ਲੇਖ਼ਕ

Tuesday, 13 October 2009 09:38

12 - ਕੈਂਪਾਂ ਦਾ ਤਜਰਬਾ

Written by
Rate this item
(0 votes)

ਫਾਜ਼ਿਲਕਾ ਕਾਲਜ ਵਿੱਚ ਪੜ੍ਹਦਿਆਂ ਮੈਨੂੰ ਪੰਜਾਬ ਯੂਨੀਵਰਸਿਟੀ ਦੇ ਹਾਕੀ ਕੋਚਿੰਗ ਕੈਂਪ ਅਤੇ ਹਾਈਕਿੰਗ ਟ੍ਰੈਕਿੰਗ ਟੂਰ ਲਾਉਣ ਦੇ ਮੌਕੇ ਮਿਲੇ। ਇਓਂ ਮੇਰਾ ਬਾਹਰਲੇ ਕਾਲਜਾਂ ਦੇ ਮੁੰਡਿਆਂ ਨਾਲ ਮੇਲ ਜੋਲ ਹੋਇਆ ਤੇ ਬਾਹਰਲੀ ਦੁਨੀਆ ਦਿਸੀ। ਘਰੋਂ, ਪਿੰਡੋਂ ਤੇ ਆਪਣੇ ਦਾਇਰੇ `ਚੋਂ ਨਿਕਲਣ ਨਾਲ ਵਿਦਿਆਰਥੀ ਵਧੇਰੇ ਕੁੱਝ ਸਿੱਖਣ ਤੇ ਆਤਮ ਨਿਰਭਰ ਹੋਣ ਲੱਗਦੇ ਹਨ। ਜਿਹੜੇ ਇਕੋ ਥਾਂ ਬੈਠੇ ਜਾਂ ਇਕੋ ਜਗ੍ਹਾ ਰਹੀ ਜਾਂਦੇ ਹੋਣ ਉਨ੍ਹਾਂ ਦਾ ਜੀਵਨ ਅਨੁਭਵ ਸੀਮਤ ਰਹਿ ਜਾਂਦਾ ਹੈ। ਖੂਹ ਦੇ ਡੱਡੂ ਦੀ ਮਿਸਾਲ ਇਸੇ ਪਰਸੰਗ ਵਿੱਚ ਦਿੱਤੀ ਜਾਂਦੀ ਹੈ।

ਜਦੋਂ ਇਤਿਹਾਸ `ਤੇ ਨਜ਼ਰ ਮਾਰੀਦੀ ਹੈ ਤਾਂ ਪਤਾ ਲੱਗਦੈ ਕਿ ਉਹੀ ਬੰਦੇ ਵਧੇਰੇ ਕਾਮਯਾਬ ਹੋਏ ਜਿਹੜੇ ਘਰੋਂ ਬਾਹਰ ਨਿਕਲੇ ਤੇ ਦੂਰ ਦੁਰਾਡੀਆਂ ਥਾਂਵਾਂ ਤਕ ਪਹੁੰਚੇ। ਘਰੋਂ ਉੱਠ ਕੇ ਧਾਵੇ ਕਰਨ ਵਾਲਿਆਂ ਨੇ ਹੀ ਹਿੰਦੋਸਤਾਨ ਉਤੇ ਸਦੀਆਂ-ਬੱਧੀ ਰਾਜ ਕੀਤਾ। ਅੰਗਰੇਜ਼ ਘਰੋਂ ਨਿਕਲੇ ਤੇ ਇੱਕ ਸਮੇਂ ਉਨ੍ਹਾਂ ਦੇ ਰਾਜ ਵਿੱਚ ਸੂਰਜ ਨਹੀਂ ਸੀ ਛਿਪਦਾ। ਕੋਲੰਬਸ ਨੇ ਸਮੁੰਦਰ `ਚ ਬੇੜਾ ਠੇਲ੍ਹ ਕੇ ਹੀ ਅਮਰੀਕਾ ਵਰਗਾ ਮੁਲਕ ਲੱਭਿਆ ਸੀ।

ਸਤੰਬਰ 1960 ਵਿੱਚ ਪੰਜਾਬ ਯੂਨੀਵਰਸਿਟੀ ਦੇ ਕਾਲਜਾਂ `ਚੋਂ ਚੋਣਵੇਂ ਹਾਕੀ ਖਿਡਾਰੀਆਂ ਤੇ ਅਥਲੀਟਾਂ ਦਾ ਇੱਕ ਕੋਚਿੰਗ ਕੈਂਪ ਗੌਰਮਿੰਟ ਕਾਲਜ ਲੁਧਿਆਣੇ ਲੱਗਾ। ਫਾਜ਼ਿਲਕਾ ਕਾਲਜ ਤੋਂ ਮੈਂ ਤੇ ਰਾਮ ਸਿੰਘ ਕੈਂਪ ਲਈ ਚੁਣੇ ਗਏ। ਮੈਂ ਹਾਕੀ ਲਈ ਤੇ ਰਾਮ ਸਿੰਘ ਅਥਲੈਟਿਕਸ ਲਈ। ਉਂਜ ਅਸੀਂ ਦੋਵੇਂ ਹਾਕੀ ਵੀ ਖੇਡਦੇ ਸਾਂ ਤੇ ਅਥਲੈਟਿਕਸ ਵੀ ਕਰਦੇ ਸਾਂ। ਸਾਡੇ ਕਾਲਜ ਦੀ ਹਾਕੀ ਟੀਮ ਦਾ ਪਹਿਲਾ ਮੈਚ ਨਵੇਂ ਬਣੇ ਗੌਰਮਿੰਟ ਕਾਲਜ ਮੁਕਤਸਰ ਦੀ ਟੀਮ ਨਾਲ ਹੋਇਆ ਕਰਦਾ ਸੀ।

