You are here:ਮੁਖ ਪੰਨਾ»ਨਾਵਲ»ਕੌਰਵ ਸਭਾ»ਕੌਰਵ ਸਭਾ - ਕਾਂਡ 20-29

ਲੇਖ਼ਕ

Friday, 27 April 2018 01:06

ਕੌਰਵ ਸਭਾ - ਕਾਂਡ 20-29

Written by
Rate this item
(0 votes)

-20-

 

ਪ੍ਰਤਾਪ ਸਿੰਘ ਨੂੰ ਉਨ੍ਹਾਂ ਨੇ ਪੰਜ ਵਜੇ ਮਿਲਣਾ ਸੀ।

ਉਨ੍ਹਾਂ ਕੋਲ ਸਮਾਂ ਖੁਲ੍ਹਾ ਸੀ। ਕੁੱਝ ਚੀਜ਼ਾਂ ਉਨ੍ਹਾਂ ਨੇ ਇਥੋਂ ਖਰੀਦ ਲਈਆਂ। ਦੋ ਗਰਮ ਸੂਟ, ਚਾਰ ਅਰੈਸਟੋਕਰੇਟ ਦੇ ਕਮੀਜ਼ ਜੱਜ ਲਈ। ਦੋ ਬਨਾਰਸੀ ਸਾੜ੍ਹੀਆਂ ਮੈਡਮ ਲਈ।

ਸਕਾਚ, ਡਰਾਈ ਫਰੂਟ ਅਤੇ ਹੋਰ ਨਿੱਕ ਸੁੱਕ ਉਨ੍ਹਾਂ ਨੇ ਚੰਡੀਗੜ੍ਹੋਂ ਖਰੀਦਣਾ ਸੀ। ਬਾਰਡਰ ਉਪਰ ਬਹੁਤ ਚੈਕਿੰਗ ਸੀ। ਭੈੜੇ ਦਿਨਾਂ ਵਿੱਚ ਮੁਸੀਬਤ ਮੱਲੋ ਮੱਲੀ ਗਲ ਪੈਂਦੀ ਸੀ। ਨਾਲੇ ਉਥੇ ਸ਼ਰਾਬ ਸਸਤੀ ਸੀ।

ਪ੍ਰਾਈਵੇਟ ਸੈਕਟਰੀ ਲਈ ਦੋ ਕਮੀਜ਼, ਇੱਕ ਟਰੈਕ ਸੂਟ ਅਤੇ ਉਸਦੀ ਪਤਨੀ ਲਈ ਰੇਸ਼ਮੀ ਸਾੜ੍ਹੀ ਗੱਡੀ ਵਿੱਚ ਰਖਵਾਏ ਗਏ। ਵਿਸਕੀ ਅਤੇ ਫਰੂਟ ਉਥੋਂ ਖਰੀਦ ਲਿਆ ਜਾਣਾ ਸੀ।

ਸ਼ਹਿਰ ਪੁੱਜ ਕੇ ਉਨ੍ਹਾਂ ਪ੍ਰਤਾਪ ਸਿੰਘ ਨੂੰ ਫ਼ੋਨ ਕੀਤਾ। ਉਹ ਸਾਹਿਬ ਨੂੰ ਕਲੱਬ ਚ ਮਿਲਣਾ ਚਾਹੁੰਦੇ ਸਨ। ਪਰ ਸਾਹਿਬ ਨੇ ਉਨ੍ਹਾਂ ਨੂੰ ਘਰ ਆਉਣ ਦੀ ਦਾਅਵਤ ਦਿੱਤੀ।

ਬਿਨਾਂ ਪੁੱਛ ਪੜਤਾਲ ਕੀਤੇ ਸਮੇਤ ਕਾਰ ਉਨ੍ਹਾਂ ਨੂੰ ਨੌਕਰ ਨੇ ਅੰਦਰ ਆਉਣ ਦਿੱਤਾ।

ਬਾ ਅਦਬ ਉਨ੍ਹਾਂ ਨੂੰ ਡਰਾਇੰਗ ਰੂਮ ਵਿੱਚ ਬਿਠਾਇਆ ਗਿਆ।

ਸੂਟ ਅਤੇ ਸਾੜ੍ਹੀਆਂ ਵਾਲੇ ਡੱਬੇ ਉਨ੍ਹਾਂ ਨੇ ਹੱਥਾਂ ਵਿੱਚ ਫੜ ਲਏ। ਸਕਾਚ ਵਾਲਾ ਡੱਬਾ ਅਤੇ ਹੋਰ ਨਿੱਕ ਸੁੱਕ ਡਰਾਈਵਰ ਨੇ ਚੁੱਕ ਲਿਆ। ਸੂਟ, ਸਾੜ੍ਹੀਆਂ ਵਾਲੇ ਡੱਬੇ ਉਨ੍ਹਾਂ ਨੇ ਸੋਫ਼ੇ ਵਿਚਕਾਰ ਪਏ ਕੱਚ ਦੇ ਟੇਬਲ ਉੱਪਰ ਰੱਖ ਦਿੱਤੇ। ਸਕਾਚ ਵਾਲਾ ਡੱਬਾ ਇੱਕ ਨੁੱਕਰ ਵਿੱਚ ਰੱਖ ਕੇ ਬਾਕੀ ਸਮਾਨ ਉਸਦੇ ਬਰਾਬਰ ਟਿਕਾ ਦਿੱਤਾ।

ਨੌਕਰ ਤੁਰੰਤ ਠੰਡਾ ਪਾਣੀ ਲੈ ਆਇਆ। ਪਿਆਸ ਬੁਝਾ ਕੇ ਉਹ ਸਾਹਿਬ ਦਾ ਇੰਤਜ਼ਾਰ ਕਰਨ ਲਗੇ।

ਸਫ਼ੈਦ ਕੁੜਤੇ ਪਜਾਮੇ ਵਿੱਚ ਲਿਪਟਿਆ ਇੱਕ ਮਾੜਚੂ ਜਿਹਾ ਸਰੀਰ ਬੜੇ ਆਰਾਮ ਨਾਲ ਡਰਾਇੰਗ ਰੂਮ ਵਿੱਚ ਦਾਖ਼ਲ ਹੋਇਆ। ਦੋਹਾਂ ਮਹਿਮਾਨਾਂ ਨਾਲ ਦੋਵੇਂ ਹੱਥ ਮਿਲਾ ਕੇ ਉਸਨੇ ਮਹਿਮਾਨਾਂ ਦਾ ਭਰਪੂਰ ਸਵਾਗਤ ਕੀਤਾ। ਆਏ ਸਮਾਨ ਉਪਰ ਸਾਹਿਬ ਦੀ ਨਜ਼ਰ ਪੈ ਜਾਣ ਬਾਅਦ ਨੌਕਰ ਹਰਕਤ ਵਿੱਚ ਆਇਆ। ਉਸਨੇ ਪਹਿਲਾਂ ਮੇਜ਼ ਉਪਰ ਪਏ ਡੱਬੇ ਅੰਦਰ ਪਹੁੰਚਾਏ ਅਤੇ ਫੇਰ ਸਕਾਚ ਅਤੇ ਡਰਾਈ ਫਰੂਟ ਵਾਲੇ।

ਸਕਾਚ ਦੇ ਡੱਬੇ ਉਪਰ ‘ਟੀਚਰ’ ਬਰਾਂਡ ਵਾਲਾ ਲੇਬਲ ਦੇਖ ਕੇ ਸਾਹਿਬ ਦੇ ਚਿਹਰੇ ਉਪਰ ਜਿਹੜੀ ਹਲਕੀ ਜਿਹੀ ਖੁਸ਼ੀ ਦੀ ਭਾਅ ਉੱਭਰੀ, ਉਹ ਸਭ ਨੂੰ ਰਾਹਤ ਪਹੁੰਚਾਉਣ ਵਾਲੀ ਸੀ।

ਪੰਕਜ ਹੋਰਾਂ ਦੇ ਮਨ ਅੰਦਰ ਆਸ ਦੀ ਜੋਤ ਜਗਣ ਲੱਗੀ।

“ਇੰਨੀ ਖੇਚਲ ਕਰਨ ਦੀ ਕੀ ਲੋੜ ਸੀ?” ਆਏ ਸਮਾਨ ’ਤੇ ਤਸੱਲੀ ਪ੍ਰਗਟ ਕਰਦੇ ਸਾਹਿਬ ਨੇ ਰਸਮੀ ਧੰਨਵਾਦ ਕੀਤਾ।

“ਸਰ ਆਪਾਂ ਕਿਹੜਾ ਕੋਈ ਚੀਜ਼ ਬਾਹਰੋਂ ਲਿਆਂਦੀ ਹੈ? ਇਹ ਮੇਰਾ ਦੋਸਤ ਅਜੇ ਹੈ। ਇਸ ਦਾ ਅਕਸਪੋਰਟ ਦਾ ਕੰਮ ਹੈ। ਸਾੜ੍ਹੀਆਂ ਮੈਂ ਸਾਊਥ ਗਿਆ ਲਿਆਇਆ ਸੀ।”

ਪੰਕਜ ਨੇ ਮੋੜਵਾਂ ਰਸਮੀ ਜਵਾਬ ਦਿੱਤਾ।

ਕੁੱਝ ਦੇਰ ਦੋਹਾਂ ਧਿਰਾਂ ਵਿਚਕਾਰ ਖਾਮੋਸ਼ੀ ਛਾਈ ਰਹੀ।

ਪ੍ਰਤਾਪ ਸਿੰਘ ਸੋਚ ਰਿਹਾ ਸੀ ਕਿ ਪੁੱਤਰ ਹੁਣ ਬਾਪ ਦੇ ਨਕਸ਼ੇ ਕਦਮਾਂ ਉਪਰ ਚੱਲਣ ਲਗ ਪਿਆ ਹੋਵੇਗਾ। ਅੱਤਵਾਦ ਦੌਰਾਨ ਲੋਕ ਪਲਾਟ ਕੋਠੀਆਂ ਖਰੀਦਣੋ ਹਟ ਗਏ ਸਨ।

ਹੁਣ ਹਾਲਾਤ ਆਮ ਵਰਗੇ ਸਨ। ਸ਼ਾਇਦ ਇਸ ਨੇ ਨਵੀਂ ਕਾਲੋਨੀ ਉਸਾਰਣ ਦੀ ਯੋਜਨਾ ਬਣਾਈ ਹੋਵੇ ਅਤੇ ਪ੍ਰਤਾਪ ਸਿੰਘ ਨੂੰ ਕੋਈ ਪਲਾਟ ਦੇਣਾ ਹੋਵੇ।

“ਕਿਸ ਤਰ੍ਹਾਂ ਚੱਲ ਰਿਹਾ ਹੈ ਕਾਰੋਬਾਰ? ਮੋਹਨ ਤੋਂ ਬਾਅਦ ਕੋਈ ਨਵੀਂ ਕਾਲੋਨੀ ਨਹੀਂ ਕੱਟੀ?”

ਪ੍ਰਤਾਪ ਸਿੰਘ ਨੇ ਇਸੇ ਨਜ਼ਰੀਏ ਨਾਲ ਗੱਲ ਸ਼ੁਰੂ ਕੀਤੀ।

“ਨਹੀਂ ਸਰ! ਇਹ ਕਾਰੋਬਾਰ ਅਸੀਂ ਡੈਡੀ ਦੇ ਹੁੰਦਿਆਂ ਹੀ ਬੰਦ ਕਰ ਦਿੱਤਾ ਸੀ।

ਪੁੱਡਾ ਵਾਲੇ ਤੰਗ ਕਰਦੇ ਸਨ। ਉਨ੍ਹਾਂ ਦੀਆਂ ਸ਼ਰਤਾਂ ਸਖ਼ਤ ਸਨ। ਦੋ ਪੈਟਰੋਲ ਪੰਪ ਸ਼ਹਿਰ ਦੇ ਵਿਚਕਾਰ ਮਿਲ ਗਏ ਸਨ। ਇੱਕ ਗੈਸ ਏਜੰਸੀ ਹੈ। ਖੰਨੇ ਘਿਓ ਅਤੇ ਮੈਦੇ ਦੀ ਮਿੱਲ ਮਿਲ ਗਈ ਸੀ। ਉਥੇ ਛੋਟਾ ਨੀਰਜ ਬੈਠਦਾ ਹੈ। ਇੱਕ ਸਾਈਕਲ ਪਾਰਟਸ ਬਨਾਉਣ ਦੀ ਫੈਕਟਰੀ ਹੈ। ਇੱਕ ਰੋਲਿੰਗ ਮਿੱਲ ਵਿੱਚ ਹਿੱਸਾ ਹੈ। ਉਥੋਂ ਹੀ ਵਿਹਲ ਨਹੀਂ ਮਿਲਦੀ।”

“ਚੰਗੀ ਗੱਲ ਹੈ। ਡਰਿੰਕ ਲੈਂਦੇ ਹੋ? " ਪ੍ਰਤਾਪ ਸਿੰਘ ਨੇ ਉੱਪਰਲੇ ਮਨੋਂ ਪੁੱਛਿਆ।

“ਲੈ ਤਾਂ ਲੈਂਦੇ ਹਾਂ। ਪਰ ਅੱਜ ਨਹੀਂ। ਕਦੇ ਫੇਰ ਸਹੀ।” ਮਨ ਦੀ ਘਬਰਾਹਟ ਪੰਕਜ ਨੂੰ ਚੈਨ ਨਹੀਂ ਸੀ ਲੈਣ ਦਿੰਦੀ। ਉਹ ਝੱਟਪੱਟ ਕੰਮ ਦੀ ਗੱਲ ’ਤੇ ਆਉਣਾ ਚਾਹੁੰਦਾ ਸੀ।

“ਰਾਮੂ ਕੋਲਡ ਲਿਆ ਫੇਰ!” ਨਰਮ ਸੋਫ਼ੇ ’ਤੇ ਬੈਠਾ ਪ੍ਰਤਾਪ ਸਿੰਘ ਉੱਸਲਵੱਟੇ ਲੈ ਰਿਹਾ ਸੀ। ਉਸਨੂੰ ਕਾਹਲ ਸੀ ਉਹ ਕੰਮ ਦੀ ਗੱਲ ਕਰਨ ਅਤੇ ਵਿਹਲੇ ਹੋਣ।

“ਕਿਸੇ ਵਿਆਹ ਸ਼ਾਦੀ ’ਤੇ ਆਏ ਸੀ?” ਆਖ਼ਰ ਸਾਹਿਬ ਨੇ ਆਪੇ ਅਸਲ ਮੁੱਦਾ ਛੋਹਿਆ।

“ਨਹੀਂ ਸਰ! ਸਾਨੂੰ ਤੁਹਾਡੀ ਸਹਾਇਤਾ ਦੀ ਜ਼ਰੂਰਤ ਪੈ ਗਈ।”

“ਹਾਂ ਹਾਂ, ਦੱਸ। ਮੈਂ ਤੁਹਾਡੇ ਕਿਸ ਕੰਮ ਆ ਸਕਦਾ ਹਾਂ?”

ਕਿਸੇ ਕੰਮ ਦੀ ਆਸ ਨਾਲ ਪ੍ਰਤਾਪ ਸਿੰਘ ਦਾ ਮੁਰਝਾਉਂਦਾ ਜਾ ਰਿਹਾ ਚਿਹਰਾ ਮੁੜ ਤਾਜ਼ਗੀ ਫੜਨ ਲੱਗਾ। ਸ਼ਾਇਦ ਇਨ੍ਹਾਂ ਨੂੰ ਹਾਈਕੋਰਟ ਦੇ ਕਿਸੇ ਜੱਜ ਤਕ ਕੰਮ ਸੀ।

ਇਸ ਲਈ ਉਨ੍ਹਾਂ ਨੂੰ ਪ੍ਰਤਾਪ ਸਿੰਘ ਦੀ ਸਹਾਇਤਾ ਦੀ ਜ਼ਰੂਰਤ ਸੀ। ਪ੍ਰਤਾਪ ਸਿੰਘ ਅੰਦਾਜ਼ੇ ਲਾਉਣ ਲੱਗਾ।

“ਤੁਸੀਂ ਜਾਣਦੇ ਹੋ ਸਰ ਕਿ ਮੇਰੇ ਡੈਡੀ ਨੇ ਕਾਲੋਨੀਆਂ ਦੇ ਕਾਰੋਬਾਰ ਵਿੱਚ ਮੇਰੇ ਚਾਚੇ ਨੂੰ ਹਿੱਸੇਦਾਰ ਬਣਾਇਆ ਸੀ। ਕਈ ਬੇ ਨਾਮੀ ਪਲਾਟ ਉਸਦੇ ਨਾਂ ਖੜ੍ਹੇ ਸਨ। ਡੈਡੀ ਦੇ ਮਰਨ ਬਾਅਦ ਉਸਦਾ ਮਨ ਬੇਈਮਾਨ ਹੋ ਗਿਆ। ਇੱਕ ਪਲਾਟ ਨੂੰ ਲੈ ਕੇ ਸਾਡਾ ਦੀਵਾਨੀ ਮੁਕੱਦਮਾ ਚੱਲ ਪਿਆ।”

“ਉਹ ਤੁਹਾਡੇ ਖ਼ਿਲਾਫ਼ ਹੋ ਗਿਆ! ਤੁਸੀਂ ਹਾਈਕੋਰਟ ਵਿਚੋਂ ਬੰਦੀ ਲੈਣੀ ਹੈ? ਬੱਸ ਇੰਨਾ ਕੁ ਕੰਮ ਹੈ?” ਪ੍ਰਤਾਪ ਸਿੰਘ ਵਾਧੂ ਦੀ ਭੁਮਿਕਾ ਦੇ ਚੱਕਰ ਵਿੱਚ ਨਹੀਂ ਸੀ ਪੈਣਾ ਚਾਹੁੰਦਾ। ਉਹ ਸਿੱਧਾ ਮੁੱਦੇ ’ਤੇ ਪੁੱਜਣਾ ਚਾਹੁੰਦਾ ਸੀ।

“ਨਹੀਂ ਸਰ ਇਹ ਗੱਲ ਨਹੀਂ। ਤੁਸੀਂ ਅਖ਼ਬਾਰਾਂ ਵਿੱਚ ਪੜ੍ਹਿਆ ਹੋਣਾ ਹੈ। ਮਾਇਆ ਨਗਰ ਇੱਕ ਡਕੈਤੀ ਹੋਈ ਹੈ। ਉਹ ਮੇਰੇ ਚਾਚੇ ਦੇ ਘਰ ਹੋਈ ਹੈ। ਚਾਚੇ ਦੇ ਮੁੰਡੇ ਦਾ ਕਤਲ ਹੋ ਗਿਆ। ਮੇਰੇ ਚਾਚੇ ਦਾ ਇੱਕ ਸਾਲਾ ਵਕੀਲ ਹੈ। ਪਰਚਾ ਕਾਲੇ ਕੱਛਿਆਂ ਵਾਲੇ ਗਰੋਹ ਵਿਰੁੱਧ ਦਰਜ ਹੋਇਆ ਹੈ। ਪਰ ਵਕੀਲ ਕੜਿੱਲ ਕੱਢਣਾ ਚਾਹੁੰਦਾ ਹੈ। ਪੁਲਿਸ ਨੂੰ ਪੈਸੇ ਦੇ ਕੇ ਉਸਨੇ ਸਾਡਾ ਨਾਂ ਸਾਜ਼ਿਸ਼ ਵਿੱਚ ਉਲਝਾ ਲਿਆ।”

ਪੰਕਜ ਨੇ ਆਪਣੀ ਸਮੱਸਿਆ ਪ੍ਰਤਾਪ ਸਿੰਘ ਅੱਗੇ ਰੱਖਣੀ ਸ਼ੁਰੂ ਕੀਤੀ।

“ਇਨ੍ਹਾਂ ਨੇ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਸੈਸ਼ਨ ਕੋਰਟ ਵਿੱਚ ਲਾਈ ਹੈ। ਜੇ ਤੁਹਾਡੀ ਕਿਰਪਾ ਹੋ ਜਾਏ ਤਾਂ ਇਹ ਖੱਜਲ ਖੁਆਰੀ ਤੋਂ ਬਚ ਜਾਣ। ਜੋ ਖਰਚ ਹੋਏਗਾ ਅਸੀਂ ਕਰਾਂਗੇ।”

ਅਗਲੀ ਗੱਲ ਕਰਦੇ ਪੰਕਜ ਨੂੰ ਝਿਜਕ ਹੋ ਰਹੀ ਸੀ। ਉਸਦੀ ਇਸ ਸਮੱਸਿਆ ਦਾ ਹੱਲ ਅਜੇ ਨੇ ਕੀਤਾ।

ਪ੍ਰਤਾਪ ਸਿੰਘ ਦਾ ਦਿਮਾਗ਼ ਕੰਪਿਊਟਰ ਵਾਂਗ ਵਾਧੇ ਘਾਟੇ ਕਰਨ ਲੱਗਾ।

ਮਸਲਾ ਪੇਸ਼ਗੀ ਜ਼ਮਾਨਤ ਕਰਾਉਣ ਦਾ ਸੀ। ਮੁਕੱਦਮਾ ਕਤਲ, ਡਕੈਤੀ ਅਤੇ ਬਲਾਤਕਾਰ ਦਾ ਸੀ। ਇਨ੍ਹਾਂ ਵਿਚੋਂ ਜੇ ਇੱਕ ਜੁਰਮ ਵੀ ਲੱਗਾ ਹੋਵੇ ਤਾਂ ਪੇਸ਼ਗੀ ਜ਼ਮਾਨਤ ਨਹੀਂ ਹੁੰਦੀ। ਤਿੰਨੋਂ ਜੁਰਮ ਇਕੋ ਸਮੇਂ ਲੱਗੇ ਹੋਣ, ਫੇਰ ਕਿਸ ਮਾਈ ਦੇ ਲਾਲ ਦੀ ਹਿੰਮਤ ਹੈ ਪੇਸ਼ਗੀ ਜ਼ਮਾਨਤ ਮਨਜ਼ੂਰ ਕਰਨ ਦੀ। ਵਾਰਦਾਤ ਤਾਜ਼ੀ ਸੀ। ਵਾਰਦਾਤ ਕਰਨ ਵਾਲੇ ਮੁਲਜ਼ਮ ਫੜੇ ਜਾ ਚੁੱਕੇ ਸਨ। ਪੰਕਜ ਹੋਰਾਂ ਦਾ ਸਬੰਧ ਘਟਨਾ ਨਾਲ ਜੋੜਨ ਲਈ ਪੁਲਿਸ ਨੇ ਪੱਕੇ ਸਬੂਤ ਹਾਸਲ ਕਰ ਲਏ ਸਨ। ਪ੍ਰੈਸ ਭੰਡੀ ਪਿੱਟ ਰਹੀ ਸੀ। ਹਕੂਮਤ ਆਪਣੀ ਧੌੜੀ ਬਚਾਉਣ ਵਿੱਚ ਲੱਗੀ ਹੋਈ ਸੀ। ਕੰਮ ਅਸੰਭਵ ਸੀ।

ਦੂਜੇ ਪਾਸੇ ਇਹ ਅਸਾਮੀ ਮੋਟੀ ਸੀ। ਲੱਖ, ਦੋ ਲੱਖ ਅਸਾਨੀ ਨਾਲ ਬਣ ਸਕਦਾ ਸੀ।

ਕੋਈ ਰਾਹ ਲੱਭਣ ਦੀ ਨੀਅਤ ਨਾਲ ਪ੍ਰਤਾਪ ਸਿੰਘ ਨੇ ਮਾਇਆ ਨਗਰ ਵਿੱਚ ਲੱਗੇ ਜੱਜਾਂ ਦੀ ਲਿਸਟ ਘੋਖੀ। ਸੈਸ਼ਨ ਜੱਜ ਕਾਨੂੰਨ ਦਾ ਬਹੁਤਾ ਮਾਹਿਰ ਨਹੀਂ ਸੀ ਪਰ ਸੀ, ਪੂਰਾ ਈਮਾਨਦਾਰ। ਇਹੋ ਜਿਹੇ ਬੰਦੇ ਨੂੰ ਸਿਫਾਰਸ਼ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ।

ਮੁਫ਼ਤ ਕੰਮ ਪ੍ਰਤਾਪ ਸਿੰਘ ਨੇ ਕਰਾਉਣਾ ਨਹੀਂ ਸੀ। ਇਹ ਕਿਹੜਾ ਉਸਦੀ ਮਾਸੀ ਦੇ ਪੁੱਤ ਸਨ। ਆਮ ਅਸਾਮੀ ਵਰਗੀ ਅਸਾਮੀ ਸੀ। ਸਾਰੇ ਪੈਸੇ ਉਹ ਇਕੱਲਾ ਜੇਬ ਵਿੱਚ ਪਾਉਣੇ ਨਹੀਂ ਸੀ ਚਾਹੁੰਦਾ। ਇਹ ਬਦਨਾਮੀ ਵਾਲੀ ਗੱਲ ਸੀ। ਹਿੱਸਾ ਪੱਤੀ ਠੀਕ ਰਹਿੰਦਾ ਸੀ।

ਇਥੇ ਲੈਣ ਦੇਣ ਜਾਂ ਹਿੱਸੇ ਪੱਤੀ ਦੀ ਕੋਈ ਸੰਭਾਵਨਾ ਨਹੀਂ ਸੀ।

ਸਾਧੂ ਸਿੰਘ ਨੂੰ ਛੱਡ ਕੇ ਬਾਕੀ ਦੇ ਅਡੀਸ਼ਨਲ ਸੈਸ਼ਨ ਜੱਜ ਉਸਦੇ ਕਾਬੂ ਆ ਸਕਦੇ ਸਨ। ਸਾਧੂ ਸਿੰਘ ਨਾਂ ਦਾ ਹੀ ਨਹੀਂ ਸੁਭਾਅ ਦਾ ਵੀ ਸਾਧੂ ਸੀ। ਨਾ ਉਸਨੇ ਕਦੇ ਪੈਸਾ ਲਿਆ ਸੀ ਨਾ ਲੈਣਾ ਸੀ। ਨਾ ਉਸਦੀ ਕੋਈ ਇਨਕੁਆਰੀ ਚੱਲਦੀ ਸੀ। ਨਾ ਉਸਨੂੰ ਚੰਗੇ ਮਾੜੇ ਸਟੇਸ਼ਨ ਦੀ ਪਰਵਾਹ ਸੀ। ਨਾ ਡਰਦਾ ਕੋਈ ਉਸਨੂੰ ਸਿਫਾਰਸ਼ ਕਰਦਾ ਸੀ। ਨਾ ਉਹ ਕਿਸੇ ਦੀ ਮੰਨਦਾ ਸੀ। ਕੋਈ ਭੁੱਲਿਆ ਚੁੱਕਿਆ ਸਿਫਾਰਸ਼ ਕਰ ਦੇਵੇ ਤਾਂ ਉਹ ਪਾਰਟੀ ਦੀ ਭਰੀ ਕਚਹਿਰੀ ਵਿੱਚ ਬੇਇਜ਼ਤੀ ਕਰਦਾ ਸੀ। ਇਹ ਆਖਕੇ ਮੁਕੱਦਮਾ ਉਲਟ ਕਰਦਾ ਸੀ ਕਿ ਉਸਨੇ ਜੱਜ ਤਕ ਪਹੁੰਚ ਕੀਤੀ ਸੀ। ਉਸਦਾ ਵਸਾਹ ਨਹੀਂ ਕਿ ਮਿਸਲ ਵਿੱਚ ਸਿਫ਼ਾਰਸ਼ੀ ਦਾ ਨਾਂ ਲਿਖ ਕੇ ਸਿਫ਼ਾਰਸ਼ੀ ਨੂੰ ਵਖਤ ਪਾ ਦੇਵੇ।

ਕੁੱਝ ਅਰਸੇ ਤੋਂ ਮਾਇਆ ਨਗਰ ਦੇ ਵਕੀਲਾਂ ਦੇ ਪ੍ਰਧਾਨ ਨੇ ਰਿਸ਼ਵਤਖੋਰੀ ਦੇ ਵਿਰੁੱਧ ਮੁਹਿੰਮ ਛੇੜੀ ਹੋਈ ਸੀ। ਇੱਕ ਸੈਸ਼ਨ ਜੱਜ ਨੂੰ ਮਜਬੂਰਨ ਪੈਨਸ਼ਨ ’ਤੇ ਜਾਣਾ ਪਿਆ ਸੀ।

ਸ਼ਰਮ ਦਾ ਮਾਰਿਆ ਉਹ ਰਾਤੋ ਰਾਤ ਸਮਾਨ ਚੁੱਕ ਕੇ ਲੈ ਗਿਆ ਸੀ। ਇੱਕ ਅਡੀਸ਼ਨਲ ਸੈਸ਼ਨ ਜੱਜ ਨੂੰ ਆਪਣੇ ਕਾਲੇ ਕਾਰਨਾਮਿਆਂ ਦਾ ਸਪੱਸ਼ਟੀਕਰਣ ਦੇਣਾ ਮੁਸ਼ਕਲ ਹੋ ਰਿਹਾ ਸੀ। ਉਸਨੂੰ ਬਰਖ਼ਾਸਤੀ ਦੇ ਨਾਲ ਨਾਲ ਜੇਲ੍ਹ ਯਾਤਰਾ ਨਜ਼ਰ ਆਉਣ ਲੱਗੀ ਸੀ। ਸੰਗਰੂਰ ਬਦਲ ਕੇ ਗਏ ਦੀ ਉਸਦੀ ਦੋ ਮਹੀਨਿਆਂ ਬਾਅਦ ਮੌਤ ਹੋ ਗਈ ਸੀ। ਰਿਕਾਰਡ ਅਤੇ ਘਰਦਿਆਂ ਅਨੁਸਾਰ ਉਸਨੂੰ ਦਿਲ ਦਾ ਦੌਰਾ ਪਿਆ ਸੀ। ਉਂਝ ਸਭ ਨੂੰ ਪਤਾ ਸੀ ਉਸ ਨੇ ਆਤਮ ਹੱਤਿਆ ਕੀਤੀ ਸੀ।

ਵਕੀਲਾਂ ਦੀ ਇਸ ਜੱਦੋ ਜਹਿਦ ਦੇ ਮੱਦੇ ਨਜ਼ਰ ਮਾਇਆ ਨਗਰ ਵਿੱਚ ਚੁਣਵੇਂ ਜੱਜ ਲਾਏ ਜਾ ਰਹੇ ਸਨ। ਸਾਧੂ ਸਿੰਘ ਉਨ੍ਹਾਂ ਵਿਚੋਂ ਇੱਕ ਸੀ।

ਬਾਕੀ ਦੇ ਜੱਜ ਈਮਾਨਦਾਰਾਂ ਦੀ ਸੂਚੀ ਵਿੱਚ ਤਾਂ ਆਉਂਦੇ ਸਨ, ਪਰ ਸਾਧੂ ਸਿੰਘ ਵਾਂਗ ਅੜੀਅਲ ਨਹੀਂ ਸਨ। ਕਦੇ ਕਦਾਈਂ, ਸੋਚ ਸਮਝ ਕੇ ਦਾਅ ਲਾ ਲੈਂਦੇ ਸਨ। ਪੰਜਾਬ ਦਾ ਅੱਧਾ ਉਦਯੋਗ ਇਸ ਮਾਇਆ ਨਗਰ ਵਿੱਚ ਸੀ। ਹਜ਼ਾਰਾਂ ਮੁਕੱਦਮੇ ਅਜਿਹੇ ਚੱਲਦੇ ਸਨ, ਜਿਨ੍ਹਾਂ ਵਿੱਚ ਇੱਕ ਧਿਰ ਸਰਕਾਰ ਹੁੰਦੀ ਸੀ। ਬਿਜਲੀ ਦੀ ਚੋਰੀ, ਇਨਕਮ ਟੈਕਸ ਦੀ ਚੋਰੀ। ਸਰਕਾਰੀ ਪਲਾਟਾਂ ਦੀ ਅਲਾਟਮੈਂਟ। ਆਏ ਦਿਨ ਸਰਕਾਰ ਜ਼ਿਮੀਦਾਰਾਂ ਦੀ ਜ਼ਮੀਨ ‘ਅਕਵਾਇਰ’ ਕਰਦੀ ਸੀ। ਜ਼ਮੀਨ ਦੀ ਕੀਮਤ ਕੌਡੀਆਂ ਬਰਾਬਰ ਦਿੱਤੀ ਜਾਂਦੀ ਸੀ। ਕੀਮਤ ਵਧਾਉਣ ਦੇ ਮੁਕੱਦਮੇ ਚੱਲਦੇ ਰਹਿੰਦੇ ਸਨ। ਜੇ ਜੱਜ ਜ਼ਮੀਨ ਦੀ ਕੀਮਤ ਬਜ਼ਾਰ ਨਾਲੋਂ ਅੱਧੀ ਵੀ ਤੈਅ ਕਰ ਦੇਵੇ ਤਾਂ ਵੀ ਜ਼ਿਮੀਦਾਰਾਂ ਦਾ ਮੁਆਵਜ਼ਾ ਕਰੋੜਾਂ ਵਿੱਚ ਵਧ ਜਾਂਦਾ ਸੀ। ਅਜਿਹੇ ਕੇਸਾਂ ਵਿੱਚ ਜੇ ਜੱਜ ਕਚਹਿਰੀ ਬੈਠ ਕੇ ਪੈਸੇ ਲੈ ਲਏ ਤਾਂ ਵੀ ਕੋਈ ਨਹੀਂ ਸੀ ਬੋਲਦਾ। ਸਰਕਾਰ ਦਾ ਪੱਖ ਪੂਰਦੇ ਸਰਕਾਰੀ ਅਫ਼ਸਰ ਪਹਿਲਾਂ ਮਾਲਿਕਾਂ ਨਾਲ ਘਿਓ ਖਿਚੜੀ ਹੋਏ ਰਹਿੰਦੇ ਸਨ। ਜੱਜ ਦੀ ਸ਼ਿਕਾਇਤ ਕਰੇਗਾ ਤਾਂ ਕੌਣ!

