ਲੇਖ਼ਕ

Wednesday, 09 May 2018 09:54

ਨਵੇਂ ਯੁਗ ਦਾ ਭਾਈ ਕਨ੍ਹੱਈਆ

Written by
Rate this item
(0 votes)

ਕਿਰਪਾਲ ਸਿੰਘ ਪੰਨੂੰ ਇੱਕ ਮਿਹਨਤਕਸ਼ ਫੌਜੀ ਦਾ ਨਾਂ ਹੈ। ਜੋ ਜੀਵਨ ਨੂੰ ਬੜਾ ਨੇੜੇ ਹੋ ਕੇ ਪੜ੍ਹਦਾ ਹੈ ਅਤੇ ਆਪਣੇ ਫੌਜੀ ਅਨੁਸ਼ਾਸਨ ਨਾਲ਼ ਹਰ ਮੁਸ਼ਕਿਲ ਦਾ ਹੀ ਹੱਲ ਲੱਭ ਲੈਂਦਾ ਹੈ। ਉਮਰ ਵਿੱਚ ਅਤੇ ਗੁਣਾਂ ਵਿੱਚ ਵੱਡੇ ਹੋਣ ਕਾਰਨ ਮੈਂ ਪੰਨੂੰ ਸਾਹਿਬ ਨੂੰ ਭਾਈ ਸਾਹਿਬ ਜਾਂ ਪੰਨੂੰ ਸਾਹਿਬ ਕਰਕੇ ਹੀ ਸੰਬੋਧਨ ਕੀਤਾ ਹੈ ਤੇ ਇਸ ਲੇਖ ਵਿਚ ਵੀ ਇਹੋ ਸ਼ਬਦ ਹੀ ਵਰਤਣੇ ਚਾਹਾਂਗਾ।

ਪੰਨੂੰ ਸਾਹਿਬ ਮਈ 1991 ਵਿੱਚ ਜਦੋਂ ਕੈਨੇਡਾ ਆਏ ਤਾਂ ਇਨ੍ਹਾਂ ਨੇ ਕੁੱਝ ਵਰ੍ਹੇ ਸਕਿਉਰਿਟੀ ਗਾਰਡ ਦੀ ਨੌਕਰੀ ਵੀ ਕੀਤੀ। ਸਾਡੀ ਜਾਣ ਪਹਿਚਾਣ ਤਾਂ ਹੋਈ ਪਰ ਜਦੋਂ ਇਨ੍ਹਾਂ ਦੀ ਰਿਟਾਇਰਮੈਂਟ ਹੋਣ ਬਾਅਦ ਇਨ੍ਹਾਂ ਨੇ ਆਪਣੀ ਦਾਹੜ੍ਹੀ ਨੂੰ ਕਲਫ਼ ਲਾਉਣਾ ਛੱਡ ਦਿੱਤਾ ਉਦੋਂ ਸਾਡੀ ਵਾਕਫ਼ੀ ਨੇ ਦੋਸਤੀ ਦੀ ਹੋਰ ਗੂੜ੍ਹੀ ਰੰਗਤ ਫੜ ਲਈ।

ਸਿਆਣੇ ਕਹਿੰਦੇ ਹਨ ਕਿ ਕਿਸੇ ਵੀ ਵਿਅਕਤੀ ਬਾਰੇ ਉਸ ਨੂੰ ਨੇੜਿਓਂ ਜਾਨਣ ਤੋਂ ਹੀ ਪਤਾ ਲਗਦਾ ਹੈ। ਸੋ ਮੇਰੀ ਪੰਨੂੰ ਸਾਹਿਬ ਨਾਲ਼ ਉਨ੍ਹਾਂ ਦੇ ਸੇਵਾ ਮੁਕਤ ਹੋਣ ਦੇ ਮਗਰੋਂ ਨੇੜਤਾ ਜਿਓਂ-ਜਿਓਂ ਵਧੀ ਮੈਨੂੰ ਇਸ ਸਾਧਾਰਣ ਮਨੁੱਖ ਵਿੱਚੋਂ ਇੱਕ ਮਹਾਨ ਸ਼ਖਸੀਅਤ ਦਾ ਅਨੁਭਵ ਹੋਰ ਵਧਿਆ ਤੇ ਦਿਨੋਂ ਦਿਨ ਹੋਰ ਵੀ ਵਧ ਰਿਹਾ ਹੈ।

