ਲੇਖ਼ਕ

Wednesday, 14 October 2009 17:17

40 - ਝੂਟੇ ਤੇ ਢਾਣੀਆਂ

Written by
Rate this item
(0 votes)

ਮਾਂ ਦੀ ਗੋਦ, ਵੱਡਿਆਂ ਦੇ ਕੰਧਾੜੇ ਤੇ ਸੁਹਾਗੇ ਉਤੇ ਚੜ੍ਹਨ ਤੋਂ ਲੈ ਕੇ ਮੈਨੂੰ ਡਿਜ਼ਨੀਲੈਂਡ ਦੀਆਂ ਢਾਣੀਆਂ ਲੈਣ ਤੇ ਲੰਡਨ ਦੀ ਚੰਡੋਲ ਝੂਟਣ ਦੇ ਮੌਕੇ ਮਿਲੇ ਹਨ। ਮੈਂ ਸਿਆਟਲ ਦੀ ਸਪੇਸ ਨੀਡਲ ਤੇ ਟੋਰਾਂਟੋ ਦੇ ਸੀ.ਐੱਨ.ਐੱਨ.ਟਾਵਰ ਉਤੇ ਵੀ ਚੜ੍ਹਿਆਂ ਹਾਂ। ਅਮਰੀਕਾ ਦੇ ਟ੍ਰੇਡ ਟਾਵਰ ਢਹਿਣ ਤੋਂ ਇੱਕ ਮਹੀਨਾ ਪਹਿਲਾਂ ਹੀ ਮੈਂ ਉਨ੍ਹਾਂ ਉਤੇ ਚੜ੍ਹ ਕੇ ਨਿਊਯਾਰਕ ਦੇ ਨਜ਼ਾਰੇ ਲਏ ਸਨ। ਜੇ ਗਿਆਰਾਂ ਅਗੱਸਤ ਦੀ ਥਾਂ ਗਿਆਰਾਂ ਸਤੰਬਰ ਨੂੰ ਚੜ੍ਹਦਾ ਤਾਂ ਉਥੋਂ ਈ ਉਤਾਂਹ ਚਲਾ ਜਾਂਦਾ। ਫਿਰ ਨਾ ਝੂਟਿਆਂ ਦੀ ਗੱਲ ਹੋਣੀ ਸੀ ਤੇ ਨਾ ਢਾਣੀਆਂ ਦੀ।

ਝੂਟਿਆਂ ਤੇ ਢਾਣੀਆਂ ਦਾ ਜੀਵਨ `ਚ ਬੜਾ ਅਨੰਦ ਹੈ। ਬੱਚੇ ਰੋਣ ਲੱਗ ਪੈਣ ਤਾਂ ਢਾਣੀ ਦੇਣ ਨਾਲ ਵਿਰ ਜਾਂਦੇ ਹਨ। ਪਿੰਡਾਂ ਦੇ ਮੇਲਿਆਂ ਦੀਆਂ ਆਮ ਚੰਡੋਲਾਂ ਤੋਂ ਲੈ ਕੇ ਡਿਜ਼ਨੀਲੈਂਡ ਦੀਆਂ ਢਾਣੀਆਂ ਤਕ ਅਰਬਾਂ ਰੁਪਿਆਂ ਦਾ ਵਣਜ ਵਪਾਰ ਹੁੰਦੈ। ਰਾਈਡਾਂ ਮਨੁੱਖ ਦਾ ਮਨਮੋਹਣਾ ਮਨੋਰੰਜਨ ਹਨ। ਮੈਂ ਜਦੋਂ ‘ਪੰਜਾਬ ਦੀਆਂ ਦੇਸੀ ਖੇਡਾਂ’ ਪੁਸਤਕ ਲਿਖ ਰਿਹਾ ਸਾਂ ਤਾਂ ਇਹ ਜਾਣ ਕੇ ਹੈਰਾਨ ਸਾਂ ਕਿ ਬੱਚਿਆਂ ਦੀਆਂ ਬਹੁਤੀਆਂ ਖੇਡਾਂ ਵਿੱਚ ਹਾਰਨ ਵਾਲੇ ਜਿੱਤਣ ਵਾਲਿਆਂ ਨੂੰ ਕੰਧਾੜੀਂ ਚੁੱਕ ਕੇ ਢਾਣੀਆਂ ਹੀ ਦਿੰਦੇ ਸਨ। ਖਿੱਦੋ ਖੂੰਡੀ, ਗੁੱਲੀ ਡੰਡਾ, ਡੰਡਾ ਡੁੱਕ, ਸ਼ੱਕਰਭਿੱਜੀ, ਵੰਝਵੜਿੱਕਾ, ਪਿੱਠੂ ਤੇ ਅਨੇਕਾਂ ਹੋਰਨਾਂ ਖੇਡਾਂ ਵਿੱਚ ਢਾਣੀਆਂ ਲੈਣ ਦਾ ਹੀ ਇਨਾਮ ਸੀ।

ਮੈਂ ਆਪਣੇ ਬਚਪਨ ਵੱਲ ਨਜ਼ਰ ਮਾਰਦਾਂ ਤਾਂ ਯਾਦ ਆਉਂਦੈ ਦਾਈਆਂ ਦੁੱਕੜੇ ਤੇ ਛੂਹਣ ਛੁਹਾਈ ਖੇਡਣਾ। ਚਾਨਣੀਆਂ ਰਾਤਾਂ ਵਿੱਚ ਕੰਧਾਂ ਕੌਲਿਆਂ ਉਹਲੇ ਲੁਕਦੇ ਫਿਰਨਾ। ਡੰਡਾ ਡੁੱਕ ਖੇਡਦਿਆਂ ਰੁੱਖਾਂ `ਤੇ ਚੜ੍ਹਨਾ ਤੇ ਟਾਹਣਾਂ ਟਾਹਣੀਆਂ ਥਾਣੀਂ ਭੁੰਜੇ ਉਤਰਨਾ। ਛਾਲਾਂ ਮਾਰਦਿਆਂ ਕਈ ਵਾਰ ਸੱਟਾਂ ਵੀ ਖਾ ਬਹਿਣਾ ਪਰ ਛਾਲਾਂ ਲਾਉਣੀਆਂ ਨਾ ਛੱਡਣਾ। ਪੁਲ ਤੋਂ ਸੂਏ `ਚ ਛਾਲ ਮਾਰ ਕੇ ਟੁੱਭੀ ਲਾਉਣੀ ਤੇ ਫਿਰ ਤੱਤੇ ਰੇਤੇ `ਚ ਜਾ ਲਿਟਣਾ। ਰੇਤੇ `ਚ ਲਿਟ ਕੇ ਫਿਰ ਸੂਏ `ਚ ਵੜਨਾ ਤੇ ਸੂਏ `ਚੋਂ ਨਿਕਲ ਕੇ ਬੰਨੀ ਦੀ ਢਾਲ ਤੋਂ ਹੇਠਾਂ ਨੂੰ ਤਿਲ੍ਹਕਦੇ ਆਉਣਾ। ਸ਼ੱਕਰਭਿੱਜੀ ਖੇਡਦਿਆਂ ਘੋੜੀਆਂ ਬਣਾ ਕੇ ਕੰਡਾਂ `ਤੇ ਚੜ੍ਹ ਬਹਿਣਾ ਤੇ ਬੱਸ ਨਾ ਕਰਨੀ। ਮਾਲ ਡੰਗਰ ਚਾਰਦਿਆਂ ਮੱਝਾਂ ਤੇ ਝੋਟੀਆਂ ਉਤੇ ਹੀ ਝੂਟੇ ਲੈ ਲੈਣੇ। ਪਿੰਡ `ਚ ਕੋਈ ਲਾਰੀ ਆ ਜਾਣੀ ਤਾਂ ਉਹਦੇ ਪਿੱਛੇ ਝੂਟਣ ਲੱਗ ਪੈਣਾ ਤੇ ਪਿੰਡ ਦੀ ਜੂਹ ਤਕ ਝੂਟਦਿਆਂ ਹੀ ਜਾਣਾ ਭਾਵੇਂ ਅਗਲੇ ਪੱਗਾਂ ਲਾਹ ਲੈਣ!

