Print this page
Wednesday, 09 May 2018 09:42

ਕੰਪਿਊਟਰੀ ਸੰਤ-ਸਿਪਾਹੀ ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਕੰਪਿਊਟਰ ਨੇ ਥੋੜ੍ਹੇ ਜਿਹੇ ਅਰਸੇ ਵਿੱਚ ਹੀ ਦੁਨੀਆ ਦੀ ਨੁਹਾਰ ਤੇ ਨੁਹਾਰ ਬਦਲਣ ਦੀ ਰਫ਼ਤਾਰ ਨੂੰ ਬਹੁਤ ਤੇਜ਼ ਕਰ ਦਿੱਤਾ ਹੈ। ਇਹੀ ਨਹੀਂ ਨਾਲ਼-ਨਾਲ਼ ਖੁਦ ਕੰਪਿਊਟਰ ਦੀ ਰਫ਼ਤਾਰ ਛੜੱਪੇ ਮਾਰਦੀ ਅੱਗੇ ਹੀ ਅੱਗੇ ਜਾ ਰਹੀ ਹੈ। ਮੇਰੀ ਜਾਣੇ ਕੰਪਿਊਟਰ ਇੱਕ ਅਜਿਹੀ ਮਸ਼ੀਨ ਹੈ ਜੋ ਬੇਜਾਨ ਹੁੰਦੀ ਹੋਈ ਵੀ ਆਪਣੇ ਚਲਾਉਣ ਵਾਲ਼ੇ ਦੇ ਹੁਕਮ ਅਨੁਸਾਰ ਕੰਮ ਕਰਦੀ ਹੈ। ਕੰਪਿਊਟਰ ਦਿੱਤੀਆਂ ਹਦਾਇਤਾਂ ਮੁਤਾਬਿਕ ਕੰਮ ਕਰਦਾ ਹੈ ਤੇ ਕਦੇ ਗ਼ਲਤੀ ਨਹੀਂ ਕਰਦਾ। ਕੰਪਿਊਟਰ ਨੂੰ ਮੋਟੇ ਤੌਰ ’ਤੇ ਅਸੀਂ ਦੋ ਹਿੱਸਿਆਂ ’ਚ ਵੰਡ ਸਕਦੇ ਹਾਂ; ਇੱਕ ਹਿੱਸਾ ਹੈ ਦਿਸਣ ਵਾਲ਼ਾ ਕੰਪਿਊਟਰ ਜਾਂ ਹਾਰਡਵੇਅਰ ਤੇ ਦੂਜਾ ਹਿੱਸਾ ਹੁੰਦਾ ਹੈ ਇਸ ਨੂੰ ਚਲਾਉਣ ਵਾਲ਼ੀਆਂ ਹਦਾਇਤਾਂ ਜਾਂ ਪਰੋਗਰਾਮ ਜਿਨ੍ਹਾਂ ਨੂੰ ਸੌਫ਼ਟਵੇਅਰ ਕਿਹਾ ਜਾਂਦਾ ਹੈ। ਇਹ ਪਰੋਗਰਾਮ ਜਾਂ ਹਦਾਇਤਾਂ ਕਈ ਕਿਸਮ ਦੀਆਂ ਹੁੰਦੀਆਂ ਹਨ। ਜਿਵੇਂ ਜੇ ਲੇਖ ਲਿਖਣ ਲਈ ਜਾਂ ਕਿਤਾਬ ਲਿਖਣ ਲਈ ਕੰਪਿਊਟਰ ਦੀ ਵਰਤੋਂ ਕਰਨੀ ਹੋਵੇ ਤਾਂ ਅੱਖਰ-ਸੌਫ਼ਟਵੇਅਰ (ਵਰਡ ਪਰੋਸੈੱਸਰ: ਜਿਵੇਂ ਕਿ ਮਾਈਕਰੋਸੌਫ਼ਟ ਵਰਡ, ਵਰਡ ਪਰਫੈੱਕਟ ਆਦਿ) ਵਰਤ ਕੇ ਕਰ ਸਕਦੇ ਹਾਂ। ਕਿਉਂਕਿ ਕੰਪਿਊਟਰ ਦੀ ਕਾਢ ਪੱਛਮੀ ਦੇਸ਼ਾਂ ਵਿੱਚ ਹੋਈ, ਇਸੇ ਲਈ ਪੱਛਮੀ ਭਾਸ਼ਾਵਾਂ ਖ਼ਾਸ ਕਰ ਕੇ ਅੰਗਰੇਜ਼ੀ ਹੀ ਇਨ੍ਹਾਂ ਪਰੋਗਰਾਮਾਂ ਦੀ ਅਧਾਰ ਭਾਸ਼ਾ ਬਣੀ। ਅੱਜ ਵੀ ਸਭ ਤੋਂ ਜ਼ਿਆਦਾ ਪਰੋਗਰਾਮ ਅੰਗਰੇਜ਼ੀ ਵਿੱਚ ਹੀ ਮਿਲਦੇ ਹਨ।

