You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਬਾਪ, ਦੋਸਤ ਤੇ ਰਹਿਬਰ -ਕਿਰਪਾਲ ਸਿੰਘ ਪੰਨੂੰ

ਲੇਖ਼ਕ

Wednesday, 09 May 2018 10:18

ਬਾਪ, ਦੋਸਤ ਤੇ ਰਹਿਬਰ -ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਮੇਰੀ ਜ਼ਿੰਦਗੀ ਵਿੱਚ, ਮੇਰੇ ਪਰਵਾਰ ਲਈ ਬਾਪ, ਮਿੱਤਰ, ਸਾਡੇ ਲਈ ਸਦਾ ਸਭ ਕੁੱਝ ਸੋਚਦਾ, ਕਰਦਾ ਤੇ ਮੇਰਾ ਰਹਿਨੁਮਾ ਸਰਦਾਰ ਕਿਰਪਾਲ ਸਿੰਘ ਪੰਨੂੰ, ਉਸ ਵੇਲ਼ੇ ਪਰਵੇਸ਼ ਕਰਦਾ ਹੈ ਜਦੋਂ ਮੈਂ ਆਪਣੀ ਵਧੀਆ ਕਾਲਜੀਏਟ ਜਿੰਦਗੀ ਬਿਤਾ ਕੇ ਇੱਕ ਨਵੀਂ ਜਿੰਮੇਵਾਰ ਜਿੰਦਗੀ ਵਿੱਚ ਦਾਖਲ ਹੁੰਦਾ ਹੋਇਆ ਇੱਕ ਮਹੱਤਵਪੂਰਣ ਮਹਿਕਮੇ ਵਿੱਚ ਕਾਰਜ ਭਾਰ ਸੰਭਾਲ਼ਦਾ ਹਾਂ। ਮੈਨੂੰ ਅੱਜ ਵੀ ਯਾਦ ਹੈ ਜਦੋਂ ਉਹ ਆਪਣੇ ਦੋਹਾਂ ਮੋਢਿਆਂ ਉੱਤੇ ਸਜਾਏ ਹੋਏ ਤਿੰਨ-ਤਿੰਨ ਸਟਾਰਾਂ ਨਾਲ਼ ਭਰੀ ਵਰਦੀ ਵਿੱਚ ਇੱਕ ਮਹਿਕਮਾਨਾ ਕੰਮ ਸਬੰਧੀ ਮੇਰੇ ਪਾਸ ਆਇਆ ਸੀ। ਮੈਂ ਇੱਕ ਬਿਲਕੁਲ ਅਣਜਾਣ ਮੁੰਡਾ ਤੇ ਸਾਹਮਣੇ ਮੇਰੇ ਇੱਕ ਸਜਿਆ ਹੋਇਆ ਚੰਗਾ ਅਨੁਭਵੀ ਤੇ ਪਾਰਖੂ ਬਾਰਡਰ ਸਕਿਉਰਿਟੀ ਫੋਰਸ ਦਾ ਅਫਸਰ। ਉਸ ਵੇਲ਼ੇ ਮੈਂ ਕੁੱਝ ਝਿਜਕਿਆ ਵੀ ਸੀ।

ਮੈਨੂੰ ਨਹੀਂ ਪਤਾ ਕਿ ਇਹਨਾ ਪਲਾਂ ਵਿੱਚ ਕੀ ਸੀ ਜਾਂ ਕੀ ਹੋਇਆ ਕਿ ਉਹ ਪਲ ਹੁਣ ਤਕ 30 ਸਾਲ ਲੰਮੇ ਹੋ ਗਏ ਹਨ। ਓਹੀ ਪਿਆਰ, ਸਤਿਕਾਰ ਤੇ ਅਪਣੱਤ ਅੱਜ ਵੀ ਬੇਕਰਾਰ ਅਤੇ ਬਰਕਰਾਰ ਹੈ। ਇਹਨਾਂ ਪਲਾਂ ਵਿੱਚ ਹੀ ਅਸਾਡੇ ਕਈ ਰਿਸ਼ਤੇ ਉਜਾਗਰ ਹੋਏ ਹਨ, ਖਾਸ ਕਰਕੇ ਇੱਕ ਬਾਪ, ਪੁੱਤਰ ਅਤੇ ਮਿੱਤਰ ਦਾ ਰਿਸ਼ਤਾ। ਜਿਸ ਨੂੰ ਅੱਜ ਤੀਕ ਪੰਨੂੰ ਸਾਹਿਬ ਆਪ ਵੀ ਨਹੀਂ ਜਾਣ ਸਕੇ ਤੇ ਮੈਨੂੰ ਅਕਸਰ ਪੁੱਛ ਲੈਂਦੇ ਨੇ, “ਮੈਂ ਤੈਨੂੰ ਕੀ ਆਖਾਂ? ਪੁੱਤ, ਵੀਰ ਜਾਂ ਮਿੱਤਰ।”

