ਲੇਖ਼ਕ

Monday, 12 October 2009 17:39

02 - ਮੇਰਾ ਜਨਮ ਤੇ ਮੇਰਾ ਪਿੰਡ

Written by
Rate this item
(1 Vote)

1990 ਦੀ ਅਮਰੀਕਾ ਫੇਰੀ ਸਮੇਂ ਮੈਨੂੰ ਹਾਲੀਵੁੱਡ `ਚ ਯੂਨੀਵਰਸਲ ਸਟੂਡੀਓ ਵੇਖਣ ਦਾ ਮੌਕਾ ਮਿਲਿਆ। ਉਥੇ ਬੜਾ ਕੁੱਝ ਅਦਭੁੱਤ ਤੇ ਹੈਰਾਨ ਕਰਨ ਵਾਲਾ ਸੀ। ਮਸਨੂਈ ਮੀਂਹ, ਸ਼ੂਕਦੀਆਂ ਹਨ੍ਹੇਰੀਆਂ, ਗਰਜਦੇ ਬੱਦਲ ਤੇ ਭੁਚਾਲ ਸਭ ਕੁੱਝ ਸੀ। ਕਿਸੇ ਪਾਸੇ ਕੱਚੇ ਕੋਠੇ ਸਨ ਤੇ ਕਿਸੇ ਪਾਸੇ ਆਲੀਸ਼ਾਨ ਮਹੱਲ। ਵਿਚੇ ਭੂਤਵਾੜੇ ਸਨ ਤੇ ਵਿਚੇ ਵਸਦੀਆਂ ਨਗਰੀਆਂ। ਇੱਕ ਜਗ੍ਹਾ ਪੁਰਾਣੇ ਅਖ਼ਬਾਰ ਸੰਭਾਲੇ ਹੋਏ ਸਨ। ਗਾਈਡ ਕਹਿ ਰਿਹਾ ਸੀ, “ਏਥੇ ਤੁਸੀਂ ਆਪਣੇ ਜਨਮ ਦਿਨ ਦਾ ਅਖ਼ਬਾਰ ਵੇਖ ਸਕਦੇ ਓ।” ਕੁੱਝ ਸੈਲਾਨੀ ਆਪਣੀਆਂ ਜਨਮ ਤਾਰੀਖਾਂ ਦੇ ਅਖ਼ਬਾਰ ਪਹਿਲਾਂ ਹੀ ਖੋਲ੍ਹੀ ਬੈਠੇ ਸਨ। ਮੈਂ ਵੀ ਆਪਣੇ ਜਨਮ ਦਿਨ ਦਾ ਅਖ਼ਬਾਰ ਲੱਭ ਲਿਆ ਜਿਸ ਦੀ ਮੋਟੀ ਸੁਰਖ਼ੀ ਸੀ-ਹਿਟਲਰ ਦੀਆਂ ਫੌਜਾਂ ਹੋਰ ਅੱਗੇ। ਉਹ ਅਖ਼ਬਾਰ ਦੂਜੀ ਵਿਸ਼ਵ ਜੰਗ ਦੀਆਂ ਖ਼ਬਰਾਂ ਨਾਲ ਭਰਿਆ ਹੋਇਆ ਸੀ।

ਆਪਣੀ ਪੰਜਾਹ ਸਾਲ ਦੀ ਉਮਰ ਵਿੱਚ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੈਂ ਦੂਜੀ ਵਿਸ਼ਵ ਜੰਗ ਦੇ ਦਿਨਾਂ ਵਿੱਚ ਜੰਮਿਆ ਸਾਂ। ਮੈਂ ਸੋਚਣ ਲੱਗਾ, “ਜੇ ਮੇਰਾ ਬਾਪ ਫੌਜੀ ਹੁੰਦਾ ਤਾਂ ਸੰਭਵ ਸੀ ਉਹ ਬਸਰੇ ਦੀ ਲਾਮ `ਤੇ ਗਿਆ ਹੁੰਦਾ। ਮੇਰੇ ਜੰਮਣ ਦਾ ਪਤਾ ਨਹੀਂ ਉਹਨੂੰ ਕਦੋਂ ਪਤਾ ਲੱਗਦਾ? ਪਤਾ ਨਹੀਂ ਉਹ ਲੋਹੜੀ ਤਕ ਮੁੜ ਸਕਦਾ ਜਾਂ ਨਾ। ਪਰਦੇਸਾਂ ਦੀ ਜੰਗ ਵਿੱਚ ਕੀ ਪਤਾ ਉਹਦੇ ਨਾਲ ਕੀ ਭਾਣਾ ਵਰਤਦਾ? ਕੀ ਪਤਾ ਸਾਡੇ ਪਿੰਡ ਦੇ ਕੁੱਝ ਹੋਰ ਫੌਜੀਆਂ ਵਾਂਗ ਉਹ ਵੀ ਆਜ਼ਾਦ ਹਿੰਦ ਫੌਜ ਦਾ ਸਿਪਾਹੀ ਬਣ ਜਾਂਦਾ ਤੇ ਜੇਲ੍ਹਾਂ ਦੇ ਤਸੀਹੇ ਝੱਲਦਾ। ਕੀ ਪਤਾ …?”

ਹੁਣ ਮੈਂ ਅਠ੍ਹਾਟ ਸਾਲਾਂ ਤੋਂ ਉਤੇ ਹੋ ਗਿਆ ਹਾਂ। ਮਾਂ ਬਾਪ ਕਈ ਵਰ੍ਹੇ ਪਹਿਲਾਂ ਪੂਰੇ ਹੋ ਚੁੱਕੇ ਨੇ। ਅੱਗੋਂ ਪੋਤੇ ਪੋਤੀਆਂ ਨੇ ਜਨਮ ਲੈ ਲਿਆ ਹੈ। ਇਨ੍ਹਾਂ ਸਾਲਾਂ ਦੌਰਾਨ ਬਹੁਤ ਕੁੱਝ ਬਦਲ ਗਿਆ ਹੈ। ਧਰਤੀ ਇੱਕ ਵੱਡਾ ਪਿੰਡ ਬਣ ਗਈ ਹੈ। ਮਹਾਂਦੀਪ ਉਸ ਦੇ ਅਗਵਾੜ ਲਗਦੇ ਹਨ ਅਤੇ ਮੁਲਕ ਮਹੱਲੇ ਤੇ ਪੱਤੀਆਂ ਬਣ ਗਏ ਹਨ। ਧਰਤੀ ਦੇ ਕਿਸੇ ਕੋਨੇ ਵਿੱਚ ਵਾਪਰੀ ਵਾਰਦਾਤ ਦਾ ਉਸੇ ਵੇਲੇ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਂਦਾ ਹੈ। ਪਹਿਲਾਂ ਨਾਲ ਦੇ ਪਿੰਡ ਦੀ ਕਿਸੇ ਗੱਲ ਦਾ ਪਿੰਡ ਨੂੰ ਵੀ ਏਨੀ ਛੇਤੀ ਪਤਾ ਨਹੀਂ ਸੀ ਲੱਗਦਾ। ਹੁਣ ਤਾਂ ਲਾਹੌਰ ਦੀਆਂ ਬਾਂਗਾਂ ਲੰਡਨ ਸੁਣਦੀਆਂ ਹਨ ਤੇ ਅੰਮ੍ਰਿਤਸਰ ਦੇ ਜੈਕਾਰੇ ਟੋਰਾਂਟੋ ਤਕ ਗੂੰਜਦੇ ਹਨ। ਕਦੇ ਲੁਧਿਆਣਾ ਈ ਵਲਾਇਤ ਲੱਗਦਾ ਸੀ ਪਰ ਹੁਣ ਕੈਨੇਡਾ-ਅਮਰੀਕਾ ਮੋਗਾ-ਜਗਰਾਵਾਂ ਬਣੇ ਪਏ ਹਨ।