ਉਦੋਂ ਮੁਕਤਸਰ ਦਾ ਸਰਕਾਰੀ ਕਾਲਜ ਗੁਰਦਵਾਰਾ ਟਿੱਬੀ ਸਾਹਿਬ ਵੱਲ ਸੀ। ਉਹਦੇ ਨਾਲ ਦੀ ਸੂਆ ਲੰਘਦਾ ਸੀ। ਜਦੋਂ ਮੈਚ ਦੀ ਤਰੀਕ ਦਾ ਪਤਾ ਲੱਗਦਾ ਤਾਂ ਮੁਕਤਸਰੀਏ ਦੋ ਦਿਨ ਪਹਿਲਾਂ ਹਾਕੀ ਦੇ ਗਰਾਊਂਡ ਨੂੰ ਪਾਣੀ ਲਾ ਦਿੰਦੇ। ਅਸੀਂ ਰੜੇ ਮੈਦਾਨ `ਤੇ ਖੇਡਦੇ ਹੋਣ ਕਾਰਨ ਘਾਹ ਵਾਲੇ ਸਿੱਲ੍ਹੇ ਮੈਦਾਨ ਉਤੇ ਹਾਰ ਜਾਂਦੇ। ਉਦੋਂ ਮੁਕਤਸਰ ਕਾਲਜ ਦੇ ਪ੍ਰਿੰਸੀਪਲ, ਬਾਅਦ ਵਿੱਚ ਸਿੱਖ ਮਹਾਨਕੋਸ਼ ਤਿਆਰ ਕਰਨ ਵਾਲੇ ਪ੍ਰੋ.ਹਰਬੰਸ ਸਿੰਘ ਸਨ। ਅਸੀਂ ਰੇਲ ਗੱਡੀ `ਤੇ ਆਉਂਦੇ ਸਾਂ ਜਿਸ ਵਿੱਚ ਕਈ ਮੁੰਡੇ ਬੇਟਿਕਟਾ ਸਫਰ ਕਰ ਜਾਂਦੇ। ਇੱਕ ਵਾਰ ਫੁਟਬਾਲ ਦਾ ਸਾਡਾ ਟੁੰਡਾ ਖਿਡਾਰੀ ਰਾਤ ਦੇ ਹਨ੍ਹੇਰੇ ਵਿੱਚ ਟੀਟੀ ਮੂਹਰੇ ਭੱਜਦਾ ਸਿਗਨਲ ਦੀਆਂ ਤਾਰਾਂ `ਚ ਅੜਕ ਕੇ ਡਿੱਗ ਪਿਆ। ਟੀਟੀ ਦੇ ਹੱਥ ਟੁੰਡੀ ਬਾਂਹ ਹੀ ਆ ਗਈ। ਟੁੰਡੇ ਨੇ ਕਿਹਾ, “ਹਾਏ, ਮੇਰੀ ਬਾਂਹ ਦੁਖਾਤੀ।” ਟੀਟੀ ਤੋਂ ਸਹਿ ਸੁਭਾਅ ਬਾਂਹ ਛੱਡੀ ਗਈ। ਟੁੰਡਾ ਫਿਰ ਦੌੜ ਗਿਆ ਤੇ ਮੁੜ ਕੇ ਹੱਥ ਨਾ ਆਇਆ।

ਲੁਧਿਆਣੇ ਦੇ ਕੋਚਿੰਗ ਕੈਂਪ ਵਿੱਚ ਹਾਕੀ ਤੇ ਅਥਲੈਟਿਕਸ ਦੇ ਪੰਜਾਹ ਕੁ ਮੁੰਡੇ ਸਨ। ਵਧੇਰੇ ਮੁੰਡੇ ਖਾਲਸਾ ਕਾਲਜ ਅੰਮ੍ਰਿਤਸਰ, ਮਹਿੰਦਰਾ ਕਾਲਜ ਪਟਿਆਲਾ ਤੇ ਡੀ.ਏ.ਵੀ.ਕਾਲਜ ਜਲੰਧਰ ਦੇ ਸਨ। ਸਾਡਾ ਟਿਕਾਣਾ ਪੁਰਾਣੇ ਹੋਸਟਲ ਵਿੱਚ ਸੀ ਜਿਸ ਦੇ ਖੁੱਲ੍ਹੇ ਕਮਰਿਆਂ ਵਿੱਚ ਕਈ ਕਈ ਮੰਜੇ ਡਹਿ ਗਏ। ਹਾਕੀ ਦਾ ਮੈਦਾਨ ਹੋਸਟਲ ਦੇ ਮੂਹਰੇ ਹੀ ਸੀ ਜਿਸ ਦੇ ਚੌਹਾਂ ਕੋਨਿਆਂ ਉਪਰ ਬੋਰਡਾਂ `ਤੇ ਲਿਖਿਆ ਹੋਇਆ ਸੀ, “ਡੂ ਨਾਟ ਕਰਾਸ ਦਾ ਹਾਕੀ ਫੀਲਡ।” ਥਾਲੀ ਵਰਗੇ ਗਰਾਊਂਡ ਦੇ ਇਕਸਾਰ ਕੱਟੇ ਘਾਹ ਉਤੇ ਮੱਲੋਮੱਲੀ ਖੇਡਣ ਨੂੰ ਦਿਲ ਕਰਦਾ ਸੀ। ਟਰੈਕ ਰਤਾ ਹਟਵਾਂ ਸੀ ਜਿਥੇ ਅਥਲੀਟਾਂ ਦੀ ਪ੍ਰੈਕਟਿਸ ਚਲਦੀ। ਸਵੇਰ ਵੇਲੇ ਸਾਡੀ `ਕੱਠਿਆਂ ਦੀ ਕਸਰਤ ਹੁੰਦੀ ਤੇ ਹਫ਼ਤੇ `ਚ ਇੱਕ ਵਾਰ ਲੰਮੀ ਕਰਾਸ ਕੰਟਰੀ ਲੁਆਈ ਜਾਂਦੀ। ਇੱਕ ਕਰਾਸ ਕੰਟਰੀ ਅਸੀਂ ਮੁੱਲਾਂਪੁਰ ਤਕ ਵੀ ਲਾਈ ਤੇ ਮੁੜ ਕੇ ਮਸਾਂ ਹੋਸਟਲ ਵਿੱਚ ਪੁੱਜੇ। ਜਿਥੇ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਉਥੇ ਉਦੋਂ ਉਜਾੜ ਥਾਂ ਪਈ ਹੁੰਦੀ ਸੀ। ਅਜੇ ਇਕੋ ਇਮਾਰਤ ਬਣੀ ਸੀ ਜਿਸ ਵਿੱਚ ਖੇਤੀਬਾੜੀ ਕਾਲਜ ਸ਼ੁਰੂ ਹੋਇਆ ਸੀ। ਉਹਦੇ ਕੋਲ ਦੀ ਦੌੜਦੇ ਹੋਏ ਅਸੀਂ ਸਿੱਧਵਾਂ ਨਹਿਰ `ਤੇ ਜਾ ਚੜ੍ਹਦੇ।

