ਦਾਖ਼ਲਾ

Thursday, 22 October 2009 16:38

07 - ਠੁਰਕਦੇ ਹੱਥ

Written by ਇਕਬਾਲ ਰਾਮੂਵਾਲੀਆ
Rate this item
(1 vote)

ਦਸੰਬਰ ਦੇ ਅਖ਼ੀਰ ਵਿੱਚ ਹੋਣ ਵਾਲੀਆਂ ਕ੍ਰਿਸਮਿਸ ਦੀਆਂ ਛੁੱਟੀਆਂ ਨੂੰ ਸਾਡੀ ਮਾਂ ‘ਵੱਡੇ ਦਿਨਾਂ’ ਦੀਆਂ ਛੁੱਟੀਆਂ ਪੁਕਾਰਦੀ ਹੁੰਦੀ ਸੀ। ਸਾਨੂੰ ਇਸ ਅਸਲੀਅਤ ਦਾ ਇਲਮ ਬਹੁਤ ਦੇਰ ਬਾਅਦ ਹੋਇਆ ਕਿ ਇਹ ਦਿਨ ‘ਵੱਡੇ’ ਆਪਣੇ ਕੱਦ ਸਦਕਾ ਨਹੀਂ, ਬਲਕਿ ਈਸਾ ਮਸੀਹ ਦੇ ਜਨਮ ਦੇ “ਪਵਿੱਤਰ” ਦਿਨ ਹੋਣ ਕਰ ਕੇ ਜਾਣੇ ਜਾਂਦੇ ਸਨ। ਇਨ੍ਹਾਂ ਦਿਨਾਂ ‘ਚ ਹੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਦੇਣ ਲਈ, ਅਤੇ ਗੁਰੂ ਜੀ ਵੱਲੋਂ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ, ਪੱਛਮ ਵੱਲ ਨੂੰ ਕੀਤੇ ਕਸ਼ਟਮਈ, ਪੈਦਲ ਸਫ਼ਰ ਦੀ ਯਾਦ ਵਿੱਚ, ਸਿਰਹੰਦ, ਲੁਧਿਆਣੇ, ਅਤੇ ਜਗਰਾਓਂ ਆਦਿਕ ਦੇ ਆਲ਼ੇ-ਦੁਆਲ਼ੇ ਦੇ ਪਿੰਡਾਂ `ਚ, ਅਖੰਡਪਾਠ, ਨਗਰ-ਕੀਰਤਨ ਅਤੇ ਧਾਰਮਿਕ ਦੀਵਾਨ ਸਜਾਏ ਜਾਂਦੇ ਸਨ। ਇਹ ਧਾਰਮਿਕ ਸਮਾਗਮ ਪੋਹ-ਮਾਘ (ਦਸੰਬਰ-ਜਨਵਰੀ) ਤੋਂ ਸ਼ੁਰੂ ਹੋ ਕੇ ਮਾਰਚ ਦੇ ਅਖ਼ੀਰ ਤੀਕ ਚਲਦੇ ਰਹਿੰਦੇ ਕਿਉਂਕਿ, ਅਕਤੂਬਰ-ਨਵੰਬਰ ਵਿੱਚ ਕਣਕਾਂ ਦੀਆਂ ਬਿਜਾਈਆਂ ਮੁੱਕ ਜਾਣ ਕਾਰਨ, ਪਿੰਡਾਂ ਦੇ ਲੋਕਾਂ ਲਈ, ਅਪਰੈਲ `ਚ ਹੋਣ ਵਾਲੀ ਵਾਢੀ ਤੀਕਰ, ਕੰਮ-ਧੰਦੇ ਕੁਝ ਰੈਲ਼ੇ ਹੁੰਦੇ ਸਨ। ਬਾਪੂ ਦੇ ਕਵੀਸ਼ਰੀ ਜੱਥੇ ਨੂੰ ਇਨ੍ਹਾਂ ਦਿਨਾਂ ‘ਚ ਹੋਣ ਵਾਲੇ ਧਾਰਮਿਕ ਸਮਾਗਮਾਂ ਲਈ ਕਈ ਕਈ ਮਹੀਨੇ ਪਹਿਲਾਂ ਹੀ ਬੁੱਕ ਕਰ ਲਿਆ ਜਾਂਦਾ ਸੀ।

