You are here:ਮੁਖ ਪੰਨਾ»ਸਫ਼ਰਨਾਮਾ»ਵਗਦੀ ਏ ਰਾਵੀ»ਸਾਂਝ ਤੇ ਵਿਰੋਧ ਦੀ ਦੋ-ਰੰਗੀ

ਦਾਖ਼ਲਾ

Tuesday, 06 October 2009 19:19

ਸਾਂਝ ਤੇ ਵਿਰੋਧ ਦੀ ਦੋ-ਰੰਗੀ

Written by ਵਰਿਆਮ ਸਿੰਘ ਸੰਧੂ
Rate this item
(0 votes)

ਹੋਟਲ ਪੁੱਜ ਕੇ ਖਾਣਾ ਖਾਣ ਤੋਂ ਬਾਅਦ ਜਗਤਾਰ ਤਾਂ ਲੇਟ ਗਿਆ ਤੇ ਮੈਂ ਸਵੇਰ ਦੇ ਲੰਮੇ ਸਫਰ ਬਾਰੇ ਸੋਚਣ ਲੱਗਾ। ਜੇ ਮੈਂ ਸਵੇਰੇ ਰਾਵਲਪਿੰਡੀ, ਪੰਜਾ ਸਾਹਿਬ ਦੀ ਯਾਤਰਾ ‘ਤੇ ਜਾਣਾ ਸੀ ਤਾਂ ਮੈਨੂੰ ਆਪਣਾ ਸਾਮਾਨ ਪੈਕ ਕਰਕੇ ਨਾਲ ਹੀ ਲਿਜਾਣਾ ਪੈਣਾ ਸੀ ਕਿਉਂਕਿ ਯਾਤਰਾ ਉਪਰੰਤ 19 ਅਪ੍ਰੈਲ ਨੂੰ ਸਿੱਧਾ ਸਵੇਰੇ ਲਾਹੌਰ ਰੇਲਵੇ ਸਟੇਸ਼ਨ ‘ਤੇ ਹੀ ਪੁੱਜਣ ਦਾ ਪ੍ਰੋਗਰਾਮ ਸੀ। ਰਾਤ ਨੂੰ ਮੈਂ ਸਾਮਾਨ ਸਾਂਭਦਿਆਂ ਡਾ. ਜਗਤਾਰ ਨੂੰ ਅਜੇ ਵੀ ਆਪਣੇ ਨਾਲ ਜਾਣ ਲਈ ਮਨਾ ਰਿਹਾ ਸਾਂ ਪਰ, ‘ਸਿਹਤ ਏਨੇ ਲੰਮੇ ਸਫਰ ਦੀ ਇਜਾਜ਼ਤ ਨਹੀਂ ਦਿੰਦੀ’ ਵਾਲਾ ਉਹਦਾ ਬਹਾਨਾ ਸੱਚਾ ਹੀ ਲਗਦਾ ਸੀ। ਲਾਹੌਰ ਦੀ ਯਾਤਰਾ ਕਰਦਿਆਂ ਵੀ ਉਹ ਅਕਸਰ ਹਫ ਥੱਕ ਜਾਂਦਾ ਸੀ। ਕੁਝ ਵੀ ਸੀ, ਮੈਨੂੰ ਉਸ ਦਾ ਸਾਥ ਛੱਡ ਕੇ ਜਾਣ ਦਾ ਅਫਸੋਸ ਵੀ ਸੀ ਪਰ ਪਾਕਿਸਤਾਨ ਯਾਤਰਾ ਦੀ ਖ਼ੁਸ਼ੀ ਤੇ ਚਾਅ ਨੇ ਇਸ ਅਫਸੋਸ ਨੂੰ ਛੋਟਾ ਕਰ ਦਿੱਤਾ ਸੀ।
ਇਸੇ ਸਮੇਂ ਹੀ ਮੈਨੂੰ ਇਲਿਆਸ ਘੰੁਮਣ ਅਤੇ ਸਤਨਾਮ ਮਾਣਕ ਦਾ ਫਲੈਟੀਜ਼ ਹੋਟਲ ਤੋਂ ਫ਼ੋਨ ਆਇਆ ਸੀ ਕਿ ਮੈਂ ਸਵੇਰੇ ਨਨਕਾਣੇ ਜਾਣ ਲਈ ਤਿਆਰ ਤਿਆਰ ਹੋ ਕੇ ਸੱਤ ਵਜੇ ਫਲੈਟੀਜ਼ ਵਿਚ ਪਹੰੁਚ ਜਾਵਾਂ। ਇਲਿਆਸ ਘੰੁਮਣ ਨੇ ਮੈਨੂੰ ਨਨਕਾਣਾ ਵਿਖਾਉਣ ਦਾ ਵਾਅਦਾ ਚੇਤੇ ਰੱਖਿਆ ਸੀ। ਪਰ ਅਸੀਂ ਤਾਂ ਰਾਵਲਪਿੰਡੀ ਵਾਲੀ ਯਾਤਰਾ ਲਈ ਤਿਆਰ ਹੋ ਚੁੱਕੇ ਸਾਂ ਤੇ ਮੇਰੇ ਨਾਲ ਰਘਬੀਰ ਸਿੰਘ ਅਤੇ ਸੁਲੇਖਾ ਵੀ ਤਾਂ ਜੁੜੇ ਹੋਏ ਸਨ। ਮੈਂ ਇਹ ਸਮੱਸਿਆ ਦੱਸੀ ਤਾਂ ਮਾਣਕ ਕਹਿੰਦਾ ‘‘ਓ ਛੱਡ ਯਾਰ! ਉਧਰ ਰਾਹ ‘ਚ ਕਿਸੇ ਨੇ ਪੁੱਛ ਲਿਆ ਤਾਂ ਪੰਗਾ ਪਊ, ਏਧਰ ਔਕਾਫ ਵਾਲਿਆਂ ਨੇ ਸਾਡੇ ਨਾਲ ਆਪਣਾ ਬੰਦਾ ਭੇਜਣ ਦਾ ਪ੍ਰਬੰਧ ਕਰ ਦਿੱਤੈ। ਉਹਦੇ ਹੰੁਦਿਆਂ ਬੇਝਿਜਕ ਵਿਚਰਾਂਗੇ। ਤੇ ਰਘਬੀਰ ਹੁਰੀਂ ਆਹ ਮੇਰੇ ਨਾਲ ਹੀ ਖਲੋਤੇ ਨੇ, ਇਨ੍ਹਾਂ ਨਾਲ ਗੱਲ ਕਰ ਲਵੋ।’’
