Print this page
Wednesday, 28 October 2009 15:42

ਵਕਤ ਤੇ ਵਖਤ ਨਾਲੋ ਨਾਲ

Written by
Rate this item
(2 votes)

ਵੱਸਦਾ ਰੱਸਦਾ ਘਰ। ਸਬਰ‎,‎ ਸੰਤੋਖ ਦਾ ਪ੍ਰੀਵਾਰ ਵਿੱਚ ਪਸਾਰਾ। ਇੱਕ ਦੂਜੇ ਦੇ ਸਾਹੀਂ ਜਿਉਂਦੇ। ਇੱਕ ਦਾ ਦਰਦ‎,‎ ਸਭ ਦਾ ਦਰਦ। ਸਮੇਂ ਦੀ ਮਟਕਵੀਂ ਤੋਰ `ਚ‎,‎ ਚੇਤਿਆਂ ਚੋਂ ਖੁੱਰ ਚੁੱਕਾ‎,‎ ਵਕਤ ਦੇ ਬੀਤਣ ਦਾ ਅਹਿਸਾਸ। ਵਕਤ ਦਾ ਕਹਿਰ ਕਿ ਪ੍ਰੀਵਾਰ ਦੀ ਪਛਾਣ ਸਿਰਜਣ ਵਾਲਾ ਸਦਾ ਲਈ ਤੁੱਰ ਗਿਆ ਤੇ ਵਕਤ ਦੀ ਹਿੱਕ ਤੇ ਵਖਤ ਬੀਜ ਗਿਆ।

ਵਕਤ ਤੁਹਾਡੀਆਂ ਤਲੀਆ `ਤੇ ਮਹਿੰਦੀ ਵੀ ਲਾਉਂਦਾ ਏ‎,‎ ਫੈਲੀ ਹੋਈ ਬਹੁਰੂਪਤਾ ਦੀ ਸਰੋਂ ਵੀ ਉਗਾਉਂਦਾ ਏ ਤੇ ਤੁਹਾਨੂੰ‎,‎ ਤੁਹਾਡੇ ਅੰਤਰੀਵ ਦੀ ਥਾਹ ਵੀ ਪਵਾਉਂਦਾ ਏ।

ਵਖਤ‎,‎ ਵਕਤ ਦਾ ਕਰੂਰ ਸੱਚ। ਹੋਣੀਆਂ ਦਾ ਨਾਜਲ ਹੋਇਆ ਹੱਠ। ਬੇਰਹਿਮ ਸੋਚ ਦਾ ਪੈਰਾਂ `ਚ ਖਿੱਲਰਿਆ ਕੱਚ। ਤੇ ਉਸ ਕੱਚ `ਚੋਂ ਲਿਸ਼ਕੋਰਦਾ ਸੱਚ।

ਵਖਤ ਹੀ ਬਣਦਾ ਏ ਖਰੇ ਖੋਟੇ ਦੀ ਪਛਾਣ। ਮਨੁੱਖ `ਚ ਸਮੋਇਆ ਹੈਵਾਨ ਜਾਂ ਇਨਸਾਨ। ਕਰਮ ਤੇ ਧਰਮ `ਚ ਲਿਪਟਿਆ ਧੁੰਧਲਾ ਵਿਖਿਆਨ। ਬੋਲ ਤੇ ਸੋਚ ਦੇ ਅਸਾਂਵੇਂਪਣ ਦੀ ਥਿੜਕਦੀ ਜੁਬਾਨ ਅਤੇ ਉਮਰ ਕੈਦ ਹੰਢਾਉਂਦਾ ਭਗਵਾਨ।

ਵਖਤ ਤੇ ਵਕਤ ਨਾਲੋ ਨਾਲ। ਕਦੇ ਇੱਕ ਦੂਜੇ ਦਾ ਹੁੰਗਾਰਾ। ਕਦੇ ਇੱਕ ਦੂਜੇ ਦੀ ਹੋਂਦ ਤੇ ਅਣਹੋਂਦ ਦਾ ਹਾਉਕਾ ਭਰਦੇ।

