You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਮਿੱਠ ਬੋਲੜੇ ਕਿਰਪਾਲ ਸਿੰਘ ਪੰਨੂੰ ਜੀ

ਲੇਖ਼ਕ

Wednesday, 09 May 2018 09:52

ਮਿੱਠ ਬੋਲੜੇ ਕਿਰਪਾਲ ਸਿੰਘ ਪੰਨੂੰ ਜੀ

Written by
Rate this item
(0 votes)

ਕਿਰਪਾਲ ਸਿੰਘ ਪੰਨੂੰ ਜੀ ਨਾਲ਼ ਮੇਰੀ ਪਹਿਲੀ ਮੁਲਾਕਾਤ ਕੋਈ ਡੇਢ ਕੁ ਸਾਲ ਪਹਿਲੋਂ ਹੋਈ, ਜੋ ਹੁਣ ਡੇਢ ਸੌ ਸਾਲ ਪੁਰਾਣੀ ਜਾਪਦੀ ਹੈ। ਉਸ ਵੇਲ਼ੇ ਮੇਰੇ ਮਿਹਦੇ ਵਿੱਚ ਕੋਈ ਗੜਬੜ ਚੱਲ ਰਹੀ ਸੀ। ਭਗਤ ਪੂਰਨ ਸਿੰਘ ਸਬੰਧੀ ਬਣਾਈ ਜਾ ਰਹੀ ਇੱਕ ਡਾਕੂਮੈੰਟਰੀ ਲਈ ਇਕਬਾਲ ਮਾਹਲ ਅਤੇ ਜੋਗਿੰਦਰ ਕਲਸੀ ਪੰਜਾਬੀ ਅਤੇ ਅੰਗਰੇਜ਼ੀ ਦੇ ਸੂਤਰਧਾਰ ਵਜੋਂ ਕਿਸੇ ਬੁਲਾਰੇ ਦੀ ਭਾਲ਼ ਵਿੱਚ ਸਨ। ਇਕਬਾਲ ਮਾਹਲ ਨੇ ਮੇਰੇ ਨਾਲ਼ ਸੰਪਰਕ ਬਣਾਇਆ ਅਤੇ ਇਹ ਕਾਰਜ ਕਰਨ ਲਈ ਮੈਨੂੰ ਕਿਹਾ। ਮੈਂ ਇਕਬਾਲ ਨੂੰ ਜਾਣਕਾਰੀ ਦਿੱਤੀ ਕਿ ਮੈਨੂੰ ਤਾਂ ਸਾਹ ਹੀ ਮਸਾਂ ਆ ਰਿਹਾ ਹੈ, ਇਸ ਹਾਲਤ ਵਿੱਚ ਇਹ ਫਰਜ਼ ਮੈਂ ਨਹੀਂ ਨਿਭਾ ਸਕਾਂਗੀ। ਇਕਬਾਲ ਨੇ ਮੈਨੂੰ ਕਿਹਾ ਕਿ ਮੈਂ ਡਾਕਟਰ ਗੁਰਮੀਤ ਸਿੰਘ ਕੋਲ਼ ਜਾਵਾਂ ਅਤੇ ਉਹ ਮੇਰੇ ਮਿਹਦੇ ਦੀ ਸਮੱਸਿਆ ਨੂੰ ਦੂਰ ਕਰ ਦੇਵੇਗਾ। ਤੇ ਮੈਂ ਡਾਕਟਰ ਗੁਰਮੀਤ ਸਿੰਘ ਤੋਂ ਆਪਣਾ ਇਲਾਜ ਕਰਵਾਉਣਾ ਆਰੰਭ ਕਰ ਦਿੱਤਾ। ਮੇਰੀ ਇੱਕ ਵੇਰ ਦੀ ਇਲਾਜ ਫੇਰੀ ਉੱਤੇ ਜਦੋਂ ਕਿ ਮੈਂ ਆਪਣੀ ਵਾਰੀ ਉਡੀਕ ਰਹੀ ਸਾਂ ਤਾਂ ਕਿਰਪਾਲ ਸਿੰਘ ਪੰਨੂੰ ਅਤੇ ਉਨ੍ਹਾਂ ਦੀ ਸੁਪਤਨੀ ਪਤਵੰਤ ਕੌਰ ਜੀ ਪੰਨੂੰ ਆਪਣਾ ਇਲਾਜ ਕਰਵਾ ਕੇ ਕਮਰੇ ਵਿੱਚੋਂ ਬਾਹਰ ਨਿੱਕਲ਼ੇ।