ਅਜਿਹੇ ਲੁਕਵੇਂ ਕੰਮ ਹਾਲੇ ਵੀ ਮਾਇਆ ਨਗਰ ਵਿੱਚ ਹੋ ਰਹੇ ਸਨ। ਆਪਣੇ ਪਾਪਾਂ ‘ਤੇ ਪਰਦਾ ਪਾਉਣ ਲਈ ਜੱਜ ਹਾਈਕੋਰਟ ਚੱਕਰ ਮਾਰਦੇ ਸਨ। ਉਨ੍ਹਾਂ ਨੂੰ ਪ੍ਰਤਾਪ ਸਿੰਘ ਤਕ ਗੌਂ ਰਹਿੰਦੀ ਸੀ। ਉਹ ਰਜਿਸਟਰਾਰ ਨੂੰ ਨਾਂਹ ਨਹੀਂ ਸਨ ਕਰ ਸਕਦੇ। ਉਨ੍ਹਾਂ ਵਿਚੋਂ ਕਿਸੇ ਕੋਲ ਸਿਫਾਰਸ਼ ਕੀਤੀ ਜਾ ਸਕਦੀ ਸੀ।

ਪ੍ਰਤਾਪ ਸਿੰਘ ਜੱਜ ਦੇ ਨਾਲ ਨਾਲ ਉਨ੍ਹਾਂ ਨੁਕਤਿਆਂ ਦੀ ਵੀ ਖੋਜ ਕਰ ਰਿਹਾ ਸੀ, ਜਿਨ੍ਹਾਂ ਦੇ ਆਧਾਰ ’ਤੇ ਪੇਸ਼ਗੀ ਜ਼ਮਾਨਤ ਮਨਜ਼ੂਰ ਹੋ ਸਕਦੀ ਸੀ।

ਪਰਚੇ ਵਿੱਚ ਦੋਸ਼ੀਆਂ ਦਾ ਨਾਂ ਨਹੀਂ ਸੀ। ਪਰ ਪੰਕਜ ਹੋਰਾਂ ਦੀ ਮੁਦਈ ਧਿਰ ਨਾਲ ਦੁਸ਼ਮਣੀ ਸਾਬਤ ਹੁੰਦੀ ਸੀ। ਠੇਕੇਦਾਰ ਅਤੇ ਪੰਕਜ ਹੋਰਾਂ ਵਿੱਚ ਹੋਈ ਸਾਜ਼ਿਸ਼ ਦੇ ਸਬੂਤ ਮਿਸਲ ’ਤੇ ਆ ਚੁੱਕੇ ਸਨ। ਜੱਜ ਕੁੱਝ ਦਿਨਾਂ ਲਈ ਪੇਸ਼ਗੀ ਜ਼ਮਾਨਤ ਦੇ ਸਕਦਾ ਸੀ।

ਫੇਰ ਜੇ ਪੁਲਿਸ ਮਦਦ ਕਰੇ ਅਤੇ ਪੁਲਿਸ ਹਿਰਾਸਤ ਦੀ ਮੰਗ ਨਾ ਕਰੇ ਤਾਂ ਜੱਜ ਜ਼ਮਾਨਤ ਪੱਕੀ ਕਰ ਸਕਦਾ ਸੀ।

ਫੇਰ ਪ੍ਰਤਾਪ ਸਿੰਘ ਨੇ ਆਪਣੇ ਆਪ ਨੂੰ ਫੈਸਲਾ ਕਰਨ ਵਾਲੇ ਜੱਜ ਦੀ ਕੁਰਸੀ ਉਪਰ ਬੈਠਾਇਆ। ਫੇਰ ਉਸਨੇ ਸੋਚਿਆ ਜੇ ਫੈਸਲਾ ਪ੍ਰਤਾਪ ਸਿੰਘ ਨੇ ਕਰਨਾ ਹੋਵੇ ਤਾਂ ਪ੍ਰਤਾਪ ਸਿੰਘ ਕੀ ਕਰੇ?

ਸਾਧਾਰਨ ਹਾਲਾਤਾਂ ਵਿੱਚ ਪ੍ਰਤਾਪ ਸਿੰਘ ਪੇਸ਼ਗੀ ਜ਼ਮਾਨਤ ਮਨਜ਼ੂਰ ਕਰਨ ਦਾ ਜ਼ੋਖਮ ਉਠਾ ਸਕਦਾ ਸੀ ਪਰ ਇਸ ਮੁਕੱਦਮੇ ਦੇ ਹਾਲਾਤ ਸਾਧਾਰਨ ਨਹੀਂ ਸਨ।

ਦੋਸ਼ੀ ਧਿਰ ਬਹੁਤ ਅਮੀਰ ਸੀ। ਪੇਸ਼ਗੀ ਜ਼ਮਾਨਤ ਜੇ ਬਿਨਾਂ ਕੁੱਝ ਲਏ ਕਰ ਦਿੱਤੀ ਜਾਵੇ ਤਾਂ ਵੀ ਜੱਜ ਵੱਲ ਉਂਗਲ ਉੱਠਣੀ ਸੀ। ਮੀਡੀਆ ਪਿੱਛੇ ਪਿਆ ਹੋਇਆ ਸੀ।

ਬਾਰ ਦੇ ਪ੍ਰਧਾਨ ਦਾ ਖੁਫ਼ੀਆਂ ਵਿਭਾਗ ਸਰਕਾਰ ਦੇ ਖੁਫ਼ੀਆ ਵਿਭਾਗ ਨਾਲੋਂ ਵੱਧ ਤੇਜ਼ ਸੀ। ਉਸਨੂੰ ਪਤਾਲ ਵਿੱਚ ਜਾ ਕੇ ਲਈ ਰਿਸ਼ਵਤ ਦੀ ਭਿਣਕ ਪੈ ਜਾਂਦੀ ਸੀ। ਜੱਜ ਲਈ ਖ਼ਤਰਾ ਹੀ ਖ਼ਤਰਾ ਸੀ।

ਪ੍ਰਤਾਪ ਸਿੰਘ ਦੀ ਇਹ ਕੰਮ ਕਰਨ ਦੀ ਜੁੱਰਅਤ ਨਹੀਂ ਸੀ। ਜਿਹੜਾ ਕੰਮ ਉਹ ਖ਼ੁਦ ਨਹੀਂ ਕਰ ਸਕਦਾ, ਉਸ ਦੀ ਦੂਸਰੇ ਕੋਲ ਸਿਫ਼ਾਰਸ਼ ਕਿਉਂ ਕਰੇ?

ਸਾਰੇ ਵਾਧੇ ਘਾਟੇ ਸੋਚ ਕੇ ਪ੍ਰਤਾਪ ਸਿੰਘ ਇਸ ਸਿੱਟੇ ਤੇ ਪੁੱਜਾ ਕਿ ਮਾਇਆ ਨਗਰ ਦਾ ਕੋਈ ਜੱਜ ਪੇਸ਼ਗੀ ਜ਼ਮਾਨਤ ਮਨਜ਼ੂਰ ਨਹੀਂ ਕਰ ਸਕਦਾ। ਇਸ ਲਈ ਹਾਲੇ ਸਿਫਾਰਸ਼ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ।

ਦੂਜੇ ਪਾਸੇ ਅਸਾਮੀ ਨੂੰ ਵੀ ਹੱਥੋਂ ਨਹੀਂ ਸੀ ਗਵਾਇਆ ਜਾ ਸਕਦਾ। ਪੇਸ਼ਗੀ ਜ਼ਮਾਨਤ ਨਾ ਮਨਜ਼ੂਰ ਹੋਣ ਦੇ ਹੁਕਮ ਦੀ ਅਪੀਲ ਹਾਈਕੋਰਟ ਹੋਣੀ ਸੀ। ਹਾਈਕੋਰਟ ਉੱਚ ਅਦਾਲਤ ਸੀ। ਕੋਈ ਹਾਈਕੋਰਟ ਦੇ ਜੱਜ ਦੀ ਵਾਅ ਵੱਲ ਨਹੀਂ ਝਾਕ ਸਕਦਾ। ਸਾਹ ਕੱਢਣ ਵਾਲੇ ਉਪਰ ਮਾਨ ਹਾਨੀ ਦਾ ਦੋਸ਼ ਲਾ ਕੇ ਉਸਨੂੰ ਜੇਲ੍ਹ ਭੇਜਿਆ ਜਾ ਸਕਦਾ ਸੀ। ਹਾਈਕੋਰਟ ਕੋਲੋਂ ਪ੍ਰਤਾਪ ਸਿੰਘ ਜਿਸ ਤਰ੍ਹਾਂ ਦਾ ਚਾਹੇ, ਹੁਕਮ ਕਰਵਾ ਸਕਦਾ ਸੀ। ਉਸ ਸਮੇਂ ਤਕ ਪਾਰਟੀ ਪ੍ਰਤਾਪ ਸਿੰਘ ਦੇ ਹੱਥ ਹੇਠ ਰਹਿਣੀ ਚਾਹੀਦੀ ਸੀ।

“ਤੂੰ ਮੇਰੇ ਪੁੱਤਰਾਂ ਵਰਗਾ ਹੈਂ। ਮੈਂ ਤੈਨੂੰ ਗ਼ਲਤ ਰਾਏ ਨਹੀਂ ਦੇ ਸਕਦਾ। ਤੇਰਾ ਪੈਸਾ ਬਰਬਾਦ ਨਹੀਂ ਕਰਵਾ ਸਕਦਾ। ਸਵਰਗ ਵਿੱਚ ਬੈਠਾ ਮੇਰਾ ਭਰਾ ਕੀ ਸੋਚੇਗਾ? ਮਾਇਆ ਨਗਰੋਂ ਤੇਰਾ ਕੰਮ ਨਹੀਂ ਹੋਣਾ।”

“ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ। ਹਾਈਕੋਰਟੋਂ ਪਹਿਲੀ ਪੇਸ਼ੀ ’ਤੇ ਬੰਦੀ ਲੈ ਦਿਆਂਗਾ। ਅਗਲੀ ਪੇਸ਼ੀ ’ਤੇ ਚਾਹੇ ਮੁੱਖ ਮੰਤਰੀ ਜ਼ੋਰ ਲਾ ਲਏ, ਜ਼ਮਾਨਤ ਮਨਜ਼ੂਰ ਹੋ ਕੇ ਰਹੇਗੀ। ਹਾਈਕੋਰਟ ਆਪਣੀ ਚਲਣੀ ਹੈ। ਦਰਖ਼ਾਸਤ ਕਿਸ ਜੱਜ ਕੋਲ ਜਾਵੇ ਇਸਦਾ ਫੈਸਲਾ ਮੈਂ ਕਰਨਾ ਹੈ। ਆਪਾਂ ਆਪਣੇ ਮਿੱਤਰ ਜੱਜ ਕੋਲ ਭੇਜਾਂਗੇ। ਫੇਰ ਕੋਲ ਬੈਠ ਕੇ ਫੈਸਲਾ ਕਰਵਾਵਾਂਗੇ। ਬਸ ਪੰਜ ਚਾਰ ਦਿਨਾਂ ਦੀ ਗੱਲ ਹੈ। ਲੁੱਕ ਛਿਪ ਕੇ ਬਨਵਾਸ ਕੱਟ ਲਓ।”

“ਅੰਕਲ ਅਸੀਂ ਬੜੀ ਆਸ ਲੈ ਕੇ ਆਏ ਸੀ। ਦੋ ਪੇਟੀਆਂ, ਤਿੰਨ ਪੇਟੀਆਂ*। ਜੋ ਕਹੋ, ਖ਼ਰਚ ਕਰ ਦਿਆਂਗੇ। ਪਲੀਜ਼ ਸਾਡਾ ਕੰਮ ਕਰਾਓ।”

ਅਜੇ ਨੂੰ ਲੱਗਾ ਮਸਲਾ ਪੈਸਿਆਂ ਦੀ ਖੋਲ੍ਹ ਖੁਲ੍ਹਾਈ ’ਤੇ ਅਟਕਿਆ ਹੋਇਆ ਸੀ।

ਜੱਜ ਸ਼ਾਇਦ ਪੈਸੇ ਖੋਲ੍ਹਣ ਤੋਂ ਝਿਜਕ ਰਿਹਾ ਸੀ। ਇਹ ਗੁੱਥੀ ਸੁਲਝਾਉਣ ਲਈ ਅਜੇ ਨੇ ਪੇਟੀਆਂ ਦੀ ਗੱਲ ਤੋਰੀ।

ਤਿੰਨ ਲੱਖ ਦੀ ਪੇਸ਼ਕਸ਼ ਹੋਣ ’ਤੇ ਪ੍ਰਤਾਪ ਸਿੰਘ ਨੇ ਇੱਕ ਵਾਰ ਫੇਰ ਦਿਮਾਗ਼ ’ਤੇ ਬੋਝ ਪਾਇਆ, ਪਰ ਨਤੀਜਾ ਕੋਈ ਨਾ ਨਿਕਲਿਆ।

“ਸਵਾਲ ਪੈਸਿਆਂ ਦਾ ਨਹੀਂ ਹੈ। ਉਥੇ ਇਹ ਕੰਮ ਕਿਸੇ ਕੋਲੋਂ ਨਹੀਂ ਹੋਣਾ। ਇਥੋਂ ਹੋਏਗਾ। ਮੇਰੇ ਹੱਥੋਂ। ਫੇਰ ਵੀ ਤੁਸੀਂ ਕਲ੍ਹ ਮੈਨੂੰ ਫ਼ੋਨ ਕਰਨਾ। ਦੱਸਣਾ ਦਰਖ਼ਾਸਤ ਕਿਸ ਜੱਜ ਕੋਲ ਗਈ ਹੈ। ਕੋਸ਼ਿਸ਼ ਕਰਕੇ ਦੇਖ ਲਵਾਂਗੇ।”

ਪ੍ਰਤਾਪ ਸਿੰਘ ਨੇ ਸੁੱਟੀ ਕਮਾਨ ਫੇਰ ਸੰਭਾਲ ਲਈ। ਰਕਮ ਮੋਟੀ ਸੀ। ਸ਼ਾਇਦ ਕਿਸੇ ਜੱਜ ਦਾ ਸਿਰ ਫਿਰ ਜਾਵੇ।

“ਸੈਸ਼ਨ ਜੱਜ ਨੂੰ ਆਖ ਕੇ ਦੇਖ ਲਓ। ਦਰਖ਼ਾਸਤ ਕਿਸੇ ਤੁਹਾਡੇ ਵਾਕਫ਼ ਕੋਲ ਭੇਜ ਦੇਵੇ,” ਅਜੇ ਹਾਲੇ ਹਥਿਆਰ ਸੁੱਟਣ ਦੇ ਮੂਡ ਵਿੱਚ ਨਹੀਂ ਸੀ।

“ਕੋਈ ਫ਼ਾਇਦਾ ਨਹੀਂ। ਉਲਟਾ ਉਸ ਨੂੰ ਸ਼ੱਕ ਹੋਇਆ। ਜਿਥੇ ਲਾਉਂਦਾ ਹੈ, ਲਾਉਣ ਦਿਓ।”

“ਠੀਕ ਹੈ ਸਰ! ਜੇ ਉਥੇ ਗੱਲ ਨਾ ਬਣੀ ਤਾਂ ਇਥੇ ਤੁਸੀਂ ਸੰਭਾਲ ਲਓਗੇ ਨਾ?”

ਪੰਕਜ ਨੇ ਪ੍ਰਤਾਪ ਸਿੰਘ ਕੋਲੋਂ ਪੱਕਾ ਵਾਅਦਾ ਲੈਣ ਦੀ ਨੀਅਤ ਨਾਲ ਪੁੱਛਿਆ।

“ਸੌ ਫ਼ੀਸਦੀ ਗਰੰਟੀ ਹੈ। ਇਥੇ ਪੁੱਤਰਾ ਤੇਰੇ ਅੰਕਲ ਦਾ ਰਾਜ ਹੈ। ਮੈਂ ਗਲ ਵਿੱਚ ਪਏ ਫਾਂਸੀ ਦੇ ਫੰਦੇ ਲੁਹਾ ਦਿਆਂ, ਇਹ ਤੇ ਜ਼ਮਾਨਤ ਹੈ।”

*ਇੱਕ ਪੇਟੀ = ਇੱਕ ਲੱਖ ਕੋਠੀਉਂ ਨਿਕਲਦੇ ਪੰਕਜ ਨੇ ਢੇਰੀ ਢਾਹ ਲਈ। ਜਿਹੜਾ ਕੰਮ ਪ੍ਰਤਾਪ ਸਿੰਘ ਤੋਂ ਨਹੀਂ ਹੋਇਆ, ਉਹ ਕਿਸੇ ਹੋਰ ਤੋਂ ਨਹੀਂ ਹੋਣਾ। ਉਸ ਨੂੰ ਲੱਗਾ ਜੇਲ੍ਹ ਯਾਤਰਾ ਪੱਕੀ ਸੀ।

“ਇਹ ਸੇਲ ਟੈਕਸ ਦੀ ਪੇਸ਼ੀ ਨਹੀਂ ਹੈ। ਕਤਲ ਦਾ ਮਾਮਲਾ ਹੈ। ਬਹੁਤ ਧੱਕੇ ਖਾਣੇ ਪੈਣਗੇ। ਨੰਦ ਲਾਲ ਦੇ ਆਖਣ ਵਾਂਗ ਸਬਰ ਰੱਖ। ਚੰਗੇ ਪੱਖ ਵੱਲ ਦੇਖ। ਸਾਹਿਬ ਨੇ ਹਾਈ ਕੋਰਟ ਵਿਚੋਂ ਜ਼ਮਾਨਤ ਕਰਾਉਣ ਦੀ ਜ਼ਿੰਮੇਵਾਰੀ ਲੈ ਲਈ। ਇਹ ਗੱਲ ਛੋਟੀ ਹੈ?

ਆਪਣੇ ਨਾਲ ਝੂਠਾ ਵਾਅਦਾ ਨਹੀਂ ਕੀਤਾ। ਇਹ ਉਨ੍ਹਾਂ ਦਾ ਵਡੱਪਣ ਹੈ।”

ਅਜੇ ਪੰਕਜ ਨੂੰ ਨਿਰਾਸ਼ਾ ਦੀ ਖਾਈ ਵਿਚੋਂ ਕੱਢਣ ਦਾ ਯਤਨ ਕਰਨ ਲੱਗਾ।

 

-21-

 

ਪੰਕਜ ਦਾ ਮਨ ਉਦਾਸ ਸੀ। ਉਹ ਮਾਇਆ ਨਗਰ ਮੁੜ ਜਾਣਾ ਚਾਹੁੰਦਾ ਸੀ। ਜਿਹੜਾ ਕੰਮ ਇੱਕ ਰਜਿਸਟਰਾਰ ਨਹੀਂ ਕਰਵਾ ਸਕਿਆ, ਉਹ ਤੀਜੇ ਦਰਜੇ ਦਾ ਮੁਲਾਜ਼ਮ ਕਿਵੇਂ ਕਰਵਾ ਸਕਦਾ ਸੀ।

ਅਜੇ ਹਿੰਮਤ ਹਾਰਨ ਵਾਲਾ ਨਹੀਂ ਸੀ। ਉਸਨੂੰ ਕਲੈਰੀਕਲ ਸਟਾਫ਼ ’ਤੇ ਭਰੋਸਾ ਸੀ।

ਜਿਹੜੇ ਕੰਮ ਪ੍ਰਧਾਨ ਮੰਤਰੀ ਨਹੀਂ ਕਰਵਾ ਸਕਦੇ, ਉਹ ਉਨ੍ਹਾਂ ਦੇ ਰਸੋਈਏ ਕਰਵਾ ਦਿੰਦੇ ਹਨ। ਅਜੇ ਲਛਮਣ ਸਿੰਘ ਨੂੰ ਕਈ ਵਾਰ ਪਰਖ ਚੁੱਕਾ ਸੀ। ਕਈ ਔਖੇ ਕੰਮ ਉਸ ਰਾਹੀਂ ਹੋਏ ਸਨ।

ਲਛਮਣ ਸਿੰਘ ਨੂੰ ਫ਼ੋਨ ਨਾ ਕੀਤਾ ਹੁੰਦਾ ਤਾਂ ਹੋਰ ਗੱਲ ਸੀ। ਸਮਾਂ ਲੈ ਕੇ ਨਾ ਜਾਣਾ ਬੇਵਕੂਫ਼ੀ ਸੀ। ਕੇਸ ਨੇ ਕਿਹੜਾ ਹੁਣੇ ਮੁੱਕ ਜਾਣਾ ਸੀ। ਪਤਾ ਨਹੀਂ ਕਿੰਨੇ ਸਾਲ ਚੱਲਣਾ ਸੀ। ਕਈ ਵਾਰ ਉਨ੍ਹਾਂ ਨੂੰ ਹਾਈ ਕੋਰਟ ਆਉਣਾ ਪੈਣਾ ਸੀ। ਛੋਟੇ ਮੋਟੇ ਕੰਮਾਂ ਲਈ ਇਸੇ ਨੇ ਕੰਮ ਆਉਣਾ ਸੀ।

ਅਜਿਹਾ ਕੁੱਝ ਸਮਝਾ ਕੇ ਅਜੇ ਪੰਕਜ ਨੂੰ ਸੈਕਟਰੀ ਦੇ ਕੁਆਟਰਾਂ ਵੱਲ ਲੈ ਗਿਆ।

ਨਹਾ ਧੋ ਕੇ ਸੈਕਟਰੀ ਪਹਿਲਾਂ ਹੀ ਤਿਆਰ ਬੈਠਾ ਸੀ। ਘੁਸਮੁਸਾ ਹੋਣ ਲੱਗਾ ਸੀ।

ਉਸਦਾ ਦਾਰੂ ਪੀਣ ਦਾ ਸਮਾਂ ਲੰਘ ਰਿਹਾ ਸੀ। ਉਸ ਤੋਂ ਹੋਰ ਉਡੀਕ ਨਹੀਂ ਸੀ ਹੋ ਰਹੀ।

ਲਛਮਣ ਸਿੰਘ ਦਾ ਕੁਆਟਰ ਛੋਟਾ ਸੀ, ਪਰ ਲੰਮਚਿੜਾ ਵੱਡਾ। ਨੂੰਹਾਂ ਧੀਆਂ ਵਾਲੇ ਘਰ ਵਿੱਚ ਸ਼ਰਾਬ ਪੀਣ ਤੋਂ ਸ਼ਰਮ ਆਉਂਦੀ ਸੀ। ਬਾਹਰ ਪੀਣੀ ਮਹਿੰਗੀ ਪੈਂਦੀ ਸੀ। ਉਹ ਮੁਰਗ ਮਸੱਲਮ ਦਾ ਸ਼ੌਕੀਨ ਸੀ। ਘਰੇ ਮੀਟ ਬਣਦਾ ਨਹੀਂ ਸੀ।

ਅਜੇ ਵਰਗੀ ਅਸਾਮੀ ਦੀ ਉਸਨੂੰ ਬੇ ਸਬਰੀ ਨਾਲ ਉਡੀਕ ਸੀ। ਰੌਣਕ ਮੇਲੇ ਲਈ ਉਸਨੇ ਆਪਣੇ ਪੜੌਸੀ ਭੋਗਲ ਨੂੰ ਤਿਆਰ ਕਰ ਲਿਆ। ਮੁਫ਼ਤ ਵਿੱਚ ਉਹ ਵੀ ਗੰਗਾ ਨਹਾ ਲਏਗਾ।

ਅਜੇ ਕੋਲ ਘਰ ਬੈਠ ਕੇ ਚਾਹ ਪੀਣ ਦਾ ਸਮਾਂ ਨਹੀਂ ਸੀ। ਉਨ੍ਹਾਂ ਨੇ ਸੈਕਟਰੀ ਨੂੰ ਗਲੀਂ ਵਿਚੋਂ ਹੀ ਨਾਲ ਰਲਾ ਲਿਆ।

“ਜਿਧਰ ਜਾਣਾ ਹੈ ਉਧਰ ਦਾ ਰਸਤਾ ਡਰਾਈਵਰ ਨੂੰ ਦੱਸੀ ਜਾਓ।” ਗੱਡੀ ਵਿੱਚ ਬੈਠਦਿਆਂ ਹੀ ਅਜੇ ਨੇ ਸੈਕਟਰੀ ਨੂੰ ਮਰਜ਼ੀ ਦੀ ਥਾਂ ਜਾਣ ਦੀ ਇਜਾਜ਼ਤ ਦੇ ਦਿੱਤੀ।

ਭੋਗਲ ਪੁਰਾਣੇ ਅੱਡੇ ‘ਜ਼ਿਮੀਦਾਰਾ ਢਾਬੇ’ ’ਤੇ ਜਾਣਾ ਚਾਹੁੰਦਾ ਸੀ। ਉਥੇ ਖਾਰੇ, ਆਂਡੇ ਅਤੇ ਮੀਟ ਸਭ ਸਸਤਾ ਸੀ। ਬੈਠਣ ਦਾ ਕਿਰਾਇਆ ਨਹੀਂ ਸੀ ਲਿਆ ਜਾਂਦਾ।

ਭੋਗਲ ਦੇ ਭੋਲੇਪਣ ’ਤੇ ਲਛਮਣ ਸਿੰਘ ਨੂੰ ਤਰਸ ਆਇਆ। ਭੋਗਲ ਸਿੱਖਿਆ ਵਿਭਾਗ ਦਾ ਕਰਮਚਾਰੀ ਸੀ। ਉਸਦੀ ਅਸਾਮੀ ਦੀ ਪਹੁੰਚ ਜ਼ਿਮੀਦਾਰਾ ਢਾਬੇ ਤਕ ਹੁੰਦੀ ਸੀ।

ਹੁਣ ਉਹ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਪ੍ਰਾਈਵੇਟ ਸੈਕਟਰੀ ਨਾਲ ਜਾ ਰਿਹਾ ਸੀ। ਮਾਇਆ ਨਗਰ ਵਰਗੇ ਸ਼ਹਿਰ ਦੀ ਅਮੀਰ ਅਸਾਮੀ ਉਨ੍ਹਾਂ ਦੇ ਨਾਲ ਸੀ। ਅੱਜ ਉਹ ਕਿਸੇ ਆਲੀਸ਼ਾਨ ਹੋਟਲ ਦੀ ਏਅਰ ਕੰਡੀਸ਼ਨ ਬਾਰ ਵਿੱਚ ਬੈਠ ਕੇ ਜਸ਼ਨ ਮਨਾਉਣਗੇ।

ਗੱਡੀ ਉਸਨੇ ਤਿੰਨ ਤਾਰਾ ਹੋਟਲ ਦੇ ਰਾਹ ਪਵਾ ਲਈ।

“ਚਾਰ ਪੈੱਗ ਪੀਟਰ ਸਕਾਟ। ਪਹਿਲਾਂ ਇੱਕ ਚਿਕਨ ਰੋਸਟਡ। ਫੇਰ ਇੱਕ ਚਿੱਲੀ ਚਿਕਨ। ਦੋ ਪਲੇਟ ਫਿਸ਼। ਬੋਨ ਲੈੱਸ!” ਟੇਬਲ ਦੁਆਲੇ ਬੈਠਦੇ ਹੀ ਪਹਿਲਾਂ ਸੈਕਟਰੀ ਨੇ ਵੇਟਰ ਨੂੰ ਆਰਡਰ ਨੋਟ ਕਰਵਾਇਆ। ਫੇਰ ਅਜੇ ਦੇ ਰਾਜਧਾਨੀ ਆਉਣ ਦਾ ਕਾਰਨ ਪੁੱਛਿਆ।

“ਕਤਲ ਕੇਸ ਦੇ ਮੁਲਜ਼ਮ ਦੀ ਪੇਸ਼ਗੀ ਜ਼ਮਾਨਤ। ਸੈਸ਼ਨ ਜੱਜ ਤਕ ਸਿਫਾਰਸ਼।”

ਕੰਮ ਸੁਣਕੇ ਸੈਕਟਰੀ ਦੇ ਰੰਗ ਵਿੱਚ ਭੰਗ ਪੈ ਗਿਆ।

ਲਛਮਣ ਸਿੰਘ ਨੇ ਸੋਚਿਆ ਸੀ, ਅਜੇ ਨੇ ਹਾਈ ਕੋਰਟ ਵਿੱਚ ਕੋਈ ਵਕੀਲ ਕਰਨਾ ਹੋਏਗਾ। ਕਿਸੇ ਪੁਰਾਣੇ ਮੁਕੱਦਮੇ ਦੇ ਫੈਸਲੇ ਦੀ ਨਕਲ ਲੈਣੀ ਹੋਏਗੀ। ਦੋਹਾਂ ਕੰਮਾਂ ਵਿੱਚ ਉਸਨੂੰ ਕਮਾਈ ਹੋਣੀ ਸੀ। ਵਕੀਲ ਨੇ ਹਿੱਸਾ ਦੇਣਾ ਸੀ। ਨਕਲ ਉਸਨੇ ਆਪਣੇ ਰੋਹਬ ਨਾਲ ਤਿਆਰ ਕਰਵਾ ਲੈਣੀ ਸੀ। ਕਲਰਕ ਦੇ ਨਾਂ ਦੀ ਫ਼ੀਸ ਆਪਣੀ ਜੇਬ ਵਿੱਚ ਪਾ ਲੈਣੀ ਸੀ।

ਮਾਇਆ ਨਗਰ ਵਿੱਚ ਲਗੇ ਜੱਜਾਂ ਦੀ ਕਦੇ ਕੋਈ ਸ਼ਿਕਾਇਤ ਚੀਫ਼ ਕੋਲ ਨਹੀਂ ਸੀ ਆਈ। ਇਸ ਲਈ ਉਨ੍ਹਾਂ ਨੂੰ ਕਦੇ ਲਛਮਣ ਸਿੰਘ ਦੀ ਲੋੜ ਨਹੀਂ ਸੀ ਪਈ।

ਸੈਕਟਰੀ ਨੇ ਅਜੇ ਦੇ ਜਿਹੜੇ ਪਹਿਲਾਂ ਦੋ ਕੰਮ ਕਰਵਾਏ ਸਨ, ਉਹ ਦੋਵੇਂ ਜੱਜ ਰਿਸ਼ਵਤਖੋਰੀ ਵਿੱਚ ਡੂੰਘੇ ਧਸੇ ਹੋਏ ਸਨ। ਉਨ੍ਹਾਂ ਦੀਆਂ ਸ਼ਿਕਾਇਤਾਂ ਚੀਫ਼ ਕੋਲ ਆਉਂਦੀਆਂ ਰਹਿੰਦੀਆਂ ਸਨ। ਮਹੀਨੇ ਵਿੱਚ ਘੱਟੋ ਘੱਟ ਇੱਕ ਚੱਕਰ ਉਨ੍ਹਾਂ ਦਾ ਹਾਈ ਕੋਰਟ ਲੱਗਦਾ ਸੀ। ਚੀਫ਼ ਨੂੰ ਮਿਲਣ ਤੋਂ ਪਹਿਲਾਂ ਉਹ ਸੈਕਟਰੀ ਨੂੰ ਮਿਲਦੇ ਸਨ। ਹੋਣ ਵਾਲੀ ਕਾਰਵਾਈ ਦੀ ਸੂਹ ਲੈਂਦੇ ਸਨ। ਸਾਹਿਬ ਦੇ ਮੂਡ ਅਤੇ ਹੋਈ ਸ਼ਿਕਾਇਤ ਦੀ ਗੰਭੀਰਤਾ ਬਾਰੇ ਪੁੱਛਦੇ ਸਨ। ਉਹ ਇਸ ਸੇਵਾ ਕਾਰਨ ਸੈਕਟਰੀ ਦਾ ਅਹਿਸਾਨ ਮੰਨਦੇ ਸਨ। ਉਸਦੇ ਆਖੇ ਛੋਟੇਮੋਟੇ ਕੰਮ ਕਰ ਦਿੰਦੇ ਸਨ।

ਅੱਜ ਵਾਲਾ ਕੰਮ ਹੋਣ ਵਾਲਾ ਨਹੀਂ ਸੀ। ਪੈੱਗ ’ਤੇ ਪੈੱਗ ਚਾੜ੍ਹਦਾ ਅਤੇ ਹੱਡੀਆਂ ਨੋਚਦਾ ਸੈਕਟਰੀ ਸੋਚ ਰਿਹਾ ਸੀ, ਕਿਵੇਂ ਬਿਨਾਂ ਆਪਣਾ ਪ੍ਰਭਾਵ ਗਵਾਏ ਉਹ ਇਸ ਮੁਸੀਬਤ ਵਿਚੋਂ ਨਿਕਲੇ?