1998 ਵਿੱਚ ਮੇਰੀ ਪਲੇਠੀ ਪੁਸਤਕ ‘ਸੁਰਾਂ ਦੇ ਸੁਦਾਗਰ’ ਪ੍ਰਕਾਸ਼ਿਤ ਹੋਈ ਸੀ। ਜਦੋਂ ਇਸ ਦਾ ਖਰੜਾ ਮੁਕੰਮਲ ਹੋ ਗਿਆ ਤਾਂ ਸਾਡੇ ਸ਼ਹਿਰ ਦੇ ਇੱਕ ਪੱਤਰਕਾਰ ਨੇ ਸੁਝਾਅ ਦਿੱਤਾ ਕਿ ਇਸ ਦੀ ਪ੍ਰਿੰਟਿੰਗ ਲਈ ਡਿਜ਼ਾਈਨ ਤੇ ਲੇ-ਆਊਟ ਇੱਕ ਵਿਸ਼ੇਸ਼ ਰੂਪ ਵਿੱਚ ਹੋਣੀ ਚਾਹੀਦੀ ਹੈ। ਮੈਂ ਕੰਪਿਊਟਰ ਉੱਤੇ ਟਾਈਪ ਅਤੇ ਸੇਵ ਕੀਤੀ ਹੋਈ ਕਾਪੀ ਦੀ ਫਲਾਪੀ ਡਿਸਕ ਉਨ੍ਹਾਂ ਦੇ ਹੱਥ ਉੱਤੇ ਰੱਖ ਕੇ ਗੁਜ਼ਾਰਿਸ਼ ਕੀਤੀ ਕਿ ਉਹ ਇਸ ਨੂੰ ਆਪਣੀ ਦੱਸੀ ਹੋਈ ਵਿਓਂਤ ਅਨੁਸਾਰ ਸਮਾਂ ਕੱਢ ਕੇ ਲੇ-ਆਊਟ ਕਰ ਦੇਣ। ਉਹ ਸੱਜਣ ਮੁਸਕਰਾਏ ਤੇ ਇਹ ਕਹਿ ਕੇ ਕੋਰਾ ਜਵਾਬ ਦੇ ਦਿੱਤਾ ਕਿ ਇਸ ਕੰਮ ਲਈ 40-50 ਘੰਟੇ ਚਾਹੀਦੇ ਹਨ, ਮੇਰੇ ਪਾਸ ਇਤਨਾ ਸਮਾਂ ਨਹੀਂ ਹੈ। ਉਨ੍ਹਾਂ ਨੇ ਮੈਨੂੰ ਚਾਹ ਪਿਲ਼ਾਈ ਤੇ ਮੱਠੀਆਂ ਵੀ ਖਵਾਈਆਂ ਜੋ ਬੜੀ ਮੁਸ਼ਕਿਲ ਨਾਲ਼ ਮੇਰੇ ਗਲ਼ ਅੰਦਰੋਂ ਲੰਘੀਆਂ। ਮੈਂ ਨਿਰਾਸ਼ ਸਾਂ।

ਘਰ ਨੂੰ ਪਰਤਣ ਸਮੇਂ ਮੈਂ ਪੰਨੂੰ ਸਾਹਿਬ ਦੇ ਘਰ ਜਾਣ ਦਾ ਵਿਚਾਰ ਬਣਾਇਆ ਕਿ ਕਿਉਂ ਨਾ ਮੈਂ ਉਨ੍ਹਾਂ ਨੂੰ ਬੇਨਤੀ ਕਰ ਦੇਖਾਂ, ਸ਼ਾਇਦ ਉਹੋ ਹੀ ਮੇਰੀ ਕੋਈ ਸਹਾਇਤਾ ਕਰ ਸਕਣ। ਥੋੜ੍ਹਾ ਝਿਜਕਦਾ ਮੈਂ ਪੰਨੂੰ ਸਾਹਿਬ ਦੇ ਘਰ ਦੀ ਜਾ ਬੈੱਲ ਵਜਾਈ। ਉਨ੍ਹਾਂ ਨੇ ਮੈਨੂੰ ਬੜੀ ਪਿਆਰੀ ਤੇ ਨਿੱਘੀ ਮੁਸਕਾਨ ਨਾਲ਼ ਜੀ ਆਇਆਂ ਆਖਿਆ ਤੇ ਅੰਦਰ ਆਉਣ ਲਈ ਸੱਦਾ ਦਿੱਤਾ।

