You are here:ਮੁਖ ਪੰਨਾ»ਨਾਵਲ»ਕੌਰਵ ਸਭਾ»ਕੌਰਵ ਸਭਾ - ਕਾਂਡ 50-59

ਲੇਖ਼ਕ

Friday, 27 April 2018 01:57

ਕੌਰਵ ਸਭਾ - ਕਾਂਡ 50-59

Written by
Rate this item
(0 votes)

-50-

 

ਪਿਛਲੇ ਇੱਕ ਹਫ਼ਤੇ ਤੋਂ ਕਿਸੇ ਨੇ ਵੀ ਹਸਪਤਾਲ ਗੇੜਾ ਨਹੀਂ ਸੀ ਮਾਰਿਆ। ਮਰੀਜ਼ਾਂ ਦੀ ਦੇਖ ਭਾਲ ਲਈ ਰਾਮ ਨਾਥ ਸੀ, ਸੰਗੀਤਾ ਸੀ ਜਾਂ ਨੇਹਾ।

ਵਾਰਦਾਤ ਹੋਈ ਨੂੰ ਇੱਕ ਮਹੀਨਾ ਹੋਣ ਵਾਲਾ ਸੀ। ਦੁੱਖਾਂ ਭਰੇ ਦਿਨਾਂ ਦਾ ਇੱਕ ਇੱਕ ਪਲ ਕਈ ਕਈ ਯੁਗਾਂ ਜਿਡਾ ਲੰਮਾ ਸੀ। ਫੇਰ ਵੀ ਰਾਮ ਨਾਥ ਨੂੰ ਪਤਾ ਨਹੀਂ ਸੀ ਲੱਗਾ, ਕਦੋਂ ਦਿਨ ਚੜ੍ਹਦਾ ਅਤੇ ਕਦੋਂ ਛਿਪਦਾ ਸੀ।

ਰਾਮ ਨਾਥ ਆਪਣੇ ਆਪ ਨੂੰ ਆਲਸੀ ਸੁਭਾਅ ਦਾ ਮੰਨਦਾ ਸੀ। ਸਵੇਰੇ ਲੇਟ ਉੱਠਣਾ, ਹੌਲੀ ਹੌਲੀ ਨਹਾਉਣਾ ਧੋਣਾ। ਕੰਮ ’ਤੇ ਲੇਟ ਜਾਣਾ। ਕਦੇ ਸ਼ਹਿਰੋਂ ਬਾਹਰ ਜਾਣਾ ਪੈ ਜਾਏ ਤਾਂ ਉਸਨੂੰ ਪਿੱਸੂ ਪੈ ਜਾਂਦੇ ਸਨ। ਜਿੰਨਾ ਚਿਰ ਟਲ ਸਕਦਾ ਸੀ, ਉਹ ਘਰੋਂ ਬਾਹਰ ਜਾਣ ਤੋਂ ਟਲਦਾ ਸੀ। ਦੂਸਰੀ ਥਾਂ ਨਾ ਉਸਨੂੰ ਨੀਂਦ ਆਉਂਦੀ ਸੀ, ਨਾ ਖਾਣ ਪੀਣ ਠੀਕ ਬੈਠਦਾ ਸੀ। ਸਵੇਰੇ ਉੱਠਦਿਆਂ ਉਸਨੂੰ ਕਬਜ਼ ਹੋ ਜਾਂਦੀ ਸੀ। ਹਫ਼ਤਾ ਦਵਾਈ ਖਾ ਕੇ ਮਸਾਂ ਪੇਟ ਥਾਂ ਸਿਰ ਆਉਂਦਾ ਸੀ।

ਪਿਛਲੇ ਇੱਕ ਮਹੀਨੇ ਵਿੱਚ ਸਭ ਕੁੱਝ ਉਸਦੇ ਸੁਭਾਅ ਦੇ ਉਲਟ ਹੋਇਆ ਸੀ। ਉਹ ਦਿਨ ਰਾਤ ਭੰਬੀਰੀ ਵਾਂਗ ਘੁੰਮ ਰਿਹਾ ਸੀ। ਇੱਕ ਪਲ ਉਹ ਹਸਪਤਾਲ ਹੁੰਦਾ, ਦੂਜੇ ਥਾਣੇ, ਤੀਜੇ ਕਚਹਿਰੀ ਅਤੇ ਚੌਥੇ ਕੋਠੀ। ਨਾ ਖਾਣ ਦਾ ਖ਼ਿਆਲ ਸੀ ਨਾ ਸੌਣ ਦਾ। ਜਦੋਂ ਜੋ ਮਿਲਿਆ, ਅੰਦਰ ਸੁੱਟ ਲਿਆ, ਜਿਥੇ ਮੌਕਾ ਮਿਲਿਆ, ਅੱਖ ਲਾ ਲਈ।

ਦੋ ਚਾਰ ਰਾਤਾਂ ਨੂੰ ਛੱਡ ਕੇ ਰਾਮ ਨਾਥ ਦੀਆਂ ਬਾਕੀ ਰਾਤਾਂ ਹਸਪਤਾਲ ਵਿੱਚ ਬੀਤੀਆਂ ਸਨ। ਦੋਵੇਂ ਮਰੀਜ਼ ਜਨਰਲ ਵਾਰਡ ਵਿੱਚ ਸਨ। ਮਰੀਜ਼ਾਂ ਦੇ ਵਾਰਿਸਾਂ ਨੂੰ ਮਰੀਜ਼ਾਂ ਕੋਲ ਸੌਣ ਦੀ ਇਨ੍ਹਾਂ ਵਾਰਡਾਂ ਵਿੱਚ ਕੋਈ ਸਹੂਲਤ ਨਹੀਂ ਸੀ। ਹਰ ਮਰੀਜ਼ ਦੇ ਬਿਸਤਰੇ ਕੋਲ ਇੱਕ ਢਾਈ ਕੁ ਫੁੱਟ ਲੰਬਾ ਅਤੇ ਪੌਣਾ ਕੁ ਫੁੱਟ ਚੌੜਾ ਬੈਂਚ ਪਿਆ ਸੀ। ਦਿਨੇ ਇਹ ਬੈਂਚ ਹਾਲ ਚਾਲ ਪੁੱਛਣ ਆਏ ਰਿਸ਼ਤੇਦਾਰਾਂ ਦੇ ਕੰਮ ਆਉਂਦਾ ਸੀ ਅਤੇ ਰਾਤ ਨੂੰ ਰਾਮ ਨਾਥ ਦੇ ਢੂਹੀ ਸਿੱਧੀ ਕਰਨ ਦੇ।

ਕਦੇ ਕੋਈ ਰਿਸ਼ਤੇਦਾਰ ਰਾਤ ਕਟਾਉਣ ਆ ਜਾਂਦਾ ਤਾਂ ਰਾਮ ਨਾਥ ਹਸਪਤਾਲ ਦੇ ਲਾਂਘਿਆਂ ਵਿੱਚ ਸੁੱਤੇ ਮਰੀਜ਼ਾਂ ਦੇ ਵਾਰਿਸਾਂ ਕੋਲ ਆਪਣੀ ਦਰੀ ਵਿਛਾ ਲੈਂਦਾ। ਹਸਪਤਾਲ ਦੀਆਂ ਜਗਦੀਆਂ ਬੱਤੀਆਂ, ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਦਾ ਸ਼ੋਰ ਪਹਿਲਾਂ ਪਹਿਲ ਉਸ ਨੂੰ ਤੰਗ ਕਰਦਾ ਸੀ। ਸਾਰੀ ਸਾਰੀ ਰਾਤ ਉਸਨੂੰ ਨੀਂਦ ਨਹੀਂ ਸੀ ਆਉਂਦੀ। ਭੁਲ ਭੁਲੇਖੇ ਕਦੇ ਅੱਖ ਲੱਗ ਜਾਂਦੀ ਤਾਂ ਕੋਈ ਨਾ ਕੋਈ ਨਰਸ ਉਸਨੂੰ ਆ ਝੰਜੋੜਦੀ। ਕਦੇ ਵੇਦ ਨੇ ਪਾਸਾ ਦਿਵਾਉਣਾ ਹੁੰਦਾ ਅਤੇ ਕਦੇ ਗਿੱਲੇ ਕਪੜਿਆਂ ਨੂੰ ਬਦਲਣਾ ਹੁੰਦਾ। ਇੱਕ ਵਾਰ ਕੱਚੀ ਨੀਂਦੋ ਉੱਠਣ ਬਾਅਦ ਉਸਨੂੰ ਕਦੇ ਨੀਂਦ ਨਹੀਂ ਸੀ ਆਉਂਦੀ। ਉੱਸਲ ਵੱਟੇ ਲੈਂਦਾ ਉਹ ਪੰਕਜ ਅਤੇ ਨੀਰਜ ਉਪਰ ਕੁੜ੍ਹਦਾ ਰਹਿੰਦਾ। ਉਨ੍ਹਾਂ ਨੂੰ ਅੰਦਰ ਕਰਾਉਣ ਦੀਆਂ ਯੋਜਨਾਵਾਂ ਘੜਦਾ ਰਹਿੰਦਾ।

ਰਾਮ ਨਾਥ ਨੇ ਕਿਸੇ ਥਾਂ ਪੜ੍ਹਿਆ ਸੀ। ਮਨੁੱਖ ਅੰਦਰ ਅਥਾਹ ਸ਼ਕਤੀਆਂ ਦਾ ਸੋਮਾ ਹੈ। ਲੋੜ ਪੈਣ ’ਤੇ ਇਹ ਸ਼ਕਤੀਆਂ ਆਪਣੇ ਆਪ ਜਾਗ ਪੈਂਦੀਆਂ ਹਨ। ਜਾਗੀਆਂ ਸ਼ਕਤੀਆਂ ਮਨੁੱਖ ਤੋਂ ਅਜੀਬੋ ਗਰੀਬ ਕਾਰਨਾਮੇ ਕਰਵਾ ਦਿੰਦੀਆਂ ਹਨ।

ਇਹ ਕਥਨ ਰਾਮ ਨਾਥ ਉਪਰ ਸੱਚ ਸਾਬਤ ਹੋ ਰਿਹਾ ਸੀ। ਇਸ ਇੱਕ ਮਹੀਨੇ ਵਿੱਚ ਨਾ ਉਸਨੂੰ ਬੁਖ਼ਾਰ ਚੜ੍ਹਿਆ ਸੀ, ਨਾ ਕਬਜ਼ ਹੋਈ ਸੀ। ਨਾ ਪੌੜੀਆਂ ਚੜ੍ਹਦੇ ਉਸ ਦਾ ਸਾਹ ਚੜ੍ਹਿਆ ਸੀ ਅਤੇ ਨਾ ਗੋਡਿਆਂ ਵਿੱਚ ਦਰਦ ਹੋਇਆ ਸੀ। ਉਹ ਟਟ੍ਹੀਰੀ ਵਾਂਗ ਭੱਜਦਾ ਫਿਰਦਾ ਸੀ।

ਪਰ ਭਰਾਵਾਂ ਦੇ ਸਾਥ ਛੱਡ ਜਾਣ ਕਾਰਨ ਉਸ ਅੰਦਰਲੀਆਂ ਗੈਬੀ ਸ਼ਕਤੀਆਂ ਜਿਵੇਂ ਮੁੜ ਸੌਂ ਗਈਆਂ ਸਨ। ਹੁਣ ਇਕੱਲੇ ਬੈਠੇ ਰਾਮ ਨਾਥ ਦਾ ਦਿਲ ਘਬਰਾਉਣ ਲੱਗਦਾ ਸੀ। ਆਪਣੇ ਚੌਪਟ ਹੋ ਰਹੇ ਧੰਦੇ ਦਾ ਫ਼ਿਕਰ ਉਸਨੂੰ ਵੱਢ ਵੱਢ ਖਾ ਰਿਹਾ ਸੀ। ਵਕਾਲਤ ਵਿੱਚ ਸਥਾਪਤ ਹੋਣ ਲਈ ਰਾਮ ਨਾਥ ਨੇ ਦਸ ਸਾਲ ਸਖ਼ਤ ਮਿਹਨਤ ਕੀਤੀ ਸੀ।

ਪਟਵਾਰੀਆਂ, ਸਰਪੰਚਾਂ, ਕਾਮਰੇਡਾਂ ਅਤੇ ਸਿਆਸੀ ਨੇਤਾਵਾਂ ਦੀ ਮੁੱਠੀ ਚਾਪੀ ਕਰਕੇ ਉਸਨੇ ਮਸਾਂ ਰੋਟੀ ਖਾਣ ਜੋਗਾ ਕੰਮ ਰੇੜ੍ਹਿਆ ਸੀ। ਮੁੜ ਲੀਹ ’ਤੇ ਪੈਣ ਲਈ ਪਤਾ ਨਹੀਂ ਉਸਨੂੰ ਕਿੰਨੇ ਸਾਲ ਲਗਣੇ ਸਨ।

ਰਾਮ ਨਾਥ ਅਤੇ ਸੰਗੀਤਾ ਨੇ ਮਿਲ ਕੇ ਮਸਾਂ ਬੱਚਿਆਂ ਦੇ ਭਵਿੱਖ ਦਾ ਮੂੰਹ ਮੱਥਾ ਸੰਵਾਰਿਆ ਸੀ। ਉਸਦਾ ਬੇਟਾ ਬੀ.ਏ.ਦੇ ਆਖ਼ਰੀ ਸਾਲ ਵਿੱਚ ਸੀ। ਜੇ ਨੰਬਰ ਘੱਟ ਰਹਿ ਗਏ, ਉਸਨੂੰ ਪੰਜਾਬ ਦੇ ਕਿਸੇ ਲਾਅ ਕਾਲਜ ਵਿੱਚ ਦਾਖ਼ਲਾ ਨਹੀਂ ਸੀ ਮਿਲਣਾ। ਪੰਜਾਬ ਤੋਂ ਬਾਹਰ ਜਾ ਕੇ ਨਾਲੇ ਪੜ੍ਹਾਈ ਖ਼ਰਾਬ ਹੋਣੀ ਸੀ ਨਾਲੇ ਖਰਚਾ ਦੁੱਗਣਾ ਹੋਣਾ ਸੀ। ਉਸ ਤੋਂ ਛੋਟੀ ਬੇਟੀ ਐਮ.ਬੀ.ਬੀ.ਐਸ.ਵਿੱਚ ਦਾਖ਼ਲ ਹੋਣ ਦੀ ਆਸ ਲਾਈ ਬੈਠੀ ਸੀ। ਕਾਲਜ ਦੀ ਪੜ੍ਹਾਈ ਦੇ ਨਾਲ ਨਾਲ ਉਸਨੂੰ ਕੰਪੀਟੀਸ਼ਨ ਦੀ ਤਿਆਰੀ ਲਈ ਕਈ ਕਈ ਥਾਈਂ ਟਿਊਸ਼ਨ ਪੜ੍ਹਨ ਜਾਣਾ ਪੈਂਦਾ ਸੀ। ਸਭ ਤੋਂ ਛੋਟੀ ਬੇਟੀ ਦਸਵੀਂ ਕਲਾਸ ਵਿੱਚ ਸੀ। ਉਸਦਾ ਭਵਿੱਖ ਵੀ ਇਸ ਜਮਾਤ ਵਿਚੋਂ ਪ੍ਰਾਪਤ ਕੀਤੇ ਨੰਬਰਾਂ ਤੇ ਨਿਰਭਰ ਕਰਦਾ ਸੀ। ਉਨ੍ਹਾਂ ਦੇ ਮਾਇਆ ਨਗਰ ਰਹਿਣ ਕਾਰਨ ਤਿੰਨਾਂ ਬੱਚਿਆਂ ਦਾ ਭਵਿੱਖ ਧੁੰਦਲਾ ਹੁੰਦਾ ਜਾ ਰਿਹਾ ਸੀ।

ਜੇ ਕਿਧਰੇ ਸੰਗੀਤਾ ਦੀ ਬਦਲੀ ਕਿਸੇ ਦੂਰ ਦੁਰਾਡੇ ਪਿੰਡ ਦੀ ਹੋ ਗਈ, ਉਨ੍ਹਾਂ ਦੇ ਘਰ ਦੀ ਸਾਰੀ ਵਿਵਸਥਾ ਉੱਥਲ ਪੁੱਥਲ ਹੋ ਜਾਣੀ ਸੀ।

ਇਕੱਲਾ ਬੈਠਾ ਰਾਮ ਨਾਥ ਜਲਦੀ ਤੋਂ ਜਲਦੀ ਆਪਣੇ ਸ਼ਹਿਰ ਮੁੜ ਜਾਣ ਲਈ ਕਾਹਲਾ ਪੈਣ ਲੱਗਦਾ ਸੀ।

ਕੁੱਝ ਦਿਨਾਂ ਤੋਂ ਦੋਹਾਂ ਮਰੀਜ਼ਾਂ ਦੀ ਸਥਿਤੀ ਸਥਿਰ ਬਣੀ ਹੋਈ ਸੀ। ਜੇ ਕੁੱਝ ਦਿਨ ਕੋਈ ਗੜਬੜ ਨਾ ਹੋਈ ਤਾਂ ਉਨ੍ਹਾਂ ਨੂੰ ਛੁੱਟੀ ਹੋ ਸਕਦੀ ਸੀ।

ਆਸ ਦੀ ਇਹ ਕਿਰਨ ਰਾਮ ਨਾਥ ਦੇ ਬੁਝੇ ਮਨ ਨੂੰ ਕੁੱਝ ਰੁਸ਼ਨਾ ਰਹੀ ਸੀ।

ਪਰ ਨੀਲਮ ਦੇ ਵਾਰਡ ਵਿੱਚ ਪਏ ਮਰੀਜ਼ਾਂ ਦੇ ਵਾਰਿਸ ਰਾਮ ਨਾਥ ਤੋਂ ਉਲਟ ਸੋਚ ਰਹੇ ਸਨ।

ਨੀਲਮ ਦੇ ਦੌਰੇ ਬੰਦ ਸਨ, ਪਰ ਬੇਹੋਸ਼ੀ ਕਾਇਮ ਸੀ। ਜਿਸ ਤਰ੍ਹਾਂ ਦੀ ਉਸਦੀ ਹਾਲਤ ਪੰਦਰਾਂ ਦਿਨ ਪਹਿਲਾਂ ਸੀ, ਉਸੇ ਤਰ੍ਹਾਂ ਦੀ ਅੱਜ ਸੀ। ਨੀਲਮ ਨੇ ਜਿੰਨਾ ਠੀਕ ਹੋਣਾ ਸੀ, ਹੋ ਚੁੱਕੀ ਸੀ। ਹਸਪਤਾਲ ਰੱਖਣ ਦਾ ਕੋਈ ਫ਼ਾਇਦਾ ਨਹੀਂ ਸੀ। ਅੱਠ ਘੰਟਿਆਂ ਬਾਅਦ ਉਸਦੀ ਗੁਲੂਕੋਜ਼ ਵਾਲੀ ਬੋਤਲ ਬਦਲੀ ਜਾਂਦੀ ਸੀ। ਨਰਸਾਂ ਦਿਨ ਵਿੱਚ ਤਿੰਨ ਵਾਰ ਉਸ ਨੂੰ ਦਵਾਈ ਦਿੰਦੀਆਂ ਸਨ। ਇਹ ਕੰਮ ਕਿਸੇ ਨਰਸ ਨੂੰ ਘਰ ਬੁਲਾ ਕੇ ਕਰਵਾਇਆ ਜਾ ਸਕਦਾ ਸੀ।

ਇਸ ਤਰ੍ਹਾਂ ਦੇ ਕਈ ਮਰੀਜ਼ ਸਾਲ ਸਾਲ ਤੋਂ ਇਸ ਵਾਰਡ ਵਿੱਚ ਪਏ ਸਨ। ਡਾਕਟਰਾਂ ਨੇ ਉਨਾ ਚਿਰ ਉਸ ਨੂੰ ਛੁੱਟੀ ਨਹੀਂ ਦੇਣੀ, ਜਿੰਨਾ ਚਿਰ ਉਨ੍ਹਾਂ ਨੇ ਮੰਗਣੀ ਨਹੀਂ। ਪ੍ਰਾਈਵੇਟ ਹਸਪਤਾਲ ਸੀ। ਫੀਸਾਂ ਵਿਚੋਂ ਡਾਕਟਰਾਂ ਨਰਸਾਂ ਨੂੰ ਹਿੱਸਾ ਮਿਲਦਾ ਸੀ। ਕੋਈ ਆਪਣੇ ਰੁਜ਼ਗਾਰ ਵਿੱਚ ਲੱਤ ਕਿਉਂ ਮਾਰੇਗਾ?

ਇਹੋ ਸਲਾਹ ਵੇਦ ਦੇ ਹਮਦਰਦਾਂ ਦੀ ਸੀ। ਉਸਦੇ ਜੁਬਾੜੇ ਵਾਲੀ ਤਾਰ ਖੁਲ੍ਹ ਗਈ ਸੀ। ਦਰਦ ਘਟ ਗਿਆ ਸੀ। ਉਹ ਬੋਲਣ ਚਾਲਣ ਲੱਗ ਪਿਆ ਸੀ। ਤਰਲ ਪਦਾਰਥ ਅੰਦਰ ਜਾਣ ਲੱਗਾ ਸੀ। ਪਲੱਸਤਰ ਛੇ ਹਫ਼ਤੇ ਬਾਅਦ ਖੁਲ੍ਹਣਾ ਸੀ। ਲੋੜ ਪਈ ਦੋਬਾਰਾ ਲੱਗ ਜਾਣਾ ਸੀ। ਪਿਛਲੇ ਦਸ ਬਾਰਾਂ ਦਿਨਾਂ ਵਿੱਚ ਡਾਕਟਰਾਂ ਨੇ ਦਸੋ ਕੀ ਕੀਤਾ ਸੀ?

ਡਾਕਟਰ ਦਿਨ ਵਿੱਚ ਇੱਕ ਵਾਰ ਆਉਂਦਾ ਸੀ। ਹਾਲ ਚਾਲ ਪੁੱਛ ਕੇ ਮੁੜ ਜਾਂਦਾ ਸੀ।

“ਕਿਉਂ ਹਸਪਤਾਲ ਵਿੱਚ ਵਰਾਨ ਹੁੰਦੇ ਹੋ? ਘਰ ਜਾਓ। ਕੰਮ ਸੰਭਾਲੋ। ਪੰਦਰਾਂ ਦਿਨਾਂ ਬਾਅਦ ਐਕਸਰੇ ਕਰਵਾ ਕੇ ਦਿਖਾ ਜਾਇਆ ਕਰੋ।”

ਰਾਮ ਨਾਥ ਨੂੰ ਲੋਕਾਂ ਦੀ ਰਾਏ ਠੀਕ ਲੱਗੀ। ਡਾਕਟਰ ਉਨ੍ਹਾਂ ਨੂੰ ਉੱਲੂ ਬਣਾ ਰਹੇ ਸਨ। ਮਰੀਜ਼ ਛੁੱਟੀ ਦੇ ਕਾਬਲ ਸਨ।

ਛੁੱਟੀ ਰਾਮ ਨਾਥ ਦੀ ਲੋੜ ਵੀ ਸੀ।

ਡਾਕਟਰਾਂ ਨਾਲ ਗੱਲ ਕੀਤੀ। ਉਹ ਆਪਣੀ ਸਲਾਹ ਦੇਣ ਲੱਗੇ।

ਨੀਲਮ ਦੀ ਹਾਲਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਸੀ। ਡਾਕਟਰਾਂ ਨੂੰ ਆਸ ਸੀ ਦੋ ਚਾਰ ਦਿਨਾਂ ਦੇ ਅੰਦਰ ਅੰਦਰ ਉਹ ਇਸ਼ਾਰੇ ਸਮਝਣ ਲੱਗੇਗੀ। ਚਮਚਾ ਬੁਲ੍ਹਾਂ ’ਤੇ ਲਾਉਣ ਨਾਲ ਮੂੰਹ ਖੋਲ੍ਹਣ ਲੱਗੇਗੀ। ਇੰਨਾ ਕੁ ਸੁਧਾਰ ਹੁੰਦਿਆਂ ਹੀ ਛੁੱਟੀ ਕਰ ਦਿੱਤੀ ਜਾਵੇਗੀ।

ਹੁਣ ਛੁੱਟੀ ਕੀਤੀ ਗਈ ਤਾਂ ਸੁਧਰੀ ਹਾਲਤ ਵਿਗੜ ਸਕਦੀ ਸੀ। ਇੱਕ ਵਾਰ ਹੋਈ ਅਣਗਹਿਲੀ ਨੀਲਮ ਦੇ ਦਿਮਾਗ਼ ਨੂੰ ਹਮੇਸ਼ਾ ਲਈ ਸੁੰਨ ਕਰ ਸਕਦੀ ਸੀ। ਡਾਕਟਰ ਖ਼ੁਦ ਛੁੱਟੀ ਨਹੀਂ ਦੇ ਸਕਦੇ। ਉਨ੍ਹਾਂ ਦੀ ਸਲਾਹ ਦੇ ਉਲਟ ਮਰੀਜ਼ ਨੂੰ ਲਿਜਾਇਆ ਜਾ ਸਕਦਾ ਸੀ।

ਇਹੋ ਸਲਾਹ ਵੇਦ ਦੇ ਡਾਕਟਰ ਦੀ ਸੀ।

ਮਰੀਜ਼ ਦੀ ਉਮਰ ਜ਼ਿਆਦਾ ਸੀ। ਹੱਡੀ ਬਣਨ ਵਿੱਚ ਦੇਰ ਲੱਗ ਰਹੀ ਸੀ। ਹੱਡੀ ਕੱਚੀ ਸੀ, ਜੋੜ ਅੱਲੇ ਸਨ। ਘਰ ਜਾ ਕੇ ਦੇਖ ਭਾਲ ਵਿੱਚ ਜੇ ਅਣਗਹਿਲੀ ਹੋਈ ਤਾਂ ਜ਼ਖ਼ਮਾਂ ਵਿੱਚ ਪਸ ਪੈ ਸਕਦੀ ਸੀ। ਪਲੇਟਾਂ ਖਿਸਕ ਸਕਦੀਆਂ ਸਨ। ਹੱਡੀਆਂ ਗ਼ਲਤ ਥਾਂ ਜੁੜ ਸਕਦੀਆਂ ਸਨ। ਮਰੀਜ਼ ਵਾਰ ਵਾਰ ਅਪਰੇਸ਼ਨ ਕਰਾਉਣ ਦੀ ਸਥਿਤੀ ਵਿੱਚ ਨਹੀਂ ਸੀ। ਛੇ ਹਫ਼ਤੇ ਬਾਅਦ ਸਕੈਨ ਕਰਕੇ ਇੱਕ ਇੱਕ ਹੱਡੀ ਦਾ ਜਾਇਜ਼ਾ ਲਿਆ ਜਾਣਾ ਸੀ।

ਹੁਣ ਤਕ ਸਭ ਅੱਛਾ ਸੀ। ਇਸੇ ਤਰ੍ਹਾਂ ਚਲਦਾ ਰਿਹਾ ਤਾਂ ਛੇ ਹਫ਼ਤੇ ਬਾਅਦ ਛੁੱਟੀ ਹੋ ਜਾਣੀ ਸੀ।

ਘਰ ਤਕ ਜਾਂਦਿਆਂ, ਮੰਜਾ ਬਦਲਦਿਆਂ, ਉੱਠਦਿਆਂ ਬੈਠਦਿਆਂ, ਹੱਡੀਆਂ ਨੂੰ ਖ਼ਤਰਾ ਹੀ ਖ਼ਤਰਾ ਸੀ।

ਡਾਕਟਰਾਂ ਦੀ ਰਾਏ ਨੇ ਰਾਮ ਨਾਥ ਦੀਆਂ ਘਰ ਜਾਣ ਦੀਆਂ ਯੋਜਨਾਵਾਂ ਮਿੱਟੀ ਵਿੱਚ ਮਿਲਾ ਦਿੱਤੀਆਂ।

ਉਹ ਮਨ ਮਸੋਸ ਕੇ ਬੈਠ ਗਿਆ।

“ਕਿਉਂ ਕਾਹਲ ਕਰਦੇ ਹੋ? ਜਿੱਧਥੇ ਇੰਨੇ ਦਿਨ ਕੱਧਟੇ ਗਏ, ਉਥੇ ਦੋ ਚਾਰ ਦਿਨ ਹੋਰ ਸਹੀ। ਪਿਛੋਂ ਪਛਤਾਵਾਂਗੇ। ਧੀਅ ਭੈਣ ਦਾ ਕੰਮ ਹੈ।”

ਸੰਗੀਤਾ ਨੇ ਰਾਮ ਨਾਥ ਦਾ ਹੌਸਲਾ ਵਧਾਉਣ ਦਾ ਯਤਨ ਕੀਤਾ।

“ਹੋਰ ਆਪਾਂ ਕਰ ਵੀ ਕੀ ਸਕਦੇ ਹਾਂ?”

ਰਾਮ ਨਾਥ ਹਉਕਾ ਭਰਨ ਤੋਂ ਸਿਵਾ ਕੁੱਝ ਨਹੀਂ ਸੀ ਕਰ ਸਕਦਾ।

ਇਹੋ ਉਸਨੇ ਕੀਤਾ।

 

-51-

 

ਸ਼ਤਰੰਜ ਦੇ ਖਿਲਾੜੀਆਂ ਵਾਂਗ ਦੋਹਾਂ ਧਿਰਾਂ ਨੇ ਆਪਣੀਆਂ ਆਪਣੀਆਂ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਾਸੇ ਵਿਉਪਾਰਕ ਚਾਲਾਂ ਸਨ, ਦੂਜੇ ਪਾਸੇ ਸਿਆਸੀ ਹੱਥ ਕੰਡੇ।

ਪੰਕਜ ਹੋਰੇ ਬਘੇਲ ਸਿੰਘ ਨਾਲ ਚੱਲ ਰਹੀ ਗੱਲ ਲਟਕਾਉਣ ਲਗੇ। ਆਪਣੀ ਜਾਣੇ ਉਹ ਪੇਸ਼ਗੀ ਜ਼ਮਾਨਤ ਦੇ ਸਾਰੇ ਇੰਤਜ਼ਾਮ ਕਰ ਆਏ ਸਨ। ਸਰਕਾਰੀ ਵਕੀਲ ਨੇ ਉਨ੍ਹਾਂ ਦੀ ਪਿੱਠ ਥਾਪੜੀ ਸੀ। ਵਾਸੂਦੇਵਾ ਆਪਣੀ ਹਿੱਕ ਥਾਪੜ ਰਿਹਾ ਸੀ। ਪੇਸ਼ਗੀ ਜ਼ਮਾਨਤ ਮਨਜ਼ੂਰ ਹੋਣ ਵਿੱਚ ਕੋਈ ਕਸਰ ਬਾਕੀ ਨਹੀਂ ਸੀ।

ਇੱਕ ਵਾਰ ਜ਼ਮਾਨਤ ਮਨਜ਼ੂਰ ਹੋ ਗਈ ਫੇਰ ਬਘੇਲ ਸਿੰਘ ਦੇ ਰੇਟ ਠਰੇ ਪਾਰੇ ਵਾਂਗ ਹੇਠਾਂ ਡਿੱਗਣ ਲੱਗਣੇ ਸਨ।

ਬਘੇਲ ਸਿੰਘ ਸਿਆਸੀ ਘਾਗ ਸੀ। ਉਹ ਪੰਕਜ ਦੇ ਇਸ਼ਾਰਿਆਂ ਨੂੰ ਭਾਂਪ ਗਿਆ।

ਆਪਣੀ ਅੜੀ ਪੁਗਾਉਣ ਲਈ ਹਾਈ ਕੋਰਟ ਕੋਲੋਂ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਰੱਦ ਕਰਾਉਣੀ ਜ਼ਰੂਰੀ ਸੀ।

ਅੰਦਰਖਾਤੇ ਬਘੇਲ ਸਿੰਘ ਦਰਖ਼ਾਸਤ ਰੱਦ ਕਰਾਉਣ ਦੇ ਇੰਤਜ਼ਾਮ ਕਰਨ ਲੱਗਾ।

ਸਭ ਤੋਂ ਪਹਿਲਾਂ ਉਸਨੇ ਵਿਰੋਧੀ ਧਿਰ ਦੇ ਵਿਧਾਇਕ ਨਾਲ ਗੱਲ ਕੀਤੀ। ਬਘੇਲ ਸਿੰਘ ਹੁਕਮਰਾਨ ਪਾਰਟੀ ਦਾ ਵਿਧਾਇਕ ਸੀ। ਉਹ ਸਰਕਾਰ ਵਿਰੁਧ ਨਹੀਂ ਸੀ ਚੱਲ ਸਕਦਾ।

ਵਿਰੋਧੀ ਧਿਰ ਦਾ ਵਿਧਾਇਕ ਇੱਕ ਪ੍ਰੈੱਸ ਕਾਨਫਰੰਸ ਬੁਲਾ ਕੇ ਸਰਕਾਰ ਤੇ ਤਾਬੜਤੋੜ ਹਮਲਾ ਕਰੇ। ਪੁਲਿਸ ਅਤੇ ਮੁਲਜ਼ਮਾਂ ਦੀ ਮਿਲੀ ਭੁਗਤ ਦੇ ਕਿੱਧਸੇ ਨੰਗੇ ਕਰੇ। ਅਸਲ ਮੁਲਜ਼ਮਾਂ ਨੂੰ ਫੜਨ ਅਤੇ ਕਟਹਿਰੇ ਵਿੱਚ ਖੜ੍ਹੇ ਕਰਨ ਦੀ ਮੰਗ ਰੱਖੇ। ਮੰਗ ਨਾ ਮੰਨੇ ਜਾਣ ਦੀ ਸੂਰਤ ਵਿੱਚ ਲੋਕ ਹਿੱਤ ਪਟੀਸ਼ਨ ਰਾਹੀਂ ਮੁਕੱਦਮੇ ਦੀ ਤਫ਼ਤੀਸ਼ ਨੂੰ ਸੀ.ਬੀ.ਆਈ.ਹਵਾਲੇ ਕਰਨ, ਧਰਨੇ ਮਾਰਨ ਅਤੇ ਮਰਨ ਵਰਤ ਦੀ ਧਮਕੀ ਦੇਵੇ। ਪ੍ਰੈੱਸ ਕਾਨਫਰੰਸ ਨੂੰ ਜ਼ੋਰਦਾਰ ਅਤੇ ਸਨਸਨੀਖੇਜ਼ ਬਣਾਉਣ ਲਈ ਬਘੇਲ ਸਿੰਘ ਨੇ ਵਿਧਾਇਕ ਨੂੰ ਕੁੱਝ ਅਜਿਹੇ ਸਬੂਤ ਦਿੱਤੇ, ਜਿਨ੍ਹਾਂ ਨਾਲ ਪੁਲਿਸ ਦੇ ਪੋਲ ਖੁਲ੍ਹਦੇ ਸਨ। ਵਿਧਾਇਕ ਨੂੰ ਨਾ ਧਰਨਾ ਮਾਰਨ ਦੀ ਜ਼ਰੂਰਤ ਪੈਣੀ ਸੀ, ਨਾ ਹੜਤਾਲ ਕਰਨ ਦੀ। ਮੁੱਖ ਮੰਤਰੀ ਰਾਹੀਂ ਬਾਕੀ ਮਸਲਾ ਉਸਨੇ ਆਪੇ ਨਜਿੱਠ ਲੈਣਾ ਸੀ।

ਖ਼ਬਰਾਂ ਵਿੱਚ ਰਹਿਣਾ ਸਿਆਸੀ ਬੰਦਿਆਂ ਦੀ ਮਜਬੂਰੀ ਸੀ। ਅੰਨ੍ਹਾ ਕੀ ਭਾਲੇ, ਦੋ ਅੱਖਾਂ! ਭਾਈਚਾਰੇ ਨੂੰ ਖੁਸ਼ ਕਰਨ ਲਈ ਵਿਧਾਇਕ ਝੱਟ ਪ੍ਰੈੱਸ ਕਾਨਫਰੰਸ ਬਲਾਉਣ ਲਈ ਮੰਨ ਗਿਆ।

ਪੱਤਰਕਾਰ ਭਰਿੰਡਾਂ ਵਾਂਗ ਇਕੱਠੇ ਹੋ ਗਏ। ਸੁਰਖ਼ੀਆਂ ਲੱਭਣਾ ਉਨ੍ਹਾਂ ਦੀ ਮਜਬੂਰੀ ਸੀ।

ਅਗਲੇ ਦਿਨ ਸਣੇ ਫ਼ੋਟੋ ਖ਼ਬਰਾਂ ਛਪ ਗਈਆਂ।

ਕੁੱਝ ਦਿਨਾਂ ਤੋਂ ਠੰਡਾ ਪਿਆ ਮਸਲਾ ਫੇਰ ਭਖ ਗਿਆ।

ਬਘੇਲ ਸਿੰਘ ਨੇ ਮੁੱਖ ਮੰਤਰੀ ਦੇ ਦਫ਼ਤਰ ਫ਼ੋਨ ਖੜਕਾਏ।

“ਵਿਰੋਧੀ ਧਿਰ ਦੀਆਂ ਧਮਕੀਆਂ ਦਾ ਲਾਹਾ ਲਿਆ ਜਾਵੇ। ਪੁਲਿਸ ਕਪਤਾਨ ਦੀ ਖਿਚਾਈ ਕਰਕੇ ਮਿਸਲ ਦੀਆਂ ਖ਼ਾਮੀਆਂ ਦੂਰ ਕਰਾਈਆਂ ਜਾਣ। ਹਾਈ ਕੋਰਟ ਵਿਚੋਂ ਦਰਖ਼ਾਸਤ ਰੱਦ ਕਰਾਉਣ ਦੀ ਉਸਦੀ ਨਿਜੀ ਜ਼ਿੰਮੇਵਾਰੀ ਲਾਈ ਜਾਵੇ।”

ਇੰਝ ਹੀ ਹੋਇਆ।

ਉਹ ਹੌਲਦਾਰ ਇੱਕ ਵਾਰ ਫੇਰ ਮੁਅੱਤਲ ਕੀਤਾ ਗਿਆ, ਜਿਹੜਾ ਕਚਹਿਰੀ ਜਾਣ ਦੀ ਥਾਂ ਮੇਲੂ ਦੀ ਡੇਅਰੀ ਵਿੱਚ ਜਾ ਕੇ ਸ਼ਰਾਬੀ ਹੋ ਗਿਆ ਸੀ। ਉਸਨੂੰ ਚਾਰ ਦਿਨਾਂ ਬਾਅਦ ਕਿਉਂ ਬਹਾਲ ਕੀਤਾ ਗਿਆ? ਇਹ ਸਪਸ਼ਟੀਕਰਨ ਕਪਤਾਨ ਤੋਂ ਮੰਗਿਆ ਗਿਆ।

ਇੰਨੇ ਕੁ ਝਟਕੇ ਨਾਲ ਪੁਲਿਸ ਹਰਕਤ ਵਿੱਚ ਆ ਗਈ। ਮਿਸਲ ਮੁਕੰਮਲ ਕਰਾਉਣ ਲਈ ਕਪਤਾਨ ਦਿਲਚਸਪੀ ਲੈਣ ਲੱਗਾ।

ਪਹਿਲਾਂ ਆਪਣੇ ਰੀਡਰ ਰਾਹੀਂ ਉਸ ਨੇ ਮਿਸਲ ਜ਼ਿਲ੍ਹਾ ਅਟਾਰਨੀ ਕੋਲ ਭੇਜੀ। ਉਹ ਮਿਸਲ ਨੂੰ ਘੋਖੇ, ਖ਼ਾਮੀਆਂ ਦੂਰ ਕਰਾਏ।

ਜ਼ਿਲ੍ਹਾ ਅਟਾਰਨੀ ਨੇ ਇਸੇ ਤਰ੍ਹਾਂ ਕੀਤਾ। ਪੰਕਜ ਹੋਰਾਂ ਵਿਰੁੱਧ ਜੋ ਕੁੱਝ ਮਿਸਲ ’ਤੇ ਲਿਆਂਦਾ ਜਾ ਸਕਦਾ ਸੀ, ਲਿਆਂਦਾ। ਝੂਠੇ ਸੱਚੇ ਗਵਾਹ ਖੜ੍ਹੇ ਕਰਕੇ ਉਨ੍ਹਾਂ ਦੇ ਬਿਆਨ ਲਿਖੇ। ਕਿਸੇ ਨੂੰ ਸਾਜ਼ਸ਼ ਘੜਦੇ ਅਤੇ ਕਿਸੇ ਨੂੰ ਪੰਕਜ ਨੂੰ ਠੇਕੇਦਾਰ ਨੂੰ ਪੈਸੇ ਦਿੰਦੇ ਦਿਖਾਇਆ।

ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਜ਼ਿਲ੍ਹਾ ਅਟਾਰਨੀ ਨੇ ਮਰੇ ਸੱਪ ਨੂੰ ਆਪਣੇ ਗਲੋਂ ਲਾਹੁਣਾ ਠੀਕ ਸਮਝਿਆ। ਮਿਸਲ ਮੁਕੰਮਲ ਕਰਵਾ ਕੇ ਉਸਨੇ ਕਪਤਾਨ ਨੂੰ ਮਸ਼ਵਰਾ ਦਿੱਤਾ। ਬਹਿਸ ਕਿਸੇ ਐਡਵੋਕੇਟ ਜਨਰਲ ਨੇ ਕਰਨੀ ਸੀ। ਉਸਦੀ ਤਸੱਲੀ ਹੋਣੀ ਜ਼ਰੂਰੀ ਸੀ।

“ਹੁਣ ਮਿਸਲ ਐਡਵੋਕੇਟ ਜਨਰਲ ਕੋਲ ਲੈ ਜਾਵੋ। ਬਾਕੀ ਦੀ ਕਸਰ ਉਸ ਤੋਂ ਪੁੱਛ ਕੇ ਦੂਰ ਕਰੋ। ਮਿਸਲ ਦੇ ਨਾਲ ਕਿਸੇ ਜ਼ਿੰਮੇਵਾਰ ਅਫ਼ਸਰ ਨੂੰ ਭੇਜੋ। ਤੁਰੰਤ ਪੈਰ ਕੁੱਝ ਨਹੀਂ ਹੋਣਾ।”

ਕਪਤਾਨ ਨੂੰ ਜ਼ਿਲ੍ਹਾ ਅਟਾਰਨੀ ਦਾ ਇਹ ਮਸ਼ਵਰਾ ਬਹੁਤ ਕੀਮਤੀ ਲੱਗਾ। ਝੱਟ ਇਸ ‘ਤੇ ਅਮਲ ਹੋਇਆ।

ਐਡਵੋਕੇਟ ਜਨਰਲ ਨਾਲ ਗੱਲ ਕਰਨਾ ਰੀਡਰ ਦੇ ਵੱਸ ਵਿੱਚ ਨਹੀਂ ਸੀ। ਇੱਕ ਐਸ.ਪੀ.ਦੀ ਡਿਊਟੀ ਲਾਈ ਗਈ। ਵਿਚਾਰ ਵਟਾਂਦਰਾ ਐਸ.ਪੀ.ਕਰੇਗਾ। ਇੱਕ ਜ਼ਿਲ੍ਹਾ ਅਟਾਰਨੀ ਕਪਤਾਨ ਦੇ ਦਫ਼ਤਰ ਤਾਇਨਾਤ ਸੀ। ਉਸਨੂੰ ਬੇਨਤੀ ਕੀਤੀ ਗਈ। ਉਹ ਵੀ ਨਾਲ ਚਲਿਆ ਜਾਵੇ। ਜ਼ਰੂਰੀ ਨੁਕਤੇ ਸਮਝਾਵੇ। ਵਾਪਸ ਆ ਕੇ ਨੁਕਸ ਦੂਰ ਕਰਵਾਵੇ।

ਨਾਲ ਗਏ ਅਫ਼ਸਰ ਏ.ਜੀ.ਦੇ ਕੰਨੀਂ ਕੱਢ ਆਉਣ। ਮੁੱਖ ਮੰਤਰੀ ਇਸ ਦਰਖ਼ਾਸਤ ਨੂੰ ਰੱਦ ਕਰਾਉਣ ਵਿੱਚ ਦਿਲਚਸਪੀ ਰੱਖਦੇ ਸਨ। ਇਹ ਨਾ ਹੋਵੇ ਐਡਵੋਕੇਟ ਜਨਰਲ ਪਹਿਲਾਂ ਕਿਤੇ ਅੱਟੀ ਸੱਟੀ ਲਾ ਲਏ। ਉਸਨੂੰ ਸਾਵਧਾਨ ਕਰ ਆਉਣ।

ਪੁਲਿਸ ਨੂੰ ਕੰਮ ਲਾ ਕੇ ਬਘੇਲ ਸਿੰਘ ਐਡਵੋਕੇਟ ਜਨਰਲ ਦੇ ਦੁਆਲੇ ਹੋ ਗਿਆ।

ਮੁੱਖ ਮੰਤਰੀ ਵੱਲੋਂ ਐਡਵੋਕੇਟ ਜਨਰਲ ਨੂੰ ਹਦਾਇਤ ਜਾਰੀ ਕਰਵਾਈ ਗਈ।

ਐਡਵੋਕੇਟ ਜਨਰਲ ਬੈਂਚ ਵਿੱਚ ਬੈਠੇ ਜੱਜਾਂ ਨਾਲ ਨਿਜੀ ਸੰਪਰਕ ਕਾਇਮ ਕਰਨ।

ਬੈਂਚ ਦਾ ਸੀਨੀਅਰ ਜੱਜ ਇਸੇ ਸਰਕਾਰ ਦਾ ਲਾਇਆ ਹੋਇਆ ਸੀ। ਉਸਨੂੰ ਬੇਨਤੀ ਕੀਤੀ ਜਾਵੇ। ਸਰਕਾਰ ਦਾ ਵੱਕਾਰ ਦਾਅ ਉੱਪਰ ਸੀ। ਜੱਜ ਨੇ ਇਹ ਵੱਕਾਰ ਬਹਾਲ ਕਰਨਾ ਸੀ। ਜੇ ਜੱਜ ਅਹਿਸਾਨ ਫਰਾਮੋਸ਼ੀ ਕਰਦਾ ਨਜ਼ਰ ਆਵੇ ਤਾਂ ਐਡਵੋਕੇਟ ਜਨਰਲ ਖੁਫ਼ੀਆ ਵਿਭਾਗ ਵੱਲੋਂ ਮਿਲੀ ਸੂਚਨਾ ਦਾ ਜ਼ਿਕਰ ਕਰ ਦੇਵੇ। ਖੁਫ਼ੀਆ ਵਿਭਾਗ ਕੋਲ ਇਹ ਸਬੂਤ ਨਹੀਂ ਸਨ ਕਿ ਕਿਸ ਰਾਹੀਂ ਕਿੰਨੀ ਰਕਮ ਗਈ ਸੀ, ਪਰ ਸੂਚਨਾ ਪੱਕੀ ਸੀ ਕਿ ਕੋਠੀ ਰਕਮ ਪੁੱਜ ਚੁੱਕੀ ਸੀ। ਸਰਕਾਰ ਦੇ ਨਾਲ ਨਾਲ ਜੱਜ ਨੂੰ ਆਪਣੀ ਇੱਜ਼ਤ ਦਾ ਖ਼ਿਆਲ ਰੱਖਣਾ ਚਾਹੀਦਾ ਸੀ।

ਰਹਿੰਦੀ ਖੂੰਹਦੀ ਕਸਰ ਪੁਲਿਸ ਮੁਖੀ ਨੇ ਕੱਢਣੀ ਸੀ।

ਉਸਨੇ ਪੇਸ਼ੀ ਤੋਂ ਇੱਕ ਦਿਨ ਪਹਿਲਾਂ ਵੱਡੀ ਪ੍ਰੈੱਸ ਕਾਨਫਰੰਸ ਕਰਕੇ ਪ੍ਰੈੱਸ ਦੇ ਨਾਂ ਲਿਖਤੀ ਨੋਟ ਜਾਰੀ ਕਰਨਾ ਸੀ। ਬਾਕੀ ਰਹਿੰਦੇ ਤਿੰਨਾਂ ਮੁਲਜ਼ਮਾਂ ਦੀ ਬਿਹਾਰੋਂ ਗ੍ਰਿਫ਼ਤਾਰੀ ਦੀ ਖ਼ਬਰ ਨਸ਼ਰ ਕਰਨੀ ਸੀ। ਨਾਲ ਉਨ੍ਹਾਂ ਵੱਲੋਂ ਦਿੱਤੇ ਇਕਬਾਲੀਆ ਬਿਆਨਾਂ ਦੀਆਂ ਟੇਪਾਂ ਪੱਤਰਕਾਰਾਂ ਨੂੰ ਸੁਣਾਉਣੀਆਂ ਸਨ। ਇਨ੍ਹਾਂ ਬਿਆਨਾਂ ਵਿੱਚ ਦੋਸ਼ੀਆਂ ਵੱਲੋਂ ਸਾਰੀ ਜ਼ਿੰਮੇਵਾਰੀ ਪੰਕਜ ਹੋਰਾਂ ਸਿਰ ਮੜ੍ਹਨੀ ਸੀ।

ਪੰਕਜ ਹੋਰਾਂ ਦੇ ਕੁੱਝ ਹੀ ਸਾਲਾਂ ਵਿੱਚ ਕਰੋੜਾਂ ਦੀ ਜਾਇਦਾਦ ਇਕੱਠੀ ਕਰਨ ਦਾ ਕੱਚਾ ਚਿੱਠਾ ਖੋਲ੍ਹਿਆ ਜਾਣਾ ਸੀ। ਇਸ ਜਾਇਦਾਦ ਦੇ ਇਕੱਠੇ ਹੋਣ ਦਾ ਕਾਰਨ ਉਨ੍ਹਾਂ ਦਾ ਅੰਡਰ ਵਰਲਡ ਨਾਲ ਸੰਬੰਧ ਹੋਣਾ ਦੱਸਿਆ ਜਾਣਾ ਸੀ। ਇਸ ਜਾਇਦਾਦ ਦੀ ਪੜਤਾਲ ਲਈ ਕਮਿਸ਼ਨ ਦੇ ਗਠਨ ਦੀ ਤਜਵੀਜ਼ ਦਾ ਜ਼ਿਕਰ ਹੋਣਾ ਸੀ।

ਪੁਲਿਸ ਮੁਖੀ ਦਾ ਇਹ ਬਿਆਨ ਅੰਗਰੇਜ਼ੀ ਅਖ਼ਬਾਰਾਂ ਦੇ ਪਹਿਲੇ ਪੰਨੇ ’ਤੇ ਛਪਣਾ ਸੀ। ਜੱਜ ਅੰਗਰੇਜ਼ੀ ਭਾਸ਼ਾ ਦੇ ਅਖ਼ਬਾਰ ਪੜ੍ਹਦੇ ਸਨ। ਸਵੇਰੇ ਉਨ੍ਹਾਂ ਦੀ ਪਹਿਲੀ ਨਜ਼ਰ ਇਸੇ ਖ਼ਬਰ ’ਤੇ ਪੈਣੀ ਸੀ। ਇਸ ਖ਼ਬਰ ਨੇ ਜੱਜਾਂ ਦੇ ਮਨਾਂ ਨੂੰ ਬਦਲ ਦੇਣਾ ਸੀ।

ਬਘੇਲ ਸਿੰਘ ਹੋਰ ਅੱਗੇ ਦੀ ਸੋਚੀ ਬੈਠਾ ਸੀ।

ਉਹ ਪੰਕਜ ਹੋਰਾਂ ਨੂੰ ਸੁਪਰੀਮ ਕੋਰਟ ਤਕ ਨਹੀਂ ਸੀ ਜਾਣ ਦੇਣਾ ਚਾਹੁੰਦਾ। ਦਰਖ਼ਾਸਤ ਦੇ ਖਾਰਜ ਹੁੰਦਿਆਂ ਹੀ ਪੁਲਿਸ ਨੇ ਉਨ੍ਹਾਂ ਨੂੰ ਦਬੋਚ ਲੈਣਾ ਸੀ।

ਪੁਲਿਸ ਮੁਖੀ ਦੀ ਹਦਾਇਤ ਉਪਰ ਇੱਕ ਵਿਸ਼ੇਸ਼ ਪੁਲਿਸ ਪਾਰਟੀ ਤਿਆਰ ਕੀਤੀ ਗਈ। ਇਸ ਪਾਰਟੀ ਨੂੰ ਮੋਬਾਈਲ ਫ਼ੋਨ, ਕਾਰਾਂ ਅਤੇ ਹਰ ਆਧੁਨਿਕ ਸਹੂਲਤ ਦਿੱਤੀ ਗਈ। ਦੋ ਦਿਨ ਪਹਿਲਾਂ ਹੀ ਇਹ ਪਾਰਟੀ ਪੰਕਜ ਅਤੇ ਨੀਰਜ ਦਾ ਪਰਛਾਵੇਂ ਵਾਂਗ ਪਿੱਛਾ ਕਰਨ ਲਗੀ।