ਫਾਜ਼ਿਲਕਾ ਸਾਡੀ ਬੱਲੇ ਬੱਲੇ ਸੀ ਪਰ ਕੋਚਿੰਗ ਕੈਂਪ `ਚ ਅਸੀਂ ਕਿਸੇ ਗਿਣਤੀ ਵਿੱਚ ਨਹੀਂ ਸਾਂ। ਹਾਕੀ ਖੇਡਣ ਵਾਲਿਆਂ ਵਿੱਚ ਹਰਬਿੰਦਰ ਸਿੰਘ ਤੋਂ ਇਲਾਵਾ ਦੋ ਬਲਬੀਰ ਸੰਸਾਰਪੁਰ ਦੇ ਸਨ ਜੋ ਬਾਅਦ ਵਿੱਚ ਓਲੰਪਿਕ ਖੇਡਾਂ ਦੇ ਮੈਡਲ ਜਿੱਤੇ। ਉਹ ਉਸ ਭਾਰਤੀ ਹਾਕੀ ਟੀਮ ਦੇ ਵੀ ਸ਼ਿੰਗਾਰ ਸਨ ਜਿਸ ਨੇ 1966 ਵਿੱਚ ਏਸ਼ਿਆਈ ਖੇਡਾਂ `ਚੋਂ ਪਹਿਲੀ ਵਾਰ ਸੋਨ ਤਮਗ਼ਾ ਜਿੱਤਿਆ। ਕੈਂਪ `ਚ ਗੁਰਦੀਪ ਸਿੰਘ ਮਾਨ ਵੀ ਸੀ ਜੋ ਬਾਅਦ ਵਿੱਚ ਉਚਕੋਟੀ ਦਾ ਕੋਚ ਸਾਬਤ ਹੋਇਆ। ਰੇਸ਼ਮ ਸਿੰਘ ਤੇ ਸੰਤੋਖ ਸਿੰਘ ਵਰਗੇ ਖਿਡਾਰੀ ਸਨ ਜੋ ਕਈ ਸਾਲ ਪੰਜਾਬ ਦੀ ਟੀਮ ਵੱਲੋਂ ਖੇਡਦੇ ਤੇ ਨੈਸ਼ਨਲ ਚੈਂਪੀਅਨਸ਼ਿਪਾਂ ਜਿੱਤਦੇ ਰਹੇ। ਅੰਬਰਸਰੀਆ ਵੀਰ ਸਿੰਘ ਹਾਕੀ ਵੀ ਖੇਡਦਾ ਸੀ ਤੇ ਲੰਮੀ ਦੌੜ ਵੀ ਲਾਉਂਦਾ ਸੀ।

ਮੈਨੂੰ ਉਨ੍ਹਾਂ ਖਿਡਾਰੀਆਂ ਨਾਲ ਖੇਡ ਕੇ ਬਹੁਤ ਕੁੱਝ ਸਿੱਖਣ ਦਾ ਮੌਕਾ ਮਿਲਿਆ। ਚੰਗਾ ਖਿਡਾਰੀ ਬਣਨ ਦੀ ਚੇਟਕ ਮੈਨੂੰ ਉਸ ਕੈਂਪ ਨੇ ਲਾਈ। ਉਥੇ ਅਜਾਇਬ ਸਿੰਘ ਤੇ ਬਲਵੰਤ ਸਿੰਘ ਵਰਗੇ ਅਥਲੀਟ ਸਨ ਜੋ ਉਸੇ ਸਾਲ ਜਲੰਧਰ ਦੀਆਂ ਨੈਸ਼ਨਲ ਖੇਡਾਂ `ਚ ਪੋਲ ਵਾਲਟ ਤੇ 400 ਮੀਟਰ ਹਰਡਲਜ਼ ਦੌੜ ਦੇ ਨੈਸ਼ਨਲ ਚੈਂਪੀਅਨ ਬਣੇ। ਡਿਕੈਥਲੋਨ ਕਰਨ ਵਾਲਾ ਹਰਨੇਕ ਸਿੰਘ ਸੀ ਜੋ ਅਥਲੀਟ ਹੋਣ ਦੇ ਨਾਲ ਚੰਗਾ ਸਕਾਲਰ ਵੀ ਸੀ। 800 ਮੀਟਰ ਵਾਲਾ ਜਰਨੈਲ ਸਿੰਘ ਇੱਕ ਲੱਤ `ਤੇ ਟਰੈਕ ਦਾ ਚੱਕਰ ਲਾ ਲੈਂਦਾ ਸੀ। ਬਾਅਦ ਵਿੱਚ ਉਹ ਰੇਲਵੇ `ਚ ਭਰਤੀ ਹੋ ਗਿਆ ਤੇ ਨੈਸ਼ਨਲ ਚੈਂਪੀਅਨ ਬਣਿਆ। ਜਦੋਂ ਉਹਦੀ ਬਦਲੀ ਬੀਕਾਨੇਰ ਦੀ ਹੋਈ ਤਾਂ ਦਿੱਲੀ ਆ ਕੇ ਕਿਹਾ ਕਰੇ, “ਨਾ ਓਥੇ ਪਾਣੀ ਤੇ ਨਾ ਕੋਈ ਕੁੜੀ। ਮੈਂ ਓਥੇ ਗੰਜਾ ਨਾ ਹੁੰਦਾ ਤਾਂ ਹੋਰ ਕੀ ਹੁੰਦਾ? ਆਹ ਮਾੜੀ ਜਿਹੀ ਜੂੜੀ ਪਤਾ ਨਹੀਂ ਕਿਵੇਂ ਬਚ ਗਈ?”