ਇਸ ਪਹਿਲੀ ਮਿਲਣੀ ਤੋਂ ਪਿੱਛੋਂ ਅਸਾਡਾ ਇੱਕ ਦੂਜੇ ਕੋਲ਼ ਆਣਾ-ਜਾਣਾ ਆਮ ਹੋ ਗਿਆ। ਹਰੇਕ ਮਿਲਾਪ ਨਾਲ਼ ਇਹਨਾਂ ਰਿਸ਼ਤਿਆਂ ਦੀ ਤੰਦ ਹੋਰ ਪੱਕੀ-ਪੀਡੀ ਤੇ ਰੰਗ ਹੋਰ ਗੂੜ੍ਹਾ ਹੁੰਦਾ ਚਲਾ ਗਿਆ।

ਅੱਜ ਤੋਂ 30 ਸਾਲ ਪਹਿਲਾਂ ਸਾਲ 1980 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਐੱਮ. ਐੱਸਸੀ. ਐਗਰੀਕਲਚਰ ਪਾਸ ਕਰ ਕੇ ਹੁਸ਼ਿਆਰਪੁਰ ਮੈਂ ਬਾਗਬਾਨੀ ਵਿਭਾਗ ਵਿੱਚ ਸਰਕਾਰੀ ਨੌਕਰੀ ਕਰ ਲਈ। ਮੈਂ ਇੱਕ ਸਾਇੰਸ ਦਾ ਵਿਦਿਆਰਥੀ ਸਾਂ। ਜਿਸ ਦੀ ਸਾਹਿਤ ਵਿੱਚ ਬਿਲਕੁਲ ਹੀ ਕੋਈ ਰੁਚੀ ਨਹੀਂ ਸੀ। ਆਪਣੀਆਂ ਕਿਤਾਬਾਂ ਤੋਂ ਬਾਹਰ ਕੇਵਲ ਅਖ਼ਬਾਰਾਂ ਰਾਹੀਂ ਹੀ ਸੰਸਾਰ ਦੇ ਆਰ ਪਾਰ ਜਾਣ ਦੀ ਮੈਨੂੰ ਖਿੱਚ ਹੁੰਦੀ ਸੀ। ਪਰ ਕਿਰਪਾਲ ਸਿੰਘ ਪੰਨੂੰ ਇੱਕ ਵੱਡਾ ਫੌਜੀ ਅਫਸਰ ਹੋਣ ਦੇ ਨਾਲ਼-ਨਾਲ਼ ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲ਼ਾ ਸੀ ਅਤੇ ਮੇਰੀ ਆਪਣੀ ਸੋਚ ਅਨੁਸਾਰ ਜਾਂ ਮੇਰੇ ਲਈ ਇੱਕ ਚੰਗਾ ਲੇਖਕ ਅਤੇ ਸਾਹਿਤਕਾਰ ਵੀ ਸੀ। ਜਿਸ ਦੀਆਂ ਕਹਾਣੀਆਂ ਅਤੇ ਕਵਿਤਾਵਾਂ ਨੂੰ ਪੜ੍ਹ ਕੇ ਮੈਂ ਅਤੇ ਮੇਰੀ ਸੁਪਤਨੀ ਸਰਬਜੀਤ ਕੌਰ ਐੱਮ., ਬੀ.ਐੱਡ, ਦੋਵੇਂ ਬਹੁਤ ਹੀ ਪਰਭਾਵਿਤ ਹੋਇਆ ਕਰਦੇ ਸਾਂ। ਬਿਲਕੁਲ ਨਵੀਂ ਸੋਚ, ਸਮਾਜ ਦੇ ਉਲਝੇ ਵਹਿਮਾਂ-ਭਰਮਾਂ ਤੋਂ ਬਹੁਤ ਉੱਚੀ ਸੋਚ ਦੀ ਲੇਖਣੀ ਤੇ ਸ. ਕਿਰਪਾਲ ਸਿੰਘ ਪੰਨੂੰ ਦੀ ਇੱਕ ਨਵਾਂ ਸਮਾਜ ਸਿਰਜਣ ਦੀ ਸੋਚ।

ਉਸ ਸਮੇਂ ਤੱਕ ਮੇਰਾ ਅਤੇ ਸਰਬਜੀਤ ਕੌਰ ਦਾ ਵਿਆਹ ਗਿਆ ਹੋਇਆ ਸੀ। ਜ਼ਰੂਰੀ ਸਰਕਾਰੀ ਕੰਮਾਂ ਵਿੱਚ ਰੁੱਝੇ ਹੋਣ ਕਾਰਨ ਚਾਹੁੰਦੇ ਹੋਏ ਵੀ ਪੰਨੂੰ ਸਾਹਿਬ ਮੇਰੇ ਵਿਆਹ ਨਹੀਂ ਸਨ ਜਾ ਸਕੇ।

ਇਕੱਲੀ ਲੇਖਣੀ ਵਿੱਚ ਹੀ ਉੱਚੇ ਨਹੀਂ ਹਨ ਸ. ਕਿਰਪਾਲ ਸਿੰਘ ਪੰਨੂੰ ਉਹ ਕਰਨੀ ਦੇ ਵੀ ਧਨੀ ਹਨ। ਫੌਜੀ ਜ਼ਿੰਦਗੀ ਵਿੱਚ ਉਹ ਦਿਸਹੱਦੇ ਪਾਰ ਕਰਨੇ, ਜੋ ਕੋਈ ਸੋਚ ਵੀ ਨਹੀਂ ਸਕਦਾ, ਉਨ੍ਹਾਂ ਪਹਾੜਾਂ ਵਿੱਚ ਜਿੱਥੋਂ ਲੰਘਣਾ ਵੀ ਸੰਭਵ ਨਹੀਂ ਸੀ ਉੱਥੇ ਆਮ ਲੋਕਾਂ ਦੇ ਲੰਘਣ ਵਾਸਤੇ ਰਾਹ ਤੇ ਪੁਲ਼ ਬਣਾ ਦੇਣੇ। ਕੰਪਿਊਟਰ ਜੋ ਉਸ ਲਈ ਚਲਾਉਣਾ ਕੀ ਸੋਚਣਾ ਵੀ ਔਖਾ ਸੀ, ਰਿਟਾਇਰ ਹੋਣ ਪਿੱਛੋਂ ਉਸੇ ਨਾਲ਼ ਪੱਕਾ ਪ੍ਰੇਮ ਪਾ ਲੈਣਾ ਤੇ ਉਸ ਵਿੱਚ ਅਜੇਹੀਆਂ ਪ੍ਰਾਪਤੀਆਂ ਕਰਨੀਆਂ ਕਿ ਵੱਡੇ-ਵੱਡੇ ਸੂਝਵਾਨ ਅਸ਼-ਅਸ਼ ਕਰ ਉੱਠੇ। ਉਨ੍ਹਾਂ ਵੱਲੋਂ ਕੰਪਿਊਟਰ ਦੀਆਂ ਫੌਂਟਾਂ ਦੀ ਉਸਾਰੀ ਅਤੇ ਉਸਾਰੀ ਵਿੱਚ ਪਾਇਆ ਯੋਗਦਾਨ ਪੰਜਾਬੀ ਲਈ ਵਰਦਾਨ ਸਿੱਧ ਹੋਇਆ ਹੈ। ਉਨ੍ਹਾਂ ਨੇ ਪੰਜਾਬੀ ਦੀ ਹਰ ਇੱਕ ਫੌਂਟ ਨੂੰ ਹਰ ਦੂਜੀ ਫੌਂਟ ਵਿੱਚ ਬਦਲਣ ਦੇ ਪਰੋਗਰਾਮ ਬਣਾਏ ਹੋਏ ਹਨ ਜਿਨ੍ਹਾਂ ਦੀ ਜਾਂ ਉਨ੍ਹਾਂ ਦੀ ਸੇਵਾ ਦੀ ਮੰਗ ਦੇਸ ਵਿਦੇਸ਼ ਵਿੱਚੋਂ ਪੰਨੂੰ ਸਾਹਿਬ ਕੋਲ਼ ਆਈ ਹੀ ਰਹਿੰਦੀ ਹੈ। ਉਨ੍ਹਾਂ ਦੇ ਗੁਰਮੁਖੀ-ਸ਼ਾਹਮੁਖੀ ਅਤੇ ਸ਼ਾਹਮੁਖੀ-ਗੁਰਮੁਖੀ ਪਰਵਰਤਨ ਪਰੋਗਰਾਮ ਨੇ ਹਿੰਦੋਸਤਾਨ ਅਤੇ ਪਾਕਿਸਤਾਨ ਵਿੱਚ ਇੱਕ ਮਿਲਾਪੀ ਪੁਲ਼ ਉਸਾਰਨ ਦਾ ਕੰਮ ਕੀਤਾ ਹੈ।