ਮੈਨੂੰ ਪਿੰਡ ਤੋਂ ਪਰਦੇਸਾਂ ਤਕ ਨਿੱਕੇ ਵੱਡੇ ਸਫ਼ਰ ਕਰਨ ਦੇ ਅਨੇਕਾਂ ਮੌਕੇ ਮਿਲੇ ਹਨ। ਦੇਸ਼ ਵਿਦੇਸ਼ ਦੇ ਅਨੇਕਾਂ ਖੇਡ ਮੇਲੇ ਵੇਖੇ ਹਨ ਅਤੇ ਅਨੇਕਾਂ ਖਿਡਾਰੀਆਂ ਤੇ ਲੋਕਾਂ ਨੂੰ ਮਿਲਿਆ ਹਾਂ। ਅੱਖਾਂ ਨੇ ਕਾਫੀ ਕੁੱਝ ਵੇਖ ਲਿਆ ਹੈ ਪਰ ਇਹ ਰੱਜੀਆਂ ਨਹੀਂ। ਇਸੇ ਲਈ ਮੈਂ ਆਪਣੇ ਇੱਕ ਸਫ਼ਰਨਾਮੇ ਦਾ ਨਾਂ ‘ਅੱਖੀਂ ਵੇਖ ਨਾ ਰੱਜੀਆਂ’ ਰੱਖਿਆ ਸੀ। ਲੇਖਕ ਜਿਵੇਂ ਦੁਨੀਆਂ ਨੂੰ ਵੇਖਦੇ ਹਨ ਉਸੇ ਤਰ੍ਹਾਂ ਉਹ ਹੋਰਨਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਮੇਰੀ ਵੀ ਕੋਸ਼ਿਸ਼ ਹੈ ਕਿ ਮੈਂ ਜੀਵਨ ਦਾ ਸਫ਼ਰ ਕਰਦਿਆਂ ਜੋ ਕੁੱਝ ਜਿਵੇਂ ਵੇਖਿਆ ਉਹ ਆਪਣੇ ਪਾਠਕਾਂ ਨੂੰ ਉਸੇ ਤਰ੍ਹਾਂ ਵਿਖਾਵਾਂ। ਨਾ ਵਾਧੂ ਵਿਖਾਵਾ ਕਰਾਂ ਤੇ ਨਾ ਲਕੋਅ ਛਪੋਅ `ਚ ਪਵਾਂ।

ਜਦੋਂ ਮੈਂ ਪਿੱਛਲਝਾਤ ਮਾਰਦਾ ਹਾਂ ਤਾਂ ਮੇਰਾ ਚੇਤਾ ਮੈਨੂੰ ਪੈਰਾਂ `ਚ ਪਾਏ ਸਗਲਿਆਂ ਤਕ ਲੈ ਜਾਂਦਾ ਹੈ। ਮੈਂ ਤਪਦੇ ਵਿਹੜੇ ਵਿੱਚ ਨਿੱਕੇ-ਨਿੱਕੇ ਕਦਮ ਪੁੱਟਦਾ ਰੋ ਰਿਹਾ ਸਾਂ ਤੇ ਮੇਰੇ ਸਗਲੇ ਛਣਕ ਰਹੇ ਸਨ। ਘਰ ਦੀਆਂ ਤ੍ਰੀਮਤਾਂ ਥੋੜ੍ਹੀ ਦੂਰ ਖੂਹੀ ਕੋਲ ਬੈਠੀਆਂ ਮੈਨੂੰ `ਵਾਜ਼ਾਂ ਮਾਰ ਰਹੀਆਂ ਸਨ। ਉਤੋਂ ਦੁਪਹਿਰ ਦੀ ਧੁੱਪ ਪੈ ਰਹੀ ਸੀ। ਖੂਹੀ ਕੋਲ ਛਤੜੇ ਦੀ ਛਾਂ ਸੀ ਜਿਥੇ ਰੌਣਕ ਲੱਗੀ ਰਹਿੰਦੀ ਸੀ। ਘਰ ਦੇ ਵਿਹੜੇ ਤੋਂ ਖੂਹੀ ਤਕ ਜਾਣਾ ਮੇਰੇ ਚੇਤੇ ਦਾ ਪਹਿਲਾ ਪੈਂਡਾ ਸੀ ਜਿਸ ਦੀ ਤਪਸ਼ ਤੇ ਸਗਲਿਆਂ ਦੀ ਛਣਕਾਰ ਮੈਨੂੰ ਹਾਲਾਂ ਤਕ ਮਹਿਸੂਸ ਹੁੰਦੀ ਤੇ ਸੁਣਾਈ ਦਿੰਦੀ ਹੈ।