ਸਰਸਰੀ ਹਾਲ ਚਾਲ ਪੁੱਛਣ ਮਗਰੋਂ, “ਚਾਹ ਪਾਣੀ ਕੀ ਲਵੋਗੇ?” ਉਨ੍ਹਾਂ ਦਾ ਪਹਿਲਾ ਸਵਾਲ ਸੀ। ਮੈਂ ਕਿਹਾ ਕੋਈ ਖਾਸ ਲੋੜ ਨਹੀਂ। ਮੇਰੇ ਨਾਂਹ ਕਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਪਤਨੀ ਨੂੰ ਮੇਰੇ ਲਈ ਚਾਹ ਬਨਾਉਣ ਲਈ ਕਹਿ ਦਿੱਤਾ। “ਕਿਵੇਂ ਆਉਣੇ ਹੋਏ?” ਉਨ੍ਹਾਂ ਦਾ ਅਗਲਾ ਸਵਾਲ ਸੀ। ਮੈਂ ਝਕਦੇ ਨੇ ਪੋਲੇ ਜਿਹੇ ਆਪਣੇ ਸਮੱਸਿਆ ਦਾ ਜ਼ਿਕਰ ਕੀਤਾ।

“ਲਿਆ ਬਈ ਆਪਣੀ ਫਲਾਪੀ, ਦੇਖੀਏ ਕੀ ਹੋ ਸਕਦਾ ਹੈ?” ਮੈਂ ਆਪਣੇ ਕੰਬਦੇ ਹੱਥ ਨਾਲ਼ ਟਾਈਪ ਕੀਤੇ ਆਪਣੇ ਖਰੜੇ ਦੀ ਕਾਪੀ ਵਾਲ਼ੀ ਫਲਾਪੀ ਉਨ੍ਹਾਂ ਦੇ ਹੱਥ ’ਤੇ ਰੱਖ ਦਿੱਤੀ। ਉਨ੍ਹਾਂ ਨੇ ਆਪਣੇ ਕੰਪਿਊਟਰ ਉੱਤੇ ਜਾ ਕੇ ਖਰੜਾ ਡਾਊਨ ਲੋਢ ਕੀਤਾ ਅਤੇ ਸਾਰਾ ਕੰਮ ਮੇਰੀ ਲੋੜ ਅਨੁਸਾਰ ਵੀਹ ਕੁ ਮਿੰਟਾਂ ਵਿੱਚ ਨਬੇੜ ਦਿੱਤਾ। ਮੈਂ ਖੁਸ਼ ਸਾਂ ਕਿ ਹੁਣ ਮੇਰੀ ਪੁਸਤਕ ਮੇਰੀ ਮਰਜ਼ੀ ਅਨੁਸਾਰ ਹੀ ਛਪੇਗੀ। ਇਤਨੇ ਚਿਰ ਵਿੱਚ ਉਨ੍ਹਾਂ ਦੀ ਧਰਮ ਪਤਨੀ ਜੀ ਵੱਲੋਂ ਚਾਹ ਤਿਆਰ ਸੀ। ਸੱਚ ਜਾਣਿਓਂ ਹੁਣ ਚਾਹ ਵੀ ਸੁਆਦ ਲੱਗ ਰਹੀ ਸੀ ਅਤੇ ਘਰ ਤਿਆਰ ਕੀਤੀ ਹੋਈ ਮਠਿਆਈ ਤੇ ਮੱਠੀਆਂ ਵੀ ਸੁਆਦ ਲੱਗ ਰਹੀਆਂ ਸਨ।

ਇਹ ਗੱਲ ਸ਼ਾਇਦ ਤੁਹਾਡੇ ਲਈ ਬਹੁਤ ਛੋਟੀ ਜਿਹੀ ਹੋਵੇ ਪਰ ਉਸ ਵੇਲ਼ੇ ਮੇਰੇ ਲਈ ਬਹੁਤ ਵੱਡੀ ਸੀ। ਕਿਸੇ ਲੋੜਵੰਦ ਦੇ ਬਿਨਾਂ ਗਰਜ਼ ਤੋਂ ਕੰਮ ਆਉਣਾ ਇਸ ਨੇਕ ਸ਼ਖਸ ਦੀ ਸਭ ਤੋਂ ਵੱਡੀ ਸਿਫ਼ਤ ਹੈ। ਆਪਣੇ ਲਈ ਜਾਂ ਆਪਣਿਆਂ ਲਈ ਤਾਂ ਸਭ ਕਰਦੇ ਹਨ, ਕਿਸੇ ਬੇਗਾਨੇ ਦੇ ਕੰਮ ਦਿਲ ਵਾਲ਼ੇ ਹੀ ਸੰਵਾਰਦੇ ਹਨ।