ਜਰਨੈਲ ਸਿੰਘ ਲਹਿਰੀ ਅਥਲੀਟ ਸੀ। ਮੁਕਲਾਵਾ ਲੈਣ ਗਿਆ ਤਾਂ ਆਪਣੇ ਸਹੁਰੇ ਪਿੰਡ ਰਾਤ ਦੇ ਹਨ੍ਹੇਰੇ `ਚ ਦੌੜਨ ਦੀ ਪ੍ਰੈਕਟਿਸ ਕਰਨ ਲੱਗ ਪਿਆ। ਉਹਦੀ ਕਿਸਮਤ ਚੰਗੀ ਸੀ ਪਈ ਕਿਸੇ ਨੂੰ ਪਤਾ ਨਾ ਲੱਗਾ ਨਹੀਂ ਤਾਂ ਅਗਲਿਆਂ ਨੇ ਚੋਰ ਸਮਝ ਕੇ ਢਾਹ ਲੈਣਾ ਸੀ। 1966 `ਚ ਮੈਂ ਉਹਦੇ ਬਾਰੇ ਉਲੀਕੇ ਸ਼ਬਦ ਚਿੱਤਰ ਦਾ ਨਾਂ ‘ਕਲਹਿਰੀ ਮੋਰ’ ਰੱਖਿਆ ਸੀ। ਕੁੱਝ ਸਾਲ ਬਾਅਦ ਉਹਦੀ ਸਿੱਧਵਾਂ ਨਹਿਰ ਉਤੇ ਕਰਾਸ ਕੰਟਰੀ ਲਾਉਂਦਿਆਂ ਮੌਤ ਹੋਈ ਤਾਂ ਮੈਂ ਉਹਦੇ ਬਾਰੇ ‘ਅਖਾੜੇ ਦਾ ਸ਼ਹੀਦ’ ਸਿਰਲੇਖ ਅਧੀਨ ਆਰਟੀਕਲ ਲਿਖਿਆ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇੱਕ ਪਾਠ ਪੁਸਤਕ ਵਿੱਚ ਪੜ੍ਹਾਇਆ ਜਾਂਦਾ ਰਿਹਾ।

ਕੈਂਪ ਵਿੱਚ ਅਸੀਂ ਇਹ ਵੀ ਸਿੱਖਿਆ ਕਿ ਆਪਣਾ ਸਮਾਨ ਚੋਰੀ ਹੋਣ ਤੋਂ ਬਚਾ ਕੇ ਕਿਵੇਂ ਰੱਖਣਾ ਹੈ? ਆਪਣਾ ਸਾਬਣ ਤੇਲ ਤੇ ਖਾਣ ਪੀਣ ਦਾ ਸਮਾਨ ਖਿਡਾਰੀ ਆਪਣੇ ਹੱਥ ਹੇਠਾਂ ਰੱਖਦੇ। ਭੇਤੀ ਮੁੰਡਿਆਂ ਨੇ ਦੱਸਿਆ ਕਿ ਅਖੀਰਲੇ ਦਿਨ ਕੱਛੇ ਬੁਨੈਣਾਂ ਤੇ ਤੌਲੀਆਂ ਦੀ ਵੀ ਖ਼ੈਰ ਨਹੀਂ ਇਸ ਲਈ ਸੁੱਕਣੇ ਪਾਉਣ ਦੀ ਥਾਂ ਗਿੱਲੇ ਈ ਵਲ੍ਹੇਟ ਲੈਣੇ। ਇੱਕ ਦੂਜੇ ਦਾ ਘਿਓ ਤੇ ਬਦਾਮ ਖਾ ਲੈਣੇ ਜਾਂ ਲੁਕਾ ਦੇਣੇ ਚੋਰੀ ਨਹੀਂ ਸੀ ਸਮਝੇ ਜਾਂਦੇ। ਹਿੱਟ ਮਾਰ ਕੇ ਗੁਆਈ ਤੇ ਪਿੱਛੋਂ ਲੱਭੀ ਗੇਂਦ ਵੀ ਚੋਰੀ ਨਹੀਂ ਸੀ ਗਿਣੀ ਜਾਂਦੀ। ਹਾਕੀ ਮੰਗ ਕੇ ਮੋੜ ਨਾ ਸਕਣੀ ਆਮ ਗੱਲ ਸੀ। ਕਿਸੇ ਕੋਲ ਘੜੀ ਜਾਂ ਕੋਈ ਹੋਰ ਮਹਿੰਗੀ ਚੀਜ਼ ਵਸਤ ਹੁੰਦੀ ਤਾਂ ਚੋਰਾਂ ਦੀ ਨਿਗ੍ਹਾ ਉਹਦੇ `ਤੇ ਹੀ ਹੁੰਦੀ। ਇਹ ਐਵੇਂ ਕਹਿਣ ਦੀਆਂ ਗੱਲਾਂ ਨੇ ਕਿ ਪੁਰਾਣੇ ਵਿਦਿਆਰਥੀ ਆਦਰਸ਼ਕ ਸਨ।