ਕਿਰਪਾਲ ਸਿੰਘ ਪੰਨੂੰ ਦੀਆਂ ਪੰਜਾਬੀ ਭਾਸ਼ਾ, ਸਾਹਿਤਕ ਅਤੇ ਜਨਤਕ ਆਦਿ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਲਈ ਪੰਜਾਬੀ ਭਾਈਚਾਰੇ ਨੇ ਉਸ ਨੂੰ ਬਹੁਤ ਸਾਰੇ ਮਾਨਾਂ-ਸਨਮਾਨਾਂ ਨਾਲ਼ ਸਤਿਕਾਰਿਆ ਹੈ। ਜਿਸ ਦਾ ਮੈਨੂੰ ਵੀ ਪੂਰਾ ਮਾਣ ਹੈ।

ਮੈਨੂੰ ਜਦੋਂ ਪਹਿਲੀ ਵਾਰ ਆਪਣੇ ਪਰਿਵਾਰ ਸਮੇਤ ਉਹਨਾਂ ਦੇ ਪਿੰਡ ਕਟਾਹਰੀ ਜ਼ਿਲ੍ਹਾ ਲੁਧਿਆਣਾ ਵਿਖੇ ਜਾਣ ਦਾ ਮਾਣ ਮਿਲਿਆ ਤਾਂ ਮੈਂ ਬਹੁਤ ਪਰਭਾਵਿਤ ਹੋਇਆ। ਉਹਨਾਂ ਦੇ ਘਰ ਵਿੱਚ ਦੁਨੀਆਂ ਦੀਆਂ ਮੰਨੀਆਂ ਪਰਮੰਨੀਆਂ ਸ਼ਖਸੀਅਤਾਂ ਵੱਲੋਂ ਲਿਖੀਆਂ ਹੋਈਆਂ ਕਿਤਾਬਾਂ ਦਾ ਭੰਡਾਰ ਦੇਖ ਕੇ ਜੋ ਇੱਕ ਵੱਡੇ ਕਮਰੇ ਵਿੱਚ ਬਣਿਆ ਹੋਇਆ ਇੱਕ ਕੱਪ ਬੋਰਡ ਸੀ ਜਿਸ ਵਿੱਚ ਹਜ਼ਾਰਾਂ ਹੀ ਕਿਤਾਬਾਂ ਦਾ ਸੰਸਾਰ ਵਸਿਆ ਹੋਇਆ ਸੀ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇੱਕ ਫੌਜੀ ਅਫਸਰ ਸਾਹਿਤ ਦਾ ਸ਼ੌਕੀਨ ਅਤੇ ਲੇਖਕ ਕਿਵੇਂ ਹੋ ਸਕਦਾ ਹੈ? ਉਸ ਨੇ ਸਾਨੂੰ ਪਹਿਲੀ ਵੇਰ ਰਾੜਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਵੀ ਕਰਵਾਏ।

