ਲੇਖ਼ਕ

Tuesday, 13 October 2009 19:40

30 - ਕਹਾਣੀ ਬੁੱਢੇ ਤੇ ਬੀਜ ਦੀ

Written by
Rate this item
(0 votes)

1975-76 ਦੀ ਗੱਲ ਹੈ। ਉਹਨੀਂ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਣਕ ਦਾ ਨਵਾਂ ਬੀਜ ਡਬਲਯੂ ਐੱਲ 711 ਕੱਢਿਆ ਸੀ। ਉਸ ਬਾਰੇ ਪ੍ਰਚਾਰ ਸੀ ਕਿ ਇਸ ਦੇ ਦਾਣੇ ਮੋਟੇ ਸ਼ਰਬਤੀ ਹਨ ਅਤੇ ਝਾੜ ਪੀਬੀ 18 ਤੇ ਕਲਿਆਣ ਤੋਂ ਵੱਧ ਹੈ। ਕੁਦਰਤੀ ਸੀ ਕਿ ਕਿਸਾਨ ਇਸ ਬੀਜ ਵੱਲ ਖਿੱਚੇ ਗਏ। ਮੈਂ ਉਹ ਬੀਜ ਵੱਡੀ ਮਾਤਰਾ ਵਿੱਚ ਹਾਸਲ ਕਰਨ ਦੀ ਕਲਪਨਾ ਕਰ ਗਿਆ ਜਿਵੇਂ 66-67 ਵਿੱਚ ਬੌਡਿਆਂ ਤੋਂ ਚਕਰ ਨੂੰ ਜਾਂਦੇ ਹੋਏ ਪੀਬੀ 18 ਕਣਕ ਦੇ ਬੀਜ ਦੀ ਕੀਤੀ ਸੀ। ਉਦੋਂ ਮੈਂ ਦਮਦਮਾ ਸਾਹਿਬ ਤੋਂ ਸਾਢੇ ਤਿੰਨ ਕੁਇੰਟਲ ਬੀਜ ਬੱਸ `ਤੇ ਲੱਦ ਲਿਆਇਆ ਸਾਂ ਜਿਸ ਨੇ ਸਾਡੇ ਖੇਤਾਂ ਦਾ ਝਾੜ ਦੁੱਗਣਾ ਕਰ ਦਿੱਤਾ ਸੀ। ਉਸ ਨਾਲ ਸਾਡੇ ਘਰ ਦੀ ਆਰਥਿਕ ਹਾਲਤ ਬਿਹਤਰ ਹੋ ਗਈ ਸੀ। ਉਹ ਬੀਜ ਲਿਆਉਣ ਬਾਰੇ ਬਾਅਦ ਵਿੱਚ ਮੈਂ ਇੱਕ ਕਹਾਣੀ ਲਿਖੀ ਸੀ ਜੀਹਦਾ ਨਾਂ ‘ਭਾਰ’ ਰੱਖਿਆ। ਇਸੇ ਤਰ੍ਹਾਂ ਇੱਕ ਕਹਾਣੀ ਡਬਲਯੂ ਐੱਲ 711 ਬੀਜ ਬਾਰੇ ਲਿਖੀ ਗਈ ਜਿਸ ਦਾ ਨਾਂ ‘ਬੁੱਢਾ ਤੇ ਬੀਜ’ ਰੱਖਿਆ ਗਿਆ।

ਮੈਨੂੰ ਐੱਮ.ਏ; ਬੀ.ਐੱਡ.ਕਰਾਉਣ ਉਤੇ ਘਰ ਦਿਆਂ ਦਾ ਕਾਫੀ ਖਰਚਾ ਹੋਇਆ ਸੀ। ਉਨ੍ਹਾਂ ਦਿਨਾਂ `ਚ ਇੱਕ ਸਾਧਾਰਨ ਪਰਿਵਾਰ ਦਾ ਆਪਣੇ ਮੁੰਡੇ ਨੂੰ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਉਣਾ ਸਾਧਾਰਨ ਗੱਲ ਨਹੀਂ ਸੀ। ਮੇਰਾ ਵੱਡਾ ਭਰਾ ਤਾਂ ਖੁਦ ਹੀ ਪੜ੍ਹਾਈ ਤੋਂ ਵਿਹਰ ਬੈਠਾ ਸੀ ਪਰ ਛੋਟਿਆਂ ਦੇ ਰਾਹ ਵਿੱਚ ਮੈਂ ਆ ਗਿਆ ਸਾਂ। ਘਰ ਦੇ ਕੀਹਨੂੰ ਕੀਹਨੂੰ ਪੜ੍ਹਾਈ ਜਾਂਦੇ? ਆਖ਼ਰ ਖੇਤੀ ਦਾ ਕੰਮ ਵੀ ਤਾਂ ਕਿਸੇ ਨੇ ਕਰਨਾ ਸੀ। ਮੈਂ ਮਹਿਸੂਸ ਕਰਦਾ ਸਾਂ ਕਿ ਮੇਰੀ ਪੜ੍ਹਾਈ `ਤੇ ਖਾਸਾ ਖਰਚ ਹੋਣ ਕਰਕੇ ਘਰ ਵਿੱਚ ਮੈਨੂੰ ਖਾਸੇ ਪੈਸੇ ਕਮਾ ਕੇ ਦੇਣੇ ਚਾਹੀਦੇ ਹਨ।