ਨਵੰਬਰ ਦੇ ਆਖ਼ਰੀ ਦਿਨ ਸਨ ਜਾਂ ਦਸੰਬਰ ਦਾ ਚੜ੍ਹਦਾ ਪੱਖ ਕਿ ਦੁਪਹਿਰ ਵੇਲੇ ਦੋ ਸਾਈਕਲ ਸਵਾਰ ਸਿੰਘ ਸਾਡੇ ਵਿਹੜੇ ਵਿੱਚ ਆਣ ਲੱਥੇ। ਸਬੱਬ ਨਾਲ ਬਾਪੂ ਘਰ ਹੀ ਸੀ।

-ਆਓ ਭਾਈ, ਬੈਠੋ… ਰਸੋਈ ਦੀ ਕੰਧੋਲ਼ੀ ਦੇ ਲਾਗੇ, ਵਿਹੜੇ ਵਿੱਚ ਧੁੱਪ ਸੇਕ ਰਹੇ ਮੰਜੇ ਵੱਲ ਇਸ਼ਾਰਾ ਕਰਦਿਆਂ ਬਾਪੂ ਬੋਲਿਆ।

ਸਾਈਕਲਾਂ ਨੂੰ ਕੰਧਾਂ ਦੇ ਲੜ ਲਾ ਕੇ ਦੋਵੇਂ ਸਵਾਰ ਝਿਜਕਦੇ-ਝਿਜਕਦੇ ਮੰਜਿਆਂ ਉੱਤੇ ਬਿਰਾਜਮਾਨ ਹੋ ਗਏ।

-ਕਿਹੜੇ ਨੱਗਰ ਤੋਂ ਆਏ ਓਂ, ਬਈ ਜਵਾਨੋ! ਸਾਡੀ ਮਾਂ ਨੂੰ ਚਾਹ ਧਰਨ ਲਈ ਆਖਣ ਤੋਂ ਬਾਅਦ, ਬਾਪੂ ਮਹਿਮਾਨਾਂ ਨੂੰ ਸੰਬੋਧਤ ਹੋਇਆ।

-ਅਸੀਂ ਜੀ ਦੇਹੜਕੇ ਪਿੰਡ ਤੋਂ ਆਏ ਆਂ, ਜਗਰਾਵਾਂ ਦੇ ਲਾਗਿਓਂ!

-ਪਤੈ ਨੈਨੂੰ ਦੇਹੜਕਿਆਂ ਦਾ, ਬਾਪੂ ਨੇ ਯਕੀਨ ਨਾਲ਼ ਦੱੁਸਆ1 ਕਿਵੇਂ ਆਉਣੇ ਹੋਏ?

-ਆਏ ਤਾਂ ਜੀ ਇਓਂ ਆਂ ਬਈ ਦੀਵਾਨ ਸਜਣੇ ਐਂ ਸਾਡੇ ਪਿੰਡ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ‘ਚ, ਤੇ ਨਾਲ਼ੇ ਨਗਰ ਕੀਤਰਨ ਨਿੱਕਲਣੈ।

-ਕਿਹੜੀ ਤਾਰੀਖ਼ ਐ?

ਮਹਿਮਾਨਾਂ ਨੇ ਜਨਵਰੀ ਦੀ ਕਿਸੇ ਵਿਚਕਾਰਲੀ ਜਿਹੀ ਤਾਰੀਖ਼ ਦਾ ਨਾਮ ਲਿਆ।

-ਮੇਰਾ ਜੱਥਾ ਤਾਂ ਭਾਈਓ ਸਾਰੀ ਜਨਵਰੀ ਲਈ ਬੁੱਕ ਐ।

ਮਹਿਮਾਨ ਮੁਰਝਾਅ ਗਏ ਚਿਹਰਿਆਂ ਨੂੰ ਸਹਿਜ ਵਿੱਚ ਰੱਖਣ ਦੀ ਕੋਸ਼ਿਸ਼ ਕਰਨ ਲੱਗੇ।

-ਅਸੀਂ ਤਾਂ ਬੜੀ ਆਸ ਨਾਲ ਆਏ ਸੀ; ਐਤਕੀਂ ਸਾਰੇ ਨੱਗਰ ਦੀ ਮੰਗ ਸੀ ਪਈ ਰਾਮੂਵਾਲੀਏ ਜੱਥੇ ਨੂੰ ਈ ਬੁਲਾਉਣੈ, ਦਾਹੜੀ ਨੂੰ ਥਪਥਪਾਉਂਦਾ ਇੱਕ ਜਣਾ ਬੋਲਿਆ।