ਪਿੰਡ ਦੇ ਚੌਕੀਦਾਰ ਨੇ ਮੇਰੀ ਜਨਮ ਤਾਰੀਖ਼ 8 ਜੁਲਾਈ 1940 ਦੀ ਦਰਜ ਕਰਾਈ ਸੀ। ਮੇਰੇ ਮਾਪੇ ਮੇਰਾ ਜਨਮ ਹਾੜ੍ਹ ਦੇ ਪਿਛਲੇ ਪੱਖ ਦਾ ਦੱਸਦੇ ਸਨ। ਜਨਮ ਤਾਰੀਖ਼ ਦਰਜ ਕਰਾਉਣ ਲੱਗਿਆਂ ਦੋ ਚਾਰ ਦਿਨ ਏਧਰ ਓਧਰ ਹੋ ਜਾਣੇ ਮਾਮੂਲੀ ਗੱਲ ਹੈ। ਸਕੂਲ ਦੇ ਦਾਖਲੇ ਵੇਲੇ ਮੇਰੀ ਜਨਮ ਮਿਤੀ 20 ਜੂਨ 1940 ਲਿਖੀ ਗਈ ਸੀ ਜੋ ਮੇਰੇ ਪੜ੍ਹਾਈ ਦੇ ਸਰਟੀਫਿਕੇਟਾਂ ਤੇ ਨੌਕਰੀ ਲਈ ਵਰਤੀ ਜਾਂਦੀ ਰਹੀ। ਮੈਨੂੰ ਲੱਗਦਾ ਹੈ ਕਿ ਮੇਰਾ ਜਨਮ 20 ਜੂਨ ਤੋਂ 8 ਜੁਲਾਈ ਦੇ ਵਿਚਕਾਰ ਕਿਸੇ ਦਿਨ ਹੋਇਆ ਹੋਵੇਗਾ।

ਉਨ੍ਹਾਂ ਦਿਨਾਂ ਵਿੱਚ ਜਰਮਨੀ ਦੇ ਡਿਕਟੇਟਰ ਹਿਟਲਰ ਦੀਆਂ ਫੌਜਾਂ ਅੱਗੇ ਤੋਂ ਅੱਗੇ ਵਧ ਰਹੀਆਂ ਸਨ। ਹਿੰਦੁਸਤਾਨ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਤੇ ਉਹਨਾਂ ਨੇ ਹਿਟਲਰ ਦੀਆਂ ਫੌਜਾਂ ਦਾ ਮੁਕਾਬਲਾ ਕਰਨ ਲਈ ਬਸਰੇ ਦੀ ਲਾਮ ਲਾਈ ਹੋਈ ਸੀ। ਅੰਗਰੇਜ਼ਾਂ ਦੀ ਫੌਜ ਵਿਚੋਂ ਹੀ ਆਜ਼ਾਦ ਹਿੰਦ ਫੌਜ ਬਣ ਰਹੀ ਸੀ ਤੇ ਸੁਤੰਤਰਤਾ ਸੰਗਰਾਮ ਜਾਰੀ ਸੀ। ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ ਤੇ ਜਵਾਹਰ ਲਾਲ ਨਹਿਰੂ ਵੱਡੇ ਲੀਡਰ ਸਨ। ਕਰਤਾਰ ਸਿੰਘ ਸਰਾਭਾ ਤੇ ਭਗਤ ਸਿੰਘ ਸ਼ਹੀਦ ਹੋ ਚੁੱਕੇ ਸਨ। ਸਿੱਖਾਂ ਦਾ ਨੇਤਾ ਮਾਸਟਰ ਤਾਰਾ ਸਿੰਘ ਸੀ। ਗਿਆਨੀ ਕਰਤਾਰ ਸਿੰਘ ਤੇ ਬਲਦੇਵ ਸਨ। ਮੁਹੰਮਦ ਅਲੀ ਜਿਨਾਹ ਮੁਸਲਮਾਨਾਂ ਦਾ ਲੀਡਰ ਸੀ। ਸਾਡੀ ਬੀਹੀ ਵਿੱਚ ਮੁਸਲਮਾਨਾਂ ਦੇ ਵੀ ਘਰ ਸਨ। ਜੁਲਾਹਿਆਂ ਤੇ ਮਿਰਾਸੀਆਂ ਦੇ ਮੁੰਡੇ ਮੇਰੇ ਪਹਿਲੇ ਆੜੀ ਬਣੇ ਸਨ। ਬੱਚਿਆਂ ਦੀਆਂ ਉਹ ਆਲੀਆਂ ਭੋਲੀਆਂ ਆੜੀਆਂ ਪਾਕਿਸਤਾਨ ਬਣਨ ਨਾਲ ਟੁੱਟੀਆਂ।

ਜਦੋਂ ਮੈਂ ਤੁਰਨ ਜੋਗਾ ਹੋਇਆ ਤਾਂ ਵਿਹੜੇ `ਚੋਂ ਬੀਹੀ ਵਿੱਚ ਜਾਣ ਲੱਗਾ। ਮੇਰੇ ਤੜਾਗੀ ਪਾਈ ਹੁੰਦੀ ਸੀ ਜੀਹਦੇ `ਚ ਮਣਕੇ ਵੀ ਸਨ। ਕੱਛੀ ਮੇਰੇ ਪਾਈ ਨਹੀਂ ਸੀ ਹੁੰਦੀ ਤੇ ਨੰਗ ਢਕਣ ਨੂੰ `ਕੱਲਾ ਝੱਗਾ ਈ ਹੁੰਦਾ ਸੀ। ਹੁਣ ਤਾਂ ਮੇਰੇ ਪੋਤਿਆਂ ਦੇ ਜੰਮਣ ਤੋਂ ਈ ਡਾਇਪਰ ਲੱਗਦੇ ਰਹੇ ਹਨ। ਮੈਨੂੰ ਯਾਦ ਹੈ ਮੈਂ ਪੈਰੋਂ ਨੰਗਾ, ਸਿਰ `ਤੇ ਜੂੜੀ ਤੇ ਉਤੋਂ ਦੀ ਪਾਏ ਝੱਗੇ ਨਾਲ ਘਰੋਂ ਬਾਹਰ ਨਿਕਲਿਆ। ਉਦੋਂ ਹੋਵਾਂਗਾ ਕੋਈ ਪੰਜਾਂ ਛੇਆਂ ਸਾਲਾਂ ਦਾ। ਸਮਝ ਲਓ ਉਹ ਮੇਰੇ ਜੀਵਨ ਦੇ ਸਫ਼ਰ ਦੀ ਸ਼ੁਰੂਆਤ ਸੀ। ਬੀਹੀ ਦੇ ਮੋੜ ਉਤੇ ਮੁਸਲਮਾਨਾਂ ਦੇ ਘਰ ਸਨ। ਉਨ੍ਹਾਂ ਦਾ ਕੋਈ ਦਿਨ ਦਿਹਾਰ ਸੀ ਤੇ ਉਹ ਮਿੱਠੇ ਚੌਲ ਵਰਤਾਅ ਰਹੇ ਸਨ। ਮੈਂ ਵੀ ਹਾਣੀਆਂ ਦੀ ਢਾਣੀ `ਚ ਬਹਿ ਗਿਆ ਤੇ ਚੌਲ ਝੋਲੀ `ਚ ਪੁਆ ਕੇ ਖਾਣ ਲੱਗਾ।