ਕਿਰਪਾਲ ਸਿੰਘ ਜੀ ਨੇ ਡਾਕਟਰ ਗੁਰਮੀਤ ਸਿੰਘ ਦੇ ਕੋਲ਼ ਮੇਰੇ ਆਉਣ ਦਾ ਕਾਰਨ ਪੁੱਛਿਆ। ਮੈਂ ਇਕਬਾਲ ਦੇ ਹਵਾਲੇ ਨਾਲ਼ ਦੱਸਿਆ ਕਿ ਮੈਂ ਡਾਕਟਰ ਸਾਹਿਬ ਕੋਲ਼ੋਂ ਆਪਣਾ ਇਲਾਜ ਕਰਵਾਉਣ ਆਉਂਦੀ ਹਾਂ ਤੇ ਹੁਣ ਮੈਂ ਕਾਫੀ ਆਰਾਮ ਮਹਿਸੂਸ ਕਰ ਰਹੀ ਹਾਂ। ਅਸਾਡੀ ਗੱਲ ਬਾਤ ਸਮੇਂ ਉਸ ਨੇ ਮੇਰੇ ਪਿਛੋਕੜ ਆਦਿ ਸਬੰਧੀ ਪੁੱਛ ਪੜਤਾਲ ਕੀਤੀ। ਜਦੋਂ ਤੀਸਰੇ ਦਿਨ ਮੈਂ ਮੁੜ ਡਾ: ਗੁਰਮੀਤ ਸਿੰਘ ਕੋਲ਼ ਆਪਣੇ ਇਲਾਜ ਲਈ ਪਹੁੰਚੀ ਤਾਂ ਡਾਕਟਰ ਸਾਹਿਬ ਨੇ ਇੱਕ ਸਥਾਨਕ ਪੰਜਾਬੀ ਵੀਕਲੀ ਅਖ਼ਬਾਰ ਵਿੱਚ ਛਪਿਆ ਇੱਕ ਆਰਟੀਕਲ ਦਿਖਾਇਆ। ਜਿਸ ਨੂੰ ਪੜ੍ਹ ਕੇ ਮੈਂ ਹੈਰਾਨ ਰਹਿ ਗਈ। ਉਸ ਵਿੱਚ ਮੇਰੇ ਸਬੰਧੀ ਕਿਰਪਾਲ ਸਿੰਘ ਜੀ ਵੱਲੋਂ ਲਿਖੀ ਹੋਈ ਵਿਸਥਾਰ ਪੂਰਵਕ ਅਤੇ ਰੌਚਕ ਜਾਣਕਾਰੀ ਸੀ। ਇਸ ਆਰਟੀਕਲ ਸਬੰਧੀ ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਅਤੇ ਉਨ੍ਹਾਂ ਨੇ ਡਾਕਟਰ ਗੁਰਮੀਤ ਸਿੰਘ ਸਬੰਧੀ ਵੀ ਜਾਣਕਾਰੀ ਪਰਾਪਤ ਕੀਤੀ। ਕਿਉਂਕਿ ਆਪਣੇ ਇਲਾਜ ਸਬੰਧੀ ਡਾਕਟਰ ਗੁਰਮੀਤ ਸਿੰਘ ਕੋਈ ਐਡ ਆਦਿ ਨਹੀਂ ਦਿੰਦੇ ਪਰ ਇਸੇ ਤਰ੍ਹਾਂ ਦੇ ਆਰਟੀਕਲ ਲਿਖ ਕੇ ਕਿਰਪਾਲ ਸਿੰਘ ਉਸ ਦੀਆਂ ਸੇਵਾਵਾਂ ਤੋਂ ਜਾਣੂੰ ਕਰਵਾ ਰਹੇ ਹਨ।

ਇਸ ਦੇ ਨਾਲ਼-ਨਾਲ਼ ਡਾਕਟਰ ਗੁਰਮੀਤ ਸਿੰਘ ਇੰਡੀਆ, ਪੰਜਾਬ ਵਿੱਚ ਮੁਫਤ ਇਲਾਜ ਕੈੰਪ ਲਾਉਣ ਲਈ ਜਾਂਦੇ ਹਨ ਤਾਂ ਇਸ ਇਨਸਾਨੀ ਸੇਵਾ ਵਿੱਚ ਕਿਰਪਾਲ ਸਿੰਘ ਜੀ ਕੈੰਪ ਦਾ ਸਾਰਾ ਪਰਬੰਧ ਕਰਦੇ ਹਨ ਅਤੇ ਇੱਕ ਨਿਸ਼ਕਾਮ ਸਹਾਇਕ ਦੇ ਤੌਰ ’ਤੇ ਸੇਵਾ ਕਰਦੇ ਹਨ।