ਇਕ ਦਿਨ ਅੰਬਰਸਰੀਏ ਭਾਊਆਂ ਦੇ ਕਿਤੇ ਸੰਤਰਿਆਂ ਦਾ ਬਾਗ਼ ਨਜ਼ਰੀਂ ਪੈ ਗਿਆ। ਰਸੇ ਹੋਏ ਸੰਤਰੇ ਜਿਵੇਂ ਉਨ੍ਹਾਂ ਨੂੰ ਹੀ ਉਡੀਕਦੇ ਹੋਣ। ਬੱਸ ਲੱਗ ਗਈ ਨਜ਼ਰ ਚੰਗੇ ਭਲੇ ਬਾਗ਼ ਨੂੰ। ਜਦੋਂ ਸਾਰੇ ਸੌਂ ਜਾਂਦੇ ਤਾਂ ਉਨ੍ਹਾਂ ਦਾ ਜਥਾ ਰਾਤ ਨੂੰ ਬਾਗ਼ ਵੱਲ ਜਾਂਦਾ ਤੇ ਕੱਚੇ ਪੱਕੇ ਸੰਤਰਿਆਂ ਦਾ ਬੈਗ ਭਰ ਲਿਆਉਂਦਾ। ਅਖ਼ੀਰ ਸੰਤਰਿਆਂ ਦੇ ਛਿੱਲੜਾਂ ਨੇ ਪੈੜ ਕਢਾਈ ਪਰ ਭਾਊ ਪੈਰਾਂ `ਤੇ ਪਾਣੀ ਨਾ ਪੈਣ ਦੇਣ। ਸਾਡੇ ਵਰਗਿਆਂ `ਤੇ ਐਵੇਂ ਈ ਸ਼ੱਕ ਹੋਈ ਜਾਵੇ। `ਕੱਲੇ ਕਾਰੇ ਜੁ ਹੋਏ! ਪਰ ਭਲਾ ਹੋਵੇ ਗੁਰਬਚਨ ਸਿੰਘ ਰੰਧਾਵੇ ਦੇ ਵੱਡੇ ਭਰਾ ਹਰਭਜਨ ਸਿੰਘ ਰੰਧਾਵੇ ਦਾ। ਫਿਰ ਵੀ ਗੁਰੂ ਕੀ ਨਗਰੀ ਤੋਂ ਆਇਆ ਸੀ। ਅਖ਼ੀਰਲੇ ਦਿਨ ਉਹਨੇ ਕੋਚ ਨੂੰ ਦੱਸ ਈ ਦਿੱਤਾ, “ਸੁੰਨਾ ਬਾਗ਼ ਵੇਖ ਕੇ ਸਾਥੋਂ ਰਹਿ ਨਹੀਂ ਹੋਇਆ। ਬਥੇਰਾ ਮਨ ਨੂੰ ਸਮਝਾਇਆ ਪਰ ਕਿਥੇ! ਸੰਤਰੇ ਸਾਥੋਂ ਈ ਖਾਧੇ ਗਏ ਨੇ। ਭੁੱਲ ਚੁੱਕ ਦੀ ਮਾਫੀ ਦਿਓ। ਜੇ ਡੰਨ ਲਾਏ ਬਿਨਾਂ ਨਹੀਂ ਸਰਦਾ ਤਾਂ ਸਾਡੇ ਕੱਛੇ ਬੁਨੈਣਾਂ ਈ ਰੱਖ ਲਓ! ਪੈਸੇ ਹੁੰਦੇ ਤਾਂ ਚੋਰੀ ਕਿਓਂ ਕਰਦੈ?”

ਕੈਂਪ ਵਿੱਚ ਅਸੀਂ ਬਲਦੇਵ ਸਿੰਘ ਪੱਤੋ ਵਾਲਾ ਤੇ ਜਸਕਰਨ ਸਿੰਘ ਰੁੜਕਾ ਡਿਸਕਸ ਸੁੱਟਦੇ ਵੇਖੇ। ਬਲਦੇਵ ਸਿੰਘ ਉਦੋਂ ਰੇਲਵੇ `ਚ ਭਰਤੀ ਹੋਇਆ ਸੀ। ਫੌਜ `ਚੋਂ ਦਲਜੀਤ ਸਿੰਘ ਆਪਣੇ ਪਿੰਡ ਲਲਤੋਂ ਛੁੱਟੀ ਕੱਟਣ ਆਇਆ ਹੋਇਆ ਸੀ। ਉਹ ਵੀ ਲੁਧਿਆਣੇ ਚਾਰ ਸੌ ਤੇ ਅੱਠ ਸੌ ਮੀਟਰ ਦੀ ਦੌੜ ਲਾਉਣ ਆ ਜਾਂਦਾ। ਬਾਅਦ ਵਿੱਚ ਮੈਂ ਬਲਦੇਵ ਸਿੰਘ ਤੇ ਦਲਜੀਤ ਸਿੰਘ ਦੇ ਰੇਖਾ ਚਿੱਤਰ ਲਿਖੇ। ਕੈਂਪ ਤੋਂ ਮੈਂ ਹਾਕੀ ਖੇਡਣ ਦੇ ਕਈ ਗੁਰ ਸਿੱਖੇ ਤੇ ਨਵੇਂ ਉਤਸ਼ਾਹ ਨਾਲ ਫਾਜ਼ਿਲਕਾ ਮੁੜਿਆ। ਕਾਫੀ ਸਮਾਂ ਮੈਨੂੰ ਕੈਂਪ ਯਾਦ ਆਉਂਦਾ ਰਿਹਾ।