ਮੈਂ ਲੈਕਚਰਾਰ ਲੱਗ ਗਿਆ ਸਾਂ ਜਿਸ ਕਰਕੇ ਮੇਰਾ ਵਿਆਹ ਪੜ੍ਹੀ ਲਿਖੀ ਕੁੜੀ ਨਾਲ ਹੋ ਗਿਆ ਸੀ ਜੋ ਸਕੂਲ ਵਿੱਚ ਅਧਿਆਪਕਾ ਸੀ। ਨਾਲੇ ਚੋਪੜੀਆਂ ਨਾਲੇ ਦੋ ਦੋ ਵਾਲੀ ਗੱਲ ਸੀ। ਅਜਿਹੀ ਹਾਲਤ ਵਿੱਚ ਬਹੁਤੇ ਘਰਾਂ ਦੇ ਪੜ੍ਹੇ ਲਿਖੇ ਜੋੜੇ ਸਾਂਝੇ ਪਰਿਵਾਰ `ਚੋਂ ਅੱਡ ਹੋ ਜਾਂਦੇ ਹਨ ਪਰ ਅਸੀਂ ਅੱਡ ਨਾ ਹੋਏ। ਮੈਂ ਆਪਣੇ ਆਪ ਨੂੰ ਸਾਂਝੇ ਪਰਿਵਾਰ ਦਾ ਦੇਣਦਾਰ ਸਮਝਦਾ ਸਾਂ। ਮੇਰਾ ਬਾਪ ਤੇ ਮੇਰੇ ਭਰਾ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਸਨ। ਮੈਂ ਭਰਾਵਾਂ ਦੇ ਬਰਾਬਰ ਰਹਿਣਾ ਜਾਂ ਇਓਂ ਕਹਿ ਲਓ ਕਿ ਉਨ੍ਹਾਂ ਨੂੰ ਆਪਣੇ ਬਰਾਬਰ ਰੱਖਣਾ ਚਾਹੁੰਦਾ ਸਾਂ। ਇੱਕ ਭਰਾ ਨੂੰ ਮੈਂ ਆਪਣੇ ਕੋਲ ਹੀ ਕਾਲਜ ਵਿੱਚ ਪੜ੍ਹਨ ਲਾ ਲਿਆ ਤੇ ਐੱਮ.ਏ.ਕਰਾ ਦਿੱਤੀ। ਫਿਰ ਉਸ ਦਾ ਅਮਰੀਕਾ `ਚ ਵਿਆਹ ਕਰਵਾ ਦਿੱਤਾ ਤੇ ਉਹ ਸਾਰੇ ਭੈਣ ਭਰਾਵਾਂ ਨੂੰ ਹੀ ਅਮਰੀਕਨ ਬਣਾ ਕੇ ਅਗਲੇ ਪਿਛਲੇ ਭਾਰ ਲਾਹ ਗਿਆ। ਉਹ ਸਾਂਝੇ ਪਰਿਵਾਰ ਦਾ ਸਭ ਤੋਂ ਸਲੱਗ ਪੁੱਤਰ ਨਿਕਲਿਆ।

ਵਿਆਹ ਤੋਂ ਪਿੱਛੋਂ ਮੇਰੀ ਤਨਖਾਹ ਪੰਜ ਕੁ ਸੌ ਤੇ ਹਰਜੀਤ ਦੀ ਤਿੰਨ ਕੁ ਸੌ ਸੀ। ਉਹਨੀਂ ਦਿਨੀਂ ਅੱਠ ਸੌ ਰੁਪਏ ਬਹੁਤ ਹੁੰਦੇ ਸਨ। ਦੋ ਸੌ ਨੂੰ ਸਾਈਕਲ, ਦੋ ਰੁਪਏ ਦਾ ਪਊਆ ਤੇ ਦੋ ਹਜ਼ਾਰ ਨੂੰ ਕਿੱਲਾ ਜ਼ਮੀਨ ਆ ਜਾਂਦੀ ਸੀ। 1971 ਵਿੱਚ ਅਸੀਂ ਦਿਆਲਪੁਰੇ ਭਾਈ ਕੇ ਦੀ ਜ਼ਮੀਨ ਦੋ ਹਜ਼ਾਰ ਕਿੱਲੇ ਦੇ ਭਾਅ ਈ ਖਰੀਦੀ ਸੀ। ਅਸੀਂ ਸੰਜਮ ਨਾਲ ਅੱਧੀ ਤਨਖਾਹ ਆਪਣੇ ਉਤੇ ਖਰਚਦੇ ਤੇ ਅੱਧੀ ਸਾਂਝੇ ਘਰ `ਚ ਦੇ ਦਿੰਦੇ। ਵੱਖਰਾ ਬੱਚਤ ਖਾਤਾ ਅਸੀਂ ਕੋਈ ਨਹੀਂ ਸੀ ਖੋਲ੍ਹਿਆ। ਸਾਈਕਲ ਮੇਰੀ ਸਵਾਰੀ ਸੀ। ਮੈਂ ਸਾਈਕਲ `ਤੇ ਮੋਗੇ ਜਗਰਾਵਾਂ ਤੋਂ ਸੌਦਾ ਸੂਤ ਲੈ ਆਉਂਦਾ ਤੇ ਸਾਈਕਲ `ਤੇ ਈ ਪਤਨੀ ਤੇ ਪੁੱਤਰ ਨੂੰ ਬਹਾ ਕੇ ਸਕੀਰੀਆਂ `ਚ ਮਿਲ ਆਉਂਦਾ। ਸਕੂਟਰ ਤਾਂ ਮੈਂ 1986 ਵਿੱਚ ਜਾ ਕੇ ਲਿਆ। ਕਦੇ ਕਦੇ ਪਤਨੀ ਵੱਖਰੀ ਬੱਚਤ ਕਰਨ ਲਈ ਕਹਿੰਦੀ ਪਰ ਮੈਂ ਪਰਵਾਹ ਨਾ ਕਰਦਾ। ਮੇਰੇ ਸਿਰ `ਤੇ ਪੜ੍ਹਾਈ ਦੇ ਖਰਚੇ ਦਾ ਭਾਰ ਸੀ ਤੇ ਮੈਂ ਉਹ ਭਾਰ ਲਾਹ ਕੇ ਸੁਰਖੁਰੂ ਹੋਣਾ ਚਾਹੁੰਦਾ ਸਾਂ।

ਮੈਂ ਸਕੀਮਾਂ ਲਾਉਂਦਾ ਕਿ ਘਰ ਦੀ ਆਮਦਨ ਕਿਵੇਂ ਵਧੇ? ਮੈਂ ਖੇਤਾਂ `ਚ ਤਾਂ ਕੰਮ ਕਰ ਨਹੀਂ ਸਾਂ ਸਕਦਾ ਪਰ ਪੜ੍ਹਿਆ ਲਿਖਿਆ ਹੋਣ ਕਾਰਨ ਸਕੀਮਾਂ ਤਾਂ ਲਾ ਹੀ ਸਕਦਾ ਸਾਂ। ਜਦੋਂ ਮੈਂ ਦਿੱਲੀ ਲੈਕਚਰਾਰ ਲੱਗਾ ਤਾਂ ਮੇਰੀ ਸਕੀਮ ਨਾਲ ਫਰੀਦਾਬਾਦ ਤੋਂ ਪੰਜ ਹਾਰਸ ਪਾਵਰ ਦਾ ਏਅਰ ਕੂਲਡ ਇੰਜਣ ਲਿਆਂਦਾ ਗਿਆ ਸੀ ਜੋ ਮਿਸਤਰੀ ਅਮਰ ਸਿੰਘ ਨਾਲ ਸਾਂਝਾ ਸੀ। ਉਸ ਇੰਜਣ ਨੇ ਸਾਡੇ ਟਿਊਵੈੱਲ ਦਾ ਪਾਣੀ ਕੱਢਣ ਦੇ ਨਾਲ ਕਿਰਾਏ `ਤੇ ਵੀ ਕਾਫੀ ਕੰਮ ਕੀਤਾ। ਸਾਡੇ ਪਿੰਡ `ਚ ਉਹ ਪਹਿਲਾ ਇੰਜਣ ਸੀ ਜਿਸ ਦੀ ਰੀਸ ਨਾਲ ਫਿਰ ਹੋਰ ਕਈ ਇੰਜਣ ਆਏ।