ਪੁਲਿਸ ਮੁਖੀ ਦੀ ਇਸ ਪਾਰਟੀ ਨੂੰ ਹਦਾਇਤ ਸੀ। ਦਰਖ਼ਾਸਤ ਖਾਰਜ਼ ਹੁੰਦੇ ਹੀ ਇਸ ਪਾਰਟੀ ਨੂੰ ਸੂਚਿਤ ਕੀਤਾ ਜਾਏਗਾ। ਮੁਲਜ਼ਮ ਚਾਹੇ ਕਿਸੇ ਅਫ਼ਸਰ ਦੇ ਘਰ ਛੁਪੇ ਹੋਣ, ਚਾਹੇ ਕਿਸੇ ਸਿਆਸੀ ਨੇਤਾ ਦੇ, ਬਿਨਾਂ ਕਿਸੇ ਦੀ ਪਰਵਾਹ ਕੀਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਏਗਾ। ਗ੍ਰਿਫ਼ਤਾਰੀ ਸਮੇਂ ਹਥੋ ਪਾਈ ਜਾਂ ਖਿਚ ਧੂਹ ਕਰਨੀ ਪਈ ਤਾਂ ਕੀਤੀ ਜਾ ਸਕਦੀ ਸੀ।

ਵਿਉਪਾਰਕ ਚਾਲਾਂ ਸਿਆਸੀ ਚਾਲਾਂ ਅੱਗੇ ਮਾਤ ਖਾ ਗਈਆਂ।

ਪੰਕਜ ਹੋਰਾਂ ਨੂੰ ਇੰਝ ਗ੍ਰਿਫ਼ਤਾਰ ਕਰਨ ਦੀ ਯੋਜਨਾ ਬਣ ਰਹੀ ਸੀ, ਇਸਦਾ ਖ਼ਿਆਲ ਪੰਕਜ ਹੋਰਾਂ ਨੂੰ ਕੀ ਆਉਣਾ ਸੀ, ਤੇਜ਼ ਤਰਾਰ ਵਾਸੂਦੇਵਾ ਨੂੰ ਵੀ ਨਹੀਂ ਸੀ ਆਇਆ।

ਵਾਸੂਦੇਵਾ ਨੂੰ ਦਰਖ਼ਾਸਤ ਮਨਜ਼ੂਰ ਹੋਣ ਦੀ ਸੌ ਫੀਸਦੀ ਆਸ ਸੀ। ਖ਼ੁਦਾ ਨਾ ਖਾਸਤਾ ਜੇ ਦਰਖ਼ਾਸਤ ਨਾ ਮਨਜ਼ੂਰ ਹੋ ਗਈ ਤਾਂ ਉਸਨੇ ਝੱਟ ਪੱਟ ਦਰਖ਼ਾਸਤ ਸੁਪਰੀਮ ਕੋਰਟ ਲਾਉਣ ਦਾ ਇੰਤਜ਼ਾਮ ਕਰ ਰੱਖਿਆ ਸੀ। ਉਥੋਂ ਦੇ ਵਕੀਲਾਂ ਵੱਲੋਂ ਮਸੌਦਾ ਤਿਆਰ ਸੀ। ਪੰਕਜ ਦੇ ਦਿੱਲੀ ਪੁੱਜਦਿਆਂ ਹੀ ਉਸਦੇ ਦਸਤਖ਼ਤ ਹੋ ਜਾਣੇ ਸਨ ਅਤੇ ਦਰਖ਼ਾਸਤ ਦਾਇਰ ਹੋ ਜਾਣੀ ਸੀ।

ਦਰਖ਼ਾਸਤ ’ਤੇ ਬਹਿਸ ਸਵੇਰੇ ਹੋਈ ਸੀ। ਫੈਸਲਾ ਬਾਅਦ ਦੁਪਹਿਰ ਹੋਣਾ ਸੀ।

ਪਹਿਲਾਂ ਵਾਸੂਦੇਵਾ ਨੂੰ ਦਰਖ਼ਾਸਤ ਖਾਰਜ਼ ਹੋਣ ਦੀ ਖ਼ਬਰ ਮਿਲੀ। ਅਗਲੇ ਹੀ ਪਲ ਪੰਕਜ ਦੇ ਗ੍ਰਿਫ਼ਤਾਰ ਹੋਣ ਦੀ। ਪੁਲਿਸ ਨੇ ਉਸਨੂੰ ਦਿੱਲੀ ਦੇ ਰਾਹ ਵਿੱਚ ਦਬੋਚ ਲਿਆ ਸੀ।

ਵਾਸੂਦੇਵਾ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਸਨੂੰ ਆਪਣੇ ਆਪ ‘ਤੇ ਇੰਨਾ ਭਰੋਸਾ ਨਹੀਂ ਸੀ ਕਰਨਾ ਚਾਹੀਦਾ। ਉਸਨੂੰ ਮੁਲਜ਼ਮਾਂ ਨੂੰ ਸ਼ਰੇ ਆਮ ਘੁੰਮਣ ਨਹੀਂ ਸੀ ਦੇਣਾ ਚਾਹੀਦਾ। ਲੁਕ ਛਿਪ ਕੇ ਦਿੱਲੀ ਜਾਣ ਦਾ ਮਸ਼ਵਰਾ ਦੇਣਾ ਚਾਹੀਦਾ ਸੀ।

ਪਰ ਹੁਣ ਚਿੜੀਆਂ ਦੇ ਖੇਤ ਚੁੱਗ ਜਾਣ ਬਾਅਦ ਪਛਤਾਉਣ ਦਾ ਕੋਈ ਫ਼ਾਇਦਾ ਨਹੀਂ ਸੀ।

 

-52-

 

ਨੀਰਜ ਨੂੰ ਪੁਲਿਸ ਇੱਲ ਵਾਂਗ ਝਪਟ ਕੇ ਲੈ ਜਾਏਗੀ, ਇਹ ਕਿਸੇ ਦੇ ਚਿਤ ਚੇਤੇ ਨਹੀਂ ਸੀ।

ਵਿਨੇ ਦੀ ਫੈਕਟਰੀ ਤੋਂ ਫ਼ੋਨ ਆਇਆ ਸੀ। ਪੁਲਿਸ ਦੋ ਜਿਪਸੀਆਂ ਵਿੱਚ ਆਈ ਸੀ। ਨੀਰਜ ਨੂੰ ਧੱਕੇ ਨਾਲ ਇੱਕ ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿੱਚ ਸੁੱਟ ਕੇ ਲੈ ਗਈ ਸੀ। ਫੈਕਟਰੀ ਦੇ ਮੈਨੇਜ਼ਰ ਨੇ ਬਹੁਤ ਮਿੰਨਤ ਕੀਤੀ। ਦੱਸਿਆ ਜਾਵੇ ਪੁਲਿਸ ਕਿਸ ਸਟਾਫ਼ ਦੀ ਸੀ। ਪਰ ਪੁਲਿਸ ਨੇ ਕੋਈ ਉੱਘ ਸੁੱਘ ਨਹੀਂ ਸੀ ਦਿੱਤੀ।

ਨੀਰਜ ਦੀ ਪਤਨੀ ਨੇ ਝੱਟ ਚਾਰੇ ਪਾਸੇ ਫ਼ੋਨ ਖੜਕਾ ਦਿੱਤੇ। ਸਾਰੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਨੂੰ ਕੋਠੀ ਪਹੁੰਚਣ ਦੀ ਬੇਨਤੀ ਕੀਤੀ।

ਪੰਕਜ ਦੀ ਪਤਨੀ ਨੇ ਮੋਬਾਇਲ ਰਾਹੀਂ ਪੰਕਜ ਨਾਲ ਸੰਪਰਕ ਕੀਤਾ। ਘੰਟੀ ਵੱਜੀ ਪਰ ਫ਼ੋਨ ਨਹੀਂ ਚੱਲਿਆ। ਦੂਜੀ ਵਾਰ ਫ਼ੋਨ ਮਿਲਾਇਆ। ਟੇਪ ਵੱਜਣ ਲੱਗੀ। “ਫ਼ੋਨ ਬੰਦ ਹੈ।”

ਨੀਲੂ ਦਾ ਦਿਲ ਧੜਕਨ ਲੱਗਾ। ਪੰਕਜ ਦੇ ਫ਼ੋਨ ਉਪਰ ਘਰ ਦਾ ਫ਼ੋਨ ਨੰਬਰ ਆ ਚੁੱਕਾ ਸੀ। ਉਸ ਨੂੰ ਪਤਾ ਲਗ ਚੁੱਕਾ ਸੀ ਫ਼ੋਨ ਘਰੋਂ ਆਇਆ ਸੀ। ਫੇਰ ਉਸਨੇ ਫ਼ੋਨ ਸੁਣਨ ਦੀ ਥਾਂ ਬੰਦ ਕਿਉਂ ਕਰ ਦਿੱਤਾ? ਲਗਦਾ ਸੀ ਉਹ ਕਿਸੇ ਸੰਕਟ ਵਿੱਚ ਸੀ।

ਕਿਧਰੇ ਉਸਨੂੰ ਵੀ ਗ੍ਰਿਫ਼ਤਾਰ ਨਾ ਕਰ ਲਿਆ ਹੋਵੇ? ਨੀਲੂ ਦੇ ਅੰਦਰੋਂ ਅਵਾਜ਼ ਆਈ।

ਸ਼ੱਕ ਦੂਰ ਕਰਨ ਲਈ ਨੀਲੂ ਨੇ ਪੰਕਜ ਨਾਲ ਗਏ ਦੋਸਤਾਂ ਦੇ ਫ਼ੋਨ ਮਿਲਾਏ। ਸਭ ਫ਼ੋਨ ਇਕੋ ਰੱਟ ਲਾ ਰਹੇ ਸਨ। ਫ਼ੋਨ ਰੇਂਜ ਤੋਂ ਬਾਹਰ ਸਨ।

ਸਾਰੇ ਜਣੇ ਗਏ ਤਾਂ ਕਿੱਥੇ? ਨੀਲੂ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਸੁਨੇਹਾ ਮਿਲਦੇ ਹੀ ਦੋਸਤ ਮਿੱਤਰ ਕੋਠੀ ਪੁੱਜਣ ਲਗੇ। ਕੋਠੀ ਅੱਗੇ ਗੱਡੀਆਂ ਦੀ ਭੀੜ ਜੁੜ ਗਈ। ਆ ਰਹੇ ਹਮਾਇਤੀਆਂ ਦੇ ਹੱਥਾਂ ਵਿੱਚ ਆਪਣੇ ਆਪਣੇ ਫ਼ੋਨ ਸਨ।

ਹਰ ਕੋਈ ਆਪਣੇ ਆਪਣੇ ਵਾਕਿਫ਼ ਨਾਲ ਸੰਪਰਕ ਕਾਇਮ ਕਰਕੇ ਸਥਿਤੀ ਤੋਂ ਜਾਣੂ ਹੋਣ ਦੀ ਕੋਸ਼ਿਸ਼ ਕਰਨ ਲੱਗਾ।

‘ਧੀਰ ਕੰਸਟਰਕਸ਼ਨ ਕੰਪਨੀ’ ਦਾ ਮਾਲਕ ਦੇਵਰਾਜ ਧੀਰ ਡੀ.ਆਈ.ਜੀ.ਦਾ ਲੰਗੋਟੀਆ ਯਾਰ ਸੀ। ਉਹ ਨੇ ਆਉਂਦਿਆਂ ਹੀ ਉਸਦੀ ਕੋਠੀ ਫ਼ੋਨ ਕੀਤਾ। ਜਵਾਬ ਮਿਲਿਆ ਸਾਹਿਬ ਸ਼ਹਿਰੋਂ ਬਾਹਰ ਸਨ। ਧੀਰ ਨੇ ਰੀਡਰ ਨਾਲ ਗੱਲ ਕੀਤੀ। ਨੀਰਜ ਨੂੰ ਕਿਸ ਪੁਲਿਸ ਨੇ ਫੜਿਆ ਸੀ? ਹੁਣ ਉਹ ਕਿਥੇ ਸੀ? ਉਸਨੇ ਸਵਾਲਾਂ ਦੀ ਝੜੀ ਲਾਈ।

ਰੀਡਰ ਨੂੰ ਪਤਾ ਸੀ ਧੀਰ ਅਤੇ ਡੀ.ਆਈ.ਜੀ.ਪੱਗ ਵੱਟ ਭਰਾ ਸਨ। ਸਾਹਿਬ ਨੇ ਕਦੇ ਧੀਰ ਨੂੰ ਕਿਸੇ ਕੰਮੋਂ ਨਾਂਹ ਨਹੀਂ ਸੀ ਕੀਤੀ। ਉਸ ਵੱਲੋਂ ਰੀਡਰ ਨੂੰ ਹਦਾਇਤ ਸੀ।

ਸਾਹਿਬ ਦੀ ਗ਼ੈਰ ਹਾਜ਼ਰੀ ਵਿੱਚ ਧੀਰ ਨੂੰ ਕਦੇ ਲੋੜ ਪਏ ਤਾਂ ਸਾਹਿਬ ਦਾ ਨਾਂ ਲੈ ਕੇ ਉਸਦਾ ਕੰਮ ਕਰਵਾ ਦਿੱਤਾ ਜਾਵੇ।

ਰੀਡਰ ਨੇ ਸਹੁੰ ਖਾਧੀ। ਉਸ ਨੂੰ ਕੁੱਝ ਪਤਾ ਨਹੀਂ ਸੀ। ਉਨ੍ਹਾਂ ਦੇ ਦਫ਼ਤਰ ਵੱਲੋਂ ਨੀਰਜ ਨੂੰ ਫੜਨ ਦੀ ਕੋਈ ਹਦਾਇਤ ਜਾਰੀ ਨਹੀਂ ਸੀ ਹੋਈ। ਨਾ ਉਸਦੀ ਗ੍ਰਿਫ਼ਤਾਰੀ ਸੰਬੰਧੀ ਡੀ.ਆਈ.ਜੀ.ਦਫ਼ਤਰ ਨੂੰ ਕਿਸੇ ਪਾਸਿਉਂ ਸੂਚਨਾ ਮਿਲੀ ਸੀ।

ਡਾਕਟਰ ਚਾਵਲਾ ਨੇ ਪੁਲਿਸ ਕਪਤਾਨ ਨੂੰ ਫ਼ੋਨ ਕੀਤਾ। ਉਹ ਕਪਤਾਨ ਦਾ ਦੋਸਤ ਵੀ ਸੀ ਅਤੇ ਫੈਮਲੀ ਡਾਕਟਰ ਵੀ। ਕਪਤਾਨ ਦੇ ਸਾਰੇ ਰੋਗਾਂ ਦਾ ਉਸ ਨੂੰ ਪਤਾ ਸੀ।

ਉਹ ਹਮ ਰਾਜ਼ ਸਨ। ਇੱਕ ਦੂਜੇ ਦੀਆਂ ਕਮਜ਼ੋਰੀਆਂ ਨੂੰ ਜਾਣਦੇ ਸਨ। ਚਾਵਲਾ ਕਪਤਾਨ ਦੇ ਉਨ੍ਹਾਂ ਮਿੱਤਰਾਂ ਵਿਚੋਂ ਇੱਕ ਸੀ ਜਿਸਨੂੰ ਕਪਤਾਨ ਦੇ ਗੁਪਤ ਮੋਬਾਈਲ ਫ਼ੋਨ ਨੰਬਰ ਦਾ ਪਤਾ ਸੀ। ਕਪਤਾਨ ਦਾ ਇਹ ਫ਼ੋਨ ਬੈੱਡ ਰੂਮ ਵਿੱਚ ਵੀ ਖੁਲ੍ਹਾ ਰਹਿੰਦਾ ਸੀ ਅਤੇ ਬਾਥ ਰੂਮ ਵਿੱਚ ਵੀ।

ਅੱਜ ਪਹਿਲੀ ਵਾਰ ਸੀ, ਜਦੋਂ ਇਹ ਫ਼ੋਨ ਵੀ ਬੰਦ ਪਏ ਹੋਣ ਦਾ ਸੰਕੇਤ ਦੇ ਰਿਹਾ ਸੀ।

ਇਹ ਸ਼ੁਭ ਸ਼ਗਨ ਨਹੀਂ ਸੀ। ਅਫ਼ਸਰਾਂ ਦਾ ਇਸ ਤਰ੍ਹਾਂ ਟਲਨਾ ਖ਼ਤਰੇ ਦਾ ਸੂਚਕ ਸੀ। ਮਤਲਬ ਸਾਫ਼ ਸੀ। ਕੇਸ ਉਨ੍ਹਾਂ ਦੇ ਹੱਥੋਂ ਨਿਕਲ ਚੁੱਕਾ ਸੀ। ਉਹ ਮਦਦ ਕਰਨ ਤੋਂ ਅਸਮਰੱਥ ਸਨ। ਡਰਦੇ ਮੂੰਹ ਲਕੋ ਰਹੇ ਸਨ।

ਹਮਾਇਤੀਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ। ਹਰ ਪੰਜ ਮਿੰਟਾਂ ਵਿੱਚ ਦਸ ਹਮਾਇਤੀ ਕੋਠੀ ਪੁੱਜਣ ਲਗੇ। ਬਾਹਰਲੇ ਰਿਸ਼ਤੇਦਾਰਾਂ ਦੇ ਵਾਪਸੀ ਫ਼ੋਨ ਆਉਣ ਲੱਗੇ।

ਕੋਈ ਮਾਇਆ ਨਗਰ ਵੱਲ ਚੱਲ ਪਿਆ ਸੀ ਅਤੇ ਕੋਈ ਬਾਹਰ ਪੁੱਜ ਗਿਆ ਸੀ।

ਨੀਰਜ ਦੀ ਗ੍ਰਿਫ਼ਤਾਰੀ ਦੀ ਖ਼ਬਰ ਸੁਣ ਕੇ ਸਿੰਗਲਾ ਵੀ ਕੋਠੀ ਆ ਗਿਆ। ਉਸਦੇ ਸਾਇਲਾਂ ਨੂੰ ਉਸਦੀ ਸਹਾਇਤਾ ਦੀ ਜ਼ਰੂਰਤ ਪੈ ਸਕਦੀ ਸੀ।

“ਇਹ ਕੀ ਹੋਇਐ?” ਸਿੰਗਲੇ ਦੇ ਕੋਠੀ ਵੜਦਿਆਂ ਹੀ ਹਮਾਇਤੀਆਂ ਦਾ ਝੁਰਮਟ ਕਾਨੂੰਨੀ ਸਥਿਤੀ ਜਾਨਣ ਲਈ ਉਸ ਦੁਆਲੇ ਜੁੜ ਗਿਆ।

“ਮੇਰਾ ਖਿਆਲ ਹੈ ਹਾਈ ਕੋਰਟੋਂ ਆਪਣੀ ਦਰਖ਼ਾਸਤ ਰੱਦ ਹੋ ਗਈ। ਪੁਲਿਸ ਨੇ ਫੌਰੀ ਕਾਰਵਾਈ ਕਰਕੇ ਨੀਰਜ ਨੂੰ ਫੜ ਲਿਆ।”

“ਪੱਕਾ ਪਤਾ ਕਿਸ ਤਰ੍ਹਾਂ ਲੱਗੇ?”

“ਆਪਣੇ ਵਕੀਲ ਨੂੰ ਚੰਡੀਗੜ੍ਹ ਫ਼ੋਨ ਕਰੋ।”

ਘਰ ਦੇ ਕਿਸੇ ਮੈਂਬਰ ਨੂੰ ਨਾ ਵਕੀਲ ਦੇ ਨਾਂ ਦਾ ਪਤਾ ਸੀ, ਨਾ ਫ਼ੋਨ ਨੰਬਰ ਦਾ।

ਉਹ ਬਾਹਰ ਕੀ ਕਰਦੇ ਸਨ ਇਸਦਾ ਜ਼ਿਕਰ ਕਦੇ ਘਰ ਨਹੀਂ ਸਨ ਕਰਦੇ। ਵਕੀਲ ਦਾ ਨਾਂ ਅਤੇ ਫ਼ੋਨ ਨੰਬਰ ਕਿਥੋਂ ਪਤਾ ਕੀਤਾ ਜਾਏ?

ਸਿੰਗਲੇ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਨ੍ਹਾਂ ਦਾ ਵਕੀਲ ਵਾਸੂਦੇਵਾ ਸੀ। ਵਕੀਲ ਕਰਨ ਜਾਂਦੇ ਸਮੇਂ ਉਹ ਉਨ੍ਹਾਂ ਦੇ ਨਾਲ ਗਿਆ ਸੀ। ਵਾਸੂਦੇਵਾ ਦਾ ਕਾਰਡ ਸਿੰਗਲੇ ਦੀ ਜੇਬ ਵਿੱਚ ਸੀ।

ਸਿੰਗਲੇ ਨੇ ਵਾਸੂਦੇਵਾ ਨੂੰ ਫ਼ੋਨ ਕੀਤਾ।

ਸਿੰਗਲੇ ਦਾ ਅੰਦਾਜ਼ਾ ਠੀਕ ਨਿਕਲਿਆ। ਜ਼ਮਾਨਤ ਦੀ ਅਰਜ਼ੀ ਖਾਰਜ਼ ਹੋ ਚੁੱਕੀ ਸੀ। ਅਪੀਲ ਕਰਨ ਪੰਕਜ ਦਿੱਲੀ ਜਾ ਰਿਹਾ ਸੀ। ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਰਸਤੇ ਵਿੱਚ ਸਣੇ ਦੋਸਤ ਉਸਨੂੰ ਦਬੋਚ ਲਿਆ ਗਿਆ ਸੀ। ਵਾਸੂਦੇਵਾ ਨੂੰ ਪੰਕਜ ਦੇ ਇੱਕ ਦੋਸਤ ਦਾ ਫ਼ੋਨ ਆਇਆ ਸੀ। ਇਸ ਤੋਂ ਪਹਿਲਾਂ ਕਿ ਵਾਸੂਦੇਵਾ ਪੂਰੀ ਸੂਚਨਾ ਪ੍ਰਾਪਤ ਕਰਦਾ ਦੋਸਤ ਦਾ ਫ਼ੋਨ ਕੱਟ ਗਿਆ। ਪਿਛੋਂ ਨਾ ਉਧਰੋਂ ਫ਼ੋਨ ਆਇਆ, ਨਾ ਵਾਸੂਦੇਵਾ ਦਾ ਫ਼ੋਨ ਮਿਲਿਆ। ਵਾਸੂਦੇਵਾ ਦਾ ਵਿਚਾਰ ਸੀ ਪੁਲਿਸ ਨੇ ਉਨ੍ਹਾਂ ਦੇ ਫ਼ੋਨ ਫੜ ਲਏ ਸਨ।

“ਹੁਣ ਕਿਥੇ ਹੋ ਸਕਦਾ ਹੈ ਪੰਕਜ?” ਡਾਕਟਰ ਚਾਵਲਾ ਨੇ ਕਾਨੂੰਨੀ ਨਜ਼ਰੀਏ ਤੋਂ ਸਿੰਗਲੇ ਨੂੰ ਪੁੱਛਿਆ।

“ਦੋ ਸਥਿਤੀਆਂ ਹੋ ਸਕਦੀਆਂ ਹਨ। ਪਹਿਲੀ ਇਹ ਕਿ ਪੰਕਜ ਨੂੰ ਜਿਸ ਮੈਜਿਸਟਰੇਟ ਦੀ ਹੱਦ ਵਿੱਚ ਫੜਿਆ ਗਿਆ ਹੈ, ਉਸ ਅੱਗੇ ਪੇਸ਼ ਕਰਨ। ਰਾਹਦਾਰੀ ਹਿਰਾਸਤ ਹਾਸਲ ਕਰਨ। ਪਰ ਇੰਝ ਪੁਲਿਸ ਨੇ ਕਰਨਾ ਨਹੀਂ। ਹੋ ਸਕਦਾ ਹੈ, ਉਨ੍ਹਾਂ ਨੇ ਪੰਕਜ ਨੂੰ ਇੱਕ ਦੋ ਦਿਨ ਠਹਿਰ ਕੇ ਪੇਸ਼ ਕਰਨਾ ਹੋਵੇ। ਪੇਸ਼ ਕਰਨ ਤੋਂ ਪਹਿਲਾਂ ਕਿਸੇ ਉੱਚ ਅਧਿਕਾਰੀ ਅੱਗੇ ਪੇਸ਼ ਕਰਨਾ ਹੋਵੇ। ਵੈਸੇ ਨੱਬੇ ਫ਼ੀਸਦੀ ਇਹ ਸੰਭਾਵਨਾ ਹੈ ਕਿ ਉਸ ਨੂੰ ਮਾਇਆ ਨਗਰ ਲਿਆਂਦਾ ਜਾਏਗਾ। ਮਿਸਲ ਦਾ ਘਰ ਪੂਰਾ ਕਰਕੇ ਦੋਹਾਂ ਭਰਾਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।”

ਇਸ ਦੌਰਾਨ ਪੰਕਜ ਦਾ ਸਹੁਰਾ ਲਾਲਾ ਪਰਮਾ ਨੰਦ ਸਮੇਤ ਆਪਣੇ ਸਾਥੀਆਂ ਦੇ ਨਾਲ ਕੋਠੀ ਪੁੱਜ ਪਿਆ। ਉਹ ਨੋਟਾਂ ਨਾਲ ਭਰੇ ਦੋ ਅਟੈਚੀ ਕੇਸ ਨਾਲ ਲਿਆਇਆ ਸੀ।

ਆਉਂਦਿਆਂ ਹੀ ਸਭ ਤੋਂ ਪਹਿਲਾਂ ਉਸ ਨੇ ਉਹ ਅਟੈਚੀ ਕੇਸ ਆਪਣੀ ਧੀ ਦੇ ਹਵਾਲੇ ਕੀਤੇ: “ਫ਼ਿਕਰ ਨਾ ਕਰ ਧੀਏ। ਮੈਂ ਪੈਸਾ ਪਾਣੀ ਵਾਂਗ ਬਹਾ ਦਿਆਂਗਾ। ਸਰਕਾਰ ਹਿਲਾ ਦਿਆਂਗਾ। ਦੇਖੀਂ ਆਥਣ ਨੂੰ ਪ੍ਰਾਹੁਣੇ ਘਰ ਆ ਜਾਣਗੇ।”

ਸਭ ਤੋਂ ਪਹਿਲਾਂ ਲਾਲਾ ਜੀ ਨੇ ਅੱਖਾਂ ਭਰੀ ਖੜ੍ਹੀ ਆਪਣੀ ਧੀ ਨੂੰ ਹਿੱਕ ਨਾਲ ਲਾ ਕੇ ਸੰਭਾਲਿਆ। ਫੇਰ ਨੀਲੂ ਦਾ ਸਿਰ ਪਲੋਸਿਆ।