ਕਾਲਜ ਦੀ ਅਥਲੈਟਿਕ ਮੀਟ ਵਿੱਚ ਇੱਕ ਈਵੈਂਟ `ਚੋਂ ਫਸਟ ਆਉਣ ਦੇ ਪੰਜ, ਸੈਕੰਡ ਦੇ ਤਿੰਨ ਤੇ ਥਰਡ ਦਾ ਇੱਕ ਅੰਕ ਗਿਣਿਆ ਜਾਂਦਾ ਸੀ। ਜਿੰਨੇ ਅੰਕ ਕੋਈ ਅਥਲੀਟ ਹਾਸਲ ਕਰਦਾ ਓਨੇ ਰੁਪਏ ਉਸ ਦਾ ਇਨਾਮ ਬਣ ਜਾਂਦਾ ਸੀ। ਇੱਕ ਵਾਰ ਮੇਰੇ ਇਨਾਮ ਦੇ ਏਨੇ ਕੁ ਰੁਪਏ ਬਣ ਗਏ ਜਿਨ੍ਹਾਂ ਦੀ ਹਾਕੀ ਜਾਂ ਲੋਹੇ ਦਾ ਗੋਲਾ ਲਿਆ ਜਾ ਸਕਦਾ ਸੀ। ਹਾਕੀ ਮੇਰੇ ਕੋਲ ਪਹਿਲਾਂ ਹੀ ਸੀ ਇਸ ਲਈ ਮੈਂ ਗੋਲੇ ਦਾ ਇਨਾਮ ਮੰਗਿਆ। ਜਿੱਦਣ ਉਹ ਗੋਲਾ ਮੈਨੂੰ ਮਿਲਣਾ ਸੀ ਮੈਂ ਸਾਈਕਲ ਉਤੇ ਕਾਲਜ ਜਾਣ ਦੀ ਥਾਂ ਤੁਰ ਕੇ ਗਿਆ ਕਿਉਂਕਿ ਮੁੜਦਿਆਂ ਮੈ ਉਹ ਗੋਲਾ ਸਾਰੇ ਰਾਹ ਸੁੱਟਦਾ ਆਉਣਾ ਸੀ। ਆਪਣਾ ਗੋਲਾ ਮਿਲਣ ਦੀ ਮੈਨੂੰ ਏਨੀ ਖ਼ੁਸ਼ੀ ਸੀ ਕਿ ਗੋਲਾ ਸੁਟਦਿਆਂ ਹੀ ਮੈਂ ਪਿੰਡ ਪੁੱਜਾ। ਫਿਰ ਮੈਂ ਘਰ ਦੇ ਖੁੱਲ੍ਹੇ ਵਿਹੜੇ ਵਿੱਚ ਇੱਟਾਂ ਗੱਡ ਕੇ ਗੋਲੇ ਦਾ ਦਾਇਰਾ ਬਣਾ ਲਿਆ ਤੇ ਸੁੱਟਾਂ ਵਾਲੇ ਪਾਸੇ ਵੀ ਮਿਣਤੀ ਦੀਆਂ ਪੱਕੀਆਂ ਨਿਸ਼ਾਨੀਆਂ ਲਾ ਲਈਆਂ। ਅੱਜ ਮੈਂ ਸੋਚਦਾਂ ਕਿ ਲੋਹੇ ਨਾਲ ਮੱਥਾ ਮਾਰਨ ਦਾ ਇਹ ਕੈਸਾ ਜਨੂੰਨ ਸੀ?

ਗਰਮੀਆਂ ਦੀਆਂ ਛੁੱਟੀਆਂ ਵਿੱਚ ਮਈ ਦੇ ਮਹੀਨੇ ਸਾਡਾ ਹਾਈਕਿੰਗ ਟ੍ਰੈਕਿੰਗ ਦਾ ਟੂਰ ਲੱਗਾ। ਉਦੋਂ ਪੰਜਾਬ ਯੂਨੀਵਰਸਿਟੀ ਪਠਾਨਕੋਟ ਤੋਂ ਗੁੜਗਾਓਂ ਤੇ ਫਾਜ਼ਿਲਕਾ ਤੋਂ ਕੁੱਲੂ ਕਾਂਗੜੇ ਤਕ ਹੁੰਦੀ ਸੀ। ਸਾਡਾ ਟੂਰ ਕੁੱਲੂ ਤੋਂ ਸ਼ਿਮਲਾ ਤਕ ਪਹਾੜਾਂ ਉਤੇ ਹਾਈਕਿੰਗ ਟ੍ਰੈਕਿੰਗ ਕਰਨ ਦਾ ਸੀ। ਫਾਜ਼ਿਲਕਾ ਕਾਲਜ ਤੋਂ ਮੈਂ `ਕੱਲਾ ਹੀ ਸਾਂ। ਦੂਰ ਦੁਰਾਡੇ ਕਾਲਜਾਂ ਦੇ ਵੀਹ ਕੁ ਵਿਦਿਆਰਥੀ ਰੋਪੜ ਦੇ ਕਾਲਜ ਵਿੱਚ `ਕੱਠੇ ਹੋਏ। ਉਥੋਂ ਦੇ ਇੱਕ ਪ੍ਰੋਫੈਸਰ ਨੇ ਸਾਨੂੰ ਆਪਣੇ ਨਾਲ ਲੈ ਕੇ ਜਾਣਾ ਸੀ। ਉਸ ਦਾ ਨਾਂ ਬਚਿੱਤਰ ਸਿੰਘ ਸੀ। ਸਾਡੇ ਪਿੰਡ ਦਾ ਪ੍ਰੋ.ਭਾਗ ਸਿੰਘ ਸਿੱਧੂ ਉਸ ਦਾ ਕੁਲੀਗ ਸੀ। ਇਓਂ ਮੇਰੀ ਉਸ ਨਾਲ ਚੰਗੀ ਨੇੜਤਾ ਬਣ ਗਈ। ਬਾਅਦ ਵਿੱਚ ਉਹ ਜਗਰਾਓਂ ਦੇ ਸਾਇੰਸ ਕਾਲਜ ਦਾ ਡਾਇਰੈਕਟਰ ਬਣਿਆ ਜਿਥੇ ਮੈਂ ਵੀ ਕੁੱਝ ਸਮਾਂ ਪੜ੍ਹਾਇਆ ਤੇ ਹਾਈਕਿੰਗ ਟ੍ਰੈਕਿੰਗ ਟੂਰ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ।