ਚੌਲ ਬੜੇ ਮਿੱਠੇ ਸਨ ਤੇ ਆੜੀਆਂ ਨਾਲ ਰਲ ਕੇ ਖਾਣ ਦਾ ਸੁਆਦ ਵੀ ਆ ਰਿਹਾ ਸੀ ਕਿ ਅਚਾਨਕ ਬਿੱਜ ਪੈ ਗਈ। ਘਰਾਂ `ਚੋਂ ਲੱਗਦੇ ਇੱਕ ਬਾਬੇ ਨੇ ਮੈਨੂੰ ਬਾਹੋਂ ਫੜ ਕੇ ਘੜੀਸ ਲਿਆ ਤੇ ਸਾਡੇ ਘਰ ਲੈ ਆਇਆ। ਮੈਂ ਰੋਸ ਵਿੱਚ ਰੋ ਰਿਹਾ ਸਾਂ ਤੇ ਬਾਬਾ ਘਰ ਵਾਲਿਆਂ ਨੂੰ ਉਲਾਂਭੇ ਦੇ ਰਿਹਾ ਸੀ, “ਮੁੰਡੇ ਦਾ ਤੁਸੀਂ ਧਿਆਨ ਨੀ ਰੱਖਦੇ। ਇਹ ਮੁਸਲਮਾਨਾਂ ਦੇ ਚੌਲ ਖਾ ਆਇਆ। ਭਿੱਟਿਆ ਗਿਆ ਇਹ ਛੋਹਰ। ਲਿਆਓ ਹੁਣ ਗੰਗਾ ਜਲ ਤੇ ਬਣਾਓ ਇਹਨੂੰ ਮੁੜ ਕੇ ਸਿੱਖ!”

ਉਸੇ ਵੇਲੇ ਕਿਸੇ ਦੇ ਘਰੋਂ ਗੰਗਾ ਜਲ ਲਿਆਂਦਾ ਗਿਆ ਤੇ ਉਹਦੀ ਇੱਕ ਘੁੱਟ ਪਿਆ ਕੇ ਮੇਰੀ ਭਿੱਟ ਹਟਾਈ ਗਈ। ਮਿੱਠੇ ਚੌਲ ਖਾਣ ਪਿਛੋਂ ਮੈਨੂੰ ਲੱਗਦਾ ਸੀ ਕਿ ਗੰਗਾ ਜਲ ਚੌਲਾਂ ਤੋਂ ਵੀ ਸੁਆਦੀ ਹੋਵੇਗਾ ਪਰ ਬੋਤਲ ਦਾ ਉਹ ਫਿੱਕਾ ਪਾਣੀ ਮੈਂ ਮਸਾਂ ਸੰਘੋਂ ਲੰਘਾਇਆ।

ਫਿਰ ਮੈਂ ਸਕੂਲ ਪੜ੍ਹਨ ਤੇ ਡੰਗਰਾਂ ਮਗਰ ਜਾਣ ਲੱਗ ਪਿਆ ਜਿਸ ਨਾਲ ਘਰੋਂ ਬਾਹਰਲੀ ਦੁਨੀਆਂ ਦੇ ਦਰਸ਼ਨ ਹੋਣ ਲੱਗੇ। ਸਕੂਲ ਪਿੰਡ ਦੇ ਗੁਰਦੁਆਰੇ ਵਿੱਚ ਹੀ ਸੀ ਜਿਥੇ ਅਸੀਂ ਗੁਰਮੁਖੀ ਦਾ ਬਾਲ ਉਪਦੇਸ਼ ਤੇ ਉਰਦੂ ਦੇ ਕਾਇਦੇ ਨਾਲ ਪੰਜ ਗ੍ਰੰਥੀ ਪੜ੍ਹਦੇ, ਸ਼ਬਦ ਗਾਉਂਦੇ ਤੇ ਅੱਗੋਂ ਪਿਛੋਂ ਕੌਡੀ ਬਾਡੀ ਖੇਡਦੇ। ਕਦੇ ਬੋਹੜ `ਤੇ ਚੜ੍ਹ ਜਾਂਦੇ ਤੇ ਟਾਹਣਿਆਂ ਨਾਲ ਲੰਗੂਰਾਂ ਵਾਂਗ ਝੂਟਦੇ। ਗੁਰੂਘਰ ਦਾ ਸਕੂਲ ਹੋਣ ਦੇ ਬਾਵਜੂਦ ਸਾਨੂੰ ਉਰਦੂ ਵੀ ਪੜ੍ਹਾਇਆ ਜਾਂਦਾ ਸੀ ਜੋ ਮੈਂ ਪਾਕਿਸਤਾਨ ਬਣਨ ਤਕ ਪੜ੍ਹਿਆ। ਗੁਰਦੁਆਰੇ `ਚ ਮੱਸਿਆ, ਸੰਗਰਾਂਦ ਜਾਂ ਗੁਰਪੁਰਬ ਸਮੇਂ ਪ੍ਰਸ਼ਾਦ ਵੰਡਿਆ ਜਾਂਦਾ ਤਾਂ ਅਸੀਂ ਚਲਾਕੀ ਨਾਲ ਦੋ ਤਿੰਨ ਵਾਰ ਥੋੜ੍ਹਾ ਬਹੁਤਾ ਲੈ ਜਾਂਦੇ। ਇੱਕ ਚਲਾਕੀ ਤਾਂ ਆਮ ਹੀ ਚਲਦੀ ਸੀ ਕਿ ਪਹਿਲਾ ਪ੍ਰਸ਼ਾਦ ਖਾ ਕੇ ਥਿੰਧੇ ਹੱਥ ਝੱਗੇ ਨਾਲ ਪੂੰਝ ਲੈਂਦੇ ਤੇ ਮੁੜ ਕੇ ਭਾਈ ਜੀ ਅੱਗੇ ਜਾ ਅੱਡਦੇ। ਦੂਜੀ ਚਲਾਕੀ ਘਰ ਦੇ ਕਿਸੇ ਵਡੇਰੇ ਦੀ ਬਿਮਾਰੀ ਦਾ ਬਹਾਨਾ ਲਾ ਕੇ ਭੋਗ ਘਰ ਲੈ ਜਾਣ ਦੀ ਵਰਤ ਲਈਦੀ ਸੀ। ਉਨ੍ਹਾਂ ਚਲਾਕੀਆਂ ਦੀ ਸਜ਼ਾ ਹੁਣ ਭੁਗਤ ਰਿਹਾਂ ਜਦੋਂ ਤਿੰਨ ਮੇਲ ਦੇ ਪ੍ਰਸ਼ਾਦ ਦਾ ਪਹਿਲਾ ਗੱਫਾ ਹੀ ਮੂੰਹ ਮੋੜ ਦਿੰਦੈ। ਪ੍ਰਸ਼ਾਦ ਘੱਟ ਤੋਂ ਘੱਟ ਲੈਣ ਲਈ ਪਹਿਲਾਂ ਹੀ ਕਹਿਣਾ ਪੈਂਦੈ, “ਭਾਈ ਜੀ, ਸਵਾਇਆ ਗੱਫਾ!”