ਖੇਤ ਰੋਟੀ ਲੈ ਕੇ ਜਾਣਾ ਤਾਂ ਸੁਹਾਗੇ ਸੁਹਾਗੀ ਉਤੇ ਚੜ੍ਹਨ ਦਾ ਝੂਟਾ ਲੈਣਾ। ਬਾਪੂ, ਬਾਬੇ ਤੇ ਚਾਚੇ ਦੀਆਂ ਲੱਤਾਂ ਫੜ ਕੇ ਬਹਿ ਜਾਣਾ। ਕਿਹਾ ਜਾਂਦੈ ਕਿ ਜੱਟ ਸੁਹਾਗੇ `ਤੇ ਚੜ੍ਹਿਆ ਮਾਣ ਨਹੀਂ ਹੁੰਦਾ। ਮੈਂ ਵੀ ਸੁਹਾਗੇ ਦਾ ਝੂਟਾ ਲੈ ਕੇ ਚੌੜਾ ਹੋ ਜਾਂਦਾ ਸਾਂ ਭਾਵੇਂ ਕਿ ਮੂੰਹ ਸਿਰ ਮਿੱਟੀ ਨਾਲ ਭਰ ਜਾਂਦਾ ਸੀ। ਕਦੇ ਲੋਟ ਪੋਟਣੀ ਵੀ ਲੱਗ ਜਾਂਦੀ ਸੀ। ਕੱਟੇ `ਤੇ ਚੜ੍ਹ ਕੇ ਹਾਥੀ ਦੀ ਸਵਾਰੀ ਦਾ ਸਵਾਦ ਲੈ ਲਈਦਾ ਸੀ। ਖੇਤਾਂ ਵਿੱਚ ਕਣਕ ਦੀਆਂ ਬੱਲੀਆਂ, ਛੋਲਿਆਂ ਦੀਆਂ ਹੋਲਾਂ ਤੇ ਮੱਕੀ ਦੀਆਂ ਛੱਲੀਆਂ ਭੁੰਨ ਲਈਦੀਆਂ ਸਨ। ਖਰਬੂਜ਼ਿਆਂ ਤੇ ਖੱਖੜੀਆਂ ਦੀ ਗਿੱਦੜਪਾੜ ਕਰੀਦੀ ਸੀ। ਮਾਇਕ ਤੰਗੀ ਦੇ ਬਾਵਜੂਦ ਬਚਪਨ ਬਾਦਸ਼ਾਹਾਂ ਵਰਗਾ ਸੀ। ਉਦੋਂ ਬੋਤੇ ਦੀ ਸਵਾਰੀ ਹੀ ਨਹੀਂ ਸੀ ਮਾਣ। ਗੱਡਾ ਹੀ ਲਿਮੋਜੀਨ ਸੀ।

ਸਮਾਂ ਪਾ ਕੇ ਸੱਚਮੁੱਚ ਹੀ ਲਿਮੋਜੀਨਾਂ ਤੇ ਹਵਾਈ ਜਹਾਜ਼ਾਂ ਉਤੇ ਚੜ੍ਹਨ ਦੇ ਮੌਕੇ ਮਿਲ ਗਏ ਤੇ ਢਾਣੀਆਂ ਲੈਣ ਦੀ ਕੋਈ ਕਸਰ ਨਾ ਰਹੀ। 1990 ਵਿੱਚ ਜਦੋਂ ਮੈਂ ਤੇ ਮੇਰੀ ਪਤਨੀ ਅਮਰੀਕਾ ਗਏ ਤਾਂ ਮੇਰਾ ਭਰਾ ਭਜਨ ਸਾਨੂੰ ਡਿਜ਼ਨੀਲੈਂਡ ਵਿਖਾਉਣ ਲੈ ਗਿਆ। ਡਿਜ਼ਨੀਲੈਂਡ ਵਿੱਚ ਬੰਦਾ ਧਰਤੀ, ਪਤਾਲ, ਪਰਬਤ, ਪੁਲਾੜ ਤੇ ਸਾਗਰ ਸਭ ਕਾਸੇ ਦੀ ਸੈਰ ਕਰਨ ਦਾ ਅਨੁਭਵ ਕਰ ਲੈਂਦਾ ਹੈ। ਉਹ ਪੁਲਾੜੀ ਸਟੇਸ਼ਨਾਂ `ਤੇ ਜਾ ਆਉਂਦਾ ਹੈ ਤੇ ਸਮੁੰਦਰ ਦੀ ਤਹਿ ਵੇਖ ਲੈਂਦਾ ਹੈ। ਜਲ ਥਲ ਦੇ ਜੀਵ ਜੰਤੂਆਂ, ਪਸ਼ੂ ਪੰਛੀਆਂ, ਫੁੱਲਾਂ ਬੂਟਿਆਂ ਤੇ ਕਲਾ ਕ੍ਰਿਤੀਆਂ ਦੇ ਇਕੋ ਥਾਂ ਦਰਸ਼ਨ ਹੋ ਜਾਂਦੇ ਹਨ।