ਪੰਕਜ ਨੇ ਡਰਿੰਕ ਨਹੀਂ ਸੀ ਲਈ। ਮਾਨਸਿਕ ਤਨਾਅ ਕਾਰਨ ਉਸਨੂੰ ਉਬਾਸੀਆਂ ਆ ਰਹੀਆਂ ਸਨ। ਉਸਦਾ ਸਾਰਾ ਸਰੀਰ ਦਰਦ ਕਰ ਰਿਹਾ ਸੀ। ਉਸਦਾ ਗਲਾ ਸੁੱਕ ਰਿਹਾ ਸੀ। ਚਾਰ ਪੰਜ ਕੋਕ ਉਸਦੀ ਪਿਆਸ ਨਹੀਂ ਸਨ ਬੁਝਾ ਸਕੇ।

ਅਜੇ ਪੰਕਜ ਦੀ ਬੇਚੈਨੀ ਸਮਝ ਰਿਹਾ ਸੀ। ਉਹ ਵੀ ਜਲਦੀ ਕੋਈ ਸਿੱਟਾ ਕੱਢ ਕੇ ਵਾਪਸ ਮੁੜਨਾ ਚਾਹੁੰਦਾ ਸੀ।

ਪਰ ਸੈਕਟਰੀ ਖ਼ਾਮੋਸ਼ ਸੀ। ਉਹ ਚਾਰ ਪੈੱਗ ਪੀ ਚੁੱਕਾ ਸੀ। ਮੁਰਗੇ ਅਤੇ ਮੱਛੀ ਦੀਆਂ ਕਈ ਪਲੇਟਾਂ ਆ ਅਤੇ ਜਾ ਚੁੱਕੀਆਂ ਸਨ।

“ਸਾਡਾ ਕੁੱਝ ਬਣੇਗਾ?” ਸੈਕਟਰੀ ਦੇ ਖਾਣ ਪੀਣ ਵੱਲੋਂ ਧਿਆਨ ਤੋੜਨ ਲਈ ਅਜੇ ਨੇ ਖਿਝ ਕੇ ਪੁੱਛਿਆ।

ਸੈਕਟਰੀ ਨੂੰ ਥੋੜ੍ਹਾ ਥੋੜ੍ਹਾ ਸਰੂਰ ਹੋਣ ਲੱਗਾ ਸੀ। ਪੇਟ ਵਿੱਚ ਗਏ ਮਸਾਲੇਦਾਰ ਚਿਕਨ ਨੇ ਪੇਟ ਨੂੰ ਅਫਾਰਾ ਲਿਆਉਣਾ ਸ਼ੁਰੂ ਕਰ ਦਿੱਤਾ ਸੀ। ਚਿਕਨ ਅਤੇ ਸੋਢਿਆਂ ਦੀ ਗੈਸ ਨੇ ਉਸਦਾ ਢਿੱਡ ਫੁੱਟਬਾਲ ਵਾਂਗ ਫੁਲਾ ਦਿੱਤਾ। ਉਸਦੀ ਬੈਲਟ ਪੇਟ ਤੋਂ ਖਿਸਕ ਕੇ ਲੱਕ ਕੋਲ ਆ ਗਈ। ਤਰੀ ਦੇ ਧੱਬਿਆਂ ਨੇ ਕਮੀਜ਼ ਉਪਰ ਅੰਡੇਮਾਨ ਨਿਕੋਬਾਰ ਦਾ ਨਕਸ਼ਾ ਉੱਕਰ ਦਿੱਤਾ। ਪੈਂਟ ਅੰਦਰ ਦਿੱਤੀ ਅੱਧੀ ਕਮੀਜ਼ ਬਾਹਰ ਆ ਗਈ।

ਸੈਕਟਰੀ ਨੂੰ ਪਤਾ ਸੀ, ਉਹ ਅਜੇ ਦਾ ਕੰਮ ਨਹੀਂ ਕਰ ਸਕਦਾ। ਅੱਧ ਵਿਚਕਾਰ ਨਾਂਹ ਕਰਕੇ ਉਹ ਮਹਿਫਲ ਮੁਲਤਵੀ ਨਹੀਂ ਸੀ ਕਰਨਾ ਚਾਹੁੰਦਾ। ਉਹ ਜਲਦੀ ਜਲਦੀ ਆਪਣਾ ਕੋਟਾ ਪੂਰਾ ਕਰ ਰਿਹਾ ਸੀ।

ਅਜੇ ਦੇ ਰੁੱਖੇਪਨ ਤੇ ਸੈਕਟਰੀ ਨੂੰ ਆਪਣੇ ਆਪ ’ਤੇ ਕਚਿਆਣ ਆਈ। ਦੋ ਘੁੱਟ ਸ਼ਰਾਬ ਖ਼ਾਤਰ ਉਸਦੀ ਬੇਇੱਜ਼ਤੀ ਹੋ ਰਹੀ ਸੀ। ਝੱਟ ਉਸਨੇ ਆਪਣੇ ਡੋਲਦੇ ਮਨ ਨੂੰ ਸੰਭਾਲਿਆ। ਅਜਿਹਾ ਕੁੱਝ ਹੁੰਦਾ ਰਹਿੰਦਾ ਹੈ। ਉਹ ਫੜ੍ਹ ਮਾਰ ਕੇ ਅਜੇ ਨੂੰ ਪਰਚਾਉਣਾ ਚਾਹੁੰਦਾ ਸੀ। ਪਰ ਅਜੇ ਕੋਲ ਮੋਬਾਈਲ ਫ਼ੋਨ ਸੀ। ਝੱਟ ਉਸਨੇ ਜੱਜ ਦਾ ਨੰਬਰ ਮਿਲਾ ਕੇ ਸੈਕਟਰੀ ਨੂੰ ਫੜਾ ਦੇਣਾ ਸੀ। ਸੈਕਟਰੀ ਨੂੰ ਖਹਿੜਾ ਛੁਡਾਉਣਾ ਮੁਸ਼ਕਲ ਹੋ ਜਾਣਾ ਸੀ।

“ਤੂੰ ਫ਼ਿਕਰ ਨਾ ਕਰ। ਸਵੇਰੇ ਕੋਠੀ ਜਾ ਕੇ ਮੈਂ ਚੀਫ਼ ਤੋਂ ਫ਼ੋਨ ਕਰਵਾਵਾਂਗਾ। ਜੇ ਉਹ ਝਿਜਕ ਗਏ, ਮੈਂ ਬੀਬੀ ਦੇ ਪੈਰ ਫੜ ਲਵਾਂਗਾ। ਬੀਬੀ ਮੈਨੂੰ ਨਹੀਂ ਮੋੜ ਸਕਦੀ।

ਬੀਬੀ ਦਾ ਕਿਹਾ ਜੱਜ ਨਹੀਂ ਮੋੜ ਸਕਦਾ। ਇੰਝ ਆਪਣਾ ਕੰਮ ਹੋਵੇਗਾ।”

ਲਗਾਤਾਰ ਦੋ ਵੱਡੇ ਪੈੱਗ ਅੰਦਰ ਜਾਣ ਕਾਰਨ ਉਸਨੂੰ ਕੁੱਝ ਪਤਾ ਨਹੀਂ ਸੀ, ਉਹ ਕੀ ਬੋਲ ਰਿਹਾ ਸੀ।

ਪੰਕਜ ਸੈਕਟਰੀ ਦੀਆਂ ਗੱਲਾਂ ਤੋਂ ਉਕਤਾ ਚੁੱਕਾ ਸੀ।

ਪੰਕਜ ਨੇ ਬਥੇਰੇ ਵਿਉਪਾਰ ਕੀਤੇ ਸਨ। ਸੈਂਕੜੇ ਅਫ਼ਸਰਾਂ ਨਾਲ ਉਸਦੀਆਂ ਅਜਿਹੀਆਂ ਬੈਠਕਾਂ ਹੋਈਆਂ ਸਨ। ਉਹ ਭਾਂਪ ਗਿਆ ਸੀ ਸੈਕਟਰੀ ਦੀ ਝੋਲੀ ਵਿੱਚ ਦਾਣੇ ਨਹੀਂ ਸਨ। ਸੈਕਟਰੀ ਆਪਣਾ ਪੇਟ ਭਰ ਰਿਹਾ ਸੀ। ਸੈਕਟਰੀ ਦਾ ਇਹੋ ਲਾਹਾ ਪੰਕਜ ਨੂੰ ਚਿੜਾ ਰਿਹਾ ਸੀ।

ਕਿਸੇ ਹੋਰ ਕੰਮ ਆਏ ਹੁੰਦੇ ਤਾਂ ਪੰਕਜ ਅਜੇ ਨੂੰ ਬਾਹੋਂ ਫੜਕੇ ਖੜ੍ਹਾ ਕਰ ਲੈਂਦਾ।

ਉਹ ਸੈਕਟਰੀ ਨੂੰ ਹੋਟਲ ਵਿੱਚ ਛੱਡ ਕੇ ਮਾਇਆ ਨਗਰ ਨੂੰ ਮੁੜ ਜਾਂਦੇ। ਪਰ ਹੁਣ ਉਹ ਫੌਜਦਾਰੀ ਮੁਕੱਦਮੇ ਵਿੱਚ ਫਸਿਆ ਹੋਇਆ ਸੀ। ਕੋਈ ਵੀ ਨਰਾਜ਼ ਹੋਇਆ ਅਫ਼ਸਰ ਮਹਿੰਗਾ ਪੈ ਸਕਦਾ ਸੀ। ਅਜਿਹਾ ਬੰਦਾ ਕੁੱਝ ਸੰਵਾਰ ਤਾਂ ਨਹੀਂ ਸੀ ਸਕਦਾ ਪਰ ਵਿਗਾੜ ਜ਼ਰੂਰ ਸਕਦਾ ਸੀ। ਇਸੇ ਡਰ ਕਾਰਨ ਉਹ ਸੈਕਟਰੀ ਦੇ ਨਖ਼ਰੇ ਬਰਦਾਸ਼ਤ ਕਰ ਰਿਹਾ ਸੀ।

ਸੈਕਟਰੀ ਚਾਹੁੰਦਾ ਸੀ, ਖਾਣਾ ਖਾਧਾ ਜਾਵੇ। ਬੱਚਿਆਂ ਲਈ ਰਸ ਮਲਾਈ ਘਰ ਲਿਜਾਈ ਜਾਵੇ।

“ਸੈਕਟਰੀ ਸਾਹਿਬ ਤੁਸੀਂ ਆਊਟ ਹੋ ਗਏ। ਆਹ ਲਓ ਆਖ਼ਰੀ ਪੈੱਗ ਅਤੇ ਚੱਲੋ।”

ਸੈਕਟਰੀ ਦੇ ਵੇਟਰ ਨੂੰ ਖਾਣੇ ਦਾ ਆਰਡਰ ਲਿਖਾਉਣ ਤੋਂ ਪਹਿਲਾਂ ਹੀ ਅਜੇ ਨੇ ਮੇਜ਼ ‘ਤੇ ਪਿਆ ਆਖ਼ਰੀ ਗਲਾਸ ਸੈਕਟਰੀ ਦੇ ਹੱਥ ਚ ਫੜਾ ਕੇ ਆਪਣਾ ਫੈਸਲਾ ਸੁਣਾ ਦਿੱਤਾ।

ਸੈਕਟਰੀ ਚੁੱਪ ਕਰ ਗਿਆ। ਸ਼ਰਾਬ ਅੰਦਰ ਸੁੱਟੀ ਅਤੇ ਗੁੱਸੇ ਹੁੰਦਾ ਉੱਠ ਖੜੋਤਾ।

ਪੰਕਜ ਨੇ ਕਾਉਂਟਰ ’ਤੇ ਜਾ ਕੇ ਬਿਲ ਚੁਕਾਇਆ।

ਭੋਗਲ ਨੇ ਸਹਾਰਾ ਦੇ ਕੇ ਸੈਕਟਰੀ ਨੂੰ ਗੱਡੀ ਤਕ ਪਹੁੰਚਾਇਆ।

ਪਿਛੋਂ ਨੀਰਜ ਦੇ ਫ਼ੋਨ ਆ ਰਹੇ ਸਨ। ਅੱਧੀ ਰਾਤ ਹੋ ਚੁੱਕੀ ਸੀ। ਅਜਿਹੀ ਹਾਲਤ ਵਿੱਚ ਉਸਦਾ ਬਾਹਰ ਰਹਿਣਾ ਠੀਕ ਨਹੀਂ ਸੀ।

ਸੈਕਟਰੀ ਦਾ ਪਰਿਵਾਰ ਕੁਆਟਰ ਦੇ ਬਾਹਰ ਖੜ੍ਹਾ ਉਸਦਾ ਇੰਤਜ਼ਾਰ ਕਰ ਰਿਹਾ ਸੀ।

ਸੈਕਟਰੀ ਅਤੇ ਭੋਗਲ ਦੇ ਗੱਡੀਉਂ ਉਤਰਦਿਆਂ ਹੀ ਉਨ੍ਹਾਂ ਗੱਡੀ ਮਾਇਆ ਨਗਰ ਵੱਲ ਦੌੜਾ ਲਈ।

 

-22-

 

ਸਿੰਗਲੇ ਵਕੀਲ ਦੀਆਂ ਬਾਕੀ ਸਭ ਗੱਲਾਂ ਠੀਕ ਸਨ। ਪਰ ਮੇਲੂ ਦੋਧੀ ਵਾਲੀ ਗੱਲ ਉਸ ਨੂੰ ਜਚੀ ਨਹੀਂ ਸੀ।

ਨੀਰਜ ਹੋਰੀਂ ਮਾਇਆ ਨਗਰ ਦੇ ਗਿਣਵੇਂ ਸਨਅਤਕਾਰਾਂ ਵਿਚੋਂ ਇੱਕ ਸਨ। ਉਹ ਅੱਠ ਦਸ ਕਰੋੜ ਦੀ ਜਾਇਦਾਦ ਦੇ ਮਾਲਕ ਸਨ। ਸ਼ਹਿਰ ਵਿੱਚ ਉਨ੍ਹਾਂ ਦਾ ਹਰ ਤਰ੍ਹਾਂ ਦਾ ਰਸੂਖ ਸੀ। ਸਿਆਸੀ ਬੰਦੇ ਸਵੇਰੇ ਸ਼ਾਮ ਉਨ੍ਹਾਂ ਦੇ ਦਫ਼ਤਰ ਗੇੜਾ ਮਾਰਦੇ ਸਨ। ਹਰ ਇਲੈਕਸ਼ਨ ਵਿੱਚ ਹਰ ਸਿਆਸੀ ਪਾਰਟੀ ਉਨ੍ਹਾਂ ਤੋਂ ਚੰਦਾ ਲੈ ਕੇ ਜਾਂਦੀ ਸੀ। ਮਾਇਆ ਨਗਰ ਦੇ ਸਾਰੇ ਅਤੇ ਚੰਡੀਗੜ੍ਹ ਬੈਠੇ ਅੱਧੇ ਉੱਚ ਅਧਿਕਾਰੀ ਉਨ੍ਹਾਂ ਦੇ ਵਾਕਿਫ਼ ਸਨ।

ਮੋਹਨ ਲਾਲ ਦਾ ਇਹੋ ਵਾਧਾ ਸੀ। ਜਿਸ ਅਫ਼ਸਰ ਨਾਲ ਉਸ ਦੀ ਮੁਲਾਕਾਤ ਹੋ ਗਈ, ਉਸ ਅਫ਼ਸਰ ਦੇ ਜਿੰਨਾ ਚਿਰ ਉਸਦਾ ਘਰ ਆਉਣ ਜਾਣ ਨਹੀਂ ਸੀ ਬਣਦਾ, ਉਸਨੂੰ ਚੈਨ ਨਹੀਂ ਸੀ ਆਉਂਦੀ। ਅਫ਼ਸਰਾਂ ਦੀਆਂ ਵਿਆਹ ਸ਼ਾਦੀਆਂ ਵਿੱਚ ਉਹ ਖੁਲ੍ਹ ਕੇ ਖਰਚ ਕਰਦਾ ਸੀ। ਆਈ.ਏ.ਐਸ.ਅਫ਼ਸਰਾਂ ਦੇ ਵਿਆਹਾਂ ਵਿੱਚ ਉਹ ਇੱਕ ਲੱਖ ਰੁਪਏ ਦਾ ਸ਼ਗਨ ਦਿੰਦਾ ਸੀ। ਪੀ.ਸੀ.ਐਸ.ਅਫ਼ਸਰਾਂ ਨੂੰ ਪੰਜਾਹ ਹਜ਼ਾਰ ਦਾ। ਸਰਦੀਆਂ ਵਿੱਚ ਦੋ ਕੋਟੀਆਂ ‘ਮੋਨਟੀ ਕਾਰਲੋ’ ਦੀਆਂ ਸਾਹਿਬ ਲਈ ਅਤੇ ਇੱਕ ਪਸ਼ਮੀਨੇ ਦਾ ਸ਼ਾਲ ਮੈਡਮ ਲਈ ਲੈ ਕੇ ਉਹ ਖ਼ੁਦ ਚੰਡੀਗੜ੍ਹ ਜਾਂਦਾ ਸੀ। ਮਾਇਆ ਨਗਰ ਦੀ ਹੌਜ਼ਰੀ ਦਾ ਸਮਾਨ ਦੁਨੀਆਂ ਭਰ ਵਿੱਚ ਬਰਾਮਦ ਹੁੰਦਾ ਸੀ। ਕਿਸੇ ਅਫ਼ਸਰ ਨੇ ਬਹੁਤੀ ਖ਼ਰੀਦੋ ਫ਼ਰੋਖਤ ਕਰਨੀ ਹੋਵੇ, ਉਹ ਉਸ ਨੂੰ ਮਾਇਆ ਨਗਰ ਆਉਣ ਦਾ ਸੱਦਾ ਦਿੰਦਾ ਸੀ। ਅਫ਼ਸਰ ਅਤੇ ਉਨ੍ਹਾਂ ਦੇ ਪਰਿਵਾਰ ਕਈ ਕਈ ਦਿਨ ਮਾਇਆ ਨਗਰ ਉਨ੍ਹਾਂ ਦੇ ਘਰ ਰਹਿੰਦੇ ਸਨ। ਮੌਜ ਮਸਤੀ ਹੁੰਦੀ ਸੀ।

ਕਈ ਅਫ਼ਸਰਾਂ ਦੇ ਬੱਚੇ ਨੀਰਜ ਹੋਰਾਂ ਨਾਲ ਇਕੱਠੇ ਖੇਡਦੇ ਰਹੇ ਸਨ। ਬੱਚਿਆਂ ਦੇ ਸਬੰਧ ਮਾਪਿਆਂ ਨਾਲੋਂ ਵੀ ਗੂੜ੍ਹੇ ਸਨ।

ਮੇਲੂ ਰਾਮ ਦੀ ਥਾਂ ਉਹ ਕਿਸੇ ਸਿਆਸੀ ਨੇਤਾ ਜਾਂ ਵੱਡੇ ਅਫ਼ਸਰ ਤੋਂ ਫ਼ੋਨ ਕਰਾਉਣਗੇ।

ਪਿਛੋਂ ਕੋਠੀ ਜਾ ਕੇ ਫ਼ੀਸ ਦੇ ਆਉਣਗੇ। ਪਹਿਲਾਂ ਵੀ ਉਹ ਆਪਣੇ ਕੰਮ ਇਸੇ ਤਰ੍ਹਾਂ ਕਰਾਉਂਦੇ ਸਨ।

ਐਮ.ਪੀ.ਸਾਹਿਬ ਪਰਸੋਂ ਦਿੱਲੀ ਗਏ ਸਨ। ਸ਼ਾਇਦ ਵਾਪਸ ਆ ਗਏ ਹੋਣ। ਸ਼ਾਇਦ ਉਨ੍ਹਾਂ ਦੀ ਕਪਤਾਨ ਨਾਲ ਗੱਲ ਹੋ ਗਈ ਹੋਵੇ। ਹੋ ਸਕਦਾ ਹੈ ਉਨ੍ਹਾਂ ਨੇ ਦਿੱਲੀਓਂ ਗ੍ਰਹਿਮੰਤਰੀ ਤੋਂ ਫ਼ੋਨ ਕਰਵਾ ਦਿੱਤਾ ਹੋਵੇ। ਉਹ ਇਸ ਤਰ੍ਹਾਂ ਕਰਨ ਦਾ ਵਾਅਦਾ ਕਰਕੇ ਗਏ ਸਨ। ਵਾਅਦੇ ਦੇ ਉਹ ਪੱਕੇ ਸਨ। ਲੋਕਾਂ ਨਾਲ ਉਹ ਲੱਖ ਝੂਠੇ ਵਾਅਦੇ ਕਰਦੇ ਹੋਣ। ਉਨ੍ਹਾਂ ਨਾਲ ਉਹ ਹਮੇਸ਼ਾ ਤੋੜ ਨਿਭਾਉਂਦੇ ਸਨ।

ਦੋ ਕੁ ਸਾਲ ਤੋਂ ਉਨ੍ਹਾਂ ਦੇ ਸਬੰਧ ਘਰੇਲੂ ਬਣ ਗਏ ਸਨ। ਉਨ੍ਹਾਂ ਦੀ ਵਿਉਪਾਰਕ ਸਾਂਝ ਪੀਡੀ ਹੋ ਗਈ ਸੀ।

ਮੋਹਨ ਲਾਲ ਨੇ ਪਹਿਲਾਂ ਪਟਰੋਲ ਪੰਪ ਲੱਗਾ ਲਿਆ ਸੀ। ਉਸਦਾ ਉਸਨੂੰ ਉੱਚਾ ਮੁੱਲ ਦੇਣਾ ਪਿਆ ਸੀ। ਸਾਲ ਪੰਪ ਚਲਾ ਕੇ ਮੋਹਨ ਲਾਲ ਨੂੰ ਇਸ ਧੰਦੇ ਦੀਆਂ ਬਾਰੀਕੀਆਂ ਅਤੇ ਹੁੰਦੇ ਮੋਟੇ ਮੁਨਾਫ਼ਿਆਂ ਦੀ ਸਮਝ ਆ ਗਈ ਸੀ।

ਜੇ ਪੰਪ ਸਿੱਧਾ ਪਟਰੋਲ ਮੰਤਰੀ ਕੋਲੋਂ ਅਤੇ ਜ਼ਮੀਨ ਪੰਜਾਬ ਸਰਕਾਰ ਕੋਲੋਂ ਅਲਾਟ ਹੋ ਜਾਵੇ ਤਾਂ ਪੰਪ ਸੋਨਾ ਉਗਲਣ ਲੱਗ ਸਕਦਾ ਸੀ।

ਬਾਬੂ ਜੀ ਪਹਿਲੀ ਵਾਰ ਐਮ.ਪੀ.ਬਣੇ ਸਨ। ਕੇਂਦਰ ਵਿੱਚ ਉਨ੍ਹਾਂ ਦੀ ਸਰਕਾਰ ਪਹਿਲੀ ਵਾਰ ਬਣੀ ਸੀ। ਇਸ ਲਈ ਬਾਬੂ ਜੀ ਨੂੰ ਨਾ ਆਪਣੀਆਂ ਸ਼ਕਤੀਆਂ ਦਾ ਬਹੁਤਾ ਗਿਆਨ ਸੀ, ਨਾ ਉਨ੍ਹਾਂ ਨੂੰ ਕੰਮ ਲੈਣ ਦੀ ਜਾਚ ਸੀ।

ਮੋਹਨ ਲਾਲ ਨੇ ਪਹਿਲਾਂ ਐਮ.ਪੀ.ਨੂੰ ਮਿਲਦੇ ਕੋਟਿਆਂ ਦਾ ਖ਼ੁਦ ਅਧਿਐਨ ਕੀਤਾ।

ਫੇਰ ਉਨ੍ਹਾਂ ਬਾਰੇ ਬਾਬੂ ਜੀ ਨੂੰ ਰੋਸ਼ਨੀ ਪਾਈ। ਜਦੋਂ ਬਾਬੂ ਜੀ ਨੂੰ ਸਮਝ ਆਈ ਕਿ ਉਨ੍ਹਾਂ ਕੋਲ ਹਨੂੰਮਾਨ ਵਾਂਗ ਛਾਲ ਮਾਰ ਕੇ ਮਹਾਂ ਸਮੁੰਦਰ ਪਾਰ ਕਰਨ ਦੀ ਤਾਕਤ ਹੈ ਤਾਂ ਉਨ੍ਹਾਂ ਨੇ ਆਪਣੀ ਸਾਰੀ ਤਾਕਤ ਮੋਹਨ ਲਾਲ ਵੱਲ ਝੋਕ ਦਿੱਤੀ। ਬਾਬੂ ਜੀ ਦੇ ਦੋ ਵਾਰ ਫ਼ੋਨ ਕਰਨ ਨਾਲ ਜੇ ਦੋਹਾਂ ਪਰਿਵਾਰਾਂ ਦੀਆਂ ਪੀੜ੍ਹੀਆਂ ਦੀਆਂ ਰੋਟੀਆਂ ਦਾ ਇੰਤਜ਼ਾਮ ਹੁੰਦਾ ਹੈ ਤਾਂ ਇਸ ਵਿੱਚ ਬਾਬੂ ਜੀ ਨੂੰ ਕੀ ਇਤਰਾਜ਼ ਹੋ ਸਕਦਾ ਸੀ।

ਪਟਰੋਲ ਪੰਪ ਦੇ ਇੱਕ ਸਾਲ ਦਾ ਹਿਸਾਬ ਕਿਤਾਬ ਜਦੋਂ ਮੋਹਨ ਲਾਲ ਨੇ ਬਾਬੂ ਜੀ ਨੂੰ ਦਿਖਾਇਆ ਤਾਂ ਉਨ੍ਹਾਂ ਦੀਆਂ ਅੱਖਾਂ ਖੁਲ੍ਹ ਗਈਆਂ। ਉਨ੍ਹਾਂ ਝੱਟ ਪੈਟਰੋਲੀਅਮ ਮੰਤਰੀ ਨਾਲ ਗੱਲ ਕੀਤੀ। ਜਿੰਨਾ ਚਿਰ ਨਵਾਂ ਪਟਰੋਲ ਪੰਪ ਮਨਜ਼ੂਰ ਨਹੀਂ ਹੋ ਗਿਆ, ਉਹ ਟਿਕ ਕੇ ਨਹੀਂ ਬੈਠੇ।

ਪਟਰੋਲ ਪੰਪ ਤਾਂ ਅਲਾਟ ਹੋ ਗਿਆ ਪਰ ਇਹ ਲਾਇਆ ਕਿਥੇ ਜਾਵੇ?