-ਗੱਲ ਅਸਲ ‘ਚ ਇਓਂ ਐ ਬਈ ਜਨਵਰੀ-ਫ਼ਰਵਰੀ ਤਾਂ ਹਰੇਕ ਸਾਲ ਈ ਕਈ ਕਈ ਮਹੀਨੇ ਪਹਿਲਾਂ ਹੀ ਬੁੱਕ ਹੋ ਜਾਂਦੀ ਐ, ਕਰੜ-ਬਰੜੀ ਦਾਹੜੀ ‘ਚ ਉਂਗਲਾਂ ਨਾਲ ਕੰਘੀ ਕਰਦਿਆਂ ਬਾਪੂ ਬੋਲਿਆ।

ਹਰੇ ਰੰਗ ਦਾ ਘਸਮੈਲ਼ਾ ਸਟੂਲ ਮਹਿਮਾਨਾਂ ਵਾਲੇ ਮੰਜੇ ਅਤੇ ਬਾਪੂ ਦੀ ਕੁਰਸੀ ਵਿਚਕਾਰ ਹਾਜ਼ਰ ਹੋ ਗਿਆ। ਕੱਚ ਦੇ ਗਲਾਸਾਂ ‘ਚੋਂ ਭਾਫਾਂ ਮਾਰਦੀ ਚਾਹ ਦੀ ਇੰਤਜ਼ਾਰ ਦੌਰਾਨ ਏਧਰ ਓਧਰ ਦੀਆਂ ਹੋਰ ਗੱਲਾਂ ਚਲਦੀਆਂ ਰਹੀਆਂ।

-ਕੋਈ ਹੋਰ ਜੱਥਾ ਵੀ ਏਨ੍ਹਾਂ ਦਿਨਾਂ ‘ਚ ਮਿਲਣਾ ਮੁਸ਼ਕਿਲ ਜਾਪਦੈ, ਚਾਹ ਦੀ ਪਹਿਲੀ ਘੁੱਟ ਨਿਘਾਰਨ ਬਾਅਦ ਦੋਹਾਂ ‘ਚੋਂ ਇੱਕ ਜਣਾ ਨਿਰਾਸ਼ਤਾ ਦੇ ਆਲਮ ‘ਚੋਂ ਬੋਲਿਆ।

ਮੰਜੇ ਉਦਾਲੇ ਸੰਘਣੀ ਚੁੱਪ ਜਮ੍ਹਾਂ ਹੋਣ ਲੱਗੀ।

ਲੰਮੇਰੀ ਹੋ ਰਹੀ ਚੁੱਪ ਨੂੰ ਤੋੜਦਿਆਂ ਬਾਪੂ ਬੋਲਿਆ: ਕਿਸੇ ਚੰਗੇ ਜੱਥੇ ਦਾ ਮਿਲਣਾਂ ਤਾਂ ਮੁਸ਼ਕਿਲ ਐ; ਉਹ ਤਾਂ ਅਗੇਤੇ ਈ ਬੁੱਕ ਹੋ ਜਾਂਦੇ ਐ।

-ਸਾਡਾ ਤਾਂ ਸਰਨਾ ਨੀ, ਪਾਰਸ ਜੀ! ਕੋਈ ਤਰਕੀਬ ਕੱਢੋ; ਕਿਸੇ ਮਾੜੇ ਮੋਟੇ ਕਵੀਸ਼ਰੀ ਜੱਥੇ ਦੀ ਦੱਸ ਈ ਪਾ ਦਿਓ, ਡੰਗ ਸਾਰਨ ਲਈ!

-ਕਿੰਨੇ ਦੀਵਾਨ ਲੱਗਣੇ ਆਂ?