ਰੋਪੜ ਤੋਂ ਬੱਸ ਚੜ੍ਹ ਕੇ ਅਸੀਂ ਬਿਲਾਸਪੁਰ ਗਏ। ਉਥੋਂ ਸੁੰਦਰ ਨਗਰ ਵਿੱਚ ਦੀ ਮੰਡੀ ਪਹੁੰਚੇ। ਮੈਂ ਪਹਿਲੀ ਵਾਰ ਪਹਾੜ ਵੇਖ ਰਿਹਾ ਸਾਂ। ਕੋਈ ਪਾਸਾ ਖੁਸ਼ਕ ਸੀ ਤੇ ਕੋਈ ਹਰਿਆ ਭਰਿਆ। ਸੁੰਦਰ ਨਗਰ ਪੱਧਰੀ ਵਾਦੀ `ਚ ਵਸਿਆ ਹੋਇਆ ਸੀ ਜਿਥੇ ਮੈਦਾਨਾਂ ਵਰਗੀਆਂ ਹੀ ਫਸਲਾਂ ਸਨ। ਮੰਡੀ ਦੇ ਨਾਲ ਦਰਿਆ ਵਹਿ ਰਿਹਾ ਸੀ। ਕੁੱਲੂ ਠਹਿਰਨ ਦੀ ਥਾਂ ਅਸੀਂ ਮਨਾਲੀ ਜਾ ਕੇ ਠਹਿਰੇ। ਫਿਰ ਰੋਹਤਾਂਗ ਪਾਸ ਤਕ ਗਏ ਤੇ ਚਾਰ ਚੁਫੇਰੇ ਪਈਆਂ ਬਰਫਾਂ ਉਤੇ ਫੋਟੋ ਖਿੱਚੇ। ਉਥੇ ਪ੍ਰੋ.ਬਚਿੱਤਰ ਸਿੰਘ ਨੇ ਬੰਸਰੀ ਉਤੇ ਪਹਾੜੀ ਧੁਨ ਵਜਾਈ ਜਿਸ ਨਾਲ ਪਹਾੜੀਆਂ ਗੂੰਜ ਪਈਆਂ। ਮੁੜਦਿਆਂ ਇੱਕ ਪਹਾੜੀ ਰੈੱਸਟ ਹਾਊਸ ਵਿੱਚ ਰਾਤ ਕੱਟੀ। ਮਨਾਲੀ ਕੋਲ ਗਰਮ ਪਾਣੀ ਦੇ ਚਸ਼ਮੇ ਵਿੱਚ ਨ੍ਹਾਤੇ ਜਿਸ ਬਾਰੇ ਕਿਹਾ ਜਾਂਦੈ ਕਿ ਉਥੇ ਨ੍ਹਾਉਣ ਨਾਲ ਚਮੜੀ ਦੇ ਰੋਗ ਦੂਰ ਹੋ ਜਾਂਦੇ ਹਨ। ਮਨਾਲੀ ਉਦੋਂ ਨਿੱਕਾ ਜਿਹਾ ਕਸਬਾ ਸੀ ਜੋ ਹੁਣ ਬਹੁਤ ਵੱਡਾ ਸੈਲਾਨੀ ਕੇਂਦਰ ਬਣ ਚੁੱਕੈ।

ਵਾਪਸ ਕੁੱਲੂ ਮੁੜ ਕੇ ਅਸੀਂ ਸ਼ਿਮਲੇ ਵੱਲ ਨੂੰ ਤੁਰਨਾ ਸ਼ੁਰੂ ਕੀਤਾ। ਅਸੀਂ ਪਹਾੜੀ ਰਾਹਾਂ ਦੀਆਂ ਚੜ੍ਹਾਈਆਂ ਤੇ ਉਤਰਾਈਆਂ ਉਤੇ ਨਿੱਤ ਦਸ ਕੁ ਮੀਲ ਤੁਰਦੇ। ਇੱਕ ਪਹਾੜੀ ਤੋਂ ਦੂਜੀ ਪਹਾੜੀ ਨੇੜੇ ਜਿਹੀ ਦਿਸਦੀ ਪਰ ਉਹ ਕਾਫੀ ਦੂਰ ਹੁੰਦੀ। ਇਓਂ ਲੱਗਦਾ ਜਿਵੇਂ ਅਗਲਾ ਮੁਕਾਮ ਬੱਸ ਆ ਹੀ ਗਿਆ ਹੋਵੇ ਪਰ ਉਥੇ ਪੁੱਜਦਿਆਂ ਲੱਤਾਂ ਦੀ ਬੱਸ ਹੋ ਜਾਂਦੀ। ਪਹਾੜਾਂ ਦੇ ਨਜ਼ਾਰੇ ਬੜੇ ਹੁਸੀਨ ਸਨ। ਕਿਤੇ ਭੇਡਾਂ ਬੱਕਰੀਆਂ ਚਰਦੀਆਂ ਦਿਸਦੀਆਂ ਤੇ ਪਹਾੜਨਾਂ ਲੇਲੇ ਚੁੱਕੀ ਫਿਰਦੀਆਂ। ਉਹ ਕਾਲਜੀਏਟ ਮੁੰਡਿਆਂ ਨੂੰ ਖੜ੍ਹ ਖੜ੍ਹ ਕੇ ਵੇਖਦੀਆਂ। ਅਸੀਂ ਤਾਂ ਖ਼ੈਰ ਵੇਖਣਾ ਈ ਸੀ। ਅਸੀਂ ਤੁਰਦੇ ਹੋਏ ਬੋਲੀਆਂ ਪਾਈ ਜਾਂਦੇ ਤੇ ਗਾਣੇ ਗਾਈ ਜਾਂਦੇ। ਕਦੇ ਵੈਸੇ ਹੀ ਇੱਕ ਦੂਜੇ ਨਾਲ ਖਹਿਣ ਲੱਗਦੇ। ਸ਼ਾਮ ਨੂੰ ਜਿਥੇ ਟਿਕਾਣਾ ਹੁੰਦਾ ਉਥੇ ਕੈਂਪ ਫਾਇਰ ਹੁੰਦੀ ਯਾਨੀ ਗਾਉਣ ਵਜਾਉਣ ਤੇ ਲਤੀਫ਼ਿਆਂ ਦਾ ਸ਼ੁਗਲ ਮੇਲਾ ਹੁੰਦਾ ਤੇ ਭੰਗੜਾ ਪੈਂਦਾ। ਕੁੱਲੂ ਤੋਂ ਸ਼ਿਮਲਾ ਪਹਾੜਾਂ ਵਿੱਚ ਦੀ ਸਿੱਧਾ ਸੌ ਕੁ ਮੀਲ ਸੀ। ਅਸੀਂ ਪੜਾਅ ਕਰਦਿਆਂ ਦਸਾਂ ਕੁ ਦਿਨਾਂ ਵਿੱਚ ਮੰਜ਼ਲ ਸਰ ਕਰ ਲਈ। ਰਾਹ ਵਿੱਚ ਰਾਮਪੁਰ ਆਇਆ ਜਿਥੇ ਰਾਜੇ ਦੇ ਮਹੱਲ ਵੇਖੇ ਤੇ ਪਹਾੜਨਾਂ ਨੱਚਦੀਆਂ ਵੇਖੀਆਂ।