ਮੈਂ ਦਿਲੋਂ ਮਾਣਕ ਦੀ ਗੱਲ ਨਾਲ ਸਹਿਮਤ ਸਾਂ ਤੇ ਰਘਬੀਰ ਸਿੰਘ ਨੂੰ ਤਾਂ ਪਹਿਲਾਂ ਹੀ ਲੰਮੀ ਯਾਤਰਾ ਲਈ ਮੈਂ ਤੇ ਸੁਲੇਖਾ ਨੇ ਮਨਾਇਆ ਸੀ। ਪਰ ਯਾਤਰਾ ਫੀਸ ਅਸੀਂ ਪਹਿਲਾਂ ਹੀ ਰੂਪ ਸਿੰਘ ਰੂਪਾ ਨੂੰ ਜਮ੍ਹਾਂ ਕਰਵਾ ਬੈਠੇ ਸਾਂ। ਰਘਬੀਰ ਸਿੰਘ ਕਹਿਣ ਲੱਗਾ, ‘‘ਰੂਪ ਸਿੰਘ ਰੂਪਾ ਨੂੰ ਪੁੱਛ ਵੇਖ। ਜੇ ਪੈਸੇ ਨਾ ਵੀ ਮੋੜੂ, ਤਾਂ ਵੀ ਕੋਈ ਗੱਲ ਨਹੀਂ।’’
ਨਨਕਾਣੇ ਜਾਣ ਦਾ ਨਿਰਣਾ ਲੈ ਕੇ ਮੈਂ ਜਗਤਾਰ ਨੂੰ ਕਿਹਾ ਕਿ ਹੁਣ ਤਾਂ ਉਹ ਸਾਡੇ ਨਾਲ ਜਾ ਸਕਦਾ ਹੈ। ਸ਼ਾਮ ਨੂੰ ਤਾਂ ਵਾਪਸ ਆ ਹੀ ਜਾਣਾ ਸੀ ਪਰ ਜਗਤਾਰ ਨਹੀਂ ਮੰਨਿਆ।
ਮੈਂ ਆਪਣੇ ਹੀ ਹੋਟਲ ਵਿਚ ਠਹਿਰੇ ਰੂਪ ਸਿੰਘ ਰੂਪਾ ਨੂੰ ਫੋਨ ਕਰਕੇ ਉਨ੍ਹਾਂ ਨਾਲ ਯਾਤਰਾ ‘ਤੇ ਨਾ ਜਾ ਸਕਣ ਦੀ ਅਸਮਰਥਾ ਪ੍ਰਗਟਾਈ, ਰਾਹ ਵਿਚ, ਆਗਿਆ ਤੋਂ ਬਿਨਾਂ ‘ਪੰਗਾ’ ਪੈ ਜਾਣ ਦਾ ਤੌਖ਼ਲਾ ਵੀ ਜਤਾਇਆ ਤੇ ਅੰਤਿਮ ਗੱਲ ਕਹਿ ਦਿੱਤੀ ਕਿ ਜੇ ਪੈਸੇ ਵਾਪਸ ਕਰ ਸਕਦੇ ਹੋ ਤਾਂ ਠੀਕ ਹੈ ਜੇ ਨਹੀਂ ਤਦ ਵੀ ਤੁਹਾਡੀ ਮਰਜ਼ੀ। ਉਸ ਨੇ ਕਿਹਾ ਕਿ ਸਵੇਰੇ ਤੁਰਨ ਤੋਂ ਪਹਿਲਾਂ ਮੈਂ ਉਨ੍ਹਾਂ ਕੋਲੋਂ ਪੈਸੇ ਵਾਪਸ ਲੈ ਸਕਦਾ ਹਾਂ।
ਥਕਾਵੇਂ ਲੰਮੇ ਸਫ਼ਰ ਦਾ ਭਾਰ ਸਿਰੋਂ ਲਹਿ ਜਾਣ ਕਰਕੇ ਤੇ ਨਨਕਾਣੇ ਜਾਣ ਬਾਰੇ ਪੂਰਾ ਮਨ ਬਣਾ ਕੇ ਮੈਂ ਫਿਰ ਜਗਤਾਰ ਨੂੰ ਕਿਹਾ, ‘‘ਬਾਬਿਓ! ਹੁਣ ਚਲੇ ਚੱਲੋ! ਨਨਕਾਣੇ ਦਾ ਸਫ਼ਰ ਤਾਂ ਥਕਾਉਣ ਵਾਲਾ ਨਹੀਂ।’’
‘‘ਨਹੀਂ, ਤੁਸੀਂ ਹੋ ਆਵੋ, ਮੈਂ ਐਥੇ ਕੁਝ ਦੋਸਤਾਂ ਨੂੰ ਮਿਲ-ਮਿਲਾ ਲਵਾਂਗਾ।’’ ਉਸ ਨੇ ਬੇਦਿਲੀ ਨਾਲ ਕਿਹਾ।
ਉਸ ਦਾ ਅਟੱਲ ਫੈਸਲਾ ਸੁਣ ਕੇ ਮੈਂ ਵੀ ਚੁੱਪ ਕਰ ਗਿਆ।
‘‘ਇਹ ਜਿਵੇਂ ਤੇਰੇ ਜੁਗਾੜ ਨੇ ਨਾ ਜਾਣ-ਆਉਣ ਦੇ, ਇੰਜ ਆਪਣੇ ਵੀ ਬਹੁਤ ਨੇ।’’ ਅਚਨਚੇਤ ਉਸ ਨੇ ਕਿਹਾ ਤਾਂ ਮੈਨੂੰ ਹੈਰਾਨੀ ਹੋਈ।
‘‘ਇਹ ਤਾਂ ਆਪਣਾ ਸਾਂਝਾ ਜੁਗਾੜ ਈ ਏ। ਮੇਰਾ ਇਥੇ ਕੌਣ ਜਾਣੂ ਏ। ਤੁਹਾਡਾ ਏਥੇ ਸਾਲਾਂ ਤੋਂ ਆਦਰ-ਮਾਣ ਏਂ। ਤੁਹਾਡੇ ਦੋਸਤ ਮਿੱਤਰ ਨੇ।’’
ਪਰ ਜਗਤਾਰ ਜਾਣ ਲਈ ਤਿਆਰ ਨਹੀਂ ਸੀ।
ਸਵੇਰੇ ਨਹਾ ਧੋ ਕੇ ਮੈਂ ‘ਰੂਪਾ’ ਤੋਂ ਪੈਸੇ ਫੜ ਲਿਆਇਆ ਤੇ ਸੱਤ ਵਜੇ ਤਕ ਫਲੈਟੀਜ਼ ਹੋਟਲ ਪਹੰੁਚ ਗਿਆ। ਇਲਿਆਸ ਘੰੁਮਣ ਘਰੇਲੂ ਰੁਝੇਵਿਆਂ ਤੇ ਪਿਛਲੇ ਦਿਨੀਂ ਵਾਪਰੇ ਦੁੱਖਦਾਈ ਪਰਿਵਾਰਕ ਹਾਦਸੇ ਕਾਰਨ ਸਾਡੇ ਨਾਲ ਨਹੀਂ ਸੀ ਜਾ ਰਿਹਾ ਪਰ ਉਸ ਦੀ ਕਾਰ ਤੇ ਡਰਾਈਵਰ ਹਾਜ਼ਰ ਸਨ। ਉਸ ਦੇ ਘਰ ਠਹਿਰੀ ਬਾਜਵਾ ਦੰਪਤੀ ਵੀ ਸਾਡੇ ਨਾਲ ਜਾ ਰਹੀ ਸੀ। ਦੂਜੀ ਕਾਰ ਰਾਇ ਅਜ਼ੀਜ਼ ਉਲਾ ਖਾਂ ਦੀ ਸੀ। ਅਸੀਂ ਤਿਆਰ ਹੋ ਕੇ ਖੜੋਤੇ ਸਾਂ ਪਰ ‘ਔਕਾਫ਼’ ਵਾਲਾ ਕਰਮਚਾਰੀ ਅਜੇ ਨਹੀਂ ਸੀ ਪੁੱਜਾ ਤੇ ਉਸ ਦੀ ਉਡੀਕ ਹੋ ਰਹੀ ਸੀ। ਰਾਵਲਪਿੰਡੀ ਵਾਲੀ ਬੱਸ ਵੀ ਹੋਟਲ ਦੇ ਅਹਾਤੇ ਵਿਚ ਖੜ੍ਹੋਤੀ ਸਵਾਰੀਆਂ ਉਡੀਕ ਰਹੀ ਸੀ। ਪ੍ਰਿੰਸੀਪਲ ਸਰਵਣ ਸਿੰਘ ਤੇ ਕੁਝ ਹੋਰ ਸਾਥੀ ਵੀ ਨਨਕਾਣੇ ਵਾਸਤੇ ਇਕ ਵੈਨ ਤਿਆਰ ਕੀਤੀ ਖੜੋਤੇ ਸਨ।
‘ਔਕਾਫ਼’ ਦਾ ਕਰਮਚਾਰੀ ਆਇਆ ਤਾਂ ਅਸੀਂ ਕਾਰਾਂ ਵਿਚ ਬੈਠਣ ਦੀ ਕੀਤੀ। ਇਲਿਆਸ ਘੰੁਮਣ ਵਾਲੀ ਕਾਰ ਵਿਚ ‘ਬਾਜਵਾ ਦੰਪਤੀ’ ਦੇ ਨਾਲ ਰਘਬੀਰ ਸਿੰਘ ਤੇ ਸੁਲੇਖਾ ਬੈਠ ਗਏ। ਦੂਜੀ ਕਾਰ ਵਿਚ ਰਾਇ ਅਜ਼ੀਜ਼ ਉਲਾ ਖਾਂ ਆਪ ਹੀ ਡਰਾਈਵਰ ਦੀ ਸੀਟ ਉਤੇ ਬੈਠ ਗਏ ਤਾਂ ਕਿ ਇਕ ਬੰਦੇ ਦੀ ਥਾਂ ਬਚ ਸਕੇ। ਉਸ ਨਾਲ ਪ੍ਰੇਮ ਸਿੰਘ ਐਡਵੋਕੇਟ ਅੱਗੇ ਬੈਠ ਗਿਆ। ਪਿਛਲੀ ਸੀਟ ‘ਤੇ ਸਜਿਓਂ ਖੱਬੇ ਮੈਂ, ਸਤਨਾਮ ਮਾਣਕ ਤੇ ਔਕਾਫ਼ ਦਾ ਕਰਮਚਾਰੀ ਅਨਵਰ ਜਾਵੇਦ ਬੈਠ ਗਏ।
ਕਾਰਾਂ ਫਲੈਟੀਜ਼ ਤੋਂ ਨਿਕਲ ਕੇ ਮਾਲ ਰੋਡ ‘ਤੇ ਤੁਰ ਪਈਆਂ ਤਾਂ ਸਤਿਨਾਮ ਮਾਣਕ ਨੇ ਕਿਹਾ ਕਿ ਕੁਝ ਅਖ਼ਬਾਰਾਂ ਖ਼ਰੀਦ ਲਈਆਂ ਜਾਣ। ਉਸ ਦੀ ਕਾਨਫ਼ਰੰਸ ਦੀਆਂ ਰਿਪੋਰਟਾਂ ਦੇਖਣ ਵਿਚ ਬਹੁਤ ਦਿਲਚਸਪੀ ਸੀ, ਉਂਜ ਵੀ ਉਹ ਭਾਰਤ-ਪਾਕਿ ਸਬੰਧਾਂ ਬਾਰੇ ਬਹੁਤ ‘ਉਤਸ਼ਾਹੀ ਜਿਊੜਾ’ ਹੈ। ਕਾਨਫ਼ਰੰਸ ਦੀ ਸਫਲਤਾ ਨੂੰ ਲੈ ਕੇ ਉਹ ਪੂਰੇ ਜੋਸ਼ ਵਿਚ ਸੀ।
‘‘ਇਕ ਨਵੀਂ ਤਾਰੀਖ਼ ਦੀ ਸ਼ੁਰੂਆਤ ਹੋ ਗਈ ਹੈ’’, ਰਾਇ ਅਜ਼ੀਜ਼-ਉੱਲਾ ਨੇ ਆਖਿਆ ਤਾਂ ਮਾਣਕ ਹੁਲਾਰਿਆ ਗਿਆ।
‘‘ਆਪਾਂ ਰਲ ਕੇ ਨਵਾਂ ਇਤਿਹਾਸ ਸਿਰਜ ਦੇਣਾ ਹੈ’’, ਸਾਰੇ ਜਣੇ ਅਖ਼ਬਾਰਾਂ ਦੇ ਵਰਕੇ ਪਲਟਣ ਲੱਗੇ। ਮੇਰੀ ਅਖ਼ਬਾਰਾਂ ਦੀਆਂ ਖ਼ਬਰਾਂ ਨਾਲੋਂ ਬਾਹਰਲੇ ਸੰਸਾਰ ਵਿਚ ਜ਼ਿਆਦਾ ਰੁਚੀ ਸੀ। ਅਸੀਂ ਲਾਹੌਰੋਂ ਬਾਹਰ ਨਿਕਲ ਰਹੇ ਸਾਂ। ਰਾਵੀ ਆ ਗਈ ਸੀ। ਸੁੱਕੀ ਹੋਈ ਰਾਵੀ! ਵਿਚ ਘਾਹ ਉਗਿਆ ਹੋਇਆ। ਬਚਪਨ ਵਿਚ ਢਾਡੀਆਂ ਤੋਂ ਸੁਣਿਆ ਗੀਤ ਚੇਤੇ ਵਿਚ ਥਰਥਰਾਇਆ:
ਮੁੜ-ਮੁੜ ਕੇ ਯਾਦ ਆਵੇ ਪੱਛਮੀ ਪੰਜਾਬ ਦੀ।
ਅੱਖੀਆਂ ਵਿਚ ਸੂਰਤ ਫਿਰਦੀ ਏ ਰਾਵੀ-ਚਨਾਬ ਦੀ।
ਕਿਤੇ ਰਾਵੀ ਨੇ ਵਿਛੜੇ ਪੁੱਤਰਾਂ ਦੀ ਯਾਦ ਵਿਚ ਰੋ ਰੋ ਕੇ ਹੰਝੂ ਤਾਂ ਨਹੀਂ ਸਨ ਸੁਕਾ ਲਏ! ਉਹਦੀਆਂ ਅੱਖਾਂ ਖ਼ੁਸ਼ਕ ਤਾਂ ਨਹੀਂ ਸਨ ਹੋ ਗਈਆਂ!!