ਪਹਿਲੇ ਦਿਨ ਤੋਂ ਮੋਹਨ ਲਾਲ ਦੀ ਨਜ਼ਰ ਸ਼ਹਿਰ ਦੀ ਹਿੱਕ ਉਪਰ ਖਾਲੀ ਪਏ ਇੱਕ ਸਰਕਾਰੀ ਪਲਾਟ ਉਪਰ ਟਿਕੀ ਹੋਈ ਸੀ। ਜੇ ਪੰਪ ਇਥੇ ਲਗ ਜਾਵੇ ਤਾਂ ਵਿਕਰੀ ਦਸ ਗੁਣਾ ਵੱਧ ਹੋਣੀ ਸੀ। ਇਹ ਪਲਾਟ ਮਿਲਣਾ ਵੀ ਮਿੱਟੀ ਦੇ ਮੁੱਲ ਸੀ। ਬਜ਼ਾਰ ਦੇ ਭਾਅ ਪਲਾਟ ਖਰੀਦ ਕੇ ਪੰਪ ਲਾਇਆ ਤਾਂ ਪੰਪ ਦੀ ਆਮਦਨ ਨਾਲ ਰਕਮ ਦਾ ਵਿਆਜ ਵੀ ਪੂਰਾ ਨਹੀਂ ਸੀ ਹੋਣਾ।

ਅਫ਼ਸਰਾਂ ਨੂੰ ਦਾਣੇ ਪਾ ਕੇ ਮੋਹਨ ਲਾਲ ਨੇ ਇਸ ਪਲਾਟ ਦੀ ਅਲਾਟਮੈਂਟ ਦਾ ਜੁਗਾੜ ਸ਼ੁਰੂ ਕੀਤਾ। ਜੋ ਜਿਸ ਤਰ੍ਹਾਂ ਧਿਜਿਆ, ਉਸਨੂੰ ਉਸੇ ਤਰ੍ਹਾਂ ਧਿਜਾਇਆ। ਪੈਸੇ ਵਾਲੇ ਨੂੰ ਪੈਸਾ, ਸ਼ਬਾਬ ਵਾਲੇ ਨੂੰ ਸ਼ਰਾਬ। ਦੋ ਕਰੋੜ ਦਾ ਪਲਾਟ ਉਸਨੇ ਦਸ ਲੱਖ ਵਿੱਚ ਨੱਬੇ ਸਾਲਾ ਪੱਟੇ ’ਤੇ ਲਿਖਵਾ ਲਿਆ।

ਉਸ ਪਲਾਟ ਦੇ ਆਲੇ ਦੁਆਲੇ ਸਰਕਾਰੀ ਕੁਆਟਰ ਸਨ। ਪਟਰੋਲ ਪੰਪ ਲੱਗਣ ਨਾਲ ਉਨ੍ਹਾਂ ਦੇ ਘਰਾਂ ਵਿੱਚ ਪ੍ਰਦੂਸ਼ਣ ਫੈਲਣਾ ਸੀ। ਡਰਾਈਵਰਾਂ ਨੇ ਗੁੰਡਾਗਰਦੀ ਕਰਨੀ ਸੀ।

ਕਾਰਾਂ, ਬੱਸਾਂ ਅਤੇ ਟਰੱਕਾਂ ਦੀ ਭੀੜ ਕਾਰਨ ਜਾਮ ਲਗੇ ਰਹਿਣੇ ਸਨ। ਧੂੜ ਨਾਲ ਉਨ੍ਹਾਂ ਦੇ ਕੁਆਟਰਾਂ ਦਾ ਰੰਗ ਰੋਗਣ ਮੱਧਮ ਪੈ ਜਾਣਾ ਸੀ। ਪਰਦੇ, ਸ਼ੀਸ਼ੇ ਅਤੇ ਫਰਨੀਚਰ ਨੇ ਬੇਕਾਰ ਹੋ ਜਾਣਾ ਸੀ। ਕੁਆਟਰਾਂ ਵਾਲਿਆਂ ਨੇ ਇਸ ਅਲਾਟਮੈਂਟ ਦਾ ਡਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਕੁਆਟਰਾਂ ਵਿੱਚ ਰਹਿੰਦੇ ਬਾਬੂਆਂ ਨੇ ਹੋਏ ਇਕਰਾਰਨਾਮਿਆਂ ਦੀਆਂ ਨਕਲਾਂ ਮਿਸਲਾਂ ਵਿਚੋਂ ਕੱਢਵਾ ਲਈਆਂ। ਉਨ੍ਹਾਂ ਨੇ ਪਟਰੋਲ ਪੰਪ ਦੇ ਮਾਲਕਾਂ ਅਤੇ ਅਫ਼ਸਰਾਂ ਦੀ ਮਿਲੀਭੁਗਤ ਦੇ ਸਬੂਤ ਪ੍ਰੈਸ ਦੇ ਹਵਾਲੇ ਕਰ ਦਿੱਤੇ। ਪ੍ਰੈਸ ਨੇ ਲੂਣ ਮਿਰਚ ਲਾ ਕੇ ਇਸ ਨੂੰ ਸਕੈਂਡਲ ਬਣਾ ਦਿੱਤਾ। ਵਿਰੋਧੀ ਸਿਆਸੀ ਧਿਰ ਨੇ ਕੁਆਟਰਾਂ ਵਾਲਿਆਂ ਦੀ ਪਿੱਠ ’ਤੇ ਹੋਣ ਦਾ ਐਲਾਨ ਕਰ ਦਿੱਤਾ। ਸਾਬਕਾ ਮੰਤਰੀ ਨੇ ਪਟਰੋਲ ਪੰਪ ਵਾਲੀ ਜਗ੍ਹਾ ’ਤੇ ਧਰਨਾ ਮਾਰ ਦਿੱਤਾ। ‘ਪਟਰੋਲ ਪੰਪ ਉਸਦੀ ਲਾਸ਼ ’ਤੇ ਬਣੇਗਾ’ ਇਹ ਐਲਾਨ ਕਰ ਦਿੱਤਾ।

ਅਫ਼ਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹ ਆਪਣਾ ਆਪਣਾ ਬਚਾਅ ਸੋਚਣ ਲਗੇ।

ਅਲਾਟਮੈਂਟ ਕੈਂਸਲ ਕਰਨ ਦੀ ਯੋਜਨਾ ਬਣਨ ਲੱਗੀ।

ਮਸਲਾ ਠੰਡਾ ਕਰਨ ਲਈ ਮੋਹਨ ਲਾਲ ਨੇ ਹਾਈ ਕੋਰਟ ਦਾ ਸਹਾਰਾ ਲਿਆ।

ਅਦਾਲਤ ਨੇ ‘ਜੈਸੇ ਥੇ’ ਦਾ ਹੁਕਮ ਜਾਰੀ ਕਰ ਦਿੱਤਾ। ਇਹ ਹੁਕਮ ਮੋਹਨ ਲਾਲ ਦੀ ਮਰਜ਼ੀ ਅਨੁਸਾਰ ਹੋਇਆ ਸੀ। ਸਰਕਾਰ ਦੇ ਹੱਥ ਬੱਝ ਗਏ। ਅਲਾਟਮੈਂਟ ਕੈਂਸਲ ਹੋਣੋਂ ਬਚ ਗਈ।

ਪੰਪ ਚੱਲਣੋਂ ਹੱਟ ਗਿਆ। ਇਸ ਨਾਲ ਲੋਕਾਂ ਦੀ ਤਸੱਲੀ ਹੋ ਗਈ।

ਸਾਲ ਵਿੱਚ ਮੋਹਨ ਲਾਲ ਨੇ ਸਭ ਧਿਰਾਂ ਨੂੰ ਠੰਡਾ ਕਰ ਲਿਆ।

ਸਾਬਕਾ ਮੰਤਰੀ ਨਾਲ ਸਮਝੌਤਾ ਹੋਇਆ।

ਮੁਹੱਲੇ ਵਾਲਿਆਂ ਨਾਲ ਵਾਅਦਾ ਕੀਤਾ। ਪੰਪ ਕਾਰਾਂ ਟਰੱਕਾਂ ਵਾਲਿਆਂ ਲਈ ਨਹੀਂ ਸੀ ਲਗ ਰਿਹਾ। ਕੇਵਲ ਸਕੂਟਰਾਂ ਵਿੱਚ ਪਟਰੋਲ ਪੈਣਾ ਸੀ। ਕੋਈ ਗੁੰਡਾਗਰਦੀ ਨਹੀਂ ਹੋ ਸਕਦੀ।

ਵਾਧੂ ਬਚਦੀ ਥਾਂ ਵਿੱਚ ਮੋਹਨ ਨੇ ਇੱਕ ਸ਼ਾਪਿੰਗ ਕੰਪਲੈਕਸ ਖੋਲ੍ਹਣਾ ਸੀ। ਮੁਹੱਲੇ ਵਾਲਿਆਂ ਨੂੰ ਸਸਤਾ ਅਤੇ ਤਾਜ਼ਾ ਸਮਾਨ ਮਿਲਣਾ ਸੀ। ਉਲਟਾ ਕਾਲੋਨੀ ਵਾਲਿਆਂ ਨੂੰ ਸੌਖ ਹੋਣੀ ਸੀ।

ਚੁੱਪਕੇ ਜਿਹੇ ਰਿੱਟ ਦਾ ਫ਼ੈਸਲਾ ਕਰਵਾ ਲਿਆ। ਰਾਤੋ ਰਾਤ ਪੰਪ ਚਾਲੂ ਕਰ ਲਿਆ।

ਪਹਿਲਾਂ ਪੰਪ ਦੋ ਪਹੀਆ ਵਾਹਨਾਂ ਲਈ ਚੱਲਿਆ। ਇੰਝ ਹਾਈ ਕੋਰਟ ਦੇ ਹੁਕਮ ਅਨੁਸਾਰ ਹੋਇਆ। ਛੇ ਮਹੀਨੇ ਬਾਅਦ ਕਾਰਾਂ ਵਿੱਚ ਪਟਰੋਲ ਪੈਣ ਲੱਗਾ। ਫੇਰ ਡੀਜ਼ਲ ਆ ਗਿਆ। ਬੱਸਾਂ ਅਤੇ ਟਰੱਕ ਆਉਣ ਲਗੇ। ਨਾਲ ਦੀ ਜਗ੍ਹਾ ਵਿੱਚ ਵਰਕਸ਼ਾਪ ਬਣ ਗਈ। ਦੁਕਾਨਾਂ ਖੁਲ੍ਹ ਗਈਆਂ। ਲੋਕਾਂ ਨੂੰ ਜਿਥੇ ਤਕਲੀਫ਼ ਸੀ, ਉੱਥੇ ਅਰਾਮ ਵੀ ਸੀ।

ਗੱਲ ਆਈ ਗਈ ਹੋ ਗਈ।

ਪੰਪ ਦੀ ਕਾਮਯਾਬੀ ਬਾਅਦ ਚੁੱਪ ਚਾਪ ਬਾਬੂ ਜੀ ਨੇ ਮਾਇਆ ਨਗਰ ਲਈ ਤਿੰਨ ਗੈਸ ਏਜੰਸੀਆਂ ਮਨਜ਼ੂਰ ਕਰਵਾ ਲਈਆਂ। ਬਾਕੀ ਦੀਆਂ ਦੋ ਏਜੰਸੀਆਂ ਮੰਤਰਾਲੇ ਅਤੇ ਅਫ਼ਸਰਾਂ ਨੇ ਕਿਸ ਖੂਹ ਖਾਤੇ ਸੁੱਟੀਆਂ, ਇਸ ਨਾਲ ਬਾਬੂ ਜੀ ਨੂੰ ਕੋਈ ਵਾਸਤਾ ਨਹੀਂ ਸੀ। ਜਿਹੜੀ ਏਜੰਸੀ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੀਂ ਸੀ, ਉਹ ਅਸਲ ਵਿੱਚ ਬਾਬੂ ਜੀ ਲਈ ਰਾਖਵੀਂ ਸੀ। ਜਿਸ ਬੰਦੇ ਦੇ ਨਾਂ ’ਤੇ ਉਨ੍ਹਾਂ ਉਂਗਲ ਰੱਖੀ, ਉਹ ਉਸੇ ਨੂੰ ਅਲਾਟ ਹੋ ਗਈ।

ਇਨ੍ਹਾਂ ਦੋ ਕੰਮਾਂ ਨਾਲ ਬਾਬੂ ਜੀ ਦਾ ਭਵਿੱਖ ਸੁਰੱਖਿਅਤ ਹੋ ਗਿਆ। ਇਸ ਆਰਥਿਕ ਸੁਰੱਖਿਆ ਕਾਰਨ ਬਾਬੂ ਜੀ ਮੋਹਨ ਲਾਲ ਦੇ ਰਿਣੀ ਸਨ। ਹੁਣ ਪੰਕਜ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਰਿਹਾ ਸੀ।

ਸੰਸਾਰੀਕਰਨ ਦੇ ਇਸ ਦੌਰ ਵਿੱਚ ਬਹੁਤ ਸਾਰੀਆਂ ਬਹੁ ਦੇਸ਼ੀ ਕੰਪਨੀਆਂ ਭਾਰਤ ਵਿੱਚ ਪੈਰ ਜਮਾਉਣ ਦੇ ਯਤਨ ਕਰ ਰਹੀਆਂ ਸਨ। ਕੇਂਦਰੀ ਸਰਕਾਰ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਤ ਕਰ ਰਹੀ ਸੀ। ਸਨਅਤ ਮੰਤਰੀ ਵਫ਼ਦ ਲੈ ਲੈ ਬਾਹਰਲੇ ਦੇਸ਼ਾਂ ਨੂੰ ਤੁਰੇ ਰਹਿੰਦੇ ਸਨ। ਕੁੱਝ ਦੇਸ਼ਾਂ ਦਾ ਚੱਕਰ ਬਾਬੂ ਜੀ ਵੀ ਉਨ੍ਹਾਂ ਨਾਲ ਲਾ ਆਏ ਸਨ। ਅੰਦਰਖਾਤੇ ਬਾਬੂ ਜੀ ਦੀ ਜਪਾਨ ਦੀ ਇੱਕ ਕੰਪਨੀ ਨਾਲ ਗੱਲ ਚੱਲ ਰਹੀ ਸੀ। ਕੰਪਨੀ ਨੂੰ ਜੇ ਖੁਲ੍ਹੀਆਂ ਰਿਆਇਤਾਂ ਮਿਲ ਜਾਣ ਤਾਂ ਕੰਪਨੀ ਮੋਟਰ ਸਾਈਕਲਾਂ ਦਾ ਭਾਰੀ ਉਦਯੋਗ ਇਧਰ ਲਾਉਣ ਲਈ ਸੋਚ ਸਕਦੀ ਸੀ। ਬਾਬੂ ਜੀ ਦੀਆਂ ਸੇਵਾਵਾਂ ਦੇ ਇਵਜ ਵਿੱਚ ਕੰਪਨੀ ਦੇ ਕੁੱਝ ਹਿੱਸੇ ਉਨ੍ਹਾਂ ਨੂੰ ਦਿੱਤੇ ਜਾ ਸਕਦੇ ਸਨ। ਬਾਬੂ ਜੀ ਆਪ ਹਿੱਸੇਦਾਰ ਨਹੀਂ ਸਨ ਬਣ ਸਕਦੇ।

ਨਾ ਉਨ੍ਹਾਂ ਕੋਲ ਇੰਨੀ ਪੂੰਜੀ ਸੀ। ਆਪਣੀ ਥਾਂ ਉਨ੍ਹਾਂ ਨੇ ਪੰਕਜ ਦਾ ਨਾਂ ਸੁਝਾਇਆ ਸੀ।

ਗੱਲ ਸਿਰੇ ਚੜ੍ਹਨ ਵਾਲੀ ਸੀ। ਇਸ ਲਈ ਬਾਬੂ ਜੀ ਦੀ ਇੱਕ ਟੰਗ ਦਿੱਲੀ ਹੁੰਦੀ ਸੀ ਅਤੇ ਇੱਕ ਮਾਇਆ ਨਗਰ।

ਜਰਮਨੀ ਤੋਂ ਇੱਕ ਪੇਸ਼ਕਸ਼ ਇੱਕ ਵਿਦੇਸ਼ੀ ਮਿੱਤਰ ਰਾਹੀਂ ਪੰਕਜ ਕੋਲ ਆਈ ਸੀ।

ਭਾਰਤੀ ਫੌਜ ਆਪਣੀਆਂ ਤੋਪਾਂ ਦੇ ਬਹੁਤ ਸਾਰੇ ਕਲਪੁਰਜ਼ੇ ਅਮਰੀਕਾ ਕੋਲੋਂ ਖਰੀਦਦੀ ਸੀ। ਜਰਮਨੀ ਦੀ ਇਹ ਕੰਪਨੀ ਉਹੋ ਕਲਪੁਰਜ਼ੇ ਭਾਰਤ ਵਿੱਚ ਬਨਾਉਣ ਦੀ ਸਮਰੱਥਾ ਰੱਖਦੀ ਸੀ। ਭਾਰਤ ਦੇ ਸੁਰੱਖਿਆ ਮੰਤਰਾਲੇ ਵਿੱਚ ਜੇ ਪਹੁੰਚ ਹੋ ਜਾਵੇ ਤਾਂ ਕੰਪਨੀ ਪੰਕਜ ਨਾਲ ਹਿੱਸੇਦਾਰੀ ਰੱਖ ਕੇ ਕੰਮ ਸ਼ੁਰੂ ਕਰ ਸਕਦੀ ਸੀ। ਬਾਬੂ ਜੀ ਇਸ ਪ੍ਰੋਜੈਕਟ ਦੇ ਸਿਰੇ ਚੜ੍ਹ ਜਾਣ ਲਈ ਵੀ ਯਤਨਸ਼ੀਲ ਸਨ। ਇਥੋਂ ਵੀ ਸੋਨੇ ਦੀ ਖਾਣ ਲੱਭ ਸਕਦੀ ਸੀ।

ਅਜਿਹੇ ਗੂੜ੍ਹੇ ਸੰਬੰਧਾਂ ਦੇ ਹੁੰਦਿਆਂ ਭੀੜ ਪੈਣ ’ਤੇ ਬਾਬੂ ਜੀ ਪੰਕਜ ਹੋਰਾਂ ਨੂੰ ਪਿੱਠ ਕਿਸ ਤਰ੍ਹਾਂ ਦਿਖਾ ਸਕਦੇ ਸਨ?

ਪੂਰੇ ਮਾਨ ਨਾਲ ਨੀਰਜ ਨੇ ਬਾਬੂ ਜੀ ਨਾਲ ਰਾਬਤਾ ਕਾਇਮ ਕੀਤਾ।

ਕੋਠੀਉਂ ਪਤਾ ਲੱਗਾ ਉਹ ਦਿੱਲੀਉਂ ਵਾਪਸ ਨਹੀਂ ਆਏ। ਦਿੱਲੀਉਂ ਪਤਾ ਲੱਗਾ, ਉਹ ਕਾਰਜਕਾਰਨੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਬੰਗਲੌਰ ਚਲੇ ਗਏ। ਮੋਬਾਇਲ ਉਥੇ ਚਲਦਾ ਨਹੀਂ ਸੀ। ਦੂਜਾ ਫ਼ੋਨ ਮਿਲਾਇਆ। ਘੰਟੀ ਜਾਂਦੀ ਸੀ ਪਰ ਕੋਈ ਚੁੱਕ ਨਹੀਂ ਸੀ ਰਿਹਾ।

ਬਾਬੂ ਜੀ ਨਹੀਂ ਹਨ ਤਾਂ ਨਾ ਸਹੀ, ਚੇਅਰਮੈਨ ਸਾਹਿਬ ਮਾਇਆ ਨਗਰ ਵਿੱਚ ਸਨ।

ਉਨ੍ਹਾਂ ਦੀ ਬਾਬੂ ਜੀ ਨਾਲੋਂ ਵੱਧ ਚੱਲਦੀ ਸੀ।

ਉਹ ਚੇਅਰਮੈਨ ਨਾਲ ਸੰਪਰਕ ਕਰਨ ਲੱਗੇ।

 

-23-

 

ਚੇਅਰਮੈਨ ਸਾਹਿਬ ਤਿੰਨ ਦਿਨਾਂ ਤੋਂ ਮਾਇਆ ਨਗਰ ਵਿੱਚ ਡੇਰਾ ਲਾਈ ਬੈਠੇ ਸਨ।

ਪਾਰਟੀ ਵਰਕਰਾਂ ਦਾ ਕੈਂਪ ਲੱਗਾ ਹੋਇਆ ਸੀ। ਪ੍ਰਬੰਧ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਸਿਰ ਸੀ।

ਚੇਅਰਮੈਨ ਨੇ ਉਨ੍ਹਾਂ ਨੂੰ ਕੈਂਪ ਵਿੱਚ ਬੁਲਾ ਲਿਆ। ਉਨ੍ਹਾਂ ਦੇ ਕੈਂਪ ਤੋਂ ਬਾਹਰ ਜਾਣ ‘ਤੇ ਮਨਾਹੀ ਸੀ। ਉਨ੍ਹਾਂ ਦੇ ਬਾਹਰ ਜਾਣ ਨਾਲ ਪਾਰਟੀ ਅਨੁਸ਼ਾਸਨ ਭੰਗ ਹੁੰਦਾ ਸੀ। ਕੈਂਪ ਦੀ ਕਾਰਵਾਈ ਵਿੱਚ ਵਿਘਨ ਪੈਂਦਾ ਸੀ।

ਚੇਅਰਮੈਨ ਸਾਹਿਬ ਨੇ ਨੀਰਜ ਦੀ ਇੱਕ ਡਿਊਟੀ ਵੀ ਲਾਈ। ਆਉਂਦਾ ਹੋਇਆ ਉਹ ਕੇਡਟਾਂ ਲਈ ਦੋ ਪੇਟੀਆਂ ਸੇਬ ਅਤੇ ਪੰਜ ਕਿਲੋ ਲੱਡੂ ਲੈਂਦਾ ਆਵੇ। ਸ਼ਾਮ ਦੀ ਰਿਫ਼ਰੈਸ਼ਮੈਂਟ ਮੋਹਨ ਪਰਿਵਾਰ ਵੱਲੋਂ ਹੋਣੀ ਚਾਹੀਦੀ ਸੀ।

ਦੋ ਚੀਜ਼ਾਂ ਵੱਧ ਲੈ ਕੇ ਉਹ ਝੱਟ ਕੈਂਪ ਪਹੁੰਚ ਗਏ।

ਕੇਡਟਾਂ ਵਾਲੀ ਵੇਸ ਭੂਸ਼ਾ ਵਿੱਚ ਦੇਖ ਕੇ ਕੋਈ ਨਹੀਂ ਸੀ ਕਹਿ ਸਕਦਾ ਕਿ ਇਹ ਨਿੱਕਰ ਬਨੈਣ ਵਾਲਾ ਬੰਦਾ ਦੋ ਵਾਰ ਵਿਧਾਇਕ ਰਹਿ ਚੁੱਕਾ ਸੀ ਅਤੇ ਹੁਣ ਖਾਦੀ ਬੋਰਡ ਵਰਗੇ ਅਦਾਰੇ ਦਾ ਚੇਅਰਮੈਨ ਸੀ। ਉਹ ਕਿਸੇ ਸਕੂਲ ਦਾ ਡਰਿਲ ਮਾਸਟਰ ਲੱਗਦਾ ਸੀ।

ਨਾਲ ਆਏ ਸਮਾਨ ਨੂੰ ਰਸੋਈ ਵਿੱਚ ਭਿਜਵਾ ਕੇ ਉਹ ਉਨ੍ਹਾਂ ਨੂੰ ਆਪਣੇ ਦਫ਼ਤਰ ਲੈ ਗਏ। ਦਫ਼ਤਰ ਵਿੱਚ ਫ਼ੋਨ ਵੀ ਸੀ ਅਤੇ ਫ਼ੋਨ ਕਰਨ ਵਾਲਾ ਨਿੱਜੀ ਸਹਾਇਕ ਵੀ।

ਕੈਂਪ ਵਾਲੇ ਇਨ੍ਹਾਂ ਦਿਨਾਂ ਵਿੱਚ ਸਾਧਾਰਨ ਜਨਤਾ ਦਾ ਉਨ੍ਹਾਂ ਨੂੰ ਮਿਲਣਾ ਬੰਦ ਸੀ।

ਪਰ ਨੀਰਜ ਹੋਰੇ ਸਾਧਾਰਨ ਜਨਤਾ ਨਹੀਂ ਸਨ। ਉਹ ਪਾਰਟੀ ਦੇ ਫਾਈਨੈਂਸਰ ਸਨ। ਹੁਣ ਪਾਰਟੀ ਸੱਤਾ ਵਿੱਚ ਸੀ। ਕਿਸੇ ਤੋਂ ਵੀ ਫ਼ੋਨ ਕਰਕੇ ਚੰਦਾ ਮੰਗਵਾਇਆ ਜਾ ਸਕਦਾ ਸੀ।

ਪੰਕਜ ਦੇ ਪਿਤਾ ਜੀ ਉਸ ਸਮੇਂ ਕੈਂਪਾਂ ਦਾ ਸਾਰਾ ਖਰਚਾ ਬਰਦਾਸ਼ਤ ਕਰਿਆ ਕਰਦੇ ਸਨ, ਜਦੋਂ ਲੋਕ ਪਾਰਟੀ ਦਾ ਨਾਂ ਲੈਣੋਂ ਡਰਦੇ ਸਨ। ਜਦੋਂ ਪਾਰਟੀ ਵਿਰੋਧੀ ਧਿਰ ਵਿੱਚ ਸੀ ਅਤੇ ਚੇਅਰਮੈਨ ਨੂੰ ਬੱਸ, ਟਰੱਕ ਜਾਂ ਰਾਸ਼ਨ ਪਾਣੀ ਦੀ ਜ਼ਰੂਰਤ ਪੈਂਦੀ ਸੀ, ਮੋਹਨ ਲਾਲ ਅੱਧੇ ਬੋਲ ਉਹ ਲੋੜ ਪੂਰੀ ਕਰਦਾ ਸੀ।

ਪਾਰਟੀ ਮੋਹਨ ਲਾਲ ਦੇ ਉਸ ਅਹਿਸਾਨ ਨੂੰ ਕਦੇ ਨਹੀਂ ਭੁੱਲ ਸਕਦੀ, ਜਿਹੜਾ ਉਸ ਨੇ ਸਰਵ ਹਿਤਕਾਰੀ ਸਕੂਲ ਖੋਲ੍ਹਣ ਲਈ ਪਾਰਟੀ ਨੂੰ ਲਾਗਤ ਮੁੱਲ ’ਤੇ ਪਲਾਟ ਦੇ ਕੇ ਕੀਤਾ ਸੀ। ਇਹੋ ਨਹੀਂ, ਸਕੂਲ ਚਾਲੂ ਕਰਨ ਲਈ ਦੋ ਕਮਰੇ ਉਸਨੇ ਆਪਣੇ ਖਰਚੇ ’ਤੇ ਬਣਵਾ ਕੇ ਦਿੱਤੇ ਸਨ। ਆਪਣੇ ਪਿਤਾ ਜੀ ਦੀ ਯਾਦ ਵਿੱਚ ਗ਼ਰੀਬ ਹੁਸ਼ਿਆਰ ਬੱਚਿਆਂ ਲਈ ਉਸਨੇ ਵਜ਼ੀਫ਼ੇ ਚਾਲੂ ਕੀਤੇ ਸਨ।

ਪੁੱਤਰ ਦੋ ਕਦਮ ਅੱਗੇ ਜਾ ਰਹੇ ਸਨ। ਮੋਹਨ ਲਾਲ ਦੀ ਯਾਦ ਵਿੱਚ ਉਨ੍ਹਾਂ ਨੇ ਸਕੂਲ ਵਿੱਚ ਅਸੈਂਬਲੀ ਹਾਲ ਬਣਵਾ ਦਿੱਤਾ। ਵਜ਼ੀਫ਼ਿਆਂ ਦੀ ਗਿਣਤੀ ਦੁਗਣੀ ਕਰ ਦਿੱਤੀ।

ਪਾਰਟੀ ਅਤੇ ਚੇਅਰਮੈਨ ਇਸ ਪਰਿਵਾਰ ਦੇ ਸਦਾ ਰਿਣੀ ਸਨ।

ਕੈਂਪ ਦੌਰਾਨ ਚੇਅਰਮੈਨ ਬਹੁਤ ਘੱਟ ਲੋਕਾਂ ਨੂੰ ਮਿਲਿਆ ਸੀ। ਇਸ ਲਈ ਨਗਰ ਦੇ ਤਾਜ਼ਾ ਹਾਲਾਤਾਂ ਤੋਂ ਉਹ ਵਾਕਿਫ਼ ਨਹੀਂ ਸੀ। ਅਖ਼ਬਾਰਾਂ ਵਿੱਚ ਉਸਨੇ ਇੱਕ ਪਰਿਵਾਰ ਦੇ ਘਰ ਪਈ ਡਕੈਤੀ ਬਾਰੇ ਪੜ੍ਹਿਆ ਸੀ। ਉਹ ਪਰਿਵਾਰ ਨੀਰਜ ਦੇ ਚਾਚੇ ਦਾ ਸੀ, ਇਹ ਜਾਣ ਕੇ ਚੇਅਰਮੈਨ ਨੂੰ ਡਾਢਾ ਦੁੱਖ ਹੋਇਆ ਸੀ। ਉਹ ਦੁਖੀ ਪਰਿਵਾਰ ਦੀ ਹਰ ਸਹਾਇਤਾ ਲਈ ਤਿਆਰ ਸੀ।

ਜਦੋਂ ਨੀਰਜ ਨੇ ਉਨ੍ਹਾਂ ਦੇ ਡਕੈਤੀ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਬਾਰੇ ਪੁਲਿਸ ਨੂੰ ਪਏ ਸ਼ੱਕ ਦੀ ਗੱਲ ਤੋਰੀ ਤਾਂ ਚੇਅਰਮੈਨ ਦਾ ਚਿਹਰਾ ਪੀਲਾ ਭੂਕ ਹੋ ਗਿਆ। ਉਸਦੀ ਜ਼ੁਬਾਨ ਤਾਲੂਏ ਨਾਲ ਲੱਗ ਗਈ। ਉਸਨੂੰ ਮਹਿਸੂਸ ਹੋਣ ਲੱਗਾ, ਜਿਵੇਂ ਉਹ ਖ਼ੁਦ ਸਾਜਿਸ਼ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ।

ਚੇਅਰਮੈਨ ਦਾ ਮਨ ਕਾਹਲਾ ਪੈਣ ਲੱਗਾ। ਚੰਗਾ ਸੀ ਹਾਲੇ ਤਕ ਬਹੁਤੇ ਲੋਕਾਂ ਨੂੰ ਉਨ੍ਹਾਂ ਦੀ ਚੇਅਰਮੈਨ ਨਾਲ ਹੋਈ ਮੁਲਾਕਾਤ ਦਾ ਪਤਾ ਨਹੀਂ ਸੀ ਲੱਗਾ। ਅੱਜ ਤਕ ਚੇਅਰਮੈਨ ਦਾ ਦਾਮਨ ਸਾਫ਼ ਰਿਹਾ ਸੀ। ਕਿਧਰੇ ਉਸ ਉਪਰ ਕਾਤਲਾਂ ਦੀ ਮਦਦ ਦਾ ਦੋਸ਼ ਨਾ ਲੱਗ ਜਾਏ, ਉਹ ਇਸ ਗੱਲ ਤੋਂ ਘਬਰਾ ਰਿਹਾ ਸੀ।

“ਦੱਸੋ ਮੈਂ ਕੀ ਸੇਵਾ ਕਰ ਸਕਦਾ ਹਾਂ। ਮੇਰੀ ਕਲਾਸ ਦਾ ਸਮਾਂ ਹੋਣ ਵਾਲਾ ਹੈ।”

ਘੜੀ ਵੱਲ ਦੇਖ ਕੇ ਚੇਅਰਮੈਨ ਨੇ ਆਪਣੀ ਬੇਚੈਨੀ ਦਾ ਪ੍ਰਗਟਾਵਾ ਕੀਤਾ।

“ਬਾਬੂ ਜੀ ਬੰਗਲੌਰ ਗਏ ਹੋਏ ਹਨ। ਤੁਸੀਂ ਕਪਤਾਨ ਨੂੰ ਇੱਕ ਫ਼ੋਨ ਕਰ ਦਿਓ।

ਆਖ ਦੇਵੋ ਅਸੀਂ ਬੇਕਸੂਰ ਹਾਂ। ਪੁਲਿਸ ਸਾਨੂੰ ਤੰਗ ਪ੍ਰੇਸ਼ਾਨ ਨਾ ਕਰੇ।”

“ਫ਼ੋਨ ਦੀ ਕੀ ਲੋੜ ਹੈ? ਅਜਿਹੀਆਂ ਸਿਫਾਰਸ਼ਾਂ ਫ਼ੋਨ ’ਤੇ ਨਹੀਂ ਕਰੀਦੀਆਂ। ਅਜਿਹੇ ਕੰਮ ਕੋਲ ਬੈਠ ਕੇ ਕਰਾਏ ਜਾਂਦੇ ਹਨ। ਅੱਜ ਕਪਤਾਨ ਨੇ ਕੈਂਪ ਵਿੱਚ ਆਉਣਾ ਹੈ। ਕੈਡਟਾਂ ਨੂੰ ਸੰਧਬੋਧਨ ਕਰਨ। ਉਸ ਵਕਤ ਮੈਂ ਗੱਲ ਕਰਾਂਗਾ। ਤੁਸੀਂ ਬੇਫਿਕਰ ਰਹੋ। ਕਿਸੇ ਨਾਲ ਧੱਕਾ ਨਹੀਂ ਹੋਏਗਾ।”

ਆਖਦਾ ਚੇਅਰਮੈਨ ਕੁਰਸੀ ਤੋਂ ਉੱਠ ਖੜੋਤਾ।

“ਚਾਹ ਪੀ ਕੇ ਜਾਣਾ। … ਜਾਹ ਕਾਕਾ ਮਹਿਮਾਨਾਂ ਲਈ ਦੋ ਕੱਪ ਚਾਹ ਲਿਆ … ਨਾਲ ਖਾਣ ਨੂੰ ਲਿਆਈਂ।”

ਦਫ਼ਤਰ ਆਏ ਇੱਕ ਕੈਡਟ ਨੂੰ ਚਾਹ ਲਿਆਉਣ ਦਾ ਹੁਕਮ ਸੁਣਾ ਕੇ ਉਹ ਤੇਜ਼ਕਦਮੀਂ ਕਲਾਸ ਵੱਲ ਤੁਰ ਪਏ।

ਚੇਅਰਮੈਨ ਦੀ ਇਸ ਬੇਰੁਖੀ ’ਤੇ ਨੀਰਜ ਦਾ ਚਿਹਰਾ ਉਤਰ ਗਿਆ। ਉਸਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਉਹ ਘੋਰ ਸੰਕਟ ਵਿੱਚ ਸੀ। ਆਪਣੇ ਪਰਾਏ ਹੁੰਦੇ ਜਾ ਰਹੇ ਸਨ।

ਗੁੱਸੇ ਅਤੇ ਘਬਰਾਹਟ ਕਾਰਨ ਬਿਨਾਂ ਚਾਹ ਦੀ ਉਡੀਕ ਕੀਤੇ ਉਹ ਕੈਂਪ ਚੋਂ ਬਾਹਰ ਆ ਗਏ।

“ਮੈਨੂੰ ਲਗਦਾ ਹੈ ਬਾਬੂ ਜੀ ਜਾਣ ਬੁੱਝ ਕੇ ਬੰਗਲੌਰ ਨੂੰ ਤੁਰ ਗਏ। ਇਸ ਪਾਖੰਡੀ ਦਾ ਰਵੱਈਆ ਦੇਖ ਲਿਆ? ਤਿੰਨ ਦਿਨ ਪਹਿਲਾਂ ਸਾਰਾ ਦਿਨ ਮੇਰੇ ਦਫ਼ਤਰ ਵਿੱਚ ਬੈਠਾ ਰਿਹਾ ਸੀ। ਇਸੇ ਕੈਂਪ ਲਈ ਚੰਦਾ ਲੈਣ ਆਇਆ ਸੀ। ਹੁਣ ਜਿਵੇਂ ਅਸੀਂ ਭਿੱਟੇ ਗਏ ਹਾਂ। ਲੱਗਦਾ ਹੈ ਜੇਲ੍ਹ ਯਾਤਰਾ ਕਰਨੀ ਪਏਗੀ।”