ਬਾਰਡਰ ਸਕਿਉਰਿਟੀ ਫੋਰਸ ਵਿੱਚ ਇੱਕ ਅਫਸਰ ਰਹੇ ਹੋਣ ਦੇ ਨਾਤੇ ਉਨ੍ਹਾਂ ਦਾ ਜੀਵਨ ਅਨੁਸ਼ਾਸਨ ਵਿੱਚ ਰਹਿੰਦਾ ਹੈ। ਬੀਤੇ ਕਈ ਵਰ੍ਹਿਆਂ ਤੋਂ ਮੇਰਾ ਉਨ੍ਹਾਂ ਦੇ ਘਰ ਆਉਣਾ ਜਾਣਾ ਆਮ ਰਿਹਾ ਹੈ। ਪਰ ਮੈਂ ਪੰਨੂੰ ਸਾਹਿਬ ਨੂੰ ਬਿਨਾਂ ਤਿਆਰ ਹੋਇਆਂ ਕਦੀ ਅੱਜ ਤੀਕਰ ਨਹੀਂ ਦੇਖਿਆ। ਸੱਚੀ ਗੱਲ ਤਾਂ ਇਹ ਹੈ ਕਿ ਪੰਨੂੰ ਸਾਹਿਬ ਜੀਵਨ ਵੀ ਸਵੱਛਤਾ ਨਾਲ਼ ਜਿਉਣ ਵਿੱਚ ਵਿਸ਼ਵਾਸ ਰੱਖਦੇ ਹਨ।

ਜਦੋਂ ਕੰਪਿਊਟਰ ਲਈ ਨਵੇਂ-ਨਵੇਂ ਪੰਜਾਬੀ ਫੌਂਟ ਹੋਂਦ ਵਿੱਚ ਆਏ, ਤਾਂ ਪਤਾ ਲੱਗਾ ਕਿ ਸਾਡੇ ਸ਼ਹਿਰ ਦੇ ਇੱਕ ਸੱਜਣ ਇਹ ਸੇਵਾ ਪਰਦਾਨ ਕਰਦੇ ਹਨ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਪੰਜਾਬੀ ਫੌਂਟ ਦੀ ਲੋੜ ਹੈ। “ਜੀ ਕੋਈ ਗੱਲ ਨਹੀਂ ਮੈਂ ਆ ਕੇ ਇਹ ਕੰਮ ਕਰ ਜਾਵਾਂਗਾ ਤੇ ਇਸ ਲਈ 125 ਡਾਲਰ ਲੱਗਣਗੇ।” ਉਸ ਵੇਲ਼ੇ ਮੇਰੇ ਲਈ ਡਾਲਰਾਂ ਦੀ ਥਾਂ ਪੰਜਾਬੀ ਫੌਂਟ ਜ਼ਿਆਦਾ ਅਹਿਮੀਅਤ ਰੱਖਦੀ ਸੀ। ਉਹ ਸੱਜਣ ਆਏ, ਫੌਂਟ ਇਨਸਟਾਲ ਕੀਤਾ, ਕੀਅ ਬੋਰਡ ਲੇ-ਆਊਟ ਦਾ ਇੱਕ ਵਰਕਾ ਦਿੱਤਾ ਤੇ 125 ਡਾਲਰ ਦਾ ਚੈੱਕ ਲੈ ਕੇ 15 ਮਿੰਟ ਵਿੱਚ ਰਵਾਨਾ ਹੋ ਗਏ। ‘ਅਨੰਦਪਰਲਿੱਪੀ’ ਵਿੱਚ ਇਹ ਫੌਂਟ ਮੈਂ ਹੌਲ਼ੀ-ਹੌਲ਼ੀ ਵਰਤਣੀ ਸਿੱਖ ਲਈ।

ਜਦੋਂ ਕੰਪਿਊਟਰ ਦੇ ਖੇਤਰ ਵਿੱਚ ਪੰਨੂੰ ਸਾਹਿਬ ਨੇ ਪਰਵੇਸ਼ ਕੀਤਾ ਉਦੋਂ ਕਈ ਹੋਰ ਫੌਂਟਾਂ ਵੀ ਹੋਂਦ ਵਿੱਚ ਆ ਚੁੱਕੀਆਂ ਸਨ। ਉਨ੍ਹਾਂ ਨੇ ਡਾਕਟਰ ਥਿੰਦ ਨੂੰ ਆਪਣੀਆਂ ਫੌਂਟਾਂ ਵਿੱਚ ਹੋਰ ਸੁਧਾਰ ਕਰਨ ਦੇ ਸੁਝਾਅ ਦਿੱਤੇ।