ਇਹ ਤਾਂ ਮੇਰੀ ਭਾਵੁਕਤਾ ਸੀ। ਰਾਵੀ ਤਾਂ ਪਿੱਛੇ ‘ਬੱਝੇ ਬੰਨ੍ਹਾਂ’ ਨੇ ਸੁਕਾ ਦਿੱਤੀ ਸੀ। ਮੇਰੀ ਚੇਤਨਾ ਅਤੀਤ ਤੇ ਵਰਤਮਾਨ ਵਿਚ ਰਲਗਡ ਹੋ ਰਹੀ ਸੀ। ਕਲਪਨਾ ਵਿਚ ਵੇਖਿਆ ਇਹ ਇਲਾਕਾ ਮੈਂ ਯਥਾਰਥ ਦੀਆਂ ਅੱਖਾਂ ਨਾਲ ਵੀ ਘੋਖ ਰਿਹਾ ਸਾਂ। ਕਾਰ ਸ਼ੇਖ਼ੂਪੁਰੇ ਨੂੰ ਜਾਣ ਵਾਲੀ ਸੜਕ ‘ਤੇ ਰਿੜ੍ਹੀ ਜਾ ਰਹੀ ਸੀ। ਸੜਕ ਦੇ ਸਮਾਨੰਤਰ ਇਕ ਹੋਰ ਸੜਕ ਜਾ ਰਹੀ ਸੀ। ਅਸਲ ਵਿਚ ਇਹ ਦੋਵੇਂ ਸੜਕਾਂ ‘ਵਨ’ ਵੇਅ ਸਨ। ਸਾਡੇ ਵਾਲੀ ਸੜਕ ਵਾਹਣਾਂ ਦੇ ਲਾਹੌਰੋਂ ਸ਼ੇਖ਼ੂਪੁਰਾ ਜਾਣ ਵਾਲੀ ਸੀ ਤੇ ਦੂਜੀ ਸ਼ੇਖ਼ੂਪੁਰੇ ਤੋਂ ਲਾਹੌਰ ਆਉਣ ਵਾਲੇ ਵਾਹਣਾਂ ਵਾਸਤੇ। ਦੋਹਾਂ ਸੜਕਾਂ ਦੇ ਵਿਚਕਾਰ ਇਕ ਸੜਕ ਜਿੰਨਾ ਥਾਂ ਕੱਚਾ ਸੀ। ਲੋੜ ਮੁਤਾਬਕ ਇਸ ਕੱਚੇ ਥਾਂ ਨੂੰ ਵੀ ਪੱਕਾ ਕਰਕੇ ਇਹ ਵੱਡੀ ਸ਼ਾਹ-ਰਾਹ ਬਣਾਈ ਜਾ ਸਕਦੀ ਸੀ। ਤਿੰਨੇ ਸੜਕਾਂ ਮਿਲ ਕੇ ਬਹੁਤ ਖੁੱਲ੍ਹੀ ਸੜਕ ਬਣ ਸਕਦੀ ਸੀ। ਮੈਨੂੰ ਇਹ ਵਿਚਕਾਰ ਖ਼ਾਲੀ ਥਾਂ ਛੱਡਣ ਵਾਲੀ ਯੋਜਨਾਬੰਦੀ ਵਧੀਆ ਲੱਗੀ। ਸਾਡੇ ਪਾਸੇ ਜਦੋਂ ਸੜਕਾਂ ਚੌੜੀਆਂ ਕਰਨੀਆਂ ਹੋਣ ਤਾਂ ਆਸੇ-ਪਾਸੇ ਵਾਲੀਆਂ ਦੁਕਾਨਾਂ ਤੇ ਮਕਾਨਾਂ ਦਾ ਪੰਗਾ ਵਿਚ ਖੜ੍ਹਾ ਹੋ ਜਾਂਦਾ ਹੈ। ਭਾਵੇਂ ਇਹ ਦੁਕਾਨਾਂ ਤੇ ਮਕਾਨ ਅਗਲਿਆਂ ਨੇ ਸਰਕਾਰੀ ਥਾਂ ‘ਤੇ ਨਾਜਾਇਜ਼ ਕਬਜ਼ਾ ਕਰਕੇ ਹੀ ਕਿਉਂ ਨਾ ਬਣਾਏ ਹੋਣ। ਏਥੇ ਸੜਕ ਦੀ ਚੌੜਾਈ ਦੀ ਗੁੰਜਾਇਸ਼ ਬਾਹਰਵਾਰ ਰੱਖਣ ਦੀ ਥਾਂ ਅੰਦਰਵਾਰ ਰੱਖੀ ਗਈ ਸੀ ਤੇ ਇਸ ‘ਤੇ ਕਿਸੇ ਪ੍ਰਕਾਰ ਦੇ ਨਾਜਾਇਜ਼ ਕਬਜ਼ੇ ਦੀ ਕੋਈ ਸੰਭਾਵਨਾ ਨਹੀਂ ਸੀ।
ਬੱਸਾਂ, ਟਰੱਕ, ਮੋਟਰ ਸਾਈਕਲ ਤੇ ਸਾਈਕਲ ਸੜਕਾਂ ਉਤੇ ਇਧਰੋਂ-ਉਧਰ ਘੂਕ ਰਹੇ ਸਨ। ਸੜਕਾਂ ਦੀ ਹਾਲਤ ਸਾਡੇ ਪਾਸੇ ਦੀਆਂ ਸੜਕਾਂ ਤੋਂ ਕਿਸੇ ਸੂਰਤ ਵਿਚ ਵੀ ਮਾੜੀ ਨਹੀਂ ਸੀ। ਪਾਕਿਸਤਾਨ ਵਿਚ ਚੱਲਣ ਵਾਲੀਆਂ ਬੱਸਾਂ ਉਤੇ ਬਹੁਤ ਰੰਗ-ਬਰੰਗੇ ਚਿੱਤਰ ਅਤੇ ਮੀਨਾਕਾਰੀ ਕੀਤੀ ਹੁੰਦੀ ਹੈ। ਸਾਡੀਆਂ ਨਜ਼ਰਾਂ ਨੂੰ ਇਹ ਸਜਾਵਟ ਕੁਝ ਅਜੀਬ ਵੀ ਲੱਗਦੀ ਹੈ। ਇਧਰ ਚੱਲਣ ਵਾਲੇ ਟਰੱਕਾਂ ਦੀ ਤਾਂ ਬਣਤਰ ਹੀ ਬੜੀ ਅਜੀਬ ਹੈ। ਇਸ ਦਾ ‘ਟੂਲ-ਬਕਸ’ ਤੋਂ ਅਗਲਾ ਹਿੱਸਾ ਮੱਥੇ ਤੋਂ ਅਗਾਂਹ ਨੂੰ ਇੰਜ ਵਧਾਇਆ ਹੁੰਦਾ ਹੈ ਜਿਵੇਂ ਟੀਪੂ-ਸੁਲਤਾਨ ਦੀ ਪੱਗ ਹੋਏ। ਮੈਂ ਟਰੱਕਾਂ ਦੀ ਅਜਿਹੀ ਅਜੀਬੋ-ਗਰੀਬ ਬਣਤਰ ‘ਤੇ ਟਿੱਪਣੀ ਕੀਤੀ ਤਾਂ ਸਤਿਨਾਮ ਮਾਣਕ ਨੇ ਇਕ ਗੱਲ ਸੁਣਾਈ।
ਇਕ ਵਾਰ ਕਿਸੇ ਵਫ਼ਦ ਨਾਲ ਆਏ ਬਲਵੰਤ ਸਿੰਘ ਰਾਮੂਵਾਲੀਆ ਨੇ ਜਨਰਲ ਜ਼ਿਆ-ਉਲ-ਹੱਕ ਨੂੰ ਇਨ੍ਹਾਂ ਟਰੱਕਾਂ ਬਾਰੇ ਦੱਸਿਆ ਕਿ ਛੱਤ ਵਲੋਂ ਅੱਗੇ ਨੂੰ ਵਧਿਆ ਹੋਣ ਕਰਕੇ ਅਜਿਹੇ ਟਰੱਕਾਂ ਦੇ ਅਗਲੇ ਹਿੱਸੇ ਵਿਚ ਹਵਾ ਰੁਕ ਜਾਣ ਕਾਰਨ ਇੰਜਣ ਦਾ ਜ਼ੋਰ ਜ਼ਿਆਦਾ ਲੱਗਦਾ ਹੈ ਤੇ ਇਸ ਨਾਲ ਸਪੀਡ ‘ਤੇ ਵੀ ਫਰਕ ਪੈਂਦਾ ਹੈ ਤਾਂ ਜ਼ਿਆ-ਉਲ-ਹੱਕ ਨੇ ਹੱਸਦਿਆਂ ਕਿਹਾ ਸੀ, ‘‘ਟਰੱਕਾਂ ਬਾਰੇ ਤੁਹਾਡੇ ਸਰਦਾਰਾਂ ਤੋਂ ਵੱਧ ਹੋਰ ਕੌਣ ਜਾਣੂ ਹੋ ਸਕਦਾ ਹੈ!’’
