You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਪੰਜਾਬੀ ਲਈ ਕਿਰਪਾਲ ਸਿੰਘ ਪੰਨੂੰ ਦੀ ਦੇਣ

ਲੇਖ਼ਕ

Sunday, 06 May 2018 22:05

ਪੰਜਾਬੀ ਲਈ ਕਿਰਪਾਲ ਸਿੰਘ ਪੰਨੂੰ ਦੀ ਦੇਣ

Written by
Rate this item
(0 votes)

ਕਿਰਪਾਲ ਸਿੰਘ ਪੰਨੂੰ ਹੋਰਾਂ ਦੀ ਪ੍ਰਾਪਤੀ ਨੂੰ ਇਕ ਸੰਦਰਭ ਵਿਚ ਹੀ ਸਮਝਿਆ ਜਾ ਸਕਦਾ ਹੈ।

ਉਹ ਬੀ ਐਸ ਐਫ ਵਿਚੋਂ ਰਿਟਾਇਰ ਹੋਏ ਹਨ ਅਤੇ ਰਿਟਾਇਰ ਹੋਣ ਤੋਂ ਬਾਅਦ ਆਪਣਾ ਰਹਿੰਦਾ ਵਕਤ ਗੁਜ਼ਾਰਨ ਲਈ ਕੈਨੇਡਾ ਵਿਚ ਆਪਣੇ ਲੜਕੇ ਕੋਲ ਆ ਗਏ। ਇਸ ਵਕਤ ਤੱਕ ਉਨ੍ਹਾਂ ਲਈ ਕੰਪਿਊਟਰ ਉਸੇ ਤਰ੍ਹਾਂ ਇਕ ਓਪਰੀ ਅਤੇ ਡਰਾਉਣੀ ਸ਼ੈਅ ਸੀ, ਜਿਸ ਤਰ੍ਹਾਂ ਉਨ੍ਹਾਂ ਦੀ ਪੀੜ੍ਹੀ ਦੇ ਬਾਕੀ ਲੋਕਾਂ ਲਈ ਹੁੰਦਾ ਹੈ। ਉਦੋਂ ਤੱਕ ਉਨ੍ਹਾਂ ਨੇ ਸ਼ਾਇਦ ਕਦੇ ਕੰਪਿਊਟਰ ਦੇ ਕੀਅ-ਬੋਰਡ ਨੂੰ ਵੀ ਨਾ ਛੂਹਿਆ ਹੋਵੇ।

ਕੈਨੇਡਾ ਆਉਣ ਤੋਂ ਬਾਅਦ ਅਚਾਨਕ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਤਬਦੀਲੀ ਆਉਂਦੀ ਹੈ। ਆਪਣਾ ਵਕਤ ਲੰਘਾਉਣ ਲਈ ਉਨ੍ਹਾਂ ਨੇ ਮਾੜਾ ਮੋਟਾ ਕੰਪਿਊਟਰ ਸਿੱਖਣਾ ਸ਼ੁਰੂ ਕਰ ਦਿਤਾ। ਇਹ ਉਨ੍ਹਾਂ ਸਾਲਾਂ ਦੀ ਗੱਲ ਹੈ, ਜਦੋਂ ਅਜੇ ਕੰਪਿਊਟਰ ’ਤੇ ਪੰਜਾਬੀ ਵਿਚ ਟਾਈਪ ਕਰਨਾ ਕੋਈ ਦੂਰ ਦੀ ਗੱਲ ਲੱਗਦੀ ਸੀ। ਪੱਛਮੀ ਮੁਲਕਾਂ ਵਿਚ ਕੁੱਝ ਲੋਕਾਂ ਨੇ ਆਪਣੇ ਨਿੱਜੀ ਉਦਮ ਸਦਕਾ ਕੰਪਿਊਟਰ ਤੇ ਪੰਜਾਬੀ ਵਿਚ ਟਾਈਪ ਕਰਨ ਜੋਗੇ ਫੌਂਟ ਤਿਆਰ ਕੀਤੇ ਸਨ। ਕੈਲੀਫੋਰਨੀਆ ਵਿਚ ਰਹਿੰਦੇ ਡਾ ਕੁਲਬੀਰ ਸਿੰਘ ਥਿੰਦ ਆਪਣੇ ਤੌਰ ’ਤੇ ਇਸ ਪਾਸੇ ਲੱਗੇ ਹੋਏ ਸਨ। ਪੰਨੂੰ ਹੋਰੀਂ ਆਪਣੇ ਬੇਟੇ ਦੀ ਮਦਦ ਨਾਲ ਕੰਪਿਊਟਰ ਨਾਲ ਛੇੜਖਾਨੀ ਕਰਨ ਲੱਗੇ ਅਤੇ ਅੱਜ ਪੰਨੂੰ ਸਾਹਬ ਨੇ ਜੋ ਕੁੱਝ ਵੀ ਕੀਤਾ ਹੈ, ਉਸ ਦੀ ਸ਼ੁਰੂਆਤ ਇਸ ਛੇੜਖਾਨੀ ਤੋਂ ਹੀ ਹੋਈ।

ਜੇ ਕਿਰਪਾਲ ਸਿੰਘ ਪੰਨੂੰ ਕੋਈ ਸੌਫਟਵੇਅਰ ਇੰਜਨੀਅਰ ਹੁੰਦੇ ਜਾਂ ਕਿਸੇ ਆਈ ਟੀ ਅਦਾਰੇ ਵਿਚ ਰਿਸਰਚ ਸਕੌਲਰ ਵਜੋਂ ਕੰਮ ਕਰਦੇ ਹੁੰਦੇ ਤਾਂ ਉਨਾਂ ਦੀਆਂ ਪ੍ਰਾਪਤੀਆਂ ਨੂੰ ਇੱਕ ਵੱਖਰੇ ਜ਼ਾਵੀਏ ਤੋਂ ਆਂਕਿਆ ਜਾਣਾ ਸੀ। ਪਰ ਉਨਾਂ ਦੀ ਕਹਾਣੀ ਕੁੱਝ ਵੱਖਰੀ ਅਤੇ ਬੇਹੱਦ ਰੌਚਕ ਹੈ।

ਆਉਣ ਵਾਲੇ ਸਮੇਂ ਵਿਚ ਅਸੀਂ ਜਦੋਂ ਵੀ ਕਦੇ ਪੰਜਾਬੀ ਭਾਸ਼ਾ ਦੇ ਕੰਪਿਊਟਰਾਈਜੇਸ਼ਨ  ਦਾ ਇਤਿਹਾਸ ਲਿਖਾਂਗੇ ਤਾਂ ਇਸ ਦੇ ਮੋਢੀਆਂ ਵਿਚ ਕਿਰਪਾਲ ਸਿੰਘ ਪੰਨੂੰ ਦਾ ਨਾਂ ਪ੍ਰਮੁਖਤਾ ਨਾਲ ਲਿਆ ਜਾਵੇਗਾ, ਭਾਵੇਂ ਕਿ ਉਨ੍ਹਾਂ ਦੀ ਕੰਪਿਊਟਰ ਨਾਲ ਆਪਣੀ ਵਾਕਫੀ ਜ਼ਿੰਦਗੀ ਦੇ ਢਲਦੇ ਪੱਖ ਵਿਚ ਜਾ ਕੇ ਹੋਈ। ਡਾ. ਕੁਲਬੀਰ ਸਿੰਘ ਥਿੰਦ ਅਤੇ ਕਿਰਪਾਲ ਸਿੰਘ ਜਿਹੇ ਸਿਦਕੀ ਲੋਕਾਂ ਨੂੰ ਇਹ ਸਿਹਰਾ ਇਸ ਕਰਕੇ ਵੀ ਜਾਏਗਾ, ਕਿਉਂਕਿ ਇਹ ਕੰਮ ਉਨ੍ਹਾਂ ਅਦਾਰਿਆਂ ਨੇ ਨਹੀਂ ਕੀਤਾ, ਜਿਹਨਾਂ ਦੀ ਅਸਲ ਵਿਚ ਇਹ ਜ਼ਿੰਮੇਵਾਰੀ ਸੀ। ਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਦਾ ਭਾਸ਼ਾ ਵਿਭਾਗ, ਸ਼੍ਰੋਮਣੀ ਕਮੇਟੀ ਜਾਂ ਪੰਜਾਬ ਸਰਕਾਰ ਦੇ ਹੋਰ ਅਦਾਰਿਆਂ ਨੇ ਇਹ ਕੰਮ ਕੀਤਾ ਹੁੰਦਾ ਜਾਂ ਸਮੇਂ ਸਿਰ ਕੀਤਾ ਹੁੰਦਾ ਤਾਂ ਸ਼ਾਇਦ ਇਹ ਥਿੰਦ ਸਾਹਬ ਜਾਂ ਪੰਨੂੰ ਸਾਹਬ ਜਿਹੇ ਲੋਕਾਂ ਦੇ ਹਿੱਸੇ ਨਾ ਆਉਂਦਾ। ਇਨ੍ਹਾਂ ਸਿਰੜੀ ਲੋਕਾਂ ਨੇ ਉਹ ਕੰਮ ਛੁਹਿਆ, ਜਿਹੜਾ ਅਸਲ ਵਿਚ ਇਨ੍ਹਾਂ ਵੱਡੇ ਵੱਡੇ ਅਦਾਰਿਆਂ ਦੇ ਕਰਨ ਦਾ ਸੀ।