ਅੱਜ ਸੋਚਦਾਂ ਕਿ ਇਹ ਚੁਸਤੀ ਚਲਾਕੀ ਵੀ ਕਮਾਲ ਦੀ ਸ਼ੈਅ ਏ ਜਿਹੜੀ ਬਚਪਨ ਵਿੱਚ ਈ ਕਰਨੀ ਆ ਜਾਂਦੀ ਏ ਤੇ ਪਿੱਛੋਂ ਸਾਰੀ ਉਮਰ ਪਿੱਛਾ ਨਹੀਂ ਛੱਡਦੀ।

ਡੰਗਰਾਂ ਮਗਰ ਤੁਰੇ ਫਿਰਦੇ ਅਸੀਂ ਗੰਨੇ ਭੰਨ ਲੈਂਦੇ ਤੇ ਛੱਲੀਆਂ ਤੋੜ ਲੈਂਦੇ ਸਾਂ। ਫੜੇ ਜਾਣ `ਤੇ ਕੁੱਟ ਵੀ ਪੈ ਜਾਂਦੀ ਸੀ। ਪਰ ਉਦੋਂ ਕੁੱਟਾਂ-ਕੱਟਾਂ ਦੀ ਕਿੱਥੇ ਪਰਵਾਹ ਸੀ? ਦੋ ਪਈਆਂ ਵਿਸਰ ਗਈਆਂ ਵਾਲਾ ਹਿਸਾਬ ਸੀ। ਤਾਂ ਹੀ ਤਾਂ ਚੋਰੀ ਦੀਆਂ ਰਿਓੜੀਆਂ ਤੇ ਪਕੌੜੀਆਂ ਖਾਣ ਲਈ ਸੰਤ ਰਾਮ ਖੱਤਰੀ ਤੇ ਅਮਰੀ ਸੁਨਿਆਰੇ ਦੀ ਹੱਟੀ `ਚ ਹੱਥ ਮਾਰ ਆਈਦਾ ਸੀ। ਚੋਰੀ ਦਾ ਮਾਲ ਲੱਗਦਾ ਵੀ ਬੜਾ ਸੁਆਦ ਸੀ। ਬਚਪਨ ਦੀਆਂ ਚੋਰੀਆਂ ਤੇ ਚਲਾਕੀਆਂ ਮਸੂਮ ਜਿਹੀਆਂ ਸਨ ਪਰ ਉਦੋਂ ਜਾਪਦਾ ਸੀ ਜਿਵੇਂ ਵੱਡੇ ਮਾਅ੍ਹਰਕੇ ਮਾਰ ਰਹੇ ਹੋਈਏ।

ਮੇਰਾ ਜਨਮ ਪਿੰਡ ਚਕਰ ਦਾ ਹੈ ਜਿਸ ਦੀ ਮੋੜ੍ਹੀ ਮੁਕਲ ਚੰਦ ਨਾਂ ਦੇ ਰਾਜਪੂਤ ਨੇ ਗੱਡੀ ਸੀ। ਬਾਬਾ ਫਰੀਦ ਦੇ ਆਗਮਨ ਤੋਂ ਕੁੱਝ ਸਮਾਂ ਪਹਿਲਾਂ ਉਹ ਜੈਸਲਮੇਰ ਤੋਂ ਚੱਲਿਆ ਤੇ ਇਤਿਹਾਸਕ ਨਗਰ ਹਠੂਰ ਕੋਲ ਵਸ ਗਿਆ। ਹਠੂਰ ਤੋਂ ਸਾਡਾ ਪਿੰਡ ਸਿਰਫ ਪੰਜ ਕਿਲੋਮੀਟਰ ਹੈ ਤੇ ਮਹਿਦੀਆਣੇ ਦੇ ਗੁਰਦਵਾਰੇ ਤੋਂ ਵੀ ਏਨੀ ਕੁ ਦੂਰ ਹੀ ਪੈਂਦਾ ਹੈ। ਜਗਰਾਓਂ ਸ਼ਹਿਰ ਤੇ ਕਲੇਰਾਂ ਦਾ ਨਾਨਕਸਰ ਠਾਠ ਪਿੰਡੋਂ ਵੀਹ ਕੁ ਕਿਲੋਮੀਟਰ ਹਨ। ਢੁੱਡੀਕੇ ਦਾ ਲਾਲਾ ਲਾਜਪਤ ਰਾਏ ਕਾਲਜ ਵੀ ਏਨੀ ਕੁ ਦੂਰ ਹੀ ਹੈ ਜਿਥੇ ਮੈਂ ਤੀਹ ਸਾਲ ਦੇ ਕਰੀਬ ਪੜ੍ਹਾਇਆ ਤੇ ਮੇਰੇ ਨਾਂ ਨਾਲ ਢੁੱਡੀਕੇ ਜੁੜ ਗਿਆ। ਹੁਣ ਵੀ ਆਮ ਬੰਦੇ ਮੈਨੂੰ ਢੁੱਡੀਕੇ ਦਾ ਹੀ ਸਮਝਦੇ ਹਨ।

ਅਪਰੈਲ 2001 `ਚ ਜਦੋਂ ਅਸੀਂ ਆਲਮੀ ਪੰਜਾਬੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਲਾਹੌਰ ਗਏ ਤਾਂ ਉਥੇ ਰਾਏ ਅਜ਼ੀਜ਼ਉੱਲਾ ਖਾਂ ਨਾਲ ਮੇਲ ਹੋਇਆ। ਉਨ੍ਹਾਂ ਨੇ ਸਾਨੂੰ ਆਪਣੇ ਘਰ ਸੱਦਿਆ। ਉਨ੍ਹਾਂ ਦੇ ਘਰੋਂ ਜੋ ਦਸਤਾਵੇਜ਼ ਮਿਲੇ ਉਨ੍ਹਾਂ ਤੋਂ ਪਤਾ ਲੱਗਾ ਕਿ ਸਾਡਾ ਪਿੰਡ ਉਨ੍ਹਾਂ ਦੇ ਵਡਵਡੇਰੇ ਨੇ ਬੰਨ੍ਹਿਆ ਸੀ। ਮੁਕਲ ਚੰਦ ਦੀ ਚੌਥੀ ਪੀੜ੍ਹੀ ਦੇ ਮੁਖੀ ਦਾ ਨਾਂ ਤੁਲਸੀ ਦਾਸ ਸੀ ਜਿਸ ਨੇ ਇਸਲਾਮ ਧਰਮ ਧਾਰਨ ਕੀਤਾ ਤੇ ਉਹਦਾ ਨਾਂ ਸ਼ੇਖ਼ ਚੱਕੂ ਰੱਖਿਆ ਗਿਆ। ਸੰਭਵ ਹੈ ਚਕਰ ਦਾ ਵਸਨੀਕ ਹੋਣ ਕਾਰਨ ਉਹਨੂੰ ਸ਼ੇਖ਼ ਚਕਰ ਦਾ ਨਾਂ ਦਿੱਤਾ ਗਿਆ ਹੋਵੇ ਤੇ ਉਹ ਘਸ ਕੇ ਸ਼ੇਖ਼ ਚੱਕੂ ਜਾਂ ਰੋਮਨ ਅੱਖਰਾਂ ਵਿੱਚ ਸ਼ੇਖ਼ ਚਾਚੂ ਬਣ ਗਿਆ ਹੋਵੇ। ਰਾਏ ਸਾਹਿਬ ਆਪਣੇ ਵਡਵਡੇਰੇ ਦਾ ਨਾਂ ਸ਼ੇਖ਼ ਚਾਚੂ ਹੀ ਲੈ ਰਹੇ ਸਨ।

ਸ਼ੇਖ਼ ਦੀ ਸੱਤਵੀਂ ਪੀੜ੍ਹੀ ਵਿੱਚ ਰਾਏ ਕੱਲ੍ਹਾ ਪਹਿਲਾ ਪੈਦਾ ਹੋਇਆ ਜਿਸ ਨੂੰ ਸ਼ਹਿਨਸ਼ਾਹ ਅਲਾਉੱਦੀਨ ਨੇ ਰਾਏਕੋਟ ਦੀ ਜਗੀਰ ਦਿੱਤੀ ਤੇ ‘ਰਾਏ’ ਦਾ ਖ਼ਿਤਾਬ ਬਖ਼ਸ਼ਿਆ। ‘ਰਾਏ’ ਰਾਜਪੂਤ ਦਾ ਹੀ ਛੋਟਾ ਰੂਪ ਹੈ। ਚਮਕੌਰ ਦੀ ਗੜ੍ਹੀ ਵਿਚੋਂ ਨਿਕਲ ਕੇ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਦੇ ਜੰਗਲ ਵਿੱਚ ਦੀ ਹੁੰਦੇ ਹੋਏ ਜਦੋਂ ਰਾਏਕੋਟ ਦੇ ਇਲਾਕੇ ਵਿੱਚ ਦਾਖਲ ਹੋਏ ਤਾਂ ਉਸ ਸਮੇਂ ਰਾਏ ਕੱਲ੍ਹਾ ਤੀਜਾ ਉਥੋਂ ਦਾ ਜਗੀਰਦਾਰ ਸੀ। ਉਸ ਨੇ ਮੁਗ਼ਲ ਬਾਦਸ਼ਾਹ ਤੇ ਸੂਬਾ ਸਰਹੰਦ ਦੀ ਪਰਵਾਹ ਨਾ ਕਰਦਿਆਂ ਗੁਰੂ ਜੀ ਨੂੰ ਟਿਕਾਣਾ ਦਿੱਤਾ ਤੇ ਨੂਰੇ ਮਾਹੀ ਨੂੰ ਉਨ੍ਹਾਂ ਦੀ ਟਹਿਲ ਸੇਵਾ ਸੌਂਪੀ।

ਸਾਖੀ ਪ੍ਰਚਲਿਤ ਹੈ ਕਿ ਨੂਰੇ ਮਾਹੀ ਨੇ ਗੁਰੂ ਜੀ ਦੇ ਆਦੇਸ਼ ਉਤੇ ਉਹਨਾਂ ਦੇ ਲੋਟਾਨੁਮਾ ਬਰਤਣ ਗੰਗਾ ਸਾਗਰ ਵਿੱਚ ਔਸਰ ਝੋਟੀ ਦਾ ਦੁੱਧ ਚੋ ਕੇ ਗੁਰੂ ਜੀ ਨੂੰ ਪਿਆਇਆ। ਬਾਅਦ ਵਿੱਚ ਉਹੀ ਗੰਗਾ ਸਾਗਰ ਗੁਰੂ ਜੀ ਨੇ ਰਾਏ ਕੱਲ੍ਹੇ ਨੂੰ ਸੌਂਪ ਦਿੱਤਾ। ਅਨੇਕਾਂ ਛੇਕਾਂ ਤੇ ਨਿੱਕੇ ਢੱਕਣ ਵਾਲਾ ਸੁਰਾਹੀ ਵਰਗਾ ਬਰਤਣ ਹੁਣ ਰਾਏ ਕੱਲ੍ਹਾ ਦੇ ਵਾਰਸ ਰਾਏ ਅਜ਼ੀਜ਼ਉੱਲਾ ਖਾਂ ਪਾਸ ਸੁਰੱਖਿਅਤ ਹੈ। ਉਹਦੀ ਬਣਤਰ ਹੀ ਅਜਿਹੀ ਹੈ ਕਿ ਉਹਦੇ ਵਿਚੋਂ ਰੇਤ ਕਿਰ ਜਾਂਦੀ ਹੈ ਪਰ ਦੁੱਧ ਨਹੀਂ ਡੁਲ੍ਹਦਾ। ਸਿੱਖ ਸੰਗਤਾਂ ਬੜੀ ਸ਼ਰਧਾ ਨਾਲ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਕਰਦੀਆਂ ਹਨ। ਇਹ ਤੱਥ ਅਜੇ ਖੋਜ ਦਾ ਮੁਥਾਜ ਹੈ ਕਿ ਉਹ ਸਾਮੀ ਬਣਤਰ ਵਾਲਾ ਪਰ ਬ੍ਰਾਹਮਣੀ ਨਾਂ ਵਾਲਾ ਅਦਭੁਤ ਬਰਤਣ ਗੁਰੂ ਗੋਬਿੰਦ ਸਿੰਘ ਦੇ ਹੱਥ ਕਿਵੇਂ ਆਇਆ? ਕੀ ਉਹ ਚਮਕੌਰ ਦੀ ਗੜ੍ਹੀ `ਚੋਂ ਨਿਕਲਣ ਵੇਲੇ ਵੀ ਉਨ੍ਹਾਂ ਪਾਸ ਸੀ ਜਾਂ ਰਸਤੇ ਵਿੱਚ ਕਿਸੇ ਨੇ ਭੇਟ ਕੀਤਾ? ਕੀ ਉਹੋ ਜਿਹੀ ਬਣਤਰ ਵਾਲਾ ਹੋਰ ਵੀ ਕੋਈ ਬਰਤਣ ਹੈ? ਕਿਸ ਨੇ ਤੇ ਕਿਥੋਂ ਦੇ ਕਾਰੀਗਰ ਨੇ ਉਸ ਨੂੰ ਢਾਲਿਆ ਤੇ ਬਣਾਇਆ?

ਰਾਏ ਅਜ਼ੀਜ਼ਉੱਲਾ ਕਹਿੰਦੇ ਹਨ, “ਗੰਗਾ ਸਾਗਰ ਸਾਡੇ ਬਜ਼ੁਰਗਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਆ ਅਨਮੋਲ ਤੋਹਫ਼ਾ ਹੈ ਜੋ ਸਾਨੂੰ ਜਿੰਦ ਤੋਂ ਪਿਆਰਾ ਹੈ ਤੇ ਜਿਸ ਦੀ ਸੰਭਾਲ ਅਸੀਂ ਪੁਸ਼ਤਾਂ ਤੋਂ ਪੂਰਨ ਸ਼ਰਧਾ ਨਾਲ ਕਰਦੇ ਆ ਰਹੇ ਹਾਂ। ਇਸ ਨਾਲ ਲੱਖਾਂ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ ਤੇ ਕੋਈ ਵੀ ਨਹੀਂ ਚਾਹੁੰਦਾ ਕਿ ਇਸ ਦੀ ਆਮ ਬਰਤਣ ਵਾਂਗ ਨਿਰਖ ਪਰਖ ਹੋਵੇ।”>

ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਲਾਗੇ ਪਿੰਡ ਲੰਮੇ ਵਿਖੇ ਵਿਸਰਾਮ ਕਰ ਰਹੇ ਸਨ ਜਦੋਂ ਨੂਰੇ ਮਾਹੀ ਨੇ ਸਰਹੰਦ ਤੋਂ ਮੁੜ ਕੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋ ਜਾਣ ਦੀ ਦੁੱਖ ਭਰੀ ਵਿਥਿਆ ਸੁਣਾਈ। ਦੋ ਵੱਡੇ ਸਾਹਿਬਜ਼ਾਦੇ ਗੁਰੂ ਜੀ ਦੀਆਂ ਅੱਖਾਂ ਸਾਹਮਣੇ ਹੀ ਚਮਕੌਰ ਦੇ ਸਾਕੇ ਵਿੱਚ ਸ਼ਹੀਦ ਹੋ ਚੁੱਕੇ ਸਨ। ਉਸ ਵੇਲੇ ਗੂਰੂ ਜੀ ਦੇ ਮਨ ਉਤੇ ਜੋ ਬੀਤੀ ਹੋਵੇਗੀ ਸੰਵੇਦਨਸ਼ੀਲ ਵਿਅਕਤੀ ਸਹਿਜੇ ਹੀ ਉਸ ਦਾ ਅੰਦਾਜ਼ਾ ਲਾ ਸਕਦੇ ਹਨ। ਮਾਤਾ ਪਿਤਾ ਤੇ ਚਾਰੇ ਪੁੱਤਰਾਂ ਦੀ ਸ਼ਹੀਦੀ ਦਾ ਦੁੱਖ ਅਸਹਿ ਸੀ। ਅਜਿਹੇ ਮੌਕੇ ਗੁਰੂ ਜੀ ਤੁਰਕ ਦੇ ਜ਼ੁਲਮ ਦੀ ਜੜ੍ਹ ਪੁੱਟਣ ਦੀ ਗੱਲ ਨਾ ਕਰਦੇ ਤਾਂ ਹੋਰ ਕੀ ਕਰਦੇ?

ਉਥੋਂ ਉਹ ਮਹਿਦੀਆਣੇ ਆਏ ਤੇ ਢਾਬ ਵਿੱਚ ਇਸ਼ਨਾਨ ਕੀਤਾ। ਫਿਰ ਸਾਡੇ ਪਿੰਡ ਚਕਰ ਆ ਰਾਤ ਕੱਟੀ। ਮੈਂ ਅਕਸਰ ਸੋਚਦਾਂ, ਉਸ ਪੋਹ ਮਾਘ ਦੀ ਠਰੀ ਹੋਈ ਰਾਤ ਨੂੰ ਗੁਰੂ ਜੀ ਨੂੰ ਸਾਡੇ ਪਿੰਡ ਨੀਂਦ ਆਈ ਹੋਵੇਗੀ ਜਾਂ ਨਹੀਂ? ਪਰ ਕਿਥੇ! ਉਸ ਹਾਲਤ ਵਿੱਚ ਕੌਣ ਸੌਂ ਸਕਦਾ ਹੈ? ਵੀਹ ਵਿਸਵੇ ਉਨ੍ਹਾਂ ਨੇ ਰਾਤ ਜਾਗਦਿਆਂ ਕੱਟੀ ਹੋਵੇਗੀ। ਉਦੋਂ ਤਾਂ ਪਿੰਡ ਵੀ ਨਿੱਕਾ ਜਿਹਾ ਹੋਵੇਗਾ। ਪਤਾ ਨਹੀਂ ਸਾਡੇ ਪਿੰਡ ਵਾਲਿਆਂ ਤੋਂ ਗੁਰੂ ਜੀ ਦੀ ਕੋਈ ਟਹਿਲ ਸੇਵਾ ਹੋ ਸਕੀ ਹੋਵੇਗੀ ਜਾਂ ਨਹੀਂ? ਕਿਸੇ ਨੇ ਦੁੱਖ ਵੰਡਾਇਆ ਹੋਵੇਗਾ ਜਾਂ ਨਾ? ਕੀ ਸੋਚਦੇ ਹੋਣਗੇ ਉਹ ਸਾਡੇ ਪਿੰਡ ਬਾਰੇ? ਸੰਭਵ ਹੈ ਕਿਸੇ ਨੇ ਮੰਜਾ ਬਿਸਤਰਾ ਦੇ ਦਿੱਤਾ ਹੋਵੇ ਤੇ ਰੋਟੀ ਪਾਣੀ ਦੀ ਸੇਵਾ ਕੀਤੀ ਹੋਵੇ। ਪਰ ਇਹ ਸਾਰਾ ਕੁੱਝ ਹਨ੍ਹੇਰੇ ਵਿੱਚ ਹੈ। ਜਿਥੇ ਉਨ੍ਹਾਂ ਨੇ ਰਾਤ ਕੱਟੀ ਉਹ ਜਗ੍ਹਾ ਤਾਂ ਪਿੰਡ ਦੇ ਕਿਲੇ ਤੋਂ ਕੁੱਝ ਹਟਵੀਂ ਸੀ। ਉਦੋਂ ਉਥੇ ਵਸੋਂ ਨਹੀਂ ਸੀ ਹੋ ਸਕਦੀ। ਬਜ਼ੁਰਗ ਦੱਸਦੇ ਰਹੇ ਹਨ ਕਿ ਜਿਥੇ ਹੁਣ ਸਰੋਵਰ ਹੈ ਉਥੇ ਗੁਰੂ ਜੀ ਦਾਤਣ ਕਰ ਕੇ ਤਖਤੂਪੁਰੇ ਹੁੰਦੇ ਹੋਏ ਦੀਨੇ ਕਾਂਗੜ ਚਲੇ ਗਏ ਸਨ ਜਿਥੋਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ।