ਲਾਲਾ ਜੀ ਦਾ ਸਾਂਢੂ ਹੁਣੇ ਹੁਣੇ ਸੈਸ਼ਨ ਜੱਜ ਰਿਟਾਇਰ ਹੋਇਆ ਸੀ। ਉਹ ਚੰਡੀਗੜ੍ਹ ਰਹਿੰਦਾ ਸੀ। ਉਸਨੂੰ ਫ਼ੋਨ ਖੜਕਾ ਦਿੱਤਾ ਗਿਆ ਸੀ। ਉਹ ਪੁੱਜਣ ਵਾਲਾ ਸੀ। ਉਸਦੇ ਆਉਂਦੇ ਹੀ ਕਾਨੂੰਨੀ ਕਾਰਵਾਈ ਸ਼ੁਰੂ ਹੋ ਜਾਣੀ ਸੀ।

ਨੀਰਜ ਦੇ ਸਹੁਰੇ ਅੰਬਾਲੇ ਸਨ। ਸਹੁਰਾ ਸਰਦਾਰੀ ਲਾਲ ਇਨਕਮ ਟੈਕਸ ਕਮਿਸ਼ਨਰ ਸੀ। ਉਸਦੀ ਪੋਸਟਿੰਗ ਕਲਕੱਤੇ ਸੀ। ਉਸ ਨਾਲ ਸੰਪਰਕ ਹੋ ਚੁੱਕਾ ਸੀ। ਉਹ ਹਵਾਈਕੰਪਨੀਆਂ ਨਾਲ ਸੰਪਰਕ ਕਰ ਰਿਹਾ ਸੀ। ਸੀਟ ਮਿਲਦੇ ਹੀ ਉਸਨੇ ਮਾਇਆ ਨਗਰ ਲਈ ਉੱਡ ਪੈਣਾ ਸੀ।

ਮਾਇਆ ਨਗਰ ਦਾ ਇਨਕਮ ਟੈਕਸ ਕਮਿਸ਼ਨਰ ਮਹਿਤਾ ਉਸਦਾ ਬੈਚ ਮੇਟ ਸੀ।

ਸਰਦਾਰੀ ਲਾਲ ਨੇ ਉਸਨੂੰ ਫ਼ੋਨ ਕਰ ਦਿੱਤਾ ਸੀ। ਮਹਿਤੇ ਨੇ ਆਪਣੇ ਤੌਰ ’ਤੇ ਯਤਨ ਆਰੰਭ ਕਰ ਦਿੱਤੇ ਸਨ। ਪੁਲਿਸ ਵਾਂਗ ਇਨਕਮ ਟੈਕਸ ਵਾਲਿਆਂ ਤੋਂ ਸਾਰੀ ਦੁਨੀਆਂ ਡਰਦੀ ਸੀ। ਉਸਨੂੰ ਜਲਦੀ ਹੀ ਕੋਈ ਸੁਰਾਗ਼ ਮਿਲਣ ਦੀ ਸੰਭਾਵਨਾ ਸੀ।

ਸ਼ਾਮ ਤੱਕ ਰਿਸ਼ਤੇਦਾਰ ਤਾਂ ਦਿੱਲੀ ਦੱਖਣ ਤੋਂ ਪੁੱਜ ਗਏ, ਪਰ ਭਰਾਵਾਂ ਦੀ ਉੱਘਸੁੱ ਘ ਨਾ ਨਿਕਲੀ। ਮੰਤਰੀ, ਪੁਲਿਸ ਮੁੱਖੀ, ਕਪਤਾਨ, ਡਾਕਟਰ। ਜਿਥੇ ਜਿਸਦਾ ਹੱਥ ਪੈਂਦਾ ਸੀ, ਪਾ ਕੇ ਦੇਖ ਲਿਆ। ਪਰ ਕਿਧਰੋਂ ਕੋਈ ਹੁੰਗਾਰਾ ਨਹੀਂ ਸੀ ਮਿਲਿਆ।

ਜਦੋਂ ਘੁੰਡੀ ਖੁਲ੍ਹਣ ’ਤੇ ਆਈ ਤਾਂ ਇੱਕ ਮਾਮੂਲੀ ਵਿਅਕਤੀ ਕੋਲੋਂ ਖੁਲ੍ਹ ਗਈ।

ਸਿੰਗਲੇ ਦਾ ਮੁਨਸ਼ੀ ਕਿਸੇ ਕੰਮ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਗਿਆ ਸੀ। ਰੀਡਰ ਤੋਂ ਪਤਾ ਲੱਗਾ, ਸਾਹਿਬ ਨੀਲੋਂ ਰੈਸਟ ਹਾਊਸ ਵਿੱਚ ਬੈਠਾ ਮਿਸਲ ਤਿਆਰ ਕਰਵਾ ਰਿਹਾ ਸੀ। ਕਿਹੜੀ ਮਿਸਲ? ਇਸ ਬਾਰੇ ਰੀਡਰ ਨੇ ਆਪ ਹੀ ਦੱਸ ਦਿੱਤਾ।

ਪੰਕਜ ਅਤੇ ਨੀਰਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲਿਸ ਰਿਮਾਂਡ ਹਾਸਲ ਕਰਨ ਲਈ ਦਰਖ਼ਾਸਤ ਤਿਆਰ ਕੀਤੀ ਜਾ ਰਹੀ ਸੀ। ਕੋਈ ਕਾਨੂੰਨੀ ਕਮੀ ਨਾ ਰਹਿ ਜਾਏ, ਇਸ ਲਈ ਕਪਤਾਨ ਜ਼ਿਲ੍ਹਾ ਅਟਾਰਨੀ ਨੂੰ ਨਾਲ ਲਈ ਬੈਠਾ ਸੀ।

ਕੋਠੀ ਵਿੱਚ ਸੈਂਕੜੇ ਬੰਦਿਆਂ ਦਾ ਇਕੱਠ ਹੋ ਚੁੱਕਾ ਸੀ। ਕਾਵਾਂ ਰੌਲੀ ਪਈ ਹੋਈ ਸੀ। ਹਰ ਕੋਈ ਆਪਣੀ ਸਲਾਹ ਦੇ ਰਿਹਾ ਸੀ। ਹਰ ਕੋਈ ਆਪਣਾ ਰੋਹਬ ਪਾ ਰਿਹਾ ਸੀ।

ਕੋਈ ਅਫ਼ਸਰੀ ਦਾ ਅਤੇ ਕੋਈ ਪੈਸੇ ਦਾ।

ਸਿੰਗਲਾ ਮਿਲੀ ਸੂਚਨਾ ਸਾਂਝੀ ਕਰੇ ਤਾਂ ਕਿਸ ਨਾਲ?

ਇੰਨੇ ਵਿੱਚ ਗੱਲ ਫੈਲ ਗਈ। ਸੈਸ਼ਨ ਜੱਜ ਸਾਹਿਬ ਆ ਗਏ। ਸਾਰਾ ਹਜੂਮ ਉਨ੍ਹਾਂ ਦੁਆਲੇ ਹੋ ਗਿਆ। ਤਰ੍ਹਾਂ ਤਰ੍ਹਾਂ ਦੇ ਸਵਾਲ ਹੋਣ ਲੱਗੇ।

ਕਿਸ਼ੋਰੀ ਲਾਲ ਨੂੰ ਜਿਉਂ ਹੀ ਥੋੜ੍ਹੀ ਜਿਹੀ ਵਿਹਲ ਮਿਲੀ, ਸਿੰਗਲੇ ਨੇ ਝੱਟ ਉਸ ਨਾਲ ਰਾਬਤਾ ਕਾਇਮ ਕੀਤਾ। ਆਪਣੀ ਜਾਣ ਪਹਿਚਾਣ ਕਰਵਾ ਕੇ ਮਿਲੀ ਸੂਚਨਾ ਦਾ ਆਦਾਨਪ੍ਰਦਾਨ ਕੀਤਾ।

“ਮਿਸਲ ਤਿਆਰ ਹੋ ਰਹੀ ਹੈ” ਇਹ ਖ਼ਬਰ ਸੁਣਕੇ ਕਿਸ਼ੋਰੀ ਲਾਲ ਨੂੰ ਰਾਹਤ ਮਹਿਸੂਸ ਹੋਈ। ਮਤਲਬ ਸਾਫ਼ ਸੀ। ਦੇਰ ਸਵੇਰ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।

ਗੰਭੀਰ ਵਿਚਾਰ ਵਟਾਂਦਰੇ ਲਈ ਕਿਸ਼ੋਰੀ ਲਾਲ, ਸਿੰਗਲੇ ਅਤੇ ਪਰਮਾਨੰਦ ਨੂੰ ਇੱਕ ਪਾਸੇ ਲੈ ਗਿਆ।

“ਹਨੇਰਾ ਹੋਣ ਵਾਲਾ ਹੈ। ਤੁਹਾਡਾ ਕੀ ਵਿਚਾਰ ਹੈ। ਪੁਲਿਸ ਹੁਣ ਉਨ੍ਹਾਂ ਨੂੰ ਮੈਜਿਸਟਰੇਟ ਅੱਗੇ ਪੇਸ਼ ਕਰੇਗੀ?”

ਕਿਸ਼ੋਰੀ ਲਾਲ ਪੈਂਤੀ ਸਾਲ ਇਹੋ ਕੰਮ ਕਰਦਾ ਰਿਹਾ ਸੀ। ਉਸਨੂੰ ਸਿੰਗਲੇ ਨਾਲੋਂ ਕਈ ਗੁਣਾ ਵੱਧ ਤਜਰਬਾ ਸੀ। ਪਰ ਆਪਣੇ ਕੇਸ ਬਾਰੇ ਉਸ ਤੋਂ ਸਹੀ ਅੰਦਾਜ਼ਾ ਨਹੀਂ ਸੀ ਲੱਗ ਰਿਹਾ।

“ਸੰਭਵ ਕੁੱਝ ਵੀ ਹੈ। ਪਰ ਅਜਿਹਾ ਹੋਣਾ ਨਹੀਂ ਚਾਹੀਦਾ। ਅੱਜ ਉਹ ਗ੍ਰਿਫ਼ਤਾਰੀ ਪਾਉਣਗੇ। ਕੱਲ੍ਹ ਨੂੰ ਪੇਸ਼ ਕਰਨਗੇ। ਮੈਨੂੰ ਇੰਝ ਜਾਪਦਾ ਹੈ। ਨਾ ਕਿਸੇ ਮੈਜਿਸਟਰੇਟ ਨੇ ਰਾਤ ਨੂੰ ਕੋਈ ਕਾਰਵਾਈ ਕਰਨੀ ਹੈ। ਤੁਹਾਨੂੰ ਅਰੋੜੇ ਮੈਜਿਸਟਰੇਟ ਵਾਲਾ ਕਿੱਸਾ ਪਤਾ ਹੀ ਹੋਣੈ।”

ਸਿੰਗਲਾ ਇਹ ਸਿੱਟਾ ਅਰੋੜਾ ਮੈਜਿਸਟਰੇਟ ਨਾਲ ਵਾਪਰੀ ਘਟਨਾ ਦੇ ਆਧਾਰ ’ਤੇ ਕੱਢ ਰਿਹਾ ਸੀ।

ਅਰੋੜੇ ਮੈਜਿਸਟਰੇਟ ਨੇ ਪੰਕਜ ਵਰਗੇ ਇੱਕ ਅਮੀਰਜ਼ਾਦੇ ਦੀ ਜ਼ਮਾਨਤ ਰਾਤ ਦੇ ਬਾਰਾਂ ਵਜੇ ਮਨਜ਼ੂਰ ਕਰ ਲਈ ਸੀ। ਦੂਜੀ ਧਿਰ ਨੇ ਉਸਦੀ ਸ਼ਿਕਾਇਤ ਕਰ ਦਿੱਤੀ। ਰਾਤ ਨੂੰ ਕਚਹਿਰੀ ਲਾਉਣ ਦੀ ਆਫ਼ਤ ਕਿਉਂ ਆਈ ਸੀ, ਇਸ ਦੇ ਸਬੂਤ ਦੇ ਦਿੱਤੇ। ਜੱਜ ਨੂੰ ਆਪਣਾ ਪੱਖ ਪੂਰਣ ਲਈ ਕੋਈ ਰਾਹ ਨਾ ਲੱਭਾ। ਨੌਕਰੀਉਂ ਛੁੱਟੀ ਹੋ ਗਈ।

“ਮਤਲਬ ਸਵੇਰੇ ਪੇਸ਼ ਕਰਨਗੇ।” ਕਿਸ਼ੋਰੀ ਲਾਲ ਨੇ ਅੰਦਾਜ਼ਾ ਲਾਇਆ।

ਇਸ ਵਿੱਚ ਪੰਕਜ ਹੋਰਾਂ ਦੀ ਬਿਹਤਰੀ ਸੀ।

ਕਿਸ਼ੋਰੀ ਲਾਲ ਹੋਰਾਂ ਨੇ ਬਹੁਤ ਇੰਤਜ਼ਾਮ ਕਰਨੇ ਸਨ। ਇਨ੍ਹਾਂ ਕੰਮਾਂ ਲਈ ਉਨ੍ਹਾਂ ਨੂੰ ਖੁਲ੍ਹਾ ਸਮਾਂ ਮਿਲ ਜਾਣਾ ਸੀ।

ਸਭ ਤੋਂ ਪਹਿਲਾਂ ਉਨ੍ਹਾਂ ਨੇ ਮੈਜਿਸਟਰੇਟ ਤਕ ਪਹੁੰਚ ਕਰਨੀ ਸੀ। ਦੋਸ਼ੀਆਂ ਦਾ ਪੁਲਿਸ ਰਿਮਾਂਡ ਨਾ ਦਿੱਤਾ ਜਾਵੇ। ਸਰਕਾਰੀ ਵਕੀਲ ਨੂੰ ਮਿਲਣਾ ਸੀ। ਉਹ ਆਪਣੀ ਸੁਰ ਮੱਧਮ ਰੱਖੇ। ਡਾਕਟਰਾਂ ਨਾਲ ਸੰਪਰਕ ਕਰਨਾ ਸੀ। ਪੁਲਿਸ ਰਿਮਾਂਡ ਮਿਲ ਗਿਆ ਤਾਂ ਮੁਲਜ਼ਮਾਂ ਨੂੰ ਬਿਮਾਰ ਘੋਸ਼ਿਤ ਕਰਕੇ ਹਸਪਤਾਲ ਦਾਖ਼ਲ ਕਰ ਲੈਣ। ਜੇਲ੍ਹ ਸੁਪਰਡੈਂਟ ਨੂੰ ਮਿਲਣਾ ਸੀ। ਉਸ ਤੋਂ ਬੀ ਕਲਾਸ ਲੈਣੀ ਸੀ। ਜੇਲ੍ਹ ਦੇ ਡਾਕਟਰ ਦਾ ਕੋਈ ਲਿਹਾਜੀ ਲੱਭਣਾ ਸੀ। ਜੇਲ੍ਹ ਦੇ ਹਸਪਤਾਲ ਵਿੱਚ ਬੈੱਡ ਖਾਲੀ ਰਖਵਾਉਣੇ ਸਨ। ਬਹੁਤ ਫਰੰਟਾਂ ’ਤੇ ਕੰਮ ਕਰਨਾ ਸੀ।

ਕਿਸ਼ੋਰੀ ਲਾਲ ਹੋਰਾਂ ਦਾ ਵਿਚਾਰ ਵਟਾਂਦਰਾ ਚੱਲ ਹੀ ਰਿਹਾ ਸੀ ਕਿ ਮਹਿਤਾ ਸਾਹਿਬ ਦਾ ਫ਼ੋਨ ਆ ਗਿਆ। ਉਸਦਾ ਕਪਤਾਨ ਨਾਲ ਸੰਪਰਕ ਹੋ ਚੁੱਕਾ ਸੀ। ਮੁੰਡੇ ਠੀਕ ਸਨ।

ਕਿਸੇ ਨੇ ਕਿਸੇ ਨੂੰ ਕੁੱਝ ਨਹੀਂ ਸੀ ਆਖਿਆ। ਚੰਡੀਗੜ੍ਹੋਂ ਆਈ ਇੱਕ ਵਿਸ਼ੇਸ਼ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਮੁਕਾਮੀ ਪੁਲਿਸ ਦੇ ਹਵਾਲੇ ਕਰਕੇ ਉਹ ਪਾਰਟੀ ਜਾ ਚੁੱਕੀ ਸੀ। ਪੁੱਛ ਗਿੱਛ ਅਤੇ ਲਿਖਾ ਪੜ੍ਹੀ ਲਗਭਗ ਮੁਕੰਮਲ ਸੀ। ਘੰਟੇ ਕੁ ਬਾਅਦ ਉਨ੍ਹਾਂ ਨੂੰ ਸੀ.ਆਈ.ਏ.ਸਟਾਫ਼ ਲੈ ਆਂਦਾ ਜਾਏਗਾ।

ਕਪਤਾਨ ਨੇ ਮਹਿਤੇ ਨੂੰ ਭਰੋਸਾ ਦਿਵਾਇਆ ਸੀ। ਮੁੰਡਿਆਂ ਨੂੰ ਰਾਤ ਨੂੰ ਰੈਸਟ ਹਾਊਸ ਵਿੱਚ ਰੱਖਿਆ ਜਾਏਗਾ। ਕੋਈ ਤਕਲੀਫ਼ ਨਹੀਂ ਹੋਣ ਦਿੱਤੀ ਜਾਏਗੀ।

ਅਦਾਲਤ ਵਿੱਚ ਉਨ੍ਹਾਂ ਨੂੰ ਕੱਲ੍ਹ ਪੇਸ਼ ਕੀਤਾ ਜਾਏਗਾ।

ਇਹ ਖ਼ਬਰ ਸੁਣ ਕੇ ਸਭ ਦੇ ਸਾਹ ਵਿੱਚ ਸਾਹ ਆਇਆ।

 

-53-

 

ਬਘੇਲ ਸਿੰਘ ਆਪਣੀ ਕੋਠੀ ਬੈਠਾ ਸਾਰੀ ਸਥਿਤੀ ’ਤੇ ਨਜ਼ਰ ਰੱਖ ਰਿਹਾ ਸੀ।

ਪੰਕਜ ਹੋਰਾ ਦੇ ਸੈਂਕੜੇ ਹਮਾਇਤੀ ਮਾਇਆ ਨਗਰ ਪੁੱਜ ਚੁੱਕੇ ਸਨ। ਉਨ੍ਹਾਂ ਵਿਚੋਂ ਕੁੱਝ ਸਿਆਸੀ ਬੰਦੇ ਸਨ, ਕੁੱਝ ਅਫ਼ਸਰ ਅਤੇ ਕੁੱਝ ਧਨਾਢ। ਹਰ ਕੋਈ ਆਪਣਾ ਰਸੂਖ਼ ਪੂਰੀ ਤਹਿ ਦਿਲੀ ਨਾਲ ਵਰਤ ਰਿਹਾ ਸੀ।

ਬਘੇਲ ਸਿੰਘ ਨੂੰ ਸੂਚਨਾ ਮਿਲੀ। ਇੱਕ ਆਈ.ਏ.ਐਸ.ਅਧਿਕਾਰੀ ਨੇ ਹੋਮ ਸੈਕਟਰੀ ਕੋਲੋਂ ਜ਼ਿਲ੍ਹਾ ਅਟਾਰਨੀ ਨੂੰ ਫ਼ੋਨ ਕਰਵਾਇਆ ਸੀ। ਜ਼ਿਲ੍ਹਾ ਅਟਾਰਨੀ ਨੇ ਸਿਫਾਰਸ਼ ਦਾ ਪੂਰਾ ਮੁੱਲ ਪਾਇਆ ਸੀ। ਉਸਨੇ ਉਸ ਇਲਾਕਾ ਮੈਜਿਸਟਰੇਟ ਦੇ ਪੇਸ਼ ਹੋਣ ਵਾਲੇ ਸਰਕਾਰੀ ਵਕੀਲ ਨੂੰ ਆਪਣੀ ਕੋਠੀ ਬੁਲਾ ਕੇ ਸਖ਼ਤ ਤਾੜਨਾ ਕੀਤੀ ਸੀ।

“ਬਹਿਸ ਇਸ ਢੰਗ ਨਾਲ ਹੋਵੇ ਕਿ ਜੱਜ ਨੂੰ ਲੱਗੇ ਕਿ ਤਫ਼ਤੀਸ਼ ਮੁਕੰਮਲ ਹੈ। ਮੁਲਜ਼ਮਾਂ ਦਾ ਪੁਲਿਸ ਹਿਰਾਸਤ ਵਿੱਚ ਜਾਣਾ ਫਜ਼ੂਲ ਹੈ।”

ਇੱਕ ਰਿਟਾਇਰ ਸੈਸ਼ਨ ਜੱਜ ਅਤੇ ਦੋ ਮੈਜਿਸਟਰੇਟ ਵਿਨੇ ਦੇ ਸਾਲੇ ਦੇ ਕਾਰਖ਼ਾਨੇ ਬੈਠੇ ਸਨ। ਰਾਤੀਂ ਉਹ ਤਿੰਨੇ ਮਾਇਆ ਨਗਰ ਦੇ ਮੈਜਿਸਟਰੇਟ ਨੂੰ ਕਲੱਬ ਵਿੱਚ ਮਿਲਣਗੇ।

ਸ਼ੁਗਲ ਮੇਲੇ ਦੇ ਨਾਲ ਨਾਲ ਸਿਫਾਰਸ਼ ਹੋਏਗੀ। ਦੋਸ਼ੀਆਂ ਦਾ ਪੁਲਿਸ ਰਿਮਾਂਡ ਨਹੀਂ ਦੇਣਾ।

ਇਹ ਜ਼ੋਰ ਪਾਇਆ ਜਾਏਗਾ।

ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਸਿਵਲ ਸਰਜਨ ਨੂੰ ਫ਼ੋਨ ਆ ਚੁੱਕਾ ਸੀ।

ਡਾਕਟਰੀ ਮੁਲਾਹਜੇ ਸਮੇਂ ਉਹ ਆਪਣੇ ਦਫ਼ਤਰ ਮੌਜੂਦ ਰਹੇ। ਮੁਆਇਨੇ ਬਾਅਦ ਦੋਹਾਂ ਦੋਸ਼ੀਆਂ ਨੂੰ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਐਲਾਨ ਕੇ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਸਿਫਾਰਸ਼ ਕੀਤੀ ਜਾਵੇ। ਖ਼ਤਰਨਾਕ ਸਥਿਤੀ ਦੱਸ ਕੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰ ਲਿਆ ਜਾਵੇ।

ਸਿਵਲ ਹਸਪਤਾਲ ਦੇ ਦਿਲ ਦੇ ਰੋਗਾਂ ਦਾ ਮਾਹਿਰ ਡਾਕਟਰ ਮਹਿਰਾ, ਡਾਕਟਰ ਚਾਵਲਾ ਦਾ ਦੋਸਤ ਸੀ। ਡਾ.ਮਹਿਰੇ ਨੇ ਡਾ.ਚਾਵਲੇ ਨੂੰ ਸੌ ਫੀਸਦੀ ਕੰਮ ਹੋਣ ਦਾ ਯਕੀਨ ਦਿਵਾਇਆ ਸੀ। ਅਜਿਹਾ ਕੰਮ ਉਹ ਕੰਨਟੀਨ ਦੇ ਠੇਕੇਦਾਰ ਦੇ ਆਖੇ ਕਰ ਦਿੰਦੇ ਸਨ।

ਉਹ ਤੇ ਸ਼ਹਿਰ ਦਾ ਨਾਮੀ ਡਾਕਟਰ ਸੀ।

ਬਘੇਲ ਸਿੰਘ ਦੀ ਸੂਚਨਾ ਅਨੁਸਾਰ ਇੱਕ ਸਿਫਾਰਸ਼ੀ ਜੇਲ੍ਹ ਦਾ ਚੱਕਰ ਵੀ ਲਾ ਆਇਆ ਸੀ। ਕਿਸੇ ਕਾਰਨ ਸਿਵਲ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਯੋਜਨਾ ਸਿਰੇ ਨਾ ਚੜ੍ਹੇ ਤਾਂ ਮੁੰਡਿਆਂ ਨੂੰ ਜੇਲ੍ਹ ਵਿਚਲੇ ਹਸਪਤਾਲ ਵਿੱਚ ਦਾਖ਼ਲ ਕਰਾਉਣਾ ਸੀ। ਡਾਕਟਰ ਨੇ ਪਹਿਲਾਂ ਪਏ ਮਰੀਜ਼ਾਂ ਨੂੰ ਛੁੱਟੀ ਕਰਕੇ ਦੋ ਬੈੱਡ ਖਾਲੀ ਕਰਵਾ ਲਏ ਸਨ। ਮੁੰਡਿਆਂ ਦੇ ਸਵਾਗਤ ਲਈ ਉਹ ਤਿਆਰ ਸੀ।

ਬਘੇਲ ਸਿੰਘ ਨੂੰ ਸੂਹੀਆਂ ਨੇ ਇਹ ਵੀ ਦੱਸਿਆ ਕਿ ਸਿਫਾਰਸ਼ਾਂ ਫੋਕੀਆਂ ਨਹੀਂ ਸਨ ਹੋ ਰਹੀਆਂ। ਰੁਤਬੇ ਮੁਤਾਬਕ ਬੰਦ ਲਿਫਾਫ਼ੇ ਅਤੇ ਤੋਹਫ਼ੇ ਵੀ ਪੁੱਜ ਰਹੇ ਸਨ।

ਸਭ ਤੋਂ ਭੈੜੀ ਖ਼ਬਰ ਇਹ ਸੀ ਕਿ ਮੁਲਜ਼ਮਾਂ ਨਾਲ ਸ਼ਾਹੀ ਮਹਿਮਾਨਾਂ ਵਾਲਾ ਸਲੂਕ ਹੋ ਰਿਹਾ ਸੀ। ਸੰਗੀਨ ਜੁਰਮ ਕਰਨ ਵਾਲੇ ਦੋਸ਼ੀਆਂ ਨੂੰ ਹਵਾਲਾਤ ਦੀ ਥਾਂ ਰੈਸਟ ਹਾਊਸ ਵਿੱਚ ਠਹਿਰਾਇਆ ਗਿਆ ਸੀ। ਅਫ਼ਸਰਾਂ ਨੇ ਉਨ੍ਹਾਂ ਨੂੰ ਆਪਣੇ ਨਾਲ ਖਾਣਾ ਖਵਾਇਆ ਸੀ ਅਤੇ ਪੈਣ ਲਈ ਗੱਧਦਿਆਂ ਵਾਲੇ ਬਿਸਤਰੇ ਦਿੱਤੇ ਸਨ।