1970 ਦੇ ਆਸ ਪਾਸ ਕੰਟਰੋਲ ਰੇਟ `ਤੇ ਟ੍ਰੈਕਟਰ ਬੜੀ ਮੁਸ਼ਕਲ ਨਾਲ ਮਿਲਦੇ ਸਨ। ਤੁਰਤ ਟ੍ਰੈਕਟਰ ਲੈਣ `ਚ ਕਈ ਹਜ਼ਾਰ ਦੀ ਬਲੈਕ ਦੇਣੀ ਪੈਂਦੀ ਸੀ। ਪੰਜਾਬ ਐਗਰੋ-ਇੰਡਸਟ੍ਰੀਜ਼ ਦੀ ਇੱਕ ਸਕੀਮ ਨਿਕਲੀ ਕਿ ਕਿਸਾਨਾਂ ਤੋਂ ਜ਼ਮੀਨ ਦੀ ਜਮ੍ਹਾਂਬੰਦੀ ਤੇ ਸੌ ਰੁਪਏ ਦੇ ਬੈਂਕ ਡਰਾਫਟ ਨਾਲ ਅਰਜ਼ੀਆਂ ਲੈ ਕੇ ਟ੍ਰੈਕਟਰਾਂ ਦੀ ਲਾਟਰੀ ਕੱਢੀ ਜਾਵੇਗੀ। ਮੈਂ ਅਖ਼ਬਾਰ ਪੜ੍ਹਿਆ ਤੇ ਸਾਰੇ ਰਿਸ਼ਤੇਦਾਰਾਂ ਦੀ ਜ਼ਮੀਨ ਦੀਆਂ ਜਮ੍ਹਾਂਬੰਦੀਆਂ ਲਾ ਕੇ, ਕੋਲੋਂ ਹਜ਼ਾਰ ਰੁਪਿਆ ਭਰ ਕੇ, `ਕੱਠੀਆਂ ਦਸ ਅਰਜ਼ੀਆਂ ਭੇਜ ਦਿੱਤੀਆਂ ਬਈ ਕੋਈ ਤਾਂ ਨਿਕਲੂ। ਉਹਨਾਂ `ਚੋਂ ਇੱਕ ਨਿਕਲ ਆਈ ਤੇ ਅਸੀਂ ਪੂਰਬੀ ਜਰਮਨੀ ਦਾ ਗਾਡਰਨੁਮਾ ਟ੍ਰੈਕਟਰ ਆਰ.ਐੱਸ.09 ਸਸਤੇ ਭਾਅ ਖਰੀਦ ਲਿਆ। ਉਸ ਟ੍ਰੈਕਟਰ ਨੇ ਸਾਡੇ ਖੇਤਾਂ ਦਾ ਤੇ ਟਰਾਲੀ ਦੇ ਕਿਰਾਏ ਦਾ ਬਹੁਤ ਕੰਮ ਕੀਤਾ। ਫਿਰ ਉਹ ਟ੍ਰੈਕਟਰ ਵਾਪਸ ਲੈ ਕੇ ਪੰਜਾਬ ਐਗਰੋ ਇੰਡਸਟ੍ਰੀਜ਼ ਨੇ ਜ਼ੀਟਰ 2511 ਟ੍ਰੈਕਟਰ ਉਸੇ ਭਾਅ ਦੇ ਦਿੱਤਾ ਜਿਸ ਦਾ ਸਾਨੂੰ ਬੜਾ ਫਾਇਦਾ ਹੋਇਆ। ਪੀਬੀ 18 ਕਣਕ ਦਾ ਬੀਜ ਲਿਆਉਣ ਦੀ ਕਹਾਣੀ ਤਾਂ ਮੈਂ ਦੱਸ ਈ ਚੁੱਕਾਂ। ਪਰਿਵਾਰ ਦੇ `ਕੱਠੇ ਰਹਿਣ ਕਰਕੇ ਸਾਡਾ ਕਿਰਸਾਣਾ ਕੰਮ ਤਰੱਕੀ ਦੇ ਰਾਹ ਪੈ ਗਿਆ ਤੇ ਅਸੀਂ ਹੋਰ ਜ਼ਮੀਨਾਂ ਖਰੀਦਣ ਲੱਗ ਪਏ। ਜੇ ਮੈਂ ਵਿਆਹ ਕਰਾ ਕੇ ਅੱਡ ਹੋ ਜਾਂਦਾ ਤਾਂ ਕਹਾਣੀ ਹੀ ਹੋਰ ਹੋਣੀ ਸੀ।

ਗੱਲ ਮੁੜ ਕੇ ਡਬਲਯੂ ਐੱਲ 711 ਬੀਜ ਦੀ ਕਰਦੇ ਹਾਂ। ਖੇਤੀਬਾੜੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਉਦੋਂ ਡਾ.ਮਹਿੰਦਰ ਸਿੰਘ ਰੰਧਾਵਾ ਸੀ। ਉਹਦੇ ਦਿਲ `ਚ ਜਸਵੰਤ ਸਿੰਘ ਕੰਵਲ ਦੀ ਬੜੀ ਕਦਰ ਸੀ। ਉਸ ਨੇ ਚੰਡੀਗੜ੍ਹ ਦਾ ਕਮਿਸ਼ਨਰ ਹੁੰਦਿਆਂ ਕੰਵਲ ਨੂੰ ਚੰਡੀਗੜ੍ਹ `ਚ ਪਲਾਟ ਦੇ ਦੇਣਾ ਸੀ ਪਰ ਕੰਵਲ ਨੇ ਆਪਣੇ ਪਿੰਡ ਵਿੱਚ ਰਹਿਣ ਨੂੰ ਹੀ ਤਰਜੀਹ ਦਿੱਤੀ ਸੀ। ਜੇ ਉਹ ਪਲਾਟ ਲੈ ਲੈਂਦਾ ਤਾਂ ਉਹ ਹੁਣ ਨੂੰ ਕਰੋੜਾਂ ਦਾ ਹੁੰਦਾ। ਇਹ ਵੱਖਰੀ ਗੱਲ ਹੈ ਕਿ ਚੰਡੀਗੜ੍ਹ `ਚ ਕੰਵਲ ਕਦੋਂ ਦਾ ਮੁਰਝਾ ਗਿਆ ਹੁੰਦਾ! ਪਿੰਡ ਢੁੱਡੀਕੇ `ਚ ਉਹ ਅਜੇ ਵੀ ਟਹਿਕ ਰਿਹੈ। ਪਹਿਲਾਂ ਉਹ ਚੁਰਾਸੀ ਸਾਲ ਜਿਉਂ ਕੇ ਚੁਰਾਸੀ ਕੱਟਣ ਨੂੰ ਕਹਿੰਦਾ ਹੁੰਦਾ ਸੀ। ਨੱਬਿਆਂ ਨੂੰ ਤਾਂ ਢੁੱਕ ਈ ਚੁੱਕੈ, ਹੁਣ ਡੀ.ਲਿੱਟ ਦੀ ਆਨਰੇਰੀ ਡਿਗਰੀ ਵੀ ਮਿਲ ਗਈ ਹੈ ਤੇ ਸ਼੍ਰੋਮਣੀ ਸਾਹਿਤਕਾਰ ਦਾ ਪੰਜ ਲੱਖਾ ਪੁਰਸਕਾਰ ਵੀ ਮਿਲ ਚੁੱਕੈ। ਲੱਗਦੈ ਸ਼ਾਇਦ ਸੈਂਚਰੀ ਈ ਮਾਰ ਜਾਵੇ ਤੇ ਹੋਰ ਵੀ ਵੱਡੇ ਇਨਾਮ ਨੂੰ ਜਾ ਹੱਥ ਪਾਵੇ!