ਵਖਤ ਹੋਣੀ ਦਾ ਧਕੜਸ਼ਾਹੀ ਰੂਪ। ਰੂਪ `ਚੋਂ ਉਭਰਦਾ ਪ੍ਰਤੀਰੂਪ ਤੇ ਪ੍ਰਤੀ ਰੂਪ ਦੇ ਮਖੌਟਿਆਂ ਦਾ ਬਣ ਜਾਣਾ ਬਹੁਰੂਪ।

ਜਦ ਵਕਤ ਦੇ ਵਿਹੜੇ `ਚ ਵਖਤ ਵਿਗਸਦਾ ਏ ਤਾਂ ਰੋਂਦੀ ਏ ਫਿਜਾ‎,‎ ਵਿਲਕਦੇ ਨੇ ਹੱਥੀਂ ਲਾਏ ਨਿੱਕੇ ਨਿੱਕੇ ਬੂਟੇ‎,‎ ਅੱਥਰੂ `ਚ ਧੋਤੀਆਂ ਜਾਂਦੀਆਂ ਨੇ ਫੁੱਲਾਂ ਦੀਆਂ ਪੱਤੀਆਂ‎,‎ ਸਦਮੇ ਦੇ ਕੋਹਰੇ ਦੀ ਮਾਰ ਹੇਠ ਆ ਜਾਂਦੀਆਂ ਨੇ ਕਰੂੰਬਲਾਂ ਤੇ ਚਮਨ `ਤੇ ਪਸਰ ਜਾਂਦੀ ਏ ਉਦਾਸੀ ਦੀ ਪਰਤ।

ਵਕਤ ਤੇ ਵਖਤ ਦੋ ਸਮਰੂਪ। ਦੋ ਵੱਖੋ ਵੱਖਰੀਆਂ ਸੀਮਾਵਾਂ ਤੇ ਸੰਭਾਵਨਾਵਾਂ `ਚ ਫੈਲੇ ਹੋਏ ਜਿੰਦਗੀ ਦੇ ਗੁੱਝੇ ਅਰਥ। ਸਮੁੱਚਾ ਜੀਵਨ ਇਹਨਾਂ ਦੁਆਲੇ ਹੀ ਆਪਣੇ ਆਪ ਨੂੰ ਪ੍ਰੀਭਾਸ਼ਤ ਕਰਦਾ ਤੇ ਨਿਰਧਾਰਤ ਕਰਦਾ। ਇੱਕ ਦੂਜੇ `ਚੋਂ ਨਵੇਂ ਤੇ ਨਰੋਏ ਅਰਥਾਂ ਦੀ ਸੁੱਚੀ ਪੇਸ਼ਕਾਰੀ।

ਖੁੱਦੀ ਦਾ ਸ਼ਿਕਾਰ ਹੋਏ ਲੋਕ ਭੁੱਲ ਜਾਂਦੇ ਨੇ ਉਹਨਾਂ ਸਮਿਆਂ ਨੂੰ ਜਦ ਕਿਸੇ ਦੇ ਠੁੰਮਣੇ ਨੇ ਉਹਨਾਂ ਲਈ ਖੜੇ ਹੋਣ ਦਾ ਸਬੱਬ ਬਣਾਇਆ। ਬੜੇ ਬੇਲਿਹਾਜ ਤੇ ਬੇਨਿਆਜ ਹੋ ਜਾਂਦੇ ਨੇ ਉਸ ਬੋਲਦੇ ਜਿਸ ਨੇ ਉਹਨਾਂ ਲਈ ਵਕਤ ਦੇ ਸਿਰਲੇਖ ਦੇ ਨਕਸ਼ ਸਿਰਜੇ ਹੋਣ।