ਜੇ ਪੰਕਜ ਹੋਰਾਂ ਨੂੰ ਇਸੇ ਤਰ੍ਹਾਂ ਸਹੂਲਤਾਂ ਮਿਲਦੀਆਂ ਰਹੀਆਂ ਅਤੇ ਸਭ ਕੁੱਝ ਉਨ੍ਹਾਂ ਦੀ ਯੋਜਨਾ ਅਨੁਸਾਰ ਹੋ ਗਿਆ, ਫੇਰ ਬਘੇਲ ਸਿੰਘ ਨੂੰ ਪੌਂਡ ਕਿਥੋਂ ਮਿਲਣੇ ਸਨ।

ਉਸਨੂੰ ਚੱਕੀ ਪੁੱਠੀ ਘੁੰਮਾਉਣੀ ਚਾਹੀਦੀ ਸੀ।

ਪੰਕਜ ਹੋਰਾਂ ਦੀ ਖਿਚਾਈ ਪਿੱਛੇ ਬਘੇਲ ਸਿੰਘ ਦਾ ਹੱਥ ਸੀ, ਇਹ ਹੁਣ ਕੋਈ ਲੁਕੀਛਿਪੀ ਗੱਲ ਨਹੀਂ ਸੀ। ਮੁੱਖ ਮੰਤਰੀ ਦੀ ਕੋਠੀਉਂ ਕਪਤਾਨ ਨੂੰ ਕਈ ਵਾਰ ਫ਼ੋਨ ਆ ਚੁੱਕਾ ਸੀ। ਬਘੇਲ ਸਿੰਘ ਜੋ ਚਾਹੇ, ਉਸਨੂੰ ਮੁੱਖ ਮੰਤਰੀ ਦਾ ਹੁਕਮ ਸਮਝ ਕੇ ਪੂਰਾ ਕੀਤਾ ਜਾਵੇ।

ਪਿਛਲੀ ਵਾਰ ਸਿਆਸੀ ਸਕੱਤਰ ਕਪਤਾਨ ਨੂੰ ਭੱਜ ਕੇ ਪਿਆ ਸੀ: “ਵਾਰ ਵਾਰ ਫ਼ੋਨ ਕਰਨ ਦੀ ਨੌਬਤ ਕਿਉਂ ਆ ਰਹੀ ਹੈ? ਹੁਣ ਕੋਤਾਹੀ ਹੋਈ ਤਾਂ ਫ਼ੋਨ ਦੀ ਥਾਂ ਬਦਲੀ ਦਾ ਹੁਕਮ ਆਏਗਾ।”

ਨਵੀਆਂ ਮਿਲੀਆਂ ਤਾਕਤਾਂ ਤਹਿਤ ਉਹ ਕਪਤਾਨ ਨਾਲ ਰੋਹਬ ਨਾਲ ਗੱਲ ਕਰ ਸਕਦਾ ਸੀ। ਸਭ ਤੋਂ ਪਹਿਲਾਂ ਉਸੇ ਦੀ ਖਿਚਾਈ ਹੋਣੀ ਚਾਹੀਦੀ ਸੀ।

ਅੱਧਾ ਘੰਟਾ ਬਘੇਲ ਸਿੰਘ ਫ਼ੋਨ ਘੁੰਮਾਉਂਦਾ ਰਿਹਾ। ਕਪਤਾਨ ਕਿਥੇ ਹੈ? ਕੋਈ ਪਤਾ ਨਾ ਲੱਗਾ। ਹਰ ਥਾਂ ਤੋਂ ਇਕੋ ਉਤਰ ਮਿਲਦਾ ਰਿਹਾ। ਸਾਹਿਬ ਖ਼ਾਸ ਕੰਮ ਵਿੱਚ ਰੁਝੇ ਹੋਏ ਸਨ।

ਅੱਕ ਥੱਕ ਕੇ ਬਘੇਲ ਸਿੰਘ ਨੂੰ ਸੀ.ਐਮ.ਹਾਊਸ ਦਾ ਸਹਾਰਾ ਲੈਣਾ ਪਿਆ। ਕਪਤਾਨ ਨੂੰ ਕਹੋ ਬਘੇਲ ਸਿੰਘ ਨਾਲ ਗੱਲ ਕਰੇ।

ਸੀ.ਐਮ.ਹਾਊਸ ਦੇ ਹੁਕਮਾਂ ਦੀ ਪਾਲਨਾ ਹੋਈ। ਝੱਟ ਕਪਤਾਨ ਦਾ ਫ਼ੋਨ ਆ ਗਿਆ।

ਪਹਿਲਾਂ ਬਘੇਲ ਸਿੰਘ ਨੇ ਕਪਤਾਨ ਦੀ ਲਾਹ ਪਾ ਕੀਤੀ।

“ਕੋਈ ਮਾੜੀ ਘਟਨਾ ਵਾਪਰ ਜਾਵੇ ਤਾਂ ਲੋਕ ਤੁਹਾਡੇ ਨਾਲ ਕਿਥੇ ਸੰਪਰਕ ਕਰਨ?

ਤੁਸੀਂ ਲੁਕ ਕੇ ਦਾਰੂ ਪੀਣ ਬੈਠ ਜਾਂਦੇ ਹੋ! ਮੁਲਜ਼ਮ ਹਿੱਕਾਂ ਤਾਣ ਕੇ ਵਾਰਦਾਤਾਂ ਕਰਦੇ ਫਿਰਦੇ ਹਨ।”

ਸੌਰੀ ਆਖ ਕੇ ਕਪਤਾਨ ਨੇ ਸਪਸ਼ਟੀਕਰਣ ਦਿੱਤਾ। ਉਹ ਪੰਕਜ ਹੋਰਾਂ ਦੀ ਮਿਸਲ ਤਿਆਰ ਕਰਵਾ ਰਿਹਾ ਸੀ। ਸਿਫਾਰਸ਼ਾਂ ਆ ਰਹੀਆਂ ਸਨ। ਇਸ ਲਈ ਉਸਦਾ ਫ਼ੋਨ ਬੰਦ ਸੀ।

ਬਘੇਲ ਸਿੰਘ ਜਿਸ ਨੁਕਤੇ ’ਤੇ ਗੱਲ ਕਰਨਾ ਚਾਹੁੰਦਾ ਸੀ, ਉਹ ਉਸਨੇ ਆਪ ਛੋਹ ਲਿਆ। ਬਘੇਲ ਸਿੰਘ ਦੀ ਸਮੱਸਿਆ ਆਸਾਨ ਹੋ ਗਈ।

“ਸਿਫ਼ਾਰਸ਼ਾਂ ਤੁਸੀਂ ਮੰਨ ਵੀ ਲਈਆਂ। ਰੈਸਟ ਹਾਊਸ ਵਿੱਚ ਬੈਠ ਕੇ ਉਨ੍ਹਾਂ ਨਾਲ ਵਿਸਕੀ ਪੀ ਰਹੇ ਹੋ। ਉਨ੍ਹਾਂ ਨਾਲ ਆਮ ਦੋਸ਼ੀਆਂ ਵਾਲਾ ਵਿਵਹਾਰ ਕਿਉਂ ਨਹੀਂ ਕਰਦੇ?

ਕਿਉਂ ਉਨ੍ਹਾਂ ਨੂੰ ਥਾਣੇ ਦੇ ਹਵਾਲਾਤ ਵਿੱਚ ਬੰਦ ਨਹੀਂ ਕਰਦੇ? ਕਾਨੂੰਨ ਸਭ ਲਈ ਬਰਾਬਰ ਹੈ। ਇਹ ਸਿਆਸੀ ਕੈਦੀ ਵੀ ਨਹੀਂ। ਕਤਲ, ਡਕੈਤੀ ਦੇ ਮੁਲਜ਼ਮ ਨੇ। ਇਨ੍ਹਾਂ ਨੂੰ ਹਵਾਲਾਤ ਦੀ ਹਵਾ ਲੱਗੀ ਤਾਂ ਚਾਰ ਹੋਰ ਅਮੀਰਾਂ ਨੂੰ ਕੰਨ ਹੋਣਗੇ। ਨਹੀਂ ਉਲਟਾ ਸਿਗਨਲ ਜਾਏਗਾ।

ਸਾਡੀ ਸਰਕਾਰ ਦੀ ਬਦਨਾਮੀ ਹੋ ਰਹੀ ਹੈ। ਅਮੀਰਾਂ ਦੀ ਹਾਮੀ ਹੋਣ ਦਾ ਧੱਬਾ ਲੱਗ ਰਿਹਾ ਹੈ। ਉਨ੍ਹਾਂ ਨੂੰ ਥਾਂ ਸਿਰ ਕਰੋ।”

“ਲਿਖਾ ਪੜ੍ਹੀ ਹੋ ਰਹੀ ਸੀ। ਪੁੱਛ ਗਿੱਛ ਹੋ ਰਹੀ ਸੀ। ਕੁੱਝ ਸਕਿਉਰਟੀ ਪੱਖੋਂ ਉਨ੍ਹਾਂ ਨੂੰ ਰੈਸਟ ਹਾਊਸ ਰੱਖਿਆ ਸੀ। ਸਵੇਰ ਹੁੰਦਿਆਂ ਹੀ ਹਵਾਲਾਤ ਵਿੱਚ ਤੁੰਨ ਦਿਆਂਗੇ।”

“ਸਕਿਉਰਟੀ ਨੂੰ ਖ਼ਤਰਾ ਖੜ੍ਹਾ ਕਰਨ ਵਾਲੇ ਉਹ ਕਿਹੜਾ ਪੰਜਵੜ ਗਰੁਪ ਦੇ ਅਤਿਵਾਦੀ ਨੇ ਬਈ ਥਾਣੇ ’ਤੇ ਹਮਲਾ ਕਰਵਾ ਦੇਣਗੇ। ਸਕਿਉਰਟੀ ਨੂੰ ਕੋਈ ਖ਼ਤਰਾ ਨਹੀਂ। ਸਵੇਰ ਦੇ ਸੂਰਜ ਦੇ ਦਰਸ਼ਨ ਉਨ੍ਹਾਂ ਨੂੰ ਹਵਾਲਾਤ ਵਿੱਚ ਹੋਣੇ ਚਾਹੀਦੇ ਹਨ।”

“ਇਸੇ ਤਰ੍ਹਾਂ ਹੋਏਗਾ।”

“ਇਕ ਗੱਲ ਹੋਰ। ਕੱਲ੍ਹ ਨੂੰ ਉਨ੍ਹਾਂ ਨੂੰ ਜਹਾਜ਼ਾਂ ਵਰਗੀਆਂ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਵਿੱਚ ਬਿਠਾ ਕੇ ਕਚਹਿਰੀ ਨਾ ਲੈ ਕੇ ਜਾਣਾ। ਤੋਰ ਕੇ ਤਾਂ ਭਾਵੇਂ ਨਾ ਲਿਆਉਣਾ ਪਰ ਸਰਕਾਰੀ ਗੱਡੀਆਂ ਵਿੱਚ ਜ਼ਰੂਰ ਲਿਆਉਣਾ। ਹੱਥਕੜੀ ਲਾ ਕੇ। ਲੋਕਾਂ ਨੂੰ ਅਮੀਰਜ਼ਾਦਿਆਂ ਦੀਆਂ ਕਰਤੂਤਾਂ ਦਾ ਪਤਾ ਤਾਂ ਲਗੇ। ਪੁਲਿਸ ਰਿਮਾਂਡ ਪੂਰਾ ਲੈਣਾ। ਮੈਨੂੰ ਪਤਾ ਲੱਧਗਿਆ ਹੈ ਉਹ ਸਰਕਾਰੀ ਵਕੀਲਾਂ ਅਤੇ ਜੱਜਾਂ ਨੂੰ ਮਿਲਦੇ ਫਿਰਦੇ ਹਨ। ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਨੀ। ਉਨ੍ਹਾਂ ਅਫ਼ਸਰਾਂ ਨੂੰ ਮੈਂ ਆਪੇ ਦੇਖ ਲਵਾਂਗਾ।”

ਬਾਕੀ ਅਫ਼ਸਰਾਂ ਨੂੰ ਕਿਸ ਤਰ੍ਹਾਂ ਨੱਥ ਪਾਈ ਜਾਏ? ਕਪਤਾਨ ਤੋਂ ਭਰੋਸਾ ਲੈ ਕੇ ਬਘੇਲ ਸਿੰਘ ਇਹ ਸੋਚਣ ਲੱਗਾ।

 

-54-

 

ਮੁਕੱਦਮੇਬਾਜ਼ੀ ਵਿੱਚ ਮੈਜਿਸਟਰੇਟ, ਜ਼ਿਲ੍ਹਾ ਅਟਾਰਨੀ ਜਾਂ ਸਿਵਲ ਸਰਜਨ ਵਰਗੇ ਅਫ਼ਸਰਾਂ ਦੀ ਜ਼ਰੂਰਤ ਪੈਂਦੀ ਹੈ, ਇਹ ਬਘੇਲ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਸੀ।

ਇਨ੍ਹਾਂ ਵਿਚੋਂ ਕਿਸੇ ਵੀ ਅਫ਼ਸਰ ਨਾਲ ਉਸਦੀ ਜਾਣ ਪਹਿਚਾਣ ਨਹੀਂ ਸੀ।

ਅਸਲ ਵਿੱਚ ਉਸਨੂੰ ਅਫ਼ਸਰਾਂ ਨਾਲ ਜਾਣ ਪਹਿਚਾਣ ਬਣਾਉਣ ਦਾ ਮੌਕਾ ਹੀ ਨਹੀਂ ਸੀ ਮਿਲਿਆ।

ਉਹ ਪਹਿਲੀ ਵਾਰ ਵਿਧਾਇਕ ਬਣਿਆ ਸੀ। ਟਿਕਟ ਉਸਨੂੰ ਜਥੇਦਾਰ ਦੇ ਕੋਟੇ ਵਿਚੋਂ ਮਿਲੀ ਸੀ। ਜਥੇਦਾਰ ਦੀ ਸਿਫ਼ਾਰਸ਼ ’ਤੇ ਪੰਜ ਵਿਧਾਇਕ ਮੰਤਰੀ ਬਣੇ ਸਨ। ਉਨ੍ਹਾਂ ਵਿਚੋਂ ਤਿੰਨ ਨਵੇਂ ਸਨ।

ਬਘੇਲ ਸਿੰਘ ਨੂੰ ਨਵੀਂ ਮਿਲੀ ਤਾਕਤ ਦਾ ਨਸ਼ਾ ਸੀ। ਪਹਿਲੇ ਸਾਲ ਉਹ ਹਵਾ ਵਿੱਚ ਉੱਡਦਾ ਰਿਹਾ। ਉਸਦਾ ਸਾਰਾ ਜ਼ੋਰ ਥਾਣੇ, ਤਹਿਸੀਲੋਂ ਕੰਮ ਕਰਾਉਣ ’ਤੇ ਲੱਗਾ ਰਿਹਾ। ਇਸ ਤੋਂ ਉਪਰ ਵੀ ਅਫ਼ਸਰ ਹਨ। ਜਦੋਂ ਉਸਨੂੰ ਅਹਿਸਾਸ ਹੋਣ ਲੱਗਾ, ਜਥੇਦਾਰ ਦਾ ਮੁੱਖ ਮੰਤਰੀ ਨਾਲ ਮੂੰਹ ਮੋਟਾ ਹੋ ਗਿਆ।

ਮੁੱਖ ਮੰਤਰੀ ਦੇ ਇਸ਼ਾਰੇ ’ਤੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਪਤਾਨ ਨੇ ਤਾਂ ਮੂੰਹ ਦੂਜੇ ਪਾਸੇ ਕਰਨਾ ਹੀ ਸੀ, ਤਹਿਸੀਲਦਾਰ ਤਕ ਸਲਾਮ ਕਰਨੋਂ ਹਟ ਗਏ ਸਨ। ਮਾਇਆ ਨਗਰ ਦੇ ਲੋਕ ਦੂਰ ਅੰਦੇਸ਼ ਹਨ। ਝੱਟ ਮੌਕਾ ਤਾੜ ਗਏ। ਬਘੇਲ ਸਿੰਘ ਦੀ ਕੋਠੀ ਕਾਂ ਪੈਣ ਲਗੇ। ਮਹੀਨੇ ਵਿੱਚ ਮਸਾਂ ਪੰਜ ਸੱਤ ਦਰਖ਼ਾਸਤਾਂ ਸਿਫਾਰਸ਼ ਲਈ ਆਉਂਦੀਆਂ ਸਨ।

ਬੇਸ਼ਰਮੀ ਧਾਰ ਕੇ ਉਹ ਤੁਰਿਆ ਫਿਰਦਾ ਸੀ, ਪਰ ਹੱਜ ਕੋਈ ਨਹੀਂ ਸੀ।

ਅਜਿਹੇ ਹਲਾਤਾਂ ਵਿੱਚ ਅਫ਼ਸਰਾਂ ਨਾਲ ਬਣੇ ਤਾਂ ਕਿਸ ਤਰ੍ਹਾਂ? ਕੰਮ ਨਾ ਕਰਨ ’ਤੇ ਕਿਸੇ ਅਫ਼ਸਰ ਨੂੰ ਦਬਕਾਇਆ ਜਾਏ ਤਾਂ ਕਿਸ ਕਿੱਲੇ ਦੇ ਜ਼ੋਰ ’ਤੇ?

ਆਹ ਬਟੇਰਾ ਪਤਾ ਨਹੀਂ ਕਿਥੋਂ ਪੈਰ ਹੇਠ ਆ ਗਿਆ। ਇਸ ਬਟੇਰੇ ਕਾਰਨ ਮੁੱਖ ਮੰਤਰੀ ਉਸ ਉਪਰ ਮਿਹਰਬਾਨ ਹੋ ਗਿਆ ਸੀ। ਕੇਂਦਰ ਤਕ ਦੀਆਂ ਸਿਫਾਰਸ਼ਾਂ ਠੁਕਰਾ ਕੇ ਉਹ ਉਸ ਨਾਲ ਚਟਾਨ ਵਾਂਗ ਅੜਿਆ ਖੜ੍ਹਾ ਸੀ। ਕਦੇ ਕਦੇ ਬਘੇਲ ਸਿੰਘ ਨੂੰ ਮੁੱਖਮੰਤਰੀ ਦੀ ਨੀਅਤ ’ਤੇ ਸ਼ੱਕ ਹੁੰਦਾ ਸੀ। ਕਿਧਰੇ ਉਹ ਬਘੇਲ ਸਿੰਘ ਨੂੰ ਮਾਇਆ ਜਾਲ ਵਿੱਚ ਤੇ ਨਹੀਂ ਸੀ ਫਸਾ ਰਿਹਾ? ਕਿਧਰੇ ਉਸ ਦੇ ਸਿਆਸੀ ਭਵਿਖ ਨੂੰ ਤਬਾਹ ਕਰਨ ਦੇ ਮਨਸੂਬੇ ਤੇ ਨਹੀਂ ਸੀ ਘੜ ਰਿਹਾ? ਪਰ ਹੁਣ ਉਸਦੀ ਲੜਾਈ ਜਿਸ ਮੋੜ ਉਪਰ ਪੁੱਜ ਚੁੱਕੀ ਸੀ ਉਥੋਂ ਪਿੱਛੇ ਨਹੀਂ ਸੀ ਹਟਿਆ ਜਾ ਸਕਦਾ। ਜੋ ਹੋਏਗਾ, ਦੇਖਿਆ ਜਾਏਗਾ, ਸੋਚ ਕੇ ਉਹ ਅੱਗੇ ਤੋਂ ਅੱਗੇ ਕਦਮ ਪੁੱਟਦਾ ਜਾ ਰਿਹਾ ਸੀ।

ਅਮੀਰਜ਼ਾਦਿਆਂ ਦੇ ਖੰਭ ਕੁਤਰਣਾ ਇੰਨਾ ਆਸਾਨ ਨਹੀਂ ਸੀ, ਜਿੰਨਾ ਬਘੇਲ ਸਿੰਘ ਸਮਝ ਰਿਹਾ ਸੀ।

ਪੰਕਜ ਦੇ ਸਮਰਥਕ ਸਾਰੇ ਮਾਇਆ ਨਗਰ ਵਿੱਚ ਜਾਲ ਵਾਂਗ ਫੈਲ ਗਏ ਸਨ। ਹਰ ਅਫ਼ਸਰ ਤਕ ਪਹੁੰਚ ਕਰ ਗਏ ਸਨ। ਪਰ ਬਘੇਲ ਸਿੰਘ ਇਨ੍ਹਾਂ ਵਿਚੋਂ ਕਿਸੇ ਵੀ ਅਫ਼ਸਰ ਨਾਲ ਸਿੱਧੀ ਗੱਲ ਨਹੀਂ ਸੀ ਕਰ ਸਕਦਾ। ਉਹ ਉਸਦਾ ਆਖਾ ਮੰਨਣ ਜਾਂ ਨਾ ਮੰਨਣ, ਕੋਈ ਗਰੰਟੀ ਨਹੀਂ ਸੀ।

ਉਨ੍ਹਾਂ ਦੇ ਕੰਨ ਮੁੱਖ ਮੰਤਰੀ ਕੋਲੋਂ ਹੀ ਖਿਚਵਾਏ ਜਾ ਸਕਦੇ ਸਨ।

ਬਘੇਲ ਸਿੰਘ ਨੇ ਥਾਣਿਉਂ ਪਤਾ ਕੀਤਾ। ਪਤਾ ਲੱਗਾ ਮੁਲਜ਼ਮ ਬਾਅਦ ਦੁਪਹਿਰ ਅਦਾਲਤ ਵਿੱਚ ਪੇਸ਼ ਕੀਤੇ ਜਾਣੇ ਸਨ।

ਦੁਪਿਹਰ ਹੋਣ ਤਕ ਬਹੁਤ ਸਮਾਂ ਸੀ। ਚੰਡੀਗੜ੍ਹ ਉਸਨੇ ਡੇਢ ਘੰਟੇ ਵਿੱਚ ਪੁੱਜ ਜਾਣਾ ਸੀ। ਸਾਰੇ ਕੰਮ ਕਰਵਾ ਕੇ ਮੁਲਜ਼ਮਾਂ ਦੇ ਪੇਸ਼ ਹੋਣ ਤਕ ਉਸਨੇ ਵਾਪਸ ਆ ਜਾਣਾ ਸੀ।

ਸਿਆਸੀ ਸਕੱਤਰ ਨੂੰ ਦਫ਼ਤਰ ਪੁੱਜਦਿਆਂ ਹੀ ਬਘੇਲ ਸਿੰਘ ਨੇ ਦਬੋਚ ਲਿਆ।

“ਜੇ ਮੁਲਜ਼ਮਾਂ ਦੀ ਸਕੀਮ ਸਿਰੇ ਚੜ੍ਹ ਗਈ ਤਾਂ ਮੇਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਏਗੀ। ਨਾ ਸਾਨੂੰ ਦੁਆਨੀ ਮਿਲੇਗੀ। ਮੁਲਜ਼ਮਾਂ ਦਾ ਇੱਕ ਦੋ ਦਿਨ ਹਵਾਲਾਤ ਵਿੱਚ ਸੜਨਾ ਜ਼ਰੂਰੀ ਹੈ।”

ਬਘੇਲ ਸਿੰਘ ਨੇ ਸਿਆਸੀ ਸਕੱਤਰ ਨੂੰ ਸਮਝਾਇਆ।

ਬਘੇਲ ਸਿੰਘ ਜਿਸ ਜਿਸ ਅਫ਼ਸਰ ਦਾ ਨਾਂ ਲੈਂਦਾ ਗਿਆ, ਸਿਆਸੀ ਸਕੱਤਰ ਉਸੇ ਨੂੰ ਫ਼ੋਨ ਕਰਦਾ ਗਿਆ।

ਅੱਗੋਂ ਹੁੰਗਾਰਾ ਠੀਕ ਮਿਲਣ ਲਗਾ।

ਸਿਵਲ ਸਰਜਨ ਧੜੱਲੇਦਾਰ ਅਫ਼ਸਰ ਸੀ। ਉਹ ਮੁੱਖ ਮੰਤਰੀ ਦੇ ਇਲਾਕੇ ਦਾ ਸੀ।

ਮੁੱਖ ਮੰਤਰੀ ਦੀ ਕਲਮ ਨਾਲ ਉਹ ਮਾਇਆ ਨਗਰ ਲੱਗਾ ਸੀ। ਸਿਆਸੀ ਸਕੱਤਰ ਨਾਲ ਵੀ ਉਸਦੇ ਨਿਜੀ ਸਬੰਧ ਸਨ।

ਸਿਵਲ ਸਰਜਨ ਉਪਰ ਜੋ ਦਬਾਅ ਪਿਆ ਸੀ, ਉਸਦਾ ਉਸਨੇ ਖੁਲਾਸਾ ਕੀਤਾ: “ਪਹਿਲਾਂ ਸਾਡੇ ਡਾਇਰੈਕਟਰ ਦਾ ਫ਼ੋਨ ਆਇਆ ਸੀ। ਫੇਰ ਸਿਹਤ ਮੰਤਰੀ ਦਾ ਆ ਗਿਆ। ਸਿਫਾਰਸ਼ ਚਾਲੂ ਨਹੀਂ ਸੀ। ਮੰਤਰੀ ਜੀ ਨੇ ਖ਼ੁਦ ਗੱਲ ਕੀਤੀ ਸੀ ਅਤੇ ਹੁਕਮ ਦਿੱਤਾ ਸੀ। ਦੋਸ਼ੀ ਉਨ੍ਹਾਂ ਦੇ ਰਿਸ਼ਤੇਦਾਰ ਸਨ। ਹਰ ਹੀਲੇ ਉਨ੍ਹਾਂ ਦੀ ਮਦਦ ਹੋਣੀ ਚਾਹੀਦੀ ਸੀ। ਹੁਣ ਤੁਸੀਂ ਆਪਣੀ ਸਿਫਾਰਸ਼ ਬਾਰੇ ਦੱਸੋ। ਜੇ ਹੁਕਮ ਮੁੱਖ ਮੰਤਰੀ ਵੱਲੋਂ ਹੈ, ਫੇਰ ਮੈਨੂੰ ਮੰਤਰੀ ਦੀ ਕੋਈ ਪਰਵਾਹ ਨਹੀਂ। ਜੇ ਕੰਮ ਤੁਹਾਡਾ ਹੈ ਫੇਰ ਉਸ ਨਜ਼ਰੀਏ ਤੋਂ ਸੋਚੀਏ।”

“ਮੈਂ ਆਪਣੇ ਤੌਰ ’ਤੇ ਕੁੱਝ ਨਹੀਂ ਆਖ ਰਿਹਾ। ਮੁੱਖ ਮੰਤਰੀ ਸਾਹਿਬ ਦਾ ਹੁਕਮ ਸੁਣਾ ਰਿਹਾ ਹਾਂ। ਕੁੱਝ ਦੇਰ ਇੰਤਜ਼ਾਰ ਕਰੋ। ਮੈਂ ਮੁੱਖ ਮੰਤਰੀ ਸਾਹਿਬ ਤੋਂ ਸਿਹਤ ਮੰਤਰੀ ਨੂੰ ਫ਼ੋਨ ਕਰਾਉਂਦਾ ਹਾਂ। ਤੁਹਾਨੂੰ ਸਿਹਤ ਮੰਤਰੀ ਦਾ ਫ਼ੋਨ ਆਏਗਾ। ਉਹ ਆਖੇਗਾ ਕਾਰਵਾਈ ਸੱਚ ਦੇ ਆਧਾਰ ’ਤੇ ਹੋਵੇ। ਕਿਸੇ ਧਿਰ ਦਾ ਪੱਖ ਨਾ ਪੂਰਿਆ ਜਾਵੇ। ਫੇਰ ਠੀਕ ਹੈ?”

