ਲੇਖ਼ਕ

Sunday, 06 May 2018 22:06

ਚਾਨਣ ਸੂਰਜ ਦਾ

Written by
Rate this item
(0 votes)

ਮੈਂ ਪਹਿਲੀ ਵਾਰ ਕੈਨੇਡਾ ਦੇ ਸ਼ਹਿਰ ਟੋਰਾਂਟੋ ਗਿਆ ਤਾਂ ਮੇਰੀ ਮੁਲਾਕਾਤ ਕਿਰਪਾਲ ਸਿੰਘ ਪੰਨੂੰ ਹੋਰਾਂ ਨਾਲ਼ ਹੋਈ। ਇਹਨਾਂ ਦਾ ਨਾਂ ਮੇਰੇ ਲਈ ਕੋਈ ਨਵਾਂ ਨਹੀਂ ਸੀ। ਇਹ ਨਾਂ ਮੈਂ ਲਾਹੌਰ ਵਿੱਚ ਕਈ ਵਾਰ ਸੁਣ ਚੁੱਕਾ ਸੀ। ਜਦੋਂ ਵੀ ਗੁਰਮੁਖੀ ਲਿੱਪੀ ਨੂੰ ਸ਼ਾਹਮੁਖੀ ਜਾਂ ਸ਼ਹਮੁਖੀ ਨੂੰ ਗੁਰਮੁਖੀ ਲਿੱਪੀ ਵਿੱਚ ਬਦਲਣ ਲਈ ਕਿਸੇ ਕੰਪਿਊਟਰ ਪਰੋਗਰਾਮ ਦੀ ਲੋੜ ਦਾ ਜ਼ਿਕਰ ਆਉਂਦਾ ਤਾਂ ਏਸ ਮੁਸ਼ਕਲ ਦਾ ਹੱਲ ਪੇਸ਼ ਕਰਨ ਵਾਲਿਆਂ ਵਿੱਚੋਂ ਕਿਰਪਾਲ ਸਿੰਘ ਪੰਨੂੰ ਹੋਰਾਂ ਦਾ ਨਾਂ ਸਭ ਤੋਂ ਉੱਤੇ ਹੁੰਦਾ। ਪਤਾ ਚੱਲਿਆ ਸੀ ਕਿ ਪੰਨੂੰ ਹੋਰਾਂ ਏਸ ਜ਼ਰੂਰੀ ਮਸਲੇ ਨੂੰ ਬੜੇ ਸੋਹਣੇ ਤੇ ਮਾਹਰਾਨਾ ਤਰੀਕੇ ਨਾਲ਼ ਹੱਲ ਕਰ ਦਿੱਤਾ ਏ। ਉਹਨਾਂ ਇਹਨਾਂ ਦੋਨਾਂ ਲਿੱਪੀਆਂ ਨੂੰ ਇੱਕ ਦੂਜੀ ਵਿੱਚ ਕਨਵਰਟ ਕਰਨ ਦਾ ਬੜਾ ਕਾਰਗਰ ਪਰੋਗਰਾਮ ਬਣਾਇਆ ਏ।

ਮੈਂ ਟੋਰਾਂਟੋ ਆਇਆ ਤਾਂ ਮੈਨੂੰ ਬਿਲਕੁਲ ਪਤਾ ਨਹੀਂ ਸੀ ਕਿ ਕਿਰਪਾਲ ਸਿੰਘ ਪੰਨੂੰ ਹੋਰੀਂ ਵੀ ਏਸੇ ਸ਼ਹਿਰ ਦੇ ਵਸਨੀਕ ਨੇ। ਉਹਨਾਂ ਨਾਲ਼ ਮੇਰੀ ਹੋਈ ਪਹਿਲੀ ਮੁਲਾਕਾਤ ਦੀ ਕਹਾਣੀ ਕੁੱਝ ਇਸ ਤਰ੍ਹਾਂ ਏ। ਏਥੇ ਦੇ ਇੱਕ ਲਿਖਾਰੀ ਬਲਵਿੰਦਰ ਸੈਣੀ ਦੂਜੇ ਮੁਲਕਾਂ ਤੋਂ ਆਵਣ ਵਾਲ਼ੇ ਲਿਖਾਰੀਆਂ ਦੇ ਇੰਟਰਵਿਊ ‘ਸਾਡੇ ਮਹਿਮਾਨ’ ਦੇ ਸਿਰਨਾਵੇਂ ਹੇਠ ਗੁਰਮੁਖੀ ਲਿੱਪੀ ਵਿੱਚ ਛਪਣ ਵਾਲ਼ੇ ਅਖ਼ਬਾਰ ‘ਵਤਨ’ ਵਿੱਚ ਛਾਪਦੇ ਰਹਿੰਦੇ ਸਨ। ਗੁਰਦਿਆਲ ਕੰਵਲ ਹੋਰਾਂ ਦੇ ਘਰ ਇੱਕ ਸਮਾਗਮ ਵਿੱਚ ਜੇਹੜਾ ਮੇਰੇ ਕੈਨੇਡਾ ਆਉਣ ਦੇ ਸਨਮਾਨ ਵਜੋਂ ਕੀਤਾ ਜਾ ਰਿਹਾ ਸੀ ਮੇਰੀ ਮੁਲਾਕਾਤ ਉਹਨਾਂ ਨਾਲ਼ ਹੋਈ ਤਾਂ ਉਨ੍ਹਾਂ ਨੇ ‘ਵਤਨ’ ਵਿੱਚ ਮੇਰਾ ਵੀ ਇੰਟਰਵਿਊ ਛਾਪ ਦਿੱਤਾ। ਮੈਂ ਅਖ਼ਬਾਰ ਵਿੱਚ ਛਪਿਆ ਇੰਟਰਵਿਊ ਪੜ੍ਹ ਲਿਆ ਸੀ ਪਰ ਤਿੰਨ ਚਾਰ ਦਿਨ ਬਾਅਦ ਜਦੋਂ ਬਲਵਿੰਦਰ ਸੈਣੀ ਹੋਰਾਂ ਨਾਲ ਮੇਰੀ ਫਿਰ ਮੁਲਾਕਾਤ ਹੋਈ ਤਾਂ ਉਹਨਾਂ ਮੇਰਾ ਉਹੀ ਇੰਟਰਵਿਊ ‘ਸਾਡੇ ਮਹਿਮਾਨ’ ਉਰਦੂ ਲਿੱਪੀ ਵਿੱਚ ਬਦਲਿਆ ਹੋਇਆ ਮੈਨੂੰ ਦਿੱਤਾ। ਮੈਂ ਉਹ ਇੰਟਰਵਿਊ ਪੜ੍ਹਿਆ ਤਾਂ ਉਹਦੇ ਵਿੱਚ ਸ਼ਬਦਜੋੜਾਂ ਦੀਆਂ ਕੁੱਝ ਗ਼ਲਤੀਆਂ ਨਜ਼ਰ ਆਈਆਂ। ਮੈਂ ਇੱਥੇ ਸਾਰੀਆਂ ਤਾਂ ਨਹੀਂ ਲਿਖ ਸਕਦਾ ਸਿਰਫ ਇੱਕ ਦੀ ਮਿਸ਼ਾਲ ਦਿੰਨਾਂ। ਮੇਰੇ ਨਾਂ ਦੀ ਇਮਲਾ ਈ ‘ਆਸ਼ਿਕ’ (ਐਨ, ਅਲਫ, ਸ਼ੀਨ ਅਤੇ ਕ਼ਾਫ ਕੈੰਚੀ ਵਾਲ਼ਾ) ਤੇ ‘ਰਹੀਲ’ (ਰੇ, ਹੇ ਹਾਕਮ ਵਾਲ਼ੀ, ਛੋਟੀ ਯੇ ਅਤੇ ਲਾਮ) ਦੀ ਥਾਂ ‘ਆਸ਼ਿਕ’ (ਅਲਫ਼, ਅਲਮੱਦਾ, ਸ਼ੀਨ ਅਤੇ ਕਾਫ ਕਰਮ ਵਾਲ਼ਾ) ਤੇ ‘ਰਹੀਲ’ (ਰੇ, ਹੇ ਗੋਲ਼, ਛੋਟੀ ਯੇ ਅਤੇ ਲਾਮ) ਵਜੋਂ ਲਿਖੀ ਹੋਈ ਸੀ। ਮੈਂ ਇਹੋ ਜੇਹੀਆਂ ਗ਼ਲਤੀਆਂ ਸੈਣੀ ਹੋਰਾਂ ਨੂੰ ਦਿਖਾਈਆਂ ਤਾਂ ਉਹਨਾਂ ਆਖਿਆ ਮੈਨੂੰ ਤਾਂ ਸ਼ਾਹਮੁਖੀ ਲਿੱਪੀ ਪੜ੍ਹਨੀ ਨਹੀਂ ਆਉਂਦੀ। ਇਹ ਲਿੱਪੀ ਉਤਾਰਾ ਏਥੇ ਦੇ ਮਸ਼ਹੂਰ ਤੇ ਮਾਹਿਰ ਇਨਸਾਨ ਕਿਰਪਾਲ ਸਿੰਘ ਪੰਨੂੰ ਹੋਰਾਂ ਅਪਣੇ ਕੰਪਿਊਟਰ ਪਰੋਗਰਾਮ ਦੇ ਜ਼ਰੀਏ ਕੀਤਾ ਏ। ਤੁਸੀਂ ਉਹਨਾਂ ਨਾਲ਼ ਗੱਲ ਕਰ ਲੈਣਾ। ਮੈਂ ਉਹਨਾਂ ਦਾ ਫੋਨ ਨੰਬਰ ਤੁਹਾਨੂੰ ਦੇ ਦਿੰਨਾ । ਪੰਨੂੰ ਹੋਰਾਂ ਦਾ ਨਾਂ ਸੁਣ ਕੇ ਮੈਨੂੰ ਅੰਤਾਂ ਦੀ ਖ਼ੁਸ਼ੀ ਹੋਈ। ਇੰਜ ਲੱਗਾ ਗਵਾਚੀ ਹੋਈ ਬਹੁਤ ਹੀ ਕੀਮਤੀ ਸ਼ੈਅ ਅਚਨਚੇਤੀ ਮਿਲ਼ ਗਈ ਹੋਵੇ। ਮੈਂ ਸੈਣੀ ਕੋਲ਼ੋਂ ਪੰਨੂੰ ਹੋਰਾਂ ਦੇ ਫੋਨ ਦਾ ਨੰਬਰ ਲਿਆ ਤੇ ਘਰ ਆ ਗਿਆ। ਉਸ ਵੇਲ਼ੇ ਰਾਤ ਦੇ ਗਿਆਰਾਂ ਵੱਜੇ ਸਨ। ਏਸ ਲਈ ਏਨੀ ਰਾਤ ਗਏ ਮੈਂ ਉਹਨਾਂ ਨੂੰ ਫੋਨ ਕਰਨ ਮੁਨਾਸਿਬ ਨਾ ਸਮਝਿਆ।

ਦੂਜੀ ਫਜਰੇ ਮੈਂ ਉਨ੍ਹਾਂ ਨੂੰ ਫੋਨ ਕੀਤਾ। ਅਪਣਾ ਨਾਂ ਦੱਸਿਆ ਤੇ ਨਾਲ਼ ਈ ਬਲਵਿੰਦਰ ਸੈਣੀ ਹੋਰਾਂ ਦੇ ਕੀਤੇ ਹੋਏ ਅਪਣੇ ਇੰਟਰਵਿਊ ਦੀ ਗੱਲ ਕੀਤੀ। ਉਹਨਾਂ ਜਵਾਬ ਦਿੱਤਾ ਤਾਂ ਉਹਨਾਂ ਦੀ ਆਵਾਜ਼ ਵਿੱਚ ਬੜੀ ਈ ਮਿਠਾਸ ਤੇ ਗੱਲ ਬਾਤ ਦਾ ਅੰਦਾਜ਼ ਬੜਾ ਸੂਝਵਾਨਾ ਸੀ। ਉਹਨਾਂ ਆਪਣੇ ਲਿੱਪੀ ਉਤਾਰੇ ਬਾਰੇ ਮੇਰੇ ਇਤਰਾਜ਼ ਸੁਣੇ ਤਾਂ ਗ਼ੁੱਸੇ ਹੋਣ ਦੀ ਥਾਂ ਬੜੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਤੇ ਆਖਿਆ, “ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੀਆਂ ਗ਼ਲਤੀਆਂ ਬਾਰੇ ਦੱਸਿਆ। ਮੈਂ ਕਿਸੇ ਸ਼ਾਹਮੁਖੀ ਜਾਨਣ ਵਾਲ਼ੇ ਨਾਲ਼ ਮਿਲਣਾ ਚਾਹੁੰਦਾ ਸਾਂ। ਤੁਸੀਂ ਮੇਰੇ ਘਰ ਆਓ। ਮੈਨੂੰ ਆਪਣੇ ਵਿਹਲੇ ਟਾਈਮ ਬਾਰੇ ਦੱਸੋ। ਮੈਂ ਖੁਦ ਆ ਕੇ ਲੈ ਜਾਵਾਂਗਾ। ਫੇਰ ਇਤਮੀਨਾਨ ਨਾਲ਼ ਬੈਠ ਕੇ ‘ਲਿੱਪੀ ਅੰਤਰ’ ਬਾਰੇ ਗੱਲ ਬਾਤ ਕਰਾਂਗੇ”। ਅੰਨ੍ਹਾ ਕੀ ਚਾਹੇ ਦੋ ਅੱਖਾਂ? ਖੂਹ ਚੱਲ ਕੇ ਤਿਰਹਾਏ ਕੋਲ਼ ਆ ਰਿਹਾ ਸੀ। ਏਨੀ ਮਸ਼ਹੂਰ ਸ਼ਖ਼ਸੀਅਤ ਨਾਲ਼ ਮਿਲਣ ਦਾ ਮੌਕਾ ਮਿਲ ਰਿਹਾ ਸੀ। ਮੈਂ ਫੌਰਨ ਹਾਂ ਕਰ ਦਿੱਤੀ ਤੇ ਉਹਨਾਂ ਨਾਲ਼ ਵੇਲ਼ਾ ਅਤੇ ਥਾਂ ਮਿਥ ਲਿਆ, ਜਿੱਥੇ ਆ ਕੇ ਉਹਨਾਂ ਮੈਨੂੰ ਅਪਣੇ ਘਰ ਲੈ ਕੇ ਜਾਣਾ ਸੀ।

ਕਿਰਪਾਲ ਸਿੰਘ ਪੰਨੂੰ ਹੋਰਾਂ ਟੋਰਾਂਟੋ ਦੇ ਨਾਲ਼ ਲਗਦੇ ਸ਼ਹਿਰ ਬਰੈੰਪਟਨ ਤੋਂ ਆਉਣਾ ਸੀ ਤੇ ਮੈਂ ਇੱਕ ਹੋਰ ਅਜੇਹੇ ਈ ਸ਼ਹਿਰ ਮਿਸੀਸਾਗਾ ਵਿੱਚ ਆਪਣੇ ਪੁੱਤਰ ਦੇ ਘਰ ਰਹਿ ਰਿਹਾ ਸੀ। ਪੁੱਤਰ ਦਾ ਦਫਤਰ ਟੋਰਾਂਟੋ ਦੀ ਏਅਰਪੋਰਟ ਦੇ ਨੇੜੇ ਸੀ ਜਿੱਥੋਂ ਬਰੈੰਪਟਨ ਦਾ ਫਾਸਲਾ ਘਟ ਜਾਂਦਾ ਸੀ। ਮੈਂ ਮਿਥੀ ਹੋਈ ਥਾਂ ਆ ਕੇ ਪੰਨੂੰ ਹੋਰਾਂ ਨੂੰ ਫੋਨ ਕਰ ਦਿੱਤਾ ਤੇ ਖੁਦ ਉਹਨਾਂ ਦੀ ਉਡੀਕ ਵਿੱਚ ਖਲੋ ਕੇ ਜ਼ਿਹਨ ਵਿੱਚ ਉਹਨਾਂ ਦੀਆਂ ਤਸਵੀਰਾਂ ਬਨਾਉਣ ਲੱਗ ਪਿਆ। ਮੈਨੂੰ ਇੰਜ ਲੱਗਿਆ ਜਿਵੇਂ ਉਹਨਾਂ ਦੀ ਉਡੀਕ ਵਿੱਚ ਮੈਂ ਸਦੀਆਂ ਤੋਂ ਖੜ੍ਹਾ ਹੋਵਾਂ। ਅਚਾਨਕ ਮੇਰੇ ਕੋਲ ਇੱਕ ਵੱਡੀ ਸਾਰੀ ਕਾਰ ਆ ਰੁਕੀ ਜਿਹਨੂੰ ਇੱਕ ਜਵਾਨ ਲੜਕੀ ਚਲਾ ਰਹੀ ਸੀ ਤੇ ਉਹਦੇ ਨਾਲ਼ ਇੱਕ ਪੁਰਵਕ਼ਾਰ ਸ਼ਖ਼ਸੀਅਤ ਬੈਠੀ ਸੀ ਜਿਸ ਦੇ ਚਿਹਰੇ ਤੇ ਖੇੜਾ ਅਤੇ ਬੁੱਲ੍ਹੀਆਂ ’ਤੇ ਨਿੰਮੀਂ-ਨਿੰਮੀਂ ਮੁਸਕਾਨ ਸੀ। ਉਹਨਾਂ ਗੱਡੀ ਤੋਂ ਉਤਰਦਿਆਂ ਈ ਮੈਨੂੰ ਆਪਣੀਆਂ ਬਾਹਵਾਂ ਵਿੱਚ ਲੈ ਲਿਆ। ਉਹਨਾਂ ਦੇ ਅੰਗ-ਅੰਗ ਤੋਂ ਅਪਣਾਇਤ ਜ਼ਾਹਰ ਹੋ ਰਹੀ ਸੀ। ਉਹ ਮੈਨੂੰ ਆਪਣੀ ਕਾਰ ਦੀ ਪਿਛਲੀ ਸੀਟ ਤੇ ਬੈਠਾ ਕੇ ਖੁਦ ਵੀ ਮੇਰੇ ਨਾਲ਼ ਈ ਬੈਠ ਗਏ ਤੇ ਗੱਡੀ ਚਲਾਉਣ ਵਾਲ਼ੀ ਲੜਕੀ ਨਾਲ਼ ਮੇਰਾ ਤੁਆਰਫ ਕਰਾਇਆ ਜਿਹੜੀ ਉਹਨਾਂ ਦੀ ਧੀ ਸੀ। ਘਰ ਅਪੜਨ ਤਾਈਂ ਮੈਂ ਪੰਨੂੰ ਹੋਰਾਂ ਦੀ ਮਿਕਨਾਤੀਸੀ ਸ਼ਖ਼ਸੀਅਤ ਤੋਂ ਬਹੁਤ ਮੁਤਾਸਰ ਹੋ ਚੁੱਕਾ ਸੀ।

ਉਹ ਮਿਲਾਪੜੀ ਤ਼ਬੀਅਤ ਰੱਖਣ ਵਾਲ਼ੇ ਬੜੇ ਸੋਹਣੇ ਸੁਨੱਖੇ ਇਨਸਾਨ ਸਨ। ਅਧਖੜ ਉਮਰ ਵਿੱਚ ਵੀ ਉਹਨਾਂ ਵਿੱਚ ਨੌਜਵਾਨਾਂ ਵਾਲ਼ਾ ਨਰੋਆਪਨ ਸੀ। ਰੱਖ ਰਖਾ ਵਾਲੀਆਂ ਆਦਤਾਂ ਤੋਂ ਬਹੁਤ ਦੂਰ ਅਤੇ ਸਿਰ ਤੋਂ ਪੈਰਾਂ ਤਾਈਂ ਆਪਣੇ ਈ ਆਪਣੇ ਜਾਪਦੇ ਸਨ। ਮੈਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਉਹ ਮੇਰੇ ਵਰ੍ਹਿਆਂ ਦੇ ਜਾਣੂੰ ਹੋਣ। ਇਹ ਜ਼ਿਲ੍ਹਾ ਲੁਧਿਆਣਾ ਤੇ ਮੈਂ ਜ਼ਿਲ੍ਹਾ ਜਲੰਧਰ ਵਿੱਚ ਜੰਮਿਆ, ਜਿਨ੍ਹਾਂ ਦੀਆਂ ਸਰਹੱਦਾਂ ਮਿਲ਼ੀਆਂ ਹੋਈਆਂ ਨੇ। ਅੱਜ ਸਾਡੇ ਦਿਲ ਵੀ ਇੰਜ ਈ ਮਿਲ ਗਏ। ਘਰ ਅੱਪੜੇ ਤਾਂ ਦੇਖਿਆ ਕਿ ਉਹਨਾਂ ਚਾਅ ਦੇ ਨਾਲ਼ ਮੇਰੇ ਲਈ ਕਈ ਕ਼ਿਸਮ ਦੇ ਖ਼ੁਸ਼ਕ ਮੇਵੇ ਤੇ ਵੰਨ ਸਵੰਨੀਆਂ ਮਠਿਆਈਆਂ ਸਜਾਈਆਂ ਹੋਈਆਂ ਸਨ। ਮੇਰੀ ਹੱਦ ਤੋਂ ਵੱਧ ਸੇਵਾ ਕਰਨ ਤੋਂ ਬਾਅਦ ਉਹ ਮੈਨੂੰ ਅਪਣੇ ਘਰ ਦੀ ਬੇਸਮੈੰਟ ਵਿੱਚ ਲੈ ਗਏ ਜੇਹੜੀ ਉਹਨਾਂ ਦੀ ‘ਲੈਬਾਰਟਰੀ’ ਜਾਪਦੀ ਸੀ। ਇਹਦੇ ਵਿੱਚ ਕੰਪਿਊਟਰ, ਮਾਨੀਟਰ ਆਦਿ ਤੋਂ ਇਲਾਵਾ ਕੰਪਿਊਟਰ ਪਰੋਗਰਾਮਿੰਗ ਅਤੇ ਹੋਰ ਕਈ ਕਿਸਮ ਦਿਆਂ ਕਿਤਾਬਾਂ ਨਾਲ਼ ਭਰੀਆਂ ਅਲਮਾਰੀਆਂ ਤੇ ਵਰਜਸ਼ ਕਰਨ ਵਾਲ਼ੀ ਇੱਕ ‘ਟਰੇਡਮਿਲ’ ਮਸ਼ੀਨ ਵੀ ਖੜ੍ਹੀ ਸੀ। ਜੇਹਦੇ ਤੋਂ ਅੰਦਾਜ਼ਾ ਹੁੰਦਾ ਸੀ ਕਿ ਪੰਨੂੰ ਹੋਰੀਂ ਦਿਮਾਗ਼ ਤੇ ਜਿਸਮ ਦਾ ਇੱਕੋ ਜੇਹਾ ਖ਼ਿਆਲ ਰਖਦੇ ਨੇ। ਬਾਅਦ ਵਿੱਚ ਉਹਨਾਂ ਇਹ ਵੀ ਦੱਸਿਆ ਕਿ ਉਹ ਸਿਰਫ ਲਿਖਾਰੀ ਈ ਨਹੀਂ ਖਿਡਾਰੀ ਵੀ ਰਹੇ ਨੇ। ਕਬੱਡੀ ਅਤੇ ਹਾਕੀ ਉਹਨਾਂ ਦੇ ਮਨ ਪਸੰਦ ਖੇਲ ਸਨ।

ਪੰਨੂੰ ਹੋਰੀ ਕੰਪਿਊਟਰ ਆਨ ਕਰ ਕੇ ਬੈਠ ਗਏ ਤੇ ਮੇਰੀਆਂ ਦੱਸੀਆਂ ਇਮਲਾ ਦੀਆਂ ਗ਼ਲਤੀਆਂ ਦੂਰ ਕਰਨ ਬਾਰੇ ਗ਼ੌਰ ਕਰਨ ਲੱਗੇ। ਮੈਂ ਅੰਦਰ ਈ ਅੰਦਰ ਪਰੇਸ਼ਾਨ ਹੋ ਰਿਹਾ ਸੀ ਕਿਓਂ ਜੋ ਮੈਂ ਕੰਪਿਊਟਰ ਬਾਰੇ ਕੁੱਝ ਵੀ ਨਹੀਂ ਜਾਣਦਾ ਸੀ ਤੇ ਇਹਦੇ ਏਡੇ ਵੱਡੇ ਮਾਹਿਰ ਮੇਰੇ ਨਾਲ਼ ਸਲਾਹ ਮਸ਼ਵਰਿਆਂ ਵਿੱਚ ਰੁਝੇ ਹੋਏ ਸਨ। ਪੰਨੂੰ ਹੋਰੀਂ ਬਹੁਤ ਜ਼ਹੀਨ ਤੇ ਮਿਹਨਤੀ ਇਨਸਾਨ ਨੇ। ਉਹ ਧੁਨ ਦੇ ਪੱਕੇ ਤੇ ਜਿਸ ਕੰਮ ਕਰਨ ਦਾ ਇਰਾਦਾ ਕਰ ਲੈਣ ਉਹਨੂੰ ਤੋੜ ਤਾਈਂ ਅਪੜਾ ਕੇ ਛੱਡਦੇ ਨੇ। ਉਹ ਸਭ ਤੋਂ ਪਹਿਲਾਂ ‘ਆਸ਼ਿਕ ਰਹੀਲ’ ਦੀ ਗ਼ਲਤ ਇਮਲਾ ਨੂੰ ਠੀਕ ਕਰਨ ਵਿੱਚ ਖੁਭ ਗਏ। ਏਸ ਦੌਰਾਨ ਫੋਨ ਵੀ ਆਉਂਦੇ ਰਹੇ ਜਿਨ੍ਹਾਂ ਤੋਂ ਅੰਦਾਜ਼ਾ ਹੁੰਦਾ ਸੀ ਕਿ ਏਸ ਮੁਲਕ ਵਿੱਚ ਉਨ੍ਹਾਂ ਨੂੰ ਚਾਹੁਣ ਵਾਲ਼ੇ ਬਹੁਤ ਮੌਜੂਦ ਨੇ। ਉਹ ਹਰ ਕਾਲ ਦਾ ਜਵਾਬ ਵੀ ਦਿੰਦੇ ਰਹੇ। ਉਹਨਾਂ ਦੀ ਤਬੀਅਤ ਵਿੱਚ ਬੜੀ ਨਿਮਰਤਾ ਅਤੇ ਠਹਿਰਾਅ ਸੀ। ਵਰਨਾ ਮਸਰੂਫ ਇਨਸਾਨ ਦੇ ਕੰਮ ਵਿੱਚ ਰੁਕਾਵਟ ਪੈਦਾ ਹੋਵੇ ਤਾਂ ਉਹ ਚਿੜਚਿੜਾ ਹੋ ਜਾਂਦਾ ਏ। ਪਰ ਉਹ ਬੜੇ ਇਤਮੀਨਾਨ ਨਾਲ਼ ਆਪਣਾ ਕੰਮ ਕਰਦੇ ਰਹੇ। ਉਹ ਸ਼ਾਹਮੁਖੀ ਵੀ ਜਾਣਦੇ ਨੇ ਤੇ ਉਹਨਾਂ ਆਪਣੀ ਅਲਮਾਰੀ ਵਿੱਚੋਂ ਸ਼ਾਹਮੁਖੀ ਦੀ ਇੱਕ ਕਿਤਾਬ ਲਈ ਤੇ ਉਹਨਾਂ ਖੋਹਲ ਕੇ ‘ਐਨ’ ਤੇ ‘ਗ਼ੈਨ’ ਵਾਲ਼ੇ ਅੱਖਰ ਦੇਖੇ। ਕੁੱਝ ਸੋਚਿਆ ਤੇ ਫੇਰ ਕੰਪਿਊਟਰ ਦੀਆਂ ਕੀਆਂ ਤੇ ਉਂਗਲ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੇਰੇ ਦੇਖਦਿਆਂ-ਦੇਖਦਿਆਂ ਉਹਨਾਂ ਏਸ ਮੁਸ਼ਕਲ ਦਾ ਹੱਲ ਲੱਭ ਲਿਆ।

ਫੇਰ ਉਹਨਾਂ ਨਾਲ਼ ਮੇਰੀਆਂ ਕਈ ਮੁਲਾਕਾਤਾਂ ਹੋਈਆਂ। ਮੈਂ ਤੇ ਮੇਰੇ ਬਾਲ ਬੱਚੇ ਉਹਨਾਂ ਦੇ ਪਰਿਵਾਰ ਨਾਲ਼ ਘੁਲ਼ ਮਿਲ਼ ਗਏ। ਸਾਰਾ ਰੱਖ ਰਖਾ ਮੁੱਕ ਗਿਆ, ਬੇਤਕੱਲਫੀ ਸ਼ੁਰੂ ਹੋ ਗਈ। ਉਹ ਜਦ ਵੀ ਮਿਲ਼ਦੇ ਖਿੜੇ ਮੱਥੇ ਮਿਲ਼ਦੇ। ਉਹਨਾਂ ਦੀ ਸ਼ਖ਼ਸੀਅਤ ਦੀਆਂ ਕਈ ਪਰਤਾਂ ਨੇਂ। ਉਹ ਕਬੱਡੀ ਤੇ ਹਾਕੀ ਦੇ ਕਾਮਿਆਬ ਖਿਡਾਰੀ ਵੀ ਰਹੇ। ਪੁਲਸ ਦੀ ਮੁਲਾਜ਼ਮਤ ਵੀ ਕੀਤੀ ਤੇ ਆਰਮੀ (ਬਾਰਡਰ ਸਕਿਉਰਿਟੀ ਫੋਰਸ) ਦੇ ਅਹਿਮ ਅਹੁਦੇ ’ਤੇ ਵੀ ਰਹੇ। ਇਹਨਾਂ ਅਹੁਦਿਆਂ ਦੀ ਵਜਾਹ ਤੋਂ ਉਹਨਾਂ ਵਿੱਚ ਅਫਸਰੀ ਦੀ ਹਉਂ ਪੈਦਾ ਹੋ ਜਾਣੀ ਕੁਦਰਤੀ ਸੀ, ਆਕੜ ਤੇ ਫੂੰ ਆ ਜਾਣੀ ਚਾਹੀਦੀ ਸੀ ਤੇ ਹੁਣ ਤਾਂ ਕੰਪਿਊਟਰ ਪਰੋਗਰਾਮਰ ਦੇ ਤੌਰ ’ਤੇ ਉਹਨਾਂ ਨੂੰ ਦੁਨੀਆਂ ਜਾਣਦੀ ਏ। ਅਦਬੀ ਸੰਸਥਾਵਾਂ ਦੀ ਉਹ ਜਿੰਦ ਜਾਨ ਨੇ ਪਰ ਏਨੀ ਸ਼ੁਹਰਤ ਰਖਦਿਆਂ ਵੀ ਇਨਸਾਨੀਅਤ ਉਹਨਾਂ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਏ। ਉਹਨਾਂ ਦੇ ਬੂਹੇ ਯਾਰਾਂ ਅਤੇ ਅਦਬੀ ਪਿਆਰਿਆਂ ਲਈ ਖੁੱਲੇ ਰਹਿੰਦੇ ਨੇ। ਉਹ ਸਹਿਤਕਾਰਾਂ ਦੀ ਘਰ ਵਿੱਚ ਤੇ ਘਰੋਂ ਬਾਹਰ ਵੀ ਸੇਵਾ ਕਰਦੇ ਰਹਿੰਦੇ ਨੇ। ਇੱਕ ਵਾਰੀ ਮੈਂ ਆਪਣੇ ਪਰਿਵਾਰ ਨਾਲ਼ ਉਹਨਾਂ ਦੇ ਘਰ ਗਿਆ ਤਾਂ ਬੇਸਮੈੰਟ ਵਿੱਚ ਟੋਰਾਂਟੋ ਦੇ ਸਾਰੇ ਵੱਡੇ-ਵੱਡੇ ਕਹਾਣੀਕਾਰ ਇਕੱਠੇ ਹੋਏ-ਹੋਏ ਸਨ। ਜਿਨ੍ਹਾਂ ਵਿੱਚ ਮੇਰੇ ਦੋਸਤ ਵਰਿਆਮ ਸਿੰਘ ਸੰਧੂ, ਜਰਨੈਲ ਸਿੰਘ ਕਹਾਣੀਕਾਰ, ਪ੍ਰਿੰ. ਸਰਵਣ ਸਿੰਘ, ਸੁਦਾਗਰ ਸਿੰਘ ਬਰਾੜ, ਜਰਨੈਲ ਸਿੰਘ ਗਰਚਾ, ਬਲਬੀਰ ਕੌਰ ਸੰਘੇੜਾ, ਰਛਪਾਲ ਕੌਰ, ਅਰਵਿੰਦਰ ਕੌਰ ਮਠਾਰੂ, ਮਿਨੀ ਗਰੇਵਾਲ, ਡਾ. ਸੁਜਾਨ ਕੌਰ, ਡਾ. ਗੁਰਮੀਤ ਸਿੰਘ, ਇੰਜਨੀਅਰ ਸੁਜਾਤਾ ਅਤੇ ਹੋਰ ਬਹੁਤ ਸਾਰੇ ਸਨ। ਇਹਨਾਂ ਸਾਰਿਆਂ ਲਈ ਪੰਨੂੰ ਹੋਰਾਂ ਖਾਣ ਪੀਣ ਦਾ ਬੜਾ ਸੋਹਣਾ ਬੰਦੋਬਸਤ ਕੀਤਾ ਹੋਇਆ ਸੀ। ਏਸੇ ਤਰ੍ਹਾਂ ਮੈਂ ਇੱਕ ਵਾਰ ਸਾਹਿਤਕ ਸੰਸਥਾ ‘ਕਲਮਾਂ ਦਾ ਕਾਫਲਾ’ ਵਿੱਚ ਗਿਆ ਤਾਂ ਓਥੇ ਵੀ ਉਸ ਦਿਨ ਚਾਹ ਪਾਣੀ ਦਾ ਬੰਦੋਬਸਤ ਉਹਨਾਂ ਅਪਣੇ ਜ਼ਿੰਮੇ ਲਿਆ ਹੋਇਆ ਸੀ।

ਕਿਰਪਾਲ ਸਿੰਘ ਪੰਨੂੰ ਹੋਰੀਂ ਆਪਣੇ ਉੱਚੇ-ਸੁੱਚੇ ਅਤੇ ਏਨੀਆਂ ਖ਼ੂਬੀਆਂ ਦੇ ਮਾਲਿਕ ਇਨਸਾਨ ਹਨ ਕਿ ਮੇਰੀ ਨਿਰਮਾਣ ਕਲਮ ਇਹਨਾਂ ਨੂੰ ਬਿਆਨ ਕਰਨ ਦੀ ਤਾਕਤ ਨਹੀਂ ਰੱਖਦੀ। ਮੁਕਦੀ ਗੱਲ ਇਹ ਹੈ ਕਿ ਸੂਰਜ ਨੂੰ ਸੂਰਜ ਕਹਿ ਦੇਣਾ ਈ ਕਾਫੀ ਏ, ਇਹਦੇ ਚਾਨਣ ਦਾ ਸ਼ਬੂਤ ਪੇਸ਼ ਕਰਨ ਦੀ ਲੋੜ ਨਹੀਂ।

Read 4197 times Last modified on Monday, 07 May 2018 13:52