ਡਿਜ਼ਨੀਲੈਂਡ ਦਾ ਦੁਆਰ ਰੰਗ ਬਰੰਗੇ ਗ਼ੁਬਾਰਿਆਂ ਨਾਲ ਸਜਾਇਆ ਹੋਇਆ ਸੀ। ਅਸੀਂ ਬਾਹਰਲਾ ਦਰ ਲੰਘੇ ਤਾਂ ਸਾਹਮਣੇ ਬੜਾ ਉੱਚਾ ਪਹਾੜ ਨਜ਼ਰੀਂ ਪਿਆ। ਉਸ ਦੇ ਸਿਖਰ ਉਤੇ ਬਰਫ਼ ਜਮਾਈ ਹੋਈ ਸੀ। ਖੱਬੇ ਪਾਸੇ ਐਡਵੈਂਚਰਲੈਂਡ ਸੀ, ਅੱਗੇ ਫਰੰਟੀਅਰਲੈਂਡ, ਫਿਰ ਫੈਂਟੈਸੀਲੈਂਡ ਤੇ ਅਖ਼ੀਰ ਟੂਮਾਰੋਲੈਂਡ ਸੀ। ਅਨੇਕਾਂ ਪਰਕਾਰ ਦੀਆਂ ਰਾਈਡਾਂ ਸਨ। ਅਸੀਂ ਰਾਈਡਾਂ ਯਾਨੀ ਢਾਣੀਆਂ ਲੈਣ ਨੂੰ ਪਹਿਲ ਦਿੱਤੀ ਤਾਂ ਜੋ ਭੀੜ ਭੜੱਕੇ ਤੋਂ ਪਹਿਲਾਂ ਹੀ ਵੱਧ ਤੋਂ ਵੱਧ ਵਾਰੀਆਂ ਲਈਆਂ ਜਾ ਸਕਣ।

ਸਭ ਤੋਂ ਪਹਿਲਾਂ ਅਸੀਂ ਵੱਡੇ ਹਾਲ ਵਿੱਚ ਚਲਦੀਆਂ ਬੱਘੀਆਂ `ਤੇ ਸਵਾਰ ਹੋਏ। ਬੱਘੀਆਂ ਹਨ੍ਹੇਰ ਘੁੱਪ `ਚ ਚਲੀਆਂ ਗਈਆਂ ਤੇ ਅੰਦਰਲੀ ਦੁਨੀਆ ਦੇ ਦਰਸ਼ਨ ਕਰਾਉਣ ਲੱਗੀਆਂ। ਆਲੇ ਦੁਆਲੇ ਬੈਂਡ ਵੱਜ ਰਹੇ ਸਨ ਤੇ ਸੈਂਕੜੇ ਪੰਛੀ ਸਾਜ਼ਾਂ ਦੀ ਤਰਜ਼ `ਤੇ ਚਹਿਕਦੇ ਹੋਏ ਪੂੰਝੇ ਲਹਿਰਾ ਰਹੇ ਸਨ। ਰੰਗ ਬਰੰਗੇ ਫੁੱਲ ਬੈਂਡ ਦੀਆਂ ਧੁਨਾਂ `ਤੇ ਝੂੰਮ ਰਹੇ ਸਨ। ਬੱਚੇ ਗ਼ੁਬਾਰੇ ਉਡਾ ਰਹੇ ਸਨ ਤੇ ਉਨ੍ਹਾਂ ਦੇ ਭੋਲੇ ਨਿਰਛਲ ਹਾਸੇ ਛਣਕ ਰਹੇ ਸਨ। ਬੱਘੀਆਂ ਦੇ ਹੁਲ੍ਹਾਰੇ ਪੀਂਘ ਵਰਗੇ ਸਨ ਜਿਨ੍ਹਾਂ `ਚ ਕੋਈ ਝਟਕਾ ਨਹੀਂ ਸੀ ਵੱਜ ਰਿਹਾ। ਪੰਜ ਮਿੰਟਾਂ ਦੀ ਇਹ ਢਾਣੀ ਰੂਹ ਖੁਸ਼ ਕਰਨ ਵਾਲੀ ਸੀ।

ਇਕ ਚੌਂਕ `ਚ ‘ਮੈਡ ਟੀ ਪਾਰਟੀ’ ਚੱਲ ਰਹੀ ਸੀ। ਪਲੇਟ ਵਿੱਚ ਰੱਖੇ ਪਿਆਲੇ ਵਰਗੇ ਮੇਜ਼ ਸਨ। ਜਦੋਂ ਪੂਰ ਭਰ ਜਾਂਦਾ ਤਾਂ ਮੈਡ ਟੀ ਪਾਰਟੀ ਸੁਰੂ ਹੋ ਜਾਂਦੀ ਤੇ ਸੀਟਾਂ ਸਣੇ ਮੇਜ਼ ਘੁੰਮਦੇ ਹੋਏ ਇੱਕ ਦੂਜੇ ਕੋਲ ਦੀ ਲੰਘਦੇ ਜਿਵੇਂ ਨਾਚ ਕਰਦੇ ਹੋਣ। ਘੁੰਮਦੇ ਦਰਸ਼ਕਾਂ ਨੂੰ ਘੁਮੇਰਾਂ ਚੜ੍ਹਦੀਆਂ ਪਰ ਉਹ ਮੇਜ਼ਾਂ ਕੁਰਸੀਆਂ ਨੂੰ ਘੁੱਟ ਕੇ ਹੱਥ ਪਾਈ ਸੀਟਾਂ `ਤੇ ਜੰਮੇ ਰਹਿੰਦੇ। ਦਰਸ਼ਕਾਂ ਨੂੰ ਲੱਗਦਾ ਕਿ ਤੇਜ਼ ਘੁੰਮਦੇ ਹੋਏ ਮੇਜ਼ ਇੱਕ ਦੂਜੇ ਨਾਲ ਟਕਰਾਏ ਕਿ ਟਕਰਾਏ ਪਰ ਉਹ ਕਦੇ ਟਕਰਾਉਂਦੇ ਨਹੀਂ ਸਨ। ਉਹ ਪਾਰਟੀ ਹਾਸਿਆਂ ਹੁਲਾਰਿਆਂ ਦਾ ਕੇਂਦਰ ਸੀ। ਅਸੀਂ ਵੀ ਉਸ ਪਾਰਟੀ ਵਿੱਚ ਸ਼ਾਮਲ ਹੋ ਕੇ ਬਚਪਨ ਦੀਆਂ ਝਾਟੀਆਂ ਲੈਂਦੇ ਅਨੁਭਵ ਕੀਤਾ।

ਐਡਵੈਂਚਰਲੈਂਡ ਵਿੱਚ ਜੰਗਲੀ ਜਾਨਵਰ, ਨਦੀਆਂ ਨਾਲੇ ਤੇ ਸੰਘਣੇ ਜੰਗਲ ਸਨ। ਬੇੜੀਆਂ ਰਾਹੀ ਇਸ ਦੀ ਢਾਣੀ ਦਿੱਤੀ ਜਾਂਦੀ ਸੀ। ਮੱਝਾਂ ਚਿੱਕੜ ਵਿੱਚ ਲਿਟ ਰਹੀਆਂ ਸਨ ਤੇ ਹਾਥੀ ਸੁੰਡਾਂ ਵਿੱਚ ਪਾਣੀ ਭਰ ਕੇ ਫੁਹਾਰਾਂ ਪਾ ਰਹੇ ਸਨ। ਕਿਧਰੇ ਗੈਂਡੇ ਫਿਰ ਰਹੇ ਸਨ ਤੇ ਕਿਧਰੇ ਸ਼ੇਰ ਬਘੇਲੇ। ਵੱਡੇ ਭਾਰੇ ਸੱਪ ਦਰੱਖਤਾਂ ਤੋਂ ਲਟਕਦੇ ਧਰਤੀ `ਤੇ ਮ੍ਹੇਲ ਰਹੇ ਸਨ। ਜਾਨਵਰ ਪਲਾਸਟਿਕ ਦੇ ਸਨ ਪਰ ਉਹ ਕੰਨ ਤੇ ਪੂਛਾਂ ਹਿਲਾਉਂਦੇ ਅਸਲੀ ਜਾਪ ਰਹੇ ਸਨ।