ਪਰ ਛੇਤੀ ਹੀ ਦੂਜੀਆਂ ਭਾਸ਼ਾਵਾਂ ਵੀ ਇਨ੍ਹਾਂ ਪਰੋਗਰਾਮਾਂ ਨਾਲ਼ ਇੱਕਸੁਰਤਾ ਵਿੱਚ ਪਰੋਈਆਂ ਗਈਆਂ। ਕਈ ਭਾਰਤੀ ਭਾਸ਼ਾਵਾਂ ਵੀ ਇਸ ਤਰ੍ਹਾਂ ਇਨ੍ਹਾਂ ਪਰੋਗਰਾਮਾਂ ’ਚ ਵਰਤੀਆਂ ਜਾਣ ਲੱਗੀਆਂ। ਹਿੰਦੀ ਦਾ ਕੰਮ ਬੜੀ ਖੂਬੀ ਨਾਲ਼ ਇਨ੍ਹਾਂ ਅੰਗਰੇਜ਼ੀ ਵਾਲ਼ੇ ਪਰੋਗਰਾਮਾਂ ’ਚ ਹੋਣ ਲੱਗਿਆ। ਪੰਜਾਬੀਆਂ ਨੇ ਵੀ ਫਿਰ ਇਸ ਪਾਸੇ ਧਿਆਨ ਦੇਣਾ ਸ਼ੁਰੂ ਕੀਤਾ, ਪਰ ਕਿਸੇ ਨੇ ਕੋਈ ਖ਼ਾਸ ਹੰਭਲ਼ਾ ਨਹੀਂ ਮਾਰਿਆ।

ਪਹਿਲੀ ਪੰਜਾਬੀ ਫੌਂਟ (ਕੰਪਿਊਟਰੀ ਅੱਖਰ ਮਾਲ਼ਾ) ਬਣਾਉਣ ਵਾਲ਼ੇ ਡਾ. ਕੁਲਬੀਰ ਸਿੰਘ ਥਿੰਦ ਹਨ, ਜੋ ਅਮਰੀਕਾ ਵਿੱਚ ਆਪਣੇ ਡਾਕਟਰੀ ਧੰਦੇ ਤੋਂ ਵਾਪਸ ਆ ਕੇ ਹਰ ਰੋਜ਼ ਇਸ ਕੰਮ ਨੂੰ ਇੱਕ ਸ਼ੌਕ ਵੱਜੋਂ ਕਰਦੇ ਰਹੇ। ਉਨ੍ਹਾਂ ਨੇ 1984 ਵਿੱਚ ਮੈਕਿਨਤੋਸ਼ ਕੰਪਿਊਟਰ ਵਾਸਤੇ ਪਹਿਲੀ ਗੁਰਮੁਖੀ ਫੌਂਟ ਇਸੇ ਨਾਂ ਹੇਠ ਤਿਆਰ ਕੀਤੀ ਸੀ ਤੇ ਹੋਰ ਵੀ ਕਾਫ਼ੀ ਫੌਂਟਾਂ ਇਸੇ ਨਾਂ ਥੱਲੇ ਉਨ੍ਹਾਂ ਨੇ ਮੈਕਿਨਤੋਸ਼ ਕੰਪਿਊਟਰ ਵਾਸਤੇ ਹੀ ਬਣਾਈਆਂ ਸਨ। ਤੇ ਫਿਰ ਸ਼ਾਇਦ ਜ਼ਿਆਦਾ ਲੋਕਾਂ ਦੀ ਮੰਗ ’ਤੇ ਉਨ੍ਹਾਂ ਨੇ ਆਮ ਡੈੱਸਕ ਟੌਪ ਕੰਪਿਊਟਰ ਜਾਂ ਪੀ.ਸੀ. ਵਾਸਤੇ 1993 ’ਚ ਅੰਮ੍ਰਿਤ ਲਿਪੀ (ਫੌਂਟ) ਤਿਆਰ ਕੀਤੀ। ਇਸ ਨਾਲ਼ ਅਸੀਂ ਹਰਮਨ ਪਿਆਰੇ ਪੀਸੀਆਂ (ਆਮ ਕੰਪਿਊਟਰਾਂ) ਤੇ ਅੰਗਰੇਜ਼ੀ ਵਾਲ਼ੇ ਅੱਖਰ-ਸੌਫ਼ਟਵੇਅਰ ਵਰਤਦੇ ਹੋਏ ਪੰਜਾਬੀ ’ਚ ਸ਼ਬਦ-ਸੰਚਾਰ ਜਾਂ ਵਰਡ ਪਰੋਸੈੱਸਿੰਗ ਕਰਨ ਲੱਗ ਪਏ। ਇਹ ਫੌਂਟ ਗੁਰਬਾਣੀ ਦੇ ਸਾਰੇ ਅੱਖਰ ਜਾਂ ਵਿਧੀ ਨੂੰ ਪੂਰੀ ਤਰਾਂ ਚਿਤਰਿਤ ਨਹੀਂ ਕਰਦੀ ਸੀ, ਇਸ ਲਈ ਉਨ੍ਹਾਂ ਨੇ ਹੋਰ ਸੁਧਾਰ ਕਰ ਕੇ ਗੁਰਬਾਣੀ ਲਿਪੀ (ਗੁਰਬਾਣੀ ਫ਼ੌਂਟ) ਤਿਆਰ ਕੀਤੀ ਜੋ ਗੁਰਬਾਣੀ ਲਿਖਣ ਲਈ ਢੁਕਵੀਂ ਸੀ।

ਪਰ ਉਸ ਨਾਲ਼ ਵੀ ਟਾਈਪਿੰਗ ’ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਫਿਰ ਉਨ੍ਹਾਂ ਨੇ ਅਣਮੋਲ ਫ਼ੌਂਟ ਤਿਆਰ ਕੀਤੀ ਜੋ ਪਹਿਲਾਂ ਨਾਲ਼ੋਂ ਹੋਰ ਵਧੀਆ ਸਾਬਤ ਹੋਈ। ਅਣਮੋਲ ’ਚ ਵੀ ਊਣਤਾਈਆਂ ਰਹਿ ਗਈਆਂ ਕਿਉਂਕਿ ਪੰਜਾਬੀ ਦੇ ਅੱਖਰ ਤੇ ਮਾਤਰਾਵਾਂ ਅੰਗਰੇਜ਼ੀ ਨਾਲ਼ੋਂ ਕਿਤੇ ਜ਼ਿਆਦਾ ਹਨ, ਫਿਰ ਮਾਤਰਾਵਾਂ, ਬਿੰਦੀ, ਟਿੱਪੀ, ਅਧਕ, ਦੁਲੈਂਕੜ ਆਦਿ ਦੀ ਲਿਖਣ ਵਿਧੀ ਤੇ ਗੁਰਮੁਖੀ ਲਿਪੀ ਅਨੁਸਾਰ ਲਿਖਣਾ ਹੋਰ ਵੀ ਕਈ ਮੁਸ਼ਕਲਾਂ ਸਨ। ਇਸ ਲਈ ਸਭ ਕੁਝ ਨੂੰ ਉਸੇ ਕੀ-ਬੋਰਡ ਤੇ ਸੈੱਟ ਕਰਨ ’ਚ ਮੁਸ਼ਕਲ ਆ ਰਹੀ ਸੀ। ਉਦਾਹਰਣ ਲਈ ਸਿਹਾਰੀ ਦੇ ਨਾਲ਼ ਅਧਕ ਜਾਂ ਟਿੱਪੀ ਸਾਫ਼ ਦਿਖਾਈ ਨਹੀਂ ਦਿੰਦੀ ਸੀ। ਇਸ ਤਰ੍ਹਾਂ ਦੋ ਟਿੱਪੀਆਂ ਬਣਾਉਣੀਆਂ ਪਈਆਂ ਇੱਕ ਟਿੱਪੀ ਨਾਲ਼ ਪਾਉਣ ਲਈ ਇੱਕ ਉਸ ਤੋਂ ਬਿਨਾਂ। ਫਿਰ ਕਿਰਪਾਲ ਸਿੰਘ ਪੰਨੂੰ ਤੇ ਡਾ. ਥਿੰਦ ਨੇ ਇਕੱਠੇ ਕੰਮ ਕਰ ਕੇ ਸਾਲ 1998 ਵਿੱਚ ਸਮਤੋਲ ਫੌਂਟ ਤਿਆਰ ਕੀਤੀ ਜੋ ਬਹੁਤ ਚਿਰ ਤੱਕ ਪੰਜਾਬੀ ਵਰਡ-ਪਰੋਸੈੱਸਿੰਗ ਦੀ ਸ਼ੋਭਾ ਬਣਦੀ ਰਹੀ ਤੇ ਅਜੇ ਤੱਕ ਵੀ ਕਈ ਪੰਜਾਬੀ ਇਹੀ ਫੌਂਟ ਵਰਤਦੇ ਹਨ।

ਨਵੇਂ ਕੰਪਿਊਟਰ ਵਰਤਕਾਂ ਲਈ ਪਹਿਲਾਂ ਪੰਜਾਬੀ ਟਾਈਪ ਕਰਨਾ ਸਿੱਖਣਾ ਵੀ ਇੱਕ ਕਿਲਾ ਜਿੱਤਣਾ ਸੀ। ਉਸ ਨੂੰ ਡਾ. ਥਿੰਦ ਤੇ ਸਾਥੀਆਂ ਨੇ ਅੰਗਰੇਜ਼ੀ ਵਾਲ਼ੇ ਕੀ-ਬੋਰਡ ਤੇ ਅੱਖਰਾਂ ਦੀ ਅਵਾਜ਼ ਨਾਲ਼ ਮਿਲਦੀਆਂ ਅਵਾਜ਼ਾਂ ਵਾਲ਼ੇ ਪੰਜਾਬੀ ਅੱਖਰ ਪਾ ਦਿੱਤੇ। ਜਿਵੇਂ ੳ ਤੇ ਅ ਅੰਗਰੇਜ਼ੀ ਦੀ ਏ ਵਾਲ਼ੀ ਕੀ ਤੇ ਪਾ ਦਿੱਤੇ, ੲ ਈ ਵਾਲ਼ੀ ਤੇ, ਇਸੇ ਤਰਾਂ ਪ/ਫ ਪੀ ਵਾਲ਼ੀ ਕੀ ਤੇ ਅਤੇ ਕ/ਖ ਕੇ ਵਾਲ਼ੀ ਕੀ ਤੇ ਪਾ ਦਿੱਤੇ। ਬਾਕੀ ਦੇ ਅੱਖਰ ਵੀ ਇਸੇ ਸਰਲ ਜਿਹੀ ਵਿਧੀ ਅਨੁਸਾਰ ਪਾ ਕੇ ਆਮ ਪੰਜਾਬੀ ਜਾਣਨ ਵਾਲ਼ੇ ਕੰਪਿਊਟਰ ਵਰਤਕਾਂ ਲਈ ਪੰਜਾਬੀ ਵਰਡ-ਪਰੋਸੈੱਸਿੰਗ ਦਾ ਰਾਹ ਪੱਧਰਾ ਕਰ ਦਿੱਤਾ। ਸਮਤੋਲ ਫੌਂਟ ਵਿੱਚ ਪੰਨੂੰ ਤੇ ਥਿੰਦ ਨੇ ਕਈ ਅਜਿਹੀਆਂ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰ ਦਿੱਤਾ। ਯਾਦ ਰਹੇ ਕਿ ਪੰਜਾਬੀ ਟਾਈਪਿੰਗ ਰਮਿੰਗਟਨ ਕੰਪਨੀ ਦੀ ਟਾਈਪਿੰਗ ਮਸ਼ੀਨ ਮੁਤਾਬਿਕ ਇੱਕ ਵੱਖਰੀ ਸਕੀਮ ਸੀ ਜੋ ਸਿੱਖਣ ਲਈ ਟਾਈਪਿੰਗ ਸਕੂਲ ਵਿੱਚ ਸਮਾਂ ਲਾਉਣਾ ਪੈਂਦਾ ਸੀ। ਇਸ ਲਈ ਆਮ ਲੋਕ ਜੋ ਅੰਗਰੇਜ਼ੀ ਟਾਈਪਿੰਗ ਜਾਣਦੇ ਵੀ ਸਨ, ਪੰਜਾਬੀ ਟਾਈਪਿੰਗ ਸਿੱਖਣ ਤੋਂ ਕਿਨਾਰਾ ਕਰ ਲੈਂਦੇ ਸਨ।

