You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਕੰਪਿਊਟਰ ਦੇ ਲੜ ਲਾਉਣ ਵਾਲਾ ਰਾਂਗਲਾ ਸੱਜਣ

ਲੇਖ਼ਕ

Sunday, 06 May 2018 21:27

ਕੰਪਿਊਟਰ ਦੇ ਲੜ ਲਾਉਣ ਵਾਲਾ ਰਾਂਗਲਾ ਸੱਜਣ

Written by
Rate this item
(0 votes)

ਮੈਂ ਇਹ ਤਾਂ ਨਹੀਂ ਕਹਿੰਦਾ ਕਿ ਕੰਪਿਊਟਰ ਦੇ ਲੜ ਲੱਗ ਕੇ ਮੈਂ ਮੁੜ ਜੁਆਨ ਹੋ ਗਿਆਂ। ਪਰ ਇਹ ਜ਼ਰੂਰ ਕਹਿਨਾਂ ਕਿ ਕੰਪਿਊਟਰ ਨੇ ਮੈਨੂੰ ਰਿਟਾਇਰ ਹੋਏ ਨੂੰ ਫਿਰ ਜੁਆਨਾਂ ਵਾਂਗ ਸਰਗਰਮ ਕਰ ਦਿੱਤੈ। ਮੈਂ ਇਕਾ੍ਹਟਵੇਂ ਸਾਲ ’ਚ ਸਾਂ ਜਦੋਂ ਕੰਪਿਊਟਰ ਨਾਲ ਲਾਵਾਂ ਲਈਆਂ। ਲਾਵਾਂ ਦੁਆਉਣ ਵਾਲਾ ਸੀ ਕੰਪਿਊਟਰ ਦਾ ‘ਭਾਈ ਘਨੱਈਆ’ ਕਿਰਪਾਲ ਸਿੰਘ ਪੰਨੂੰ। ਸਾਡੀ ਸੋਹਣੀ ਬਣ ਰਹੀ ਹੈ ਤੇ ਜਦੋਂ ਕਦੇ ਕੋਈ ਕੰਪਿਊਟਰੀ ਅਹੁਰ ਪਵੇ ਤਾਂ ਉਹੀ ਉਹਦਾ ਇਲਾਜ ਕਰਦੈ।

 

ਕੰਪਿਊਟਰ ਸਹੇੜਨ ਪਿੱਛੋਂ ਮੈਂ ਨੌਂ ਦਸ ਸਾਲਾਂ ’ਚ ਦਸ ਗਿਆਰਾਂ ਕਿਤਾਬਾਂ ਲਿਖੀਆਂ ਜੋ ਖ਼ੁਦ ਕੰਪੋਜ਼ ਕੀਤੀਆਂ। ਇੰਜ ਉਨ੍ਹਾਂ ਦਾ ਛਪਣਾ ਸੁਖਾਲਾ ਹੋ ਗਿਆ ਤੇ ਉਹ ਸਮੇਂ ਸਿਰ ਛਪਦੀਆਂ ਰਹੀਆਂ। ਪਰੂਫ ਪੜ੍ਹਨ-ਪੜ੍ਹਾਉਣ ਦੀ ਵੀ ਲੋੜ ਨਹੀਂ ਪਈ। ਪਿਛਲੀ ਉਮਰ ’ਚ ਕੰਪਿਊਟਰ ਦਾ ਮੈਨੂੰ ਬਹੁਤ ਸੁਖ ਹੋ ਗਿਆ ਹੈ ਤੇ ਮੇਰਾ ਰਿਟਾਇਰ ਹੋਣਾ ਚੰਗੇ ਪਾਸੇ ਲੱਗ ਗਿਆ ਹੈ। ਕੰਪਿਊਟਰ ਦੇ ਸਾਥ ’ਚ ਲੱਗਦਾ ਹੀ ਨਹੀਂ ਕਿ ਮੈਂ ਬੁੱਢਾ ਹੋ ਰਿਹਾਂ ਜਾਂ ਮੈਨੂੰ ਕੋਈ ਕੰਮ ਧੰਦਾ ਨਹੀਂ ਰਿਹਾ। ਇੰਟਰਨੈੱਟ ਰਾਹੀਂ ਮੇਰੇ ਸਾਹਮਣੇ ਦੁਨੀਆ ਭਰ ਦਾ ਗਿਆਨ ਪਰੋਸਿਆ ਪਿਐ ਤੇ ਸਾਰੀ ਦੁਨੀਆਂ ਨੂੰ ਵੇਖਣ ਦੀ ਬਾਰੀ ਖੁੱਲ੍ਹੀ ਹੋਈ ਹੈ। ਈ-ਮੇਲ ਸਾਰੀ ਦੁਨੀਆ ਦਾ ਸਾਂਝਾ ਡਾਕਖਾਨਾ ਹੈ ਜਿਥੇ ਦੇਸ਼ ਵਿਦੇਸ਼ ਦੀ ਲਿਖਤ ਪਲਾਂ ’ਚ ਆਉਂਦੀ ਜਾਂਦੀ ਹੈ। ਕੰਪਿਊਟਰ ਨਾਲ ਮੇਰੀ ਦੁਨੀਆ ਹੋਰ ਵਿਸ਼ਾਲ ਹੋ ਗਈ ਹੈ।

 

ਪੈਂਤੀ ਛੱਤੀ ਸਾਲ ਪ੍ਰੋਫੈਸਰੀ ਤੇ ਪ੍ਰਿੰਸੀਪਲੀ ਕਰਨ ਪਿੱਛੋਂ 2001 ਵਿਚ ਅਸੀਂ ਦੋਵੇਂ ਆਪਣੇ ਪੁੱਤਰ ਪਾਸ ਕੈਨੇਡਾ ਪਹੁੰਚ ਗਏ ਸਾਂ। ਮੇਰੇ ਕੋਲ ਕਾਫੀ ਵਿਹਲ ਸੀ ਜੋ ਮੈਂ ਤੋਰੇ ਫੇਰੇ ਵਿਚ ਲਾਉਂਦਾ। ਜੋ ਕੁਝ ਅਖ਼ਬਾਰਾਂ ਰਸਾਲਿਆਂ ਨੂੰ ਲਿਖ ਕੇ ਭੇਜਦਾ ਸੰਪਾਦਕਾਂ ਨੂੰ ਟਾਈਪ ਕਰਵਾਉਣ ਦੀ ਮੁਸ਼ਕਲ ਆਉਂਦੀ ਤੇ ਕਦੇ-ਕਦੇ ਲਿਖਤ ਛਪਣੋ ਰਹਿ ਜਾਂਦੀ ਜਾਂ ਪਛੜ ਕੇ ਛਪਦੀ। ਇਹ ਪੰਜਾਬ ਤਾਂ ਹੈ ਨਹੀਂ ਸੀ ਕਿ ਦਫਤਰਾਂ ’ਚ ਬੰਦੇ ਵਾਧੂ ਹੋਣ। ਜਦੋਂ ਮੈਂ ਕਾਲਜ ਦਾ ਪ੍ਰਿੰਸੀਪਲ ਸਾਂ ਤਾਂ ਟੈਲੀਫੋਨ ਵੀ ਮੇਰਾ ਅਸਿਸਟੈਂਟ ਹੀ ਮਿਲਾ ਕੇ ਦਿੰਦਾ ਸੀ ਤੇ ਲਿਖਤ ਪੜ੍ਹਤ ਦਾ ਸਾਰਾ ਕੰਮ ਕਲੱਰਕ ਕਰਦੇ ਸਨ। ਉਦੋਂ ਕੰਪਿਊਟਰ ਸਿੱਖਣ ਦਾ ਕਦੇ ਖਿਆਲ ਨਹੀਂ ਸੀ ਆਇਆ ਹਾਲਾਂ ਕਿ ਕਾਲਜ ਦਾ ਆਪਣਾ ਕੰਪਿਊਟਰ ਵਿਭਾਗ ਸੀ।

 

ਪਹਿਲਾਂ ਕਲਮ ਨਾਲ ਲਿਖਦਾ ਰਿਹਾ ਹੋਣ ਕਰਕੇ ਮੈਂ ਸਮਝਦਾ ਸਾਂ ਕਿ ਲਿਖਿਆ ਕੇਵਲ ਕਲਮ ਨਾਲ ਹੀ ਜਾ ਸਕਦੈ। 1965-66 ’ਚ ਜਸਵੰਤ ਸਿੰਘ ਕੰਵਲ ਕੋਲ ਪਿੰਡ ਢੁੱਡੀਕੇ ਛੁੱਟੀਆਂ ਕੱਟਣ ਆਏ ਬਲਰਾਜ ਸਾਹਨੀ ਦੇ ਆਪਣੇ ਹੱਥੀਂ ਆਪਣੇ ਸਫ਼ਰਨਾਮੇ ‘ਮੇਰਾ ਰੂਸੀ ਸਫ਼ਰਨਾਮਾ’ ਤੇ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਟਾਈਪ ਕੀਤੇ ਸੁਣ ਕੇ ਮੈਂ ਬੜਾ ਹੈਰਾਨ ਹੋਇਆ ਸਾਂ ਕਿ ਲੇਖਕ ਆਪਣੀ ਰਚਨਾ ਸਿੱਧੀ ਹੀ ਟਾਈਪ ਕਿਵੇਂ ਕਰ ਲੈਂਦੇ ਨੇ? ਮੈਂ ਇਸ ਭੁਲੇਖੇ ਦਾ ਸ਼ਿਕਾਰ ਸਾਂ ਕਿ ਸਾਹਿਤਕ ਲਿਖਤ ਸਿਰਫ ਕਲਮ ਨਾਲ ਲਿਖੀ ਜਾ ਸਕਦੀ ਹੈ।