- ਅਖੰਡ ਪਾਠ ਦੇ ਵਿਚਕਾਰਲੇ ਦਿਨ ਨਗਰ ਕੀਰਤਨ ਨਿੱਕਲਣੈ; ਨਗਰ ਕੀਤਰਨ ਲਈ ਤਾਂ ਇੰਤਜ਼ਾਮ ਹੋਜੂਗਾ ਕਿਸੇ ਰਾਗੀ ਦਾ, ਪਰ ਭੋਗ ਵਾਲੇ ਦਿਨ ਦੀਵਾਨ ਲਈ ਅਸੀਂ ਤਾਂ ਆਸ ਕਰਦੇ ਸੀ ਬਈ ਤੁਹਾਡਾ ਜੱਥਾ ਈ ਦਰਸ਼ਨ ਦੇਦੂਗਾ।

ਬਾਪੂ ਦੇ ਸੱਜੇ ਹੱਥ ਦਾ ਪੰਜਾ ਉਸ ਦੀ ਦਾਹੜੀ ਨੂੰ ਥਾਪੜਣ ਲੱਗ ਪਿਆ। ਆਪਣੀਆਂ ਉੱਪਰ ਨੂੰ ਉੱਠ ਗਈਆਂ ਭਵਾਂ ਨੂੰ ਅਹਿਸਤਾ ਅਹਿਸਤਾ ਹੇਠਾਂ ਉਤਾਰਦਿਆਂ ਉਹ ਬੋਲਿਆ: ਇੱਕ ਦੀਵਾਨ ਤਾਂ… ਜੇ ਥੋਡਾ ਇਰਾਦਾ ਬਣ ਜੇ… ਤਾਂ ਮੇਰੇ ਮੁੰਡੇ ਵੀ ਲਾ ਦੇਣਗੇ।

-ਤੁਹਾਡੇ ਮੁੰਡੇ? ਦੋਹਾਂ ਮਹਿਮਾਨਾਂ ‘ਚੋਂ ਇੱਕ ਦੇ ਬੁੱਲ੍ਹ ਫਰਕੇ।

-ਹਾਂ, ਮੇਰੇ ਮੁੰਡੇ… ਹੈ ਤਾਂ ਹਾਲੇ ਨਿੱਕੇ ਨਿੱਕੇ ਪਰ ਕਵੀਸ਼ਰੀ ਵਧੀਆ ਕਰ ਲੈਂਦੇ ਆ… ਸਬੱਬ ਨਾਲ਼ ਮੈਂ ਇਨ੍ਹਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਯਾਦ ਕਰਾ ਦਿੱਤੈ!

ਦੋਨਾਂ ਮਹਿਮਾਨਾਂ ਦੀਆਂ ਅੱਖਾਂ ਇੱਕ-ਦੂਜੇ ਨਾਲ ਟੱਕਰਾਈਆਂ ਤੇ ਇੱਕ ਗਹਿਰੀ ਚੁੱਪ ਦਾ ਪਾਸਾਰ ਕਰਨ ਲਈ ਸਟੂਲ ਉੱਤੇ ਜੰਮ ਗਈਆਂ।

ਦੋਹਾਂ ਦੇ ਚਿਹਰਿਆਂ ‘ਚ ਉਦੇ ਹੋਈ ਹਿਚਕਚਾਹਟ ਪੜ੍ਹਨ ਤੋਂ ਬਾਅਦ, ਬਾਪੂ ਦਾ ਚਿਹਰਾ ਉੱਤਰ ਗਿਆ।

-ਜਾਂ ਫਿਰ ਤੁਸੀਂ ਇਓਂ ਕਰੋ ਬਈ ਕਿਸੇ ਹੋਰ ਜੱਥੇ ਨੂੰ ਪੁੱਛ ਲਵੋ… ਮੋਗੇ ਆਲੇ ਬਿੱਕਰ ਪ੍ਰਦੇਸੀ ਦਾ ਢਾਡੀ ਜੱਥਾ ਵੀ ਮਾੜਾ ਨੀ…ਪਰ ਜੇ ਕੋਈ ਹੋਰ ਚਾਰਾ ਮੂਲ਼ੋਂ ਹੀ ਨਾ ਬਣਿਆਂ ਤਾਂ ਮੈਂ ਮੁੰਡਿਆਂ ਨੂੰ ਘੱਲ ਦੇਵਾਂਗਾ।