ਸਮਤੋਲ ਫੌਂਟ ਕਾਫ਼ੀ ਠੀਕ ਸੀ ਤੇ ਇਸੇ ਲਈ ਕਾਫ਼ੀ ਦੇਰ ਤਕ ਵਰਤੀ ਜਾਂਦੀ ਰਹੀ। ਫਿਰ ਇਸ ਵਿੱਚ ਵੀ ਛੋਟੀਆਂ ਮੋਟੀਆਂ ਤਰੁੱਟੀਆਂ ਸਾਹਮਣੇ ਆਈਆਂ। ਫਿਰ ਕਿਰਪਾਲ ਸਿੰਘ ਪੰਨੂੰ ਨੇ ਆਪਣੇ ਆਪ ਹੀ ਉਹ ਮੁਸ਼ਕਲਾਂ ਹੱਲ ਕਰ ਕੇ ਸਮਤੋਲ ਫੌਂਟ ਨੂੰ ਸੁਧਾਰ ਕੇ ਧਨੀ ਰਾਮ ਚਾਤ੍ਰਿਕ ਜਾਂ ਡੀਆਰਚਾਤ੍ਰਿਕ ਵੈੱਬ ਫੌਂਟ ਤਿਆਰ ਕੀਤੀ ਜੋ ਅੱਜ ਦੀ ਫੌਂਟ ਹੈ ਤੇ ਇਹ ਲੇਖ ਵੀ ਉਸੇ ’ਚ ਲਿਖਿਆ ਜਾ ਰਿਹਾ ਹੈ। ਪੰਨੂੰ ਸਾਹਿਬ ਨੇ ਅਜੇ ਵੀ ਬੱਸ ਨਹੀਂ ਕੀਤੀ, ਉਹ ਅੱਜ ਕੱਲ੍ਹ ਸ਼ਬਦ ਸਿਰਜਣ, ਡਿੱਜੀਟਲ ਡਿਕਸ਼ਨਰੀ ਬਣਾਉਣ, ਲਿਖੇ ਜਾਂ ਛਪੇ ਅੱਖਰਾਂ ਨੂੰ ਕੰਪਿਊਟਰ ਰਾਹੀਂ ਸਕੈਨ ਕਰ ਕੇ ਸੰਪਾਦਨਯੋਗ ਬਣਾਉਣ ਵਰਗੇ ਜਟਿਲ ਮੁੱਦਿਆਂ ਤੇ ਲਗਾਤਾਰ ਕੰਮ ਕਰ ਰਹੇ ਹਨ।

ਇਮਾਨਦਾਰੀ ਨਾਲ਼ ਕਹਾਂ ਤਾਂ ਮੈਂ ਕਿਸੇ ਪੰਜਾਬੀ ਪੁਲਸੀਏ ਤੋਂ ਅਜਿਹੀ ਕਿਸੇ ਕਰਾਮਾਤ ਦੀ ਉਮੀਦ ਨਹੀਂ ਕਰ ਸਕਦਾ ਸੀ, ਕਿਉਂਕਿ ਪੰਜਾਬੀ ਲਿਖਤਾਂ ’ਚ ਪੁਲੀਸ ਧਿੰਙੋਜ਼ੋਰੀ ਤੇ ਰਿਸ਼ਵਤ ਦੀ ਮਿਸਾਲ ਲਈ ਹੀ ਵਰਤੀ ਜਾਂਦੀ ਹੈ। ਮੇਰੀ ਇਸ ਗ਼ਲਤ ਧਾਰਣਾ ਦੇ ਪੰਨੂੰ ਸਾਹਿਬ ਨੇ ਪਰਖਚੇ ਉਡਾ ਦਿੱਤੇ। ਮੇਰੀ ਇਸ ਗ਼ਲਤ ਸੋਚ ਨੂੰ ਠੀਕ ਕਰਵਾਉਣ ਲਈ ਮੈਂ ਉਨ੍ਹਾਂ ਦਾ ਸਦਾ ਰਿਣੀ ਰਹਾਂਗਾ। ਮੇਰੇ ਹਿਸਾਬ ਨਾਲ਼ ਇੱਕ ਉੱਚ ਦਰਜੇ ਦੇ ਚਿੰਤਕ ਵੱਜੋਂ ਦੁਨੀਆ ਸਾਹਮਣੇ ਆਉਣ ਵਾਲ਼ੇ ਕਿਰਪਾਲ ਸਿੰਘ ਪੰਨੂੰ ਹੀ ਪਹਿਲੇ ਪੰਜਾਬੀ ਪੁਲਸੀਏ ਹੋਣਗੇ। ਉਨ੍ਹਾਂ ਦਾ ਇੱਕ ਕਮਾਲ ਇਹ ਵੀ ਹੈ ਕਿ ਆਪਣੀ ਪੁਲੀਸ ਦੀ ਨੌਕਰੀ ਤੋਂ ਰਿਟਾਇਰ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਕੰਪਿਊਟਰ ਦਾ ਕੁਝ ਵੀ ਨਹੀਂ ਸੀ ਆਉਂਦਾ। ਬੱਸ ਰਿਟਾਇਰ ਹੋਣ ਪਿੱਛੋਂ ਕਨੇਡਾ ਆ ਕੇ ਇਹ ਸ਼ੌਕ ਉਨ੍ਹਾਂ ਨੂੰ ਲੱਗ ਗਿਆ ਜੋ ਹੁਣ ਆਖ਼ਰੀ ਦਮਾਂ ਤੱਕ ਰਹੂਗਾ।