ਬੀਜ ਵੰਡਣ ਤੋਂ ਕੁੱਝ ਦਿਨ ਪਹਿਲਾਂ ਮੈਂ ਕੰਵਲ ਸਾਹਿਬ ਦਾ ਰੁੱਕਾ ਲੈ ਕੇ ਰੰਧਾਵਾ ਸਾਹਿਬ ਨੂੰ ਜਾ ਮਿਲਿਆ। ਡਾ.ਰੰਧਾਵੇ ਦਾ ਜਵਾਬ ਸਿੱਧਾ ਸੀ, “ਇਕ ਬੰਦੇ ਨੂੰ ਚਾਰ ਕਿਲੋ ਦੀ ਇਕੋ ਥੈਲੀ ਮਿਲਣੀ ਐਂ। ਤੂੰ ਘਰ ਦੇ ਸਾਰੇ ਜੀਅ ਲਾਈਨ `ਚ ਲਾ ਦੇਈਂ ਤੇ ਵੱਧ ਥੈਲੀਆਂ ਲੈ ਜਾਈਂ।” ਉਸ ਨੇ ਰੁੱਕੇ ਦੀ ਲਾਜ ਵੀ ਰੱਖ ਲਈ ਸੀ ਤੇ ਆਪਣਾ ਅਸੂਲ ਵੀ ਨਹੀਂ ਸੀ ਤੋੜਿਆ। ਮੈਂ ਘਰੇ ਕਹਿ ਦਿੱਤਾ ਕਿ ਪਿੰਡੋਂ ਪੰਦਰਾਂ ਵੀਹ ਜਣੇ ਟਰਾਲੀ `ਚ ਲੁਧਿਆਣੇ ਚੱਲਾਂਗੇ ਤੇ ਬੀਜ ਦੀਆਂ ਪੰਦਰਾਂ ਵੀਹ ਥੈਲੀਆਂ ਲੈ ਕੇ ਮੁੜਾਂਗੇ। ਮੈਂ ਦਿਨ ਛਿਪੇ ਪਿੰਡ ਪੁੱਜਾ ਤਾਂ ਘਰ ਦਿਆਂ ਨੇ ਲੁਧਿਆਣੇ ਜਾਣ ਲਈ ਕਿਸੇ ਨੂੰ ਕਿਹਾ ਹੀ ਨਹੀਂ ਸੀ। ਉਲਟਾ ਕਹਿਣ ਲੱਗੇ, “ਜੇ ਸ਼ਰੀਕੇ `ਚ ਕਿਸੇ ਨੂੰ ਕਿਹਾ ਤਾਂ ਉਹਨੇ ਬੀ ਆਪ ਬੀਜ ਲੈਣਾ। ਆਪਾਂ ਨੂੰ ਕੀ ਫ਼ਾਇਦਾ?”

ਅਜੀਬ ਸਥਿਤੀ ਸੀ। ਸ਼ਰੀਕਾ ਭਾਈਚਾਰਾ ਕੰਮ ਨਹੀਂ ਸੀ ਆ ਸਕਦਾ। ਮੈਂ ਕਿਹਾ, “ਘਰ ਦੇ ਸਾਰੇ ਬੰਦੇ ਲੈ ਚੱਲੋ। ਦਿਹਾੜੀਏ ਲੈ ਚੱਲਦੇ ਆਂ। ਅਮਲੀਆਂ ਨੂੰ ਨਸ਼ਾ ਪੱਤਾ ਖੁਆ ਪਿਆ ਕੇ ਬਿਠਾ ਲੈਨੇ ਆਂ। ਪੰਦਰਾਂ ਵੀਹ ਜਣੇ ਤਾਂ ਹੋਣ। ਘੱਟੋ ਘਟ ਤਿੰਨ ਚਾਰ ਕਿੱਲੇ ਤਾਂ ਬੀਜੇ ਜਾਣ। ਫੇਰ ਦੇਖਿਓ ਬੀ ਕਿੰਨੇ ਦਾ ਵਿਕਦਾ? ਪੀਬੀ 18 ਦਾ ਤੁਸੀਂ ਦੇਖ ਈ ਲਿਐ। ਇਹ ਪੰਜਾਹ ਮਣ ਕਿੱਲੇ ਦਾ ਨਿਕਲੂ। ਵੀਹ ਕਿੱਲੋ ਦੀ ਥੈਲੀ ਪੰਜਾਹਾਂ ਦੀ ਵਿਕੂ।” ਮੇਰੀਆਂ ਸ਼ੇਖਚਿਲੀਆਂ ਸੁਣ ਕੇ ਉਹ ਹੱਸੀ ਜਾਣ ਤੇ ਕਹੀ ਜਾਣ, “ਕਿਤੇ ਪਊਆ ਤਾਂ ਨੀ ਲਾਇਆ ਹੋਇਐ?” ਲਾਇਆ ਮੇਰਾ ਹੋਇਆ ਈ ਸੀ। ਤਾਂ ਹੀ ਤਾਂ ਮੈਂ ਭੈਰਵੀ ਪੱਟੀ ਜਾਂਦਾ ਸੀ।