“ਫੇਰ ਗੋਲੀ ਕਿਸਦੀ ਅਤੇ ਗਹਿਣੇ ਕਿਸਦੇ? ਮੈਂ ਬਿਮਾਰ ਮੁਲਜ਼ਮਾਂ ਨੂੰ ਘੋੜੇ ਚੜ੍ਹੇ ਦਿਖਾ ਦੇਵਾਂਗਾ।”

ਸਿਵਲ ਸਰਜਨ ਵੱਲੋਂ ਬੇਫ਼ਿਕਰ ਹੋ ਕੇ ਉਹ ਜ਼ਿਲ੍ਹਾ ਅਟਾਰਨੀ ਨੂੰ ਫ਼ੋਨ ਘੁਮਾਉਣ ਲੱਗੇ।

ਜ਼ਿਲ੍ਹਾ ਅਟਾਰਨੀ ਵਿੱਚ ਸਿਵਲ ਸਰਜਨ ਵਾਲੀ ਜੁਅਰਤ ਨਹੀਂ ਸੀ। ਉਸਨੂੰ ਫ਼ੋਨ ਹੋਮ ਸੈਕਟਰੀ ਦਾ ਆਇਆ ਸੀ। ਜ਼ਿਲ੍ਹਾ ਅਟਾਰਨੀ ਉਸਦਾ ਮਤਹਿਤ ਸੀ। ਸਿਫਾਰਸ਼ ਠੋਕਵੀਂ ਸੀ। ਉਸ ਨੇ ਆਖਿਆ ਸੀ ਮੁਲਜ਼ਮਾਂ ਦੀ ਪੁਲਿਸ ਹਿਰਾਸਤ ਦਾ ਮਤਲਬ ਹੋਮ ਸੈਕਟਰੀ ਦੀ ਪੁਲਿਸ ਹਿਰਾਸਤ ਸੀ। ਕੰਮ ਕਰਵਾ ਕੇ ਹੋਮ ਸੈਕਟਰੀ ਨੂੰ ਉਸਨੇ ਰਿਪੋਰਟ ਕਰਨੀ ਸੀ।

ਮੁੱਖ ਮੰਤਰੀ ਦੇ ਸਿਆਸੀ ਸਕੱਤਰ ਦਾ ਫ਼ੋਨ ਸੁਣ ਕੇ ਜ਼ਿਲ੍ਹਾ ਅਟਾਰਨੀ ਦੀ ਜਾਨ ਦੋ ਪੁੜਾਂ ਵਿਚਕਾਰ ਫਸ ਗਈ। ਇੱਕ ਪਾਸੇ ਹੋਮ ਸੈਕਟਰੀ। ਜੇ ਉਸਦਾ ਕੰਮ ਨਾ ਹੋਇਆ, ਉਸਨੇ ਜ਼ਿਲ੍ਹਾ ਅਟਾਰਨੀ ਨੂੰ ਗੁਰਦਾਸਪੁਰ ਭੇਜ ਦੇਣਾ ਸੀ। ਮਸਾਂ ਮਸਾਂ ਉਹ ਮਾਇਆ ਨਗਰ ਆਇਆ ਸੀ। ਇਥੇ ਨੋਟਾਂ ਦੀ ਬਾਰਸ਼ ਹੁੰਦੀ ਸੀ। ਉਥੇ ਖੁਸ਼ਕੀ ਹੀ ਖੁਸ਼ਕੀ ਸੀ।

ਦੂਜੇ ਪਾਸੇ ਖ਼ੁਦ ਮੁੱਖ ਮੰਤਰੀ ਸੀ। ਹੋਮ ਸੈਕਟਰੀ ਦੇ ਵੀ ਉਪਰ ਦੀ। ਸਿਫਾਰਸ਼ ਇਥੋਂ ਵੀ ਠੋਕਵੀਂ ਹੋ ਰਹੀ ਸੀ। ਮੁੱਖ ਮੰਤਰੀ ਦਾ ਅਹੁਦਾ ਤਾਂ ਵੱਡਾ ਸੀ ਹੀ ਇਧਰੋਂ ਸਿਫਾਰਸ਼ ਵੀ ਮੁਦਈ ਧਿਰ ਦੀ ਹੋ ਰਹੀ ਸੀ। ਮੁਦਈ ਧਿਰ ਦਾ ਪੱਖ ਪੂਰਨਾ ਉਸਦੀ ਡਿਊਟੀ ਸੀ।

ਇੱਕ ਵਾਰ ਜ਼ਿਲ੍ਹਾ ਅਟਾਰਨੀ ਦੇ ਮਨ ਵਿੱਚ ਆਇਆ, ਉਹ ਸਿਆਸੀ ਸਕੱਤਰ ਕੋਲ ਸਾਰੀ ਸਥਿਤੀ ਸਪੱਸ਼ਟ ਕਰ ਦੇਵੇ।

ਮੁੱਖ ਮੰਤਰੀ ਨੇ ਜੇ ਹੋਮ ਸੈਕਟਰੀ ਨੂੰ ਤਾੜ ਦਿੱਤਾ? ਹੋਮ ਸੈਕਟਰੀ ਨੇ ਵੱਧ ਗੁੱਸੇ ਹੋਣਾ ਸੀ। ਆਖਣਾ ਸੀ ਕੰਮ ਕਰਦਾ ਜਾਂ ਨਾ, ਪਰ ਮੁੱਖ ਮੰਤਰੀ ਕੋਲ ਉਸਦੀ ਸ਼ਿਕਾਇਤ ਤਾਂ ਨਾ ਕਰਦਾ।

ਇਹ ਸੋਚ ਕੇ ਉਹ ਦੜ ਵੱਟ ਗਿਆ।

ਹੁਕਮਾਂ ਦੀ ਤਾਮੀਲ ਕਰਨ ਦਾ ਵਾਅਦਾ ਹੀ ਉਚਿਤ ਹੱਲ ਸੀ। ਇਹੋ ਉਸਨੇ ਕੀਤਾ।

“ਹਰ ਹਾਲ ਵਿੱਚ ਦੋਸ਼ੀਆਂ ਦਾ ਰਿਮਾਂਡ ਮਿਲੇਗਾ। ਮੈਂ ਹੁਣੇ ਸੈਸ਼ਨ ਜੱਜ ਸਾਹਿਬ ਨੂੰ ਮਿਲਦਾ ਹਾਂ। ਉਨ੍ਹਾਂ ਤੋਂ ਮੈਜਿਸਟਰੇਟ ਨੂੰ ਅਖਵਾਉਂਦਾ ਹਾਂ।”

ਇੰਨਾ ਕੁ ਹੋਮ ਵਰਕ ਕਰਕੇ ਬਘੇਲ ਸਿੰਘ ਨਤੀਜਿਆਂ ਦੀ ਉਡੀਕ ਕਰਨ ਲੱਗਾ।

 

-55-

 

ਜ਼ਿਲ੍ਹਾ ਅਟਾਰਨੀ ਸੋਚਾਂ ਵਿੱਚ ਪਿਆ ਹੋਇਆ ਸੀ। ਉਹ ਕਿਸ ਮੋਰੀ ਨਿਕਲੇ? ਉਸਨੂੰ ਸਮਝ ਨਹੀਂ ਸੀ ਆ ਰਹੀ।

ਮੁਲਜ਼ਮ ਧਿਰ ਹਰ ਸਬੰਧਤ ਅਫ਼ਸਰ ਤਕ ਪਹੁੰਚ ਕਰ ਚੁੱਕੀ ਸੀ। ਪਹੁੰਚ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ ਸੀ। ਉਸੇ ਅਫ਼ਸਰ ਕੋਲੋਂ ਅਖਵਾਇਆ ਗਿਆ ਸੀ, ਜਿਸਦੇ ਹੱਥ ਵਿੱਚ ਉਸਦੀ ਨਬਜ਼ ਸੀ। ਜੱਜਾਂ ਨੂੰ ਕਿਸੇ ਮੰਤਰੀ ਜਾਂ ਸੈਕਟਰੀ ਦੀ ਪਰਵਾਹ ਨਹੀਂ ਸੀ।

ਉਨ੍ਹਾਂ ਨੇ ਉਹੋ ਕਰਨਾ ਸੀ ਜਿਹੜਾ ਉਨ੍ਹਾਂ ਦੇ ਅਫ਼ਸਰਾਂ ਨੇ ਆਖਣਾ ਸੀ। ਕਿਸੇ ਨੇ ਕਿਸੇ ਜੱਜ ਦੀ ਝੇਪ ਵਿੱਚ ਆ ਕੇ ਜੇ ਪੁਲਿਸ ਰਿਮਾਂਡ ਦੀ ਮੰਗ ਠੁਕਰਾ ਦਿੱਤੀ ਤਾਂ ਜ਼ਿਲ੍ਹਾ ਅਟਾਰਨੀ ਨੂੰ ਲੈਣੇ ਦੇ ਦੇਣੇ ਪੈ ਜਾਣੇ ਸਨ।

“ਇਸ ਅਫ਼ਸਰ ਦਾ ਨਿਆਂ ਪਾਲਿਕਾ ਨਾਲ ਰਾਬਤਾ ਨਹੀਂ ਹੈ” ਇਹ ਦੋਸ਼ ਲਗਾ ਕੇ ਉਸਦੀ ਇਥੋਂ ਛੁੱਟੀ ਹੋ ਜਾਣੀ ਸੀ।

ਸੋਚਦੇ ਸੋਚਦੇ ਉਸਨੂੰ ਇੱਕ ਰਾਹ ਲੱਭਾ। ਉਸਨੂੰ ਸੈਸ਼ਨ ਜੱਜ ਕੋਲ ਜਾ ਕੇ ਮਨ ਦੀ ਭੜਾਸ ਕੱਢਣੀ ਚਾਹੀਦੀ ਸੀ। ਇੰਝ ਸੱਪ ਵੀ ਮਰ ਜਾਣਾ ਸੀ ਅਤੇ ਲਾਠੀ ਵੀ ਬਚ ਰਹਿਣੀ ਸੀ। ਉਹ ਸਹੁੰ ਖਾ ਕੇ ਆਖਣ ਜੋਗਾ ਹੋ ਜਾਣਾ ਸੀ। ਉਸਨੇ ਸੈਸ਼ਨ ਜੱਜ ਤਕ ਪਹੁੰਚ ਕੀਤੀ ਸੀ। ਮੁਲਜ਼ਮ ਉਸ ਤੋਂ ਉਪਰ ਦੀ ਸਿਫਾਰਸ਼ ਕਰਵਾ ਗਏ ਤਾਂ ਉਹ ਕੀ ਕਰੇ।

ਫੇਰ ਉਹ ਡਰਿਆ। ਮੁਲਜ਼ਮ ਧਿਰ ਨੇ ਸੈਸ਼ਨ ਜੱਜ ਤਕ ਵੀ ਪਹੁੰਚ ਕੀਤੀ ਸੀ। ਜ਼ਿਲ੍ਹਾ ਅਟਾਰਨੀ ਵਾਂਗ ਸੈਸ਼ਨ ਜੱਜ ਵੀ ਕੜਿਕੀ ਵਿੱਚ ਫਸਿਆ ਹੋਏਗਾ। ਆਪਣੀ ਜਾਨ ਛੁਡਾਉਣ ਲਈ ਜੇ ਕਿਧਰੇ ਉਸਨੇ ਮੁਲਜ਼ਮ ਧਿਰ ਕੋਲ ਜ਼ਿਲ੍ਹਾ ਅਟਾਰਨੀ ਦੇ ਆਉਣ ਬਾਰੇ ਜ਼ਿਕਰ ਕਰ ਦਿੱਤਾ ਤਾਂ ਮੁਲਜ਼ਮਾਂ ਨੇ ਜੁੱਤੀ ਲਾਹ ਲੈਣੀ ਸੀ। ਨਾਲੇ ਪੈਸੇ ਲੈ ਲਏ, ਨਾਲੇ ਉਲਟ ਸਿਫਾਰਸ਼ਾਂ ਕਰ ਰਿਹਾ ਸੀ।

“ਸੈਸ਼ਨ ਜੱਜ ਵੱਡਾ ਅਫ਼ਸਰ ਹੈ। ਉਹ ਇੰਨਾ ਕੱਚਾ ਨਹੀਂ ਕਿ ਅਫ਼ਸਰਾਂ ਦੀਆਂ ਚੁਗਲੀਆਂ ਕਰਦਾ ਫਿਰੇ।”

ਮਨ ਨੂੰ ਸਮਝਾ ਕੇ ਜ਼ਿਲ੍ਹਾ ਅਟਾਰਨੀ ਸੈਸ਼ਨ ਜੱਜ ਦੀ ਕੋਠੀ ਜਾ ਵੜਿਆ।

ਸੈਸ਼ਨ ਜੱਜ ਵੀ ਇਸੇ ਦੁਬਿਧਾ ਵਿੱਚ ਸੀ। ਉਸਨੂੰ ਹੁਣ ਤਕ ਹਾਈ ਕੋਰਟ ਦੇ ਦੋ ਜੱਜਾਂ ਦੇ ਫ਼ੋਨ ਆ ਚੁੱਕੇ ਸਨ। ਹੈਰਾਨੀ ਦੀ ਗੱਲ ਇਹ ਸੀ ਕਿ ਉਨ੍ਹਾਂ ਵਿਚੋਂ ਇੱਕ ਉਹ ਜੱਜ ਸੀ ਜਿਸ ਨੇ ਖ਼ੁਦ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਰੱਦ ਕੀਤੀ ਸੀ। ਜਦੋਂ ਉਹ ਹਾਥੀ ਜਿਡੀ ਕੁਰਸੀ ’ਤੇ ਬੈਠ ਕੇ ਮੁਲਜ਼ਮਾਂ ਦੀ ਮਦਦ ਨਹੀਂ ਸੀ ਕਰ ਸਕਿਆ ਤਾਂ ਕੀੜੀਆਂ ਤੋਂ ਕੀ ਆਸ ਕਰ ਰਿਹਾ ਸੀ?

ਇਲਾਕਾ ਮੈਜਿਸਟਰੇਟ ਹੁਣੇ ਹੁਣੇ ਆਪਣਾ ਦੁਖੜਾ ਰੋ ਕੇ ਗਿਆ ਸੀ। ਉਹ ਨਵਾਂ ਭਰਤੀ ਹੋਇਆ ਸੀ। ਉਸਨੂੰ ਲਾਲਚ ਵੀ ਦਿੱਤਾ ਜਾ ਰਿਹਾ ਸੀ ਅਤੇ ਮਲਵੀਂ ਜਿਹੀ ਜੀਭ ਨਾਲ ਧਮਕੀ ਵੀ। ਉਹ ਸੈਸ਼ਨ ਜੱਜ ਤੋਂ ਅਗਵਾਈ ਲੈਣ ਆਇਆ ਸੀ।

ਸੈਸ਼ਨ ਜੱਜ ਖ਼ੁਦ ਡੋਲਿਆ ਬੈਠਾ ਸੀ। ਉਹ ਜ਼ਿਲ੍ਹਾ ਅਟਾਰਨੀ ਦਾ ਹੌਸਲਾ ਕਿਸ ਤਰ੍ਹਾਂ ਵਧਾਏ?

ਸੋਚ ਸੋਚ ਕੇ ਸੈਸ਼ਨ ਜੱਜ ਨੇ ਜ਼ਿਲ੍ਹਾ ਅਟਾਰਨੀ ਨੂੰ ਸਲਾਹ ਦਿੱਤੀ।

“ਤੁਸੀਂ ਖ਼ੁਦ ਮਿਸਲ ਦੀ ਘੋਖ ਪੜਤਾਲ ਕਰੋ। ਕਮੀ ਪੇਸ਼ੀ ਨਜ਼ਰ ਆਉਂਦੀ ਹੋਵੇ, ਉਹ ਦੂਰ ਕਰਾਓ। ਪੁਲਿਸ ਰਿਮਾਂਡ ਦੀ ਦਰਖ਼ਾਸਤ ਆਪ ਲਿਖਵਾਓ। ਪੁਲਿਸ ਰਿਮਾਂਡ ਦਾ ਠੋਸ ਆਧਾਰ ਤਿਆਰ ਕਰਾਓ। ਖ਼ੁਦ ਬਹਿਸ ਕਰੋ। ਕੁੱਝ ਯਤਨ ਮੈਂ ਕਰਾਂਗਾ। ਆਪਾਂ ਸਾਰੇ ਇਸ ਮੁਸੀਬਤ ਵਿਚੋਂ ਨਿਕਲਣ ਦਾ ਯਤਨ ਕਰਾਂਗੇ।”

ਸੈਸ਼ਨ ਜੱਜ ਦੀਆਂ ਬਾਕੀ ਗੱਲਾਂ ਠੀਕ ਸਨ। ਖ਼ੁਦ ਬਹਿਸ ਕਰਨ ਦੇ ਸੁਝਾਅ ਨੇ ਉਸਨੂੰ ਕੜਿਕੀ ਵਿੱਚ ਫਸਾ ਦਿੱਤਾ। ਇਸ ਤਰ੍ਹਾਂ ਕਰਨ ਨਾਲ ਜ਼ਿਲ੍ਹਾ ਅਟਾਰਲੀ ਨੂੰ ਹਰ ਹਾਲ ਵਿੱਚ ਮਾਰ ਪੈਣੀ ਸੀ। ਪੁਲਿਸ ਰਿਮਾਂਡ ਮਿਲਿਆ ਹੋਮ ਸੈਕਟਰੀ ਨੇ ਨਰਾਜ਼ ਹੋਣਾ ਸੀ। ਅੱਡੀਆਂ ਚੁਕ ਚੁਕ ਬਹਿਸ ਕਰਨ ਦੀ ਕੀ ਜ਼ਰੂਰਤ ਸੀ?

ਪੁਲਿਸ ਰਿਮਾਂਡ ਨਾ ਮਿਲਿਆ ਤਾਂ ਬਘੇਲ ਸਿੰਘ ਨੇ ਦੁਆਲੇ ਹੋ ਜਾਣਾ ਸੀ।

ਉਹ ਖ਼ੁਦ ਬਹਿਸ ਕਰਨ ਦਾ ਜੋਖ਼ਮ ਨਹੀਂ ਉਠਾਏਗਾ। ਸੰਬੰਧਤ ਸਰਕਾਰੀ ਵਕੀਲ ਨੂੰ ਹੀ ਕਚਹਿਰੀ ਭੇਜੇਗਾ। ਕੋਈ ਨੀਮ ਖੀਮ ਹੋਈ ਤਾਂ ਉਸੇ ਨੂੰ ਬਲੀ ਦਾ ਬੱਕਰਾ ਬਣਾਏਗਾ।

ਸੈਸ਼ਨ ਜੱਜ ਕੋਲ ਸਿਫ਼ਾਰਸ਼ ਕਰਨ ਦਾ ਆਪਣਾ ਫਰਜ਼ ਨਿਭਾਅ ਕੇ ਜ਼ਿਲ੍ਹਾ ਅਟਾਰਨੀ ਆਪਣੇ ਦਫ਼ਤਰ ਆ ਬੈਠਾ।

ਉਹ ਆਉਣ ਵਾਲੇ ਭੈੜੇ ਸਮੇਂ ਲਈ ਆਪਣੇ ਆਪ ਨੂੰ ਤਿਆਰ ਕਰਨ ਲੱਗਾ।

 

-56-

 

ਸੂਰਜ ਦੀ ਪਹਿਲੀ ਕਿਰਨ ਦੇ ਨਾਲ ਹੀ ਬਘੇਲ ਸਿੰਘ ਦੀ ਮਿਹਨਤ ਦੇ ਨਤੀਜੇ ਆਉਣ ਲਗੇ।

ਮੂੰਹ ਹਨੇਰੇ ਪੁਲਿਸ ਨੇ ਦੋਹਾਂ ਭਰਾਵਾਂ ਨੂੰ ਰੈਸਟ ਹਾਊਸ ਵਿਚੋਂ ਲਿਆ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ।

ਹਵਾਲਾਤ ਦਾ ਸਵਾਦ ਚੰਗੀ ਤਰ੍ਹਾਂ ਚਖਾਉਣ ਲਈ ਪੰਜ ਛੇ ਮੰਗਤਿਆਂ ਅਤੇ ਦੋ ਤਿੰਨ ਚੋਰਾਂ ਨੂੰ ਉਨ੍ਹਾਂ ਨਾਲ ਡੱਕ ਦਿੱਤਾ।

ਹਵਾਲਾਤੀਆਂ ਦੇ ਮੈਲੇ ਕਪੜਿਆਂ ਅਤੇ ਸਰੀਰਾਂ ਵਿਚੋਂ ਬੂ ਆ ਰਹੀ ਸੀ। ਇੰਝ ਜਾਪਦਾ ਸੀ ਜਿਵੇਂ ਕਾਂ ਖਾਧਾ ਕੋਈ ਕੁੱਤਾ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ ਹੋਵੇ।

ਮੰਗਤੇ ਵਾਰ ਵਾਰ ਜ਼ਰਦਾ ਲਾ ਰਹੇ ਸਨ ਅਤੇ ਹਵਾਲਾਤ ਦੇ ਅੰਦਰ ਹੀ ਥੁੱਕ ਰਹੇ ਸਨ।

ਓਕ ਨਾਲ ਪੀਣ ਕਾਰਨ ਘੜੇ ਦਾ ਪਾਣੀ ਥਾਂ ਥਾਂ ਡੁੱਧਲ੍ਹਿਆ ਪਿਆ ਸੀ। ਉਸ ਡੁਲ੍ਹੇ ਪਾਣੀ ਉਪਰ ਬੈਠੀਆਂ ਮੱਖੀਆਂ ਨੇ ਮਾਹੌਲ ਹੋਰ ਘਿਣਾਉਣਾ ਬਣਾ ਦਿੱਤਾ ਸੀ।

ਹਵਾਲਾਤ ਦਾ ਇੱਕ ਦਰਵਾਜ਼ਾ ਥਾਣੇ ਦੇ ਮੁੱਖ ਦਰਵਾਜ਼ੇ ਵੱਲ ਖੁਲ੍ਹਦਾ ਸੀ। ਥਾਣੇ ਅੰਦਰ ਜਾਂਦੇ ਹਰ ਵਿਅਕਤੀ ਦੀ ਨਜ਼ਰ ਹਵਾਲਾਤੀਆਂ ਉਪਰ ਪੈਂਦੀ ਸੀ। ਹਵਾਲਾਤੀਆਂ ਨੂੰ ਮੂੰਹ ਲੁਕਾਉਣ ਤਕ ਦੀ ਸਹੂਲਤ ਨਹੀਂ ਸੀ। ਕੋਈ ਕਿੰਨਾ ਕੁ ਚਿਰ ਮੂੰਹ ’ਤੇ ਹੱਥ ਰੱਖੀ ਆਪਣੀ ਸ਼ਨਾਖ਼ਤ ਛੁਪਾਈ ਰੱਖੇ!

ਦੋਵੇਂ ਭਰਾ ਤਰਲੇ ਲੈ ਰਹੇ ਸਨ। ਉਨ੍ਹਾਂ ਨੂੰ ਹਵਾਲਾਤ ਵਿਚੋਂ ਕੱਢਿਆ ਜਾਵੇ। ਉਨ੍ਹਾਂ ਨੂੰ ਘਰ ਫ਼ੋਨ ਕਰਨ ਦਿੱਤਾ ਜਾਵੇ।

ਕੋਈ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਥਾਣੇ ਵਿੱਚ ਦੋ ਪੁਲਿਸ ਮੁਲਾਜ਼ਮ ਹਾਜ਼ਰ ਸਨ। ਇੱਕ ਸੀ ਰਾਤ ਦਾ ਮੁਨਸ਼ੀ ਅਤੇ ਦੂਸਰਾ ਸੀ ਸੰਤਰੀ। ਹਵਾਲਾਤ ਦੀ ਚਾਬੀ ਦੋਹਾਂ ਵਿਚੋਂ ਕਿਸੇ ਕੋਲ ਨਹੀਂ ਸੀ। ਉਹ ਦੋਸ਼ੀਆਂ ਦੀ ਕੋਈ ਮਦਦ ਨਹੀਂ ਸਨ ਕਰ ਸਕਦੇ।

ਸੰਤਰੀ ਨੂੰ ਚਾਹ ਫੜਾਉਣ ਆਏ ਨੌਕਰ ਨੂੰ ਸੇਠਾਂ ’ਤੇ ਰਹਿਮ ਆ ਗਿਆ। ਚੁੱਪਕੇ ਜਿਹੇ ਉਸਨੇ ਉਨ੍ਹਾਂ ਤੋਂ ਫ਼ੋਨ ਨੰਬਰ ਲਿਆ ਅਤੇ ਦੁਕਾਨ ’ਤੇ ਆ ਕੇ ਉਨ੍ਹਾਂ ਦੇ ਘਰ ਫ਼ੋਨ ਖੜਕਾ ਦਿੱਤਾ।

ਖ਼ਬਰ ਸੁਣਦਿਆਂ ਹੀ ਗੁੱਸੇ ਵਿੱਚ ਭੜਕੇ ਉਨ੍ਹਾਂ ਦੇ ਹਮਾਇਤੀ ਥਾਣੇ ਵੱਲ ਦੌੜ ਪਏ।

ਰਾਤੀਂ ਰਿਸ਼ਤੇਦਾਰ ਸਭ ਤਰ੍ਹਾਂ ਦੇ ਇੰਤਜ਼ਾਮ ਕਰਕੇ ਆਏ ਸਨ। ਹੁਣ ਪੁਲਿਸ ਨੂੰ ਕਿਹੜੀ ਮਾਰ ਪੈ ਗਈ ਸੀ?