ਉਸ ਪਿੱਛੋਂ ਕਿਰਪਾਲ ਸਿੰਘ ਨਾਲ਼ ਮੇਰਾ ਮੇਲ ਮਿਲਾਪ ਬਣਿਆ ਰਿਹਾ ਹੈ। ਮੈਨੂੰ ਪਤਾ ਲੱਗਿਆ ਹੈ ਕਿ ਪੰਜਾਬੀ ਕੰਪਿਊਟਰ ਦੇ ਸਬੰਧ ਵਿੱਚ ਉਨ੍ਹਾਂ ਨੇ ਕਾਫੀ ਸੇਵਾਵਾਂ ਦਿੱਤੀਆਂ ਹਨ। ਗੁਰਮੁਖੀ-ਸ਼ਾਹਮੁਖੀ ਅਤੇ ਸ਼ਾਹਮੁਖੀ-ਗੁਰਮੁਖੀ ਪਰਿਵਰਤਨ ਦਾ ਪੁਲ਼ ਉਸਾਰਨ ਦੇ ਸੰਸਾਰ ਭਰ ਵਿੱਚ ਉਹ ਮੋਢੀ ਉਸਰਈਏ ਹਨ। ਪੂਰਵੀ ਪੰਜਾਬ ਅਤੇ ਪੱਛਮੀ ਪੰਜਾਬ ਦੇ ਪੰਜਾਬੀਆਂ ਦੀਆਂ ਲਿਖਤਾਂ ਰਾਹੀਂ ਵਿਚਾਰ ਵਟਾਂਦਰੇ ਵਿੱਚ ਉੱਸਰੀ ਦੋ ਲਿੱਪੀਆਂ ਗੁਰਮੁਖੀ-ਸ਼ਾਹਮੁਖੀ ਦੀ ਅਟੱਪ ਅਤੇ ਅਟੱਲ ਦੀਵਾਰ ਨੂੰ ਤੋੜ ਕੇ ਉਸ ਵਿੱਚ ਸੁਖਾਵੇਂ ਝਰੋਖੇ, ਬਾਰੀਆਂ, ਦਰ-ਦਰਵਾਜ਼ੇ ਬਨਾਉਣ ਵਾਲ਼ੇ ਸਭ ਤੋਂ ਪਹਿਲੇ ਪੰਜਾਬੀ ਸਪੁੱਤਰ ਇਹ ਕਿਰਪਾਲ ਸਿੰਘ ਪੰਨੂੰ ਜੀ ਹਨ। ਇਸ ਵਿਲੱਖਣ, ਮੌਲਿਕ ਅਤੇ ਮਹੱਤਵ ਪੂਰਨ ਪਰੋਗਰਾਮ ਉਸਾਰੀ ਲਈ ਦੇਸ-ਪਰਦੇਸ ਵਿੱਚ ਮਾਣ-ਸਨਮਾਨ ਦੇ ਕੇ ਉਨ੍ਹਾਂ ਨੂੰ ਸਤਿਕਾਰਿਆ ਗਿਆ ਹੈ। ਪੰਜਾਬੀ ਕੰਪਿਊਟਰ ਸਬੰਧੀ ਕਈ ਯੂਨੀਵਰਸਿਟੀਆਂ, ਕਾਨਫਰੰਸਾਂ ਵਿੱਚ ਜਾ ਕੇ ਉਨ੍ਹਾਂ ਨੇ ਆਪਣੇ ਪਰਚੇ ਵੀ ਪੜ੍ਹੇ ਹਨ।