ਜੇ ਵਕਤ ਦੀ ਬੀਹੀ `ਚ ਵਖਤ ਗੇੜਾ ਨਾ ਪਾਵੇ ਤਾਂ ਕੋਈ ਕਿੰਝ ਜਾਣ ਸਕੇਗਾ ਹਾਉਕੇ ਦੀ ਜੂਨ ਭੋਗਦੇ ਮਨੁੱਖ ਦੀ ਹੋਣੀ। ਇੱਕ ਅਮੀਰ ਲਈ ਉਸ ਮਜਦੂਰ ਦੀ ਮਾਨਸਕਤਾ ਨੂੰ ਸਮਝਣਾ ਬਹੁਤ ਅਸੰਭਵ ਹੈ ਜਿਸਨੂੰ ਸਵੇਰੇ ਕੰਮ `ਤੇ ਆਉਣ ਸਾਰ‎,‎ ਬਿਨ੍ਹਾਂ ਕਿਸੇ ਕਾਰਨ ਦੱਸੇ ਕੰਮ ਤੋਂ ਕੱਢ ਦਿਤਾ ਜਾਵੇ। ਭੁੱਖੇ ਪ੍ਰੀਵਾਰ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਜਦ ਸਿੱਸਕ ਕੇ ਮਰ ਜਾਂਦਾ ਹੈ ਤਾਂ ਕੌਣ ਪੜੇਗਾ ਉਸਦੇ ਮਨ `ਚ ਪਨਪੀ ਵੇਦਨਾ ਦੀ ਇਬਾਦਤ।

ਵਖਤ ਸਦੀਵੀ ਨਹੀਂ ਹੁੰਦਾ। ਸਮੇਂ ਦੇ ਬੀਤਣ ਨਾਲ ਇਸਦੇ ਨਕਸ਼ ਧੁੰਧਲੇ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਕੁੱਝ ਨਿਸ਼ਾਨ ਹੀ ਬਾਕੀ ਰਹਿ ਜਾਂਦੇ ਨੇ ਜੋ ਸਾਨੂੰ ਯਾਦ ਦਿਵਾਉਂਦੇ ਨੇ ਕਿ ਅਸੀਂ ਆਪਣੀ ਔਕਾਤ ਨਾ ਭੁੱਲ ਜਾਈਏ।

ਵਖਤ ਦੇ ਨੈਣਾਂ `ਚ ਝਾਕਣ ਦੀ ਤੁਹਾਡੇ `ਚ ਕਿੰਨੀ ਤੀਬਰਤਾ ਹੈ? ਤੁਸੀਂ ਕਿਸ ਰੂਪ `ਚ ਇਸ ਪਹਿਰ ਨੂੰ ਲੈਂਦੇ ਹੋ? ਕਿਹੜੇ ਸਰੋਕਾਰਾਂ ਨਾਲ ਸਥਿਰਤਾ ਤੇ ਸਬੂਤੇਪਣ ਨੂੰ ਕਾਇਮ ਰੱਖਦੇ ਹੋ‎,‎ ਇਹ ਤੁਹਾਡੇ ਵਿਅਕਤੀਤੱਵ `ਤੇ ਉਕਰੀ ਚਿੱਤਰਕਾਰੀ ਨਿਰਧਾਰਤ ਕਰਦੀ ਹੈ।

ਅਸੀਂ ਸਮੇਂ ਨੂੰ ਆਪਣੀਆਂ ਅੱਖਾਂ ਰਾਹੀਂ ਨਿਹਾਰਦੇ‎,‎ ਆਪਣੇ ਅੰਦਰਲੇ ਰੰਗਾਂ ਨਾਲ ਚਿਤਰਦੇ ਹਾਂ। ਆਪਣੀਆਂ ਸੰਵੇਦਨਾਵਾਂ ਦੇ ਚਾਨਣ `ਚ ਉਸਦੀ ਤਵਾਰੀਖ ਨੂੰ ਪੜਨ `ਚ ਮਸਰੂਫ ਹੁੰਦੇ ਹਾਂ ਪਰ ਜਦ ਅਚਨਚੇਤ ਹੀ ਵਕਤ ਦੇ ਦੀਦਆਂ `ਚ ਵਖਤ ਦੇ ਕੁੱਕਰੇ ਪੈ ਜਾਂਦੇ ਨੇ ਤਾਂ ਝਾਉਲੇ ਨਜਰ ਦੇ ਦਿਸਹੱਦੇ‎,‎ ਸਾਡੀਆਂ ਮੰਜ਼ਲਾਂ ਨੂੰ ਸਾਥੌਂ ਦੂਰ ਲੈ ਜਾਣ ਦੀ ਕੋਸ਼ਿਸ਼ ਕਰਦੇ ਨੇ।