ਸੰਤਰੀ ਨੂੰ ਅਫ਼ਸਰਾਂ ਦੀ ਸਖ਼ਤ ਹਦਾਇਤ ਸੀ। ਬਿਨਾਂ ਮੁੱਖ ਅਫ਼ਸਰ ਦੀ ਇਜਾਜ਼ਤ ਦੇ ਕਿਸੇ ਨੂੰ ਥਾਣੇ ਅੰਦਰ ਨਾ ਜਾਣ ਦਿੱਤਾ ਜਾਵੇ।

ਕੁੱਝ ਦੇਰ ਸੰਤਰੀ ਆਪਣੀ ਡਿਊਟੀ ਈਮਾਨਦਾਰੀ ਨਾਲ ਨਿਭਾਉਂਦਾ ਰਿਹਾ। ਹਰ ਆਏ ਮੁਲਾਕਾਤੀ ਨੂੰ ਨਿਮਰਤਾ ਸਹਿਤ ਥਾਣੇ ਦੇ ਬਾਹਰ ਇੰਤਜ਼ਾਰ ਕਰਨ ਦੀ ਬੇਨਤੀ ਕਰਦਾ ਰਿਹਾ।

ਹੌਲੀ ਹੌਲੀ ਸਥਿਤੀ ਸੰਤਰੀ ਦੇ ਵਸੋਂ ਬਾਹਰ ਹੋਣ ਲੱਗੀ। ਜਿਸ ਰੁਤਬੇ ਦੇ ਲੋਕ ਮੁਲਜ਼ਮਾਂ ਨੂੰ ਮਿਲਣ ਆ ਰਹੇ ਸਨ, ਉਨ੍ਹਾਂ ਨੂੰ ਬਹੁਤੀ ਦੇਰ ਰੋਕਣਾ ਸੰਤਰੀ ਦੇ ਵੱਸ ਵਿੱਚ ਨਹੀਂ ਸੀ।

ਸੰਤਰੀ ਨੂੰ ਦੋਹੀਂ ਪਾਸੀਂ ਖ਼ਤਰਾ ਮਹਿਸੂਸ ਹੋਣ ਲੱਗਾ। ਜੇ ਕਿਸੇ ਸਾਬਕਾ ਜੱਜ ਜਾਂ ਚੇਅਰਮੈਨ ਨੂੰ ਉਸਨੇ ਥਾਣੇ ਨਾ ਵੜਨ ਦਿੱਤਾ ਤਾਂ ਉਸ ਨੇ ਸੰਤਰੀ ਨੂੰ ਮੁਅੱਤਲ ਕਰਵਾ ਦੇਣਾ ਸੀ। ਜੇ ਅੰਦਰ ਜਾਣ ਦਿੱਤਾ ਤਾਂ ਅਫ਼ਸਰਾਂ ਨੇ ਉਸਦੀ ਪੇਟੀ ਲਾਹ ਲੈਣੀ ਸੀ।

ਅਫ਼ਸਰਾਂ ਨੂੰ ਉਹ ਕਈ ਵਾਰ ਸੂਚਿਤ ਕਰ ਚੁੱਕਾ ਸੀ, “ਹਾਲਾਤ ਕਾਬੂ ਕਰੋ।” “ਬਸ ਆਏ” ਆਖ ਕੇ ਅਫ਼ਸਰ ਜਾਨ ਛੁਡਾਉਂਦੇ ਆ ਰਹੇ ਸਨ।

ਮਨ ਕਰੜਾ ਕਰਕੇ ਸੰਤਰੀ ਨੇ ਕੰਟਰੋਲ ਰੂਮ ਨੂੰ ਫ਼ੋਨ ਕੀਤਾ। “ਥਾਣੇ ਦੇ ਬਾਹਰ ਵੱਡੀ ਭੀੜ ਜਮ੍ਹਾਂ ਹੋ ਗਈ ਹੈ। ਥਾਣੇ ਉਪਰ ਹਮਲਾ ਹੋਣ ਦਾ ਖ਼ਤਰਾ ਹੈ। ਮੈਂ ਇਕੱਲਾ ਹਾਲਾਤ ਕਾਬੂ ਨਹੀਂ ਕਰ ਸਕਦਾ। ਹੋਰ ਫੋਰਸ ਭੇਜੋ।”

ਕੰਟਰੋਲ ਰੂਮ ਨੇ ਝੱਟ ਵਾਇਰਲੈਸਾਂ ਖੜਕਾ ਦਿੱਤੀਆਂ।

ਝੱਟ ਮੁੱਖ ਅਫ਼ਸਰ ਥਾਣੇ ਆ ਬੈਠਾ। ਗੇਟ ਉੱਪਰ ਸੁਰੱਖਿਆ ਵਧਾ ਦਿੱਤੀ ਗਈ।

ਚਾਰ ਬੰਦੂਕਾਂ ਵਾਲੇ ਸੰਤਰੀ ਥਾਣੇ ਦੇ ਬਾਹਰ ਗਸ਼ਤ ਕਰਨ ਲੱਗੇ।

ਮੁੱਖ ਅਫ਼ਸਰ ਹਮਾਇਤੀਆਂ ਨੂੰ ਟਾਲਦਾ ਰਿਹਾ। ਕਾਨੂੰਨ ਸਭ ਲਈ ਬਰਾਬਰ ਸੀ।

ਉਹ ਦੋਸ਼ੀਆਂ ਨੂੰ ਹਵਾਲਾਤ ਵਿਚੋਂ ਬਾਹਰ ਨਹੀਂ ਸੀ ਕੱਢ ਸਕਦਾ।

ਉਸਨੇ ਇੱਕ ਰਿਆਇਤ ਕੀਤੀ। ਵਕੀਲ ਨੂੰ ਦੋਸ਼ੀਆਂ ਨਾਲ ਮਿਲਾ ਦਿੱਤਾ।

ਸਿੰਗਲੇ ਕੋਲ ਮੁਲਜ਼ਮਾਂ ਨਾਲ ਕਰਨ ਲਈ ਕੋਈ ਗੱਲ ਨਹੀਂ ਸੀ। ਉਹ ਕੁੱਝ ਘੰਟਿਆਂ ਲਈ ਸਬਰ ਕਰਨ ਦੀ ਸਲਾਹ ਦੇ ਕੇ ਬਾਹਰ ਆ ਗਿਆ।

ਬਾਹਰਲਿਆਂ ਨੂੰ ਦੱਸਣ ਲਈ ਸਿੰਗਲੇ ਕੋਲ ਬਹੁਤਾ ਕੁੱਝ ਨਹੀਂ ਸੀ।

“ਹਾਲੇ ਮੁੰਡੇ ਠੀਕ ਹਨ। ਕੁੱਝ ਘਬਰਾਹਟ ਜ਼ਰੂਰ ਹੈ। ਜੇ ਉਹ ਕਿਵੇਂ ਨਾ ਕਿਵੇਂ ਹਵਾਲਾਤ ਵਿਚੋਂ ਬਾਹਰ ਆ ਜਾਣ, ਫੇਰ ਕੋਈ ਦਿੱਕਤ ਨਹੀਂ।”

ਉਪਰੋਂ ਕਿਸੇ ਅਫ਼ਸਰ ਨੇ ਮੁੱਖ ਅਫ਼ਸਰ ਨੂੰ ਤਾੜਿਆ: “ਮੁਲਾਕਾਤੀਆਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ? ਇੱਕ ਇੱਕ ਕਰਕੇ ਮਿਲਣ ਦਿੱਤਾ ਜਾਵੇ।”

ਆਸ ਦੇ ਉਲਟ ਹਮਾਇਤੀਆਂ ਨੂੰ ਮਿਲ ਕੇ ਨੀਰਜ ਹੋਰਾਂ ਨੂੰ ਰਾਹਤ ਘੱਟ ਅਤੇ ਘਬਰਾਹਟ ਵੱਧ ਮਹਿਸੂਸ ਹੋਣ ਲੱਗੀ।

ਉਨ੍ਹਾਂ ਦੇ ਚਿਹਰੇ ਮੁਰਝਾ ਗਏ। ਉਬਾਸੀਆਂ ਆਉਣ ਲੱਗੀਆਂ। ਉਨ੍ਹਾਂ ਦੇ ਗਲੇ ਸੁੱਕ ਰਹੇ ਸਨ। ਦਿਲ ਜ਼ੋਰ ਜ਼ੋਰ ਦੀ ਧੜਕ ਰਹੇ ਸਨ। ਲੱਤਾਂ ਬਾਹਾਂ ਦਰਦ ਕਰ ਰਹੀਆਂ ਸਨ।

ਦੋ ਕੁ ਵਾਰ ਸੁੱਕੇ ਵੱਤ ਆ ਚੁੱਕੇ ਸਨ। ਪੰਕਜ ਦਾ ਸਿਰ ਫਟ ਰਿਹਾ ਸੀ। ਨੀਰਜ ਦਾ ਪਿੰਡਾ ਭਖ ਰਿਹਾ ਸੀ।

ਉਹ ਮੂੰਹੋਂ ਕੁੱਝ ਨਹੀਂ ਸਨ ਬੋਲ ਰਹੇ।

ਪਰ ਉਨ੍ਹਾਂ ਦੀਆਂ ਅੱਖਾਂ ਲੇਲ੍ਹੜੀਆਂ ਕੱਢ ਕੱਢ ਆਖ ਰਹੀਆਂ ਸਨ: “ਸਾਨੂੰ ਹਰ ਕੀਮਤ ’ਤੇ ਇਥੋਂ ਕੱਢੋ!”

 

-57-

 

ਤਪਦੇ ਰੇਗਸਥਾਨ ਵਿੱਚ ਪਹਿਲੀ ਵਾਰ ਠੰਡੀ ਹਵਾ ਦਾ ਬੁੱਲਾ ਆਇਆ ਸੀ।

ਮਾਤਾ ਜੀ ਨੇ ਆਪਣੇ ਹੱਥੀਂ ਸਹਿਯੋਗ ਸੰਸਥਾ ਵਿੱਚ ਨੇਹਾ ਦੀ ਪਹਿਲੀ ਥਾਂ ਬਹਾਲ ਕੀਤੀ ਸੀ।

ਯੁਵਾ ਸ਼ਕਤੀ ਨੇ ਸੰਸਥਾ ਦੇ ਪ੍ਰਬੰਧਕਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਕਰਵਾਇਆ ਸੀ। ਮਜਬੂਰਨ ਪ੍ਰਬੰਧਕਾਂ ਨੂੰ ਮਾਮਲਾ ਅਮਰੀਕਾ ਬੈਠੇ ਮਾਤਾ ਜੀ ਦੇ ਧਿਆਨ ਵਿੱਚ ਲਿਆਉਣਾ ਪਿਆ ਸੀ। ਮਾਤਾ ਜੀ ਨੇ ਪ੍ਰਬੰਧਕਾਂ ਨੂੰ ਝਾੜਾਂ ਪਾਈਆਂ ਸਨ। ਮਾਤਾ ਜੀ ਦੇ ਆਦੇਸ਼ ਤੇ ਸੰਚਾਲਕ ਨੂੰ ਹਸਪਤਾਲ ਆ ਕੇ ਨੇਹਾ ਤੋਂ ਮੁਆਫ਼ੀ ਮੰਗਣੀ ਪਈ ਸੀ।

ਪਿਛਲੀ ਬੈਠਕ ਵਿੱਚ ਨੇਹਾ ਅਤੇ ਉਸਦੇ ਪਰਿਵਾਰ ਲਈ ਸਮੂਹਿਕ ਪ੍ਰਾਰਥਨਾ ਹੋਈ ਸੀ।

ਅਗਲੀ ਸਮੂਹਿਕ ਬੈਠਕ ਵਿੱਚ ਸ਼ਾਮਲ ਹੋਣ ਲਈ ਨੇਹਾ ਨੂੰ ਮਾਤਾ ਜੀ ਵੱਲੋਂ ਬੁਲਾਵਾ ਆਇਆ ਸੀ। ਸਾਰੇ ਸਹਿਯੋਗੀਆਂ ਦੇ ਸਾਹਮਣੇ ਮਾਤਾ ਜੀ ਨੇ ਨੇਹਾ ਨਾਲ ਫ਼ੋਨ ’ਤੇ ਗੱਲ ਕਰਨੀ ਸੀ ਅਤੇ ਉਸਨੂੰ ਅਸ਼ੀਰਵਾਦ ਦੇਣਾ ਸੀ।

ਮਾਤਾ ਜੀ ਕਿਸੇ ਸਹਿਯੋਗੀ ਨਾਲ ਫ਼ੋਨ ’ਤੇ ਗੱਲ ਕਰਨ, ਇਹ ਸੰਸਥਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਣਾ ਸੀ। ਇਸ ਅਨੂਠੇ ਪ੍ਰਸ਼ਾਦ ਨੇ ਨੇਹਾ ਨੂੰ ਫੁੱਲ ਵਾਂਗ ਟਹਿਕਾ ਦਿੱਤਾ। ਨੇਹਾ ਦੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ। ਉਸ ਨੂੰ ਮਹਿਸੂਸ ਹੋਇਆ ਜਿਵੇਂ ਉਸਦੀ ਕੁੰਡਲਣੀ ਮਾਂ ਦਾ ਮੁੜ ਉਥਾਨ ਹੋਣ ਲੱਗਾ ਸੀ। ਪਹਿਲਾਂ ਵਾਲੀ ਅਧਿਆਤਮ ਸ਼ਕਤੀ ਮੁੜ ਉਸ ਅੰਦਰ ਪਰਵਾਹਿਤ ਹੋਣ ਲੱਗੀ ਸੀ।

ਮਾਤਾ ਜੀ ਨੇ ਨੇਹਾ ਨੂੰ ਫ਼ੋਨ ’ਤੇ ਉਪਦੇਸ਼ ਦਿੱਤਾ। ਉਹ ਰੱਬ ਦੀ ਰਜ਼ਾ ਵਿੱਚ ਰਹੇ।

ਵਿਧੀ ਦਾ ਲਿਖਿਆ ਅਵਤਾਰ ਖ਼ੁਦ ਨਹੀਂ ਟਾਲਦੇ। ਇਹ ਭਾਣਾ ਇੰਝ ਹੀ ਵਰਤਣਾ ਸੀ।

ਨੇਹਾ ਕਮਲ ਲਈ ਹੰਝੂ ਨਾ ਵਹਾਏ। ਉਹ ਮਾਤਾ ਜੀ ਦੇ ਚਰਨਾਂ ਵਿੱਚ ਸੁਰੱਖਿਅਤ ਸੀ।

ਨੇਹਾ ਧਿਆਨ ਵਿੱਚ ਮਨ ਲਗਾਏ। ਮਾਤਾ ਪਿਤਾ ਦੀ ਸੇਵਾ ਕਰੇ। ਭਵਿੱਖ ਵਿੱਚ ਸਭ ਠੀਕ ਹੋਣ ਵਾਲਾ ਸੀ।

ਨਵੇਂ ਜੋਸ਼ ਨਾਲ ਭਰੀ ਨੇਹਾ ਆਸ਼ਰਮ ਵਿਚੋਂ ਸਿੱਧੀ ਆਪਣੀ ਕੋਠੀ ਗਈ। ਆਪਣੇ ਪੂਜਾ ਸਥਾਨ ਨੂੰ ਉਸਨੇ ਆਪਣੇ ਹੱਥੀਂ ਸਾਫ਼ ਕੀਤਾ। ਮਾਤਾ ਜੀ ਦੀ ਫ਼ੋਟੋ ’ਤੇ ਪਈ ਧੂੜ ਨੂੰ ਝਾੜਿਆ।

ਅਗਲੇ ਦਿਨ ਮਾਤਾ ਜੀ ਦੇ ਬੋਲ ਸੱਚੇ ਸਿੱਧ ਹੋਣੇ ਸ਼ੁਰੂ ਹੋ ਗਏ।

ਹਾਈ ਕੋਰਟ ਨੇ ਪੰਕਜ ਅਤੇ ਨੀਰਜ ਦੀ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਰੱਦ ਕਰ ਦਿੱਤੀ।

ਹੁਣ ਉਹ ਥਾਣੇ ਦੀ ਹਵਾਲਾਤ ਵਿੱਚ ਸੜ ਰਹੇ ਸਨ।

 

-58-

 

ਆਮ ਤੌਰ ’ਤੇ ਮੁਲਜ਼ਮਾਂ ਨੂੰ ਬਾਰਾਂ ਸਾਢੇ ਬਾਰਾਂ ਵਜੇ ਹਵਾਲਾਤੋਂ ਕੱਢ ਲਿਆ ਜਾਂਦਾ ਸੀ। ਪਰ ਜਦੋਂ ਨੀਰਜ ਹੋਰਾਂ ਨੂੰ ਢਾਈ ਵਜੇ ਤਕ ਹਵਾਲਾਤੋਂ ਬਾਹਰ ਨਾ ਕੱਢਿਆ ਗਿਆ ਤਾਂ ਬਾਹਰ ਖੜ੍ਹੇ ਸਮਰਥਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਹ ਦੇਰੀ ਆਉਣ ਵਾਲੇ ਭੈੜੇ ਸਮੇਂ ਦੀ ਸੂਚਕ ਸੀ।

ਰਾਤੀਂ ਨੀਰਜ ਹੋਰਾਂ ਦੇ ਸਮਰਥਕਾਂ ਨੂੰ ਕਪਤਾਨ ਨੇ ਭਰੋਸਾ ਦਿਵਾਇਆ ਸੀ। ਮੁਲਜ਼ਮਾਂ ਨੂੰ ਬਾਇੱਜ਼ਤ ਕਚਹਿਰੀ ਲਿਜਾਇਆ ਜਾਏਗਾ।

ਢਾਈ ਵਜੇ ਮੁਲਾਜ਼ਮਾਂ ਨੂੰ ਥਾਣਿਉਂ ਬਾਹਰ ਆਉਂਦੇ ਦੇਖ ਕੇ ਕੁੱਝ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਥਾਣੇ ਦੇ ਗੇਟ ਅੱਗੇ ਲੱਗਣ ਦਾ ਯਤਨ ਕਰਨ ਲੱਗੀਆਂ। ਉਨ੍ਹਾਂ ਦੀ ਡਿਊਟੀ ਪੰਕਜ ਹੋਰਾਂ ਨੂੰ ਕਚਹਿਰੀ ਲਿਜਾਣ ਦੀ ਲੱਗੀ ਸੀ।

ਪਰ ਇੱਕ ਵੀ ਗੱਡੀ ਨੂੰ ਗੇਟ ਅੱਗੇ ਰੁਕਣ ਦੀ ਇਜਾਜ਼ਤ ਨਾ ਮਿਲੀ। ਕਾਰਾਂ ਦੀ ਥਾਂ ਸਰਕਾਰੀ ਫੋਰ ਵੀਲਰ ਲਿਆਂਦਾ ਗਿਆ। ਮੁਦਈ ਧਿਰ ਜ਼ੋਰ ਪਾ ਰਹੀ ਸੀ। ਮੁਲਜ਼ਮਾਂ ਨੂੰ ਤੋਰ ਕੇ ਕਚਹਿਰੀ ਲਿਜਾਇਆ ਜਾਵੇ। ਪਰ ਪੁਲਿਸ ਨਿਰਪੱਖ ਸੀ। ਨਾ ਉਨ੍ਹਾਂ ਨੂੰ ਤੋਰ ਕੇ ਕਚਹਿਰੀ ਲਿਜਾਇਆ ਜਾਏਗਾ ਨਾ ਕਾਰਾਂ ਵਿੱਚ। ਸਾਧਾਰਨ ਮੁਲਜ਼ਮਾਂ ਵਾਂਗ ਉਹ ਸਰਕਾਰੀ ਗੱਡੀ ਵਿੱਚ ਕਚਹਿਰੀ ਜਾਣਗੇ।

ਕਮਾਨੋਂ ਨਿਕਲੇ ਤੀਰ ਵਾਂਗ ਮਿੰਟੀ ਸਕਿੰਟੀ ਮੁਲਜ਼ਮਾਂ ਵਾਲੀ ਗੱਡੀ ਅੱਧਖੋਂ ਓਹਲੇ ਹੋ ਗਈ।

ਥਾਣੇ ਤੋਂ ਕਚਹਿਰੀ ਦਾ ਰਸਤਾ ਦੋ ਕਿਲੋਮੀਟਰ ਤੋਂ ਵੱਧ ਨਹੀਂ ਸੀ। ਰਸਤੇ ਵਿੱਚ ਨਾ ਕੋਈ ਬੱਤੀਆਂ ਵਾਲਾ ਚੌਕ ਸੀ, ਨਾ ਭੀੜ ਭੜੱਕਾ। ਗੱਡੀ ਨੂੰ ਥਾਣਿਉਂ ਨਿਕਲਿਆਂ ਘੰਟਾ ਹੋ ਗਿਆ ਸੀ। ਗੱਡੀ ਰੁਕੀ ਤਾਂ ਕਿਥੇ?

ਕਚਹਿਰੀ ਦੇ ਬਾਹਰ ਖੜ੍ਹੇ ਸਮਰਥਕਾਂ ਨੂੰ ਚਿੰਤਾ ਹੋਣ ਲੱਗੀ।

ਕੁੱਟ ਮਾਰ ਕਰਕੇ ਪੁੱਛ ਗਿੱਛ ਕਰਨ ਲਈ ਪੁਲਿਸ ਕਿਤੇ ਉਨ੍ਹਾਂ ਨੂੰ ਸਟਾਫ਼ ਤਾਂ ਨਹੀਂ ਲੈ ਗਈ? ਹੈਰਾਨ ਪ੍ਰੇਸ਼ਾਨ ਹੋਏ ਦੋਸਤ ਬੁਰੇ ਦੇ ਘਰ ਤਕ ਸੋਚਣ ਲੱਗੇ।

ਹਾਲੇ ਪਹਿਲੀ ਪਹੇਲੀ ਹੱਲ ਨਹੀਂ ਸੀ ਹੋਈ। ਸਿੰਗਲੇ ਨੇ ਨਵੀਂ ਮੁਸੀਬਤ ਦਾ ਬਿਗਲ ਵਜਾ ਦਿੱਤਾ।

ਇਲਾਕਾ ਮੈਜਿਸਟਰੇਟ ਅੱਧੇ ਦਿਨ ਦੀ ਛੁੱਟੀ ਚਲਾ ਗਿਆ ਸੀ। ਡਿਊਟੀ ਮੈਜਿਸਟਰੇਟ ਸਵੇਰ ਤੋਂ ਛੁੱਟੀ ’ਤੇ ਸੀ। ਸੈਸ਼ਨ ਜੱਜ ਕਿਸੇ ਮੈਜਿਸਟਰੇਟ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕਰੇਗਾ। ਫੇਰ ਦੋਸ਼ੀਆਂ ਨੂੰ ਅਦਾਲਤ ਲਿਆਂਦਾ ਜਾਏਗਾ।

ਮੁਲਜ਼ਮਾਂ ਦੀ ਮਿਹਨਤ ’ਤੇ ਪਾਣੀ ਫਿਰ ਗਿਆ ਸੀ। ਉਨ੍ਹਾਂ ਨੇ ਦੋਹਾਂ ਮੈਜਿਸਟਰੇਟਾਂ ਤਕ ਪਹੁੰਚ ਕੀਤੀ ਸੀ। ਦੋਹੇਂ ਮੈਜਿਸਟਰੇਟ ਪਿੱਠ ਦਿਖਾ ਦੇਣਗੇ, ਇਹ ਕਿਸੇ ਦੇ ਚਿਤਚੇਤੇ ਨਹੀਂ ਸੀ।

ਪਤਾ ਨਹੀਂ ਕਿਸ ਮੈਜਿਸਟਰੇਟ ਦੀ ਡਿਊਟੀ ਲੱਗੇ? ਪਤਾ ਨਹੀਂ ਕਿਸ ਸਰਕਾਰੀ ਵਕੀਲ ਨਾਲ ਮੱਥਾ ਲਗੇ? ਝੱਟ ਪੱਟ ਉਨ੍ਹਾਂ ਤੱਕ ਪਹੁੰਚ ਕਿਸ ਤਰ੍ਹਾਂ ਹੋਏਗੀ? ਸਿੰਗਲੇ ਨੂੰ ਇਹੋ ਚਿੰਤਾ ਸਤਾ ਰਹੀ ਸੀ।

ਲੱਗਦਾ ਸੀ ਇਹ ਡਰਾਮਾ ਕਿਸੇ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋ ਰਿਹਾ ਸੀ। ਨਵੇਂ ਡਿਊਟੀ ਮੈਜਿਸਟਰੇਟ ਦਾ ਨਾਂ ਜਾਣ ਬੁਝ ਕੇ ਗੁਪਤ ਰੱਖਿਆ ਜਾ ਰਿਹਾ ਸੀ। ਧਿਰਾਂ ਨੂੰ ਨਵੇਂ ਮੈਜਿਸਟਰੇਟ ਦਾ ਨਾਂ ਉਦੋਂ ਹੀ ਪਤਾ ਲੱਗਣਾ ਸੀ, ਜਦੋਂ ਦੋਸ਼ੀ ਕਚਹਿਰੀ ਜਾ ਖੜੇ।

ਸੈਸ਼ਨ ਜੱਜ ਵੱਲੋਂ ਕੀਤੀ ਜਾ ਰਹੀ ਦੇਰੀ ਦਾ ਪੁਲਿਸ ਨੇ ਫ਼ਾਇਦਾ ਉਠਾ ਲਿਆ।

ਸੁਪਰੀਮ ਕੋਰਟ ਦੀਆਂ ਨਵੀਆਂ ਹਦਾਇਤਾਂ ਆਈਆਂ ਸਨ। ਗ੍ਰਿਫ਼ਤਾਰੀ ਦੇ ਫੌਰਨ ਬਾਅਦ ਦੋਸ਼ੀਆਂ ਦਾ ਡਾਕਟਰੀ ਮੁਲਾਹਜ਼ਾ ਕਰਵਾਇਆ ਜਾਵੇ। ਇਨ੍ਹਾਂ ਹਦਾਇਤਾਂ ਦੀ ਪਾਲਣਾ ਲਈ ਦੋਸ਼ੀਆਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ। ਸਿਵਲ ਸਰਜਨ ਦੀ ਦੇਖ ਰੇਖ ਵਿੱਚ ਡਾਕਟਰਾਂ ਦਾ ਬੋਰਡ ਬਣਾਇਆ ਗਿਆ। ਦੋਸ਼ੀਆਂ ਦੀ ਹਰ ਪੱਖੋਂ ਜਾਂਚ ਹੋਈ। ਡਾਕਟਰਾਂ ਨੇ ਇੱਕ ਸੁਰ ਹੋ ਕੇ ਸਰਟੀਫਿਕੇਟ ਜਾਰੀ ਕੀਤਾ। ਦੋਵੇਂ ਦੋਸ਼ੀ ਸਰੀਰਕ ਅਤੇ ਮਾਨਸਿਕ ਦੋਹਾਂ ਪੱਖਾਂ ਤੋਂ ਰਿਸ਼ਟ ਪੁਸ਼ਟ ਸਨ। ਉਨ੍ਹਾਂ ਦੇ ਸਰੀਰਾਂ ਉਪਰ ਕਿਸੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ।