ਡਰ ਨਾਲ ਕੰਬਦਾ ਨੀਰਜ ਮਨ ਦੀ ਭੜਾਸ ਕੱਢ ਰਿਹਾ ਸੀ।

“ਉਏ ਕੁੱਝ ਨਹੀਂ ਹੁੰਦਾ। ਪੈਸੇ ਨਾਲ ਸਭ ਠੀਕ ਹੋ ਜਾਵੇਗਾ। ਇਹ ਲਾਲਿਆਂ ਦੀ ਪਾਰਟੀ ਹੈ। ਕਾਰੋਬਾਰ ਲਈ ਠੀਕ ਹਨ। ਲੜਾਈ ਝਗੜੇ ਵਾਲੇ ਕੰਮ ਤੋਂ ਡਰਦੇ ਹਨ। ਤੂੰ ਫਿਕਰ ਨਾ ਕਰ। ਸ਼ਾਮ ਤਕ ਆਪਾਂ ਕੋਈ ਨਾ ਕੋਈ ਰਾਹ ਲੱਭ ਲਵਾਂਗੇ।”

ਘਬਰਾਹਟ ਕਾਰਨ ਪੁੱਠੇ ਰਾਹ ਪਏ ਨੀਰਜ ਨੂੰ ਬਾਹੋਂ ਫੜਕੇ ਠੀਕ ਰਾਹ ਪਾਉਂਦੇ ਵਿਨੇ ਨੇ ਉਸਨੂੰ ਸਮਝਾਉਣ ਦਾ ਯਤਨ ਕੀਤਾ।

 

-24-

 

ਥਾਂ ਥਾਂ ਧੱਕੇ ਖਾਣ ਬਾਅਦ ਨੀਰਜ ਹੋਰਾਂ ਨੂੰ ਸਿੰਗਲੇ ਦੀ ਨਸੀਅਤ ਯਾਦ ਆਈ।

ਕਚਹਿਰੀਆਂ ਦੇ ਮਾਮਲੇ ਆਪਣੀ ਤਰ੍ਹਾਂ ਦੇ ਹਨ। ਇਨ੍ਹਾਂ ਨੂੰ ਸੁਲਝਾਉਣ ਦਾ ਭੇਤ ਵਕੀਲਾਂ ਨੂੰ ਹੀ ਪਤਾ ਸੀ। ਸ਼ਾਇਦ ਇਸੇ ਲਈ ਵਕੀਲਾਂ ਦੀ ਵੱਖਰੀ ਜਮਾਤ ਬਣਾਈ ਗਈ ਸੀ।

ਵਕੀਲ ਦੀ ਰਾਏ ’ਤੇ ਅਮਲ ਕਰਦਿਆਂ ਉਨ੍ਹਾਂ ਗੱਡੀ ਮੇਲੂ ਡੇਅਰੀ ਵਾਲੇ ਦੀ ਡੇਅਰੀ ਵੱਲ ਮੋੜ ਲਈ।

ਮੇਲੂ ਦੁੱਧ ਵਾਲਾ ਹੋਇਆ ਕੌਣ? ਮੇਲੂ ਕੋਲ ਜਾਣ ਤੋਂ ਪਹਿਲਾਂ ਉਸਦਾ ਪਿਛੋਕੜ ਜਾਨਣ ਲਈ ਉਨ੍ਹਾਂ ਨੇ ਕਈ ਫ਼ੋਨ ਘੁਮਾਏ।

ਬਚਪਨ ਤੋਂ ਮੇਲੂ ਨੂੰ ਪਹਿਲਵਾਨੀ ਦਾ ਸ਼ੌਕ ਸੀ। ਉਸ ਸਮੇਂ ਪੁਲਿਸ ਦਾ ਜੋ ਮੁੱਖੀ ਸੀ, ਕਦੇ ਉਹ ਵੀ ਪਹਿਲਵਾਨੀ ਕਰਦਾ ਰਿਹਾ ਸੀ। ਪਹਿਲਵਾਨਾਂ ਦੀ ਹਾਲਤ ਸੁਧਾਰਨ ਲਈ ਉਸਨੇ ਪਹਿਲਵਾਨਾਂ ਨੂੰ ਪੁਲਿਸ ਵਿੱਚ ਭਰਤੀ ਕਰ ਲਿਆ। ਮਸ਼ਕ ਲਈ ਹਰ ਪੁਲਿਸ ਲਾਇਨ ਵਿੱਚ ਅਖਾੜਾ ਬਣਾ ਦਿੱਤਾ। ਬਰਾਬਰ ਦੇ ਪਹਿਲਵਾਨਾਂ ਨਾਲ ਜ਼ੋਰ ਕਰਨ ਲਈ ਮੇਲੂ ਅਖਾੜੇ ਜਾਣ ਲੱਗਾ। ਕਿਸੇ ਪੁਲਸੀਏ ਪਹਿਲਵਾਨ ਦਾ ਰੈਂਕ ਇੰਸਪੈਕਟਰ ਸੀ ਅਤੇ ਕਿਸੇ ਦਾ ਡਿਪਟੀ। ਉਹ ਉਸਦੇ ਦੋਸਤ ਬਣਨ ਲੱਗੇ।

ਸ਼ੁੱਧ ਦੁੱਧ ਪਹਿਲਵਾਨ ਦੀ ਪਹਿਲੀ ਲੋੜ ਹੈ। ਮਾਇਆ ਨਗਰ ਵਿੱਚ ਸ਼ੁੱਧ ਦੁੱਧ ਦਾ ਕਾਲ ਪਿਆ ਹੋਇਆ ਸੀ। ਪਹਿਲਵਾਨਾਂ ਦੇ ਜ਼ੋਰ ਪਾਉਣ ’ਤੇ ਮੇਲੂ ਨੇ ਆਪਣੇ ਤਬੇਲੇ ਵਿੱਚ ਮੱਝ ਰੱਖ ਲਈ।

ਮੇਲੂ ਪਹਿਲਵਾਨ ਸੀ। ਸ਼ੁੱਧ ਦੁੱਧ ਦੀ ਕਦਰ ਜਾਣਦਾ ਸੀ। ਦੁੱਧ ਵਿੱਚ ਮਿਲਾਵਟ ਕਰਨੀ ਉਸ ਲਈ ਹਰਾਮ ਸੀ। ਇਸ ਸ਼ੁੱਧਤਾ ਨੇ ਇੱਕ ਪਾਸੇ ਉਸਦਾ ਕਾਰੋਬਾਰ ਟੀਸੀ ’ਤੇ ਪਹੁੰਚਾ ਦਿੱਤਾ, ਦੂਜੇ ਪਾਸੇ ਉਸਦਾ ਪੁਲਿਸ ਵਿਚਲੇ ਮਿੱਤਰਾਂ ਦਾ ਘੇਰਾ ਵਧਾ ਦਿੱਤਾ।

ਪਹਿਲਾਂ ਅਫ਼ਸਰ ਉਸਦੇ ਦੁੱਧ ’ਤੇ ਵਿਸ਼ਵਾਸ ਕਰਦੇ ਸਨ। ਫੇਰ ਉਸਦੀ ਜ਼ੁਬਾਨ ’ਤੇ ਵਿਸ਼ਵਾਸ ਕਰਨ ਲਗੇ। ਜੋ ਆਖਦਾ ਸੀ, ਸੱਚ ਆਖਦਾ ਸੀ। ਕੋਈ ਲੁਕੋ ਨਹੀਂ, ਕੋਈ ਹੇਰਾਫੇਰੀ ਨਹੀਂ।

ਇਸੇ ਲਈ ਸਭ ਤੋਂ ਪਹਿਲਾਂ ਮੇਲੂ ਦਾ ਕੰਮ ਹੁੰਦਾ ਸੀ।

ਮੇਲੂ ਆਖਣ ਨੂੰ ਦੁੱਧ ਵਾਲਾ ਵੱਜਦਾ ਸੀ ਪਰ ਟੌਹਰ ਟੱਪਾ ਮਿਲਕ ਪਲਾਂਟ ਦੇ ਮਾਲਕਾਂ ਵਰਗਾ ਸੀ।

ਉਸਦੇ ਸਾਰੇ ਦਫ਼ਤਰ ਵਿੱਚ ਕਾਲਾ ਸ਼ੀਸ਼ਾ ਲੱਗਿਆ ਹੋਇਆ ਸੀ, ਜਿਹੜਾ ਅਲਮੀਨੀਅਮ ਦੇ ਫਰੇਮ ਵਿੱਚ ਜੜਿਆ ਹੋਇਆ ਸੀ। ਸਾਰਾ ਫਰਨੀਚਰ ਅਤਿ ਆਧੁਨਿਕ ਸੀ। ਦਫ਼ਤਰ ਵਿੱਚ ਦੋ ਫ਼ੋਨ, ਇੱਕ ਟੀ.ਵੀ.ਅਤੇ ਇੱਕ ਫਰਿਜ ਸੀ।

ਚਿੱਟੇ ਕੁੜਤੇ ਪਜਾਮੇ ਵਿੱਚ ਬੈਠੇ ਮੇਲੂ ਦਾ ਚਿਹਰਾ ਦੱਗਦੱਗ ਕਰ ਰਿਹਾ ਸੀ। ਪੰਜ ਤੋਲੇ ਦਾ ਕੜਾ, ਸੋਨੇ ਦੀ ਚੇਨ ਵਾਲੀ ਘੜੀ, ਚਾਰਾਂ ਉਂਗਲਾਂ ਵਿੱਚ ਨਗਾਂ ਨਾਲ ਜੜੀਆਂ ਤੋਲੇ ਦੀਆਂ ਛਾਪਾਂ ਅਤੇ ਗਲ ਵਿੱਚ ਸੰਗਲ ਵਰਗੀ ਚੈਨ ਗੋਰੇ ਨਿਸ਼ੋਹ ਮੇਲੂ ’ਤੇ ਅੰਤਾਂ ਦੀ ਫੱਬਦੀ ਸੀ। ਇੱਕ ਛੋਟਾ ਜਿਹਾ ਮੋਬਾਈਲ ਫ਼ੋਨ ਉਸਨੇ ਹੱਥ ਵਿੱਚ ਫੜਿਆ ਹੋਇਆ ਸੀ।

ਮੇਲੂ ਨੇ ਨੀਰਜ ਹੋਰਾਂ ਦਾ ਇਉਂ ਸਵਾਗਤ ਕੀਤਾ, ਜਿਵੇਂ ਉਨ੍ਹਾਂ ਦਾ ਯੁੱਗਾਂ ਤੋਂ ਵਾਕਿਫ਼ ਹੋਵੇ।

ਸਿੰਗਲੇ ਵਕੀਲ ਦਾ ਨਾਂ ਲੈਂਦਿਆਂ ਹੀ ਉਹ ਨੀਰਜ ਹੋਰਾਂ ਦੇ ਆਉਣ ਦਾ ਮਕਸਦ ਸਮਝ ਗਿਆ। ਲੱਗਦਾ ਸੀ, ਸਿੰਗਲੇ ਦਾ ਫ਼ੋਨ ਆ ਚੁੱਕਾ ਸੀ।

ਆਪਣੇ ਸੁਭਾਅ ਅਨੁਸਾਰ ਮੇਲੂ ਨੇ ਸਿੱਧੀ ਸਪਾਟ ਗੱਲ ਕਰਨੀ ਸ਼ੁਰੂ ਕੀਤੀ।

ਆਪਣਾ ਦਸ ਹਜ਼ਾਰ ਫੜ ਕੇ ਉਸਨੇ ਵੱਡੇ ਸਾਰੇ ਖੀਸੇ ਵਿੱਚ ਪਾ ਲਿਆ।

ਕਪਤਾਨ ਕੀ ਮੰਗਦਾ ਹੈ? ਇਸਦਾ ਪਤਾ ਗੱਲ ਕਰਨ ’ਤੇ ਲੱਗਣਾ ਸੀ।

ਮੇਲੂ ਨੇ ਆਪਣੇ ਮੋਬਾਇਲ ’ਤੇ ਕਪਤਾਨ ਨਾਲ ਗੱਲ ਕੀਤੀ। ਫ਼ੋਨ ਕਰਨ ਦਾ ਕਾਰਨ ਦੱਸਿਆ।

ਕਪਤਾਨ ਕਿਸੇ ਅਹਿਮ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਚੰਡੀਗੜ੍ਹ ਜਾ ਰਿਹਾ ਸੀ।

“ਉਹ ਹੁਣੇ ਆ ਜਾ ਜਾਂ ਕੱਲ੍ਹ ਨੂੰ ਮਿਲੀਂ।”

ਹੁਣੇ ਮਿਲਣ ਵਿੱਚ ਭਲਾਈ ਸੀ।

ਨੀਰਜ ਦਾ ਕਪਤਾਨ ਦੀ ਕੋਠੀ ਜਾਣਾ ਉਚਿਤ ਨਹੀਂ ਸੀ। ਵਿਨੇ ਕੋਠੀ ਜਾ ਸਕਦਾ ਸੀ।

“ਕੁਝ ਨਾਲ ਲੈ ਕੇ ਆਏ ਹੋ?” ਕੋਠੀ ਜਾਣ ਤੋਂ ਪਹਿਲਾਂ ਮੇਲੂ ਨੇ ਉਨ੍ਹਾਂ ਨੂੰ ਟੋਹਿਆ।

“ਅੱਧੀ ਪੇਟੀ ਹੈ।”

“ਅੱਧੀ ਨਾਲ ਕੀ ਬਣੂ। ਘੱਟੋ ਘੱਟ ਇੱਕ ਪੂਰੀ ਕਰੋ। ਚਲੋ ਕੋਈ ਨਹੀਂ, ਰਸਤੇ ਵਿੱਚ ਫੜ ਲੈਣਾ। ਤੁਹਾਨੂੰ ਕਿਹੜਾ ਰਕਮ ਦਾ ਕੋਈ ਘਾਟਾ ਹੈ।”

ਮੇਲੂ ਨੇ ਮਾਮਲਾ ਗੁਪਤ ਰੱਖਣ ਦੀ ਨੀਅਤ ਨਾਲ ਨੀਰਜ ਹੋਰਾਂ ਦੀ ਗੱਡੀ ਆਪਣੇ ਗੈਰਜ ਵਿੱਚ ਲਗਵਾ ਦਿੱਤੀ।

ਆਪਣੀ ਕਾਲੇ ਸ਼ੀਸ਼ਿਆਂ ਵਾਲੀ ‘ਅਸਟੀਮ’ ਗੱਡੀ ਕੱਢੀ ਅਤੇ ਦੋਹਾਂ ਨੂੰ ਵਿੱਚ ਬੈਠਾ ਕੇ ਕਪਤਾਨ ਵੱਲ ਤੁਰ ਪਿਆ।

ਨੀਰਜ ਨੂੰ ਮਦਾਨ ਦੀ ਕੋਠੀ ਉਤਾਰਿਆ। ਪੰਜਾਹ ਹਜ਼ਾਰ ਮਦਾਨ ਕੋਲੋਂ ਫੜਿਆ।

ਨਿਸ਼ਚਿਤ ਸਮੇਂ ਤੋਂ ਪੰਜ ਮਿੰਟ ਪਹਿਲਾਂ ਉਹ ਕਪਤਾਨ ਦੀ ਕੋਠੀ ਪਹੁੰਚ ਗਏ।

ਕਪਤਾਨ ਨੇ ਸਾਰੀ ਗੱਲ ਦੋ ਮਿੰਟਾਂ ਵਿੱਚ ਮੁਕਾ ਦਿੱਤੀ। ਇਹ ਵਾਰਦਾਤ ਨੀਰਜ ਅਤੇ ਪੰਕਜ ਦੀ ਸ਼ਹਿ ’ਤੇ ਹੋਈ ਸੀ। ਠੇਕੇਦਾਰ ਅਤੇ ਉਸਦੇ ਭਤੀਜੇ ਨੇ ਸਾਰੀ ਕਹਾਣੀ ਟੇਪ ਕਰਵਾ ਦਿੱਤੀ ਸੀ। ਸਬੂਤ ਵਜੋਂ ਟੇਪ ਦੇ ਕੁੱਝ ਹਿੱਸੇ ਕਪਤਾਨ ਨੇ ਉਨ੍ਹਾਂ ਨੂੰ ਸੁਣਾਏ।

ਬਹੁਤ ਸਾਰੇ ਠੋਸ ਸਬੂਤ ਪੁਲਿਸ ਦੇ ਹੱਥ ਲੱਗ ਚੁੱਕੇ ਸਨ। ਕੁੱਝ ਸਬੂਤਾਂ ਦਾ ਵੇਰਵਾ ਉਸਨੇ ਵਿਨੇ ਨੂੰ ਦਿੱਤਾ। ਉਹ ਚਾਹੇ ਤਾਂ ਇਸ ਦੀ ਤਸਦੀਕ ਨੀਰਜ ਕੋਲੋਂ ਕਰ ਲਏ।

ਵਿਨੇ ਨੇ ਨੀਰਜ ਨਾਲ ਫ਼ੋਨ ’ਤੇ ਗੱਲ ਕੀਤੀ। ਹੁਣ ਕੀ ਕੀਤਾ ਜਾਏ?

ਨੀਰਜ ਉੱਚੀ ਉੱਚੀ ਰੋਣ ਲੱਗਾ। ਕਪਤਾਨ ਜੋ ਆਖ ਰਿਹਾ ਸੀ, ਸੱਚ ਸੀ। ਕਿਸੇ ਨਾ ਕਿਸੇ ਤਰ੍ਹਾਂ ਖਹਿੜਾ ਛੁਡਾਇਆ ਜਾਵੇ।

ਪੰਜ ਲੱਖ ਵਿੱਚ ਸੌਦਾ ਤੈਅ ਹੋ ਗਿਆ। ਕੱਲ੍ਹ ਸ਼ਾਮ ਤਕ ਸਾਰੀ ਰਕਮ ਮੇਲੂ ਕੋਲ ਪੁੱਜ ਜਾਣੀ ਚਾਹੀਦੀ ਸੀ।

ਇਵਜ ਵਿੱਚ ਕਪਤਾਨ ਅੱਗੇ ਤੋਂ ਉਨ੍ਹਾਂ ਦੀ ਡਟ ਕੇ ਮਦਦ ਕਰੇਗਾ। ਬਹੁਤ ਸਾਰੇ ਸਬੂਤ ਮਿਟਾ ਦਿੱਤੇ ਜਾਣਗੇ। ਗਵਾਹ ਨੀਰਜ ਦੀ ਮਰਜ਼ੀ ਦੇ ਰੱਖੇ ਜਾਣਗੇ। ਗਵਾਹੀ ਸਮੇਂ ਉਹ ਮੁੱਕਰ ਜਾਣਗੇ। ਥਾਣੇ ਦਾ ਰਿਕਾਰਡ ਇਸ ਤਰ੍ਹਾਂ ਲਿਖਿਆ ਜਾਏਗਾ ਜਿਹੜਾ ਉਨ੍ਹਾਂ ਦੇ ਹੱਕ ਵਿੱਚ ਭੁਗਤੇ। ਹਰ ਦਸਤਾਵੇਜ਼ ਦੀ ਫੋਟੋ ਕਾਪੀ ਉਨ੍ਹਾਂ ਨੂੰ ਮਿਲਦੀ ਰਹੇਗੀ।

ਕਪਤਾਨ ਨੇ ਇੱਕ ਸ਼ਰਤ ਵੀ ਰੱਖੀ।

ਮਾਮਲਾ ਹਰ ਵੱਡੇ ਅਫ਼ਸਰ ਤੋਂ ਲੈ ਕੇ ਮੁੱਖ ਮੰਤਰੀ ਤਕ ਦੇ ਧਿਆਨ ਵਿੱਚ ਸੀ।

ਉਨ੍ਹਾਂ ਤਕ ਸੰਪਰਕ ਪਾਰਟੀ ਨੇ ਆਪ ਕਰਨਾ ਸੀ।

ਉਪਰੋਂ ਦਬਾਅ ਪੈਣ ’ਤੇ ਲੋਕਾਂ ਦੀਆਂ ਅੱਖਾਂ ਪੂੰਝਣ ਲਈ ਪੁਲਿਸ ਨੂੰ ਥੋੜ੍ਹੀ ਬਹੁਤ ਹਿੱਲਜੁੱਲ ਕਰਨੀ ਪੈ ਸਕਦੀ ਸੀ।

ਇੱਕ ਸੁਝਾਅ ਵੀ ਦਿੱਤਾ।

ਪ੍ਰੈੱਸ ਨੂੰ ਕਾਬੂ ਕਰਨ ਦੀ ਜ਼ਰੂਰਤ ਸੀ। ਅੱਗੋਂ ਤੋਂ ਕਪਤਾਨ ਪ੍ਰੈੱਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੇਗਾ। ਤੱਥ ਤੋੜ ਮਰੋੜ ਕੇ ਪੇਸ਼ ਕਰੇਗਾ। ਆਏ ਦਿਨ ਬਿਆਨ ਬਦਲੇਗਾ।

ਦੋਸ਼ੀ ਅਖ਼ਬਾਰਾਂ ਵਿੱਚ ਛਪਦੀਆਂ ਖ਼ਬਰਾਂ ਦੀ ਕਟਿੰਗ ਸੰਭਾਲ ਕੇ ਰੱਖਣ। ਮੁਕੱਦਮੇ ਦੀ ਸਮਾਇਤ ਸਮੇਂ ਉਨ੍ਹਾਂ ਦੇ ਇਹ ਕੰਮ ਆਉਣਗੀਆਂ।

ਵੈਸੇ ਕਪਤਾਨ ਦਾ ਆਪਣੇ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਸੀ। ਗੱਲ ਵੱਸੋਂ ਬਾਹਰ ਹੁੰਦੀ ਨਜ਼ਰ ਆਈ ਤਾਂ ਕਪਤਾਨ ਨੇ ਅਫ਼ਸਰਾਂ ਨੂੰ ਆਪੇ ਠੱਲ੍ਹ ਲੈਣਾ ਸੀ।

“ਬਾਕੀ ਫੇਰ ਦੇਖੀ ਜਾਏਗੀ। ਹੁਣ ਜਾਓ ਅਤੇ ਪੇਸ਼ਗੀ ਜ਼ਮਾਨਤ ਦੀ ਕੋਸ਼ਿਸ਼ ਕਰੋ।”

“ਪੇਸ਼ਗੀ ਜ਼ਮਾਨਤ ਹੋਣ ਤਕ ਪੁਲਿਸ ਹੋਰ ਸਭ ਕੁੱਝ ਕਰੇਗੀ, ਪਰ ਤੁਹਾਨੂੰ ਗ੍ਰਿਫ਼ਤਾਰ ਨਹੀਂ ਕਰੇਗੀ।”

 

-25-

 

ਸੈਸ਼ਨ ਜੱਜ ਨੇ ਉਹੋ ਕੀਤਾ, ਜਿਸਦਾ ਉਨ੍ਹਾਂ ਨੂੰ ਡਰ ਸੀ।

ਸੁਣਵਾਈ ਲਈ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਸਾਧੂ ਸਿੰਘ ਕੋਲ ਭੇਜ ਦਿੱਤੀ।

ਸਾਧੂ ਸਿੰਘ ਤਕ ਪਹੁੰਚ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਸੀ। ਪੈਸਾ ਧੇਲਾ ਤਾਂ ਕੀ ਲੈਣਾ ਸੀ, ਉਹ ਕਿਸੇ ਦੇ ਘਰ ਦਾ ਪਾਣੀ ਤਕ ਨਹੀਂ ਸੀ ਪੀਂਦਾ। ਵਿਨੇ ਨੇ ਸਾਧੂ ਸਿੰਘ ਦੀ ਕੋਠੀ ਕੰਮ ਕਰਦੇ ਅਰਦਲੀ ਤੋਂ ਖੋਜ ਕੱਢੀ ਸੀ। ਉਹ ਕਹਿੰਦਾ ਸੀ ਸਾਧੂ ਸਿੰਘ ਦਾ ਘਰ ਕਿਸੇ ਸਾਧ ਦੀ ਕੁਟੀਆ ਵਰਗਾ ਲੱਗਦਾ ਸੀ। ਨਾ ਕਾਰ, ਨਾ ਏ.ਸੀ.। ਬਾਬਾ ਆਦਮ ਵੇਲੇ ਦਾ ਪੁਰਾਣਾ ਸਕੂਟਰ। ਸੋਫ਼ਾ ਅਤੇ ਪਲੰਘ ਸ਼ਾਇਦ ਵਿਆਹ ਵੇਲੇ ਦਾ ਸੀ।

ਡਰਾਇੰਗ ਰੂਮ ਕਿਸੇ ਕਲਰਕ ਦੀ ਬੈਠਕ ਵਰਗਾ। ਨਾ ਗਲੀਚਾ, ਨਾ ਵੱਡੇ ਵੱਡੇ ਸ਼ੋਅਪੀਸ । ਨਾ ਮੀਟ ਖਾਂਦਾ ਸੀ, ਨਾ ਵਿਸਕੀ ਪੀਂਦਾ ਸੀ। ਸਾਦਾ ਖਾਣਾ, ਸਾਦਾ ਪਹਿਨਣਾ।

ਪੈਸਾ ਧੇਲਾ ਭਾਵੇਂ ਉਸਨੇ ਨਹੀਂ ਸੀ ਬਣਾਇਆ ਪਰ ਉਲਾਦ ਦਾ ਭਵਿੱਖ ਜ਼ਰੂਰ ਉੱਜਲ ਬਣਾਇਆ ਸੀ। ਉਸਦੀ ਵੱਡੀ ਬੇਟੀ ਪੰਜਾਬੀ ਯੂਨੀਵਰਸਿਟੀ ਵਿੱਚ ਲੈਕਚਰਾਰ ਸੀ ਅਤੇ ਜਵਾਈ ਦਿਲ ਦੇ ਰੋਗਾਂ ਦਾ ਮਾਹਿਰ। ਛੋਟਾ ਬੇਟਾ ਦਿੱਲੀ ਆਈ.ਆਈ.ਟੀ.ਵਿੱਚ ਇਲੈਕਟਰਾਨਕਸ ਇੰਜਨੀਅਰਿੰਗ ਦੀ ਡਿਗਰੀ ਕਰ ਰਿਹਾ ਸੀ। ਉਸਦੀ ਲਿਆਕਤ ਦੇਖ ਕੇ ਸਵਿਟਜ਼ਰਲੈਂਡ ਦੀ ਇੱਕ ਬਹੁ ਦੇਸ਼ੀ ਕੰਪਨੀ ਨੇ ਉਸਨੂੰ ਪਹਿਲਾਂ ਹੀ ਆਪਣੀ ਕੰਪਨੀ ਵਿੱਚ ਭਰਤੀ ਕਰ ਲਿਆ ਸੀ। ਉਸਦੀ ਪੜ੍ਹਾਈ ਦਾ ਖਰਚਾ ਕੰਪਨੀ ਉੱਠਾ ਰਹੀ ਸੀ।

ਨਾਲ ਜੇਬ ਖਰਚ ਲਈ ਪੰਜ ਹਜ਼ਾਰ ਰੁਪਏ ਅਲੱਗ ਦੇ ਰਹੀ ਸੀ।

ਵੱਡਾ ਬੇਟਾ ਸਭ ਤੋਂ ਲਾਇਕ ਸੀ। ਉਸ ਨੇ ਪਹਿਲੇ ਹੱਲੇ ਆਈ.ਏ.ਐਸ.ਦਾ ਇਮਤਿਹਾਨ ਪਾਸ ਕਰ ਲਿਆ ਸੀ। ਕੇਡਰ ਪੰਜਾਬ ਦਾ ਮਿਲਿਆ ਸੀ। ਪਰ ਉਸਨੂੰ ਨੌਕਰੀ ਦੀ ਚਿੱਠੀ ਦੀ ਥਾਂ ਰੱਬ ਦਾ ਬੁਲਾਵਾ ਆ ਗਿਆ। ਇੱਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਕੇ ਉਹ ਸਾਧੂ ਸਿੰਘ ਨੂੰ ਧੋਖਾ ਦੇ ਗਿਆ ਸੀ।

ਬੇਟੇ ਦੀ ਇਸ ਅਣ ਹੋਣੀ ਮੌਤ ਨੇ ਸਾਧੂ ਸਿੰਘ ਦਾ ਨਜ਼ਰੀਆ ਬਦਲ ਦਿੱਤਾ ਸੀ।

ਪਹਿਲਾਂ ਉਹ ਸਾਧਾਰਨ ਜੱਜਾਂ ਵਰਗਾ ਜੱਜ ਸੀ। ਥੋੜ੍ਹੇ ਬਹੁਤ ਵਾਧੇ ਘਾਟੇ ਕਰ ਲੈਂਦਾ ਸੀ।

ਕੁਦਰਤ ਦੀ ਇਹ ਬੇਇਨਸਾਫ਼ੀ ਸਾਧੂ ਸਿੰਘ ਤੋਂ ਬਰਦਾਸ਼ਤ ਨਹੀਂ ਸੀ ਹੋਈ। ਦਿਨ ਰਾਤ ਉਹ ਇਹੋ ਸੋਚਦਾ ਰਹਿੰਦਾ ਸੀ ਕਿ ਉਸਨੂੰ ਇਡੀ ਵੱਡੀ ਸਜ਼ਾ ਕਿਉਂ ਮਿਲੀ? ਇੱਕ ਦਿਨ ਆਪਣੇ ਅੰਦਰੋਂ ਉਸਨੂੰ ਇਸ ਸਵਾਲ ਦਾ ਜਵਾਬ ਮਿਲਿਆ ਸੀ। ‘ਹੁਣ ਪਤਾ ਲੱਗਾ ਬੇ ਇਨਸਾਫ਼ੀ ਕੀ ਹੁੰਦੀ ਹੈ? ਤੂੰ ਇਨਸਾਫ਼ ਦੀ ਕੁਰਸੀ ’ਤੇ ਬੈਠਾ ਹੈਂ। ਲੋਕ ਤੈਨੂੰ ਦੂਸਰਾ ਰੱਬ ਮੰਨਦੇ ਹਨ। ਕੀ ਤੂੰ ਸਭ ਫੈਸਲੇ ਇਨਸਾਫ਼ ਦੀ ਤੱਕੜੀ ਵਿੱਚ ਤੋਲ ਕੇ ਕਰਦਾ ਹੈਂ?’

ਸਾਧੂ ਸਿੰਘ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਹਾਂ ਵਿੱਚ ਨਹੀਂ ਸੀ ਦੇ ਸਕਿਆ।

ਪਰ ਉਸ ਦਿਨ ਤੋਂ ਸਾਧੂ ਸਿੰਘ ਨੇ ਆਪਣੇ ਹੱਥ ਵਿੱਚ ਫੜੀ ਇਨਸਾਫ਼ ਦੀ ਤੱਕੜੀ ਨੂੰ ਘੁੱਟ ਕੇ ਫੜ ਲਿਆ ਸੀ। ਹੁਣ ਦੁਨੀਆਂ ਦੀ ਕੋਈ ਵੀ ਤਾਕਤ ਤੱਕੜੀ ਦੇ ਕਿਸੇ ਪਲੜੇ ਨੂੰ ਆਪਣੇ ਵੱਲ ਨਹੀਂ ਸੀ ਝੁਕਾ ਸਕਦੀ। ਉਸਦੀ ਤੱਕੜੀ ਉਹੋ ਤੋਲਦੀ ਸੀ, ਜਿਸਦਾ ਉਹ ਹੱਕਦਾਰ ਸੀ।

ਲੋਹੇ ਦੇ ਇਸ ਥਣ ਕੋਲ ਪੰਕਜ ਹੋਰਾਂ ਦੀ ਦਰਖ਼ਾਸਤ ਕਿਸ ਤਰ੍ਹਾਂ ਲੱਗ ਗਈ? ਇਸ ਪ੍ਰਸ਼ਨ ਦਾ ਉੱਤਰ ਜਾਨਣ ਲਈ ਉਹ ਨੰਦ ਲਾਲ ਦੇ ਦੁਆਲੇ ਹੋਏ। ਨੰਦ ਲਾਲ ਨੇ ਇਸੇ ਕੰਮ ਦਾ ਉਨ੍ਹਾਂ ਕੋਲੋਂ ਦਸ ਹਜ਼ਾਰ ਰੁਪਇਆ ਲਿਆ ਸੀ।

“ਕਮਲਿਓ, ਇਹ ਬਹੁਤ ਠੀਕ ਹੋਇਆ ਹੈ। ਦੇਖਦੇ ਨਹੀਂ ਅਖ਼ਬਾਰਾਂ ਨੇ ਅੱਗ ਲਾ ਰੱਖੀ ਹੈ। ਹੜਤਾਲਾਂ, ਮੁਜ਼ਾਹਰੇ ਹੋ ਰਹੇ ਹਨ। ਅਜਿਹੇ ਹਲਾਤਾਂ ਵਿੱਚ ਕਿਸੇ ਮਾੜੇ ਜੱਜ ਦੀ ਹਿੰਮਤ ਨਹੀਂ ਮੈਰਿਟ ਦੇ ਆਧਾਰ ਤੇ ਫੈਸਲਾ ਕਰਨ ਦੀ। ਆਪਣਾ ਪੱਖ ਮਜ਼ਬੂਤ ਹੈ।

ਜੇ ਕੋਈ ਆਪਣੇ ਹੱਕ ਵਿੱਚ ਡੱਕਾ ਸੁੱਟ ਸਕਦਾ ਹੈ ਤਾਂ ਉਹ ਸਾਧੂ ਸਿੰਘ ਹੀ ਹੈ। ਮੈਂ ਠੀਕ ਕਰਵਾਇਆ ਹੈ।”

ਨੰਦ ਲਾਲ ਨੇ ਪੈਰਾਂ ’ਤੇ ਪਾਣੀ ਨਹੀਂ ਸੀ ਪੈਣ ਦਿੱਤਾ।

ਪਹਿਲਾਂ ਨੰਦ ਲਾਲ ਕਹਿੰਦਾ ਸੀ ਦਰਖ਼ਾਸਤ ਸਾਧੂ ਸਿੰਘ ਕੋਲ ਨਾ ਲੱਗੇ। ਹੁਣ ਕਹਿੰਦਾ ਇਹ ਕੰਮ ਉਸੇ ਨੇ ਕਰਾਇਆ ਸੀ। ਇਹ ਕੀ ਗੋਰਖ਼ ਧੰਧਾ ਸੀ? ਅਜੇ ਨੂੰ ਸਮਝ ਨਹੀਂ ਸੀ ਆ ਰਿਹਾ।

ਵੈਸੇ ਉਨ੍ਹਾਂ ਨੂੰ ਨੰਦ ਲਾਲ ਦੀ ਗੱਲ ਵਿੱਚ ਵਜ਼ਨ ਲੱਗਾ। ਹਾਲੇ ਪੈਸੇ ਲੈ ਕੇ ਕੰਮ ਕਰਨ ਦੀ ਕਿਸੇ ਜੱਜ ਦੀ ਹਿੰਮਤ ਨਹੀਂ ਸੀ। ਮੁਕੱਦਮੇ ਦੇ ਗੁਣਾਂ ਔਗੁਣਾਂ ਦੇ ਆਧਾਰ ‘ਤੇ ਕੁੱਝ ਆਸ ਰੱਖੀ ਜਾ ਸਕਦੀ ਸੀ।

ਬਹਿਸ ਬਾਅਦ ਦੁਪਹਿਰ ਹੋਣੀ ਸੀ।

ਅੱਗੇ ਕੀ ਹੋਏਗਾ? ਅਗੋਂ ਕੀ ਕੀਤਾ ਜਾਵੇ? ਸਾਧੂ ਸਿੰਘ ਤਕ ਪਹੁੰਚ ਹੋ ਸਕਦੀ ਸੀ ਜਾਂ ਨਹੀਂ?

ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਖੋਜਣ ਲਈ ਵਿਨੇ ਅਤੇ ਅਜੇ ਸਿੰਗਲੇ ਦੁਆਲੇ ਹੋ ਗਏ।

“ਇਹ ਜੱਜ ਈਮਾਨਦਾਰ ਵੀ ਹੈ ਅਤੇ ਕਾਨੂੰਨ ਦਾ ਵਾਕਿਫ਼ ਵੀ। ਉਹੋ ਫੈਸਲਾ ਕਰੇਗਾ, ਜੋ ਕਾਨੂੰਨ ਮੁਤਾਬਕ ਬਣਦਾ ਹੋਏਗਾ। ਸਿਫ਼ਾਰਸ਼ ਵਾਲਾ ਪੰਗਾ ਆਪਾਂ ਨਹੀਂ ਲੈਣਾ। ਕੰਮ ਉਲਟਾ ਹੋ ਜਾਏਗਾ।”

ਆਪਣਾ ਦੋ ਟੁਕ ਫੈਸਲਾ ਸੁਣਾਉਣ ਲਈ ਸਿੰਗਲੇ ਨੂੰ ਬਹੁਤਾ ਸੋਚਣ ਦੀ ਲੋੜ ਨਹੀਂ ਸੀ ਪਈ।

“ਦੁਪਹਿਰ ਬਾਅਦ ਕੀ ਹੋਏਗਾ?”

“ਬਹਿਸ ਹੋਏਗੀ। ਦੂਜੀ ਧਿਰ ਹਾਲੇ ਪੇਸ਼ ਨਹੀਂ ਹੋ ਸਕਦੀ। ਆਪਣੀ ਬਹਿਸ ਸੁਣ ਕੇ ਜੱਜ ਨੂੰ ਜੋ ਠੀਕ ਲੱਗੇਗਾ, ਉਹ ਉਹੋ ਫੈਸਲਾ ਕਰ ਦੇਵੇਗਾ?”

“ਆਪਣੇ ਕੇਸ ਵਿੱਚ ਕਿੰਨਾ ਕੁ ਦਮ ਹੈ?”

“ਆਪਣਾ ਪਰਚੇ ਵਿੱਚ ਨਾਂ ਨਹੀਂ ਹੈ। ਨਾ ਪਰਚੇ ਵਿੱਚ ਇਹ ਦਰਜ ਹੈ ਕਿ ਇਹ ਵਾਰਦਾਤ ਸਾਡੀ ਸ਼ਹਿ ’ਤੇ ਹੋਈ ਹੈ। ਇਸ ਕਾਰਨ ਮੁਦਈ ਧਿਰ ਦਾ ਪੱਖ ਕਮਜ਼ੋਰ ਹੈ।

ਸਾਡੀ ਉਨ੍ਹਾਂ ਨਾਲ ਦੁਸ਼ਮਣੀ ਹੈ। ਸਾਡੇ ਆਪਸ ਵਿੱਚ ਮੁਕੱਦਮੇ ਚਲਦੇ ਹਨ। ਇਸ ਲਈ ਸਾਨੂੰ ਫਸਾਇਆ ਗਿਆ ਹੈ। ਇਹ ਸਾਡੇ ਹੱਕ ਦਾ ਨੁਕਤਾ ਹੈ।”

“ਆਪਣੇ ਉਲਟ ਕੀ ਜਾਂਦਾ ਹੈ?”

“ਕਾਨੂੰਨ ਆਪਣੇ ਉਲਟ ਨਹੀਂ ਹੈ। ਸ਼ਹਿਰ ਵਿੱਚ ਜੋ ਰੌਲਾ ਪੈ ਰਿਹਾ ਹੈ, ਉਹ ਸਾਡੇ ਉਲਟ ਹੈ। ਜੱਜ ਸਭ ਕੁੱਝ ਪੜ੍ਹਦੇ ਸੁਣਦੇ ਹਨ। ਮੀਡੀਏ ਤੋਂ ਪ੍ਰਭਾਵਿਤ ਹੁੰਦੇ ਹਨ।”

ਸਿੰਗਲਾ ਆਪਣੇ ਸਾਇਲਾਂ ਨੂੰ ਹਨੇਰੇ ਵਿੱਚ ਨਹੀਂ ਸੀ ਰੱਖਣਾ ਚਾਹੁੰਦਾ। ਇਸ ਲਈ ਉਹ ਸਥਿਤੀ ਸਪੱਸ਼ਟ ਕਰ ਰਿਹਾ ਸੀ।

“ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ?”

“ਕੇਵਲ ਇੰਤਜ਼ਾਰ! ਬਾਕੀ ਫੈਸਲੇ ਬਾਅਦ ਬੈਠ ਕੇ ਸੋਚਾਂਗੇ।”

ਬਾਅਦ ਦੁਪਹਿਰ ਬਹਿਸ ਹੋਈ।

ਸਾਧੂ ਸਿੰਘ ਬੜੇ ਠਰ੍ਹਮੇ ਨਾਲ ਬਹਿਸ ਸੁਣਦਾ ਰਿਹਾ। ਬਾਬੂ ਜੀ ਨੇ ਜੋ ਜੋ ਨੁਕਤੇ ਉਠਾਏ, ਉਹ ਸਾਧੂ ਸਿੰਘ ਨੋਟ ਕਰਦਾ ਰਿਹਾ।

ਬਾਬੂ ਜੀ ਨੇ ਜਦੋਂ ਆਖਿਆ ਦੋਸ਼ੀਆਂ ਦਾ ਪਰਚੇ ਵਿੱਚ ਨਾਂ ਨਹੀਂ ਹੈ ਤਾਂ ਸਾਧੂ ਸਿੰਘ ਨੇ “ਅਖ਼ਬਾਰਾਂ ਵਿੱਚ ਤਾਂ ਹੈ” ਆਖ ਕੇ ਉਸ ਨੂੰ ਟੋਕ ਦਿੱਤਾ।

ਬਾਬੂ ਜੀ ਸਾਧੂ ਸਿੰਘ ਦੀ ਇਸ ਗ਼ੈਰ ਕਾਨੂੰਨੀ ਟਿੱਪਣੀ ਤੇ ਖਿਝ ਉੱਠੇ।

“ਜੱਜ ਮਿਸਲ ਤੋਂ ਬਾਹਰ ਨਹੀਂ ਜਾ ਸਕਦਾ।” ਨੰਦ ਲਾਲ ਉੱਚ ਅਦਾਲਤਾਂ ਦੇ ਹਵਾਲੇ ਦੇ ਦੇ ਸਾਧੂ ਸਿੰਘ ਦੀ ਧਾਰਨਾ ਬਦਲਣ ਦਾ ਯਤਨ ਕਰਨ ਲੱਗਾ।

“ਮੈਂ ਮਿਸਲ ਤੋਂ ਬਾਹਰ ਜਾਵਾਂਗਾ। ਇਨ੍ਹਾਂ ਫੈਸਲਿਆਂ ਨੂੰ ਨਹੀਂ ਮੰਨਾਂਗਾ।”

ਸਾਧੂ ਸਿੰਘ ਉਪਰ ਇਸ ਬਹਿਸ ਦਾ ਕੋਈ ਅਸਰ ਨਹੀਂ ਸੀ ਹੋਇਆ। ਉਹ ਆਪਣੇ ਨੁਕਤੇ ਉਪਰ ਅੜਿਆ ਹੋਇਆ ਸੀ।

ਨੰਦ ਲਾਲ ਜੋ ਬਹਿਸ ਕਰ ਸਕਦਾ ਸੀ। ਉਹ ਉਸਨੇ ਕਰ ਦਿੱਤੀ। ਜੱਜ ਜੇ ਕਾਨੂੰਨ ਨਹੀਂ ਮੰਨਦਾ ਤਾਂ ਨੰਦ ਲਾਲ ਉਸ ਦੇ ਚੁੱਕ ਕੇ ਇੱਟ ਤਾਂ ਮਾਰ ਨਹੀਂ ਸੀ ਸਕਦਾ। ਉਹ ਚੁੱਪ ਕਰ ਗਿਆ।

ਸਾਧੂ ਸਿੰਘ ਵਿੱਚ ਇਹੋ ਨੁਕਸ ਸੀ। ਜਿਥੇ ਕਾਨੂੰਨ ਕਮਜ਼ੋਰ ਪੈਂਦਾ ਸੀ ਅਤੇ ਮੁਲਜ਼ਮ ਉਸ ਕਮਜ਼ੋਰੀ ਦਾ ਫ਼ਾਇਦਾ ਉਠਾਉਣ ਲੱਗਦਾ ਸੀ, ਸਾਧੂ ਸਿੰਘ ਵਿਚਕਾਰ ਚਟਾਨ ਵਾਂਗ ਅੜ ਜਾਂਦਾ ਸੀ। ਉਹ ਆਪਣਾ ਤਰਕ ਦੇ ਕੇ ਨਵਾਂ ਕਾਨੂੰਨ ਘੜ ਦਿੰਦਾ ਸੀ। ਸਫ਼ਾਈ ਧਿਰ ਖਾਂਦੀ ਰਹੇ, ਹਾਈ ਕੋਰਟ ਦੇ ਧੱਕੇ।

ਇਹੋ ਜਿਹਾ ਕੁੱਝ ਉਹ ਹੁਣ ਆਖ ਰਿਹਾ ਸੀ।

ਪਰਚਾ ਦਰਜ ਹੋਏ ਨੂੰ ਛੇ ਦਿਨ ਹੋ ਗਏ ਸਨ। ਇਨ੍ਹਾਂ ਛੇ ਦਿਨਾਂ ਵਿੱਚ ਪੁਲਿਸ ਨੂੰ ਸੈਂਕੜੇ ਨਵੇਂ ਸਬੂਤ ਮਿਲ ਗਏ ਸਨ। ਜੱਜ ਉਨ੍ਹਾਂ ਸਬੂਤਾਂ ਨੂੰ ਨਜ਼ਰ ਅੰਦਾਜ਼ ਕਰਨ ਲਈ ਆਪਣੀਆਂ ਅੱਖਾਂ ’ਤੇ ਪੱਟੀ ਕਿਉਂ ਬੰਨ੍ਹੇ? ਉਹ ਆਪਣੀਆਂ ਅੱਖਾਂ ਅਤੇ ਕੰਨ ਖੁਲ੍ਹੇ ਰੱਖੇਗਾ।

ਜੇ ਆਪਣੇ ਵਸੀਲਿਆਂ ਤੋਂ ਉਸਨੂੰ ਕਿਸੇ ਤੱਥ ਦਾ ਪਤਾ ਲੱਗੇਗਾ ਤਾਂ ਉਹ ਸੱਚ ਤੇ ਪੁੱਜਣ ਲਈ ਉਸ ਤੱਥ ਦੀ ਵਰਤੋਂ ਕਰੇਗਾ। ਕਾਨੂੰਨ ਜੋ ਮਰਜ਼ੀ ਆਖਦਾ ਰਹੇ।

ਸਾਧੂ ਸਿੰਘ ਇਕੱਲੇ ਪਰਚੇ ਦੇ ਆਧਾਰ ’ਤੇ ਫੈਸਲਾ ਨਹੀਂ ਸੀ ਕਰ ਸਕਦਾ। ਪੂਰੀ ਸਚਾਈ ਜਾਨਣ ਲਈ ਉਸਨੂੰ ਪੂਰੀ ਮਿਸਲ ਚਾਹੀਦੀ ਸੀ।

ਬਹਿਸ ਖ਼ਤਮ ਹੁੰਦੇ ਹੀ ਉਸਨੇ ਅਗਲੇ ਦਿਨ ਦੀ ਤਾਰੀਖ਼ ਪਾਈ।

ਸਰਕਾਰੀ ਵਕੀਲ ਨੂੰ ਹਦਾਇਤ ਹੋਈ। ਕੱਲ੍ਹ ਨੂੰ ਉਹ ਤਿਆਰ ਹੋ ਕੇ ਆਏ ਅਤੇ ਆਪਣਾ ਪੱਖ ਪੇਸ਼ ਕਰੇ।

ਕੋਈ ਅੰਤਰਿਮ ਫੈਸਲਾ ਨਹੀਂ। ਕੱਲ੍ਹ ਸਿੱਧਾ ਅੰਤਮ ਫੈਸਲਾ ਕੀਤਾ ਜਾਏਗਾ।

 

-26-

 

ਹੋਸ਼ ਵਿੱਚ ਆਉਂਦਿਆਂ ਹੀ ਨੇਹਾ ਨੂੰ ਪਲਵੀ ਦਾ ਘਰ ਵੱਢ ਵੱਢ ਖਾਣ ਲੱਗਾ।

ਇਸ ਵਾਰਦਾਤ ਤੋਂ ਪਹਿਲਾਂ ਨੇਹਾ ਆਪਣੇ ਘਰ ਘੱਟ ਅਤੇ ਪਲਵੀ ਦੇ ਘਰ ਵੱਧ ਰਿਹਾ ਕਰਦੀ ਸੀ। ਪਲਵੀ ਦੀ ਮੰਮੀ ਕਾਲਜ ਵਿੱਚ ਪ੍ਰੋਫੈਸਰ ਸੀ। ਉਸਦਾ ਪਾਪਾ ਟੈਲੀਫ਼ੋਨ ਐਕਸਚੇਂਜ ਵਿੱਚ ਇੰਜੀਨੀਅਰ ਸੀ। ਸਵੇਰ ਤੋਂ ਸ਼ਾਮ ਤਕ ਉਹ ਘਰੋਂ ਬਾਹਰ ਰਹਿੰਦੇ ਸਨ।

ਬਹੁਤਾ ਸਮਾਂ ਪਲਵੀ ਘਰ ਵਿੱਚ ਇਕੱਲੀ ਹੁੰਦੀ ਸੀ। ਘਰ ਦੇ ਸ਼ਾਂਤ ਵਾਤਾਵਰਣ ਦਾ ਦੋਵੇਂ ਸਹੇਲੀਆਂ ਰੱਜ ਕੇ ਫ਼ਾਇਦਾ ਉਠਾਉਂਦੀਆਂ ਸਨ।

ਦੋਵੇਂ ਸਹੇਲੀਆਂ ਸਹਿਯੋਗ ਸੰਸਥਾ ਦੀ ਯੁਵਾ ਸ਼ਕਤੀ ਇਕਾਈ ਦੀਆਂ ਕਰਤਾ ਧਰਤਾ ਸਨ। ਸੰਸਥਾ ਦੀਆਂ ਬਹੁਤੀਆਂ ਕਾਰਵਾਈਆਂ ਦੀ ਜ਼ਿੰਮੇਵਾਰੀ ਯੁਵਾ ਸ਼ਕਤੀ ਦੇ ਮੋਢਿਆਂ ਉੱਪਰ ਸੀ।

ਪਲਵੀ ਦੇ ਘਰ ਬੈਠੀਆਂ ਉਹ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਸਿਰੇ ਚਾੜ੍ਹਨ ਦੀਆਂ ਯੋਜਨਾਵਾਂ ਘੜਦੀਆਂ ਰਹਿੰਦੀਆਂ ਸਨ।

ਸਹਿਯੋਗ ਸੰਸਥਾ ਦੀ ਸਥਾਪਨਾ ਮਾਤਾ ਕਲਿਆਣੀ ਜੀ ਨੇ ਕੀਤੀ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਉਹ ਭਗਵਾਨ ਸ਼ਿਵ ਦੀ ਆਦੀ ਸ਼ਕਤੀ ਮਾਂ ਪਾਰਵਤੀ ਦਾ ਅਵਤਾਰ ਸਨ। ਉਨ੍ਹਾਂ ਦਾ ਅਵਤਾਰ ਲੋਕ ਕਲਿਆਣ ਲਈ ਹੋਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਗਰਭ ਦੇ ਢਾਈਵੇਂ ਮਹੀਨੇ ਜੀਵ ਵਿੱਚ ਆਤਮਿਕ ਸ਼ਕਤੀ ਦਾ ਪ੍ਰਵੇਸ਼ ਹੁੰਦਾ ਸੀ।

ਇਹ ਸ਼ਕਤੀ ਮਨੁੱਖ ਦੇ ਤਾਲੂਏ ਰਾਹੀਂ ਪ੍ਰਵੇਸ਼ ਕਰਦੀ ਸੀ ਅਤੇ ਸਰੀਰ ਦੇ ਸੱਤਾਂ ਕੇਂਦਰਾਂ ਰਾਹੀਂ ਗੁਜ਼ਰ ਕੇ ਉਨ੍ਹਾਂ ਕੇਂਦਰਾਂ ਰਾਹੀਂ ਸੰਚਾਲਿਤ ਅੰਗਾਂ ਨੂੰ ਕਿਰਿਆਸ਼ੀਲ ਕਰਦੀ ਸੀ।

ਬਾਕੀ ਬਚਦੀ ਸ਼ਕਤੀ, ਆਖ਼ਰੀ ਮੂਲਾਧਾਰ ਚੱਕਰ ਵਿੱਚ ਕੁੰਢਲੀ ਮਾਰ ਕੇ ਬੈਠ ਜਾਂਦੀ ਸੀ।

ਯੋਗ ਸਾਧਨਾ ਰਾਹੀਂ ਇਸ ਸੁੱਤੀ ਸ਼ਕਤੀ ਨੂੰ ਜਗਾਇਆ ਜਾ ਸਕਦਾ ਸੀ। ਜਾਗੀ ਸ਼ਕਤੀ ਮੂਲਾਧਾਰ ਚੱਕਰ ਤੋਂ ਉੱਠ ਕੇ ਤਾਲੂਏ ਵੱਲ ਨੂੰ ਉਥਾਨ ਕਰਦੀ ਸੀ। ਇਸ ਉਥਾਨ ਦੌਰਾਨ ਉਹ ਵਿਚਕਾਰਲੇ ਚੱਕਰਾਂ ਨੂੰ ਸ਼ਕਤੀ ਪ੍ਰਦਾਨ ਕਰਦੀ ਸੀ। ਨਵੀਂ ਸ਼ਕਤੀ ਹਾਸਲ ਕਰਕੇ ਅੰਗ ਮੁੜ ਨਵੇਂ ਨਰੋਏ ਹੋ ਜਾਂਦੇ ਸਨ। ਆਤਮਾ ਦਾ ਆਪਣੇ ਮੂਲ ਸਰੋਤ ਪ੍ਰਮਾਤਮਾ ਨਾਲ ਸੰਪਰਕ ਸਥਾਪਤ ਹੁੰਦਾ ਸੀ। ਪਰਮ ਸੱਚ ਪ੍ਰਮਾਤਮਾ ਦੇ ਸੰਪਰਕ ਵਿੱਚ ਆ ਕੇ ਮਨੁੱਖ ਨੂੰ ਪਰਮ ਆਨੰਦ ਪ੍ਰਾਪਤ ਹੁੰਦਾ ਸੀ। ਰੂਹਾਨੀ ਤੇਜ਼ ਉਸ ਦੇ ਚਿਹਰੇ ਉਪਰ ਸੂਰਜ ਵਾਂਗ ਚਮਕਣ ਲੱਗਦਾ ਸੀ।

ਧਾਰਮਿਕ ਗ੍ਰੰਥਾਂ ਅਨੁਸਾਰ ਕੁੰਡਲਣੀ ਸ਼ਕਤੀ ਦਾ ਜਾਗਰਣ ਘੋਰ ਤਪੱਸਿਆ ਅਤੇ ਕਠਿਨ ਯੋਗ ਸਾਧਨਾ ਤੋਂ ਬਾਅਦ ਹੁੰਦਾ ਸੀ। ਮਿਥਿਹਾਸ ਅਨੁਸਾਰ ਬਹੁਤ ਘੱਟ ਰਿਸ਼ੀਆਂ ਨੂੰ ਇਸ ਸਿੱਧੀ ਦੀ ਪ੍ਰਾਪਤੀ ਹੋਈ ਸੀ।

ਮਾਤਾ ਜੀ ਨੇ ਆਪਣੀ ਕੁੰਡਲਣੀ ਦਾ ਜਾਗਰਣ ਤਾਂ ਕੀਤਾ ਹੀ ਸੀ, ਉਨ੍ਹਾਂ ਨੇ ਹੋਰਾਂ ਦੀ ਕੁੰਡਲਣੀ ਸ਼ਕਤੀ ਦੇ ਜਾਗਰਨ ਦਾ ਵੀ ਰਾਹ ਪੱਧਰਾ ਕੀਤਾ ਸੀ। ਉਨ੍ਹਾਂ ਦਾ ਯੋਗ ਕੋਈ ਛੱਲ ਫਰੇਬ ਨਹੀਂ ਸੀ। ਮਾਤਾ ਜੀ ਦੇ ਪੈਰੋਕਾਰਾਂ ਨੂੰ ਕੁੰਡਲਣੀ ਜਾਗਰਣ ਦਾ ਅਨੁਭਵ ਆਪਣੀਆਂ ਉਂਗਲਾਂ ਅਤੇ ਹਥੇਲੀਆਂ ਉਪਰ ਹੁੰਦਾ ਸੀ। ਯੋਗ ਸਾਧਨਾ ਦੌਰਾਨ ਉਂਗਲਾਂ ਅਤੇ ਹਥੇਲੀਆਂ ਵਿਚੋਂ ਠੰਡੀਆਂ ਤਰੰਗਾਂ ਨਿਕਲਦੀਆਂ ਸਨ। ਜਿਉਂ ਜਿਉਂ ਕੁੰਡਲਣੀ ਮਾਂ ਦਾ ਉਥਾਨ ਹੁੰਦਾ ਸੀ ਤਿਉਂ ਤਿਉਂ ਤਰੰਗਾਂ ਦੀ ਠੰਢਕ ਵਧਦੀ ਜਾਂਦੀ ਸੀ।

ਇਸ ਪ੍ਰਤੱਖ ਪ੍ਰਮਾਣ ਕਾਰਨ ਇਸ ਸੰਸਥਾ ਦਾ ਵਿਸਥਾਰ ਤੇਜ਼ੀ ਨਾਲ ਹੋ ਰਿਹਾ ਸੀ।

ਨੇਹਾ ਨੂੰ ਇਹ ਚੇਟਕ ਪਲਵੀ ਤੋਂ ਲੱਗੀ ਸੀ।

ਪਲਵੀ ਨੂੰ ਦਿੱਲੀ ਰਹਿੰਦੇ ਆਪਣੇ ਮਾਮੇ ਕੋਲੋਂ।

ਹਰ ਵਾਰ ਗਰਮੀਆਂ ਦੀਆਂ ਛੁੱਟੀਆਂ ਕੱਟਣ ਪਲਵੀ ਨਾਨਕੇ ਜਾਂਦੀ ਸੀ। ਪਿਛਲੀ ਵਾਰ ਮਾਮੇ ਨੇ ਉਸ ਨੂੰ ਥੀਏਟਰਾਂ ਅਤੇ ਡਿਜਨੀਲੈਂਡ ਦੀ ਥਾਂ ਮਾਤਾ ਜੀ ਦੇ ਆਸ਼ਰਮ ਦੀ ਸੈਰ ਕਰਾਈ ਸੀ। ਉਨ੍ਹੀਂ ਦਿਨੀਂ ਮਾਤਾ ਜੀ ਦਿੱਲੀ ਆਏ ਹੋਏ ਸਨ। ਧਿਆਨ ਸ਼ਿਵਰ ਉਨ੍ਹਾਂ ਦੀ ਆਪਣੀ ਦੇਖ ਰੇਖ ਹੇਠ ਚੱਲ ਰਿਹਾ ਸੀ। ਮਾਮੇ ਦਾ ਪੂਰਾ ਪਰਿਵਾਰ ਪੂਰੀ ਸ਼ਰਧਾ ਨਾਲ ਸ਼ਿਵਰ ਵਿੱਚ ਰੁੱਝਾ ਹੋਇਆ ਸੀ।

ਇਨ੍ਹੀਂ ਦਿਨੀਂ ਇਸ ਪੁਰਾਤਨ ਭਾਰਤੀ ਪ੍ਰੰਪਰਾ ਨੂੰ ਸੁਰਜੀਤ ਕਰਨ ਦਾ ਯਤਨ ਪੂਰੇ ਜ਼ੋਰ ਸ਼ੋਰ ਨਾਲ ਹੋ ਰਿਹਾ ਸੀ। ਧਿਆਨ ਸਾਧਨਾ ਲੋਕਾਂ ਦਾ ਧਿਆਨ ਖਿੱਚ ਰਹੀ ਸੀ। ਨਵੇਂਨਵੇਂ ਸਾਧੂ ਨਵੀਆਂ ਨਵੀਆਂ ਸੰਸਥਾਵਾਂ ਖੜੀਆਂ ਕਰਕੇ ਲੋਕਾਂ ਨੂੰ ਯੋਗ ਸਾਧਨਾ ਲਈ ਪ੍ਰੇਰ ਰਹੇ ਸਨ। ਅਖ਼ਬਾਰਾਂ ਵਿੱਚ ਮੁਫ਼ਤ ਲਗਦੇ ਧਿਆਨ ਸ਼ਿਵਰਾਂ ਦੇ ਵੱਡੇ ਵੱਡੇ ਇਸ਼ਤਿਹਾਰ ਛਪ ਰਹੇ ਸਨ। ਟੀ.ਵੀ.ਉਪਰ ਯੋਗੀ ਮਹਾਤਮਾ ਅਤੇ ਉਨ੍ਹਾਂ ਕਿਸਮਤ ਵਾਲੇ ਲੋਕਾਂ ਦੇ ਇੰਟਰਵਿਊ ਆ ਰਹੇ ਸਨ, ਜਿਨ੍ਹਾਂ ਨੇ ਯੋਗ ਸਾਧਨਾ ਰਾਹੀਂ ਹੈਰਾਨ ਕਰਨ ਵਾਲੇ ਲਾਭ ਪ੍ਰਾਪਤ ਕੀਤੇ ਸਨ।

ਪਲਵੀ ਯੋਗ ਸਾਧਨਾਂ ਦੇ ਰਹੱਸਾਂ ਨੂੰ ਜਾਨਣ ਲਈ ਉਤਾਵਲੀ ਸੀ। ਮਾਇਆ ਨਗਰ ਵਿੱਚ ਅਜਿਹੀਆਂ ਕਈ ਸੰਸਥਾਵਾਂ ਦੀ ਚਰਚਾ ਸੀ। ਪਰ ਪੜ੍ਹਾਈ ਦੇ ਰੁਝੇਵੇਂ ਅਤੇ ਸਾਥ ਦੀ ਕਮੀ ਕਾਰਨ ਉਹ ਹਾਲੇ ਤਕ ਇਸ ਗਿਆਨ ਤੋਂ ਕੋਰੀ ਚਲੀ ਆ ਰਹੀ ਸੀ।

ਮੌਕਾ ਮਿਲਦਿਆਂ ਹੀ ਪਲਵੀ ਨੇ ਆਪਣਾ ਤਨ ਅਤੇ ਮਨ ਯੋਗ ਸਾਧਨਾ ਵਿੱਚ ਲਗਾ ਦਿੱਤਾ।

ਲੋਕ ਸੱਚ ਆਖਦੇ ਸਨ। ਧਿਆਨ ਸਾਧਨਾ ਵਿੱਚ ਆਲੌਕਿਕ ਸ਼ਕਤੀ ਸੀ। ਧਿਆਨ ਦੀ ਹਰ ਬੈਠਕ ਬਾਅਦ ਪਲਵੀ ਨੂੰ ਆਪਣੇ ਆਪ ਵਿੱਚ ਬਦਲਾਅ ਮਹਿਸੂਸ ਹੁੰਦਾ ਸੀ।