ਕ੍ਰਿਟਰ ਕੰਪਨੀ ਵਿੱਚ ਅਜਿਹੀਆਂ ਬੇੜੀਆਂ ਸਨ ਜਿਨ੍ਹਾਂ ਦੇ ਪੈਡਲ ਮਾਰ ਕੇ ਨਦੀਆਂ ਦਾ ਨਜ਼ਾਰਾ ਲਿਆ ਜਾ ਸਕਦਾ ਸੀ। ਇੱਕ ਬੇੜੀ ਚਲਾਉਣ ਦਾ ਸਾਨੂੰ ਵੀ ਮੌਕਾ ਮਿਲਿਆ। ਇੱਕ ਥਾਂ ਮੈਨੂੰ ਲੱਗਾ ਜਿਵੇਂ ਸਾਡੀ ਬੇੜੀ ਸਾਹਮਣਿਓਂ ਆਉਂਦੀ ਬੇੜੀ ਨਾਲ ਟਕਰਾਉਣ ਲੱਗੀ ਹੋਵੇ। ਮੈਂ ਸਟੇਅਰਿੰਗ ਘੁਮਾਇਆ ਪਰ ਉਹ ਹਾਦਸੇ ਵੱਲ ਈ ਵੱਧਦੀ ਗਈ। ਬੇੜੀਆਂ ਭਿੜਦੀਆਂ ਭਿੜਦੀਆਂ ਬਚੀਆਂ। ਅਸੀਂ ਰੱਬ ਦਾ ਸ਼ੁਕਰ ਕੀਤਾ ਪਰ ਇਸ ਤੱਥ ਦਾ ਪਤਾ ਬਾਅਦ ਵਿੱਚ ਲੱਗਾ ਕਿ ਅਸੀਂ ਤਾਂ ਐਵੇਂ ਈ ਸਟੇਅਰਿੰਗ ਫੜੀ ਬੈਠੇ ਸਾਂ। ਬੇੜੀਆਂ ਰਿਮੋਟ ਕੰਟਰੋਲ ਨਾਲ ਚਲਾਈਆਂ ਜਾ ਰਹੀਆਂ ਸਨ।

ਉਥੇ ‘ਸਪਲੈਸ਼ ਮਾਊਂਟੇਨ’ ਨਾਂ ਦੀ ਬੜੇ ਜੋਖ਼ਮ ਵਾਲੀ ਰਾਈਡ ਦਿੱਤੀ ਜਾ ਰਹੀ ਸੀ। ਨੋਟਿਸ ਬੋਰਡ ਉਤੇ ਲਿਖਿਆ ਹੋਇਆ ਸੀ ਕਿ ਜਿਹੜੇ ਵਿਅਕਤੀ ਦਿਲ ਦੇ ਮਰੀਜ਼ ਹਨ ਜਾਂ ਰੀੜ੍ਹ ਦੀ ਹੱਡੀ ਜਾਂ ਗਰਦਨ ਦੀ ਤਕਲੀਫ਼ ਹੈ ਉਹ ਇਹ ਢਾਣੀ ਨਾ ਲੈਣ। ਗਰਭਵਤੀ ਔਰਤਾਂ ਤੇ ਛੋਟੀ ਉਮਰ ਦੇ ਬੱਚਿਆਂ ਲਈ ਵੀ ਉਹ ਰਾਈਡ ਵਰਜਿਤ ਸੀ। ਅਸੀਂ ਹੌਂਸਲਾ ਕਰ ਕੇ ਚੜ੍ਹ ਗਏ ਤੇ ਸਾਨੂੰ ਸ਼ਿਕੰਜੇ ਲਾ ਕੇ ਸੀਟਾਂ `ਤੇ ਨੂੜ ਦਿੱਤਾ ਗਿਆ। ਹਰਜੀਤ ਨੇ ਦੁਪੱਟਾ ਸਿਰ ਉਤੋਂ ਦੀ ਕੱਸ ਕੇ ਬੰਨ੍ਹ ਲਿਆ ਤੇ ਮੈਂ ਠਾਠੀ ਪੱਗ ਉਤੋਂ ਦੀ ਬੰਨ੍ਹ ਲਈ।

ਟਰਾਲੀਆਂ ਪਹਿਲਾਂ ਤਾਂ ਹੌਲੀ ਹੌਲੀ ਚੱਲੀਆਂ ਪਰ ਇੱਕ ਦੋ ਮੋੜ ਕੱਟ ਕੇ ਰੇਲਾਂ ਉਤੇ ਦਗੜ ਦਗੜ ਕਰਦੀਆਂ ਦੌੜ ਪਈਆਂ। ਕਿਤੇ ਉਤਾਂਹ ਚੜ੍ਹਦੀਆਂ ਤੇ ਕਿਤੇ ਹੇਠਾਂ ਮੁੜਦੀਆਂ। ਵਿਚੇ ਕੂਹਣੀ ਮੋੜ ਕੱਟੀ ਜਾਂਦੀਆਂ। ਕਿਤੇ ਧੜੱਕ ਦੇਣੇ ਡਿੱਗਦੀਆਂ ਤੇ ਕਾਂਟੇ ਬਦਲਦੀਆਂ। ਉਸ ਢਾਣੀ `ਚ ਝਟਕੇ ਲੱਗ ਰਹੇ ਸਨ, ਹੁਝਕੇ ਵੱਜ ਰਹੇ ਸਨ ਤੇ ਦਿਲ ਧੜੱਕ ਧੜੱਕ ਕਰੀ ਜਾਂਦਾ ਸੀ। ਮੇਰਾ ਇੱਕ ਹੱਥ ਜ਼ੇਬ `ਤੇ ਸੀ ਤੇ ਦੂਜਾ ਟਰਾਲੀ ਦੇ ਡੰਡੇ ਨੂੰ ਘੁੱਟ ਕੇ ਪਾਇਆ ਹੋਇਆ ਸੀ। ਠਾਠੀ ਨਾ ਬੰਨ੍ਹੀ ਹੁੰਦੀ ਤਾਂ ਪੱਗ ਨੇ ਪਤਾ ਨਹੀਂ ਕਿਥੇ ਹੋਣਾ ਸੀ? ਕਦੇ ਅਸੀਂ ਸੱਜੇ ਪਾਸੇ ਉਲਰ ਰਹੇ ਸਾਂ ਕਦੇ ਖੱਬੇ। ਆਪੇ ਫਾਥੜੀਏ ਤੈਨੂੰ ਕੌਣ ਛੁਡਾਏ ਵਾਲੀ ਗੱਲ ਹੋਈ ਪਈ ਸੀ। ਪੁੱਠਾ ਪੰਗਾ ਲੈ ਬੈਠੇ ਸਾਂ ਕਿ ਰਾਕਟ ਬਣੀ ਟਰਾਲੀ ਪਹਾੜ ਤੋਂ ਹੇਠਾਂ ਪਾਣੀ ਵਿੱਚ ਆ ਡਿੱਗੀ। ਮੈਂ ਸਮਝਿਆ ਲੈ ਆਹ ਹੋ ਗਈ ਜਾਹ ਜਾਂਦੀ!

ਪਰ ਅਸੀਂ ਹੀ ਨਹੀਂ, ਸਾਰੇ ਹੀ ਬਚ ਗਏ ਤੇ ਬਚ ਜਾਣ ਦੀ ਖੁਸ਼ੀ `ਚ ਇੱਕ ਦੂਜੇ ਵੱਲ ਵੇਖ ਕੇ ਹੱਸਣ ਲੱਗੇ। ਬਾਅਦ ਵਿੱਚ ਪਤਾ ਲੱਗਾ ਕਿ ਇਸ ਖ਼ਤਰਨਾਕ ਢਾਣੀ `ਚ ਹਾਲਾਂ ਤਕ ਇੱਕ ਵੀ ਹਾਦਸਾ ਨਹੀਂ ਸੀ ਹੋਇਆ। ਉਂਜ ਪਹਿਲੀ ਵਾਰ ਢਾਣੀ ਲੈਣ ਵਾਲਾ ਇੱਕ ਵੀ ਨਹੀਂ ਹੋਵੇਗਾ ਜੀਹਦਾ ‘ਸਪਲੈਸ਼’ ਸਮੇਂ ਸਾਹ ਨਾ ਸੂਤਿਆ ਗਿਆ ਹੋਵੇ।

ਫਿਰ ਅਸੀਂ ਫਰੰਟੀਅਰਲੈਂਡ ਦੀ ਪਤਾਲੀ ਗੱਡੀ ਵਿੱਚ ਪਤਾਲ ਦੀਆਂ ਢਾਣੀਆਂ ਲੈਣ ਲੱਗੇ। ਉਥੇ ਭਾਂਤ ਭਾਂਤ ਦੀਆਂ ਕਾਨਾਂ ਸਨ, ਖੰਧਰਾਂ ਸਨ ਤੇ ਹਨ੍ਹੇਰੀਆਂ ਗੁਫ਼ਾਵਾਂ ਸਨ। ਅਸੀਂ ਸਮੁੰਦਰੀ ਜਹਾਜ਼ `ਤੇ ਸਵਾਰ ਹੋਏ ਤੇ ਸਮੁੰਦਰ ਦੀ ਸੈਰ ਕਰਨ ਲੱਗੇ। ਅੱਗੇ ਸੰਘਣਾ ਜੰਗਲ ਆ ਗਿਆ ਜਿਥੇ ਜੰਗਲੀ ਜਾਨਵਰ ਘੁੰਮ ਰਹੇ ਸਨ। ਕਿਧਰੇ ਸਰਾਲਾਂ ਸਨ, ਕਿਧਰੇ ਮਿਰਗਾਂ ਦੀਆਂ ਡਾਰਾਂ ਤੇ ਕਿਧਰੇ ਸਮੁੰਦਰੀ ਜਾਨਵਰਾਂ ਦੇ ਜੋੜੇ ਪ੍ਰੇਮ ਕਲੋਲਾਂ ਕਰ ਰਹੇ ਸਨ। ਜਹਾਜ਼ ਵਿੱਚ ਮਲਾਹਾਂ ਦੇ ਰੱਸੇ, ਲਾਲਟੈਣਾਂ, ਬਰਤਣ, ਹਥਿਆਰ ਤੇ ਹੋਰ ਲਕਾਤੁਕਾ ਮੱਧ ਕਾਲ ਵਾਂਗ ਸਜਾਇਆ ਹੋਇਆ ਸੀ। ਪਾਣੀ ਵਿੱਚ ਮੱਛੀਆਂ ਤੈਰ ਰਹੀਆਂ ਸਨ ਤੇ ਮਗਰਮੱਛ ਧੁੱਪ ਸੇਕ ਰਹੇ ਸਨ। ਇੱਕ ਹਾਥੀ ਸੁੰਡ ਨਾਲ ਪਾਣੀ ਦੀ ਫੁਹਾਰ ਪਾ ਕੇ ਹਥਨੀ ਨਾਲ ਛੇੜ ਛਾੜ ਕਰ ਰਿਹਾ ਸੀ। ਬਾਂਦਰ ਤੇ ਲੰਗੂਰ ਆਪੋ ਆਪਣੀਆਂ ਕਲਾਬਾਜ਼ੀਆਂ ਵਿੱਚ ਮਸਤ ਸਨ। ਅਚਾਨਕ ਖ਼ਤਰੇ ਦਾ ਅਲਾਰਮ ਵੱਜਾ ਤੇ ਜਹਾਜ਼ ਵਿੱਚ ਭਗਦੜ ਮੱਚ ਗਈ। ਮਲਾਹਾਂ ਨੇ ਬਾਦਬਾਨ ਖਿੱਚੇ, ਲਾਲਟੈਣਾਂ ਜਗਾਈਆਂ ਤੇ ਹਥਿਆਰ ਸੰਭਾਲੇ। ਸੈਲਾਨੀਆਂ ਨੂੰ ਸੱਚਮੁਚ ਦੇ ਖ਼ਤਰਨਾਕ ਸਮੁੰਦਰੀ ਸਫ਼ਰ ਦਾ ਅਨੁਭਵ ਕਰਾਇਆ ਗਿਆ।