ਹੁਣ ਤਾਂ ਕੰਪਿਊਟਰ ਨਾਲ਼ ਪੰਨੂੰ ਸਾਹਿਬ ਦਾ ‘ਆਪੇ ਗੁਰ ਚੇਲਾ’ ਵਾਲ਼ਾ ਰਿਸ਼ਤਾ ਬਣਿਆ ਹੋਇਆ ਹੈ। ਮੈਂ ਇੱਕ ਵਾਰ ਉਨ੍ਹਾਂ ਤੋਂ ਪੁੱਛਿਆ ਕਿ ਕੀ ਕੰਪਿਊਟਰ ਲਿਖੇ ਨੂੰ ਪੜ੍ਹ ਕੇ ਡਿੱਜੀਟਲੀ ਸੰਪਾਦਨ ਕਰਨਯੋਗ ਫਾਈਲ ਬਣਾ ਸਕਦਾ ਏ? ਤਾਂ ਕਹਿਣ ਲੱਗੇ ਕਿ ਇਸ ਕੰਮ ਲਈ ਬਹੁਤ ਸਾਰੇ ਮਾਹਿਰ ਲੱਗੇ ਹੋਏ ਹਨ ਤੇ ਉਹ ਦਿਨ ਜ਼ਿਆਦਾ ਦੂਰ ਨਹੀਂ ਜਦੋਂ ਇਹ ਸੰਭਵ ਹੋ ਜਾਵੇਗਾ। ਜਦੋਂ ਮੈਂ ਪੁੱਛਿਆ ਕਿ ਉਹ ਕਿਵੇਂ? ਤਾਂ ਜਵਾਬ ਮਿਲਿਆ ਕਿ ਸਕੈਨਿੰਗ ਤਾਂ ਪਹਿਲਾਂ ਹੀ ਹੁੰਦੀ ਹੈ, ਕੰਪਿਊਟਰ ਨੂੰ ਇਹੀ ਸਮਝਾਉਣਾ ਬਾਕੀ ਹੈ ਕਿ ਕਾਗਜ਼ ਨੂੰ ਛੱਡ ਕੇ ਸਿਰਫ਼ ਅੱਖਰਾਂ ਨੂੰ ਯਾਦ ਰੱਖੇ, ਬੱਸ ਬਣ ਗਿਆ ਸੌਫ਼ਟਵੇਅਰ। ਕਿਸੇ ਗੁੰਝਲ਼ਦਾਰ ਕੰਮ ਨੂੰ ਇਉਂ ਸਿੱਧੇ ਸ਼ਬਦਾਂ ’ਚ ਪਾਉਣਾ ਇਹ ਸਿੱਧ ਕਰਦਾ ਹੈ ਕਿ ਉਨ੍ਹਾਂ ਨੂੰ ਇਸ ਕੰਮ ਦੀ ਬੁਨਿਆਦੀ ਸਮਝ ਹੈ। ਉਸ ਤੋਂ ਥੋੜ੍ਹੀ ਦੇਰ ਪਿੱਛੋਂ ਹੀ ਔਪਟੀਕਲ ਕਰੈੱਕਟਰ ਰੈਕੱਗਨੀਸ਼ਨ (ਲਿਖਤ ਦੇ ਡਿੱਜਟੀਕਰਨ) ਦੀਆਂ ਖ਼ਬਰਾਂ ਆਉਣ ਲੱਗ ਪਈਆਂ। ਅਜੇ ਤੱਕ ਵੀ ਇਹ ਵਿਧੀ ਪੂਰੀ ਤਰਾਂ ਵਿਕਸਿਤ ਨਹੀਂ ਹੋਈ, ਪਰ ਪੰਨੂੰ ਸਾਹਿਬ ਦਾ  ਨਜ਼ਰੀਆ ਬਿਲਕੁਲ ਠੀਕ ਸੀ।

ਉਨ੍ਹਾਂ ਦੀ ਸ਼ਖਸੀਅਤ ਦਾ ਇੱਕ ਖ਼ਾਸ ਪੱਖ ਇਹ ਹੈ ਕਿ ਉਹ ਹਰ ਕੰਮ ਬੜੇ ਧਿਆਨ ਨਾਲ਼ ਕਰਦੇ ਹਨ। ਉਹ ਤੁਹਾਡੀ ਗੱਲ ਵੀ ਧਿਆਨ ਨਾਲ਼ ਸੁਣਦੇ ਹਨ ਤੇ ਸ਼ਾਇਦ ਇਸੇ ਲਈ ਉਹ ਮੁਸ਼ਕਲਾਂ ਦੇ ਹੱਲ ਵੀ ਸਰਲ ਤਰੀਕੇ ਨਾਲ਼ ਲੱਭ ਲੈਂਦੇ ਹਨ। ਮੇਰੇ ਖਿਆਲ ਨਾਲ਼ ਇਹ ਗੁਣ, ਇੱਕ ਚੰਗੇ ਖੋਜੀ ਦਾ ਗੁਣ ਹੁੰਦਾ ਹੈ। ਉਨ੍ਹਾਂ ਦਾ ਕਥਨ ਹੈ ਕਿ ਕੰਪਿਊਟਰ ਨੂੰ ਹੱਥ ਲਾਓਗੇ ਤਾਂ ਕੁਝ ਸਿੱਖੋਗੇ ਤੇ ਸਿੱਖ ਕੇ ਫਿਰ ਤੁਸੀਂ ਆਪ ਵੀ ਕੰਪਿਊਟਰ ਨੂੰ ਕੁਝ ਨਵਾਂ ਸਿਖਾ ਸਕਦੇ ਹੋ ਜਿਵੇਂ ਕਿ ਕਿਰਪਾਲ ਸਿੰਘ ਪੰਨੂੰ ਤੇ ਕੁਲਬੀਰ ਸਿੰਘ ਥਿੰਦ ਵਰਗੇ ਮਾਹਿਰ ਕਰ ਰਹੇ ਹਨ।