 

2000 ਵਿਚ ਰਿਟਾਇਰ ਹੋ ਕੇ ਅਗਲੇ ਸਾਲ ਮੈਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਆਇਆ ਤਾਂ ਕਿਰਪਾਲ ਸਿੰਘ ਪੰਨੂੰ ਤੇ ਇਕਬਾਲ ਰਾਮੂਵਾਲੀਏ ਨਾਲ ਮੇਰਾ ਮੇਲ ਗੇਲ ਹੋਣਾ ਸ਼ੁਰੂ ਹੋਇਆ। ਦੋਹਾਂ ਨੇ ਮੈਨੂੰ ਪ੍ਰੇਰਿਆ ਕਿ ਮੈਂ ਕੰਪਿਊਟਰ ’ਤੇ ਟਾਈਪ ਕਰਨਾ ਸਿੱਖ ਲਵਾਂ ਜੋ ਕਿ ਸੌਖੀ ਜਿਹੀ ਗੱਲ ਹੈ। ਪਰ ਮੈਂ ਸਮਝਦਾ ਸਾਂ ਕਿ ਬੁੱਢੇ ਤੋਤੇ ਵੀ ਕਦੇ ਪੜ੍ਹੇ ਨੇ? ਨਾਲੇ ਟਾਈਪ ਸਿੱਖਣਾ ਤਾਂ ਮੈਨੂੰ ਬਹੁਤ ਹੀ ਦੁਸ਼ਵਾਰ ਕਾਰਜ ਲੱਗਦਾ ਸੀ। ਮੈਂ ਤਾਂ ਟੀ. ਵੀ. ਦੇ ਰਿਮੋਟ ਕੰਟਰੋਲ ਬਟਨ ਵੀ ਭੁੱਲ ਜਾਂਦਾ ਸਾਂ। ਮੈਂ ਉਂਗਲਾਂ ਨਾਲ ਟਾਈਪ ਕਿਵੇਂ ਕਰਾਂਗਾ ਤੇ ਉਹ ਵੀ ਸਿੱਧਾ ਦਿਮਾਗ਼ ’ਚੋਂ? ਮੈਥੋਂ ਕਿਥੇ ਹੋਣਾ? ਪਰ ਪੰਨੂੰ ਹੋਰਾਂ ਨੇ ਮੈਨੂੰ ਵਿਸ਼ਵਾਸ ਬੰਨ੍ਹਾਇਆ ਕਿ ਇਹ ਬੜਾ ਸੌਖਾ ਕੰਮ ਹੈ ਤੇ ਉਹ ਦੋ ਚਾਰ ਦਿਨਾਂ ਵਿਚ ਹੀ ਸਿਖਾ ਦੇਣਗੇ।

 

ਕਿਰਪਾਲ ਸਿੰਘ ਪੰਨੂੰ ਸੱਚਮੁੱਚ ਹੀ ਕਮਾਲ ਦਾ ਉਸਤਾਦ ਸਾਬਤ ਹੋਇਆ। ਅਨਮੰਨੇ ਮਨ ਵਾਲੇ ਸ਼ਗਿਰਦ ਨੂੰ ਵੀ ਕੰਪਿਊਟਰ ਦਾ ਪੱਲਾ ਫੜਾ ਦਿੱਤਾ। ਅਜਿਹਾ ਉਪਕਾਰ ਉਸ ਨੇ ਹੋਰ ਵੀ ਬਹੁਤ ਸਾਰੇ ਸ਼ਗਿਰਦਾਂ ’ਤੇ ਕੀਤਾ ਹੈ। ਹਫ਼ਤੇ ਕੁ ਵਿਚ ਮੈਂ ਕੰਪਿਊਟਰ ਦੀ ਮੁੱਢਲੀ ਜਾਣਕਾਰੀ ਦੇ ਨਾਲ ਹੌਲੀ-ਹੌਲੀ ਟਾਈਪ ਕਰਨਾ ਸਿੱਖ ਗਿਆ। ਲਿਖਦਾ ਤਾਂ ਮੈਂ ਕਲਮ ਨਾਲ ਵੀ ਹੌਲੀ-ਹੌਲੀ ਸਾਂ ਤੇ ਕੰਪਿਊਟਰ ਉਤੇ ਵੀ ਹੌਲੀ-ਹੌਲੀ ਹੀ ਟਾਈਪ ਕਰਦਾ ਹਾਂ ਪਰ ਆਪਣਾ ਲੋੜੀਂਦਾ ਕੰਮ ਕਰੀ ਜਾਂਦਾ ਹਾਂ। ਮੇਰਾ ਲਿਖਣ ਦਾ ਕੰਮ ਵੀ ਹੋਈ ਜਾਂਦਾ ਹੈ ਤੇ ਜੀਅ ਵੀ ਲੱਗਾ ਰਹਿੰਦਾ ਹੈ। ਇੰਟਰਨੈੱਟ ਨੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਕੀਤੀ ਹੈ। ਪੰਜਾਬ ਦੇ ਅਖ਼ਬਾਰ ਪੰਜਾਬ ’ਚ ਅਜੇ ਪਹੁੰਚੇ ਨਹੀਂ ਹੁੰਦੇ ਕਿ ਮੈਂ ਵੈੱਬਸਾਈਟ ਤੋਂ ਪੜ੍ਹ ਕੇ ਖ਼ਾਸ ਖ਼ਬਰ ਪਹਿਲਾਂ ਹੀ ਪਿੰਡ ਘਰਦਿਆਂ ਨੂੰ ਦੱਸ ਦਿੰਦਾ ਹਾਂ। ਆਖ ਦਿੰਨਾਂ ਬਈ ਮੈਂ ਤਾਂ ਅਖ਼ਬਾਰ ਪੜ੍ਹ ਲਿਆ, ਤੁਸੀਂ ਵੀ ਦਿਨੇ ਪੜ੍ਹ ਲਿਓ। ਮੈਨੂੰ ਵਡੇਰੀ ਉਮਰ ਜੁਆਨ ਅਵੱਸਥਾ ਵਾਂਗ ਰੁਝੇਵੇਂ ਭਰੀ ਲੱਗਣ ਲੱਗ ਪਈ ਹੈ। ਲੱਗਦੈ ਕੁਝ ਸਾਲ ਵੱਧ ਜੀਆਂਗਾ। ਜੀਵਨ ਦਾ ਤੱਤ ਵੀ ਇਹੋ ਹੈ ਕਿ ਬੰਦਾ ਆਹਰੇ ਲੱਗਾ ਰਵ੍ਹੇ ਤਾਂ ਸੌਖਾ ਜਿਊਂਦੈ ਤੇ ਵੱਧ ਜੀਂਦੈ। ਕੰਪਿਊਟਰ ਦਾ ਰੁਝੇਵਾਂ ਬੜਾ ਰੌਚਿਕ ਹੈ।

 

ਮੈਂ ਆਪਣੇ ਤਜਰਬੇ ਤੋਂ ਸਾਰੇ ਹੀ ਥੋੜ੍ਹੇ ਬਹੁਤੇ ਪੜ੍ਹਿਆਂ ਲਿਖਿਆਂ ਨੂੰ ਸਲਾਹ ਦੇਵਾਂਗਾ ਕਿ ਕੰਪਿਊਟਰ ਦੇ ਲੜ ਲੱਗੋ। ਵਡੇਰੀ ਉਮਰ ਦੇ ਵਿਹਲੜ ਤਾਂ ਜ਼ਰੂਰ ਹੀ ਲੜ ਲੱਗਣ। ਹੁਣ ਤਾਂ ਕੰਪਿਊਟਰ ਵੀ ਘਰੋ-ਘਰ ਆਈ ਜਾ ਰਹੇ ਹਨ ਤੇ ਪਹਿਲਾਂ ਨਾਲੋਂ ਸਸਤੇ ਹਨ। ਟੋਰਾਂਟੋ ਵਿਚ ਕਿਰਪਾਲ ਸਿੰਘ ਪੰਨੂੰ ਹੋਰੀਂ ਮਾਤ ਭਾਸ਼ਾ ਪੰਜਾਬੀ ਦੀ ਨਿਸ਼ਕਾਮ ਸੇਵਾ ਹਿੱਤ ਗਰਮੀਆਂ ਵਿਚ ਕੰਪਿਊਟਰ ਸਿਖਾਉਣ ਦੀਆਂ ਕਲਾਸਾਂ ਚਲਾਉਂਦੇ ਹਨ। ਕਲਾਸਾਂ ਲਾਉਣ ਦੀ ਕੋਈ ਫੀਸ ਨਹੀਂ ਹੁੰਦੀ। ਲੋੜਵੰਦਾਂ ਨੂੰ, ਖ਼ਾਸ ਕਰ ਕੇ ਵਡੇਰੀ ਉਮਰ ’ਚ ਪਹੁੰਚੇ ਭੈਣ ਭਰਾਵਾਂ ਨੂੰ ਪੰਜਾਬੀ ਕੰਪਿਊਟਰ ਮੁਫ਼ਤ ਵਿਚ ਹੀ ਸਿੱਖਣ ਦਾ ਸੁਨਹਿਰੀ ਮੌਕਾ ਨਹੀਂ ਗੁਆਉਣਾ ਚਾਹੀਦਾ। ਯਕੀਨ ਜਾਣੋ ਇਹ ਤਜਰਬਾ ਸਕਾਰਥਾ ਰਹੇਗਾ ਤੇ ਸੰਭਵ ਹੈ ਕਈਆਂ ਦੀਆਂ ਉਮਰਾਂ ਦੇ ਸਾਲ ਵਧਾ ਦੇਵੇ ਅਤੇ ਵਧੇਰੇ ਸਾਰਥਕ ਕੰਮ ਕਰਾ ਲਵੇ।