ਇਕ ਗੱਡੀ ਨਦੀਆਂ ਦੇ ਨਾਜ਼ਕ ਪੁਲਾਂ ਉਤੋਂ ਲੰਘਾਉਣ ਦੀ ਢਾਣੀ ਦੇ ਰਹੀ ਸੀ ਤੇ ਦੂਜੀ ਪਹਾੜੀ ਸੁਰੰਗਾਂ ਵਿੱਚ ਲਿਜਾ ਰਹੀ ਸੀ। ਦਿਨ ਢਲੇ ਅਸੀਂ ਫੈਂਟੈਸੀਲੈਂਡ ਅੱਪੜੇ। ਉਥੇ ਅਠਾਰਾਂ ਕਿਸਮ ਦੀਆਂ ਰਾਈਡਾਂ ਸਨ। ‘ਸੁੱਤੀ ਸੁੰਦਰਤਾ ਦੇ ਕਿਲੇ’ ਵਿੱਚ ਇੱਕ ਰਾਈਡ ਪਰੀ ਕਹਾਣੀ ਦੀਆਂ ਵੱਖ ਵੱਖ ਝਾਕੀਆਂ ਵਿਖਾਉਂਦੀ ਸੀ। ਬਰਫ਼ ਗੱਡੀ ਉਤੇ ਬਰਫ਼ਾਂ ਦਾ ਅਨੰਦ ਮਾਣਿਆ ਜਾ ਸਕਦਾ ਸੀ। ਇੱਕ ਥਾਂ ਅਨੰਦਮਈ ਟਾਪੂ ਵਿਖਾਇਆ ਜਾ ਰਿਹਾ ਸੀ। ਹਾਥੀ ਹਵਾ `ਚ ਉਡਾਏ ਜਾ ਰਹੇ ਸਨ ਤੇ ਡਿਜ਼ਨੀਲੈਂਡ ਦੇ ਉਪਰਵਾਰ ਮੋਨੋਰੇਲ ਉਤੇ ‘ਜਾਦੂ ਦੀ ਬਾਦਸ਼ਾਹਤ’ ਦਾ ਚੱਕਰ ਲੁਆਇਆ ਜਾ ਰਿਹਾ ਸੀ। ਅਸੀਂ ਕੇਬਲ ਕਾਰ ਵਿੱਚ ਚੜ੍ਹ ਕੇ ਵੇਖਿਆ ਤੇ ਫਿਰ ਮੋਨੋਰੇਲ ਉਤੇ ਚੜ੍ਹੇ।

ਫੈਂਟੈਸੀਲੈਂਡ ਦੇ ਰੇਲਵੇ ਸਟੇਸ਼ਨ ਤੋਂ ਭਾਫ਼ ਇੰਜਣ ਵਾਲੀ ਪੁਰਾਣੀ ਰੇਲ ਗੱਡੀ ਫੜੀ ਜਿਹੋ ਜਿਹੀ ਅੱਜ ਕੱਲ੍ਹ ਵੀ ਪੰਜਾਬ ਦੀਆਂ ਬਰਾਂਚ ਲਾਈਨਾਂ `ਤੇ ਚਲਦੀ ਹੈ। ਕਿਤੇ ਕਿਤੇ ਉਹ ਸੁਰੰਗਾਂ ਵਿੱਚ ਦਾਖਲ ਹੁੰਦੀ ਜਿਵੇਂ ਕਾਲਕਾ ਤੋਂ ਸ਼ਿਮਲੇ ਜਾਣ ਵਾਲੀ ਹੁੰਦੀ ਹੈ। ਸੁਰੰਗਾਂ ਵਿੱਚ ਆਦ ਕਾਲ ਦੇ ਦ੍ਰਿਸ਼ ਸਨ, ਰੇਗਸਥਾਨ ਸਨ, ਸਮੁੰਦਰੀ ਤੱਟ ਤੇ ਪਰਬਤੀ ਵਾਦੀਆਂ ਸਨ। ਪਲਾਸਟਿਕ ਤੇ ਹੋਰ ਅਜਿਹੀਆਂ ਵਸਤਾਂ ਦਾ ਸਿਰਜਿਆ ਸੰਸਾਰ ਅਸਲੀ ਸੰਸਾਰ ਪਰਤੀਤ ਹੁੰਦਾ ਸੀ।

ਫਿਰ ਅਸੀਂ ਫੈਂਟੈਸੀਲੈਂਡ ਦਾ ਯੁਟੋਪੀਆ ਵੇਖਿਆ ਜਿਥੇ ਅਜਿਹੇ ਫ੍ਰੀ ਵੇਅ ਸਨ ਜਿਨ੍ਹਾਂ `ਤੇ ਕਦੇ ਟ੍ਰੈਫਿਕ ਜਾਮ ਨਹੀਂ ਸੀ ਹੋਣਾ। ਪੁਰਾਣੇ ਮਾਡਲ ਦੀ ਕਾਰ ਤੇ ਨਵੀਂ ਮੋਟਰ ਬੋਟ ਚਲਾਉਣ ਦਾ ਸ਼ੌਕ ਪੂਰਾ ਕੀਤਾ। ਬਰਫ਼ `ਤੇ ਚੱਲਣ ਵਾਲੀ ਬਾਬਸਲੈੱਜ `ਤੇ ਚੜ੍ਹੇ। ਸਭ ਤੋਂ ਵੱਧ ਹੈਰਾਨ ਤੇ ਖੁਸ਼ ਕੀਤਾ ‘ਨਿੱਕੀ ਦੁਨੀਆ ਦੀ ਲੰਬੀ ਢਾਣੀ’ ਨੇ। ਕਿੰਗਰਿਆਂ ਵਾਲੀ ਵਿਸ਼ਾਲ ਇਮਾਰਤ ਵਿੱਚ ਇਹ ਢਾਣੀ ਸ਼ੁਰੂ ਹੋਈ। ਦੁਨੀਆ ਭਰ ਦੇ ਖਿਡਾਉਣੇ ਇਸ ਇਮਾਰਤ ਵਿੱਚ ਮੌਜੂਦ ਸਨ। ਅਸੀਂ ਨਹਿਰ `ਚ ਚਲਦੀ ਕਿਸ਼ਤੀ ਵਿੱਚ ਸਵਾਰ ਹੋ ਗਏ। ਆਸੇ ਪਾਸੇ ਰੰਗ ਬਰੰਗੀਆਂ ਗੁੱਡੀਆਂ ਤੇ ਭਾਂਤ ਸੁਭਾਂਤੇ ਖਿਡਾਉਣੇ ਅੱਖਾਂ ਚੁੰਧਿਆਉਣ ਲੱਗੇ। ਉਥੇ ਬੱਚਿਆਂ ਦੇ ਅਨੇਕਾਂ ਸਾਜ਼ ਸਨ, ਖੇਡਾਂ ਦਾ ਸਮਾਨ ਸੀ, ਪੁਸ਼ਾਕਾਂ ਸਨ ਤੇ ਬਾਲ ਕਹਾਣੀਆਂ ਦੀਆਂ ਝਲਕਾਂ ਸਨ। ਦਿਓ ਤੇ ਪਰੀਆਂ ਸਨ ਤੇ ਅਨੇਕਾਂ ਪੰਘੂੜੇ ਸਨ। ਸੰਗੀਤ ਗੂੰਜ ਰਿਹਾ ਸੀ ਤੇ ਫੁੱਲ ਝੂੰਮ ਰਹੇ ਸਨ। ਐਵੇਂ ਨਹੀਂ ਡਿਜ਼ਨੀਲੈਂਡ ਨੂੰ ‘ਸੁਰਗ ਦਾ ਝੂਟਾ’ ਕਿਹਾ ਜਾਂਦਾ।