ਸੜਕਾਂ ਦੇ ਦੋਹੀਂ ਪਾਸੀਂ ਥੋੜ੍ਹੀ-ਥੋੜ੍ਹੀ ਵਿੱਥ ‘ਤੇ ਕਾਰਖ਼ਾਨੇ ਸਨ। ਕੋਈ ਸਟੀਲ ਦਾ, ਕੋਈ ‘ਬੱਬਰ ਸ਼ੇਰ ਯੂਰੀਆ’ ਦਾ, ਕੋਈ ਕੱਪੜੇ ਦਾ। ਚੜ੍ਹਦੇ ਪੰਜਾਬ ਦੀ ਤੁਲਨਾ ਵਿਚ ਸ਼ੇਖ਼ੂਪੁਰਾ ਰੋਡ ਉਤੇ ਬਣੇ ਕਾਰਖ਼ਾਨੇ ਵੇਖਕੇ ਹੈਰਾਨੀ ਹੋਈ। ਮੈਂ ਇਸ ਦਾ ਜ਼ਿਕਰ ਕੀਤਾ ਤਾਂ ਪ੍ਰੇਮ ਸਿੰਘ ਐਡਵੋਕੇਟ ਨੇ ਕਿਹਾ, ‘‘ਵੇਖ ਲੌ ਸੰਧੂ ਸਾਹਿਬ! ਕਹਿੰਦੇ ਪਾਕਿਸਤਾਨ ਨੇ ਤਰੱਕੀ ਨਹੀਂ ਕੀਤੀ…’’
ਉਸ ਦੀ ਗੱਲ ਠੀਕ ਹੀ ਸੀ। ਇੰਡਸਟਰੀ ਦੇ ਪੱਖੋਂ ‘ਸਾਡਾ ਪੰਜਾਬ’ ਉਧਰ ਨਾਲੋਂ ਬਹੁਤ ਪਿੱਛੇ ਨਜ਼ਰ ਆਇਆ।
ਅਨਵਰ ਜਾਵੇਦ ਨੇ ਦੱਸਿਆ, ‘‘ਇਕੱਲੇ ਸ਼ੇਖ਼ੂਪੁਰੇ ਜ਼ਿਲੇ ਵਿਚ ਹੀ ਛੇ ਹਜ਼ਾਰ ਫੈਕਟਰੀ ਹੈ…’’
ਹੋਵੇਗੀ! ਲਾਹੌਰ ਦੇ ਗੁਲਬਰਗ ਤੇ ਮਾਡਲ ਟਾਊਨ ਦੀਆਂ ਅਮੀਰੀਆਂ ਤੇ ਰੌਸ਼ਨੀਆਂ ਵਿਚ ਇਨ੍ਹਾਂ ਫੈਕਟਰੀਆਂ ਦਾ ਪੈਸਾ ਹੀ ਤਾਂ ਬਲ ਤੇ ਚਮਕ ਰਿਹਾ ਸੀ।
ਅਨਵਰ ਜਾਵੇਦ ਸਾਡੇ ਨਾਲ ਰਚ-ਮਿਚ ਗਿਆ ਸੀ। ਉਹ ਨਾਲ ਦੀ ਨਾਲ ਰਾਹ ਵਿਚ ਪੈਂਦੀਆਂ ਫੈਕਟਰੀਆਂ ਬਾਰੇ ਹੀ ਨਹੀਂ, ਹੋਰ ਵੀ ਲੋੜੀਂਦਾ ਭੂਗੋਲਿਕ ਤੇ ਇਤਿਹਾਸਕ ਵੇਰਵਾ ਦੇਈ ਜਾਂਦਾ ਸੀ। ਉਹ ਸਮਝਦਾਰ ਬੰਦਾ ਸੀ। ਉਸ ਨੇ ਇਕ ਦੁੱਧ ਬਣਾਉਣ ਵਾਲੀ ਫੈਕਟਰੀ ਵੱਲ ਇਸ਼ਾਰਾ ਕੀਤਾ। ਮੈਂ ਪੁੱਛਿਆ ਕਿ ਸਾਡੇ ਪਾਸੇ ਦੇ ਬਨਾਵਟੀ ਤੇ ਮਿਲਾਵਟੀ ਦੁੱਧ ਵਾਂਗ ਇਧਰ ਵੀ ਕੁਝ ਇਹੋ ਜਿਹਾ ਵਾਪਰਦਾ ਹੈ ਤਾਂ ਉਸ ਨੇ ਹੱਸ ਕੇ ਕਿਹਾ,’’ਦੋਹੀਂ ਪਾਸੀਂ ਇਕੋ ਜਿਹੇ ਲੋਕ ਈ ਨੇ…’’
ਦੁੱਧ ਵਿਚ ਪਾਣੀ ਦੀ ਮਿਲਾਵਟ ਬਾਰੇ ਮੈਨੂੰ ਇਕ ਲਤੀਫ਼ਾ ਯਾਦ ਆਇਆ, ‘‘ਦੁੱਧ ਜਦੋਂ ਦੋਧੀ ਨੂੰ ਆਪਣੇ ਵੱਲ ਆਉਂਦਿਆਂ ਵੇਖਦਾ ਹੈ ਤਾਂ ਆਪਣੇ ਆਪ ਹੀ ਸ਼ਰਮ ਨਾਲ ‘ਪਾਣੀ-ਪਾਣੀ’ ਹੋ ਜਾਂਦਾ ਹੈ।’’
ਸੜਕਾਂ ‘ਤੇ ਬਣੀਆਂ ਫੈਕਟਰੀਆਂ ਤੋਂ ਪਿੱਛੇ ਨਜ਼ਰ ਮਾਰਦਾ ਸਾਂ ਤਾਂ ਦੂਰ ਦੂਰ ਤਕ ਖੇਤੀ ਨਜ਼ਰ ਨਹੀਂ ਸੀ ਆਉਂਦੀ। ਜਿੱਥੇ ਸੀ ਵੀ ਤਾਂ ਬਹੁਤੀ ਵਧੀਆ ਨਹੀਂ। ਨਿਸਚੇ ਹੀ ਖੇਤੀ ਦੇ ਖੇਤਰ ਵਿਚ ਪਾਕਿਸਤਾਨੀ ਪੰਜਾਬ ਸਾਡੇ ਨਾਲੋਂ ਕਾਫੀ ਪਛੜਿਆ ਹੋਇਆ ਦਿਖਾਈ ਦੇ ਰਿਹਾ ਸੀ। ਮੈਂ ਇਸ ਦਾ ਕਾਰਨ ਰਾਇ ਸਾਹਿਬ ਨੂੰ ਪੁੱਛਿਆ। ਉਨ੍ਹਾਂ ਕੋਲ ਦਸ ਮੁਰੱਬੇ ਜ਼ਮੀਨ ਹੈ ਤੇ ਉਹ ਖ਼ੁਦ ਵੀ ਖੇਤੀ ਕਰਵਾਉਂਦੇ ਹਨ।
‘‘ਸੰਧੂ ਸਾਹਿਬ! ਇਕ ਤਾਂ ਪਾਣੀ ਦਾ ਪੂਰਾ ਬੰਦੋਬਸਤ ਨਹੀਂ। ਦੂਜਾ ਜ਼ਮੀਨਾਂ ‘ਤੇ, ਕਾਸ਼ਤ ਉਤੇ ਸਰਕਾਰ ਨੇ ਟੈਕਸ ਬਹੁਤ ਲਾ ਦਿੱਤੇ ਨੇ। ਇੰਡਸਟਰੀ ਵਾਲਾ ਤਾਂ ਟੈਕਸ ਦਿੰਦਾ ਨਹੀਂ ਤੇ ਕਿਸਾਨ ਵਿਚਾਰੇ ਦਾ ਟੈਕਸ ਦੇਣ ਬਿਨਾਂ ਛੁਟਕਾਰਾ ਨਹੀਂ।’’