ਗੁਰੂ ਹਰਗੋਬਿੰਦ ਸਾਹਿਬ ਵੀ ਲੋਪੋਂ ਤੋਂ ਚਕਰ ਆ ਗਏ ਸਨ ਤੇ ਸਾਡੇ ਪਿੰਡ ਦੀ ਮਿੱਟੀ ਨੂੰ ਆਪਣੇ ਪਵਿੱਤਰ ਚਰਨਾਂ ਦੀ ਛੋਹ ਬਖ਼ਸ਼ ਗਏ ਸਨ। ਗੁਰੂ ਸਾਹਿਬਾਨ ਦੀ ਯਾਦ ਵਿੱਚ ਸਾਡੇ ਪਿੰਡ ਗੁਰਦਵਾਰਾ ਗੁਰੂਸਰ ਬਣਿਆ ਹੋਇਆ ਹੈ। ਜਿਸ ਕੱਚੇ ਕੋਠੇ ਵਿੱਚ ਮੇਰਾ ਜਨਮ ਹੋਇਆ ਗੁਰਦਵਾਰੇ ਤੋਂ ਸੌ ਕੁ ਕਰਮਾਂ ਦੀ ਵਿੱਥ `ਤੇ ਸੀ। ਉਹ ਕੱਚਾ ਕੋਠਾ ਕਦੋਂ ਦਾ ਢਹਿ ਚੁੱਕਾ ਹੈ ਤੇ ਹੁਣ ਉਥੇ ਚਾਚੇ ਚੰਦ ਸਿੰਘ ਦਾ ਘਰ ਹੈ। ਮੈਂ ਖ਼ੁਸ਼ਕਿਸਮਤ ਹਾਂ ਕਿ ਜਦੋਂ ਚਾਹਾਂ ਆਪਣਾ ਜਨਮ ਸਥਾਨ ਵੇਖ ਸਕਦਾ ਹਾਂ। ਮੇਰਾ ਜਨਮ ਲਹਿੰਦੇ ਪੰਜਾਬ ਦੇ ਕਿਸੇ ਪਿੰਡ ਵਿੱਚ ਹੋਇਆ ਹੁੰਦਾ ਤਾਂ ਮੈਂ ਆਪਣੀ ਜਨਮ ਭੋਇੰ ਨੂੰ ਵੇਖਣ ਲਈ ਤਰਸਦਾ ਰਹਿੰਦਾ। ਬਥੇਰੇ ਲੋਕ ਹਨ ਜੋ ਆਪਣਾ ਜਨਮ ਸਥਾਨ ਵੇਖਣ ਲਈ ਝੂਰਦੇ ਤੇ ਹੰਝੂ ਵਗਾਉਂਦੇ ਰਹਿੰਦੇ ਹਨ।

ਜਦ ਮੈਂ ਛੇ ਕੁ ਸਾਲਾਂ ਦਾ ਹੋਇਆ ਤਾਂ ਆਪਣੇ ਨਿੱਕੇ ਨਿੱਕੇ ਕਦਮਾਂ ਨਾਲ ਘਰ ਤੋਂ ਗੁਰੂਘਰ ਵਿਚਲੇ ਸਕੂਲ ਤਕ ਚਲਾ ਜਾਂਦਾ ਤੇ ਫਿਰ ਘਰ ਪਰਤ ਆਉਂਦਾ। ਉਹੀ ਨਿੱਕੇ ਕਦਮ ਉਮਰ ਨਾਲ ਵੱਡੇ ਬਣ ਕੇ ਮੈਨੂੰ ਦਿੱਲੀ-ਦੱਖਣ, ਲੰਡਨ-ਲਾਹੌਰ ਤੇ ਅਮਰੀਕਾ-ਕੈਨੇਡਾ ਤਕ ਘੁਮਾਈ ਫਿਰੇ ਹਨ। ਜ਼ਿਲ੍ਹਾ ਲੁਧਿਆਣੇ ਦੇ ਇੱਕ ਪਛੜੇ ਹੋਏ ਪਿੰਡ ਚਕਰ ਤੋਂ ਚੱਲ ਕੇ ਹੁਣ ਮੈਂ ਕੈਨੇਡਾ ਦੇ ਆਧੁਨਿਕ ਸ਼ਹਿਰ ਟੋਰਾਂਟੋ ਦਾ ਵਸਨੀਕ ਬਣ ਗਿਆ ਹਾਂ ਤੇ ਇਹ ਸਤਰਾਂ ਇਥੇ ਬੈਠਾ ਈ ਲਿਖ ਰਿਹਾਂ। ਪੜ੍ਹਦਿਆਂ, ਪੜ੍ਹਾਉਂਦਿਆਂ ਅਤੇ ਦੇਸ ਪਰਦੇਸ ਦੇ ਖੇਡ ਮੇਲਿਆਂ ਤੇ ਹੋਰਨਾਂ ਥਾਂਵਾਂ `ਤੇ ਜਾਂਦਿਆਂ ਆਉਂਦਿਆਂ ਜਿੰਨਾ ਕੁ ਜਗਤ ਤਮਾਸ਼ਾ ਮੈਂ ਵੇਖ ਸਕਿਆਂ ਉਹ ਮੈਂ ਇਸ ਪੁਸਤਕ ਦੇ ਅਗਲੇ ਪੰਨਿਆਂ `ਤੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ।

Additional Info

  • Writings Type:: A single wirting
Read 3582 times Last modified on Tuesday, 13 October 2009 17:49
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।