ਵਖਤ ਸਿਆਣਪਾਂ ਦੀ ਸੱਗਵੀਂ ਸੋਚ। ਤੁਸੀਂ ਅਣਕਿਆਸੇ ਹਾਲਾਤਾਂ `ਚੋਂ ਗੁਜਰਦੇ‎,‎ ਉਹਨਾਂ ਦੇ ਰੂ ਬਰੂ ਹੁੰਦੇ‎,‎ ਗੁਫਤਗੂ ਕਰਦੇ‎,‎ ਉਸ ਨਾਲ ਜਿਊਂਣ ਦਾ ਵੱਲ ਸਿਖਦੇ ਹਾਂ।

ਅਸੀਂ ਸਭ ਵਕਤ ਦੀ ਬੇਦਾਗ ਤੇ ਸੂਹੀ ਪਛਾਣ ਦੇ ਅਭਿਲਾਸ਼ੀ ਹੁੰਦੇ ਹਾਂ। ਸਾਡੀ ਸੋਚ `ਚੋਂ ਖੁੱਰ ਚੁੱਕੀ ਹੁੰਦਾ ਹੈ ਵਕਤ ਦਾ ਉਹ ਦੌਰ ਜਦ ਅਸੀਂ ਵਕਤ `ਚ ਆਪਣੀ ਪਛਾਣ ਸਿਰਜਣ ਲਈ ਯਤਨਸ਼ੀਲ ਹੁੰਦੇ ਹਾਂ। ਸਾਡਾ ਹਰ ਕਦਮ‎,‎ ਇੱਕ ਜਦੋਜਹਿਦ ਦਾ ਪ੍ਰਤੀਕ ਤੇ ਹਰ ਬੋਲ‎,‎ ਕੰਧਾਂ `ਤੇ ਉਕਰੀ ਹੋਈ ਲੀਕ।

ਨਿੱਜ ਦੇ ਦੁਆਲੇ ਸੁੰਘੜੇ ਹੋਏ ਸੋਚ ਦੇ ਦਾਇਰੇ‎,‎ ਮਾਨਵੀ ਭਾਵਨਾਵਾਂ ਦੀ ਹਿੱਕ `ਚ ਡੂੰਘਾ ਜਖਮ ਧਰਦੇ‎,‎ ਸਮਾਜਿਕ ਸਰੋਕਾਰਾਂ ਦਾ ਸੱਜਰਾ ਤੇ ਸੂਖਮ ਸੰਤਾਪ ਬਣਦੇ ਨੇ।

ਵਖਤ ਸਾਨੂੰ ਆਪੇ ਨਾਲ ਜੋੜਦਾ ਹੈ। ਪਰਖੇ ਜਾਦੇ ਨੇ ਸਾਂਝੇ ਦੇ ਉਸਰੇ ਹੋਏ ਕਾਗਜੀ ਪੁੱਲ‎,‎ ਲੀਰਾਂ ਲੀਰਾਂ ਹੋ ਜਾਂਦੀ ਹੈ ਰਿਸ਼ਤਿਆਂ ਦੀ ਅਮਾਨਵੀ ਤਫਸੀਲ। ਖੋਖਲੇ ਸਾਬਤ ਹੁੰਦੇ ਨੇ ਦਾਅਵਿਆਂ ਦੇ ਵੱਡੇ ਵੱਡੇ ਹੋਕਰੇ‎,‎ ਪਤਾਲ ਵਿੱਚ ਗਰਕ ਜਾਂਦੀ ਹੈ‎,‎ ਹਮਦਰਦੀ ਦੀ ਉੱਚੀ ਦੀਵਾਰ।

ਯਾਦ ਰੱਖਿੳ! ਵਖਤ ਸਦੀਵੀ ਨਹੀਂ ਰਹਿੰਦਾ। ਥੋੜ ਚਿਰਾ। ਤੁਹਾਡੇ ਪਰਖ ਦੀ ਘੜੀ। ਤੁਹਾਡੇ ਤਹੱਮਲ ਦਾ ਇਮਤਿਹਾਨ। ਤੁਹਾਡੀ ਸੋਚ ਵਿਚਲੀ ਪਰਪਕਤਾ ਤੇ ਠਹਿਰਾਉ ਦੀ ਅਜਮਾਇਸ਼। ਤੁਹਾਡੇ ਸਮੁੱਚ ਦੀ ਸੰਭਲਤਾ ਤੇ ਸਥਿਰਤਾ ਦਾ ਵਹੀਖਾਤਾ।

ਜਦ ਵਖਤ ਆਉਂਦਾ ਏ ਤਾਂ ਸਮਾਜ `ਚ ਪੱਸਰੀ ਮਖੌਟਿਆਂ ਦੀ ਭੀੜ ਜੱਗ ਜਾਹਰ ਹੁੰਦੀ ਹੈ। ਤੁਸੀਂ ਸੱਚ ਤੇ ਕੂੜ ਦੇ ਸੰਦਰਭ ਸਮਝਣ ਦੇ ਸਮਰੱਥ ਹੁੰਦੇ ਹੋ।

ਬਾਰਸ਼ਾਂ `ਚ ਡਿਗੂੰ ਡਿਗੂੰ ਕਰਦੇ ਢਾਰੇ ਦੀ ਥੰਮੀ‎,‎ ਜਦ ਮੀਂਹ ਮੂਹਰੇ ਹਿੱਕ ਡਾਹ ਲਵੇ ਤਾਂ ਤੁਫਾਨ ਤੇ ਹੜ ਵੀ ਆਪਣੀ ਦਿਸ਼ਾ ਬਦਲਣ ਲਈ ਮਜਬੂਰ ਹੋ ਜਾਂਦੇ ਨੇ।

ਕਦੇ ਘੁੱਪ ਹਨੇਰੇ `ਚ ਟਿਮਟਿਮਾਉਂਦੇ ਜੁਗਨੂੰ ਵੰਨੀਂ ਝਾਕਿਉ ਤਾਂ ਤੁਹਾਨੂੰ ਅਹਿਸਾਸ ਹੋ ਜਾਏਗਾ ਕਿ ਚਾਨਣ ਦੀ ਨਿੱਕੀ ਜਹੀ ਕਾਤਰ ਵੀ‎,‎ ਹਨੇਰੇ ਨਾਲ ਆਢਾ ਲਾਉਣ ਤੋਂ ਕੰਨੀਂ ਨਹੀਂ ਕਤਰਾੳਂਦੀ। ਲੋੜ ਤਾਂ ਜੁਗਨੂੰ ਬਣਨ ਦੀ ਹੈ‎,‎ ਹਨੇਰਿਆਂ ਦੀ ਰੁੱਤ ਪਰਾਈ ਹੋਣ ਲੱਗਿਆਂ ਦੇਰ ਨਹੀਂ ਲਾਉਂਦੀ।

ਵਖਤ ਸਾਨੂੰ ਪਰਖਦਾ ਹੈ‎,‎ ਸਾਡੇ ਸੰਬੰਧਾਂ ਨੂੰ‎,‎ ਸਾਡੀਆਂ ਰਿਸ਼ਤੇਦਾਰੀਆਂ ਨੂੰ‎,‎ ਸਾਡੀਆਂ ਸਮਾਜਿਕ ਤੰਦਾਂ ਦੀ ਤਾਕਤ ਨੂੰ‎,‎ ਸਾਡੀਆਂ ਭਾਵਨਾਵਾਂ ਦੇ ਸੁੱਚਮ ਨੂੰ‎,‎ ਸਾਡੀਆਂ ਤਰਜੀਹਾਂ ਦੇ ਉੱਚਮ ਨੂੰ ਅਤੇ ਸਾਡੀ ਪਸੰਦ ਦੇ ਸੁੱਚੇ ਸਰੋਕਾਰਾਂ ਨੂੰ।