 

ਕਿਰਪਾਲ ਸਿੰਘ ਪੰਨੂੰ ਕੰਪਿਊਟਰ ਦੇ ਪੰਜਾਬੀਕਰਨ ਦਾ ਛੁਪਿਆ ਰੁਸਤਮ ਹੈ। ਉਸ ਨੇ ਪੰਜਾਬੀ ਭਾਸ਼ਾ ਲਈ ਕੰਪਿਊਟਰ ਦੀ ਵਰਤੋਂ ਬੜੀ ਸੁਖੈਣ ਬਣਾ ਦਿੱਤੀ ਹੈ। ਇਸ ਕਾਰਜ ਲਈ ਉਸ ਨੇ ਸਾਲਾਂ-ਬੱਧੀ ਮਿਹਨਤ ਕੀਤੀ ਹੈ। ਨਾ ’ਨੇਰ੍ਹਾ ਵੇਖਿਆ ਹੈ ਨਾ ਸਵੇਰਾ। ਬਾਰਾਂ ਮਹੀਨੇ ਤੀਹ ਦਿਨ ਇਸੇ ਕਾਰਜ ਵਿਚ ਲੱਗਾ ਰਿਹਾ ਹੈ। ਇਹ ਉਸ ਦੀ ਭਗਤੀ ਹੈ, ਜੋਗ ਹੈ ਤੇ ਤਪੱਸਿਆ ਹੈ ਜੋ ਸਾਧੂ ਸੁਭਾਅ ਪੰਨੂੰ ਪਿਛਲੇ ਪੰਦਰਾਂ ਸੋਲਾਂ ਸਾਲਾਂ ਤੋਂ ਕਰਦਾ ਆ ਰਿਹੈ। ਉਸ ਨੇ ਨਤੀਜੇ ਵੀ ਕਮਾਲ ਦੇ ਦਿੱਤੇ ਹਨ। ਜੋ ਨਹੀਂ ਸੋ ਕਰ ਵਿਖਾਇਆ ਹੈ ਪਰ ਉਸ ਦੀ ਪ੍ਰਤਿਭਾ ਤੇ ਘਾਲਣਾ ਨੂੰ ਅਜੇ ਪੂਰਾ ਗੌਲ਼ਿਆ ਨਹੀਂ ਗਿਆ। ਐਨ ਉਵੇਂ ਜਿਵੇਂ ਵਣਜਾਰਾ ਬੇਦੀ ਪੰਜਾਬੀ ਲੋਕ ਧਾਰਾ ਦੇ ਪਹਾੜ ਨਾਲ ਮੱਥਾ ਮਾਰਦਾ ਰਿਹਾ ਪਰ ਕਿਸੇ ਸੰਸਥਾ ਨੇ ਉਸ ਵੱਲ ਧਿਆਨ ਨਾ ਦਿੱਤਾ। ਉਹਦੇ ਕੂਚ ਕਰ ਜਾਣ ਤੋਂ ਬਾਅਦ ਉਹਦਾ ਕੀਤਾ ਕੰਮ ਵੇਖ ਕੇ ਵਿਦਵਾਨ ਦੰਗ ਹਨ। ਖੋਜ ਸੰਸਥਾਵਾਂ ਉਹਨੂੰ ਜੀਂਦੇ ਜੀਅ ਸਹਿਯੋਗ ਦਿੰਦੀਆਂ ਤਾਂ ਲੋਕ ਧਾਰਾ ਦੇ ਉਸ ਫਰਿਹਾਦ ਤੋਂ ਕਿਤੇ ਵੱਧ ਕੰਮ ਕਰਵਾ ਲੈਂਦੀਆਂ। ਨਾਭੇ ਤੇ ਪਟਿਆਲੇ ਦੇ ਮਹਾਰਾਜਿਆਂ ਨੇ ਇੰਜ ਹੀ ਭਾਈ ਕਾਨ੍ਹ ਸਿੰਘ ਤੋਂ ਮਹਾਨ ਕੋਸ਼ ਦੀ ਰਚਨਾ ਕਰਵਾਈ ਸੀ।

 

ਸਾਡੇ ਪੰਜਾਬੀਆਂ ਕੋਲ ਪ੍ਰਤਿਭਾ ਦੀ ਘਾਟ ਨਹੀਂ ਪਰ ਅਸੀਂ ਉਸ ਦੀ ਸਮੇਂ ਸਿਰ ਪਛਾਣ ਨਹੀਂ ਕਰਦੇ ਤੇ ਕਦਰ ਨਹੀਂ ਪਾਉਂਦੇ। ਕਈ ਵਾਰ ਬੜੇ ਪ੍ਰਤਿਭਾਵਾਨ ਵਿਅਕਤੀ ਅਣਗੌਲੇ਼ ਰਹਿ ਜਾਂਦੇ ਹਨ ਜਦ ਕਿ ਉਨ੍ਹਾਂ ਅੰਦਰ ਬਹੁਤ ਕੁਝ ਕਰਨ ਦੀਆਂ ਸੰਭਾਵਨਾਵਾਂ ਛੁਪੀਆਂ ਹੁੰਦੀਆਂ ਹਨ। ਉਨ੍ਹਾਂ ਦੇ ਨਿੱਜੀ ਤੌਰ ’ਤੇ ਕੀਤੇ ਯਤਨ ਫਿਰ ਸੀਮਤ ਪੱਧਰ ਤਕ ਰਹਿ ਜਾਂਦੇ ਹਨ। ਬਾਅਦ ਵਿਚ ਪਛਤਾਵਾ ਹੁੰਦਾ ਹੈ ਕਿ ਅਜਿਹੇ ਸੱਜਣਾਂ ਤੋਂ ਹੋਰ ਵੀ ਵੱਧ ਕਾਰਜ ਕਰਾਉਣ ਲਈ ਉਨ੍ਹਾਂ ਨੂੰ ਸੰਭਾਲਿਆ ਕਿਉਂ ਨਾ ਗਿਆ ਤੇ ਲੋੜੀਂਦਾ ਸਹਿਯੋਗ ਕਿਉਂ ਨਾ ਦਿੱਤਾ ਗਿਆ? ਕਿਤੇ ਦਸ ਪੰਦਰਾਂ ਸਾਲ ਪਹਿਲਾਂ ਪੰਜਾਬ ਦੀ ਕਿਸੇ ਵਿਦਿਅਕ, ਭਾਸ਼ਾ ਜਾਂ ਤਕਨੀਕੀ ਸੰਸਥਾ ਵੱਲੋਂ ਕਿਰਪਾਲ ਸਿੰਘ ਪੰਨੂੰ ਨੂੰ ਕੰਪਿਊਟਰ ਦੇ ਪੰਜਾਬੀਕਰਨ ਦਾ ਕੋਈ ਅਹਿਮ ਪ੍ਰੋਜੈਕਟ ਦਿੱਤਾ ਜਾਂਦਾ ਤਾਂ ਹੁਣ ਤਕ ਹੋਰ ਵੀ ਬਹੁਤ ਕੁਛ ਹੋ ਗਿਆ ਹੁੰਦਾ। ਹੁਣ ਵੀ ਅਜਿਹਾ ਕਰ ਲਿਆ ਜਾਵੇ ਤਾਂ ਚੰਗਾ ਹੀ ਹੈ।

 

ਕਿਰਪਾਲ ਸਿੰਘ ਪੰਨੂੰ ਸਾਡੇ ਦਰਮਿਆਨ ਕੰਪਿਊਟਰ ਦਾ ਐਸਾ ਆਸ਼ਕ ਹੈ ਜਿਸ ਨੂੰ ਕੰਪਿਊਟਰ ਦੇ ਪੰਜਾਬੀਕਰਨ ਦਾ ਫਰਿਹਾਦ ਕਿਹਾ ਜਾ ਸਕਦੈ। ਪਰ ਉਹ ਆਪਣੇ ਹੀ ਤੇਸੇ ਨਾਲ ਪਹਾੜ ਕੱਟਣ ਡਿਹੈ। ਧੰਨ ਹੈ ਉਸ ਦੀ ਲਗਨ ਤੇ ਸਲਾਮ ਹੈ ਉਸ ਦੇ ਸਿਰੜ ਨੂੰ ਕਿ ’ਕੱਲਾ ਹੀ ਰਾਹ ਬਣਾਈ ਤੁਰਿਆ ਜਾ ਰਿਹੈ। ਉਂਜ ਡਰ ਹੈ ਕਿ ਉਹ ਅਧਵਾਟੇ ਨਾ ਰਹਿ ਜਾਵੇ। ਇਸ ਲਈ ਲੋੜ ਹੈ ਉਸ ਨੂੰ ਸੰਭਾਲਣ ਦੀ ਤੇ ਉਸ ਤੋਂ ਹੋਰ ਵੀ ਯਾਦਗਾਰੀ ਕਾਰਜ ਕਰਵਾਉਣ ਦੀ।

 