ਉਨ੍ਹਾਂ ਦੀ ਗੱਲ ਨੂੰ ਅੱਗੇ ਵਿਸਥਾਰ ਦਿੰਦਿਆਂ ਅਨਵਰ ਜਾਵੇਦ ਨੇ ਦੱਸਿਆ, ‘‘ਇਕ ਤਾਂ ਜ਼ਮੀਨ ਉਤੇ ਮਾਲਕਾਨਾ ਟੈਕਸ ਹੈ ਤੇ ਇਹ ‘ਫੀ ਏਕੜ ਪੰਜਾਹ ਰੁਪਏ’ ਹਰੇਕ ਕਾਸ਼ਤਕਾਰ ਨੂੰ ਦੇਣਾ ਪੈਂਦਾ ਹੈ। ਇਸ ਤੋਂ ਬਿਨਾਂ ਰਕਬੇ ਦੇ ਹਿਸਾਬ ਨਾਲ ਇਨਕਮ ਟੈਕਸ ਮੁਕੱਰਰ ਹੈ। ਦੋ ਮੁਰੱਬੇ ਵਾਲੇ ਕਾਸ਼ਤਕਾਰ ਨੂੰ 400 ਰੁਪਏ, ਇਕ ਮੁਰੱਬੇ ਵਾਲੇ ਨੂੰ ਤਿੰਨ ਸੌ ਰੁਪਏ ਫੀ ਏਕੜ ਇਹ ਟੈਕਸ ਅਦਾ ਕਰਨਾ ਪੈਂਦਾ ਹੈ। ਇਕ ਪੈਲੀ ਤਕ ਵੀ ਇਹ ਟੈਕਸ ਅਦਾ ਕਰਨਾ ਪੈਂਦਾ ਹੈ।’’
ਏਨੀ ਮਾੜੀ ਫਸਲ ਵਿਚੋਂ ਟੈਕਸ ਦੇ ਕੇ ਕਿਸਾਨ ਨੂੰ ਕੀ ਬਚਦਾ ਹੋਵੇਗਾ! ਮੈਂ ਸੋਚ ਹੀ ਰਿਹਾ ਸਾਂ ਕਿ ਅਨਵਰ ਜਾਵੇਦ ਨੇ ਦੱਸਿਆ, ‘‘ਅਜੇ ਤਾਂ ਫਸਲ ਮੁਤਾਬਕ ਇਕ ਵੱਖਰਾ ਟੈਕਸ ਹੈ, ਜਿਸ ਨੂੰ ਮਾਮਲਾ ਵੀ ਆਖ ਸਕਦੇ ਹਾਂ। ਮੁੰਜੀ ਦਾ 150 ਰੁਪਏ, ਕਣਕ ਨੂੰ 125 ਰੁਪਏ ਫੀ ਏਕੜ। ਉਂਜ ਜੇ ਫ਼ਸਲ ਨਾ ਹੋਵੇ ਤਾਂ ਇਹ ਟੈਕਸ ਨਹੀਂ ਲੱਗਦਾ।’’
ਅਸੀਂ ਚੜ੍ਹਦੇ ਪੰਜਾਬ ਵਿਚ ਕਿਸਾਨਾਂ ਦੀ ਮੰਦੀ ਆਰਥਿਕ ਹਾਲਤ, ਖ਼ੁਦਕੁਸ਼ੀਆਂ ਦੇ ਵਧਦੇ ਰੁਝਾਨ ਅਤੇ ਫਸਲਾਂ ਦੀ ਸਰਕਾਰ ਵਲੋਂ ਠੀਕ ਖ਼ਰੀਦ ਨਾ ਹੋਣ ਦੀ ਗੱਲ ਵੀ ਕੀਤੀ ਤਾਂ ਅਨਵਰ ਨੇ ਕਿਹਾ, ‘‘ਇਧਰ ਵੀ ਏਹੀ ਹਾਲਤ ਏ। ਫਸਲ ਦਾ ਖ਼ਰੀਦਦਾਰ ਕੋਈ ਨਹੀਂ। ਸਰਕਾਰ ਖ਼ਰੀਦਦੀ ਨਹੀਂ। ਹੁਣ ਗੌਰਮਿੰਟ ਨੇ ਕਣਕ ਦੀ ਕੀਮਤ ਤਿੰਨ ਸੌ ਰੁਪਏ ਮਣ ਮੁਕਰਰ ਕੀਤੀ ਏ ਪਰ ਮਿੱਲਾਂ ਵਾਲੇ ਢਾਈ ਸੌ ਤੋਂ ਵੱਧ ਨਹੀਂ ਦਿੰਦੇ…’’
ਕਿਤੇ ਕਿਤੇ ਸੜਕ ਦੇ ਕਿਨਾਰੇ ਫ਼ਸਲ ਦਿਖਾਈ ਦੇ ਰਹੀ ਸੀ। ਜਿਥੇ ਜਿਥੇ ਫ਼ਸਲ ਹੁੰਦੀ ਉਥੇ ਮਿੱਟੀ ਦੀਆਂ ਵੱਡੀਆਂ ਵੱਡੀਆਂ ਕਲੀ ਕੀਤੀਆਂ ਬੁਰਜੀਆਂ ਉਤੇ ਉਰਦੂ ਵਿਚ ਕੁਝ ਲਿਖਿਆ ਹੋਇਆ ਸੀ। ਮੈਂ ਚੱਲਦੀ ਕਾਰ ਵਿਚੋਂ ਵੀ ਮੋਟੇ ਅੱਖਰਾਂ ‘ਚ ‘ਗੰਦਮ’ ਲਿਖਿਆ ਪੜ੍ਹਿਆ। ਮੇਰੇ ਖ਼ਿਆਲ ਵਿਚ ਤਾਂ ਇਹ ਮੀਲ-ਪੱਥਰ ਸਨ ਤੇ ਇਨ੍ਹਾਂ ਉਤੇ ਸ਼ੇਖ਼ੂਪੁਰਾ ਦੀ ਦੂਰੀ ਲਿਖੀ ਹੋਵੇਗੀ ਪਰ ਇਹ ‘ਗੰਦਮ’ ਕੀ? ਅਗਲੀ ਬੁਰਜੀ ‘ਤੇ ‘ਗੰਦਮ’ ਦੇ ਹੇਠਾਂ ਯੂਰੀਆ ਲਿਖਿਆ ਪੜ੍ਹਿਆ। ਪੁੱਛਣ ‘ਤੇ ਅਨਵਰ ਨੇ ਦੱਸਿਆ ਕਿ ਇਹ ‘ਮਹਿਕਮਾ ਕਾਸ਼ਤਕਾਰੀ’ ਵਾਲਿਆਂ ਨੇ ਬੁਰਜੀਆਂ ਬਣਾਈਆਂ ਨੇ। ਉਨ੍ਹਾਂ ਵਲੋਂ ਹਰੇਕ ਫ਼ਸਲ ਮੁਤਾਬਕ ਉਸ ਨੂੰ ਕਿੰਨੇ ਪਾਣੀ ਕਿੰਨੇ ਕਿੰਨੇ ਵਕਫੇ ਬਾਅਦ ਲਾਏ ਜਾਣ, ਕਿਹੜੀ ਕਿਹੜੀ ਖਾਦ ਕਦੋਂ ਕਦੋਂ ਕਿੰਨੀ ਕਿੰਨੀ ਪਾਈ ਜਾਵੇ, ਨਦੀਨਾਂ ਨੂੰ ਮਾਰਨ ਲਈ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਵੇ—ਸਭ ਕੁਝ ਲਿਖ ਦਿੱਤਾ ਜਾਂਦਾ ਹੈ। ਕਾਸ਼ਤਕਾਰ ਦੀਆਂ ਨਜ਼ਰਾਂ ਸਾਹਮਣੇ ਹਰ ਵੇਲੇ ਰਹਿਣ ਵਾਲੀਆਂ ਬੁਰਜੀਆਂ ‘ਤੇ ਲਿਖੀਆਂ ਇਹ ਹਦਾਇਤਾਂ ਉਨ੍ਹਾਂ ਦੇ ਬੜਾ ਕੰਮ ਆਉਂਦੀਆਂ ਹਨ। ਕਿਸਾਨਾਂ ਦੀ ਅਗਵਾਈ ਲਈ ਵਰਤਿਆ ਜਾਣ ਵਾਲਾ ਇਹ ਤਰੀਕਾ ਮੈਨੂੰ ਬਹੁਤ ਚੰਗਾ ਲੱਗਾ।
‘‘ਇਕ ਏਕੜ ਪਿੱਛੇ ਜ਼ਿਮੀਂਦਾਰ ਨੂੰ ਕਿੰਨੀ ਕੁ ਬੱਚਤ ਹੋ ਜਾਂਦੀ ਹੈ…?’’