ਆਪਣੇ ਸ਼ੁਭਾਅ ਵੱਲੋਂ ਉਹ ਬਹੁਤ ਹੀ ਮਿੱਠ ਬੋਲੜੇ, ਨਿਰਮਾਣ ਅਤੇ ਸਤਿਕਾਰ ਯੋਗ ਇਨਸਾਨ ਹਨ। ਉਹ ਆਈ ਨੈੱਟ ਕੰਪਿਊਟਰ ਦੇ ਕਲਾਸ ਰੂਮ ਵਿੱਚ ਹਰ ਸਾਲ ਸੀਨੀਅਰਾਂ ਨੂੰ ਕੰਪਿਊਟਰ ਸਿਖਾਉਂਦੇ ਹਨ। ਉਹ ਕਲਾਸ ਰੂਮ ਵਿੱਚ ਆਪਣੇ ਸਿਖਿਆਰਥੀਆਂ, ਦੋਵੇਂ ਆਦਮੀਆਂ ਅਤੇ ਇਸਤਰੀਆਂ, ਲਈ ਬਹੁਤ ਹੀ ਸੁਖਾਵਾਂ ਅਤੇ ਮਿੱਤਰਤਾ ਭਰਪੂਰ ਵਾਤਾਵਰਨ ਉਸਾਰਦੇ ਹਨ। ਉਨ੍ਹਾਂ ਨੂੰ ਕੰਪਿਊਟਰ ਸਬੰਧੀ ਕੋਈ ਵੀ ਸਵਾਲ ਪੁੱਛਿਆ ਜਾ ਸਕਦਾ ਹੈ ਤੇ ਉਹ ਉਸ ਦਾ ਉੱਤਰ ਬਹੁਤ ਹੀ ਸਦਭਾਵਨਾ ਭਰਪੂਰ ਰੁਚੀ ਨਾਲ਼ ਦਿੰਦੇ ਹਨ। ਉਹ ਪੁੱਛਣ ਵਾਲ਼ੇ ਨੂੰ ਉਸ ਲਈ ਢੁਕਵੀਂ ਅਤੇ ਮੇਚਵੀਂ ਜਾਣਕਾਰੀ ਦਿੰਦੇ ਹਨ। ਉਨ੍ਹਾਂ ਦੀ ਇਸ ਕਾਰਜ ਲਈ ਸੱਚੀ ਤੇ ਸੁੱਚੀ ਸਮਰਪਿਤਾ ਦੀ ਮੈਂ ਭਰਪੂਰ ਸਲਾਘਾ ਕਰਦੀ ਹਾਂ।

ਇਸ ਦੇ ਨਾਲ਼-ਨਾਲ਼ ਉਨ੍ਹਾਂ ਨੂੰ ਪੰਜਾਬੀ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਹੈ ਅਤੇ ਉਹ ਕਈ ਸਾਹਿਤਕ ਸਭਾਵਾਂ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾਉਂਦੇ ਹਨ। ਉਹ ਆਪਣੇ ਸਬਜ਼ੀਆਂ ਦੇ ਬਗੀਚੇ ਨੂੰ ਵੀ ਬਹੁਤ ਪਿਆਰ ਕਰਦੇ ਤੇ ਉਨ੍ਹਾਂ ਦੀ ਦਿਲ ਲਾ ਕੇ ਪੂਰੀ ਦੇਖ ਭਾਲ਼ ਕਰਦੇ ਹਨ।

ਉਹ ਆਪਣੀ ਹਰ ਕਲਾ, ਭਾਵੇਂ ਕੈਮਰੇ ਨਾਲ਼ ਤਸਵੀਰਾਂ ਖਿੱਚਣੀਆਂ ਜਾਂ ਕੋਈ ਸਚਿੱਤਰ ਰਚਨਾ ਸਿਰਜਣੀ ਹੋਵੇ ਆਦਿ ਵਿੱਚ ਇੱਕ ਵਧੀਆ ਸਿਰਜਕ ਹਨ।

ਸਮੁੱਚੇ ਤੌਰ ਉੱਤੇ ਉਨ੍ਹਾਂ ਨੂੰ ਸੁਚੱਜੇ ਜੀਵਨ ਦਾ ਇਤਰ ਕਿਹਾ ਜਾ ਸਕਦਾ ਹੈ। ਉਨ੍ਹਾਂ ਨਾਲ਼ ਮਿੱਤਰਤਾ ਕਰਨੀ ਇੱਕ ਬਹੁਤ ਹੀ ਮਾਣ-ਸਤਿਕਾਰ ਵਾਲ਼ੀ ਭਾਈਚਾਰਕ ਅਤੇ ਮਾਨਸਿਕ ਪਰਾਪਤੀ ਹੈ।

Read 4880 times Last modified on Thursday, 10 May 2018 00:56