ਅੱਜ ਪੰਜਾਬੀ ਸੌਫਟਵੇਅਰਾਂ ਦਾ ਨਿਰਮਾਣ ਕਾਫੀ ਵਿਕਸਤ ਸਟੇਜ ’ਤੇ ਪਹੁੰਚ ਗਿਆ ਹੈ। ਬਹੁਤ ਸਾਰੇ ਅਦਾਰੇ ਜਾਂ ਵਿਅਕਤੀ ਇਸ ਪਾਸੇ ਲੱਗੇ ਹਨ ਅਤੇ ਸੰਭਵ ਹੈ ਕਿ ਕੁੱਝ ਸਾਲਾਂ ਵਿਚ ਸਾਨੂੰ ਪੰਨੂੰ ਸਾਹਬ ਜਿਹੇ ਲੋਕਾਂ ਦੇ ਯੋਗਦਾਨ ਦੀ ਅਹਿਮੀਅਤ ਮਹਿਸੂਸ ਹੋਣੋਂ ਹਟ ਜਾਵੇ। ਜਿਨ੍ਹਾਂ ਲੋਕਾਂ ਨੇ ਕਲਮ ਦੀ ਕਾਢ ਕੱਢੀ, ਉਹ ਉਸ ਵਕਤ ਉਨਾਂ ਦੀ ਬਹੁਤ ਵੱਡੀ ਦੇਣ ਸੀ। ਪਰ ਅੱਜ ਜਦੋਂ ਤਰ੍ਹਾਂ ਤਰ੍ਹਾਂ ਦੇ ਪੈੱਨ ਬਣ ਗਏ ਹਨ ਤਾਂ ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਮਹਿਸੂਸ ਨਾ ਹੁੰਦਾ ਹੋਵੇ ਕਿ ਕਲਮ ਆਪਣੇ ਆਪ ਵਿਚ ਕਿੰਨੀ ਵੱਡੀ ਕਾਢ ਸੀ? ਇਸੇ ਨਜ਼ਰੀਏ ਨਾਲ ਕਿਰਪਾਲ ਸਿੰਘ ਪੰਨੂੰ ਹੋਰਾਂ ਦੀ ਦੇਣ ਨੂੰ ਸਮਝਣ ਅਤੇ ਦਰਜ ਕਰਨ ਦੀ ਲੋੜ ਹੈ।