ਪ੍ਰਿੰਸੀਪਲ ਦੀ ਪਦਵੀ ਤੋਂ ਰਿਟਾਇਰ ਹੋ ਕੇ ਜਦੋਂ ਮੈਂ ਟੋਰਾਂਟੋ ਗਿਆ ਤਾਂ ਇਕ ਸ਼ਾਮ ਇਕਬਾਲ ਰਾਮੂਵਾਲੀਆ, ਪਰਮਜੀਤ ਸੰਧੂ ਤੇ ਬਲਰਾਜ ਦਿਓਲ ਹੋਰਾਂ ਨੇ ਮੈਨੂੰ ਆਪਣੀ ਮਹਿਫ਼ਲ ਵਿਚ ਸੱਦਿਆ। ਉਥੇ ਪੰਨੂੰ ਹੋਰੀਂ ਵੀ ਹਾਜ਼ਰ ਸਨ। ਮਹਿਫ਼ਲੀ ਗੱਲਾਂ ਦੌਰਾਨ ਕੰਪਿਊਟਰ ਰਾਹੀਂ ਪੰਜਾਬੀ ਵਿਚ ਕੰਮ ਕਰਨ ਦੀਆਂ ਗੱਲਾਂ ਚੱਲ ਪਈਆਂ। ਉਹ ਸਾਰੇ ਇਕਮੱਤ ਸਨ ਕਿ ਇਸ ਸਿਲਸਿਲੇ ਵਿਚ ਜੋ ਕੰਮ ਪੰਨੂੰ ਸਾਹਿਬ ਕਰ ਰਹੇ ਨੇ ਉਹ ਕਮਾਲ ਦਾ ਹੈ। ਕੋਈ ਪੰਨੂੰ ਨੂੰ ਕੰਪਿਊਟਰ ਦਾ ਧੰਨਾ ਜੱਟ ਕਹਿ ਰਿਹਾ ਸੀ, ਕੋਈ ਕੰਪਿਊਟਰ ਦਾ ਕਮਾਂਡਰ ਤੇ ਕੋਈ ਕੰਪਿਊਟਰ ਦਾ ਧਨੰਤਰ ਵੈਦ। ਪੰਨੂੰ ਨਿਮਰਤਾ ਦੀ ਮੂਰਤ ਬਣਿਆ ਸੁਣ ਰਿਹਾ ਸੀ ਤੇ ਮੰਦ-ਮੰਦ ਮੁਸਕਰਾ ਰਿਹਾ ਸੀ। ਮੈਂ ਪੰਨੂੰ ਨੂੰ ਉਦੋਂ ਤਕ ਜਾਣਦਾ ਨਹੀਂ ਸਾਂ ਪਰ ਉਹ ਮੇਰੀਆਂ ਖੇਡ ਲਿਖਤਾਂ ਰਾਹੀਂ ਮੈਨੂੰ ਜਾਣਦਾ ਸੀ ਤੇ ਮੇਰਾ ਪਰਸੰਸਕ ਸੀ। ਵੇਖਣ ਨੂੰ ਮੈਨੂੰ ਉਹ ਰਿਟਾਇਰਡ ਫੌਜੀ ਲੱਗਿਆ ਸੀ ਤੇ ਜਾਣ ਪਛਾਣ ਪਿੱਛੋਂ ਨਿਕਲਿਆ ਵੀ ਉਹੋ ਕੁਝ ਹੀ। ਉਹ ਸੰਗਰੂਰੀਆਂ ਵਾਂਗ ‘ਸੀ’ ਨੂੰ ‘ਤੀ’ ਤਾਂ ਨਹੀਂ ਸੀ ਉਚਾਰਦਾ ਪਰ ‘ਸ਼ੀ’ ਤੇ ‘ਸੀ’ ਦਾ ਉਚਾਰਣ ਰਲਗੱਡ ਕਰ ਰਿਹਾ ਸੀ। ਖ਼ੁਸ਼ੀ ਨੂੰ ਖੁਸੀ ਤੇ ਕੁਛ ਨੂੰ ਕੁਸ਼ ਕਹਿ ਰਿਹਾ ਸੀ। ਮੈਂ ਅੰਦਾਜ਼ਾ ਲਾਇਆ ਸੀ ਕਿ ਉਹ ਖੰਨੇ-ਮਲੇਰਕੋਟਲੇ ਵੱਲ ਦਾ ਹੋਵੇਗਾ। ਪਿੱਛੋਂ ਪਤਾ ਲੱਗਾ ਕਿ ਉਹ ਉਸੇ ਇਲਾਕੇ ਦੇ ਪਿੰਡ ਕਟਾਹਰੀ ਦਾ ਜੰਮਪਲ ਹੈ।

 

ਮੈਨੂੰ ਦੱਸਿਆ ਗਿਆ ਕਿ ਪੰਨੂੰ ਨੇ ਕੋਈ ਐਸਾ ਪ੍ਰੋਗਰਾਮ ਤਿਆਰ ਕੀਤਾ ਹੈ ਜਿਸ ਨਾਲ ਉਹ ਗੁਰਮੁਖੀ ਲਿਪੀ ਨੂੰ ਸ਼ਾਹਮੁਖੀ ਤੇ ਸ਼ਾਹਮੁਖੀ ਲਿਪੀ ਨੂੰ ਗੁਰਮੁਖੀ ਵਿਚ ਬਦਲ ਦਿੰਦਾ ਹੈ। ਮੈਂ ਕੰਪਿਊਟਰ ਤੋਂ ਅਣਜਾਣ ਸਾਂ ਤੇ ਹੈਰਾਨ ਸਾਂ ਕਿ ਇੰਜ ਕਿਵੇਂ ਹੋ ਸਕਦੈ? ਜੇ ਇਹ ਹੋ ਜਾਵੇ ਤਾਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਸਾਹਿਤ ਦਰਮਿਆਨ ਪੁਲ ਉਸਰ ਜਾਵੇ। ਬੋਲਾਂ ਦੀ ਸਾਂਝ ਤਾਂ ਬਣੀ ਹੀ ਹੋਈ ਹੈ ਲਿਖਣ ਦੀ ਸਾਂਝ ਵੀ ਬਣ ਜਾਵੇ। ਉਥੇ ਹੀ ਪੰਨੂੰ ਨੇ ਮੈਨੂੰ ਆਪਣੇ ਘਰ ਆਉਣ ਦਾ ਸੱਦਾ ਦੇ ਦਿੱਤਾ।

 

ਅਗਲੇ ਦਿਨ ਮੈਂ ਪੰਨੂੰ ਦੇ ਘਰ ਗਿਆ ਜੋ ਮੇਰੀ ਰਹਾਇਸ਼ ਦੇ ਨੇੜੇ ਹੀ ਸੀ। ਮੈਂ ਉਹ ਜਲਵਾ ਆਪਣੀ ਅੱਖੀਂ ਵੇਖਣਾ ਚਾਹੁੰਦਾ ਸਾਂ ਕਿ ਲਿਪੀਆਂ ਕਿਵੇਂ ਬਦਲਦੀਆਂ ਹਨ? ਪੰਨੂੰ ਨੇ ਕਿਹਾ ਕਿ ਮੈਂ ਪੰਜਾਬੀ ਵਿਚ ਕੁਝ ਲਿਖਾਵਾਂ। ਮੈਂ ਬਾਬਾ ਫਰੀਦ ਦਾ ਸ਼ਲੋਕ ਲਿਖਾਇਆ-ਗਲੀਏਂ ਚਿੱਕੜ ਦੂਰ ਘਰ...। ਮੋਨੀਟਰ ਦੀ ਸਕਰੀਨ ਉਤੇ ਉਹ ਗੁਰਮੁਖੀ ਵਿਚ ਟਾਈਪ ਕੀਤਾ ਦਿਸਣ ਲੱਗਾ। ਮੈਂ ਧਿਆਨ ਨਾਲ ਪੜ੍ਹਿਆ। ਫਿਰ ਉਸ ਨੇ ਕੀਅ-ਬੋਰਡ ਦੀ ਇਕ ਕਲਾ ਦੱਬ ਕੇ ਗੁਰਮੁਖੀ ਨੂੰ ਸ਼ਾਹਮੁਖੀ ਵਿਚ ਬਦਲਣ ਦਾ ਆਦੇਸ਼ ਦਿੱਤਾ। ਪਲ ਭਰ ਲਈ ਲਕੀਰਾਂ ਨੱਚੀਆਂ ਤੇ ਬਾਬਾ ਫਰੀਦ ਦਾ ਸ਼ਲੋਕ ਸ਼ਾਹਮੁਖੀ ਵਿਚ ਢਲ ਗਿਆ। ਵਾਕਿਆ ਈ ਇਹ ਕਮਾਲ ਦੀ ਕਾਢ ਸੀ। ਇਹਦਾ ਸਿਹਰਾ ਭਾਵੇਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ ਕੰਪਿਊਟਰ ਵਿਭਾਗ ਆਪਣੇ ਸਿਰ ਬੰਨ੍ਹੀ ਫਿਰਦਾ ਹੈ ਪਰ ਮੈ ਮਈ 2001 ਦਾ ਚਸ਼ਮਦੀਦ ਗਵਾਹ ਹਾਂ ਕਿ ਇਹਦਾ ਮੁਢਲਾ ਕਾਢੂ ਕਿਰਪਾਲ ਸਿੰਘ ਪੰਨੂੰ ਹੈ। ਗੁਰਮੁਖੀ ਤੇ ਸ਼ਾਹਮੁਖੀ ਦਰਮਿਆਨ ਪਹਿਲਾ ਪੁਲ ਪੰਨੂੰ ਨੇ ਹੀ ਉਸਾਰਿਐ। ਗੁਰਮੁਖੀ-ਸ਼ਾਹਮੁਖੀ ਕਨਵਰਸ਼ਨ ਦਾ ਅਸਲੀ ਜਨਮਦਾਤਾ ਪੰਨੂੰ ਹੈ।

 

ਉੱਦਣ ਹੀ ਪਤਾ ਲੱਗਾ ਕਿ ਪੰਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸ ਬਾਰਾਂ ਘੰਟਿਆਂ ਵਿਚ ਗੁਰਮੁਖੀ ਅੱਖਰਾਂ ਤੋਂ ਸ਼ਾਹਮੁਖੀ ਅੱਖਰਾਂ ਵਿਚ ਬਦਲ ਸਕਦਾ ਹੈ। ਉਹ ਸ਼ਾਹਮੁਖੀ ਵਿਚ ਲਿਖੇ ਕੁਰਾਨ ਸ਼ਰੀਫ਼ ਨੂੰ ਵੀ ਗੁਰਮੁਖੀ ਰੂਪ ਦੇ ਸਕਦਾ ਹੈ। ਇਸ ਸਹੂਲਤ ਨਾਲ ਗੁਰਮੁਖੀ ਦੀ ਕੋਈ ਵੀ ਕਿਤਾਬ ਸ਼ਾਹਮੁਖੀ ਜਾਨਣ ਵਾਲੇ ਪੜ੍ਹ ਸਕਦੇ ਹਨ ਤੇ ਸ਼ਾਹਮੁਖੀ ਦੀ ਕਿਤਾਬ ਗੁਰਮੁਖੀ ਜਾਨਣ ਵਾਲੇ ਪੜ੍ਹ ਸਕਦੇ ਹਨ। ਇਹ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਪਾਠਕਾਂ ਲਈ ਕਰਾਮਾਤ ਵਰਗੀ ਗੱਲ ਹੈ।

 

ਕੰਪਿਊਟਰ ਦੇ ਪੰਜਾਬੀਕਰਨ ਵਿਚ ਗੁਰਮੁਖੀ ਫੌਂਟਾਂ ਧੁਰੇ ਦਾ ਕੰਮ ਕਰਦੀਆਂ ਹਨ। ਕਿਰਪਾਲ ਸਿੰਘ ਪੰਨੂੰ ਦੀ ਈਜਾਦ ਕੀਤੀ ਧਨੀ ਰਾਮ ਚਾਤ੍ਰਿਕ ਫੌਂਟ ਹਰ ਪੱਖੋਂ ਸੰਪੂਰਨ ਤੇ ਸਹਿਲ ਹੈ। ਉੱਤਰੀ ਅਮਰੀਕਾ ਦੇ ਪੰਜਾਬੀ ਅਖ਼ਬਾਰ ਇਸੇ ਫੌਂਟ ਵਿਚ ਛਪਦੇ ਹਨ। ਉਂਜ ਗੁਰਮੁਖੀ ਦੀਆਂ ਅਨੇਕਾਂ ਫੌਂਟਾਂ ਵਜੂਦ ਵਿਚ ਆ ਚੁੱਕੀਆਂ ਹਨ ਤੇ ਲੋੜ ਹੈ ਕਿ ਇਕੋ ਫੌਂਟ ਦਾ ਮਿਆਰੀਕਰਨ ਕਰ ਕੇ ਉਹਦਾ ਵਿਸ਼ੇਸ਼ ਕੀਅ-ਬੋਰਡ ਤਿਆਰ ਕੀਤਾ ਜਾਵੇ। ਪੰਨੂੰ ਹੋਰੀਂ ਇਸ ਪਾਸੇ ਵੀ ਲੱਗੇ ਹੋਏ ਹਨ। ਇਹ ਮੌਕਾ ਹੈ ਕਿ ਕੋਈ ਪੰਜਾਬੀ ਦਾ ਅਦਾਰਾ ਉਨ੍ਹਾਂ ਤੋਂ ਇਹ ਕਾਰਜ ਕਰਵਾ ਕੇ ਪੁੰਨ ਖੱਟ ਲਵੇ। ਅਜਿਹੇ ਕੀਅ-ਬੋਰਡ ਨਾਲ ਪੰਜਾਬੀ ਵਿਚ ਕੰਮ ਕਰਨਾ ਹੋਰ ਵੀ ਸੁਖਾਲਾ ਹੋ ਜਾਵੇਗਾ। ਪੰਜਾਬ ਸਰਕਾਰ ਨੂੰ ਇਸ ਪਾਸੇ ਪਹਿਲ ਕਦਮੀ ਕਰਨੀ ਚਾਹੀਦੀ ਹੈ। ਸਿੱਖ ਧਰਮ ਤੇ ਗੁਰਮੁਖੀ ਦੀ ਸੇਵਾ ਵਿਚ ਲੱਗੇ ਗੁਰੂ ਘਰਾਂ ਦੇ ਪ੍ਰਬੰਧਕ ਵੀ ਕੰਪਿਊਟਰ ਦੇ ਪੰਜਾਬੀਕਰਨ ਦੀ ਸੇਵਾ ’ਚ ਯੋਗਦਾਨ ਪਾ ਸਕਦੇ ਹਨ।

 

ਕਿਰਪਾਲ ਸਿੰਘ ਪੰਨੰ ਤਾਂ ਇਹ ਵੀ ਕਹਿੰਦਾ ਹੈ ਕਿ ਕੰਪਿਊਟਰ ਰਾਹੀਂ ਅੰਗਰੇਜ਼ੀ ਤੋਂ ਪੰਜਾਬੀ ਤੇ ਪੰਜਾਬੀ ਤੋਂ ਅੰਗਰੇਜ਼ੀ ਵਿਚ ਤਰਜਮਾ ਵੀ ਕੀਤਾ ਜਾ ਸਕਦਾ ਹੈ। ਇਹ ਕਰੋੜਾਂ ਦੀ ਕਾਢ ਹੋਵੇਗੀ ਪਰ ਹੋ ਜਾਵੇਗੀ ਕੁਝ ਹਜ਼ਾਰ ਡਾਲਰਾਂ-ਪੌਂਡਾਂ ਨਾਲ। ਕਲਪਨਾ ਕਰੋ ਕਿ ਆਉਂਦੇ ਸਮੇਂ ਵਿਚ ਕਿੰਨੇ ਕਰੋੜ ਲੋਕ ਇਸ ਦਾ ਲਾਭ ਲੈਣਗੇ ਤੇ ਅੰਗਰੇਜ਼ੀ ਦਾ ਕਿੰਨਾ ਵਿਸ਼ਾਲ ਗਿਆਨ ਅੰਗਰੇਜ਼ੀ ਤੋਂ ਅਣਜਾਣ ਪੰਜਾਬੀ ਪਿਆਰਿਆਂ ਦੀ ਪਹੁੰਚ ਵਿਚ ਹੋਵੇਗਾ। ਇੰਟਰਨੈੱਟ ’ਤੇ ਆ ਰਹੀ ਅਥਾਹ ਜਾਣਕਾਰੀ ਨੂੰ ਤਰਜਮੇ ਰਾਹੀਂ ਪੰਜਾਬੀ ਵਿਚ ਪ੍ਰਿੰਟ ਕਰ ਲਿਆ ਜਾਇਆ ਕਰੇਗਾ।

 

ਕਿਰਪਾਲ ਸਿੰਘ ਪੰਨੂੰ ਬੜਾ ਸਿਰੜੀ ਕਾਮਾ ਹੈ। ਰੋਜ਼ ਦਸ ਬਾਰਾਂ ਘੰਟੇ ਕੰਪਿਊਟਰ ਨਾਲ ਖਹੁਝੀ ਜਾਣਾ ਉਹਦਾ ਇਸ਼ਕ ਹੈ। ਉਸ ਦਾ ਕਹਿਣਾ ਹੈ ਕਿ ਦੁਨੀਆ ਦਾ ਕੋਈ ਕਾਰਜ ਨਹੀਂ ਜਿਹੜਾ ਕੰਪਿਊਟਰ ਸਿਰੇ ਨਾ ਚਾੜ੍ਹ ਸਕਦਾ ਹੋਵੇ। ਸਿਰਫ਼ ਸਾਧਨ ਚਾਹੀਦੇ ਹਨ ਜਿਨ੍ਹਾਂ ਨਾਲ ਕਾਰਜ ਸੰਪੂਰਨ ਹੋਣ। ਪੰਨੂੰ ਨੇ ਆਪਣੇ ਨਿੱਜੀ ਯਤਨਾਂ ਨਾਲ ਨਾ ਸਿਰਫ ਕੰਪਿਊਟਰ ਦੀ ਪੰਜਾਬੀ ਲਈ ਵਰਤੋਂ ਸੁਖੈਣ ਕੀਤੀ ਹੈ ਬਲਕਿ ਵੱਡੀ ਗਿਣਤੀ ਵਿਚ ਹਮਾਤੜ੍ਹਾਂ ਤੁਮਾਤੜ੍ਹਾਂ ਨੂੰ ਕੰਪਿਊਟਰ ਦੇ ਲੜ ਲਾਇਆ ਹੈ। ਉਸ ਨੂੰ ਕਿਸੇ ਪ੍ਰਕਾਰ ਦੀ ਮਾਨਤਾ ਦੀ ਕੋਈ ਲਾਲਸਾ ਨਹੀਂ। ਉਹ ਨਿਸ਼ਕਾਮ ਸੇਵਕ ਹੈ। ਡੀਆਰਚਾਤ੍ਰਿਕ ਫੌਂਟ ਦਾ ਉਸ ਨੇ ਲੰਗਰ ਲਾ ਰੱਖਿਆ ਹੈ। ਉਹਦੀ ਸੇਵਾ ਤਾਂ ਭਾਈ ਘਨੱਈਏ ਵਰਗੀ ਹੈ। ਜੋ ਜੀਅ ਆਵੇ ਸੋ ਰਾਜ਼ੀ ਜਾਵੇ। ਜੇ ਉਹ ਚਾਹੁੰਦਾ ਤਾਂ ਗੁਰਮੁਖੀ-ਸ਼ਾਹਮੁਖੀ ਕਨਵਰਸ਼ਨ ਦੀ ਕਾਢ ਨਾਲ ਜੇਬਾਂ ਭਰ ਸਕਦਾ ਸੀ ਜਿਵੇਂ ਕਿ ਉਹਦੀ ਹੀ ਨਕਲ ਕਰ ਕੇ ਕਈ ਯੂਨੀਵਰਸਿਟੀਏ ‘ਵਿਦਵਾਨ’ ਭਰਨ ਲੱਗ ਪਏ ਨੇ! ਪੰਨੂੰ ਪੈਸਿਆਂ ਦੀ ਜਿੱਲ੍ਹਣ ਵਿਚ ਨਹੀਂ ਖੁੱਭਾ ਤੇ ਇਹੋ ਕਾਰਨ ਹੈ ਕਿ ਉਹ ਕੰਪਿਊਟਰ ਦਾ ਸ਼ਾਹਸਵਾਰ ਹੈ।