ਦੋਹਾਂ ਅਜਨਬੀਆਂ ਦੀਆਂ ਨਜ਼ਰਾਂ ਫੇਰ ਟੱਕਰਾਈਆਂ, ਤੇ ਚੁੱਪ ਦਾ ਇੱਕ ਹੋਰ ਆਲਮ ਉੱਭਰਨ ਲੱਗਾ।

-ਉਰੇ ਆਓ ਮੰੁਡਿਓ! ਬਾਪੂ ਦੀਆਂ ਉਂਗਲ਼ਾਂ ਸਾਡੇ ਵੱਲ ਉੱਲਰ ਕੇ ਅੱਗ-ਪਿੱਛੇ ਹਿੱਲੀਆਂ।

ਅਸੀਂ ਤਿੰਨੇ ਭਰਾ ਕਤਾਰ ਬਣਾ ਕੇ ਮੰਜੇ ਦੇ ਪੁਆਂਦ ਵੱਲੀਂ ਖਲੋ ਗਏ।

ਮੇਰੀ ਉਮਰ ਓਦੋਂ 12-13 ਸਾਲ ਦੀ ਸੀ, ਤੇ ਬਲੂੰਗੜਾ ਜਿਹਾ ਰਛਪਾਲ ਗਿਆਰਾਂ ਕੁ ਸਾਲ ਤੋਂ ਵੀ ਨਿੱਕਾ ਜਾਪਦਾ ਸੀ।

ਬਾਪੂ ਦੇ ਸੱਦਣ `ਤੇ, ਵੱਡੇ ਭਰਾ ਬਲਵੰਤ ਦੀ ਅਲੂੰਈਂ ਦਾਹੜੀ ਫੜ-ਫੜਾਉਣ ਲੱਗੀ।

-ਕਰ ਬਈ ਬਲਵੰਤ ਲੈਕਚਰ, ਬਾਪੂ ਚੁਟਕੀ ਮਾਰ ਕੇ ਬੋਲਿਆ। ਉਸ ਨੇ ਆਪਣੀ ਠੋਡੀ ਆਪਣੀ ਛਾਤੀ ਵੱਲ ਨੂੰ ਖਿੱਚੀ, ਤੇ ਆਪਣੀਆਂ ਨਜ਼ਰਾਂ ਬਲਵੰਤ ਦੇ ਚਿਹਰੇ ‘ਤੇ ਗੱਡ ਦਿੱਤੀਆਂ।

ਬਲਵੰਤ ਨੇ ਗਲ਼ਾ ਸਾਫ਼ ਕੀਤਾ ਤੇ ਧੌਣ ਨੂੰ ਜ਼ਰਾ ਕੁ ਉਤਾਂਹ ਨੂੰ ਖਿੱਚ ਕੇ ਇੱਕ ਦਮ ਬੋਲ ਉੱਠਿਆ: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੰਘਾਂ ਤੇ ਪਰਵਾਰ ਸਮੇਤ ਅਨੰਦਪੁਰ ਦੇ ਕਿਲੇ ‘ਚ ਬਿਰਾਜਮਾਨ ਸਨ। ਹਜ਼ਾਰਾਂ ਦੀ ਤਾਦਾਦ ਵਿੱਚ ਮੁਗ਼ਲ ਫੌਜਾਂ ਨੇ ਕਿਲੇ ਨੂੰ ਘੇਰਾ ਘੱਤ ਲਿਆ। ਸਿੰਘਾਂ ਦੇ ਕਹਿਣ `ਤੇ ਰਾਤ ਦੇ ਹਨੇਰੇ ਦੀ ਓਟ ਵਿੱਚ ਗੁਰੂ ਜੀ ਨੇ ਆਪਣੇ ਪਰਵਾਰ ਨੂੰ ਕਿਲੇ ‘ਚੋਂ ਨਿੱਕਲ਼ ਜਾਣ ਦਾ ਹੁਕਮ ਦੇ ਦਿੱਤਾ। ਕਾਲ਼ੀ-ਬੋਲ਼ੀ ਰਾਤ, ਕਹਿਰ ਦੀ ਸਰਦੀ ਤੇ ਸ਼ੂੂਕਦਾ ਝੱਖੜ। ਗੰਗੂ ਰਸੋਈਏ ਸਮੇਤ ਗੁਰੂ ਜੀ ਦਾ ਪਰਵਾਰ ਤੇ ਅਨੇਕਾਂ ਸਿੰਘ ਅਨੰਦਪੁਰ ਤੋਂ ਸਿਰਹੰਦ ਵੱਲ ਨੰਗੇ ਪੈਰੀਂ ਰਵਾਨਾ ਹੋ ਗਏ। ਪਿੱਛੋਂ ਮੁਗ਼ਲ ਫੌਜ ਨੇ ਉਨ੍ਹਾਂ ‘ਤੇ ਚੜ੍ਹਾਈ ਕਰ ਦਿੱਤੀ। ਸਰਸਾ ਨਦੀ ‘ਤੇ ਆ ਕੇ ਸਾਰੇ ਪਰਵਾਰ ਦੇ ਖੇਰੂੰ ਖੇਰੂੰ ਖੇਰੂੰ ਹੋ ਜਾਣ ਦਾ ਹਾਲ ਕਵੀਸ਼ਰੀ ਜੱਥਾ ਇੰਝ ਬਿਆਨ ਕਰਦਾ ਹੈ।