ਵਕਤ ਦੀ ਧੁੰਦ `ਚੋਂ‎,‎ ਵਕਤ ਦੇ ਮੱਥੇ `ਤੇ ਸੂਰਜ ਉਗਾਉਂਣ ਵਾਲੇ ਹੀ ਬਣਦੇ ਨੇ ਵਕਤ ਦੇ ਸ਼ਾਹ-ਅਸਵਾਰ ਤੇ ਜੀਵਨ ਦੇ ਪੱਬਾਂ `ਚ ਛਣਕਦੀ ਸੱਚੇ-ਸੁੱਚੇ ਅਰਥਾਂ ਦੀ ਛਣਕਾਰ।

ਕਦੇ ਵਕਤ ਦੀਆਂ ਅੱਖਾਂ `ਚ ਅੱਖਾਂ ਪਾ ਕੇ ਦੇਖਿਉ‎,‎ ਵਖਤ ਤੁਹਾਨੂੰ ਇੱਕ ਸੇਧ ਦੇਵੇਗਾ। ਰਸਤੇ ਦੇ ਨਕਸ਼ ਮਸਤਕ ਵਿੱਚ ਉਘੜਨਗੇ‎,‎ ਤੁਹਾਡੇ ਪੈਰਾਂ ਨੂੰ ਬਲ ਮਿਲੇਗਾ ਤੇ ਮੰਜ਼ਲ ਤੁਹਾਡੀ ਅਮਾਨਤ ਬਣ ਜਾਣਗੀਆਂ।

ਵਖਤ ਨੂੰ ਗਲਤ ਤੇ ਬੇਨਿਆਜ ਨਾ ਸਮਝੋ। ਇਹ ਤੁਹਾਨੂੰ ਵਕਤ ਦੀ ਤੱਕੜੀ `ਚ ਤੋਲਦਾ‎,‎ ਤੁਹਾਡੇ ਲਈ ਨਿਆਮਤਾਂ ਲੈ ਕੇ ਬਹੁੜਦਾ ਹੈ। ਜ਼ਫਰ ਜਾਲਣ ਵਾਲੇ ਹੀ ਹਰ ਤਰ੍ਹਾਂ ਦੀ ਪਰਾਪਤੀ ਦੇ ਸਿਰਲੇਖ ਬਣਦੇ ਨੇ।

ਵਕਤ ਸਾਡੀ ਝੋਲੀ ਨਿਆਮਤਾਂ ਵੀ ਪਾਉਂਦਾ ਏ ਤੇ ਖਿਆਨਤਾਂ ਵੀ। ਲੋੜਾਂ ਵੀ ਤੇ ਥੋੜਾਂ ਵੀ। ਹਾਉਕਾ ਵੀ ਤੇ ਹਾਸਾ ਵੀ। ਕੋਸੀ ਕੋਸੀ ਰੁੱਤ ਵੀ ਤੇ ਚੌਮਾਸਾ ਵੀ। ਦਰਦ ਵੀ ਤੇ ਦਵਾ ਵੀ। ਗ਼ਮ ਵੀ ਤੇ ਚਾਅ ਵੀ। ਭਰੱਪਣ ਵੀ ਤੇ ਖਲਾਅ ਵੀ। ਅੰਬਰ ਦੀ ਗਹਿਰ ਵੀ ਤੇ ਨੀਲੱਤਣ ਦੀ ਭਾਅ ਵੀ।

ਵਖਤ `ਚੋਂ ਵਕਤ ਦੇ ਸੰਦਲੇ ਨਕਸ਼ ਨਿਹਾਰਨ ਦੀ ਸੂਖਮ ਜਾਚ ਜਾਨਣ ਵਾਲੇ ਵਿਅਕਤੀ‎,‎ ਆਪਣੀ ਤਕਦੀਰ ਦੇ ਖੁੱਦ ਸਿਰਜਣਹਾਰੇ‎,‎ ਤਦਬੀਰਾਂ ਦੇ ਰਚਨਹਾਰੇ ਤੇ ਵਕਤ ਦੇ ਅੰਬਰ `ਤੇ ਉੱਗਮਦੇ ਤਾਰੇ।

Read 3630 times
ਡਾ਼ ਗੁਰਬਖਸ਼ ਸਿੰਘ ਭੰਡਾਲ

Latest from ਡਾ਼ ਗੁਰਬਖਸ਼ ਸਿੰਘ ਭੰਡਾਲ