ਅੱਧੀ ਰਾਤ ਨੂੰ ਅਸੀਂ ਟਰਾਲੀ ਜੋੜੀ। ਵਿੱਚ ਪੰਜ ਜਣੇ ਘਰ ਦੇ ਬੈਠੇ, ਤਿੰਨ ਚਾਰ ਦਿਹਾੜੀਏ ਲਏ ਤੇ ਦੋ ਤਿੰਨ ਖਾਣ ਪੀਣ ਵਾਲੇ ਬਿਠਾਏ। ਅਸੀਂ ਪਹੁ ਫੁਟਦੀ ਨਾਲ ਯੂਨੀਵਰਸਿਟੀ ਦੇ ਇੱਕ ਹਾਤੇ ਵਿੱਚ ਜਾ ਉਤਰੇ। ਉਥੇ ਰਾਤ ਦੀਆਂ ਹੀ ਲਾਈਨਾਂ ਲੱਗੀਆਂ ਹੋਈਆਂ ਸਨ। ਕਈ ਪਰਨੇ ਵਿਛਾਈ ਥਾਂ ਰੋਕੀ ਪਏ ਸਨ। ਡਾ.ਰੰਧਾਵੇ ਦੀ ਇੱਕ ਬੰਦਾ ਇੱਕ ਥੈਲੀ ਵਾਲੀ ਗੱਲ ਦਾ ਪਹਿਲਾਂ ਹੀ ਸਾਰੇ ਪੰਜਾਬ ਵਿੱਚ ਢੰਡੋਰਾ ਫਿਰ ਗਿਆ ਸੀ। ਕਿਸਾਨ ਟਰਾਲੀਆਂ ਭਰ ਕੇ ਪਹੁੰਚੀ ਜਾਂਦੇ ਸਨ। ਉਥੇ ਬੰਦੇ `ਤੇ ਬੰਦਾ ਚੜ੍ਹਿਆ ਪਿਆ ਸੀ। ਸਾਡੇ ਕੁੱਝ ਬੰਦੇ ਜੰਗਲ ਪਾਣੀ ਜਾਣਾ ਚਾਹੁੰਦੇ ਸਨ ਪਰ ਮੈਂ ਕਹਿ ਰਿਹਾ ਸਾਂ, “ਪਹਿਲਾਂ ਲਾਈਨ `ਚ ਲੱਗੋ। ਫੇਰ ਦੇਖ ਲਾਂਗੇ ਜੰਗਲ ਪਾਣੀ ਵੀ। ਅੱਜ ਬੀ ਲੈਣ ਆਏ ਆਂ ਕਿ ਜੰਗਲ ਪਾਣੀ ਜਾਣ? ਜਿਥੇ ਦਾਅ ਲੱਗਦਾ ਖੜ੍ਹ-ਜੋ, ਮੈਂ ਚਾਹ ਲੈ ਕੇ ਆਉਨਾਂ।”

ਮੇਰੇ ਚਾਹ ਲਿਆਉਂਦੇ ਨੂੰ ਉਹ ਜ਼ਿਲਾ ਲੁਧਿਆਣੇ ਦੀ ਲਾਈਨ ਵਿੱਚ ਲੱਗ ਗਏ ਜੋ ਕਾਫੀ ਲੰਮੀ ਸੀ। ਉਹਦੇ ਨਾਲ ਹੀ ਜ਼ਿਲ੍ਹਾ ਫਰੀਦਕੋਟ ਦੀ ਲਾਈਨ ਕੁੱਝ ਛੋਟੀ ਸੀ। ਮੈਂ ਸੋਚਿਆ, “ਏਥੇ ਕਿਹੜਾ ਕਿਸੇ ਦੇ ਮੂੰਹ `ਤੇ ਲਿਖਿਐ ਬਈ ਕੋਈ ਕਿਥੋਂ ਦਾ ਐ? ਆਪਾਂ ਚਕਰ ਦੀ ਥਾਂ ਢੁੱਡੀਕੇ ਦਾ ਨਾਂ ਲੈ ਲਵਾਂਗੇ।” ਤੇ ਮੈਂ ਆਪਣੇ ਬੰਦਿਆਂ ਨੂੰ ਪਹਿਲਾਂ ਫਰੀਦਕੋਟ ਤੇ ਪਿੱਛੋਂ ਹੋਰ ਵੀ ਛੋਟੀ ਕਪੂਰਥਲੇ ਵਾਲੀ ਲਾਈਨ ਵਿੱਚ ਲਾ ਦਿੱਤਾ। ਨੌਂ ਵਜੇ ਤਾਕੀਆਂ ਖੁੱਲ੍ਹਣੀਆਂ ਤੇ ਪਰਚੀਆਂ ਕੱਟੀਆਂ ਜਾਣੀਆਂ ਸਨ। ਥੈਲੀਆਂ ਸਟੋਰ ਤੋਂ ਮਿਲਣੀਆਂ ਸਨ। ਭੀੜ ਬਹੁਤ ਸੀ। ਸਤੰਬਰ ਮਹੀਨੇ ਦਾ ਹੁੰਮਸ ਭਰਿਆ ਦਿਨ ਸੀ। ਪਸ਼ੂਆਂ ਵਾਲੇ ਹਾਤੇ `ਚ ਪੰਜਾਬ ਦੇ ਅਗਾਂਹਵਧੂ ਕਿਸਾਨ ਡੰਗਰਾਂ ਵਾਂਗ ਹੀ ਡੱਕੇ ਹੋਏ ਸਨ। ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਕਈ ਕਿਸਾਨ ਪਸ਼ੂਆਂ ਦੀ ਖੇਲ `ਚੋਂ ਪਾਣੀ ਪੀ ਰਹੇ ਸਨ। ਮੇਰਾ ਕੰਮ ਲਾਈਨਾਂ ਦਾ ਜਾਇਜ਼ਾ ਲੈਣਾ, ਆਪਣੇ ਬੰਦਿਆਂ ਨੂੰ ਚਾਹ ਪਾਣੀ ਦੇਣਾ ਤੇ ਬੀਜ ਹਾਸਲ ਕਰਨ ਦੀ ਕੋਈ ਚੋਰ ਮੋਰੀ ਲੱਭਣਾ ਸੀ।