ਟੂਮਾਰੋਲੈਂਡ ਵਿੱਚ ਰਾਕਟ ਦੀ ਢਾਣੀ ਦਿੱਤੀ ਜਾ ਰਹੀ ਸੀ। ਇੱਕ ਗੋਲ ਹਾਲ ਵਿੱਚ ਲਾਲ ਤਾਰੇ ਦੀ ਉਡਾਣ ਲਈ ਰਾਕਟ ਤਿਆਰ ਖੜ੍ਹਾ ਸੀ। ਅਸੀਂ ਉਹਦੇ ਅੰਦਰ ਜਾ ਬੈਠੇ। ਰਾਕਟ ਦੇ ਅਨੇਕਾਂ ਕਲਪੁਰਜ਼ੇ ਚਮਕ ਰਹੇ ਸਨ। ਰਾਕਟ ਉਡਿਆ ਤਾਂ ਕੰਪਣ ਤੇ ਥਰਥਰਾਹਟ ਸੁਰੂ ਹੋ ਗਈ। ਪਾਈਲਟ ਨੇ ਦੱਸਿਆ ਕਿ ਅਸੀਂ ਕਈ ਹਜ਼ਾਰ ਮੀਲ ਦੀ ਰਫਤਾਰ `ਤੇ ਪੁਲਾੜ ਵਿੱਚ ਜਾ ਰਹੇ ਹਾਂ। ਪੁਲਾੜੀ ਸਟੇਸ਼ਨ ਉਤੇ ਰਾਕਟ ਰੁਕਿਆ ਤੇ ਬਾਲਣ ਲੈ ਕੇ ਅਗਾਂਹ ਵਧਿਆ। ਅੰਦਰ ਅਨੇਕਾਂ ਰੰਗਾਂ ਦੀਆਂ ਬੱਤੀਆਂ ਜਗ-ਬੁਝ ਜਗ-ਬੁਝ ਕਰ ਰਹੀਆਂ ਸਨ। ਰਾਕਟ ਅਮਲੇ ਦੇ ਸਾਰੇ ਬੰਦੇ ਰਬੋਟ ਸਨ ਜਿਨ੍ਹਾਂ ਨੇ ਸਾਨੂੰ ਲਾਲ ਤਾਰੇ ਤੋਂ ਮੁੜ ਧਰਤੀ ਉਤੇ ਲਿਆ ਉਤਾਰਿਆ।

ਫਿਰ ਇੱਕ ਪਣਡੁੱਬੀ `ਚ ਸਵਾਰ ਹੋਏ ਜੋ ਸਮੁੰਦਰ ਵਿੱਚ ਚੁੱਭੀ ਮਾਰ ਗਈ। ਸ਼ੀਸ਼ੇ ਦੇ ਝਰੋਖਿਆਂ ਥਾਣੀ ਸੈਂਕੜੇ ਪਰਕਾਰ ਦੀਆਂ ਮੱਛੀਆਂ ਤੇ ਜਲ ਦਾ ਹੋਰ ਜੀਆ ਜੰਤ ਆਪੋ ਆਪਣੀ ਜੂੰਨੇਂ ਪਿਆ ਦਿਸਿਆ। ਵੱਡੀਆਂ ਮੱਛੀਆਂ ਸੱਚਮੁੱਚ ਹੀ ਛੋਟੀਆਂ ਮੱਛੀਆਂ ਨੂੰ ਨਿਗਲ ਰਹੀਆਂ ਸਨ ਤੇ ਤੰਦੂਏ ਫਾਹੀਆਂ ਪਾ ਰਹੇ ਸਨ। ਸਮੁੰਦਰ ਵਿੱਚ ਘੋਗੇ ਸਿੱਪੀਆਂ ਤਾਂ ਹੋਣੀਆਂ ਹੀ ਸਨ ਸਮੁੰਦਰੀ ਫਸਲਾਂ ਦਾ ਵੀ ਕੋਈ ਅੰਤ ਨਹੀਂ ਸੀ।

ਸਭ ਤੋਂ ਖ਼ਤਰਨਾਕ ਢਾਣੀ ਸੀ ‘ਸਪੇਸ ਮਾਊਂਟੇਨ’ ਦੀ। ਅਸੀਂ ਕਿਹਾ, ਏਥੇ ਕਿਹੜਾ ਨਿੱਤ ਨਿੱਤ ਆਉਣੈ, ਚਲੋ ਇਹ ਢਾਣੀ ਵੀ ਲੈਂਦੇ ਚੱਲੀਏ। ਦਿਲ ਤਕੜਾ ਕਰ ਕੇ ਅਸੀਂ ਸਪੇਸ ਗੱਡੀ ਉਤੇ ਚੜ੍ਹੇ। ਬੈਲਟਾਂ ਲਾ ਕੇ ਸਾਨੂੰ ਕਸ ਦਿੱਤਾ ਗਿਆ। ਸਪੇਸ ਗੱਡੀ ਨੇ ਫਿਰ ਸਵਾਰੀਆਂ ਦੀਆਂ ਐਸੀਆਂ ਭੰਬੀਰੀਆਂ ਘੁਕਾਈਆਂ ਕਿ ਉਮਰ ਭਰ ਯਾਦ ਰਹਿਣਗੀਆਂ। ਸਾਡੇ ਨਾਲ ਉਹ ਹੋਈ ਜਿਹੜੀ ਵਾਵਰੋਲੇ ਦੇ ਕੱਖਾਂ ਨਾਲ ਹੁੰਦੀ ਹੈ। ਪੁਲਾੜ ਵਿੱਚ ਹਵਾ ਚੀਕ ਰਹੀ ਸੀ ਤੇ ਕੰਨ ਪਾੜਵਾਂ ਖੜਕਾ ਦੜਕਾ ਹੋ ਰਿਹਾ ਸੀ। ਘੁੱਪ ਹਨ੍ਹੇਰੇ ਵਿੱਚ ਲਿਸ਼ਕਾਰੇ ਵੱਜ ਰਹੇ ਸਨ। ਰੱਬ ਰੱਬ ਕਰਦਿਆਂ ਉਹ ਢਾਣੀ ਮਸੀਂ ਮੁੱਕੀ। ਗੱਡੀ ਤੋਂ ਉੱਤਰ ਕੇ ਵੀ ਸਾਨੂੰ ਲੱਗੀ ਗਿਆ ਜਿਵੇਂ ਸਾਡੇ ਪੈਰ ਧਰਤੀ ਦੀ ਥਾਂ ਅਜੇ ਵੀ ਪੁਲਾੜ ਵਿੱਚ ਹੋਣ।