ਸ਼ਿਮਲੇ ਅਸੀਂ ਮਾਲ ਰੋਡ `ਤੇ ਗੇੜੇ ਦਿੱਤੇ। ਰਿੱਜ ਉਤੇ ਇੱਕ ਸਮਾਗਮ ਸੀ ਜਿਸ ਵਿੱਚ ਮੁਹੰਮਦ ਰਫੀ ਗਾ ਰਿਹਾ ਸੀ-ਮੁੰਡਾ ਮੋਹ ਲਿਆ ਤਵੀਤਾਂ ਵਾਲਾ ਦਮੜੀ ਦਾ ਸੱਕ ਮਲ ਕੇ। ਪਹਿਲਾਂ ਅਸੀਂ ਉਹਦੇ ਗਾਣੇ ਫਿਲਮਾਂ ਵਿੱਚ ਹੀ ਸੁਣੇ ਸਨ। ਉਥੇ ਲਾਹੌਰ ਤੋਂ ਲਿਆਂਦਾ ਲਾਲਾ ਲਾਜਪਤ ਰਾਏ ਦਾ ਬੁੱਤ ਲੱਗਾ ਹੋਇਆ ਸੀ। ਬਾਅਦ ਵਿੱਚ ਮੈਂ ਲਾਲਾ ਜੀ ਦੇ ਜਨਮ ਸਥਾਨ ਪਿੰਡ ਢੁੱਡੀਕੇ ਦੇ ਕਾਲਜ ਵਿੱਚ ਲੰਮਾ ਸਮਾਂ ਪੜ੍ਹਾਇਆ। ਸ਼ਿਮਲੇ ਰਾਤ ਕੱਟ ਕੇ ਅਸੀਂ ਸੋਲਨ ਤੇ ਕਾਲਕਾ ਵਿੱਚ ਦੀ ਹੁੰਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੱਕ ਹੋਸਟਲ ਵਿੱਚ ਪੁੱਜੇ। ਪਹਾੜਾਂ ਦੀ ਠੰਢ ਮਾਣ ਕੇ ਆਇਆਂ ਨੂੰ ਚੰਡੀਗੜ੍ਹ ਦੀਆਂ ਲੂਆਂ ਬਹੁਤ ਗਰਮ ਲੱਗੀਆਂ। ਚੰਡੀਗੜ੍ਹ ਮੈਂ ਪਹਿਲੀ ਵਾਰ ਗਿਆ ਸਾਂ।

ਹੋਸਟਲ ਵਿੱਚ ਸਮਾਨ ਰੱਖ ਕੇ ਤੇ ਨ੍ਹਾ ਧੋ ਕੇ ਅਸੀਂ ਚੰਡੀਗੜ੍ਹ ਦੀ ਸੈਰ ਨੂੰ ਨਿਕਲੇ। ਉਦੋਂ ਚੰਡੀਗੜ੍ਹ ਬਹੁਤ ਵਿਰਲਾ ਸੀ। ਸੈਕਟਰਾਂ ਵਿੱਚ ਦੀ ਡੰਡੀਆਂ ਪਈਆਂ ਹੋਈਆਂ ਸਨ ਤੇ ਵਧੇਰੇ ਥਾਂ ਖਾਲੀ ਪਈ ਸੀ। ਰੁੱਖ ਅਜੇ ਨਾ ਮਾਤਰ ਸਨ। ਸ਼ਾਇਦ ਸਿਨਮਾ ਵੀ ਇਕੋ ਹੋਵੇ ਜਿਥੇ ਅਸੀਂ ਛੇ ਤੋਂ ਨੌਂ ਵਾਲੀ ਫਿਲਮ ਵੇਖੀ। ਹੋਸਟਲ ਵਿੱਚ ਮੁੜੇ ਤਾਂ ਸਾਡਾ ਸਮਾਨ ਫਰੋਲਿਆ ਪਿਆ ਸੀ। ਕਪੜੇ ਤਾਂ ਕਿਸੇ ਦੇ ਨਹੀਂ ਸੀ ਚੁੱਕੇ ਗਏ ਪਰ ਕੈਮਰੇ ਤੇ ਕੀਮਤੀ ਚੀਜ਼ਾਂ ਗ਼ਾਇਬ ਸਨ। ਮੇਰਾ ਕਿਉਂਕਿ ਲੁਧਿਆਣੇ ਦੇ ਕੋਚਿੰਗ ਕੈਂਪ ਦਾ ਤਜਰਬਾ ਸੀ ਇਸ ਲਈ ਮੇਰੀ ਕੋਈ ਚੀਜ਼ ਕਿਸੇ ਦੇ ਹੱਥ ਨਹੀਂ ਲੱਗੀ। ਮੈਂ ਹੁਣ ਵੀ ਕਿਸੇ ਖੇਡ ਮੇਲੇ `ਤੇ ਜਾਵਾਂ ਤਾਂ ਭਾਵੇਂ ਨਿਊਯਾਰਕ ਦੇ ਹੋਟਲ ਵਿੱਚ ਠਹਿਰਾਂ ਭਾਵੇਂ ਸ਼ਿਕਾਗੋ ਦੇ ਮੋਟਲ ਵਿੱਚ ਕਦੇ ਆਪਣਾ ਪਾਸਪੋਰਟ, ਨਕਦੀ ਤੇ ਕੀਮਤੀ ਚੀਜ਼ ਵਸਤ ਹੋਟਲ `ਚ ਛੱਡ ਕੇ ਨਹੀਂ ਜਾਂਦਾ। ਤਦੇ ਤਾਂ ਲਿਖਿਐ ਕਿ ਬੰਦਾ ਘਰੋਂ ਬਾਹਰ ਨਿਕਲ ਕੇ ਬੜਾ ਕੁੱਝ ਸਿੱਖਦੈ।

Additional Info

  • Writings Type:: A single wirting
Read 3253 times Last modified on Tuesday, 13 October 2009 17:56
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।