ਸਿਤਮ ਦੀ ਗੱਲ ਇਹ ਹੋਈ ਕਿ ਤਾਕੀਆਂ ਖੁੱਲ੍ਹਣ ਤੋਂ ਪਹਿਲਾਂ ਹੀ ਲਾਈਨਾਂ ਵਿੱਚ ਧੱਕਾ ਪੈਣਾ ਸ਼ੁਰੂ ਹੋ ਗਿਆ। ਜਿਹੜੇ ਕਿਸਾਨ ਰਾਤ ਨੂੰ ਹੀ ਲਾਈਨਾਂ ਵਿੱਚ ਆ ਲੱਗੇ ਸਨ ਉਹ ਅਨੀਂਦਰੇ ਵੀ ਸਨ ਤੇ ਭੁੱਖੇ ਤਿਹਾਏ ਵੀ ਸਨ। ਉਨ੍ਹਾਂ ਨੂੰ ਜੰਗਲ ਪਾਣੀ ਦੀ ਵੀ ਹਾਜਤ ਸੀ। ਜਿਹੜੇ ਦਿਨ ਚੜ੍ਹੇ ਆਏ ਸਨ ਉਹ ਤਾਜ਼ਾ ਦਮ ਸਨ। ਤਾਜ਼ਾ ਦਮ ਬੰਦਿਆਂ ਨੂੰ ਧੱਕਾ ਪੁੱਗਦਾ ਸੀ। ਉਹ ਲਾਈਨਾਂ ਵਿੱਚ ਸਭ ਤੋਂ ਪਿੱਛੇ ਸਨ। ਉਹ `ਕੱਠੇ ਹੋ ਕੇ ਜ਼ੋਰ ਦਾ ਧੱਕਾ ਮਾਰਦੇ ਜਿਸ ਨਾਲ ਬਾਰੀਆਂ ਮੂਹਰਲੇ ਬੰਦੇ ਬਾਹਰ ਜਾ ਡਿੱਗਦੇ ਤੇ ਕਪੜੇ ਝਾੜ ਕੇ ਜੰਗਲ ਪਾਣੀ ਲਈ ਖੇਤਾਂ ਵੱਲ ਹੋ ਤੁਰਦੇ। ਤਕੜੇ ਦਾ ਸੱਤੀਂ ਵੀਹੀਂ ਸੌ ਸੀ। ਸਾਡੇ ਬੰਦੇ ਧੱਕਮਧੱਕੇ `ਚ ਲੁਧਿਆਣੇ ਵਾਲੀ ਲਾਈਨ `ਚ ਕਾਫੀ ਮੂਹਰੇ ਆ ਲੱਗੇ ਸਨ ਤੇ ਪੈਰ ਜਮਾਈ ਖੜ੍ਹੇ ਸਨ। ਮੈਂ ਉਨ੍ਹਾਂ ਨੂੰ ਸ਼ਾਬਾਸ਼ੇ ਦਿੱਤੀ ਤੇ ਆਪ ਵੀ ਉਹਨਾਂ ਵਿੱਚ ਈ ਫਸ ਗਿਆ। ਪੱਗ ਉਤੋਂ ਦੀ ਠਾਠੀ ਬੰਨ੍ਹ ਲਈ ਬਈ ਆਪ ਭਾਵੇਂ ਡਿੱਗ ਪਈਏ ਪਰ ਪੱਗ ਨਾ ਡਿੱਗੇ!

ਜਦੋਂ ਧੱਕੇ ਰੁਕੇ ਈ ਨਾ ਤਾਂ ਘੋੜਿਆਂ ਵਾਲੀ ਪੁਲਿਸ ਮੰਗਾਈ ਗਈ। ਪੁਲਿਸ ਨੇ ਘੋੜੇ ਫੇਰ ਕੇ ਲਾਈਨਾਂ ਸਿੱਧੀਆਂ ਕੀਤੀਆਂ ਤੇ ਧੱਕੇ ਪੈਣੇ ਬੰਦ ਹੋ ਗਏ। ਜਿਥੇ ਮੈਂ ਅੜਿਆ ਖੜ੍ਹਾ ਸਾਂ ਮੇਰੇ ਬਰਾਬਰ ਹੀ ਨਾਲ ਦੀ ਲਾਈਨ ਵਿੱਚ ਇੱਕ ਬਜ਼ੁਰਗ ਫਸਿਆ ਖੜ੍ਹਾ ਸੀ। ਉਹ ਸੱਤਰ ਅੱਸੀ ਸਾਲ ਦਾ ਬਿਰਧ ਸੀ ਜਿਸ ਨੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਲਾਈ ਹੋਈ ਸੀ। ਉਸ ਨੇ ਦੱਸਿਆ ਕਿ ਇੱਕ ਵਾਰ ਤਾਂ ਉਹ ਧੱਕੇ ਨਾਲ ਡਿੱਗ ਵੀ ਪਿਆ ਸੀ ਪਰ ਹੌਂਸਲਾ ਕਰ ਕੇ ਫੇਰ ਲਾਈਨ ਵਿੱਚ ਆ ਲੱਗਾ ਸੀ। ਧੰਨ ਸੀ ਉਹ ਸਿਰੜੀ ਬਾਬਾ ਜਿਹੜਾ ਜੁਆਨਾਂ ਦੇ ਧੱਕਿਆਂ ਵਿੱਚ ਵੀ ਡਟਿਆ ਖੜ੍ਹਾ ਸੀ। ਮੈਨੂੰ ਉਹਦੀ ਹਾਲਤ `ਤੇ ਤਰਸ ਆ ਰਿਹਾ ਸੀ ਪਰ ਮੈਂ ਕਰ ਕੁੱਝ ਨਹੀਂ ਸਾਂ ਸਕਦਾ। ਸਾਰਿਆਂ ਨੂੰ ਆਪੋ ਆਪਣੀ ਪਈ ਹੋਈ ਸੀ।