‘‘ਖਰਚੇ ਕੱਢ ਕੇ ਚਾਰ ਪੰਜ ਹਜ਼ਾਰ ਬਚ ਹੀ ਜਾਂਦੇ ਨੇ ਅੱਛੀ ਜ਼ਮੀਨ ਵਿਚੋਂ’’
ਅਸਲ ਵਿਚ ਅਨਵਰ ਸ਼ੇਖੁਪੂਰੇ ਦੇ ਨਜ਼ਦੀਕ ਹੀ ਕਿਸੇ ਪਿੰਡ ਦਾ ਰਹਿਣ ਵਾਲਾ ਸੀ ਤੇ ਕਿਸਾਨੀ ਦੇ ਦੁੱਖਾਂ-ਸੁਖਾਂ ਨਾਲ ਨੇੜਿਓਂ ਸਬੰਧਤ ਜਾਪਦਾ ਸੀ।
‘‘ਹੁਣ ਠੇਕੇ ਵਾਲੇ ਨੂੰ ਤਾਂ ਜ਼ਮੀਨ ਵਾਰਾ ਹੀ ਨਹੀਂ ਖਾਂਦੀ। ਠੇਕਾ ਦੇਵੇ ਤਾਂ ਵਿਚੋਂ ਬਚਾਵੇ ਕੀ। ਡੀਜ਼ਲ ਹੋਰ ਮਹਿੰਗਾ ਹੋ ਗਿਐ।’’
ਅਸਲ ਵਿਚ ਪਾਕਿਸਤਾਨੀ ਪੰਜਾਬ ਵਿਚ ਸਿੰਜਾਈ ਦਾ ਵਧੀਆ ਬੰਦੋਬਸਤ ਨਹੀਂ। ਬਿਜਲੀ ਨਾਲ ਚੱਲਣ ਵਾਲੇ ਟਿਊਬਵੈੱਲ ਦੀ ਥਾਂ ਲੋਕ ਸਿੰਜਾਈ ਲਈ ਪੀਟਰ ਇੰਜਣਾਂ ਦੀ ਵਰਤੋਂ ਕਰਦੇ ਹਨ। ਨਹਿਰੀ ਪਾਣੀ ਲੋੜੀਂਦੀ ਮਾਤਰਾ ਵਿਚ ਪ੍ਰਾਪਤ ਨਹੀਂ। ਪਾਕਿਸਤਾਨ ਵਿਚ ਬਿਜਲੀ ਸਰਪਲੱਸ ਹੈ ਪਰ ਉਹਦਾ ਖੇਤੀ ਲਈ ਉਪਯੋਗ ਨਾਂਮਾਤਰ ਹੀ ਕੀਤਾ ਜਾਂਦਾ ਹੈ।
‘‘ਹਕੀਕਤ ਤਾਂ ਇਹ ਹੈ ਕਿ ਛੋਟਾ ਕਿਸਾਨ ਬੁਰੀ ਤਰ੍ਹਾਂ ਪਿਸ ਰਿਹੈ…’’ ਅਨਵਰ ਨੇ ਤੋੜਾ ਝਾੜਿਆ।
‘‘ਮੁਆਫ਼ ਕਰਨਾ! ਗੁੱਸਾ ਨਾ ਕਰਨਾ।’’ ਸਾਡੀਆਂ ਗੱਲਾਂ ਸੁਣ ਰਹੇ ਪ੍ਰੇਮ ਸਿੰਘ ਨੇ ਕਿਹਾ, ‘‘ਇਧਰ ਮਾੜੀ ਕਾਸ਼ਤ ਦਾ ਇਕ ਵੱਡਾ ਕਾਰਨ ਇਹ ਹੈ ਕਿ ਇਧਰ ਉਨ੍ਹਾਂ ਲੋਕਾਂ ਨੂੰ ਜ਼ਮੀਨ ਮਿਲੀ ਜਿਹੜੇ ਗ਼ੈਰ-ਕਾਸ਼ਤਕਾਰ ਸਨ। ਉਨ੍ਹਾਂ ਕੋਲ ਵਾਹੀ-ਖੇਤੀ ਦਾ ਤਜਰਬਾ ਕੋਈ ਨਹੀਂ ਸੀ। ਨਹੀਂ ਤਾਂ ਵੰਡ ਤੋਂ ਪਹਿਲਾਂ ਇਹੋ ਜ਼ਮੀਨਾਂ ਸੋਨਾ ਉਗਲਦੀਆਂ ਸਨ।’’
ਪ੍ਰੇਮ ਸਿੰਘ ਦੀ ਗੱਲ ਨੂੰ ਅੱਗੇ ਵਧਾਉਣਾ ਮੁਨਾਸਿਬ ਨਹੀਂ ਸੀ। ਰਾਇ ਸਾਹਿਬ ਤੇ ਅਨਵਰ ਨੇ ਇਸ ਦਾ ਕੋਈ ਹੁੰਗਾਰਾ ਨਹੀਂ ਸੀ ਭਰਿਆ। ਉਨ੍ਹਾਂ ਦੀ ਇਸ ਬਾਰੇ ਰਾਇ ਮੁਖ਼ਤਲਿਫ਼ ਹੋ ਸਕਦੀ ਸੀ। ਦਾਨਸ਼ਵਰ ਲੋਕ ਪਿਛਲੇ ਸਮੇਂ ਤੋਂ ਭਾਵੇਂ ਸਾਂਝ ਦੇ ਟੁੱਟੇ ਹੋਏ ਸੂਤਰ ਲੱਭ ਕੇ ਉਨ੍ਹਾਂ ਨੂੰ ਜੋੜਨ ਦੀ ਕੋਸ਼ਿਸ਼ ਵਿਚ ਸਨ ਤੇ ਦੋਹਾਂ ਪੰਜਾਬਾਂ ਨੂੰ ਇਕ-ਦੂਜੇ ਦੇ ਚਿਹਰੇ ‘ਚੋਂ ਆਪਣੇ ਹੀ ਨਕਸ਼ ਪਛਾਨਣ ਦੀ ਆਦਤ ਪਾ ਰਹੇ ਸਨ ਪਰ ਦੂਜੇ ਪਾਸੇ ਇਹ ਵੀ ਇਕ ਕੌੜੀ ਹਕੀਕਤ ਸੀ ਕਿ ਇਕ-ਦੂਜੇ ਪ੍ਰਤੀ ਸਾਲਾਂ ਤੋਂ ਕੀਤੇ ਜਾਂਦੇ ਪ੍ਰਚਾਰ ਦਾ ਅਚੇਤ ਅਸਰ ਸਾਡੀ ਸੋਚਣੀ ਦਾ ਅੰਗ ਬਣ ਗਿਆ ਸੀ। ਅਸੀਂ ਕਈ ਮੁੱਦਿਆਂ ‘ਤੇ ਉਪਰੋਕਤ ਸਾਂਝੀ ਰਾਇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ ਪਰ ਕੁਝ ਹੋਰ ਮੁੱਦੇ ਨਾਲ ਦੀ ਨਾਲ ਸਾਨੂੰ ਸਾਡੇ ਵਿਰੋਧੀ ਪੈਂਤੜੇ ਦਾ ਅਹਿਸਾਸ ਵੀ ਕਰਵਾਉਂਦੇ ਰਹਿੰਦੇ ਹਨ। ਇਸ ਵਿਰੋਧੀ ਪੈਂਤੜੇ ਨੂੰ ਤਾਂ ਮੁਹੰਮਦ ਅਲੀ ਜਿਨਾਹ ਨੇ ਪਾਕਿਸਤਾਨ ਦੀ ਮੰਗ ਕਰਦਿਆਂ ਦੋ ਕੌਮੀ ਸਿਧਾਂਤ ਦੇ ਨਜ਼ਰੀਏ ਤੋਂ ਬੜੇ ਸਪਸ਼ਟ ਰੂਪ ਵਿਚ ਪੇਸ਼ ਕੀਤਾ ਸੀ। ਉਸ ਅਨੁਸਾਰ : ‘‘ਹਿੰਦੂ ਅਤੇ ਮੁਸਲਮਾਨ ਦੋ ਵੱਖ ਵੱਖ ਧਾਰਮਿਕ ਫ਼ਲਸਫ਼ੇ ਹਨ ਜਿਨ੍ਹਾਂ ਦੇ ਅਲੱਗ ਸਮਾਜਿਕ ਰਸਮੋ-ਰਿਵਾਜ ਤੇ ਆਪਣਾ ਅਲੱਗ ਸਾਹਿਤ ਹੈ। ਨਾ ਤਾਂ ਇਹ ਇਕ ਦੂਜੇ ਨਾਲ ਵਿਆਹ-ਸ਼ਾਦੀ ਕਰਦੇ ਹਨ ਤੇ ਨਾ ਹੀ ਇੱਕਠੇ ਖਾਂਦੇ ਹਨ। ਨਿਰਸੰਦੇਹ ਇਹ ਦੋਵੇਂ ਧਰਮ ਵੱਖੋ-ਵੱਖਰੀਆਂ ਸਭਿਆਤਾਵਾਂ ਨਾਲ ਸਬੰਧਤ ਹਨ ਜਿਹੜੀਆਂ ਮੁੱਖ ਤੌਰ ‘ਤੇ ਵਿਰੋਧੀ ਵਿਚਾਰਾਂ ਅਤੇ ਸੰਕਲਪਾਂ ‘ਤੇ ਆਧਾਰਿਤ ਹਨ। ਜ਼ਿੰਦਗੀ ਬਾਰੇ ਉਨ੍ਹਾਂ ਦੇ ਸੰਕਲਪ ਇਕ ਦੂਜੇ ਤੋਂ ਭਿੰਨ ਹਨ। ਇਹ ਬੜੀ ਸਾਫ ਗੱਲ ਹੈ ਕਿ ਹਿੰਦੂ ਅਤੇ ਮੁਸਲਮਾਨ ਵੱਖੋ-ਵੱਖਰੀਆਂ ਘਟਨਾਵਾਂ ਅਤੇ ਨਾਇਕਾਂ ਤੋਂ ਪ੍ਰੇਰਨਾ ਲੈਂਦੇ ਹਨ। ਆਮ ਤੌਰ ‘ਤੇ ਇਕ ਧਿਰ ਦਾ ਨਾਇਕ ਦੂਜੇ ਦਾ ਦੁਸ਼ਮਣ ਹੁੰਦਾ ਹੈ ਅਤੇ ਇਕ ਧਿਰ ਦੀ ਇਤਿਹਾਸ ਵਿਚ ਪ੍ਰਾਪਤ ਕੀਤੀ ਜਿੱਤ ਦੂਜੇ ਦੀ ਹਾਰ ਹੁੰਦੀ ਹੈ।’’
ਹੁਣ ਪੇ੍ਰਮ ਸਿੰਘ ਐਡਵੋਕੇਟ ਦੀ ਗੱਲ ਦਾ ਵੀ ਇਕ ਆਪਣਾ ਤਰਕ ਸੀ ਕਿ ਜਿਨ੍ਹਾਂ ਲੋਕਾਂ ਨੂੰ ਖੇਤੀ ਕਰਨ ਦੀ ਸਾਰ ਨਹੀਂ ਸੀ ਉਨ੍ਹਾਂ ਨੂੰ ਜ਼ਮੀਨਾਂ ਮਿਲ ਗਈਆਂ ਦੂਜੇ ਪਾਸੇ ਨਜ਼ਾਮਦੀਨ ਵਾਲਾ ਤਰਕ ਸੀ ਕਿ ਸਾਂਝੇ ਮੁਲਕ ਵਿਚ ਤਾਂ ਉਨ੍ਹਾਂ ਕੋਲ ‘ਕੁਝ ਵੀ ਨਹੀਂ ਸੀ’। ਇਹ ਪਾਕਿਸਤਾਨ ਦੀ ਹੋਂਦ ਸਦਕਾ ਹੀ ਸੰਭਵ ਹੋਇਆ ਕਿ ਬੇਜ਼ਮੀਨੇ ਵੀ ਜ਼ਮੀਨਾਂ ਵਾਲੇ ਬਣ ਗਏ।
ਅਜਿਹੇ ਟਕਰਾਉਂਦੇ ਸਵਾਲ-ਜਵਾਬ ਤੋਂ ਅਸੀਂ ਬਚ ਕੇ ਉਪਰੋਂ ਉਪਰੋਂ ਸਦਭਾਵਨਾ ਬਣਾਈ ਰੱਖਣਾ ਲੋੜਦੇ ਹਾਂ ਪਰ ਮੁਹੰਮਦ ਅਲੀ ਜਿਨਾਹ ਦੀ ਗੱਲ ਵਿਚਲਾ ਤਰਕ ਵੀ ਅੱਖੋਂ ਪਰੋਖੇ ਨਹੀਂ ਹੁੰਦਾ ਕਿ ਇਤਿਹਾਸ ਦੀ ਇਕ ਧਿਰ ਦੇ ਨਾਇਕ ਦੂਜੀ ਧਿਰ ਦੇ ਦੁਸ਼ਮਣ ਤੇ ਇਕ ਧਿਰ ਦੀ ਹਾਰ ਦੂਜੀ ਧਿਰ ਦੀ ਜਿੱਤ ਨਜ਼ਰ ਆਉਂਦੀ ਹੈ। ਔਰੰਗਜ਼ੇਬ ਸਿੱਖਾਂ ਲਈ ਖ਼ਲਨਾਇਕ ਹੈ ਪਰ ਮੁਸਲਮਾਨਾਂ ਲਈ ‘ਇਸਲਾਮ ਦਾ ਮੁਦਈ ਤੇ ਵੱਡਾ ਪ੍ਰਚਾਰਕ’। ਅਜਿਹੇ ਟਕਰਾਉਂਦੇ ਵਿਚਾਰਾਂ ਵਿਚ ਉਲਝਣ ਨਾਲੋਂ ਚੁੱਪ ਵੱਟ ਲੈਣੀ ਚੰਗੀ ਹੁੰਦੀ ਹੈ। ਅਸੀਂ ਵੀ ਕੁਝ ਚਿਰ ਲਈ ਚੁੱਪ ਕਰ ਗਏ ਤੇ ਬਾਹਰ ਦਾ ਨਜ਼ਾਰਾ ਵੇਖਣ ਲੱਗੇ।
ਰਾਇ ਅਜ਼ੀਜ਼-ਉਲ੍ਹਾ ਕਾਰ ਦੀ ਕਿੱਲੀ ਨੱਪੀ ਜਾ ਰਿਹਾ ਸੀ।

Last modified on Tuesday, 30 November 1999 00:00

2 comments

  • Comment Link folcklord Tuesday, 20 July 2010 02:01 posted by folcklord

    71375I ztuugxmbmxez, [url=http://vxaenleatalt.com/]vxaenleatalt[/url], [link=http://ypidrnfraxjk.com/]ypidrnfraxjk[/link], http://qjsepihucvev.com/

    This e-mail address is being protected from spambots. You need JavaScript enabled to view it
  • Comment Link kuleshs Wednesday, 14 July 2010 09:43 posted by kuleshs

    RNEyQG phgeejzvwzce, [url=http://nsogcoqqvwiu.com/]nsogcoqqvwiu[/url], [link=http://amqvgsuzvqyq.com/]amqvgsuzvqyq[/link], http://mckcbhqonwoc.com/

    This e-mail address is being protected from spambots. You need JavaScript enabled to view it