ਇੱਥੇ ਹੀ ਸਾਡਾ ਬੀਬੀ ਜੀ ਪਤਵੰਤ ਕੌਰ ਨਾਲ਼ ਮੇਲ ਹੋਇਆ ਜਿਨ੍ਹਾਂ ਨੇ ਸਾਨੂੰ ਅੱਜ ਤੱਕ ਮਾਂ ਵਾਲ਼ਾ ਪਿਆਰ ਦਿੱਤਾ ਹੈ। ਇਸੇ ਤਰ੍ਹਾਂ ਹੀ ਹਰ ਖੁਸ਼ੀ ਦੇ ਸਮੇਂ ਸਾਡਾ ਇੱਕ ਦੂਜੇ ਦੇ ਪਰਿਵਾਰਾਂ ਵਿੱਚ ਆਣਾ-ਜਾਣਾ ਬਣਿਆਂ ਰਿਹਾ।

ਇੱਕ ਵੇਰ ਪੰਨੂੰ ਸਾਹਿਬ ਦੀ ਸ੍ਰੀਨਗਰ ਵਿੱਚ ਡਿਊਟੀ ਲੱਗ ਗਈ ਤੇ ਉਨ੍ਹਾਂ ਨੇ ਮੈਨੂੰ ਕਸ਼ਮੀਰ ਦੀ ਸੈਰ ਕਰਨ ਲਈ ਬੁਲਾਇਆ। ਮੇਰਾ ਵੱਡਾ ਬੇਟਾ ਗੁਰਦੀਪ ਉਸ ਵੇਲ਼ੇ ਦੋ ਕੁ ਸਾਲ ਦਾ ਸੀ, ਗੁਰਜੀਤ ਦਾ ਅਜੇ ਜਨਮ ਨਹੀਂ ਸੀ ਹੋਇਆ। ਉਸ ਨੂੰ ਉੱਥੇ ਇਤਨਾ ਪਿਆਰ ਮਿਲ਼ਿਆ ਕਿ ਜਿਸ ਨੂੰ ਉਹ ਅੱਜ 23 ਸਾਲ ਦਾ ਹੋ ਕੇ ਵੀ ਕਈ ਵੇਰ ਯਾਦ ਕਰਦਾ ਰਹਿੰਦਾ ਹੈ। ਆਰਮੀ ਦੇ ਖਾਣੇ ਦਾ ਆਪਣਾ ਅਲੱਗ ਹੀ ਸੁਆਦ ਸੀ। ਅਸੀਂ ਹੈਰਾਨ ਵੀ ਹੋਣਾ ਕਿ ਛੋਟਾ ਜੇਹਾ ਗੁਰਦੀਪ ਇਤਨਾ ਖਾਣਾ ਕਿਵੇਂ ਖਾ ਜਾਂਦਾ ਸੀ। ਪੰਨੂੰ ਸਾਹਿਬ ਨੇ ਉਸ ਨੂੰ ਆਮਲੇਟ ਅਤੇ ਮੀਟ ਆਪਣੇ ਹੱਥੀਂ ਖੁਆਉਣਾ। ਉਸ ਨੂੰ ਅਜੇ ਵੀ ਗੁਲਮਰਗ, ਡੱਲ ਝੀਲ, ਰੋਜ਼ ਗਾਰਡਨ, ਅਨੰਤ ਨਗਰ ਦੀਆਂ ਕੀਤੀਆਂ ਸੈਰਾਂ ਯਾਦ ਹਨ।

ਪੰਨੂੰ ਸਾਹਿਬ ਦਾ ਕਥਨ ਸੀ ਕਿ ਇਨਸਾਨ ਦਾ ਮਨ ਝਰਨੇ ਦੇ ਪਾਣੀ ਵਾਂਗੂੰ ਸਾਫ, ਇਰਾਦਾ ਪਹਾੜਾਂ ਵਾਂਗੂੰ ਅਹਿਲ ਅਤੇ ਚਿਹਰਾ ਸ੍ਰੀਨਗਰ ਦੇ ਫੁੱਲਾਂ ਵਾਂਗ ਸਦਾ ਖਿੜਿਆ ਰਹਿਣਾ ਚਾਹੀਦਾ ਹੈ।