ਮੈਂ ਖੜ੍ਹਾ ਖੜ੍ਹਾ ਸੋਚਣ ਲੱਗਾ ਕਿ ਬਾਬਾ ਸਿਵਿਆਂ ਨੂੰ ਜਾਣ ਵਾਲਾ ਹੈ ਤੇ ਉਹਨੇ ਨਵੇਂ ਬੀਜ ਦਾ ਕੀ ਕਰਨਾ ਹੈ? ਉਹਦੇ ਕਪੜੇ ਘਸਮੈਲੇ ਸਨ, ਮੋਢੇ ਝੋਲਾ ਸੀ, ਦਾੜ੍ਹੀ ਬੱਗੀ ਸੀ ਤੇ ਜਟੂਰੀਆਂ ਪੱਗ ਦੇ ਪੇਚਾਂ `ਚੋਂ ਬਾਹਰ ਨਿਕਲੀਆਂ ਹੋਈਆਂ ਸਨ। ਆਸੇ ਪਾਸੇ ਖੜ੍ਹੇ ਬੰਦੇ ਮਸ਼ਗੂਲੇ ਕਰ ਰਹੇ ਸਨ ਕਿ ਇਹਨੇ ਮੁੰਡੇ ਨੂੰ ਨੀ ਆਉਣ ਦਿੱਤਾ ਹੋਣਾ ਬਈ ਉਹਨੂੰ ਨਵੇਂ ਬੀਜ ਦਾ ਕੀ ਪਤਾ? ਨਾਲੇ ਕਹਿੰਦਾ ਹੋਊ ਬਈ ਮੁੰਡਾ ਪੈਸੇ ਬਾਹਲੇ ਖਰਚਦੂ। ਕੋਈ ਕਾਨਾਫੂਸੀ ਕਰਦਾ, “ਬਾਬੇ ਦਾ ਵੀ ਚਿੱਤ ਕਰਦਾ ਹੋਣਾ ਲੁਧਿਆਣੇ ਦੀ ਯੂਨੀਵਰਸਿਟੀ ਦੇਖਣ ਨੂੰ। ਲੈ ਲਵੇ ਸੁਆਦ ਹੁਣ ਯੂਨੀਵਰਸਿਟੀ ਦੇਖਣ ਦਾ!” ਪਰ ਮੈਨੂੰ ਬਾਬੇ ਉਤੇ ਤਰਸ ਆ ਰਿਹਾ ਸੀ। ਉਹਦੀਆਂ ਅੱਖਾਂ ਵਿੱਚ ਬੇਵਸੀ ਸੀ।

ਉਦੋਂ ਈ ਪਤਾ ਲੱਗਾ ਜਦੋਂ ਫੇਰ ਜ਼ੋਰ ਦਾ ਧੱਕਾ ਪਿਆ। ਬਾਬਾ ਲਾਈਨ `ਚੋਂ ਨਿਕਲ ਕੇ ਗੋਡਣੀਏਂ ਜਾ ਡਿੱਗਾ। ਉਹਦੀ ਐਨਕ ਵੀ ਡਿੱਗ ਪਈ। ਉਸ ਨੇ ਜ਼ਮੀਨ `ਤੇ ਹੱਥ ਫੇਰ ਕੇ ਐਨਕ ਲੱਭ ਲਈ ਤੇ ਪਰਨੇ ਨਾਲ ਝਾੜ ਕੇ ਅੱਖਾਂ ਉਤੇ ਲਾ ਲਈ। ਮੈਂ ਉਸ ਨੂੰ ਉਠਾਉਣ ਵਿੱਚ ਮਦਦ ਕੀਤੀ ਤਾਂ ਉਸ ਨੇ ਮੁੜ ਲਾਈਨ ਵਿੱਚ ਲੱਗਦਿਆਂ ਪੁੱਛਿਆ, “ਜੁਆਨਾਂ, ਫਰੀਦਕੋਟ ਆਲੀ ਲੈਨ ਏਹੋ ਈ ਐ ਨਾ?” ਮੈਂ ਆਖਿਆ, “ਲਾਈਨ ਤਾਂ ਬਾਬਾ ਏਹੋ ਐ ਪਰ ਮੈਨੂੰ ਨਹੀਂ ਲੱਗਦਾ ਤੁਸੀਂ ਸਿਰੇ ਲੱਗੋਂਗੇ। ਅਜੇ ਧੱਕੇ ਹੋਰ ਵੀ ਪੈਣਗੇ।” ਬਾਬਾ ਬੋਲਿਆ, “ਇਹ ਗੱਲ ਤੂੰ ਮੇਰੇ `ਤੇ ਛੱਡ ਦੇ, ਬੀ ਮੈਂ ਲੈ ਕੇ ਈ ਮੁੜੂੰ।” ਮੈਂ ਮਨ `ਚ ਕਿਹਾ, “ਮੰਨ ਗਏ ਬਾਬਾ ਤੈਨੂੰ ਵੀ!”

ਘੋੜਿਆਂ ਵਾਲੀ ਪੁਲਿਸ ਦੇ ਪਾਸੇ ਹਟਣ ਦੀ ਦੇਰ ਸੀ ਕਿ ਭੀੜ ਵਿੱਚ ਫਿਰ ਆਪਾ ਧਾਪੀ ਪੈ ਗਈ। ਧੱਕਿਆਂ ਦੇ ਮਾਰੇ ਕਈ ਕਮਜ਼ੋਰ ਲਾਈਨਾਂ `ਚੋਂ ਨਿਕਲ ਗਏ ਤੇ ਕਈ ਜ਼ੋਰਾਵਰ ਲਾਈਨਾਂ `ਚ ਆ ਲੱਗੇ। ਤਾਕੀਆਂ ਖੁੱਲ੍ਹੀਆਂ ਤਾਂ ਕਈ ਪਰਚੀਆਂ ਲੈ ਗਏ ਤੇ ਕਈ ਰਹਿ ਗਏ। ਸਾਡੇ ਬੰਦਿਆਂ `ਚੋਂ ਦਿਹਾੜੀਏ ਤੇ ਖਾਣ ਪੀਣ ਵਾਲੇ ਧੱਕੇ ਖਾ ਕੇ ਬਾਹਰ ਜਾ ਬੈਠੇ ਪਰ ਅਸੀਂ ਘਰ ਦੇ ਬੰਦੇ ਅੜੇ ਰਹੇ ਤੇ ਥੈਲੀਆਂ ਲੈ ਗਏ। ਮੈਂ ਥੈਲੀਆਂ ਕੋਲ ਬੈਠ ਗਿਆ ਤੇ ਦੂਜਿਆਂ ਨੂੰ ਮੁੜ ਲਾਈਨ `ਚ ਲਾ ਦਿੱਤਾ। ਦੂਜਾ ਗੇੜਾ ਕਾਮਯਾਬ ਹੋਇਆ ਤਾਂ ਮੈਂ ਤੁਰਤ ਈ ਤੀਜਾ ਗੇੜਾ ਲਾਉਣ ਨੂੰ ਕਿਹਾ। ਗੇੜੇ ਲਾਉਣ ਵਾਲੇ ਮੁੜ੍ਹਕੋ ਮੁੜ੍ਹਕੀ ਹੋਏ ਪਏ ਸਨ ਤੇ ਉਨ੍ਹਾਂ ਦਾ ਬੁਰਾ ਹਾਲ ਸੀ। ਮੈਨੂੰ ਇੱਕ ਇਕ ਥੈਲੀ `ਚੋਂ ਹਜ਼ਾਰ ਹਜ਼ਾਰ ਰੁਪਏ ਦਾ ਬੀਜ ਉਗਦਾ ਦਿਸ ਰਿਹਾ ਸੀ। ਮੇਰੇ ਭਰਾ ਫਿਰ ਲਾਈਨ ਵਿੱਚ ਜਾ ਲੱਗੇ ਸਨ। ਦਿਲ ਛੱਡੀ ਬੈਠੇ ਦਿਹਾੜੀਆਂ ਵੱਲ ਵੇਖ ਕੇ ਮੈਨੂੰ ਉਹ ਕਥਨ ਫਿਰ ਯਾਦ ਆ ਰਿਹਾ ਸੀ, “ਭਾੜੇ ਦੀਆਂ ਫੌਜਾਂ ਨਹੀਂ ਲੜਦੀਆਂ ਹੁੰਦੀਆਂ।”

