ ਜਿਸ ਵਿੱਚ ਪੰਜਾਸੀ ਖਿਡਾਰੀਆਂ ਦੇ ਰੇਖਾ ਚਿੱਤਰ ਹਨ। ਹੁਣ ਮੈਂ ਆਪਣੀ ਆਤਮ ਕਥਾ ਲਿਖੀ ਹੈ ਜਿਸ ਦੇ ਪ੍ਰਕਾਸ਼ਨ ਲਈ ਮੈਨੂੰ ਅਗਾਊਂ ਰਾਇਲਟੀ ਦੀਆਂ ਪੇਸ਼ਕਸ਼ਾਂ ਆ ਰਹੀਆਂ ਹਨ। ਖੇਡਾਂ-ਖਿਡਾਰੀਆਂ ਬਾਰੇ ਲਿਖਦਾ ਮੈਂ ਵਿਅੰਗ, ਸਫ਼ਰਨਾਮੇ ਤੇ ਸਵੈਜੀਵਨੀ `ਤੇ ਤਾਂ ਆ ਹੀ ਚੁੱਕਾਂ। ਸ਼ਾਇਦ ‘ਸਾਹਿਤਕਾਰ’ ਬਣਨ ਲਈ ਨਾਵਲ ਲਿਖਣ `ਤੇ ਵੀ ਕਲਮ ਅਜ਼ਮਾ ਲਵਾਂ। ਪ੍ਰਕਾਸ਼ਕਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਪੱਲਿਓਂ ਪੈਸੇ ਦੇ ਕੇ ਕੋਈ ਕਿਤਾਬ ਨਹੀਂ ਛਪਵਾਉਣੀ ਪਈ ਤੇ ਸ਼ੁਕਰ ਐ ਕਿ ਅਜੇ ਤਕ ਕਿਤਾਬਾਂ ਦੀ ਰਾਇਲਟੀ ਦਾ ਇਨਕਮ ਟੈਕਸ ਵੀ ਨਹੀਂ ਦੇਣਾ ਪਿਆ!

Additional Info

  • Writings Type:: A single wirting
Read 3095 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।