ਹਰ ਪਹਿਲੂ ਤੋਂ ਉਹ ਉੱਪਰ ਉੱਠ ਰਹੀ ਸੀ।

ਇਸ ਵਾਰ ਦਿੱਲੀਉਂ ਮੁੜੀ ਪਲਵੀ ਪਹਿਲਾਂ ਵਾਲੀ ਨਹੀਂ ਸੀ। ਉਸਦੀਆਂ ਸਹੇਲੀਆਂ ਉਸ ਵਿੱਚ ਆਈਆਂ ਤਬਦੀਲੀਆਂ ਮਹਿਸੂਸ ਕਰ ਰਹੀਆਂ ਸਨ। ਪਹਿਲਾਂ ਵਾਂਗ ਉਸਦਾ ਸੁਭਾਅ ਚਿੜਚਿੜਾ ਨਹੀਂ ਸੀ ਰਿਹਾ। ਹੁਣ ਉਹ ਸ਼ਰਾਰਤਾਂ ਕਰਕੇ ਅਧਿਆਪਕ ਅਤੇ ਵਿਦਿਆਰਥੀਆਂ ਦੀ ਇਕਾਗਰਤਾ ਭੰਗ ਨਹੀਂ ਸੀ ਕਰਦੀ। ਉਸਦੀ ਅੱਖ ਬਲੈਕ ਬੋਰਡ ਉਪਰ ਟਿਕੀ ਰਹਿੰਦੀ ਸੀ। ਲੈਕਚਰ ਉਸਨੂੰ ਸਮਝ ਆਉਣ ਲੱਗੇ ਸਨ। ਹਾਊਸ ਟੈਸਟਾਂ ਵਿੱਚ ਉਸਦੀ ਪੋਜ਼ੀਸ਼ਨ ਸੁਧਰੀ ਸੀ। ਉਹ ਚੰਚਲ ਅਤੇ ਮਿਲਣਸਾਰ ਹੋ ਗਈ ਸੀ। ਉਸ ਦੀਆਂ ਸਹੇਲੀਆਂ ਦਾ ਘੇਰਾ ਵਧ ਗਿਆ ਸੀ। ਪਹਿਲਾਂ ਵਾਂਗ ਉਹ ਕੰਨਟੀਨ ਵਿੱਚ ਜਾ ਕੇ ਡੋਸੇ ਬਰਗਰ ਨਹੀਂ ਸੀ ਖਾਂਦੀ। ਸਗੋਂ ਲਾਇਬਰੇਰੀ ਵਿੱਚ ਬੈਠ ਕੇ ਉਹ ਸਹੇਲੀਆਂ ਨੂੰ ਯੋਗ ਆਸਣ ਅਤੇ ਧਿਆਨ ਲਾਉਣ ਦੀ ਵਿਧੀ ਅਤੇ ਉਸਦੀ ਮਹੱਤਤਾ ਸਮਝਾਉਂਦੀ ਸੀ।

ਸ਼ੌਂਕ ਸ਼ੌਂਕ ਵਿੱਚ ਨੇਹਾ ਨੇ ਪਲਵੀ ਤੋਂ ਧਿਆਨ ਲਾਉਣਾ ਸਿੱਖ ਲਿਆ। ਉਸਨੂੰ ਵੀ ਧਿਆਨ ਵਿੱਚ ਕਿਸੇ ਗੈਬੀ ਸ਼ਕਤੀ ਦੀ ਹੋਂਦ ਮਹਿਸੂਸ ਹੋਣ ਲੱਗੀ। ਜੋ ਤਬਦੀਲੀਆਂ ਪਲਵੀ ਵਿੱਚ ਆਈਆਂ ਸਨ ਉਹੋ ਨੇਹਾ ਮਹਿਸੂਸ ਕਰਨ ਲੱਗੀ।

ਸਹਿਯੋਗ ਸੰਸਥਾ ਦੀ ਇਕਾਈ ਤਿੰਨ ਸਾਲ ਤੋਂ ਮਾਇਆ ਨਗਰ ਵਿੱਚ ਚੱਲ ਰਹੀ ਸੀ। ਇੱਕ ਅਧਿਆਪਕ ਅਤੇ ਉਸਦੀ ਪਤਨੀ ਨੇ ਮਾਤਾ ਜੀ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦਾ ਬੀੜਾ ਚੁੱਕਿਆ ਹੋਇਆ ਸੀ। ਹਰ ਐਤਵਾਰ ਉਹ ਆਪਣੇ ਘਰ ਕੁੰਡਲਣੀ ਜਾਗਰਣ ਦਾ ਅਭਿਆਸ ਕਰਾਉਂਦਾ ਸੀ। ਪਰ ਉਹ ਲੋਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫ਼ਲ ਨਹੀਂ ਸੀ ਹੋ ਰਿਹਾ। ਸਹਿਯੋਗੀਆਂ ਦੀ ਗਿਣਤੀ ਦਸ ਬਾਰਾਂ ਤੋਂ ਵੱਧ ਨਹੀਂ ਸੀ ਰਹੀ। ਜੇ ਦੋ ਨਵੇਂ ਆਉਂਦੇ ਸਨ ਤਾਂ ਤਿੰਨ ਪੁਰਾਣੇ ਛੱਡ ਜਾਂਦੇ ਸਨ। ਨਿਰਾਸ਼ ਹੋਇਆ ਸੰਚਾਲਕ ਮਾਤਾ ਜੀ ਨੂੰ ਵਾਰ ਵਾਰ ਬੇਨਤੀ ਕਰ ਰਿਹਾ ਸੀ। ਮਾਤਾ ਜੀ ਆਪਣੀ ਛੋਹ ਨਾਲ ਮਾਇਆ ਨਗਰ ਦੀ ਧਰਤੀ ਨੂੰ ਪਵਿੱਤਰ ਕਰਨ। ਉਥੋਂ ਦੀ ਜਨਤਾ ਨੂੰ ਅਸ਼ੀਰਵਾਦ ਦੇਣ। ਪਰ ਮਾਤਾ ਜੀ ਉਸਨੂੰ ਟਾਲ ਰਹੇ ਸਨ। ਉਨ੍ਹਾਂ ਨੂੰ ਉਚਿਤ ਸਮੇਂ ਦੀ ਉਡੀਕ ਸੀ।

ਪਿਛਲੇ ਸ਼ਿਵਰ ਦੌਰਾਨ ਉਨ੍ਹਾਂ ਆਪਣੇ ਭਗਤ ਦੀ ਪਿੱਠ ਥਾਪੜੀ ਸੀ। ਹੁਣ ਸਹਿਯੋਗ ਦਾ ਮਾਇਆ ਨਗਰ ਵਿੱਚ ਵਧਣ ਫੁੱਲਣ ਦਾ ਸਮਾਂ ਆ ਗਿਆ ਸੀ।

ਮਾਤਾ ਜੀ ਨੇ ਪਲਵੀ ਨੂੰ ਅਸ਼ੀਰਵਾਦ ਦਿੱਤਾ। ਉਹ ਮਾਇਆ ਨਗਰ ਵਿੱਚ ਯੁਵਾ ਸ਼ਕਤੀ ਦਾ ਗਠਨ ਕਰੇ।

ਯੁਵਾ ਸ਼ਕਤੀ ਦਾ ਗਠਨ ਹੁੰਦੇ ਹੀ ਸੰਸਥਾ ਵਿੱਚ ਨਵੀਂ ਰੂਹ ਫੂਕੀ ਗਈ। ਸੰਸਥਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਲੱਗੀ।

ਪਹਿਲਾਂ ਨੌਜਵਾਨ ਕੁੜੀਆਂ ਸੰਸਥਾ ਵਿੱਚ ਆਈਆਂ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੇ ਮਾਪੇ ਆਉਣ ਲੱਗੇ। ਮਾਪੇ ਅੱਗੇ ਆਪਣੇ ਵਾਕਫਕਾਰਾਂ ਨੂੰ ਲਿਆਉਣ ਲੱਗੇ।

ਪਹਿਲਾਂ ਸਤਿਸੰਗ ਸੰਸਥਾ ਦੇ ਮੋਢੀ ਅਧਿਆਪਕ ਦੇ ਘਰ ਹੁੰਦਾ ਸੀ। ਭਾਰ ਵੰਡਾਉਣ ਲਈ ਇਹ ਜ਼ਿੰਮੇਵਾਰੀ ਸਹਿਯੋਗੀਆਂ ਨੇ ਆਪਸ ਵਿੱਚ ਵੰਡ ਲਈ। ਹਰ ਐਤਵਾਰ ਨਵੇਂ ਮੈਂਬਰ ਦੇ ਘਰ ਸਤਿਸੰਗ ਹੋਣ ਲੱਗਾ। ਇਸ ਦਾ ਇੱਕ ਫ਼ਾਇਦਾ ਇਹ ਹੋਇਆ ਕਿ ਮੈਂਬਰਾਂ ਦੇ ਗੁਆਂਢੀ ਸੰਸਥਾ ਨਾਲ ਜੁੜਨ ਲੱਗੇ।

ਕੁੱਝ ਵਕੀਲਾਂ, ਇੰਜੀਨੀਅਰਾਂ ਅਤੇ ਸਨਅਤਕਾਰਾਂ ਦੇ ਸਹਿਯੋਗ ਵਿੱਚ ਆਉਣ ਨਾਲ ਪੈਸੇ ਦੀ ਘਾਟ ਦੂਰ ਹੋ ਗਈ।

ਸਹਿਯੋਗੀਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਸੀ। ਮੈਂਬਰਾਂ ਦੇ ਘਰ ਛੋਟੇ ਪੈਣ ਲਗੇ। ਆਪਣੇ ਆਸ਼ਰਮ ਦੀ ਲੋੜ ਮਹਿਸੂਸ ਹੋਣ ਲੱਗੀ।

ਆਸ਼ਰਮ ਦਾ ਵਿਚਾਰ ਆਉਂਦਿਆਂ ਹੀ ਦਾਨੀਆਂ ਨੇ ਦਾਨ ਦੇ ਢੇਰ ਲਾ ਦਿੱਤੇ।

ਦਿਨਾਂ ਵਿੱਚ ਆਸ਼ਰਮ ਦੀ ਉਸਾਰੀ ਹੋ ਗਈ।

ਸਹਿਯੋਗੀਆਂ ਨੂੰ ਯਕੀਨ ਸੀ ਇਹ ਸਭ ਕੁੱਝ ਮਾਤਾ ਜੀ ਦੇ ਅਸ਼ੀਰਵਾਦ ਕਾਰਨ ਹੋ ਰਿਹਾ ਸੀ। ਨਹੀਂ ਤੇ ਪਾਪੀਆਂ ਦੀ ਇਸ ਨਗਰੀ ਵਿੱਚ ਕੋਈ ਭਿਖਾਰੀ ਨੂੰ ਪੰਜ ਪੈਸੇ ਤਕ ਨਹੀਂ ਸੀ ਦਿੰਦਾ।

ਆਸ਼ਰਮ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਯੁਵਾ ਸ਼ਕਤੀ ਦੇ ਹੱਥ ਸੀ। ਅਤੇ ਯੁਵਾ ਸ਼ਕਤੀ ਪਲਵੀ ਅਤੇ ਨੇਹਾ ਦੇ ਹੱਥ ਸੀ।

ਸਮੂਹਿਕ ਸਹਿਯੋਗ ਐਤਵਾਰ ਵਾਲੇ ਦਿਨ ਆਸ਼ਰਮ ਵਿੱਚ ਹੁੰਦਾ ਸੀ। ਮੂਰਤੀ ਸਥਾਪਨਾ ਤੋਂ ਲੈ ਕੇ ਚਾਹ ਪਾਣੀ ਤਕ ਦੀ ਸੇਵਾ ਦੀ ਜ਼ਿੰਮੇਵਾਰੀ ਉਨ੍ਹਾਂ ਸਿਰ ਹੁੰਦੀ ਸੀ।

ਹੱਸਦੀਆਂ, ਟੱਪਦੀਆਂ, ਚਿੜੀਆਂ ਵਾਂਗ ਚਹਿਕਦੀਆਂ ਉਹ ਮਾਹੌਲ ਨੂੰ ਰੰਗੀਨ ਬਣਾਈ ਰੱਖਦੀਆਂ ਸਨ।

ਸੰਸਥਾ ਦੇ ਕੰਮ ਵਿੱਚ ਰੁਝੀਆਂ ਦਿਨ ਦਾ ਬਹੁਤਾ ਸਮਾਂ ਉਹ ਇਕੱਠੀਆਂ ਰਹਿੰਦੀਆਂ ਸਨ। ਵੱਖ ਹੋ ਕੇ ਉਨ੍ਹਾਂ ਨੂੰ ਇੱਕ ਦੂਜੀ ਦੀ ਯਾਦ ਸਤਾਉਣ ਲੱਗਦੀ ਸੀ। ਉਹ ਆਪਣੇ ਆਪ ਨੂੰ ਦੋ ਸਰੀਰ ਅਤੇ ਇੱਕ ਰੂਹ ਆਖਣ ਲੱਗੀਆਂ ਸਨ।

ਹੁਣ ਜਦੋਂ ਨੇਹਾ ਦਾ ਸਰੀਰ ਜ਼ਖ਼ਮੀ ਹੋਇਆ ਸੀ ਤਾਂ ਪਲਵੀ ਦੀ ਆਤਮਾ ਵਲੂੰਧਰੀ ਗਈ ਸੀ।

ਨੇਹਾ ਦੇ ਪਰਿਵਾਰ ’ਤੇ ਪਈ ਭੀੜ ਇਕੱਲੀ ਉਸ ਪਰਿਵਾਰ ਦੀ ਭੀੜ ਨਹੀਂ ਸੀ।

ਇਹ ਸਮੁੱਚੇ ਸਹਿਯੋਗ ਪਰਿਵਾਰ ’ਤੇ ਪਈ ਭੀੜ ਸੀ।

ਥਾਣੇ, ਕਚਹਿਰੀ, ਹਸਪਤਾਲ ਹਰ ਥਾਂ ਸਹਿਯੋਗੀਆਂ ਨੇ ਉਨ੍ਹਾਂ ਲਈ ਭੱਜ ਨੱਠ ਕੀਤੀ ਸੀ।

ਇਹ ਇੱਕ ਸਹਿਯੋਗੀ ਪਰਿਵਾਰ ਹੀ ਸੀ, ਜਿਹੜਾ ਨੇਹਾ ਨੂੰ ਆਪਣੀ ਹਿੱਕ ਨਾਲ ਲਾਈ ਬੈਠਾ ਸੀ। ਇਹ ਪਰਿਵਾਰ ਨੇਹਾ ’ਤੇ ਕੋਈ ਅਹਿਸਾਨ ਨਹੀਂ ਸੀ ਕਰ ਰਿਹਾ। ਇਹ ਮਾਤਾ ਜੀ ਦਾ ਫਰਮਾਨ ਸੀ। ਸਾਰੇ ਸਹਿਯੋਗੀ ਮਾਤਾ ਜੀ ਦੇ ਧੀਆਂ ਪੁੱਤਰ ਸਨ। ਆਪਸ ਵਿੱਚ ਭੈਣ ਭਰਾ ਸਨ। ਪਰਿਵਾਰ ਦੇ ਇੱਕ ਮੈਂਬਰ ਦਾ ਕਸ਼ਟ ਪਰਿਵਾਰ ਦਾ ਕਸ਼ਟ ਸੀ।

ਪਲਵੀ ਦਾ ਪਰਿਵਾਰ ਮਾਤਾ ਜੀ ਦੇ ਉਪਦੇਸ਼ ਨੂੰ ਅਮਲੀਜਾਮਾ ਪਹਿਣਾ ਰਿਹਾ ਸੀ।

 

-27-

 

ਯੂਨੀਵਰਸਿਟੀ ਵਿੱਚ ਹੜਤਾਲ ਚੱਲ ਰਹੀ ਸੀ। ਇਸ ਲਈ ਪਲਵੀ ਘਰ ਰਹਿੰਦੀ ਸੀ। ਪਲਵੀ ਦੀ ਮੰਮੀ ਦਾ ਕਾਲਜ ਵੀ ਬੰਦ ਸੀ। ਹਾਜ਼ਰੀ ਲਾ ਕੇ ਉਹ ਘਰ ਮੁੜ ਆਉਂਦੀ ਸੀ। ਪਲਵੀ ਦੇ ਪਾਪਾ ਦਾ ਡਿਊਟੀ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਸੀ। ਮਸ਼ੀਨਰੀ ਵਿੱਚ ਨੁਕਸ ਪੈਣ ਤੇ ਉਸਨੂੰ ਰਾਤ ਬਰਾਤੇ ਬੁਲਾ ਲਿਆ ਜਾਂਦਾ ਸੀ। ਇਸ ਦਿੱਕਤ ਤੋਂ ਬਚਣ ਲਈ ਉਸਨੇ ਪੰਜ ਦਿਨਾਂ ਦੀ ਛੁੱਟੀ ਲੈ ਲਈ ਸੀ। ਜਿੰਨਾ ਚਿਰ ਨੇਹਾ ਪੂਰੀ ਤਰ੍ਹਾਂ ਨਹੀਂ ਸੰਭਲ ਜਾਂਦੀ, ਉਹ ਘਰ ਰਹਿ ਕੇ ਉਸਦੀ ਦੇਖ ਭਾਲ ਕਰੇਗਾ।

ਪਹਿਲੇ ਦੋ ਦਿਨ ਨੇਹਾ ਨੇ ਨਾ ਕੁੱਝ ਖਾਧਾ ਨਾ ਪੀਤਾ। ਕਮਲ ਨੂੰ ਯਾਦ ਕਰ ਕਰ ਉਹ ਹੰਝੂ ਵਹਾਉਂਦੀ ਰਹੀ। ਆਪਣੇ ਸਰੀਰ ਉਪਰ ਪਈਆਂ ਖਰੋਚਾਂ ਨੂੰ ਦੇਖ ਦੇਖ ਉਹ ਲਾਲ ਪੀਲੀ ਹੁੰਦੀ ਰਹੀ। ਮਾਂ ਬਾਪ ਦੀ ਦੁਰਦਸ਼ਾ ਸੁਣ ਸੁਣ ਉਹ ਤੜਫਦੀ ਰਹੀ।

ਪਲਵੀ ਦੇ ਪਰਿਵਾਰ ਦੇ ਸਭ ਜੀਅ ਉਸ ਉਪਰ ਝੁਕੇ ਹੋਏ ਸਨ। ਮਾਤਾ ਜੀ ਦੇ ਭਾਸ਼ਣ ਵਿਚੋਂ ਹਵਾਲੇ ਦੇ ਦੇ ਉਹ ਉਸਨੂੰ ਸਮਝਾਉਣ ਦਾ ਯਤਨ ਕਰ ਰਹੇ ਸਨ।

ਨੇਹਾ ਨੂੰ ਸਭ ਉਪਦੇਸ਼ ਝੂਠੇ ਲੱਗਦੇ ਸਨ। ਕਦੇ ਕਦੇ ਉਸਨੂੰ ਮਾਤਾ ਜੀ ਵੀ ਝੂਠੀ ਜਾਪਦੀ ਸੀ।

ਧਿਆਨ ਸਾਧਨਾ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਬਾਅਦ ਹਰ ਸਹਿਯੋਗੀ ਇੱਕ ਬੰਧਨ ਲਿਆ ਕਰਦਾ ਸੀ। ਇਸ ਕਿਰਿਆ ਦੌਰਾਨ ਉਹ ਸੱਤ ਵਾਰ ਮਾਤਾ ਜੀ ਕੋਲੋਂ ਆਪਣੇ ਸਰੀਰ ਦੇ ਸੱਤਾਂ ਚੱਕਰਾਂ ਦੀ ਸੁਰੱਖਿਆ ਦੀ ਮੰਗ ਕਰਦਾ ਸੀ। ਮਾਤਾ ਜੀ ਇਸ ਪ੍ਰਾਰਥਨਾ ਨੂੰ ਸਵੀਕਾਰ ਕਰਕੇ ਸਹਿਯੋਗੀ ਨੂੰ ਸੁਰੱਖਿਆ ਪ੍ਰਦਾਨ ਕਰਦੇ ਸਨ। ਇਸ ਸੁਰੱਖਿਆ ਨੂੰ ਮਾਤਾ ਜੀ ਨੇ ਦੁਰਗਾ ਕਵਚ ਦਾ ਨਾਂ ਦਿੱਤਾ ਸੀ। ਇਸ ਕਵਚ ਵੱਲ ਦੁਨੀਆਂ ਦੀ ਕੋਈ ਬੁਰੀ ਤਾਕਤ ਝਾਕ ਨਹੀਂ ਸੀ ਸਕਦੀ। ਨੇਹਾ ਨੇ ਇਸ ਪ੍ਰਾਰਥਨਾ ਵਿੱਚ ਕੁੱਝ ਵਾਧਾ ਕੀਤਾ ਸੀ। ਆਪਣੀ ਸੁਰੱਖਿਆ ਬਾਅਦ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕਰਦੀ ਸੀ। ਫੇਰ ਸਾਰੇ ਸੰਸਾਰ ਦੀ। ਉਹ ਮਾਤਾ ਜੀ ਤੋਂ ਪੁੱਛ ਰਹੀ ਸੀ। ਉਸਦੀ ਲਾਡਲੀ ਧੀ ਦਾ ਕਵਚ ਕਿਉਂ ਕੱਚ ਵਾਂਗ ਟੁੱਟ ਗਿਆ? ਉਸ ਦੇ ਭਰਾ ਨੂੰ ਸੁਰੱਖਿਆ ਕਿਉਂ ਨਹੀਂ ਮਿਲੀ?

ਉਸਦੇ ਪਰਿਵਾਰ ਨੂੰ ਕਿਸ ਪਾਪ ਦੀ ਸਜ਼ਾ ਦਿੱਤੀ ਗਈ ਸੀ? ਪਰ ਮਾਤਾ ਜੀ ਚੁੱਪ ਸਨ।

ਸਹਿਯੋਗੀਆਂ ਦੀ ਇੱਕ ਹੋਰ ਧਾਰਨਾ ਸੀ। ਮਾਤਾ ਜੀ ਸਹਿਯੋਗੀ ਦੇ ਹਰ ਪ੍ਰਸ਼ਨ ਦਾ ਉੱਤਰ ਦਿੰਦੇ ਸਨ। ਪ੍ਰਸ਼ਨ ਮਨ ਵਿੱਚ ਧਾਰ ਕੇ ਆਪਣੇ ਕੰਮੀਂ ਜੁੱਟ ਜਾਓ। ਦੇਰ ਸਵੇਰ ਮਾਤਾ ਜੀ ਖ਼ੁਦ ਪ੍ਰਸ਼ਨ ਦਾ ਉੱਤਰ ਸੁਝਾਉਂਦੇ ਸਨ। ਪਹਿਲਾਂ ਇਸ ਧਾਰਨਾ ਦਾ ਪ੍ਰਚਾਰ ਪਲਵੀ ਕਰਦੀ ਸੀ। ਫੇਰ ਨੇਹਾ ਕਰਦੀ ਰਹੀ ਸੀ। ਉਹ ਝੂਠਾ ਪ੍ਰਚਾਰ ਨਹੀਂ ਸੀ ਕਰਦੀ।

ਉਸਨੂੰ ਆਪਣੇ ਪ੍ਰਸ਼ਨਾਂ ਦਾ ਉੱਤਰ ਮਿਲਦਾ ਰਿਹਾ ਸੀ।

ਹੁਣ ਉਹ ਵਾਰ ਵਾਰ ਮਾਤਾ ਜੀ ਤੋਂ ਇਹ ਪ੍ਰਸ਼ਨ ਪੁੱਛ ਰਹੀ ਸੀ। ਪਰ ਉਸਨੂੰ ਕੋਈ ਉੱਤਰ ਨਹੀਂ ਸੀ ਮਿਲ ਰਿਹਾ।

ਮਾਤਾ ਜੀ ਦੀ ਇਸ ਖ਼ਾਮੋਸ਼ੀ ਤੇ ਨੇਹਾ ਨੂੰ ਕਮਲ ਦੀ ਯਾਦ ਆਉਣ ਲੱਗਦੀ ਸੀ।

ਉਹ ਆਖਦਾ ਹੁੰਦਾ ਸੀ। ਪ੍ਰਸ਼ਨਾਂ ਦੇ ਉੱਤਰ ਕੋਈ ਗੈਬੀ ਸ਼ਕਤੀ ਨਹੀਂ ਦਿੰਦੀ। ਜੇ ਕੋਈ ਵਿਅਕਤੀ ਮਨ ਵਿੱਚ ਪੈਦਾ ਹੋਏ ਸ਼ੰਕਿਆਂ ਦਾ ਸਮਾਧਾਨ ਇਕਾਗਰ ਚਿੱਤ ਹੋ ਕੇ ਸੋਚਣ ਲੱਗੇ ਤਾਂ ਦਿਮਾਗ਼ ਆਪਣੇ ਅੰਦਰ ਜਮ੍ਹਾਂ ਗਿਆਨ ਦੇ ਆਧਾਰ ’ਤੇ ਉੱਤਰ ਸੁਝਾਅ ਦਿੰਦਾ ਸੀ। ਕੋਈ ਇਨ੍ਹਾਂ ਉੱਤਰਾਂ ਨੂੰ ਆਤਮਾ ਦੀ ਅਵਾਜ਼ ਆਖ ਲਏ ਜਾਂ ਮਾਤਾ ਜੀ ਵੱਲੋਂ ਦਿੱਤਾ ਆਦੇਸ਼ ਇਸ ਵਿੱਚ ਕੋਈ ਫ਼ਰਕ ਨਹੀਂ ਸੀ।

ਦੁਰਗਾ ਕਵਚ ਦੀ ਧਾਰਨਾ ਨੂੰ ਵੀ ਉਹ ਮਨੋ ਵਿਗਿਆਨਕ ਚਲਾਕੀ ਆਖਦਾ ਸੀ।

ਪ੍ਰਾਰਥਨਾ ਵਿਅਕਤੀ ਨੂੰ ਵਿਸ਼ਵਾਸ ਦਿਵਾ ਦਿੰਦੀ ਸੀ ਕਿ ਉਹ ਸੁਰੱਖਿਅਤ ਹੈ। ਬੱਸ ਉਹ ਨਿਡਰ ਹੋ ਜਾਂਦਾ ਸੀ। ਦੁਰਗਾ ਕਵਚ ਪਾ ਕੇ ਚੱਲਣ ਵਾਲੇ ਵਿਅਕਤੀਆਂ ਦੇ ਨਫ਼ੇ ਨੁਕਸਾਨ ਵੀ ਓਨੇ ਹੀ ਹੁੰਦੇ ਸਨ, ਜਿੰਨੇ ਸਾਧਾਰਨ ਵਿਅਕਤੀਆਂ ਦੇ।

ਪਲਵੀ ਦੇ ਆਖੇ ਨੇਹਾ ਨੇ ਇੱਕ ਦੋ ਵਾਰ ਧਿਆਨ ਲਾਉਣ ਦਾ ਯਤਨ ਕੀਤਾ ਸੀ।

ਉਸਦੀਆਂ ਹਥੇਲੀਆਂ ਵਿਚੋਂ ਨਿਕਲਦੀਆਂ ਠੰਡੀਆਂ ਤਰੰਗਾਂ ਗਾਇਬ ਸਨ।

ਉਲਟਾ ਜਦੋਂ ਉਸ ਨੂੰ ਗੁੱਸਾ ਆਉਂਦਾ ਸੀ ਉਸਦਾ ਸਾਰਾ ਸਰੀਰ ਭੱਖਣ ਲਗਦਾ ਸੀ। ਉਸਦੇ ਸਰੀਰ ਵਿਚੋਂ ਭਾਫਾਂ ਨਿਕਲਣ ਲੱਗਦੀਆਂ ਸਨ। ਮਾਤਾ ਜੀ ਦਾ ਅਖਾਣ ਸੀ, ਗਰਮ ਹਵਾਵਾਂ ਭੈੜੀਆਂ ਆਤਮਾਵਾਂ ਵਿਚੋਂ ਨਿਕਲਦੀਆਂ ਹਨ।

ਤਾਂ ਕੀ ਨੇਹਾ ਰਾਤੋ ਰਾਤ ਭੈੜੀ ਆਤਮਾ ਬਣ ਗਈ ਸੀ?

ਨੇਹਾ ਨਾਲ ਜੋ ਵਾਪਰਿਆ ਸੀ ਉਸ ਵਿੱਚ ਨੇਹਾ ਦਾ ਕੋਈ ਦੋਸ਼ ਨਹੀਂ ਸੀ। ਜੋ ਕੁੱਝ ਹੋਇਆ ਸੀ ਉਸ ਦੀ ਇੱਛਾ ਦੇ ਵਿਰੁਧ ਹੋਇਆ ਸੀ। ਅਣ ਚਾਹੀ ਘਟਨਾ ਦੀ ਸਜ਼ਾ ਉਸ ਨੂੰ ਕਿਉਂ ਦਿੱਤੀ ਜਾ ਰਹੀ ਸੀ? ਮਾਤਾ ਜੀ ਜਾਣੀ ਜਾਣ ਸਨ। ਉਨ੍ਹਾਂ ਨੂੰ ਨੇਹਾ ਨੂੰ ਭੈੜੀ ਆਤਮਾ ਬਣਨ ਤੋਂ ਰੋਕਣਾ ਚਾਹੀਦਾ ਸੀ।

ਜਿਉਂ ਹੀ ਉਹ ਮਾਤਾ ਜੀ ਦੀ ਕਿਸੇ ਧਾਰਨਾ ’ਤੇ ਕਿੰਤੂ ਕਰਦੀ ਸੀ, ਉਸਨੂੰ ਕਮਲ ਯਾਦ ਆ ਜਾਂਦਾ ਸੀ।

ਉਹ ਆਖਦਾ ਹੁੰਦਾ ਸੀ ਨੇਹਾ ਸੁਖਾਵੇਂ ਮਾਹੌਲ ਵਿੱਚ ਪਲੀ ਸੀ। ਦੁੱਖ ਤਕਲੀਫ਼ ਉਸਦੇ ਨੇੜੇ ਨਹੀਂ ਸੀ ਢੁੱਕਾ। ਉਸਦੇ ਬੋਲ ਪੁੱਗਦੇ ਸਨ। ਨੇਹਾ ਨੇ ਸੁੱਖ ਹੀ ਸੁੱਖ ਦੇਖਿਆ ਸੀ।

ਉਸਨੂੰ ਦੁੱਖ ਤਕਲੀਫ਼ ਅਤੇ ਤੰਗੀਆਂ ਤੁਰਸ਼ੀਆਂ ਦਾ ਅਨੁਭਵ ਨਹੀਂ ਸੀ। ਇਹੋ ਹਾਲ ਪਲਵੀ ਦਾ ਸੀ। ਇਸ ਲਈ ਉਨ੍ਹਾਂ ਦੇ ਮਨ ਸ਼ਾਂਤ ਸਨ। ਮਨ ਸ਼ਾਂਤ ਹੋਣ ਤਾਂ ਸਰੀਰ ਸ਼ਾਂਤ ਰਹਿੰਦੇ ਸਨ। ਸ਼ਾਂਤ ਤਨ ਵਿਚੋਂ ਠੰਡਕ ਹੀ ਨਿਕਲਦੀ ਸੀ। ਅਭਿਆਸ ਅਤੇ ਮਜ਼ਬੂਤ ਇੱਛਾ ਸ਼ਕਤੀ ਕਾਰਨ ਜੇ ਸਰੀਰ ਵਿਚੋਂ ਠੰਡੀਆਂ ਤਰੰਗਾਂ ਦਾ ਅਨੁਭਵ ਹੁੰਦਾ ਸੀ ਤਾਂ ਇਹ ਕੋਈ ਅਲੋਕਾਰੀ ਗੱਲ ਨਹੀਂ ਸੀ।

ਤਾਂ ਕੀ ਨੇਹਾ ਦੇ ਸਰੀਰ ਦੀ ਠੰਡਕ ਉਸਦੀ ਬੇਚੈਨੀ ਨੇ ਹਰ ਲਈ ਸੀ!