ਮੈਂ ਬੀਜ ਲੈਣ ਦੀ ਇੱਕ ਚੋਰ ਮੋਰੀ ਵੀ ਲੱਭ ਲਈ ਸੀ ਜਿਥੋਂ ਮਹਿੰਗੇ ਭਾਅ ਛੇ ਥੈਲੀਆਂ ਮਿਲੀਆਂ। ਪੰਦਰਾਂ ਥੈਲੀਆਂ ਧੱਕੇ ਖਾ ਕੇ ਹੱਥ ਆਈਆਂ। ਕੁਲ ਇੱਕੀ ਥੈਲੀਆਂ ਹੋ ਗਈਆਂ ਸਨ। ਬਾਬੇ ਦਾ ਮੈਨੂੰ ਪਤਾ ਨਾ ਲੱਗਾ ਕਿ ਉਹ ਕੋਈ ਥੈਲੀ ਲੈ ਸਕਿਆ ਜਾਂ ਨਹੀਂ। ਕਿਤੇ ਦਿਸ ਪੈਂਦਾ ਤਾਂ ਮੈਂ ਇੱਕ ਥੈਲੀ ਜ਼ਰੂਰ ਉਸ ਨੂੰ ਦੇ ਦਿੰਦਾ ਤੇ ਉਸ ਦੇ ਸਿਰੜ ਨੂੰ ਵੀ ਸਲਾਮ ਆਖਦਾ। ਆਪੋ ਧਾਪੀ `ਚ ਉਹ ਮੈਨੂੰ ਭੁੱਲ ਈ ਗਿਆ ਸੀ। ਰਸਤੇ ਵਿੱਚ ਅਸੀਂ ਉਨ੍ਹਾਂ ਖੇਤਾਂ ਦੀ ਨਿਸ਼ਾਨਦੇਹੀ ਕਰਦੇ ਆਏ ਜਿਨ੍ਹਾਂ ਵਿੱਚ ਇਹ ਨਵਾਂ ਬੀਜ ਬੀਜਣਾ ਸੀ। ਦੋ ਕਿੱਲੇ ਚਕਰ ਬੀਜੇ, ਇੱਕ ਕਿੱਲਾ ਦਿਆਲਪੁਰੇ ਤੇ ਤਿੰਨ ਥੈਲੀਆਂ ਮੈਂ ਕੋਠੇ ਫੁੱਫੜ ਹੋਰਾਂ ਨੂੰ ਬੀਜਣ ਲਈ ਦੇ ਆਇਆ। ਸਾਰੇ ਥਾਈਂ ਬਹੁਤ ਵਧੀਆ ਝਾੜ ਨਿਕਲਿਆ ਜਿਸ ਨਾਲ ਬੀਜ ਵੇਚਣ ਦੀਆਂ ਲਹਿਰਾਂ ਬਹਿਰਾਂ ਹੋ ਗਈਆਂ।

ਇਕ ਦਿਨ ਉਹੀ ਬਾਬਾ ਸਾਡੇ ਘਰੋਂ ਬੀਜ ਲੈਣ ਆ ਗਿਆ ਜਿਹੜਾ ਲੁਧਿਆਣੇ ਲਾਈਨਾਂ ਵਿੱਚ ਧੱਕੇ ਖਾ ਬੈਠਾ ਸੀ। ਮੈਂ ਉਹਦਾ ਮੁਹਾਂਦਰਾ ਪਛਾਣ ਲਿਆ ਤੇ ਕਿਹਾ, “ਤੁਸੀਂ ਤਾਂ ਬਾਬਾ ਪਿਛਲੇ ਸਾਲ ਈ ਇਹ ਬੀ ਲੈ ਆਏ ਸੀ …।” ਉਹ ਮੇਰੀ ਗੱਲ ਦੇ ਵਿਚੋਂ ਈ ਬੋਲਿਆ, “ਪਿਛਲੇ ਸਾਲ ਮੈਂ ਹੱਠ ਤਾਂ ਬਥੇਰਾ ਕੀਤਾ ਪਰ ਬੁੱਢਾ ਸਰੀਰ ਜੋਰਾਵਰਾਂ ਦੇ ਧੱਕੇ ਨਾ ਝੱਲ ਸਕਿਆ। ਧੱਕਿਆਂ `ਚ ਮੇਰਾ ਝੋਲਾ ਵੀ ਗੁਆਚ ਗਿਆ ਜੀਹਦੇ `ਚ ਬੀ ਜੋਗੇ ਪੈਸੇ ਸੀ। ਜ਼ੋਰ ਤਾਂ ਬਥੇਰਾ ਲਾਇਆ ਪਰ ਮੈਂ ਬੀ ਨੀ ਲੈ ਸਕਿਆ। ਹੁਣ ਜਦੋਂ ਫੇਰ ਯੂਨੀਵਰਸਿਟੀ ਨੇ ਨਵਾਂ ਬੀ ਕੱਢਿਆ ਤਾਂ ਉਹ ਜਰੂਰ ਲੈ ਕੇ ਰਹੂੰ।”

ਕਿੰਨੇ ਹੀ ਦਿਨ ਉਹ ਬਾਬਾ ਮੇਰੇ ਮਨ `ਤੇ ਹੈਮਿੰਗਵੇ ਦੇ ਨਾਵਲ ‘ਬੁੱਢਾ ਤੇ ਸਮੁੰਦਰ’ ਦੇ ਨਾਇਕ ਵਾਂਗ ਛਾਇਆ ਰਿਹਾ। ਫਿਰ ਉਸ ਬਾਬੇ ਬਾਰੇ ਮੈਂ ਕਹਾਣੀ ਲਿਖੀ ਜੀਹਦਾ ਨਾਂ ‘ਬੁੱਢਾ ਤੇ ਬੀਜ’ ਰੱਖਿਆ ਤੇ ਉਹ ‘ਆਰਸੀ’ ਵਿੱਚ ਛਪੀ।

Additional Info

  • Writings Type:: A single wirting
Read 4450 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।