ਮੇਰੀ ਸਮਝ ਮੁਤਾਬਕ ਚਾਰ ਮੁੱਖ ਖੇਤਰ ਹਨ, ਜਿਨ੍ਹਾਂ ਵਿਚ ਪੰਨੂੰ ਹੋਰਾਂ ਦੀ ਦੇਣ ਬਹੁਤ ਅਹਿਮ ਅਤੇ ਵੱਡੀ ਹੈ। ਪੰਜਾਬੀ ਦੇ ਮੁਢਲੇ ਫੌਂਟ ਨੱਬੇਵਿਆਂ ਦੇ ਮੁਢਲੇ ਦੌਰ ਵਿਚ ਬਣਨੇ ਸ਼ੁਰੂ ਹੋ ਗਏ ਸਨ ਅਤੇ ਵੱਖ ਵੱਖ ਲੋਕਾਂ ਨੇ ਆਪੋ ਆਪਣੇ ਹਿਸਾਬ ਨਾਲ ਅਜਿਹੇ ਕੁੱਝ ਫੌਂਟ ਬਣਾਏ ਹੋਏ ਸਨ। ਪਰ ਇਨਾਂ ਫੌਂਟਾਂ ਵਿਚ ਕਈ ਤਰ੍ਹਾਂ ਦੀਆਂ ਕਮੀਆਂ ਸਨ। ਕਿਰਪਾਲ ਸਿੰਘ ਪੰਨੂੰ ਹੋਰਾਂ ਨੇ ਡੀਆਰਚਾਤਰਿਕ ਫੌਂਟ ਬਣਾਇਆ। ਇਸ ਫੌਂਟ ਬਾਰੇ ਦੋ ਗੱਲਾਂ ਅਹਿਮ ਸਨ। ਇਕ ਤਾਂ ਇਹ ਪਹਿਲਾ ਅਜਿਹਾ ਪੰਜਾਬੀ ਫੌਂਟ ਸੀ, ਜਿਹੜਾ ਇੰਟਰਨੈਟ ’ਤੇ ਸਹੀ ਤਰੀਕੇ ਨਾਲ ਚੱਲਦਾ ਸੀ। ਜੇ ਇਸ ਨੂੰ ਪਹਿਲਾ ਵੈੱਬ ਕੰਪੈਟੀਬਲ ਪੰਜਾਬੀ ਫੌਂਟ ਕਹਿ ਲਿਆ ਜਾਵੇ ਤਾਂ ਇਹ ਗੱਲ ਗਲਤ ਨਹੀਂ ਹੋਵੇਗੀ। ਦੂਸਰਾ ਇਸ ਫੌਂਟ ਨੂੰ ਪੰਨੂੰ ਹੋਰਾਂ ਨੇ ਜਿਸ ਕੀਅ-ਬੋਰਡ ’ਤੇ ਅਧਾਰਤ ਕੀਤਾ, ਉਹ ਵੀ ਪੰਜਾਬੀ ਦੀ ਵਰਤੋਂ ਦੀਆਂ ਲੋੜਾਂ ਦੇ ਵੱਧ ਅਨੁਕੂਲ ਸੀ। ਉਨ੍ਹਾਂ ਦੇ ਇਸ ਫੌਂਟ ਨੇ ਕੰਪਿਊਟਰ ਅਤੇ ਇੰਟਰਨੈਟ ’ਤੇ ਪੰਜਾਬੀ ਦੀ ਵਰਤੋਂ ਨੂੰ ਪਹਿਲਾਂ ਦੇ ਮੁਕਾਬਲੇ ਬਹੁਤ ਸੌਖਾ ਕਰ ਦਿੱਤਾ। ਤੀਸਰਾ ਪਹਿਲੂ ਪੰਜਾਬੀ ਫੌਂਟਾਂ ਦੇ ਕਨਵਰਜ਼ਨ ਦਾ ਸੀ। ਸਾਰੇ ਹੀ ਫੌਂਟ ਕਿਉਂਕਿ ਵੱਖ ਵੱਖ ਵਿਅਕਤੀਆਂ ਨੇ ਆਪੋ ਆਪਣੇ ਪੱਧਰ ’ਤੇ ਤਿਆਰ ਕੀਤੇ ਸਨ, ਇਸ ਕਰਕੇ ਹਰ ਫੌਂਟ ਦਾ ਕੀਅ-ਬੋਰਡ ਵੱਖਰਾ ਸੀ। ਜਿਹੜਾ ਵਿਅਕਤੀ ਜਿਸ ਫੌਂਟ ’ਤੇ ਕੰਮ ਕਰਦਾ ਸੀ, ਉਹ ਉਸ ਤੋਂ ਬਿਨਾਂ ਕਿਸੇ ਫੌਂਟ ’ਤੇ ਕੰਮ ਨਹੀਂ ਸੀ ਕਰ ਸਕਦਾ। ਪਬਲਿਸ਼ਿੰਗ ਦੇ ਖੇਤਰ ਵਿਚ ਪੰਜਾਬੀ ਦੀ ਵਰਤੋਂ ਦੇ ਮਾਮਲੇ ਵਿਚ ਇਹ ਬਹੁਤ ਵੱਡੀ ਅੜਚਣ ਬਣੀ ਹੋਈ ਸੀ। ਇਸੇ ਲੋੜ ਵਿਚੋਂ ਫੌਂਟ ਕਨਵਰਟ ਕਰਨ ਵਾਲੇ ਪ੍ਰੋਗਰਾਮ ਦੀ ਲੋੜ ਮਹਿਸੂਸ ਹੋਈ ਅਤੇ ਪੰਨੂੰ ਹੋਰਾਂ ਨੇ ਇਸ ਖੇਤਰ ਵਿਚ ਵੀ ਕੰਮ ਕੀਤਾ। ਉਨ੍ਹਾਂ ਨੇ ਆਪਣੇ ਤੌਰ ’ਤੇ ਅਜਿਹਾ ਇਕ ਕਨਵਰਟਰ ਤਿਆਰ ਕੀਤਾ ਅਤੇ ਫੇਰ ਉਸ ਨੂੰ ਪੌਪੂਲਰ ਵੀ ਕੀਤਾ। ਅੱਜ ਇਹ ਗੱਲ ਹਾਸੋਹੀਣੀ ਲੱਗ ਸਕਦੀ ਹੈ ਪਰ ਉਸ ਦੌਰ ਵਿਚ ਪੰਜਾਬੀ ਫੌਂਟ ਕਨਵਰਟਰ ਦਾ ਨਿਰਮਾਣ ਇਕ ਇਨਕਲਾਬੀ ਪ੍ਰਾਪਤੀ ਸੀ। ਅਸੀਂ ਜਿਹੜੇ ਲੋਕ ਕੰਪਿਊਟਰ ’ਤੇ ਪੰਜਾਬੀ ਦੀ ਵਰਤੋਂ ਕਰਦੇ ਸਾਂ, ਉਨ੍ਹਾਂ ਨੇ ਅਚਾਨਕ ਇਹ ਮਹਿਸੂਸ ਕੀਤਾ ਕਿ ਇਕ ਕਿੰਨੀ ਵੱਡੀ ਸਮੱਸਿਆ ਇਕ ਦਮ ਖਤਮ ਹੋ ਗਈ ਹੈ। ਇਸ ਗੱਲ ਨੂੰ ਉਹ ਲੋਕ ਹੀ ਸਮਝ ਸਕਦੇ ਹਨ, ਜਿਹੜੇ ਉਸ ਦੌਰ ਵਿਚ ਕੰਪਿਊਟਰ ’ਤੇ ਪੰਜਾਬੀ ਦੀ ਵਰਤੋਂ ਦੀਆਂ ਸਮੱਸਿਆਵਾਂ ਨਾਲ ਵਿਹਾਰਕ ਪੱਧਰ ’ਤੇ ਦੋ ਚਾਰ ਹੋ ਰਹੇ ਸਨ। ਚੌਥਾ ਅਤੇ ਸਭ ਤੋਂ ਅਹਿਮ ਪਹਿਲੂ ਗੁਰਮੁਖੀ ਤੇ ਸ਼ਾਹਮੁਖੀ ਲਿਪੀਆਂ ਦੇ ਰੁਪਾਂਤਰ ਦਾ ਹੈ। ਇਸ ਸਬੰਧ ਵਿਚ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਗੁਰਮੁਖੀ-ਸ਼ਾਹਮੁਖੀ ਕਨਵਰਟਰ ‘ਸੰਗਮ’ ਤਿਆਰ ਕੀਤਾ ਗਿਆ ਹੈ। ਪਰ ਇਸ ਮਾਮਲੇ ਵਿਚ ਮੁਢਲਾ ਕੰਮ ਕਰਨ ਵਾਲੇ ਕਿਰਪਾਲ ਸਿੰਘ ਪੰਨੂੰ ਹਨ। ਇਸ ਸੌਫਟਵੇਅਰ ਦੀ ਮਦਦ ਨਾਲ ਅਸੀਂ ਗੁਰਮੁਖੀ ਲਿਪੀ ਦੀ ਟੈਕਸਟ ਨੂੰ ਸ਼ਾਹਮੁਖੀ ਵਿਚ ਕਨਵਰਟ ਕਰਨ ਦੇ ਸਮਰੱਥ ਹੋਏ ਹਾਂ।