ਪੰਨੂੰ ਸਾਹਿਬ ਦੀ ਸ਼ਖਸੀਅਤ ਬਾਰੇ ਇੱਕ ਹੋਰ ਗੱਲ ਵੀ ਧਿਆਨ ਦੇਣਾ ਮੰਗਦੀ ਹੈ, ਉਹ ਹੈ ਪੰਜਾਬੀ ਲਿਪੀ ਲਈ ਫੌਂਟਾਂ ਦੇ ਨਾਵਾਂ ਦੀ ਚੋਣ। ਅਸੀਂ ਪੰਜਾਬੀ, ਧਰਮਾਂ ਬਾਰੇ ਬਹੁਤ ਗੰਭੀਰ ਹਾਂ ਤੇ ਤਕਰੀਬਨ ਹਰ ਕੰਮ ਹੀ ਧਰਮ ਨੂੰ ਧਿਆਨ ’ਚ ਰੱਖ ਕੇ ਕਰਦੇ ਹਾਂ। ਸਾਡੇ ਸਿੱਖ ਗੁਰੂਆਂ ਨੇ ਪੰਜਾਬੀ ਦੀ ਵਰਣਮਾਲ਼ਾ ਦੀ ਵਰਤੋਂ ਤੇ ਕੰਮ ਕੀਤਾ ਅਸੀਂ ਉਸ ਦਾ ਨਾਂ ਹੀ ‘ਗੁਰਮੁਖੀ’ ਰੱਖ ਦਿੱਤਾ, ਜੋ ਵੈਸੇ ‘ਪੰਜਾਬੀ’ ਜਾਂ ਵੱਧ ਤੋਂ ਵੱਧ ‘ਗੁਰਲਿਖੀ’ ਹੋਣਾ ਚਾਹੀਦਾ ਸੀ। ਇਸ ਦਾ ਅਸਰ ਇਹ ਹੋਇਆ ਕਿ ਦੋ-ਤਿਹਾਈ ਪੰਜਾਬੀਆਂ (ਹਿੰਦੂ ਤੇ ਮੁਸਲਮਾਨ ਪੰਜਾਬੀਆਂ ਨੇ) ਇਸ ਨੂੰ ਸਿੱਖਾਂ ਦੀ ਜ਼ਬਾਨ ਸਮਝ ਕੇ ਮੁੱਢੋਂ ਹੀ ਨਕਾਰ ਦਿੱਤਾ ਕਿਉਂਕਿ ਉਨ੍ਹਾਂ ਦੇ ਆਪਣੇ ਧਰਮਾਂ ਨਾਲ਼ ਇਸ ਦਾ ਸਬੰਧ ਨਹੀਂ ਜੁੜਦਾ ਸੀ। ਪੰਜਾਬੀ ਹਿੰਦੂਆਂ ਨੇ ਮਰਦਮ-ਸ਼ੁਮਾਰੀ ’ਚ ਆਪਣੀ ਮਾਂ-ਬੋਲੀ ਹਿੰਦੀ ਲਿਖਵਾਉਣੀ ਸ਼ੁਰੂ ਕਰ ਦਿੱਤੀ ਤੇ ਪਾਕਿਸਤਾਨ ਵਾਲ਼ੇ ਪੰਜਾਬੀ ਮੁਸਲਮਾਨਾਂ ਨੇ ਤਾਂ ਪੰਜਾਬੀ ਨੂੰ ਗੰਵਾਰਾਂ ਦੀ ਭਾਸ਼ਾ ਗਰਦਾਨ ਕੇ ਇਸ ਦੀ ਪੜ੍ਹਾਈ ਤੇ ਰੋਕ ਲਾ ਦਿੱਤੀ। ਲਹੌਰ ਦੇ ਜੰਮਪਲ਼ ਅਜੇ ਵੀ ਆਪਣੇ ਬੱਚਿਆਂ ਨਾਲ਼ ਉਰਦੂ ’ਚ ਗੱਲ ਕਰਦੇ ਹਨ ਜੋ ਕਿ ਪਾਕਿਸਤਾਨ ਦੇ ਕਿਸੇ ਇਲਾਕੇ ਦੀ ਭਾਸ਼ਾ ਵੀ ਨਹੀਂ ਹੈ। ਇਹ ਤਾਂ ਦੇਸ਼ ਦੀ ਵੰਡ ਵੇਲ਼ੇ (1947) ਯੂ.ਪੀ. ਤੋਂ ਗਏ ਮੁਸਲਮਾਨਾਂ ਦੀ ਭਾਸ਼ਾ ਹੀ ਕਹੀ ਜਾ ਸਕਦੀ ਹੈ, ਪਰ ਜੋ ਮੁਗਲਾਂ ਦੇ ਸਮੇਂ ਤੋਂ ਹਿੰਦੁਸਤਾਨ ਦੀ ਸਰਕਾਰੀ ਭਾਸ਼ਾ ਬਣੀ ਹੋਈ ਸੀ। ਖ਼ੈਰ, ਇਸ ਤਰਾਂ ਸਾਡੀ ਆਪਣੀ ਮਾਂ-ਬੋਲੀ ਦਾ ਇੱਕ ਪੱਖ ਹੀ ਆਪਣੇ ਧੀਆਂ-ਪੁੱਤਾਂ ਨੂੰ ਬੇਗਾਨੇ ਕਰ ਕੇ ਬੈਠ ਗਿਆ ਜਿਸ ਦਾ ਖਮਿਆਜ਼ਾ ਪਤਾ ਨਹੀਂ ਪੰਜਾਬੀਆਂ ਨੇ ਕਦੋਂ ਤੱਕ ਭੁਗਤਣਾ ਹੈ?