ਅੱਜ ਕੱਲ੍ਹ ਪੰਨੂੰ ਸਾਹਿਬ ਸਿਆਲ਼ ਪੰਜਾਬ ਦੇ ਕਸਬੇ ਸਮਰਾਲ਼ੇ ਵਿੱਚ ਤੇ ਗਰਮੀ ਦੇ ਮਹੀਨੇ ਬਰੈੰਪਟਨ, ਟੋਰਾਂਟੋ,  ਕੈਨੇਡਾ ਵਿੱਚ ਆਪਣੀ ਜੀਵਨ ਸਾਥਣ ਨਾਲ਼ ਆਪਣੀ ਇੱਛਾ ਅਨੁਸਾਰ ਗੁਜ਼ਾਰਦੇ ਹਨ। ਇਸ ਦੇ ਨਾਲ਼-ਨਾਲ਼ ਕੰਪਿਊਟਰ ਦੇ ਖੇਤਰ ਵਿੱਚ ਵੀ ਕੁੱਝ ਨਾ ਕੁੱਝ ਕਰੀ ਜਾਂਦੇ ਹਨ।

ਮੇਰੀ ਪੁਸਤਕ ‘ਸੁਰਾਂ ਦੇ ਸੁਦਾਗਰ’ ਦਾ ਸ਼ਾਹਮੁਖੀ ਵਿੱਚ ਲਿਪੀਆਂਤਰ ਵੀ ਪੰਨੂੰ ਸਾਹਿਬ ਦੇ ਕੰਪਿਊਟਰੀ ਪਰੋਗਰਾਮ ਦੀ ਮਿਹਰਬਾਨੀ ਦਾ ਇੱਕ ਨਮੂਨਾ ਹੈ।

ਆਪਣੇ ਅਸੂਲਾਂ ਤੇ ਪਹਿਰਾ ਦੇਣਾ ਬਹੁਤ ਔਖਾ ਕਾਰਜ ਹੁੰਦਾ ਹੈ ਪਰ ਪੰਨੂੰ ਸਾਹਿਬ ਲਈ ਬਿਲਕੁਲ ਔਖਾ ਨਹੀਂ। ਸੱਚ ਇਹ ਵੀ ਹੈ ਕਿ ਉਨ੍ਹਾਂ ਦੀ ਬਹੁਤ ਵਾਰ ਸਖ਼ਤੀ ਵਿੱਚੋਂ ਵੀ ਮੈਨੂੰ ਇੱਕ ਕੋਮਲ ਦਿਲ ਵਾਲ਼ਾ ਇਨਸਾਨ ਨਜ਼ਰ ਆਇਆ ਹੈ। ਮੈਂ ਪੰਨੂੰ ਸਾਹਿਬ ਦੀਆਂ ਅੱਖਾਂ ਇੱਕ ਦੋ ਵਾਰ ਤਰਲ ਵੀ ਹੋਈਆਂ ਵੇਖੀਆਂ ਹਨ।

ਮੇਰੇ ਧੰਨਭਾਗ ਨੇ ਕਿ ਮੈਂ ਇਸ ਮਹਾਰਥੀ ਦਾ ਨਿਮਾਣਾ ਜਿਹਾ ਮਿੱਤਰ ਹਾਂ।

ਪੰਨੂੰ ਸਾਹਿਬ ਮੇਰੀ ਨਜ਼ਰ ਵਿੱਚ ਅੱਜ ਦੇ ਸਮੇ ਦਾ ‘ਭਾਈ ਘਨੱਈਆ’ ਹੈ ਜੋ ਬਿਨਾਂ ਕਿਸੇ ਵਿਤਕਰੇ ਦੇ ਆਪਣੀਆਂ ਸੇਵਾਵਾਂ ਹਰ ਇੱਕ ਲਈ ਬਿਨਾਂ ਕਿਸੇ ਝਿਜਕ ਦੇ ਮੁਫ਼ਤ ਪਰਦਾਨ ਕਰਦਾ ਹੈ।

ਮੈਂ ਪੰਨੂੰ ਸਾਹਿਬ ਨੂੰ ਉਮਰ ਦੇ 75 ਸਾਲ ਪੂਰੇ ਕਰਨ ਉੱਤੇ ਉਨ੍ਹਾਂ ਦੀ ਚੰਗੀ ਸਿਹਤ, ਖੁਸ਼ੀ ਅਤੇ ਖੁਸ਼ਹਾਲੀ ਲਈ ਸਦਾ ਦੁਆਗੋ ਹਾਂ।

Read 5060 times Last modified on Thursday, 10 May 2018 00:58