ਇਹ ਚਾਰ ਖੇਤਰ ਬਹੁਤ ਅਹਿਮ ਖੇਤਰ ਹਨ ਅਤੇ ਇਨ੍ਹਾਂ ਚਾਰਾਂ ਵਿਚ ਕਿਰਪਾਲ ਸਿੰਘ ਪੰਨੂੰ ਹੋਰਾਂ ਦਾ ਰੋਲ ਮੋਢੀਆਂ  ਵਾਲਾ ਹੈ। ਉਨ੍ਹਾਂ ਦੀ ਸਖਸ਼ੀਅਤ ਦਾ ਇਕ ਹੋਰ ਪਹਿਲੂ ਵੀ ਹੈ, ਜਿਸਦਾ ਜ਼ਿਕਰ ਕੀਤੇ ਬਗੈਰ ਉਨ੍ਹਾਂ ਦੀ ਦੇਣ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਜਾਵੇਗਾ। ਤਕਨੀਕੀ ਪੱਧਰ ਤੇ ਬਹੁਤ ਸਾਰੇ ਹੋਰ ਲੋਕ ਵੀ ਕੰਮ ਕਰ ਰਹੇ ਹੋਣਗੇ ਪਰ ਪੰਨੂੰ ਹੋਰੀਂ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਨੇ ਇਨ੍ਹਾਂ ਚੀਜ਼ਾਂ ਨੂੰ ਨਿਸ਼ਕਾਮ ਭਾਵ ਨਾਲ ਲੋਕਾਂ ਤੱਕ ਪਹੁੰਚਾਣ ਲਈ ਕੰਮ ਕੀਤਾ। ਉਹ ਇਕ ਮਿਸ਼ਨ ਦੀ ਤਰ੍ਹਾਂ ਲੱਗ ਹੋਏ ਸਨ ਅਤੇ ਜਿਹੜਾ ਵੀ ਉਨ੍ਹਾਂ ਦੀਆਂ ਇਹਨਾਂ ਗੱਲਾਂ ਵਿਚ ਦਿਲਚਸਪੀ ਲੈਂਦਾ, ਉਸ ਕੋਲ ਉਹ ਖੁਦ ਚੱਲ ਕੇ ਜਾਂਦੇ ਅਤੇ ਆਪਣੇ ਪ੍ਰੋਗਰਾਮ ਇਨਸਟੌਲ ਵੀ ਕਰਦੇ ਅਤੇ ਉਨ੍ਹਾਂ ਦੀ ਵਰਤੋਂ ਵੀ ਸਮਝਾਉਂਦੇ। ਨੌਰਥ ਅਮਰੀਕਾ ਵਿਚ ਛਪਦੇ ਪੰਜਾਬੀ ਅਖਬਾਰਾਂ ਵਾਲੇ ਜਾਣਦੇ ਹਨ ਕਿ ਮੁਢਲੇ ਦਿਨਾਂ ਵਿਚ ਕਿਸ ਤਰ੍ਹਾਂ ਪੰਨੂੰ ਹੋਰਾਂ ਨੇ ਉਨ੍ਹਾਂ ਦੀਆਂ ਫੌਂਟ, ਕੀਅ-ਬੋਰਡ ਅਤੇ ਕਨਵਰਜ਼ਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਮਦਦ ਕੀਤੀ। ਪੰਜਾਬੀ ਮੀਡੀਆ ਵਿਚ ਕੰਮ ਕਰਨ ਵਾਲੇ ਅਸੀਂ ਬਹੁਤ ਸਾਰੇ ਲੋਕ ਇਸ ਗੱਲ ਦੇ ਗਵਾਹ ਰਹਾਂਗੇ ਕਿ ਅੱਜ ਭਾਵੇਂ ਜੋ ਵੀ ਸੌਫਟਵੇਅਰ ਉਪਲਬਧ ਹੋਣ, ਪਰ ਜਿਸ ਦੌਰ ਵਿਚ ਅਸੀਂ ਕੰਪਿਊਟਰ ’ਤੇ ਪੰਜਾਬੀ ਦੀ ਵਰਤੋਂ ਦੀ ਸ਼ੁਰੂਆਤ ਕਰ ਰਹੇ ਸਾਂ ਤਾਂ ਸਾਡੇ ਸਾਹਮਣੇ ਕੋਈ ਸਲਾਹ ਅਤੇ ਮਦਦ ਦੇਣ ਵਾਲਾ ਜੇ ਕੋਈ ਸ਼ਖਸ ਹੁੰਦਾ ਸੀ ਤਾਂ ਉਹ ਕਿਰਪਾਲ ਸਿੰਘ ਪੰਨੂੰ ਹੀ ਸਨ।

ਪੰਜਾਬੀ ਭਾਸ਼ਾ ਦੇ ਇਕ ਮੁਦੱਦੀ ਦੇ ਤੌਰ ’ਤੇ ਮੈਂ ਕਿਰਪਾਲ ਸਿੰਘ ਪੰਨੂੰ ਹੋਰਾਂ ਦੀ ਘਾਲਣਾ ਨੂੰ ਸਲਾਮ ਕਰਦਾਂ।

Read 4506 times Last modified on Monday, 07 May 2018 13:52