 

ਪੰਜਾਬ ਵਿਚ ਉਹ ਪੁਲਿਸ ਦਾ ਠਾਣੇਦਾਰ ਤੇ ਦੇਸ਼ ਦੀ ਬਾਰਡਰ ਸਕਿਉਰਿਟੀ ਫੋਰਸ ਦਾ ਕਮਾਂਡੈਂਟ ਹੁੰਦਾ ਸੀ। ਉਹ ਜਿੰਨੇ ਪੈਸੇ ਚਾਹੁੰਦਾ ਭੋਟ ਸਕਦਾ ਸੀ। ਟੋਰਾਂਟੋ ਏਅਰਪੋਰਟ ’ਤੇ ਉਸ ਨੇ ਕੁਝ ਸਮਾਂ ਸਕਿਉਰਿਟੀ ਅਫਸਰ ਦੀ ਡਿਊਟੀ ਕੀਤੀ ਸੀ। ਉਸ ਦਾ ਜਨਮ 25 ਮਾਰਚ 1936 ਨੂੰ ਰਾੜਾ ਸਾਹਿਬ ਨੇੜੇ ਪਿੰਡ ਕਟਾਹਰੀ ਵਿਚ ਹੋਇਆ ਸੀ। ਉਸ ਨੇ ਬਚਪਨ ਵਿਚ ਆਮ ਕਿਸਾਨਾਂ ਦੇ ਬੱਚਿਆਂ ਵਾਂਗ ਪਸ਼ੂ ਡੰਗਰ ਵੀ ਚਾਰੇ ਤੇ ਪੱਠਾ ਦੱਥਾ ਵੀ ਕੀਤਾ। 1947 ਦੀ ਵੱਢ-ਟੱਕ ਉਸ ਨੇ ਆਪਣੀ ਅੱਖੀਂ ਵੇਖੀ। ਇਸ ਬਾਰੇ ਬਾਅਦ ਵਿਚ ਕਹਾਣੀਆਂ ਲਿਖੀਆਂ। ਉਸ ਨੇ ਮੁੱਢਲੀ ਪੜ੍ਹਾਈ ਕਟਾਹਰੀ ਤੋਂ ਤੇ ਹਾਈ ਸਕੂਲ ਦੀ ਕਰਮਸਰ ਰਾੜਾ ਸਾਹਿਬ ਤੋਂ ਕੀਤੀ। ਉਹ ਸਕੂਲ ਦੀ ਹਾਕੀ ਟੀਮ ਦਾ ਖਿਡਾਰੀ ਸੀ। ਉਹ ਕੁਝ ਸਮਾਂ ਗੁਜਰਾਂਵਾਲਾ ਗੁਰੂ ਨਾਨਕ ਕਾਲਜ ਲੁਧਿਆਣੇ ਦਾ ਵਿਦਿਆਰਥੀ ਰਿਹਾ। ਹਾਕੀ ਦੀ ਖੇਡ ਦੇ ਸਿਰ ’ਤੇ ਉਹ ਪਟਿਆਲਾ ਪੁਲਿਸ ਵਿਚ ਭਰਤੀ ਹੋ ਗਿਆ ਤੇ ਤਰੱਕੀਆਂ ਪਾਉਣ ਲੱਗਾ। ਉਸ ਨੇ ਗਿਆਨੀ ਰਾਹੀਂ ਬੀ. ਏ. ਕੀਤੀ ਜਿਸ ਨੂੰ ਵਾਇਆ ਬਠਿੰਡਾ ਕਿਹਾ ਜਾਂਦਾ ਸੀ। ਗਿਆਨੀ ਦਾ ਇਮਤਿਹਾਨ ਪਾਸ ਕਰਨ ਵਾਲੇ ਆਮ ਕਰ ਕੇ ਪੰਜਾਬੀ ਸਾਹਿਤ ਦੇ ਪਾਠਕ ਬਣ ਜਾਂਦੇ ਹਨ ਤੇ ਉਨ੍ਹਾਂ ਦੀ ਆਪਣੀ ਪੰਜਾਬੀ ਵੀ ਕਾਫੀ ਸੁਧਰ ਜਾਂਦੀ ਹੈ। ਕਿਰਪਾਲ ਸਿੰਘ ਪੰਨੂੰ ਦੇ ਗਿਆਨੀ ਬੜੀ ਰਾਸ ਆਈ। ਸ਼ਾਇਦ ਉਸ ਦਾ ਗਿਆਨੀ ਪਾਸ ਹੋਣਾ ਹੀ ਸੀ ਜਿਸ ਨੇ ਉਸ ਨੂੰ ਕੰਪਿਊਟਰ ਦੇ ਪੰਜਾਬੀਕਰਨ ਵੱਲ ਤੋਰਿਆ।

 

1988 ਵਿਚ ਉਹ ਬਾਰਡਰ ਸਕਿਉਰਿਟੀ ਫੋਰਸ ਦੀ ਅਫਸਰੀ ਤੋਂ ਅਸਤੀਫ਼ਾ ਦੇ ਕੇ ਕੈਨੇਡਾ ਆ ਗਿਆ ਸੀ। ਉਸ ਦੇ ਪੁੱਤਰਾਂ ਨੇ ਕੰਪਿਊਟਰ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ ਸੀ ਜਿਸ ਕਰਕੇ ਘਰ ਵਿਚ ਹੀ ਕੰਪਿਊਟਰ ਪਏ ਸਨ। ਘਰੋਂ ਹੀ ਉਸ ਨੂੰ ਕੰਪਿਊਟਰ ਸਿੱਖਣ ਦੀ ਜਾਗ ਲੱਗ ਗਈ। ਉਸ ਨੂੰ ਮੁੱਢਲੀ ਜਾਣਕਾਰੀ ਆਪਣੇ ਬੱਚਿਆਂ ਤੋਂ ਮਿਲੀ ਜਿਨ੍ਹਾਂ ਨੇ ਦੱਸ ਦਿੱਤਾ ਕਿ ਕੰਪਿਊਟਰ ਨਾਲ ਜਿੰਨੀ ਮਰਜ਼ੀ ਛੇੜ-ਛਾੜ ਕਰੀ ਚੱਲੋ ਇਹਦਾ ਕੁਝ ਨਹੀਂ ਵਿਗੜਦਾ। ਫਿਰ ਉਸ ਨੇ ਆਪਣੀ ਸਾਰੀ ਵਿਹਲ ਤੇ ਪ੍ਰਤਿਭਾ ਕੰਪਿਊਟਰ ਦੀ ਕਾਰੀਗਰੀ ਕਰਨ ਵਿਚ ਝੋਕ ਦਿੱਤੀ ਤੇ ਸਿੱਟੇ ਸਾਹਮਣੇ ਹਨ। ਹੁਣ ਕਿਸੇ ਦਾ ਕੰਪਿਊਟਰ ਬਿਮਾਰ ਹੋ ਜਾਵੇ ਤਾਂ ਉਹ ਵੈਦ ਰੋਗੀਆਂ ਦਾ ਬਣ ਕੇ ਬਹੁੜਦਾ ਹੈ। ਕਿਸੇ ਨੇ ਕੰਪਿਊਟਰ ਦੀ ਜਾਚ ਸਿੱਖਣੀ ਹੋਵੇ ਤਾਂ ਉਹ ਹਰ ਵੇਲੇ ਹਾਜ਼ਰ ਹੁੰਦਾ ਹੈ। ਵੱਡਾ ਛੋਟਾ ਕੋਈ ਵੀ ਸਵਾਲੀ ਹੋਵੇ ਉਹਦੇ ਮਸਲੇ ਦਾ ਹੱਲ ਕਰਨ ਲਈ ਉਹ ਹਮੇਸ਼ਾਂ ਤਤਪਰ ਰਹਿੰਦਾ ਹੈ।

 