ਮੈਂ ਆਪਣੀ ਧੌਣ ਨੂੰ ਘੁਮਾਇਆ ਤੇ ਜੀਭ ਨੂੰ ਥਿੜਕਦੇ ਹੋਏ ਬੁੱਲ੍ਹਾਂ ਉੱਤੇ ਫੇਰਿਆ। ਸਾਹ ਅੰਦਰ ਖਿਚਦਿਆਂ ਮੇਰੇ ਮੋਢੇ ਉੱਪਰ ਨੂੰ ਅਗਾਸੇ ਗਏ। ਮੈਂ ਆਪਣੇ-ਆਪ ਝਮਕਣ ਲੱਗੀਆਂ ਆਪਣੀਆਂ ਅੱਖਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ। ਫੁੱਲਿਆ ਹੋਇਆ ਲੁਆਬ ਮੇਰੇ ਗਲ਼ੇ ਵਿੱਚੋਂ ਦੀ ਖਹਿ ਕੇ ਗੁਜ਼ਰਿਆ, ਤੇ ਤਿੱਖੀ ਆਵਾਜ਼ ‘ਚ, ਬਿਨਾ ਅਲਾਪ ਲਿਆਂ, ਮੈਂ ਛੰਦ ਗਾਉਣਾ ਸ਼ੁਰੂ ਕਰ ਦਿੱਤਾ:

`ਕੱਠੇ ਰਹਿੰਦਿਆਂ ਨੂੰ ਬੀਤੀਆਂ ਸੀ ਸਦੀਆਂ

ਮਿਲਣਾ ਨ੍ਹੀ, ਚੱਲੀਆਂ ਵਿੱਛੜ ਨਦੀਆਂ।

ਬਲਵੰਤ ਦਾ ਸਿਰ ਉਸ ਤੋਂ ਬਹੁਤ ਹੀ ਨੀਵੇਂ ਕੱਦ ਵਾਲੇ ਰਛਪਾਲ ਦੇ ਸਿਰ ਵੱਲ ਨੂੰ ਉੱਲਰਿਆ, ਤੇ ਉਹਨਾਂ ਦੋਹਾਂ ਨੇ ਛੰਦ ਦੀਆਂ ਅਗਲੀਆਂ ਸਤਰਾਂ ਚੁੱਕ ਲਈਆਂ:

ਬੀਤਣਾ ਸੀ ਭਾਣਾ ਏਵੇਂ ਕਰਤਾਰ ਦਾ,

ਪੈ ਗਿਆ ਵਿਛੋੜਾ ਸਾਰੇ ਪਰਵਾਰ ਦਾ।

ਕਿੰਨੇ ਹਫ਼ਤਿਆਂ ਤੋਂ ਹਰ ਰੋਜ਼ ਚਲਦੇ ਆ ਰਹੇ ਰਿਆਜ਼ ਸਦਕਾ ਉਨ੍ਹਾਂ ਦੀਆਂ ਆਵਾਜ਼ਾਂ ਰੇਲ ਦੀ ਪਟੜੀ ਵਾਂਗ ਇੱਕਸਾਰ ਸਨ।