ਪੰਨੂੰ ਸਾਹਿਬ ਦੀ ਨੌਕਰੀ ਬੰਗਾਲ ਵਿੱਚ ਵੀ ਰਹੀ ਜਿੱਥੋਂ ਉਹ ਡਿਪਟੀ ਕਮਾਂਡੈੰਟ ਬਣ ਕੇ ਪੰਜਾਬ ਪਰਤੇ। ਆਤੰਕਵਾਦ ਦੇ ਸਮੇਂ ਉਨ੍ਹਾਂ ਦੀ ਨੌਕਰੀ ਗੁਰਦਾਸਪੁਰ ਦੇ ਖ਼ਤਰਨਾਕ ਇਲਾਕੇ ਵਿੱਚ ਸੀ। ਉਹ ਸਮਾਂ ਉਨ੍ਹਾਂ ਲਈ ਵੰਗਾਰ ਭਰਿਆ ਸੀ। ਜਿੱਥੇ ਉਨ੍ਹਾਂ ਨੇ ਅੱਤਵਾਦ ਨਾਲ਼ ਜੁੜੇ ਲੜਾਕਿਆਂ ਨੂੰ ਰੋਕਿਆ ਤਾਂ ਜਰੂਰ ਪਰ ਫਰਜੀ ਅੱਤਿਵਾਦੀ ਮੁਕਾਬਲੇ ਬਨਾਉਣ ਤੋਂ ਕੋਰੀ ਨਾਂਹ ਕਰ ਦਿੱਤੀ।

ਸਮਾਂ ਪਲ-ਪਲ ਕਰ ਕੇ ਆਪਣੀ ਤੋਰ ਤੁਰਦਾ ਗਿਆ ਤੇ ਮਹੀਨਿਆਂ ਸਾਲਾਂ ਨੂੰ ਨਾਪਦਾ ਗਿਆ। ਨੇੜਲੇ ਰਿਸ਼ਤੇਦਾਰਾਂ ਵਾਂਗ ਅਸੀਂ ਆਪਣੀ ਹਰ ਖੁਸ਼ੀ ਸਾਂਝੀ ਕਰਦੇ ਰਹੇ। ਮੇਰੇ ਮਾਂ ਬਾਪ ਅਤੇ ਸਾਰੇ ਭੈਣ ਭਰਾ ਪੰਨੂੰ ਸਾਹਿਬ ਨੂੰ ਮੇਰੇ ਵਾਂਗ ਹੀ ਮਾਣ ਸਤਿਕਾਰ ਦਿੰਦੇ ਹਨ। ਹੁਣ 20 ਕੁ ਸਾਲਾਂ ਤੋਂ ਉਹ ਕੈਨੇਡਾ ਵਿੱਚ ਹਨ। ਉੱਥੋਂ ਵੀ ਮੈਨੂੰ ਹਰ ਸੁੱਖ ਸੁਨੇਹਾ ਅਤੇ ਉਨ੍ਹਾਂ ਦੀਆਂ ਲਿਖਤਾਂ ਮਿਲ਼ਦੀਆਂ ਰਹੀਆਂ ਹਨ ਜੋ ਮੈਂ ਅੱਜ ਤੱਕ ਬੜੇ ਹੀ ਸਤਿਕਾਰ ਨਾਲ਼ ਸਾਂਭ ਕੇ ਰੱਖੀਆਂ ਹੋਈਆਂ ਹਨ। ਉਨ੍ਹਾਂ ਦੀ ਪੰਜਾਬ ਦੀ ਹਰ ਫੇਰੀ ਸਮੇਂ ਅਸੀਂ ਉਨ੍ਹਾਂ ਕੋਲ਼ ਜਾਂਦੇ ਹਾਂ ਅਤੇ ਉਹ ਅਸਾਡੇ ਕੋਲ਼ ਆਉਂਦੇ ਹਨ।