ਇਵੇਂ ਹੀ ਮੈਨੂੰ ਲੰਡਨ ਦੀ ਚੰਡੋਲ ਝੂਟਣ ਦਾ ਮੌਕਾ ਮਿਲਿਆ। ਜਿਵੇਂ ਬਠਿੰਡੇ ਦੇ ਥਰਮਲ ਪਲਾਂਟ ਦੀ ਚਿਮਨੀ ਨੂੰ ਰੱਬ ਦਾ ਘੱਗਰਾ ਕਿਹਾ ਜਾਣ ਲੱਗਾ ਸੀ ਉਵੇਂ ਉਸ ਚੰਡੋਲ ਨੂੰ ਵੀ ਰੱਬ ਦੀ ਚੰਡੋਲ ਕਿਹਾ ਜਾ ਸਕਦੈ। ਉਸ ਦਾ ਵਜ਼ਨ 1900 ਟਨ ਹੈ ਤੇ ਉਹ ਅੱਧੇ ਘੰਟੇ `ਚ 450 ਫੁੱਟ ਉੱਚਾ ਝੂਟਾ ਦਿੰਦੀ ਹੈ। ਸਿਖਰ ਤੋਂ ਚਾਲੀ ਕਿਲੋਮੀਟਰ ਤਕ ਲੰਡਨ ਦੀਂਹਦਾ ਹੈ। ਮੈਂ ਤੇ ਮੇਰੇ ਗਰਾਂਈਂ ਨਾਹਰ ਸਿੰਘ ਸਿੱਧੂ ਨੇ ਉਸ ਅਦਭੁੱਤ ਚੰਡੋਲ ਦਾ ਝੂਟਾ `ਕੱਠਿਆਂ ਲਿਆ ਸੀ।

ਪਲਾਸਟਿਕ ਦੇ ਪਾਰਦਰਸ਼ੀ ਕੈਪਸੂਲਾਂ `ਚ ਬੈਠਿਆਂ ਨੇ ਅਸੀਂ ਲੰਡਨ ਦੀਆਂ ਅਨੇਕਾਂ ਇਤਿਹਾਸਕ ਇਮਾਰਤਾਂ ਵੇਖ ਲਈਆਂ ਸਨ। ਜਿਵੇਂ ਜਿਵੇਂ ਚੰਡੋਲ ਉਪਰ ਚੜ੍ਹਦੀ ਗਈ ਥੇਮਸ ਦਰਿਆ, ਲੰਡਨ ਬ੍ਰਿਜ, ਸੇਂਟ ਪਾਲ ਕੈਥਡਰਲ, ਗਲੋਬ ਥੇਟਰ, ਟਾਵਰ ਆਫ਼ ਲੰਡਨ, ਕ੍ਰਿਸਟਲ ਪੈਲਸ, ਬਿੱਗਬੈੱਨ, ਵਿਕਟੋਰੀਆ ਦੇ ਬਾਗ, ਇੰਪੀਰੀਅਲ ਵਾਰ ਮਿਊਜ਼ਮ, ਹਾਊਸ ਆਫ਼ ਲਾਰਡਜ਼, ਹਾਊਸ ਆਫ਼ ਕਾਮਨਜ਼, ਵੈਸਟਮਿੰਸਟਰ ਐਬੇ, ਹਾਈਡ ਪਾਰਕ, ਟ੍ਰੈਫਾਲਗਰ ਸੁਕੇਅਰ ਤੇ ਚਰਚਿਲ ਦਾ ਝੁਕਿਆ ਹੋਇਆ ਬੁੱਤ ਨਜ਼ਰੀਂ ਪਿਆ ਸੀ। ਜਦ ਕੈਪਸੂਲ ਸਿਖਰ `ਤੇ ਪੁੱਜਾ ਸੀ ਤਾਂ ਦਿਸਹੱਦਾ ਚਾਲੀ ਕਿਲੋਮੀਟਰ ਤਕ ਫੈਲ ਗਿਆ ਸੀ। ਲੁਧਿਆਣੇ ਦਾ ਘੰਟਾ ਘਰ ਲੰਡਨ ਦੀ ਚੰਡੋਲ ਜਿੱਡਾ ਹੁੰਦਾ ਤਾਂ ਉਤੇ ਚੜ੍ਹ ਕੇ ਇੱਕ ਪਾਸੇ ਮੁਕੰਦਪੁਰ ਦਾ ਤਿੰਨ ਮੰਜ਼ਲਾ ਕਾਲਜ ਤੇ ਦੂਜੇ ਪਾਸੇ ਝੋਰੜਾਂ ਦਾ ਤੇਰਾਂ ਮੰਜ਼ਲਾ ਠਾਠ ਦਿਸ ਪੈਂਦਾ।

ਦੁਨੀਆਂ ਵਿੱਚ ਸਭ ਤੋਂ ਉੱਚੇ ਟੋਰਾਂਟੋ ਦੇ ਸੀ.ਐੱਨ.ਐੱਨ.ਟਾਵਰ `ਤੇ ਚੜ੍ਹਨ ਪਿੱਛੋਂ ਸਿਆਟਲ ਦੀ ਸਪੇਸ ਨੀਡਲ ਬਹੁਤ ਨੀਵੀਂ ਲੱਗੀ ਸੀ। ਪਰ ਹੇਠਾਂ ਧਰਤੀ ਨੂੰ ਵੇਖ ਕੇ ਮਨ `ਚ ਖਿਆਲ ਆਇਆ ਸੀ, ਜੇ ਹੇਠਾਂ ਡਿੱਗ ਪਈਏ ਫੇਰ? ਨਿਊਯਾਰਕ ਵਿੱਚ ਮੇਰੇ ਗਰਾਈਂ ਮੈਨੂੰ ਟ੍ਰੇਡ ਸੈਂਟਰ ਦੇ ਟਾਵਰਾਂ ਉਤੇ ਚੜ੍ਹਾਉਣ ਲੈ ਗਏ ਸਨ। ਕੁੱਝ ਦਿਨਾਂ ਬਾਅਦ ਮੈਂ ਬਰਮਿੰਘਮ ਚਲਾ ਗਿਆ ਸਾਂ। ਗਿਆਰਾਂ ਸਤੰਬਰ 2001 ਦੇ ਦਿਨ ਮੈਂ ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ ਦੇ ਦਫਤਰ ਵਿੱਚ ਬੈਠਾ ਸਾਂ ਜਦੋਂ ਖ਼ਬਰ ਮਿਲੀ ਕਿ ਨਿਊਯਾਰਕ ਦੇ ਟ੍ਰੇਡ ਟਾਵਰ ਜਹਾਜ਼ ਮਾਰ ਕੇ ਢਾਹ ਦਿੱਤੇ ਗਏ ਹਨ।

ਟੀ.ਵੀ.ਦੀ ਸਕਰੀਨ `ਤੇ ਸੜਦੇ ਟਾਵਰ ਵੇਖ ਕੇ ਮੈਂ ਸੋਚਣ ਲੱਗਾ, ਜੇ ਮੈਂ ਇੱਕ ਮਹੀਨਾ ਠਹਿਰ ਕੇ ਉਨ੍ਹਾਂ ਟਾਵਰਾਂ `ਤੇ ਚੜ੍ਹਦਾ ਤਾਂ ਮੇਰਾ ਕੀ ਬਣਦਾ? ਮੇਰੀ ਜੀਵਨ ਗਾਥਾ ਉਥੇ ਹੀ ਮੁੱਕ ਜਾਂਦੀ ਤੇ ਉਹਦੀ ਬਾਤ ਵੀ ਨਾ ਪੈਂਦੀ।

Additional Info

  • Writings Type:: A single wirting
Read 2909 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।