ਇਸ ਤੋਂ ਬਾਅਦ ਮੇਰੀ ਵਾਰੀ ਤੇ ਫਿਰ ਬਲਵੰਤ-ਰਛਪਾਲ ਦੀ ਜੋੜੀ ਦੀ: ਛੰਦ ਆਪਣੇ ਸਿਖ਼ਰ ਵੱਲ ਵਧਣ ਲੱਗਾ।

ਦੇਹੜਕੇ ਪਿੰਡ ਵਾਲੇ ਸੱਜਣਾਂ ਦੀਆਂ ਅੱਖਾਂ ਕਦੇ ਸਾਡੇ ਉੱਪਰ ਗੱਡੀਆਂ ਜਾਂਦੀਆਂ ਤੇ ਕਦੇ ਆਪਸ-ਵਿੱਚ ਟਕਰਾਅ ਕੇ ਚਮਕ ਉਠਦੀਆਂ।

ਛੰਦ ਦਾ ਗਾਇਨ ਖ਼ਤਮ ਹੋਇਆ ਤਾਂ ਬਾਪੂ ਪਾਰਸ ਦੀਆਂ ਸਵਾਲੀਆ ਨਜ਼ਰਾਂ ਮਹਿਮਾਨਾਂ ਵੱਲ ਘੁੰਮੀਆਂ। ਦੋਹਾਂ ਸੱਜਣਾਂ ਦੇ ਬੁੱਲ੍ਹ ਪਾਸਿਆਂ ਵੱਲ ਨੂੰ ਖਿੱਚੇ ਹੋਏ ਸਨ।

-ਹਾਂ ਜੀ, ਕਿਵੇਂ ਲੱਗੇ ਮੁੰਡੇ?

ਮਹਿਮਾਨ ਫ਼ਿਰ ਇੱਕ-ਦੂਜੇ ਵੱਲ ਝਾਕੇ।

-ਕੀ ਅੰਤ ਐ! ਇੱਕ ਬੋਲਿਆ।

-ਕਮਾਲਾਂ ਈ ਕਰੀ ਜਾਂਦੇ ਐ! ਦੂਜੇ ਨੇ ‘ਹਾਂ’ `ਚ ‘ਹਾਂ’ ਮਿਲਾਈ।

ਪਾਰਸ ਬਾਪੂ ਦੇ ਚਿਹਰੇ ‘ਤੇ ਲਾਲੀ ਛਲਕਣ ਲੱਗੀ। ਉਸ ਦੀਆਂ ਅੱਖਾਂ ਕਦੇ ਸਾਡੇ ਵੱਲ ਝਾਤ ਮਾਰਦੀਆਂ ਤੇ ਕਦੇ ਮਹਿਮਾਨਾਂ ਵੱਲ।

-ਫ਼ੀਸ ਕੀ ਆ ਇਨ੍ਹਾਂ ਦੀ, ਪਾਰਸ ਜੀ?

ਬਾਪੂ ਸਿਰ ਘੁਮਾਅ ਕੇ ਮੁਸਕ੍ਰਾਇਆ।

-ਤੁਸੀਂ ਇਨ੍ਹਾਂ ਨਾਲ ਆਪਣਾ ਬੁੱਤਾ ਸਾਰੋ; ਇਨ੍ਹਾਂ ਕੋਲ਼ ਮਸਾਲਾ ਹਾਲੇ ਬੱਸ ਇੱਕ ਦੀਵਾਨ ਜੋਗਾ ਈ ਐ, ਐਵੇਂ ਡੇਢ ਕੁ ਘੰਟੇ ਕੁ ਜੋਗਾ। ਜੋ ਕੁਝ ਦੇਣਾ ਹੋਇਆ ਦੇ ਦਿਓ; ਨਹੀਂ ਦੇਣਾ ਤਾਂ ਨਾ ਦੇਇਓ! ਥੋਡਾ ਕੰਮ ਸਰ ਜੂ ਤੇ ਮੁੰਡਿਆਂ ਦਾ ਸ਼ੁਗਲ ਹੋ ਜੂ!