ਇਸੇ ਹੀ ਲੜੀ ਤਹਿਤ ਧਾਰਮਿਕ ਰੁਚੀ ਵਾਲ਼ੇ ਡਾ. ਕੁਲਬੀਰ ਸਿੰਘ ਥਿੰਦ ਨੇ ਵੀ ਆਪਣੀਆਂ ਫੌਂਟਾਂ ਦੇ ਨਾਂ ਧਰਮ ਤੋਂ ਪ੍ਰਭਾਵਿਤ ਹੋ ਕੇ ਹੀ ਰੱਖੇ ਲਗਦੇ ਹਨ, ਪਰ ਉਨ੍ਹਾਂ ਦੀਆਂ ਦੋ ਫੌਂਟਾਂ ਦੇ ਨਾਂ, ਅਣਮੋਲ ਤੇ ਸਮਤੋਲ, ਇਸ ਅਣਕਿਆਸੀ ਲਾਗ ਤੋਂ ਰਹਿਤ ਹਨ। ਕਿਰਪਾਲ ਸਿੰਘ ਪੰਨੂੰ ਨੇ ਇਸ ਪੱਖ ਤੇ ਗ਼ੌਰ ਕਰ ਕੇ ਆਪਣੀਆਂ ਫੌਂਟਾਂ ਦੇ ਨਾਂ ਰੱਖੇ ਲਗਦੇ ਹਨ। ਗੁਰਮੁਖੀ ’ਚ ਟਾਈਪ ਕਰਨ ਵਾਲ਼ੀ ਧਨੀ ਰਾਮ ਚਾਤ੍ਰਿਕ ਫੌਂਟ ਤੇ ਗੁਰਮੁਖੀ ਤੋਂ ਸ਼ਾਹਮੁਖੀ ’ਚ ਬਦਲਣ ਲਈ ਬਣਾਈ ਬਾਬਾ ਫਰੀਦ ਫੌਂਟ ਪੰਜਾਬੀ ਜ਼ਬਾਨ ਦੇ ਦੋ ਮਹਾਨ ਕਵੀਆਂ ਨੂੰ ਸਮਰਪਿਤ ਹਨ ਜੋ ਪੰਜਾਬੀ ਮਾਂ-ਬੋਲੀ ਦੇ ਵਿੱਛੜੇ ਸਮੂਹਾਂ ਨੂੰ ਸੱਦਾ ਦੇ ਕੇ ਇਕੱਠੇ ਕਰਨ ਦੀ ਕੋਸ਼ਿਸ਼ ਨਜ਼ਰ ਆਉਂਦੀ ਹੈ। ਗੁਰਮੁਖੀ ਤੋਂ ਸ਼ਾਹਮੁਖੀ ’ਚ ਬਦਲਣ ਵਾਲ਼ਾ ਸੌਫ਼ਟਵੇਅਰ ਵੀ ਪੰਨੂੰ ਸਾਹਿਬ ਨੇ ਹੀ ਤਿਆਰ ਕੀਤਾ ਸੀ ਤੇ ਪੰਜਾਬੀ ਯੂਨੀਵਰਸਿਟੀ ਦੇ ਡਾ. ਗੁਰਪਰੀਤ ਲਹਿਲ ਦੇ ਕੰਪਿਊਟਰ ’ਚ ਵੀ ਚੜ੍ਹਾ ਦਿੱਤਾ ਕਿਉਂਕਿ ਉਹ ਤਾਂ ਪੰਜਾਬੀਆਂ ਤੇ ਪੰਜਾਬੀ ਜ਼ਬਾਨ ਲਈ ਕੰਮ ਕਰਦੇ ਹਨ। ਪਰ ਡਾ. ਲਹਿਲ ਨੇ ਸਹਿਜ ਨਾਲ਼ ਹੀ ਆਪਣੇ ਨਾਂ ਤੇ ਉਸ ਸੌਫ਼ਟਵੇਅਰ ਨੂੰ ਬਤੌਰ ਸੰਗਮ ਦੇ ਰਜਿਸਟਰ ਕਰਵਾ ਲਿਆ ਤੇ ਆਪਣੀ ਯੂਨੀਵਰਸਿਟੀ ਤੋਂ ਵਾਹਵਾ ਵੀ ਖੱਟ ਲਈ। ਅੱਖਰ ਨਾਂ ਦੇ ਸੌਫ਼ਟਵੇਅਰ ਤਿਆਰ ਕਰਨ ਵਾਲ਼ੇ ਡਾ. ਲਹਿਲ ਦੀ ਇਸ ਹਰਕਤ ਨੇ ਬਹੁਤ ਸਾਰੇ ਪੰਜਾਬੀਆਂ ਦੇ ਦਿਲ-ਦਿਮਾਗ ’ਚ ਉਨ੍ਹਾਂ ਦੀ ਇੱਜ਼ਤ ਘਟਾ ਦਿੱਤੀ ਹੈ।

ਪੰਜਾਬੀ ਭਾਸ਼ਾ ਨੂੰ ਕੰਪਿਊਟਰ ਯੁਗ ਦੇ ਹਾਣ ਦਾ ਕਰਨ ਲਈ ਜੋ ਯੋਗਦਾਨ ਡਾ. ਕੁਲਬੀਰ ਸਿੰਘ ਥਿੰਦ ਤੇ ਕਿਰਪਾਲ ਸਿੰਘ ਪੰਨੂੰ ਵਰਗਿਆਂ ਨੇ ਪਾਇਆ ਹੈ, ਅਸੀਂ ਹਮੇਸ਼ਾ ਉਨ੍ਹਾਂ ਦੇ ਦੇਣਦਾਰ ਰਹਾਂਗੇ। ਇਹੀ ਨਹੀਂ ਸਾਡੀ ਆਮ ਪੰਜਾਬੀਆਂ ਦੀ ਬੱਚਤ ਦੀ ਆਦਤ ਨੂੰ ਸਮਝਦੇ ਹੋਏ ਉਨ੍ਹਾਂ ਨੇ ਆਪਣੇ ਇਸ ਅਣਮੋਲ ਕੰਮ ਲਈ ਕਿਸੇ ਤੋਂ ਧੇਲਾ ਵੀ ਨਹੀਂ ਲਿਆ। ਆਪਣੀਆਂ ਫੌਂਟਾਂ ਦੀ ਫਲੌਪੀ ਡਿਸਕ ਜਾਂ ਸੀ. ਡੀ. ਬਿਨਾਂ ਕਿਸੇ ਪੈਸੇ ਤੋਂ ਭੇਜ ਦਿੰਦੇ ਹਨ। ਇਸ ਦਿਆਨਤਦਾਰੀ ਨੇ ਮੇਰੇ ਵਰਗੇ ‘ਕੰਜੂਸ ਮੱਖੀ-ਚੂਸ’ ਨੂੰ ਵੀ ਪੰਜਾਬੀ ਵਰਡ-ਪਰੋਸੈੱਸਰ ਬਣਾ ਦਿੱਤਾ। ਥਿੰਦ ਸਾਹਿਬ, ਰਾੜਾ ਸਾਹਿਬ ਵਾਲ਼ੇ ਬਾਬਾ ਬਲਜਿੰਦਰ ਸਿੰਘ ਜੀ ਤੇ ਪੰਨੂੰ ਵਰਗਿਆਂ ਮਾਹਿਰਾਂ ਸਦਕਾ ਹੀ ਪੰਜਾਬੀ ਅਜੇ ਜਿਊਂਦੀ ਹੈ ਨਹੀਂ ਤਾਂ ਇੱਕੋ ਝਟਕੇ ’ਚ ਖ਼ਤਮ ਹੋ ਜਾਣੀ ਸੀ। ਅਜੇ ਵੀ ਸਾਨੂੰ ਇਸ ਦੇ ਬਹੁਤ ਪੱਖਾਂ ਤੇ ਧਿਆਨ ਦੇਣ ਦੀ ਲੋੜ ਹੈ। ਸਾਡੀ ਡਿੱਜੀਟਲ ਡਿਕਸ਼ਨਰੀ ਦਾ ਕੰਮ ਅਜੇ ਕੁਝ ਵੀ ਨਹੀਂ ਹੋਇਆ ਜੋ ਕੰਪਿਊਟਰ ਤੇ ਲਿਖਣ ਲਈ ਬਹੁਤ ਜ਼ਰੂਰੀ ਹੈ। ਇਸ ਲਈ ਪੰਜਾਬ ਦੀ ਸਰਕਾਰ ਨੂੰ ਚਿੰਤਤ ਹੋਣ ਦੀ ਲੋੜ ਹੈ।

ਕਿਰਪਾਲ ਸਿੰਘ ਪੰਨੂੰ ਬਰੈਂਪਟਨ (ਕੈਨੇਡਾ) ਵਿੱਚ ਰਹਿੰਦੇ ਹਨ। ਇੱਥੇ ਰਹਿਣ ਵਾਲ਼ੇ ਅਨੇਕਾਂ ਰਿਟਾਇਰ ਹੋ ਚੁੱਕੇ ਪੰਜਾਬੀਆਂ ਨੂੰ ਉਨ੍ਹਾਂ ਨੇ ਕੰਪਿਊਟਰ ਵਰਤਣਾ ਸਿਖਾ ਕੇ ਕੁਝ ਨਾ ਕੁਝ ਲਿਖਣ ਲਾ ਦਿੱਤਾ ਹੈ। ਇੱਥੇ ਲਿਖਾਰੀਆਂ ਦੀ ਮੀਟਿੰਗ (ਪੰਜਾਬੀ ਕਲਮਾਂ ਦੇ ਕਾਫ਼ਲੇ ਦੀ) ’ਚ ਪੰਨੂੰ ਸਾਹਿਬ ਦੀ ਹਮੇਸ਼ਾ ਗੱਲ ਹੁੰਦੀ ਰਹਿੰਦੀ ਹੈ। ਪ੍ਰਿੰਸੀਪਲ ਸਰਵਣ ਸਿੰਘ ਕਹਿੰਦੇ ਹਨ ਕਿ ਜੇ ਕਿਰਪਾਲ ਸਿੰਘ ਪੰਨੂੰ ਮੈਨੂੰ ਕੰਪਿਊਟਰ ਨਾ ਸਿਖਾਉਂਦਾ ਤਾਂ ਮੈਂ ਇੰਨੀਆਂ ਕਿਤਾਬਾਂ ਨਹੀਂ ਲਿਖ ਸਕਦਾ ਸੀ। ਮੈਨੂੰ ਖੁਦ ਨੂੰ ਕੰਪਿਊਟਰ ਤਾਂ ਵਰਤਣਾ ਆਉਂਦਾ ਸੀ ਪਰ ਮੈਂ ਪੰਜਾਬੀ ਫੌਂਟ ਦੀਆਂ ਮੁਸ਼ਕਲਾਂ ਨੂੰ ਸਮਝਣ ਲਈ ਪੰਨੂੰ ਸਾਹਿਬ ਦੀ ਬਹੁਤ ਮਦਦ ਲਈ ਹੈ। ਜਦੋਂ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਪੰਨੂੰ ਸਾਹਿਬ ਨੂੰ ਫੋਨ ਕਰ ਲੈਂਦੇ ਹਾਂ। ਕਮਾਲ ਇਹ ਹੈ ਕਿ ਉਹ ਬਗੈਰ ਕਿਸੇ ਹੀਲ-ਹੁੱਜਤ ਤੋਂ ਤੇ ਬਿਨਾਂ ਪੈਸੇ ਤੋਂ ਹਮੇਸ਼ਾ ਹੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਇਹ ਹੈ ਅਸਲੀ ਸੰਤ ਸੁਭਾਅ। ਪੰਜਾਬ ਵਿੱਚ ਤਾਂ ਅੱਜ ਕੱਲ੍ਹ ਸੰਤਾਂ ਦੀ ਹੇੜ੍ਹ ਆਈ ਹੋਈ ਹੈ, ਪਰ ਅਸਲ ਸੰਤ ਰੂਪੀ ਬੰਦੇ ਸ਼ਾਇਦ ਆਪਣੀ ਸਾਰੀ ਉਮਰ ਇਸ ਇੱਜ਼ਤ-ਅਫ਼ਜ਼ਾਈ ਤੋਂ ਵਾਂਝੇ ਹੀ ਰਹਿ ਜਾਣ। ਕਿਰਪਾਲ ਸਿੰਘ ਪੰਨੂੰ ਸਿਪਾਹੀ ਤਾਂ ਆਪਣੀ ਸਾਰੀ ਉਮਰ ਦੇ ਪੇਸ਼ੇ ਵੱਜੋਂ ਹੈ ਹੀ ਸਨ ਅਤੇ ਸੰਤ ਉਹ ਆਪਣੇ ਖੋਜੀ ਤੇ ਦਿਆਨਤਦਾਰੀ ਵਾਲ਼ੇ ਰੂਪਾਂ ਕਾਰਨ ਹਨ। ਇਸ ਲਈ ਉਨ੍ਹਾਂ ਨੂੰ ਸੰਤ-ਸਿਪਾਹੀ ਕਹਿਸਾ ਹੀ ਯੋਗ ਹੈ।

Read 4600 times Last modified on Thursday, 10 May 2018 00:54
ਜਸਵਿੰਦਰ ਸੰਧੂ ਬਰੈਂਪਟਨ