ਪੰਨੂੰ ਦਾ ਕੱਦ ਛੇ ਫੁੱਟ ਦੇ ਕਰੀਬ ਹੈ ਤੇ ਸਰੀਰਕ ਵਜ਼ਨ ਪਝੰਤਰ ਕਿਲੋਗਰਾਮ ਦੇ ਆਸ ਪਾਸ ਰਹਿੰਦੈ। ਉਹ ਪਝੰਤਰ ਸਾਲਾਂ ਦਾ ਹੋਣ ਦੇ ਬਾਵਜੂਦ ਪੱਚੀ ਸਾਲਾਂ ਦੇ ਨੌਜੁਆਨਾਂ ਵਾਂਗ ਕੰਮ ’ਤੇ ਡਟਿਆ ਹੋਇਐ। ਦਾੜ੍ਹੀ ਫੌਜੀ ਢੰਗ ਨਾਲ ਬੰਨ੍ਹਦੈ ਪਰ ਹੁਣ ਕਈ ਸਾਲਾਂ ਤੋਂ ਵਸਮਾ ਲਾਉਣਾ ਛੱਡ ਦਿੱਤੈ। ਵਸਮਾ ਲਾਉਣ ਦੇ ਟਾਈਮ ਨੂੰ ਵੀ ਉਹ ਕੰਪਿਊਟਰ ਲਈ ਵਰਤਣ ਲੱਗ ਪਿਐ! ਉਹਦੀ ਘਰ ਦੀ ਪੁਸ਼ਾਕ ਕਮੀਜ਼ ਪਜਾਮਾ ਤੇ ਬਾਹਰ ਦੀ ਪੈਂਟ ਸ਼ਰਟ ਵੇਖੀਦੀ ਹੈ। ਪੱਗ ਵਧੇਰੇ ਕਰ ਕੇ ਨਾਭੀ ਹੁੰਦੀ ਹੈ ਜਿਸ ਦੇ ਹੇਠਾਂ ਫਿਫਟੀ ਲਿਸ਼ਕਾਂ ਮਾਰਦੀ ਦਿਸਦੀ ਹੈ। ਬੂਟ ਚਮਕਦੇ, ਪੇਟੀ ਕਸੀ ਹੋਈ ਤੇ ਐਨਕ ਲੱਗੀ ਹੋਈ। ਸੁਰਮੇ ਕਰੀਮਾਂ ਜਾਂ ਕਿਸੇ ਮੇਕ ਅੱਪ ਦਾ ਉਹ ਸ਼ੁਕੀਨ ਨਹੀਂ ਤੇ ਨਾ ਵਾਧੂ ਗੱਲਾਂ ਕਰਨ ਦੀ ਆਦਤ ਹੈ। ਫੋਨ ਉਤੇ ਕੰਮ ਦੀ ਗੱਲ ਕਰਦਾ ਹੈ। ਸਮੇਂ ਦੀ ਉਹ ਬੇਹੱਦ ਕਦਰ ਕਰਦੈ।

 

ਮੈਂ ਉਹਦੇ ਨਾਲ ਕਈ ਵਾਰ ਖਾਧਾ ਪੀਤਾ ਹੈ। ਉਹ ਪੀ ਤਾਂ ਲੈਂਦਾ ਹੈ ਪਰ ਪੀਂਦਾ ਇਕ ਅੱਧਾ ਪੈੱਗ ਹੀ ਹੈ ਤੇ ਉਹ ਵੀ ਦੋਸਤਾਂ ਮਿੱਤਰਾਂ ਵਿਚ ਫਸਿਆ ਫਸਾਇਆ। ਉਸ ਨੇ ਸਹੁੰ ਕਾਸੇ ਦੀ ਨਹੀਂ ਪਾਈ। ਉਂਜ ਖਾਣ ਪੀਣ ਵੱਲੋਂ ਪ੍ਰਹੇਜ਼ਗਾਰ ਹੀ ਹੈ ਤੇ ਇਹੋ ਕਾਰਨ ਹੈ ਕਿ ਸਿਹਤ ਚੰਗੀ ਹੈ ਅਤੇ ਵੱਧ ਘੰਟੇ ਕੰਮ ਕਰੀ ਜਾ ਰਿਹੈ। ਹਾਲੇ ਤਕ ਕਿਸੇ ਗੰਭੀਰ ਬਿਮਾਰੀ-ਠਮਾਰੀ ਤੋਂ ਬਚਿਆ ਹੋਇਐ। ਨੈਣ ਪ੍ਰਾਣ ਸਾਰੇ ਹੀ ਪੂਰੇ ਕਾਇਮ ਹਨ। ਦੋ ਵੇਲੇ ਦੋ-ਦੋ ਰੋਟੀਆਂ ਉਹਦੀ ਮੁੱਖ ਖੁਰਾਕ ਹੈ। ਨਾਲ ਕੱਚੇ ਲਸਣ ਦੀਆਂ ਗੰਢੀਆਂ ਖਾ ਲੈਂਦਾ ਹੈ। ਚਾਹ ਵਿਚ ਤੁਲਸੀ ਤੇ ਦਾਲਚੀਨੀ ਵਾਲਾ ਮਸਾਲਾ ਪਤਨੀ ਪਿਆ ਦਿੰਦੀ ਹੈ। ਜਿਹੜਾ ਉਹ ਚਾਹ ਇਕ ਵਾਰ ਪੀ ਲਵੇ ਮੁੜ ਕੇ ਉਹੀ ਚਾਹ ਪੀਣ ਪੰਨੂੰ ਦੇ ਡੇਰੇ ਗੇੜਾ ਜ਼ਰੂਰ ਮਾਰਦੈ। ਪਿਛੇ ਜਿਹੇ ਉਸ ਦੀ ਐਂਜੀਓਪਲਾਸਟੀ ਹੋਈ ਸੀ ਜਿਸ ਕਰਕੇ ਦਿਲ ਦੀ ਹਿਫਾਜ਼ਤ ਦਾ ਖ਼ਾਸ ਖਿਆਲ ਰੱਖਦੈ। ਫੋਟੋਗਰਾਫੀ, ਸੰਗੀਤ ਤੇ ਬਾਗਬਾਨੀ ਉਹਦੇ ਸ਼ੌਕ ਹਨ। ਘਰ ਦੇ ਬੈਕ ਯਾਰਡ ਵਿਚ ਉਹ ਤੇ ਉਹਦੀ ਪਤਨੀ ਕੁਝ ਨਾ ਕੁਝ ਉਗਾਈ ਰੱਖਦੇ ਹਨ। ਸਬਜ਼ੀ ਭਾਜੀ ਉਹ ਆਮ ਕਰ ਕੇ ਘਰ ਦੀ ਉਗਾਈ ਵਰਤਦੇ ਹਨ।

 

ਪੰਨੂੰ ਨੂੰ ਸੈਰ ਕਰਨ ਦਾ ਵੀ ਸ਼ੌਕ ਹੈ ਪਰ ਕਰਦਾ ਉਦੋਂ ਹੈ ਜਦੋਂ ਕੰਪਿਊਟਰ ’ਤੇ ਕੰਮ ਕਰਦਾ ਥੱਕ ਜਾਵੇ। ਉਹ ਹਾਕੀ ਵਾਲੇ ਬਲਬੀਰ ਸਿੰਘ ਨਾਲ ਸਟੇਟ ਪੱਧਰ ਤਕ ਹਾਕੀ ਖੇਡਿਆ ਪਰ ਹੁਣ ਬੱਧਾ-ਰੁੱਧਾ ਹੀ ਕੋਈ ਖੇਡ ਮੇਲਾ ਵੇਖਦੈ। ਉਂਜ ਜੋ ਕੁਝ ਵੇਖਦੈ ਉਹਦੀ ਫੋਟੋ ਖਿੱਚਣੀ ਨਹੀਂ ਉੱਕਦਾ ਤੇ ਨਾ ਹੀ ਕਲਮ ਵਾਹੁਣੋਂ ਜੱਕਦੈ। ਸਭਿਆਚਾਰਕ ਸਮਾਗਮਾਂ ਵਿਚ ਉਸ ਦਾ ਕੈਮਰਾ ਅਕਸਰ ਅੱਖ-ਮਟੱਕੇ ਮਾਰਦੈ। ਪੰਨੂੰ ਸ਼ੌਂਕੀ ਤਾਂ ਪੂਰਾ ਹੈ ਪਰ ਉਹਦੇ ਬਹੁਤੇ ਸ਼ੌਕ ਕੰਪਿਊਟਰ ਹੀ ਖਾਈ ਜਾਂਦੈ।

 