ਹੁਣ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਵਿੱਚ ਕੋਈ ਦਿੱਕਤ ਨਹੀਂ ਸੀ।

ਦੋਸ਼ੀਆਂ ਦੇ ਕਚਹਿਰੀ ਪੁੱਜਦਿਆਂ ਹੀ ਸੈਸ਼ਨ ਜੱਜ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟਾਂ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕਰ ਦਿੱਤਾ। ਉਹ ਮੈਜਿਸਟਰੇਟ ਵਿਚੋਂ ਸਭ ਤੋਂ ਸੀਨੀਅਰ ਸੀ ਅਤੇ ਇਹ ਮਾਮਲਾ ਸੀਨੀਅਰ ਮੈਜਿਸਟਰੇਟ ਦੇ ਵਿਚਾਰਨ ਵਾਲਾ ਸੀ।

ਦੋਹਾਂ ਧਿਰਾਂ ਵੱਲੋਂ ਘੰਟਾ ਘੰਟਾ ਬਹਿਸ ਹੋਈ। ਮੈਜਿਸਟਰੇਟ ਕੰਨਾਂ ਵਿੱਚ ਤੇਲ ਪਾਈ ਬਹਿਸ ਸੁਣਦਾ ਰਿਹਾ।

ਫੇਰ ਵਾਰੀ ਮੈਜਿਸਟਰੇਟ ਦੀ ਆਈ: “ਬਹੁਤ ਤਫ਼ਤੀਸ਼ ਹੋਣੀ ਬਾਕੀ ਹੈ। ਸਾਜ਼ਿਸ਼ ਦੀ ਤੈਅ ਤਕ ਜਾਣ ਲਈ ਪੁਲਿਸ ਨੂੰ ਖੁਲ੍ਹਾ ਸਮਾਂ ਚਾਹੀਦਾ ਹੈ। ਪੁਲਿਸ ਸੱਤ ਦਿਨਾਂ ਤਕ ਉਨ੍ਹਾਂ ਕੋਲੋਂ ਪੁੱਛ ਗਿੱਛ ਕਰ ਸਕਦੀ ਹੈ।”

ਦੋਸ਼ੀਆਂ ਦਾ ਮੈਡੀਕਲ ਪੁਲਿਸ ਪਹਿਲਾਂ ਹੀ ਕਰਵਾ ਚੁੱਕੀ ਸੀ। ਡਾਕਟਰੀ ਰਿਪੋਰਟ ਅਨੁਸਾਰ ਉਹ ਚੜ੍ਹਦੀ ਕਲਾ ਵਿੱਚ ਸਨ। ਨਵੇਂ ਮੈਡੀਕਲ ਦੀ ਕੋਈ ਜ਼ਰੂਰਤ ਨਹੀਂ ਸੀ।

ਇਨ੍ਹਾਂ ਦਲੀਲਾਂ ਦੇ ਆਧਾਰ ’ਤੇ ਡਾਕਟਰੀ ਮੁਆਇਨੇ ਦੀ ਦਰਖ਼ਾਸਤ ਖਾਰਜ ਕੀਤੀ ਗਈ।

 

-59-

 

ਸੱਤ ਦਿਨਾਂ ਦੇ ਪੁਲਿਸ ਰਿਮਾਂਡ ਦਾ ਮਤਲਬ ਸੀ, ਪੂਰੇ ਸੱਤ ਦਿਨ ਹਵਾਲਾਤ ਨਾਂ ਦੇ ਇਸ ਨਰਕ ਵਿੱਚ ਰਹਿਣਾ।

ਹਵਾਲਾਤ ਵਿਚਲੇ ਸੱਤ ਘੰਟੇ ਉਨ੍ਹਾਂ ਨੂੰ ਸੱਤ ਯੁੱਗਾਂ ਜਿਡੇ ਲੱਗੇ ਸਨ। ਉਸ ਸਮੇਂ ਉਨ੍ਹਾਂ ਦੇ ਮਨਾਂ ਵਿੱਚ ਆਸ ਦੀ ਜੋਤ ਜੱਗਦੀ ਸੀ। ਬਾਹਰ ਬੈਠੇ ਉਨ੍ਹਾਂ ਦੇ ਰਿਸ਼ਤੇਦਾਰ ਕਿਸੇ ਵੀ ਸਮੇਂ ਉਨ੍ਹਾਂ ਨੂੰ ਆਜ਼ਾਦ ਕਰਵਾ ਸਕਦੇ ਸਨ। ਨੱਕ ਬੰਦ ਕਰਕੇ, ਸਾਹ ਘੁੱਟ ਕੇ ਉਨ੍ਹਾਂ ਪੀੜ ਸਹਿ ਲਈ ਸੀ। ਹੁਣ ਇਸ ਹਵਾਲਾਤ ਵਿੱਚ ਉਨ੍ਹਾਂ ਤੋਂ ਸੱਤ ਮਿੰਟ ਨਹੀਂ ਸਨ ਕੱਟੇ ਜਾ ਸਕਦੇ।

ਅਦਾਲਤੋਂ ਬਾਹਰ ਨਿਕਲਦੇ ਹੀ ਦੋਹਾਂ ਭਰਾਵਾਂ ਦੇ ਸਬਰ ਦੇ ਕੜ ਪਾਟ ਗਏ। ਯਾਰਾਂ ਦੋਸਤਾਂ ਨੂੰ ਉਹ ਬਨਾਉਟੀ ਮੁਸਕਰਾਹਟ ਹੋਠਾਂ ’ਤੇ ਲਿਆ ਕੇ ਮਿਲਦੇ ਰਹੇ। ਪਰ ਜਦੋਂ ਸਹੁਰੇ ਅੱਗੇ ਹੋਏ, ਉਹ ਉਨ੍ਹਾਂ ਦੇ ਗਲ ਲਗ ਕੇ ਭੁਬਾਂ ਮਾਰ ਕੇ ਰੋ ਪਏ।

ਪਰਮਾ ਨੰਦ ਅਤੇ ਸਰਦਾਰੀ ਲਾਲ ਨੂੰ ਆਪਣੇ ਆਪ ਨੂੰ ਸੰਭਾਲਦਿਆਂ ਕੁੱਝ ਪਲ ਲੱਗ ਗਏ। ਉਨ੍ਹਾਂ ਨੇ ਆਪਣੇ ਮਨ ਪੱਥਰ ਵਾਂਗ ਕਰੜੇ ਕੀਤੇ। ਜੇ ਉਹ ਹਿੰਮਤ ਹਾਰ ਗਏ ਤਾਂ ਪ੍ਰਾਹੁਣਿਆਂ ਦੀ ਧੀਰ ਕੌਣ ਬੰਨ੍ਹਾਏਗਾ?

ਇਸ ਤੋਂ ਪਹਿਲਾਂ ਕਿ ਫੋਟੋ ਗ੍ਰਾਫ਼ਰ ਰੋਂਦੇ ਮੁਲਜ਼ਮਾਂ ਦੀਆਂ ਫੋਟੋਆਂ ਖਿੱਚਦੇ, ਕਮਿਸ਼ਨਰ ਨੇ ਦੋਹਾਂ ਦੇ ਚਿਹਰੇ, ਇਸੇ ਮਕਸਦ ਲਈ ਲਿਆਂਦੇ ਤੋਲੀਏ ਨਾਲ ਢੱਕ ਦਿੱਤੇ।

ਦੂਸਰੇ ਪਾਸਿਉਂ ਦੋਸ਼ੀਆਂ ਨੂੰ ਫਾਹੇ ਲਾਉਣ ਦੇ ਨਾਅਰੇ ਗੂੰਜਣ ਲੱਗੇ।

ਸਥਿਤੀ ਵਿਗੜਦੀ ਦੇਖ ਕੇ ਪੁਲਿਸ ਨੇ ਮੁਲਜ਼ਮਾਂ ਨੂੰ ਹਮਾਇਤੀਆਂ ਵਿਚੋਂ ਕੱਢਿਆ ਅਤੇ ਜਿਪਸੀ ਵਿੱਚ ਬਿਠਾ ਕੇ ਤਿੱਤਰ ਹੋ ਗਈ।

ਕਮਿਸ਼ਨਰ ਨੂੰ ਸਮਝ ਨਹੀਂ ਸੀ ਆ ਰਹੀ। ਕਿਸੇ ਵੀ ਅਫ਼ਸਰ ਨੇ ਉਨ੍ਹਾਂ ਦੀ ਸਿਫਾਰਸ਼ ਕਿਉਂ ਨਹੀਂ ਸੀ ਮੰਨੀ?

ਵੇਦ ਹੋਰਾਂ ਵਿੱਚ ਇੰਨਾ ਦਮ ਨਹੀਂ ਸੀ। ਵੇਦ ਹਸਪਤਾਲ ਪਿਆ ਸੀ। ਰਾਮ ਨਾਥ ਬਾਹਰਲਾ ਬੰਦਾ ਸੀ। ਮਾਇਆ ਨਗਰ ਵਿਚੋਂ ਉਹ ਇੰਨਾ ਸਮਰਥਨ ਨਹੀਂ ਸੀ ਜੁਟਾ ਸਕਦਾ।

ਇਸ ਕਾਰਵਾਈ ਪਿਛੇ ਕੋਈ ਤੀਸਰੀ ਧਿਰ ਕੰਮ ਕਰ ਰਹੀ ਸੀ। ਇਸ ਤੀਸਰੀ ਧਿਰ ਨੂੰ ਜਾਣੇ ਬਿਨਾਂ ਮਸਲਾ ਹੱਲ ਨਹੀਂ ਸੀ ਹੋ ਸਕਦਾ।

ਕਮਿਸ਼ਨਰ ਅੱਜ ਹੀ ਮਾਇਆ ਨਗਰ ਆਇਆ ਸੀ। ਪਰਮਾ ਨੰਦ ਕੱਲ੍ਹ ਦਾ ਇਥੇ ਬੈਠਾ ਸੀ। ਉਸ ਨੂੰ ਹਲਾਤਾਂ ਦੀ ਵਧੇਰੇ ਜਾਣਕਾਰੀ ਹੋਣੀ ਚਾਹੀਦੀ ਸੀ।

ਪਰਮਾ ਨੰਦ ਨੂੰ ਲੈ ਕੇ ਕਮਿਸ਼ਨਰ ਅਨੈਕਸੀ ਵਿੱਚ ਜਾ ਬੈਠਾ।

ਪਰਮਾ ਨੰਦ ਦੀ ਸਥਿਤੀ ਕਮਿਸ਼ਨਰ ਵਾਲੀ ਹੀ ਸੀ। ਸਾਰੀ ਉਮਰ ਵਿੱਚ ਉਸਨੂੰ ਇੰਨੀ ਨਮੋਸ਼ੀ ਪਹਿਲਾਂ ਕਦੇ ਨਹੀਂ ਸੀ ਹੋਈ।

ਦੋਹਾਂ ਰਿਸ਼ਤੇਦਾਰਾਂ ਦੀ ਇੱਕ ਨੁਕਤੇ ’ਤੇ ਰਾਏ ਸਾਂਝੀ ਸੀ। ਇਸ ਸਾਜ਼ਿਸ਼ ਪਿੱਛੇ ਕੋਈ ਵੱਡੀ ਤਾਕਤ ਕੰਮ ਕਰ ਰਹੀ ਸੀ। ਇਹ ਤਾਕਤ ਕਿਸੇ ਵਿਰੋਧੀ ਵਿਉਪਾਰੀ ਦੀ ਹੋ ਸਕਦੀ ਸੀ ਜਾਂ ਪੈਸੇ ਬਟੋਰਨ ਵਾਲੇ ਕਿਸੇ ਬਲੈਕ ਮੇਲਰ ਦੀ। ਕੋਈ ਵਿਉਪਾਰੀ ਛੋਟੀ ਮੋਟੀ ਰੰਜਸ਼ ਕੱਢਣ ਲਈ ਇੱਡਾ ਵੱਡਾ ਹੰਗਾਮਾ ਖੜ੍ਹਾ ਨਹੀਂ ਕਰ ਸਕਦਾ। ਇਹ ਚਾਲ ਕਿਸੇ ਬਲੈਕਮੇਲਰ ਦੀ ਸੀ।

“ਇਹ ਬਲੈਕ ਮੇਲਰ ਕੌਣ ਸੀ?”

ਕੁੱਝ ਦੇਰ ਦੋਵੇਂ ਰਿਸ਼ਤੇਦਾਰ ਸੋਚ ਦੇ ਘੋੜੇ ਦੁੜਾਉਂਦੇ ਰਹੇ। ਜਦੋਂ ਕੁੱਝ ਹੱਥ ਨਾ ਲੱਗਾ, ਉਹ ਸਿਰ ਸੁੱਟ ਕੇ ਬੈਠ ਗਏ।

“ਸਿਰ ਸੁੱਟਣ ਵਾਲੀ ਕਿਹੜੀ ਗੱਲ ਹੈ? ਚੱਲ ਕੇ ਪ੍ਰਾਹੁਣਿਆਂ ਨੂੰ ਪੁੱਛ ਲੈਂਦੇ ਹਾਂ।

ਉਨ੍ਹਾਂ ਨੂੰ ਸਭ ਪਤਾ ਹੋਏਗਾ।”

ਮਸਲਾ ਸੁਲਝਾਉਣ ਲਈ ਉਹ ਥਾਣੇ ਨੂੰ ਤੁਰ ਪਏ।

ਬਘੇਲ ਸਿੰਘ ਵਾਲੀ ਕਹਾਣੀ ਤੋਂ ਬਿਨਾਂ ਪੰਕਜ ਹੋਰਾਂ ਨੂੰ ਕੁੱਝ ਪਤਾ ਨਹੀਂ ਸੀ। ਹੋਰ ਕਿਸੇ ਨਾਲ ਨਾ ਉਨ੍ਹਾਂ ਦੀ ਕੋਈ ਨਰਾਜ਼ਗੀ ਸੀ, ਨਾ ਕਦੇ ਕਿਸੇ ਨੇ ਉਨ੍ਹਾਂ ਨੂੰ ਕੋਈ ਧਮਕੀ ਦਿੱਤੀ ਸੀ।

“ਇਹ ਅੱਗ ਬਘੇਲ ਸਿੰਘ ਦੀ ਲਾਈ ਹੋਈ ਹੈ।”

ਕਹਾਣੀ ਸੁਣਦਿਆਂ ਹੀ ਕਮਿਸ਼ਨਰ ਨੇ ਪਹੇਲੀ ਸੁਲਝਾ ਲਈ।

ਇੱਕ ਕਰੋੜ ਦਾ ਮਾਮਲਾ ਸੀ। ਇਹ ਕਿਸ ਤਰ੍ਹਾਂ ਯਕੀਨੀ ਬਣਾਇਆ ਜਾਏ ਕਿ ਬਘੇਲ ਸਿੰਘ ਦੇ ਚੁੱਪ ਹੁੰਦਿਆਂ ਹੀ ਅੱਗ ਮੱਠੀ ਪੈ ਜਾਏਗੀ।

“ਆਪਾਂ ਆਪਣੇ ਸਿਫਾਰਸ਼ੀਆਂ ਕੋਲ ਚੱਲਦੇ ਹਾਂ। ਕੋਈ ਤਾਂ ਦੱਸੇਗਾ ਕਿਸ ਨੇ ਉਸਦੇ ਹੱਥ ਬੰਨ੍ਹੇ ਹਨ?”

ਪਰਮਾ ਨੰਦ ਦੇ ਮੋਟੇ ਦਿਮਾਗ਼ ਨੇ ਬਰੀਕ ਗੱਲ ਕੀਤੀ।

ਸਭ ਸਿਫਾਰਸ਼ੀਆਂ ਨੇ ਇਕੋ ਨਾਂ ਲਿਆ। ਮੁੱਖ ਮੰਤਰੀ।

ਮੁੱਖ ਮੰਤਰੀ! ਪਰ ਉਸਨੂੰ ਉਂਗਲ ਕੌਣ ਲਾ ਰਿਹਾ ਸੀ?

ਇਸ ਸਵਾਲ ਦਾ ਜਵਾਬ ਕਪਤਾਨ ਨੇ ਦਿੱਤਾ।

“ਬਘੇਲ ਸਿੰਘ ਨੂੰ ਨੱਥ ਪਾਓ। ਬਾਕੀ ਆਪੇ ਗੱਠੇ ਜਾਣਗੇ।”

ਕਪਤਾਨ ਨੇ ਇੱਕ ਹੋਰ ਮਦਦ ਕੀਤੀ। ਬਘੇਲ ਸਿੰਘ ਨਾਲ ਉਨ੍ਹਾਂ ਦੀ ਮੁਲਾਕਾਤ ਤੈਅ ਕਰਵਾ ਦਿੱਤੀ।

ਦੋਹਾਂ ਸਮਧੀਆਂ ਨੂੰ ਇਸ ਆਈ ਮੁਸੀਬਤ ਦੀ ਖ਼ਬਰ ਅਚਾਨਕ ਮਿਲੀ ਸੀ। ਭੱਜੇ ਆਉਂਦੇ ਉਹ ਘਰ ਵਿੱਚ ਜਿੰਨੀ ਨਕਦੀ ਪਈ ਸੀ, ਚੁੱਕ ਲਿਆਏ ਸਨ। ਫੇਰ ਵੀ ਕਮਿਸ਼ਨਰ ਦੇ ਬਰੀਫ਼ ਕੇਸ ਵਿੱਚ ਦਸ ਲੱਖ ਸੀ ਅਤੇ ਪਰਮਾ ਨੰਦ ਕੋਲ ਪੰਦਰਾਂ।

ਗੱਲ ਬਾਤ ਸ਼ੁਰੂ ਕਰਨ ਲਈ ਇੰਨੀ ਰਕਮ ਕਾਫ਼ੀ ਸੀ। ਲੋੜ ਪੈਣ ’ਤੇ ਉਹ ਘੰਟੇ ਦੇ ਅੰਦਰ ਅੰਦਰ ਕਈ ਕਰੋੜ ਇਕੱਠਾ ਕਰ ਸਕਦੇ ਸਨ।

ਦੋਹਾਂ ਰਿਸ਼ਤੇਦਾਰਾਂ ਨੇ ਹੱਥ ਮਿਲਾਏ, ਆਪਣੀਆਂ ਧੀਆਂ ਦੇ ਸੁਹਾਗਾਂ ਲਈ ਉਹ ਇਕੱਲਾ ਇਕੱਲਾ ਇੱਕ ਕਰੋੜ ਖ਼ਰਚ ਸਕਦਾ ਸੀ। ਉਹ ਇੱਕ ਅਤੇ ਇੱਕ ਗਿਆਰਾਂ ਹੋ ਗਏ ਸਨ। ਉਹ ਪੈਸਾ ਪਾਣੀ ਵਾਂਗ ਵਹਾ ਸਕਦੇ ਸਨ।

ਬਘੇਲ ਸਿੰਘ ਨਾਲ ਹੱਥ ਮਿਲਾਉਣ ਤੋਂ ਪਹਿਲਾਂ ਕਿਸ਼ੋਰੀ ਲਾਲ ਨੂੰ ਨਾਲ ਲਿਆ ਗਿਆ। ਮਾਮਲਾ ਕਾਨੂੰਨੀ ਸੀ। ਉਨ੍ਹਾਂ ਦੀ ਸਲਾਹ ਦੀ ਜ਼ਰੂਰਤ ਪੈ ਸਕਦੀ ਸੀ।

ਸੈਸ਼ਨ ਜੱਜ ਦੀ ਰਾਏ ਅਨੁਸਾਰ ਕਾਨੂੰਨੀ ਕਾਰਵਾਈ ਨੇ ਕਈ ਪੜਾਵਾਂ ਥਾਈਂ ਲੰਘਣਾ ਸੀ। ਕੰਮ ਨੂੰ ਤਿੰਨ ਹਿੱਧਸਿਆਂ ਵਿੱਚ ਵੰਡ ਲੈਣਾ ਚਾਹੀਦਾ ਸੀ। ਤੀਹ ਲੱਖ ਦੀ ਪਹਿਲੀ ਕਿਸ਼ਤ ਅੱਜ ਦਿੱਤੀ ਜਾ ਸਕਦੀ ਸੀ। ਇਸ ਕਿਸ਼ਤ ਦੇ ਇਵਜ ਵਿੱਚ ਬਘੇਲ ਸਿੰਘ ਨੇ ਕੱਸੀਆਂ ਵਾਗਾਂ ਢਿੱਲੀਆਂ ਕਰਨੀਆਂ ਸਨ। ਨਤੀਜੇ ਵਜੋਂ ਮੁੰਡਿਆਂ ਨੂੰ ਡਾਕਟਰਾਂ ਦੀ ਸਲਾਹ ’ਤੇ ਹਵਾਲਾਤੋਂ ਕੱਢ ਕੇ ਹਸਪਤਾਲ ਪਹੁੰਚਾਇਆ ਜਾਣਾ ਸੀ।

ਦੂਸਰਾ ਪੜਾਅ ਦੋਹਾਂ ਭਰਾਵਾਂ ਨੂੰ ਉੱਚ ਪੱਧਰੀ ਪੜਤਾਲ ਬਾਅਦ ਬੇ ਕਸੂਰ ਸਾਬਤ ਹੋਣ ’ਤੇ ਪੂਰਾ ਹੋਣਾ ਸੀ। ਦੋਸ਼ੀਆਂ ਦੇ ਬੇ ਕਸੂਰ ਹੋਣ ਦੀ ਰਿਪੋਰਟ ਅਦਾਲਤ ਪੁੱਜਦਿਆਂ ਹੀ ਦੂਜੀ ਕਿਸ਼ਤ ਦਾ ਭੁਗਤਾਣ ਹੋਣਾ ਚਾਹੀਦਾ ਸੀ।

ਤੀਜੀ ਕਿਸ਼ਤ ਬਾਕੀ ਦੋਸ਼ੀਆਂ ਦੇ ਬਰੀ ਹੋਣ ’ਤੇ ਬਣਦੀ ਸੀ। ਉਨਾ ਚਿਰ ਸਜ਼ਾ ਹੋਣ ਦੀ ਤਲਵਾਰ ਸਦਾ ਉਨ੍ਹਾਂ ਦੇ ਸਿਰ ’ਤੇ ਲਟਕਦੀ ਰਹਿਣੀ ਸੀ।

ਪਹਿਲੀਆਂ ਦੋ ਸ਼ਰਤਾਂ ਬਘੇਲ ਸਿੰਘ ਨੂੰ ਮਨਜ਼ੂਰ ਸਨ। ਤੀਜੀ ਉਪਰ ਸਖਤ ਇਤਰਾਜ਼ ਸੀ।

ਉਨ੍ਹਾਂ ਦੀ ਸਰਕਾਰ ਦੇ ਗਿਣਵੇਂ ਮਹੀਨੇ ਬਾਕੀ ਸਨ। ਚੋਣਾਂ ਬਾਅਦ ਪਤਾ ਨਹੀਂ ਕਿਸ ਪਾਰਟੀ ਦੀ ਸਰਕਾਰ ਬਨਣੀ ਸੀ। ਸਰਕਾਰ ਬਦਲਣ ਬਾਅਦ ਕਿਸੇ ਨੇ ਵਾਅਦੇ ਨਹੀਂ ਨਿਭਾਉਣੇ, ਇਹ ਸਭ ਨੂੰ ਪਤਾ ਸੀ। ਅਜਿਹੇ ਮੁਕੱਦਮੇ ਸਾਲਾਂ ਬੱਧੀ ਚਲਦੇ ਹਨ। ਮੁੱਖਮੰਤਰੀ ਇੰਨੀ ਲੰਬੀ ਉਡੀਕ ਨਹੀਂ ਸੀ ਕਰ ਸਕਦਾ।

ਸ਼ਰਤਾਂ ਵਿੱਚ ਥੋੜ੍ਹੀ ਬਹੁਤ ਰੱਦੋ ਬਦਲ ਹੋਈ।

ਪਹਿਲੀ ਕਿਸ਼ਤ ਤੀਹ ਦੀ ਥਾਂ ਚਾਲੀ ਦੀ ਹੋਣੀ ਸੀ।

ਦੂਜੀ ਕਿਸ਼ਤ ਦੋਸ਼ੀਆਂ ਦੀ ਸ਼ਰਤ ਮੁਤਾਬਕ ਉਨ੍ਹਾਂ ਦੇ ਬੇ ਕਸੂਰ ਸਾਬਤ ਹੁੰਦਿਆਂ ਲਈ ਜਾਣੀ ਸੀ।

ਵੈਸੇ ਮੁੱਖ ਮੰਤਰੀ ਦਾ ਕੰਮ ਇਥੇ ਖ਼ਤਮ ਹੋ ਜਾਂਦਾ ਸੀ। ਅਦਾਲਤੀ ਕਾਰਵਾਈ ਦੋਸ਼ੀਆਂ ਨੇ ਆਪ ਦੇਖਣੀ ਸੀ, ਪਰ ਕੋਈ ਸਰਕਾਰੀ ਵਕੀਲ ਜਾਂ ਕੋਈ ਪੁਲਿਸ ਅਫ਼ਸਰ ਅੜਿੱਕਾ ਨਾ ਲਾਵੇ ਇਸ ਲਈ ਤੀਜੀ ਕਿਸ਼ਤ ਦਾ ਭੁਗਤਾਣ ਦੋਸ਼ੀਆਂ ਦੇ ਬਾਹਰ ਆਉਣ ਤਕ ਰੋਕਿਆ ਗਿਆ।

ਮਰਦੇ ਕੀ ਨਾ ਕਰਦੇ! ਕਮਿਸ਼ਨਰ ਨੇ ਸਭ ਸ਼ਰਤਾਂ ਮਨਜ਼ੂਰ ਕਰ ਲਈਆਂ।

ਉਨ੍ਹਾਂ ਦੇ ਜਵਾਈ ਬਾਹਰ ਆਉਣੇ ਚਾਹੀਦੇ ਸਨ। ਉਹ ਹਰ ਕੀਮਤ ਚੁਕਾਉਣ ਲਈ ਤਿਆਰ ਸਨ।

Additional Info

  • Writings Type:: A single wirting
Read 1905 times