ਸਮੇਂ ਦੀ ਤੋਰ ਨਾਲ਼ ਮੈਨੂੰ ਪਹਿਲਾਂ ਬਲਾਕ ਐਗਰੀਕਲਚਰ ਅਫਸਰ ਤੇ ਫਿਰ ਚੀਫ ਐਗਰੀਕਲਚਰ ਅਫਸਰ ਬਣਾ ਕੇ ਬਠਿੰਡਾ ਵਿਖੇ ਪੋਸਟ ਕਰ ਦਿੱਤਾ ਗਿਆ। ਸਬੱਬ ਨਾਲ਼ ਉਨ੍ਹਾਂ ਦਿਨਾਂ ਵਿੱਚ ਪੰਨੂੰ ਸਾਹਿਬ ਵੀ ਕੈਨੇਡਾ ਤੋਂ ਪੰਜਾਬ ਫੇਰੀ ਉੱਤੇ ਆਏ ਹੋਏ ਸਨ। ਇੱਕ ਉੱਘੀ ਸੰਸਥਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਣਾ ਸੀ ਅਤੇ ਤਲਵੰਡੀ ਸਾਬੋ ਵਿਖੇ ਇੰਜਨੀਅਰਿੰਗ ਕਾਲਜ ਵਿੱਚ ਉਹਨਾਂ ਨੇ ਆਪਣਾ ਭਾਸ਼ਨ ਦੇਣਾ ਸੀ। ਮੇਰਾ ਇਲਾਕਾ ਸੀ ਮੈਂ ਵੀ ਉੱਥੇ ਪਹੁੰਚ ਗਿਆ। ਸਾਰਾ ਹਾਲ ਖਚਾ-ਖਚ ਭਰਿਆ ਹੋਇਆ ਸੀ। ਮੈਨੂੰ ਵੀ ਸਨਮਾਨ ਵਾਲ਼ੀ ਜਗ੍ਹਾ ਉੱਤੇ ਬਿਠਾਇਆ ਗਿਆ। ਬੀਬੀ ਜੀ ਵੀ ਨਾਲ਼ ਸਨ। ਕਾਲਜ ਦੇ ਬੁਲਾਰਿਆਂ ਤੋਂ ਪਿੱਛੋਂ ਜਦ ਮੁੱਖ ਮਹਿਮਾਨ ਦੇ ਤੌਰ ਉੱਤੇ ਪੰਨੂੰ ਸਾਹਿਬ ਦਾ ਨਾਂ ਬੋਲਿਆ ਗਿਆ ਤਾਂ ਸਾਰਾ ਹਾਲ ਤਾੜੀਆਂ ਨਾਲ਼ ਗੂੰਜ ਉੱਠਿਆ ਤੇ ਫਿਰ ਬਿਲਕੁਲ ਸ਼ਾਂਤ ਹੋ ਗਿਆ। ਪੰਨੂੰ ਸਾਹਿਬ ਨੇ ਵਿਦਿਆਰਥੀਆਂ ਨੂੰ ਇਤਨਾ ਟੂਣੇਹਾਰ ਅਤੇ ਸੇਧ ਭਰਪੂਰ ਲੈਕਚਰ ਦਿੱਤਾ, ਜਿਸ ਤੋਂ ਹਰ ਸਰੋਤਾ ਹੀ ਕੀਲਿਆ ਗਿਆ ਅਨੁਭਵ ਹੁੰਦਾ ਸੀ ਤੇ ਉਸ ਦਾ ਸ਼ਬਦ-ਸ਼ਬਦ ਮੈਨੂੰ ਅੱਜ ਤੱਕ ਯਾਦ ਹੈ।

ਆਪਣੇ ਲੈਕਚਰ ਦੇ ਅੰਤ ਵਿੱਚ ਜੋ ਸ਼ਬਦ ਉਹਨਾਂ ਨੇ ਮੇਰੇ ਸਨਮਾਨ ਵਿੱਚ ਕਹੇ, ਉਨ੍ਹਾਂ ਨਾਲ਼ ਹਾਜ਼ਰ ਸਰੋਤਿਆਂ ਦੇ ਮਨਾਂ ਵਿੱਚ ਮੈਂ ਇੱਕ ਵਿਅਕਤੀ ਵਿਸ਼ੇਸ਼ ਪਰਵਾਨ ਹੋ ਗਿਆ ਸਾਂ।

ਸ਼ਾਲਾ! ਪੰਨੂੰ ਸਹਿਬ ਦੀ ਉਮਰ ਲੰਮੀ ਹੋਵੇ ਅਤੇ ਉਨ੍ਹਾਂ ਵੱਲੋਂ ਸਾਨੂੰ ਅਤੇ ਹੋਰ ਸਹਿਯੋਗੀਆਂ ਨੂੰ ਇਸੇ ਤਰ੍ਹਾਂ ਪਿਆਰ ਅਤੇ ਹੁਲਾਰ ਮਿਲ਼ਦਾ ਰਹੇ।

Read 4786 times Last modified on Thursday, 10 May 2018 01:13