ਉਹਦਾ ਰੰਗ ਗੋਰਾ ਸੂਹਾ ਹੈ ਤੇ ਉਸ ਦੀ ਸੁਆਣੀ ਦਾ ਰਤਾ ਮੇਘਲਾ। ਉਂਜ ਦੋਹਾਂ ਦੀ ਜੋੜੀ ਕਮਾਲ ਦੀ ਹੈ। ਉਨ੍ਹਾਂ ਦਾ ਨਾ ਰੁਸਦਿਆਂ ਦਾ ਪਤਾ ਲੱਗਦੈ ਤੇ ਨਾ ਮੰਨਦਿਆਂ ਦਾ। ਇਓਂ ਲੱਗਦੈ ਪੰਨੂੰ ਤਾਂ ਸ਼ਾਇਦ ਕਦੇ ਰੁੱਸਿਆ ਹੀ ਨਾ ਹੋਵੇ। ਹਾਸਾ ਮਖੌਲ ਦੋਹਾਂ ਦਾ ਖਾਸਾ ਹੈ। ਮੈਂ ਫੋਨ ਉਤੇ ਭੈਣ ਜੀ ਦਾ ਹਾਲ ਪੱਛ ਲਵਾਂ ਤਾਂ ਫੋਨ ਉਤੇ ਈ ’ਵਾਜ ਵੱਜੇਗੀ-ਭੈਣ ਜੀ ਆਹ ਭਰਾ ਜੀ ਨਾਲ ਗੱਲ ਕਰੋ! ਕਈ ਵਾਰ ਆਪਣੇ ਹੀ ਘਰ ਵੜਦਿਆਂ ਸਰਦਾਰਨੀ ਤੋਂ ਪੁੱਛਿਆ ਜਾਂਦੈ-ਘਰ ਆ ਸਕਦੇ ਐਂ ਜੀ? ਘਰ ਐਸਾ ਬਰਕਤ ਵਾਲਾ ਹੈ ਕਿ ਮਹਿਮਾਨਾਂ ਦੀ ਸੇਵਾ ਪੱਖੋਂ ਕੋਈ ਕਸਰ ਨਹੀਂ ਰਹਿੰਦੀ। ਬੀਬੀ ਪਤਵੰਤ ਕੌਰ ਨੂੰ ਪਿੰਨੀਆਂ, ਪੰਜੀਰੀਆਂ ਤੇ ਹੋਰ ਖਾਧ ਪਦਾਰਥ ਬਣਾਉਣ ਦਾ ਖ਼ਾਸ ਸ਼ੌਕ ਹੈ। ਉਨ੍ਹਾਂ ਦੀ ਜੋੜੀ ਹੋਰਨਾਂ ਲਈ ਮਾਡਲ ਹੈ। ਦੋਹਾਂ ਨੇ ਸੰਜੋਗ ਵਿਜੋਗ ਵਿਚ ਦਿਲ ਗੁਰਦੇ ਨਾਲ ਸੰਘਰਸ਼ ਕੀਤਾ ਹੈ ਤੇ ਸੰਤੁਸ਼ਟ ਜੀਵਨ ਜੀਵਿਆ ਹੈ।

ਅੱਜ ਕੱਲ੍ਹ ਪੰਨੂੰ ਦੰਪਤੀ ਦਾ ਪੱਕਾ ਟਿਕਾਣਾ ਬਰੈਂਪਟਨ ਦੇ ਚੰਕੂਜ਼ੀ-ਬਵੇਅਰਡ ਇੰਟਰ-ਸੈਕਸ਼ਨ ਪਾਸ ਹੈ। ਪੁੱਤਰ ਵੱਖ ਰਹਿੰਦੇ ਹਨ। ਦੋ ਬਰੈਂਪਟਨ ਵਿਚ ਤੇ ਇਕ ਅਮਰੀਕਾ ਦੇ ਸ਼ਹਿਰ ਡਿਟਰਾਇਟ ਵਿਚ। ਪੋਤੇ ਪੋਤੀਆਂ ਪੜ੍ਹ ਰਹੇ ਹਨ। ਪਟਿਆਲੇ ਵਾਲੀ ਕੋਠੀ ਉਨ੍ਹਾਂ ਨੇ ਵੇਚ ਦਿੱਤੀ ਹੈ। ਸਿਆਲਾਂ ਵਿਚ ਉਹ ਸਮਰਾਲੇ ਆਪਣੇ ਨਵੇਂ ਪਾਏ ਆਲ੍ਹਣੇ ’ਚ ਚਲੇ ਜਾਂਦੇ ਹਨ। ਉਥੇ ਬੀਬੀ ਪਤਵੰਤ ਕੌਰ ਪੰਨੂੰ ਦੀ ਭੈਣ ਹੈ ਤੇ ਸਖੀਆਂ ਸਹੇਲੀਆਂ ਹਨ ਜਿਹੜੀਆਂ ਉਹਦਾ ਦਿਲ ਲਵਾਈ ਰੱਖਦੀਆਂ ਹਨ। ਪੰਨੂੰ ਦਾ ਯਾਰ ਲੈਪਟਾਪ ਤਾਂ ਹਰ ਵੇਲੇ ਪੰਨੂੰ ਦੇ ਅੰਗ ਸੰਗ ਹੀ ਹੁੰਦੈ। ਉਹ ਕਦੇ-ਕਦੇ ਕੰਪਿਊਟਰ ਬਾਰੇ ਲੈਕਚਰ ਦੇਣ ਲਈ ਵਿਦਿਅਕ ਸੰਸਥਾਵਾਂ ਵਿਚ ਜਾਂਦਾ ਰਹਿੰਦੈ। ਰਾੜਾ ਸਾਹਿਬ ਨਾਲ ਤਾਂ ਉਸ ਦਾ ਬਚਪਨ ਦਾ ਪ੍ਰੇਮ ਹੈ।

ਜਦੋਂ ਉਹ ਟੋਰਾਂਟੋ ’ਚ ਹੁੰਦਾ ਹੈ ਤਾਂ ਕਲਮਾਂ ਦੇ ਕਾਫ਼ਲੇ ਵਿਚ ਜਾਂਦਾ ਹੈ ਤੇ ਪੰਜਾਬੀ ਭਾਈਚਾਰੇ ਦੀਆਂ ਗਤੀਵਿਧੀਆਂ ਦੀ ਸਾਰ ਰੱਖਦਾ ਹੈ। ਸਭਿਆਚਾਰਕ ਸਮਾਗਮਾਂ ਵਿਚ ਜਾਣਾ ਤੇ ਉਨ੍ਹਾਂ ਦੀ ਰਿਪੋਟ ਲਿਖਣਾ ਉਸ ਦਾ ਆਮ ਰੁਟੀਨ ਹੈ। ਕੰਪਿਊਟਰ ਬਾਰੇ ਉਸ ਦੇ ਲੇਖ ਅਖ਼ਬਾਰਾਂ ’ਚ ਛਪਦੇ ਤੇ ਵੈੱਬਸਾਈਟਾਂ ’ਤੇ ਆਉਂਦੇ ਰਹਿੰਦੇ ਹਨ। ਮੇਰੇ ਵਾਰ-ਵਾਰ ਜ਼ੋਰ ਦੇਣ ’ਤੇ ਉਸ ਨੇ ‘ਆਓ ਕੰਪਿਊਟਰ ਸਿੱਖੀਏ’ ਨਾਂ ਦੀ ਪੁਸਤਕ ਲਿਖੀ ਸੀ ਜਿਸ ਦੇ ਦੋ ਐਡੀਸ਼ਨ ਮੁੱਕ ਚੁੱਕੇ ਹਨ ਤੇ ਤੀਜਾ ਛਪ ਚੁੱਕੈ। ਉਹ ਆਪਣੇ ਕੰਮ ਵਿਚ ਪੂਰਾ ਮਗਨ ਹੈ। ਪੰਜਾਬ ਵਿਚ ਆਕੂਪ੍ਰੈਸ਼ਰ ਦੇ ਮੁਫ਼ਤ ਮੈਡੀਕਲ ਕੈਂਪ ਲੁਆਉਣ ਵਿਚ ਉਹ ਡਾਕਟਰ ਗੁਰਮੀਤ ਸਿੰਘ ਨੂੰ ਪੂਰਾ ਸਹਿਯੋਗ ਦਿੰਦੈ। ਉਸ ਬਾਰੇ ਲਿਖਦੈ ਤੇ ਕਈ-ਕਈ ਦਿਨ ਕੈਂਪ ਵਿਚ ਹੀ ਬਿਤਾਉਂਦੈ। ਉਹਦੀ ਸੇਵਾ ਭਾਈ ਘਨੱਈਏ ਵਾਂਗ ਹੈ। ਬੋਲਬਾਣੀ ਵਿਚ ਨਰਮੀ ਤੇ ਸੁਭਾਅ ਵਿਚ ਮਿਲਣਸਾਰੀ ਹੈ। ਨਾ ਕੋਈ ਐਬ ਹੈ ਤੇ ਨਾ ਸਵਾਬ। ਕਿਸੇ ਦੇ ਕੰਮ ਆ ਕੇ ਉਹ ਜਿੰਨੀ ਖ਼ੁਸ਼ੀ ਮਹਿਸੂਸ ਕਰਦੈ ਉਨੀ ਆਪਣਾ ਕੰਮ ਕਰਾ ਕੇ ਨਹੀਂ। ਇਹੋ ਕਾਰਨ ਹੈ ਕਿ ਉਹ ਕਿਸੇ ਤੋਂ ਕੁਛ ਮੰਗਦਾ ਨਹੀਂ। ਪਰ ਉਸ ਦੇ ਚਿਤਵੇ ਹੋਏ ਪ੍ਰੋਜੈਕਟ ਕਾਫੀ ਵੱਡੇ ਹਨ ਤੇ ਖਰਚਾ ਵੀ ਮੰਗਦੇ ਹਨ। ਇਹ ਤਾਂ ਸਮਰੱਥ ਸੰਸਥਾਵਾਂ ਨੂੰ ਸੋਚਣਾ ਚਾਹੀਦੈ ਕਿ ਕਿਰਪਾਲ ਸਿੰਘ ਪੰਨੂੰ ਵਰਗੇ ਫਰਿਹਾਦ ਤੋਂ ਕੰਪਿਊਟਰ ਦਾ ਪਹਾੜ ਕਿਵੇਂ ਪੁਟਾਉਣਾ ਹੈ? ਆਪਣਾ ਤੇਸਾ ਤਾਂ ਉਹ ਚਲਾਈ ਹੀ ਜਾਂਦਾ ਹੈ ਤੇ ਉਦੋਂ ਤਕ ਚਲਾਉਂਦਾ ਰਹੇਗਾ ਜਦੋਂ ਤਕ ਨੈਣ ਪ੍ਰਾਣ ਕਾਇਮ ਹਨ।

Read 4745 times Last modified on Sunday, 06 May 2018 22:18
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।