ਕਮਲ ਠੀਕ ਸੀ ਜਾਂ ਮਾਤਾ ਜੀ। ਉਸਨੂੰ ਕੁੱਝ ਸਮਝ ਨਹੀਂ ਸੀ ਆ ਰਿਹਾ।

ਬੱਸ ਉਸ ਨੂੰ ਆਪਣੀ ਅਧਿਆਤਮਕ ਸ਼ਕਤੀ ਦੇ ਖੁੱਸ ਜਾਣ ਦਾ ਗ਼ਮ ਸੀ।

 

-28-

 

ਨੇਹਾ ਨੇ ਆਪਣੇ ਮਨ ਦੇ ਸ਼ੰਕਿਆਂ ਨੂੰ ਲੁਕਾ ਕੇ ਨਹੀਂ ਸੀ ਰੱਖਿਆ। ਪਲਵੀ ਅਤੇ ਉਸਦੇ ਮਾਤਾ ਪਿਤਾ ਨਾਲ ਉਸਨੇ ਇਨ੍ਹਾਂ ਸ਼ੰਕਿਆਂ ਨੂੰ ਸਾਂਝਾ ਕੀਤਾ ਸੀ।

ਨੇਹਾ ਦਾ ਆਪਣੇ ਆਪ ਤੋਂ ਉੱਠਿਆ ਵਿਸ਼ਵਾਸ ਪਲਵੀ ਦੇ ਮਾਪਿਆਂ ਲਈ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਸੀ।

ਨੇਹਾ ਜਿਸ ਅੰਨ੍ਹੇ ਖੂਹ ਵਿੱਚ ਜਾ ਡਿੱਗੀ ਸੀ ਉਸ ਵਿਚੋਂ ਜੇ ਕੋਈ ਉਸਨੂੰ ਬਾਹਰ ਕੱਢ ਸਕਦਾ ਸੀ ਤਾਂ ਉਹ ਉਸ ਦੇ ਧਾਰਮਿਕ ਵਿਸ਼ਵਾਸਾਂ ਵਿੱਚ ਬਹਾਲੀ ਹੀ ਸੀ।

ਨੇਹਾ ਨੂੰ ਲੀਹ ’ਤੇ ਲਿਆਉਣ ਲਈ ਪਲਵੀ ਦੇ ਮਾਪਿਆਂ ਨੇ ਯਤਨ ਤੇਜ਼ ਕਰ ਦਿੱਤੇ।

ਪਲਵੀ ਨੇ ਕੇਂਦਰ ਦੇ ਪ੍ਰਧਾਨ ਨਾਲ ਗੱਲ ਕੀਤੀ। ਇਸ ਐਤਵਾਰ ਨੂੰ ਕਮਲ ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਦੇ ਸਿਹਤ ਯਾਫ਼ਤਾ ਹੋਣ ਦੀ ਸਮੂਹਿਕ ਪ੍ਰਾਰਥਨਾ ਕੀਤੀ ਜਾਵੇ।

ਸਹਿਯੋਗ ਸਮੂਹਿਕ ਪ੍ਰਾਰਥਨਾ ਨੂੰ ਬਹੁਤ ਮਹੱਤਤਾ ਦਿੰਦਾ ਸੀ। ਸਾਰੇ ਸਹਿਯੋਗੀਆਂ ਵੱਲੋਂ ਕੀਤੀ ਪ੍ਰਾਰਥਨਾ ਮਾਤਾ ਜੀ ਨੂੰ ਝੱਟ ਸਵੀਕਾਰ ਹੋ ਜਾਂਦੀ ਸੀ। ਜਦੋਂ ਕਿਸੇ ਸਹਿਯੋਗੀ ਦੀ ਨਿਜੀ ਪ੍ਰਾਰਥਨਾ ਸਵੀਕਾਰ ਨਹੀਂ ਸੀ ਹੁੰਦੀ ਤਾਂ ਸਾਰੇ ਸਹਿਯੋਗੀ ਇਕੱਠੇ ਹੋ ਕੇ ਮਾਤਾ ਜੀ ਨੂੰ ਪੁਕਾਰਦੇ ਸਨ। ਅਜਿਹੀਆਂ ਕਈ ਸਮੂਹਿਕ ਪ੍ਰਾਰਥਨਾਵਾਂ ਬਾਅਦ ਕਈਆਂ ਦੇ ਘਰ ਪੁੱਤਰ ਹੋਏ ਸਨ ਅਤੇ ਕਈਆਂ ਦੇ ਧੀਆਂ ਪੁੱਤ ਵਿਆਹੇ ਗਏ ਸਨ।

ਨੇਹਾ ਸੰਸਥਾ ਦੀ ਅਹਿਮ ਮੈਂਬਰ ਸੀ। ਭੀੜ ਸਮੇਂ ਉਸਦੀ ਮਦਦ ਹੋਣੀ ਚਾਹੀਦੀ ਸੀ।

ਪ੍ਰਧਾਨ ਨੂੰ ਇਸ ਪ੍ਰਾਰਥਨਾ ਤੇ ਕੋਈ ਇਤਰਾਜ਼ ਨਹੀਂ ਸੀ। ਇਹ ਗੱਲ ਉਹ ਪਹਿਲਾਂ ਹੀ ਤੋਰ ਚੁੱਕਾ ਸੀ।

ਪਰ ਕੁੱਝ ਸਹਿਯੋਗੀਆਂ ਨੂੰ ਨੇਹਾ ਦੇ ਅਪਵਿੱਤਰ ਹੋਣ ਬਾਅਦ ਕੇਂਦਰ ਆਉਣ ’ਤੇ ਇਤਰਾਜ਼ ਸੀ। ਇਸ ਤਰ੍ਹਾਂ ਆਸ਼ਰਮ ਦੀ ਪਵਿੱਤਰਤਾ ਭੰਗ ਹੁੰਦੀ ਸੀ। ਪ੍ਰਧਾਨ ਅਜਿਹੇ ਅਨਾੜੀ ਸਹਿਯੋਗੀਆਂ ਨੂੰ ਸਮਝਾਉਣ ਦਾ ਯਤਨ ਕਰ ਰਿਹਾ ਸੀ। ਉਸਨੂੰ ਕਾਮਯਾਬੀ ਮਿਲਣ ਦੀ ਪੂਰੀ ਆਸ ਸੀ।

ਪਲਵੀ ਨੇ ਯੁਵਾ ਸ਼ਕਤੀ ਦੇ ਇੱਕ ਇੱਕ ਮੈਂਬਰ ਨਾਲ ਗੱਲ ਕੀਤੀ। ਉਨ੍ਹਾਂ ਲਈ ਨੇਹਾ ਮਾਤਾ ਸੀਤਾ ਵਾਂਗ ਪਵਿੱਤਰ ਸੀ।

ਪਲਵੀ ਦੇ ਮੰਮੀ ਪਾਪਾ ਨੇ ਆਪਣੇ ਵਾਕਿਫ਼ ਸਹਿਯੋਗੀਆਂ ਦੀ ਰਾਏ ਲਈ। ਉਹ ਪਹਿਲਾਂ ਹੀ ਨੇਹਾ ਦੇ ਪਰਿਵਾਰ ਦੀ ਭਲਾਈ ਦੀ ਸਵੇਰੇ ਸ਼ਾਮ ਪ੍ਰਾਰਥਨਾ ਕਰਦੇ ਸਨ। ਸਮੂਹਿਕ ਪ੍ਰਾਰਥਨਾ ਹੋਣੀ ਚਾਹੀਦੀ ਸੀ।

ਨੇਹਾ ਦਾ ਆਸ਼ਰਮ ਜਾਣ ਨੂੰ ਦਿਲ ਨਹੀਂ ਸੀ ਕਰਦਾ।

ਜੇ ਉਹ ਕੇਂਦਰ ਗਈ, ਹਰ ਸਹਿਯੋਗੀ ਉਸ ਕੋਲ ਆਏਗਾ। ਉਸ ਤੋਂ ਹੋਈ ਘਟਨਾ ਦੇ ਵੇਰਵੇ ਪੁੱਛ ਕੇ ਉਸ ਦੇ ਅੱਲੇ ਜ਼ਖ਼ਮਾਂ ਨੂੰ ਉਚੇੜੇਗਾ।

ਪਲਵੀ ਨੇ ਜ਼ੋਰ ਪਾਇਆ। ਉਸਦੇ ਮਾਪਿਆਂ ਨੇ ਸਮਝਾਇਆ। ਮਾਹੌਲ ਬਦਲ ਜਾਏਗਾ। ਮਨ ਬਦਲ ਜਾਏਗਾ। ਧਿਆਨ ਪ੍ਰਮਾਤਮਾ ਵੱਲ ਲਗੇਗਾ। ਖੋਈ ਹੋਈ ਆਤਮਿਕ ਸ਼ਕਤੀ ਬਹਾਲ ਹੋਏਗੀ।

ਪਹਿਲਾਂ ਨੇਹਾ ਆਸ਼ਰਮ ਵਿੱਚ ਸਭ ਤੋਂ ਪਹਿਲਾਂ ਪਹੁੰਚਦੀ ਸੀ। ਆਪਣੀ ਦੇਖ ਰੇਖ ਵਿੱਚ ਵਿਛੀਆਂ ਦਰੀਆਂ ਅਤੇ ਗਲੀਚਿਆਂ ਦੀ ਸਫ਼ਾਈ ਕਰਾਉਂਦੀ ਸੀ। ਡੋਲੀ ਬਣਾ ਕੇ ਮਾਤਾ ਜੀ ਦੀ ਮੂਰਤੀ ਦੀ ਸਥਾਪਨਾ ਕਰਦੀ ਸੀ। ਫੁੱਲਾਂ ਅਤੇ ਧੂਫ਼ ਬੱਤੀਆਂ ਨਾਲ ਸਾਰੇ ਹਾਲ ਦੀ ਸਜਾਵਟ ਕਰਦੀ ਸੀ। ਆਖ਼ਰੀ ਮੈਂਬਰ ਦੇ ਆਸ਼ਰਮ ਵਿਚੋਂ ਤੁਰ ਜਾਣ ਤਕ ਹਿਰਨੀ ਵਾਂਗ ਟਪੂਸੀਆਂ ਮਾਰਦੀ ਰਹਿੰਦੀ ਸੀ।

ਅੱਜ ਉਹ ਜਾਣ ਬੁੱਝ ਕੇ ਲੇਟ ਹੋਈ ਸੀ। ਸੰਸਥਾ ਦੀ ਇਹ ਪਰੰਪਰਾ ਸੀ ਕਿ ਪਹਿਲਾਂ ਆਇਆ ਸਹਿਯੋਗੀ ਅੱਗੇ ਬੈਠਦਾ ਸੀ। ਜਿਉਂ ਜਿਉਂ ਸਹਿਯੋਗੀ ਆਉਂਦੇ ਜਾਂਦੇ ਸਨ ਪਿੱਛੇਪਿੱ ਛੇ ਬੈਠਦੇ ਜਾਂਦੇ ਸਨ। ਨੇਹਾ ਲੋਕਾਂ ਦੀਆਂ ਅੱਖਾਂ ਤੋਂ ਬਚਣਾ ਚਾਹੁੰਦੀ ਸੀ।

ਉਹ ਚੁਪਕੇ ਜਿਹੇ ਇੱਕ ਨੁੱਕਰੇ ਜਾ ਬੈਠੀ।

ਨੇਹਾ ਨੂੰ ਆਸ ਸੀ ਕਿ ਕਾਰਵਾਈ ਚਲਾ ਰਹੀ ਸੰਚਾਲਕ ਉਸਦੇ ਕਈ ਬੈਠਕਾਂ ਬਾਅਦ ਕੇਂਦਰ ਆਉਣ ਉਪਰ ਉਸ ਦਾ ਸਵਾਗਤ ਕਰੇਗੀ। ਕੇਂਦਰ ਦੀ ਇਹ ਪ੍ਰਥਾ ਸੀ।

ਪਹਿਲੀ ਕਤਾਰ ਸੰਚਾਲਕ, ਭਜਨ ਮੰਡਲੀ ਅਤੇ ਆਰਤੀ ਵਾਲੀ ਤਿਕੜੀ ਲਈ ਰਾਖਵੀਂ ਸੀ। ਨੇਹਾ ਆਰਤੀ ਵਾਲੀ ਤਿਕੜੀ ਦੀ ਸਥਾਈ ਮੈਂਬਰ ਸੀ। ਸਤਿਸੰਗ ਦੇ ਅਖ਼ੀਰ ਵਿੱਚ ਮਾਤਾ ਜੀ ਦੀ ਆਰਤੀ ਉਤਾਰੀ ਜਾਂਦੀ ਸੀ। ਆਰਤੀ ਤਿੰਨ ਔਰਤਾਂ ਵੱਲੋਂ ਕੀਤੀ ਜਾਂਦੀ ਸੀ। ਆਰਤੀ ਵਿੱਚ ਸ਼ਾਮਲ ਹੋਣ ਵਾਲੀ ਔਰਤ ਆਪਣੇ ਆਪ ਨੂੰ ਭਾਗਾਂ ਵਾਲੀ ਮੰਨਦੀ ਸੀ। ਆਰਤੀ ਵਿਧੀ ਅਨੁਸਾਰ ਹੁੰਦੀ ਸੀ। ਇਹ ਵਿਧੀ ਨੇਹਾ ਨਿਭਾਉਂਦੀ ਸੀ।

ਬਾਕੀ ਦੀਆਂ ਦੋ ਔਰਤਾਂ ਸੰਗਤ ਵਿਚੋਂ ਹੁੰਦੀਆਂ ਸਨ। ਨੇਹਾ ਦੇ ਪਿੱਛੇ ਲਗ ਕੇ ਆਰਤੀ ਕਰਦੀਆਂ ਸਨ।

ਨੇਹਾ ਨੂੰ ਆਸ ਸੀ ਸਵਾਗਤ ਦੇ ਬਾਅਦ ਸੰਚਾਲਕ ਉਸਨੂੰ ਪਹਿਲੀ ਕਤਾਰ ਵਿੱਚ ਬੈਠਣ ਲਈ ਬੁਲਾਏਗੀ। ਉਸਦੀ ਆਰਤੀ ਵਾਲੀ ਤਿਕੜੀ ਦੀ ਸਥਾਈ ਸਦੱਸਤਾ ਬਹਾਲ ਕੀਤੀ ਜਾਏਗੀ।

ਨੇਹਾ ਨੂੰ ਬੈਠਿਆਂ ਅੱਧਾ ਘੰਟਾ ਬੀਤ ਗਿਆ। ਸੰਚਾਲਕ ਨੇ ਉਸਨੂੰ ਬੈਠਿਆਂ ਦੇਖ ਲਿਆ ਸੀ। ਪਲਵੀ ਪਹਿਲੀ ਕਤਾਰ ਵਿੱਚ ਬੈਠੀ ਸੀ। ਉਹ ਕਈ ਵਾਰ ਸੰਚਾਲਕ ਦੇ ਕੰਨ ਵਿੱਚ ਘੁਸਰ ਮੁਸਰ ਕਰ ਚੁੱਕੀ ਸੀ। ਪਰ ਸੰਚਾਲਕ ਵੱਲੋਂ ਕੋਈ ਹਿਲਜੁਲ ਨਹੀਂ ਸੀ ਹੋ ਰਹੀ।

ਸਭ ਕੁੱਝ ਭੁਲਾ ਕੇ ਨੇਹਾ ਨੇ ਧਿਆਨ ਲਾਉਣ ਦਾ ਯਤਨ ਕੀਤਾ।

ਅੱਖਾਂ ਬੰਦ ਹੁੰਦਿਆਂ ਹੀ ਵਿਨਾਸ਼ ਦਾ ਉਹੋ ਮਹਾਂ ਦ੍ਰਿਸ਼ ਨੇਹਾ ਅੱਗੇ ਸੁਰਜੀਤ ਹੋਣ ਲੱਗਾ। ਇੱਕ ਰਾਕਸ਼ਸ਼ ਉਸਦਾ ਚੀਰ ਹਰਣ ਕਰ ਰਿਹਾ ਸੀ। ਦੂਸਰਾ ਕਮਲ ਨੂੰ ਕੋਹ ਕੋਹ ਮਾਰ ਰਿਹਾ ਸੀ। ਤੀਸਰਾ ਉਸਦੀ ਮਾਂ ਨੂੰ ਘੜੀਸ ਰਿਹਾ ਸੀ ਅਤੇ ਚੌਥਾ ਉਸਦੇ ਬਾਪ ਦਾ ਘਾਣ ਕਰ ਰਿਹਾ ਸੀ। ਚਾਰੇ ਪਾਸੇ ਲਹੂ ਸੀ, ਬਰਬਾਦੀ ਸੀ ਅਤੇ ਚੀਖ਼ ਚਿਹਾੜਾ ਸੀ।

ਹੰਝੂ ਭਰੀਆਂ ਅੱਖਾਂ ਨੂੰ ਨੇਹਾ ਨੇ ਝੱਟ ਖੋਲ੍ਹ ਲਿਆ।

ਪਲਵੀ ਅਤੇ ਉਸ ਦੇ ਮਾਪਿਆਂ ਦੇ ਜ਼ੋਰ ਪਾਉਣ ਦੇ ਬਾਵਜੂਦ ਵੀ ਨਾ ਨੇਹਾ ਨੂੰ ਪਹਿਲੀ ਕਤਾਰ ਵਿੱਚ ਬਿਠਾਇਆ ਗਿਆ, ਨਾ ਉਸਦੇ ਪਰਿਵਾਰ ਲਈ ਸਮੂਹਿਕ ਪ੍ਰਾਰਥਨਾ ਕੀਤੀ ਗਈ।

ਸੰਚਾਲਕ ਨੂੰ ਤਾਂ ਨੇਹਾ ਦਾ ਸੈਂਟਰ ਆਉਣਾ ਹੀ ਬੁਰਾ ਲੱਗਾ ਸੀ।

ਸਹਿਯੋਗੀ ਆਪਣੇ ਧਿਆਨ ਨੂੰ ਆਗਿਆ ਚੱਕਰ ’ਤੇ ਕੇਂਦਰਤ ਕਰ ਰਹੇ ਸਨ।

ਧਿਆਨ ਕੇਂਦਰਤ ਕਰਕੇ ਉਨ੍ਹਾਂ ਨੇ ਮਾਤਾ ਜੀ ਕੋਲ ਪ੍ਰਾਰਥਨਾ ਕਰਨੀ ਸੀ। ਉਨ੍ਹਾਂ ਦੇ ਗੁੱਸੇ ਅਤੇ ਅਹੰਕਾਰ ਨੂੰ ਹਰ ਲਿਆ ਜਾਵੇ। ਮਾਤਾ ਜੀ ਦਾ ਦਾਅਵਾ ਸੀ, ਇਸ ਭਾਵਨਾ ਦੇ ਪੈਦਾ ਹੁੰਦੇ ਹੀ ਸਹਿਯੋਗੀ ਦਾ ਗੁੱਸਾ ਉੱਡ ਜਾਂਦਾ ਸੀ ਅਤੇ ਉਸਦਾ ਦਿਮਾਗ਼ ਠੰਡਾ ਹੋ ਜਾਂਦਾ ਸੀ।

ਪਰ ਜਦੋਂ ਨੇਹਾ ਨੂੰ ਆਰਤੀ ਲਈ ਨਾ ਬੁਲਾਇਆ ਗਿਆ ਤਾਂ ਉਸਦਾ ਆਗਿਆ ਚੱਕਰ ਗੁੱਸੇ ਨਾਲ ਭੱਖ ਉੱਠਿਆ। ਉਸਦੀਆਂ ਹਥੇਲੀਆਂ ਵਿਚੋਂ ਸੇਕ ਨਿਕਲਣ ਲੱਗਾ।

ਸਾਰੇ ਸਹਿਯੋਗੀ ਉਸ ਨੂੰ ਅਹੰਕਾਰੀ ਅਤੇ ਪਾਖੰਡੀ ਲਗੇ। ਕਿਸੇ ਨੇ ਉਸਦੀਆਂ ਜ਼ਖ਼ਮੀ ਭਾਵਨਾਵਾਂ ਨੂੰ ਪਲੋਸਣ ਦਾ ਯਤਨ ਨਹੀਂ ਸੀ ਕੀਤਾ। ਉਲਟਾ ਜਾਣ ਬੁੱਝ ਕੇ ਉਸ ਨੂੰ ਛੁਟਿਆਇਆ ਗਿਆ ਸੀ।

ਆਰਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਉਠ ਕੇ ਤੁਰ ਪਈ।

ਸੈਂਕੜੇ ਤਰਸ ਅਤੇ ਨਫ਼ਰਤ ਭਰੀਆਂ ਅੱਖਾਂ ਦਾ ਸਾਹਮਣਾ ਕਰਨ ਦੀ ਉਸਦੀ ਹਿੰਮਤ ਨਹੀਂ ਸੀ।

ਪਲਵੀ ਅਤੇ ਹੋਰ ਸਹਿਯੋਗੀ ਧਿਆਨ ਵਿੱਚ ਮਗਨ ਸਨ। ਕਿਸੇ ਨੂੰ ਨੇਹਾ ਦੇ ਬਾਹਰ ਜਾਣ ਦਾ ਪਤਾ ਨਾ ਲੱਗਾ।

ਪਲਵੀ ਦੇ ਘਰ ਜਾ ਕੇ ਨੇਹਾ ਨੇ ਕੀ ਕਰਨਾ ਸੀ?

ਜਦੋਂ ਸਹਿਯੋਗ ਹੀ ਉਸ ਨੂੰ ਨਹੀਂ ਸੀ ਅਪਣਾ ਰਿਹਾ, ਹੋਰ ਉਸ ਨੂੰ ਕਿਸ ਨੇ ਅਪਣਾਉਣਾ ਸੀ?

ਇਸ ਜ਼ਿਲਤ ਭਰੀ ਜ਼ਿੰਦਗੀ ਨਾਲੋਂ ਉਹ ਮੌਤ ਨੂੰ ਤਰਜੀਹ ਦੇਣ ਲੱਗੀ।

ਨੇਹਾ ਨੇ ਆਪਣਾ ਮੂੰਹ ਰੇਲਵੇ ਲਾਈਨਾਂ ਵੱਲ ਭੁਆ ਲਿਆ।

ਮਾਇਆ ਨਗਰ ਦੀਆਂ ਰੇਲਵੇ ਲਾਈਨਾਂ ਉਪਰ ਕੋਈ ਨਾ ਕੋਈ ਗੱਡੀ ਆਉਂਦੀ ਜਾਂਦੀ ਰਹਿੰਦੀ ਸੀ।

ਰਸਤੇ ਵਿੱਚ ਉਸਨੂੰ ਕਈ ਵਾਰ ਭੁਲੇਖੇ ਪਏ। ਕਮਲ ਜਿਵੇਂ ਉਸਦਾ ਪਿੱਛਾ ਕਰ ਰਿਹਾ ਸੀ। ਉਸਨੂੰ ਅਵਾਜ਼ਾਂ ਮਾਰ ਰਿਹਾ ਸੀ।

ਹਰ ਵਾਰ ਉਹ ਪਿੱਛੇ ਮੁੜਕੇ ਦੇਖਦੀ। ਕਿਧਰੇ ਕੁੱਝ ਨਹੀਂ ਸੀ।

“ਧਰਿਤਰਾਸ਼ਟਰ ਅੰਨ੍ਹਾ ਸੀ। ਇਹ ਉਸਦੀ ਮਜਬੂਰੀ ਸੀ। ਅੱਖਾਂ ਹੁੰਦੇ ਹੋਏ ਅੱਖਾਂ ’ਤੇ ਪੱਟੀ ਬੰਨ੍ਹਣ ਦੀ ਕੰਧਾਰੀ ਦੀ ਕੀ ਮਜਬੂਰੀ ਸੀ?”

ਇੱਕ ਵਾਰ ਨੇਹਾ ਤੋਂ ਕਮਲ ਨੇ ਇਹ ਪ੍ਰਸ਼ਨ ਪੁੱਧਛਿਆ ਸੀ।

ਫੇਰ ਆਪੇ ਉਸਨੇ ਉੱਤਰ ਦਿੱਤਾ ਸੀ। ਇਹ ਕੰਧਾਰੀ ਦੀ ਆਪਣੇ ਫਰਜ਼ਾਂ ਤੋਂ ਕੁਤਾਹੀ ਸੀ। ਜੇ ਉਹ ਅੱਖਾਂ ਖੁਲ੍ਹੀਆਂ ਰੱਖਦੀ ਤਾਂ ਕਦੇ ਮਹਾਂਭਾਰਤ ਨਾ ਹੁੰਦਾ।

ਕਮਲ ਅੱਜ ਫੇਰ ਜਿਵੇਂ ਉਸ ਤੋਂ ਇਹੋ ਪ੍ਰਸ਼ਨ ਪੁੱਛ ਰਿਹਾ ਸੀ।

ਕਮਲ ਨੂੰ ਕਤਲ ਕਰ ਦਿੱਤਾ ਗਿਆ। ਇਹ ਕਮਲ ਦੀ ਮਜਬੂਰੀ ਸੀ। ਨੇਹਾ ਜਿਊਂਦੀ ਹੋ ਕੇ ਕਿਉਂ ਮਰ ਰਹੀ ਸੀ? ਜੇ ਉਹ ਮਰ ਗਈ ਪਿੱਛੋਂ ਇੱਕ ਹੋਰ ਮਹਾਂਭਾਰਤ ਹੋ ਜਾਏਗਾ।

ਉਨ੍ਹਾਂ ਦੇ ਮਾਂ ਬਾਪ ਰੁਲ ਕੇ ਮਰ ਜਾਣਗੇ। ਕਮਲ ਦੇ ਕਾਤਲ ਬਰੀ ਹੋ ਜਾਣਗੇ।

ਨੇਹਾ ਸੰਭਲੀ। ਉਸਨੇ ਆਪਣੀਆਂ ਅੱਖਾਂ ਉਪਰਲੀ ਪੱਟੀ ਖੋਲ੍ਹ ਦਿੱਤੀ। ਮਨ ਹੀ ਮਨ ਉਸਨੇ ਕਮਲ ਨਾਲ ਵਾਅਦਾ ਕੀਤਾ। ਉਹ ਹਰ ਕੀਮਤ ’ਤੇ ਆਪਣੇ ਫਰਜ਼ ਨਿਭਾਏਗੀ।

ਨੇਹਾ ਨੇ ਮੋੜ ਕੱਟਿਆ। ਉਹ ਸਿੱਧੀ ਦਯਾਨੰਦ ਹਸਪਤਾਲ ਵੱਲ ਹੋ ਲਈ।

 

-29-

 

ਵੇਦ ਸੱਤ ਦਿਨ ਬੇਹੋਸ਼ ਰਿਹਾ।

ਹੁਣ ਤਿੰਨ ਦਿਨ ਤੋਂ ਉਹ ਹੋਸ਼ ਵਿੱਚ ਸੀ। ਪਰ ਹੋਸ਼ ਵਿੱਚ ਰਹਿ ਕੇ ਵੀ ਉਹ ਬੇਹੋਸ਼ਾਂ ਵਰਗਾ ਸੀ। ਉਸਦੇ ਦੋਹਾਂ ਹੱਥਾਂ, ਬਾਹਾਂ, ਪੈਰਾਂ ਅਤੇ ਟੰਗਾਂ ਉਪਰ ਪਲੱਸਤਰ ਲਗਾ ਹੋਇਆ ਸੀ। ਜਬਾੜੇ ਨੂੰ ਤਾਰਾਂ ਨਹੀਂ ਸਨ ਖੁੱਲ੍ਹਣ ਦਿੰਦੀਆਂ। ਨਾ ਉਹ ਬੋਲ ਸਕਦਾ ਸੀ, ਨਾ ਲਿਖ ਕੇ ਸਮਝਾ ਸਕਦਾ ਸੀ।

ਹੋਸ਼ ਵਿੱਚ ਆਉਣ ਬਾਅਦ ਬਹੁਤਾ ਚਿਰ ਉਹ ਰੋਂਦਾ ਰਿਹਾ ਸੀ। ਇਨ੍ਹਾਂ ਤਿੰਨ ਦਿਨਾਂ ਵਿੱਚ ਕਮਲ, ਨੀਲਮ ਜਾਂ ਨੇਹਾ ਕੋਈ ਵੀ ਉਸਦਾ ਹਾਲ ਪੁੱਛਣ ਨਹੀਂ ਸੀ ਆਇਆ।

ਕਮਲ ਬਾਰੇ ਉਸ ਤੋਂ ਛੁਪਾਇਆ ਗਿਆ ਸੀ। ਰਾਮ ਨਾਥ ਹਜ਼ਾਰ ਵਾਰ ਆਖਦਾ ਰਹੇ, ਸਭ ਸੁੱਖ ਸਾਂਦ ਸੀ, ਪਰ ਵੇਦ ਸਮਝ ਰਿਹਾ ਸੀ ਕੁੱਝ ਵੀ ਠੀਕ ਨਹੀਂ ਸੀ।

ਪਹਿਲੀ ਵਾਰ ਨੇਹਾ ਜਦੋਂ ਉਸਦੇ ਸਾਹਮਣੇ ਆਈ ਤਾਂ ਉਸ ਦੀਆਂ ਅੱਖਾਂ ਵਿਚੋਂ ਗੰਗਾ ਜਮਨਾ ਵਹਿ ਤੁਰੀ। ਨਾ ਉਹ ਨੇਹਾ ਦਾ ਸਿਰ ਪਲੋਲ ਸਕਦਾ ਸੀ, ਨਾ ਉਸ ਨੂੰ ਹਿੱਕ ਨਾਲ ਲਾ ਸਕਦਾ ਸੀ। ਉਹ ਕੇਵਲ ਹੰਝੂ ਵਹਾ ਸਕਦਾ ਸੀ ਤੇ ਉਹ ਨੀਰ ਵਹਾ ਰਿਹਾ ਸੀ।

ਡਾਕਟਰਾਂ ਦੀ ਸਲਾਹ ਅਤੇ ਆਪਣੀ ਪੀੜ ਦੀ ਬਿਨਾਂ ਪਰਵਾਹ ਕੀਤੇ ਵੇਦ ਨੇ ਕਮਲ ਦੀ ਹਾਲਤ ਜਾਨਣ ਲਈ ਆਪਣਾ ਮੂੰਹ ਖੋਲ੍ਹ ਦਿੱਤਾ।

ਕਮਲ ਦਾ ਨਾਂ ਵੇਦ ਦੀ ਜ਼ਬਾਨ ’ਤੇ ਆਉਂਦਿਆਂ ਹੀ ਨੇਹਾ ਦੀਆਂ ਧਾਹਾਂ ਨਿਕਲ ਗਈਆਂ।

ਵੇਦ ਸਭ ਸਮਝ ਗਿਆ। ਉਹ ਵੀ ਭੁੱਬਾਂ ਮਾਰ ਕੇ ਰੋ ਪਿਆ।

ਵੇਦ ਦੇ ਜਬਾੜੇ ਵਿਚੋਂ ਖੂਨ ਵਹਿ ਤੁਰਿਆ। ਥੋੜ੍ਹੀ ਬਹੁਤ ਜੁੜੀ ਹੱਡੀ ਦੇ ਟੁੱਟ ਜਾਣ ਦੀ ਸੰਭਾਵਨਾ ਵਧ ਗਈ, ਪਰ ਬਿਨਾਂ ਕੋਈ ਪਰਵਾਹ ਕੀਤੇ ਵੇਦ ਖੁਲ੍ਹ ਕੇ ਕਮਲ ਨੂੰ ਰੋਂਦਾ ਰਿਹਾ।

ਉੱਚੀ ਉੱਚੀ ਰੋਣ ਕਾਰਨ ਜਿਵੇਂ ਉਸ ਦੀਆਂ ਖ਼ੂਨ ਵਾਲੀਆਂ ਨਾੜੀਆਂ ਸੁੰਨ ਹੋ ਗਈਆਂ। ਵਗਦਾ ਖ਼ੂਨ ਜਾਂ ਹੁੰਦਾ ਦਰਦ ਉਸ ਨੂੰ ਮਹਿਸੂਸ ਨਹੀਂ ਸੀ ਹੋ ਰਿਹਾ।

ਵੇਦ ਨੂੰ ਬੇਕਾਬੂ ਹੋਇਆ ਦੇਖ ਕੇ ਨਰਸ ਬੇਹੋਸ਼ੀ ਦਾ ਟੀਕਾ ਲਾ ਗਈ।

ਕੁੱਝ ਦੇਰ ਤੜਪ ਕੇ, ਨਸ਼ੇ ਕਾਰਨ ਉਸਦਾ ਮਨ ਅਤੇ ਸਰੀਰ ਸ਼ਾਂਤ ਹੋ ਗਏ।

ਵੇਦ ਦੇ ਇਸ ਰੁਦਨ ਨੇ ਉਸਦੀ ਸਿਹਤ ਦਾ ਕਬਾੜਾ ਕਰ ਦਿੱਤਾ। ਜ਼ਖ਼ਮਾਂ ਵਿੱਚ ਇਨਫੈਕਸ਼ਨ ਹੋ ਗਈ। ਤਾਰਾਂ ਮਾਸ ਵਿੱਚ ਖੁੱਭ ਗਈਆਂ। ਜੁੜੀਆਂ ਹੱਡੀਆਂ ਫੇਰ ਵੱਖ ਹੋ ਗਈਆਂ।

ਛੁੱਟੀ ਹੋਣ ਦੀ ਸੰਭਾਵਨਾ ਦੋ ਹਫ਼ਤੇ ਲਈ ਅੱਗੇ ਪੈ ਗਈ।

Additional Info

  • Writings Type:: A single wirting
Read 2028 times Last modified on Friday, 27 April 2018 02:21