***

ਅਗਲੇ ਦਿਨ ਮੋਗੇ ਜਾਣ ਦੀ ਤਿਆਰੀ ਹੋ ਗਈ। ਮੈਨੂੰ ਬਾਪੂ ਦੇ ਸਾਈਕਲ ਦੇ ਕੈਰੀਅਰ ਉੱਪਰ ਤੇ ਰਛਪਾਲ ਨੂੰ ਬਲਵੰਤ ਵਾਲੇ ਸਾਈਕਲ ਦੇ ਕੈਰੀਅਰ ਉੱਪਰ ਬਿਠਾ ਲਿਆ ਗਿਆ। ਬਜਾਜ਼ੀ ਦੀ ਦੁਕਾਨ ਤੋਂ ਇੱਕੋ ਰੰਗ ਦੇ ਮੋਟੇ ਜਿਹੇ ਕੱਪੜੇ ਸਾਡੇ ਤਿੰਨਾਂ ਲਈ ਪੜਵਾਅ ਲਏ ਗਏ। ਉਸੇ ਦੁਕਾਨ ‘ਤੇ ਬੈਠੇ ਦਰਜ਼ੀ ਨੇ ਫੀਤਾ ਸਾਡੇ ਗਲ਼ਾਂ, ਬਾਹਾਂ, ਲੱਕਾਂ ਤੇ ਲੱਤਾਂ ਦੇ ਉਦਾਲੇ-ਪਦਾਲ਼ੇ ਘੁੰਮਾਇਆ ਤੇ ਚਾਰ ਪੰਜ ਦਿਨ ਦਾ ਇਕਰਾਰ ਦੇ ਕੇ ਕੱਪੜਾ ਆਪਣੇ ਪਿਛਾੜੀ ਰੱਖ ਦਿੱਤਾ। ਮੇਨ ਬਜ਼ਾਰ `ਚੋਂ ਸੂਟਾਂ ਦੇ ਕੱਪੜੇ ਨਾਲ ਮੇਲ਼ ਖਾਂਦੇ ਰੰਗ ਦੀਆਂ ਪੱਗਾਂ ਰੰਗਾਅ ਲਈਆਂ ਗਈਆਂ।

ਅਗਲੇ ਦਿਨ, ਕਈ ਦਿਨਾਂ ਦੀ ਲੰਮੀ ਗ਼ੈਰਹਾਜ਼ਰੀ `ਤੇ ਨਿਕਲਣ ਤੋਂ ਪਹਿਲਾਂ ਬਾਪੂ ਨੇ ਬੇਬੇ ਨੂੰ ਹਦਾਇਤਾਂ ਦੇ ਦਿੱਤੀਆਂ: ਮੁੰਡਿਆਂ ਨੂੰ ਹਰ ਰੋਜ਼ ਵਾਂਗ ਸਵੇਰੇ ਚਾਰ ਵਜੇ ਜਗਾ ਲੈਣੈ ਤੇ ਨਹਾਉਣੈ ਨਲ਼ਕੇ ਦੇ ਤਾਜ਼ੇ ਪਾਣੀ ਨਾਲ। ਉਸ ਤੋਂ ਬਾਅਦ ਚਾਹ ਤੇ ਪਿੰਨੀਆਂ ਤੇ ਫਿਰ ਇਨ੍ਹਾਂ ਦੀਆਂ ਚੌਂਕੜੀਆਂ ਪੇਟੀ ਉੱਤੇ। ਸਾਹਿਬਜ਼ਾਦਿਆਂ ਦਾ ਸਾਰਾ ਪ੍ਰਸੰਗ ਇਨ੍ਹਾਂ ਨੇ ਉੱਚੀ ਅਵਾਜ਼ ਵਿੱਚ ਗਾਉਣੈ, ਤੇ ਦਿਲਜੀਤ ਕੁਰੇ, ਤੂੰ ਸੁਣਨੈਂ! ਮੇਰੀਆਂ ਹਦਾਇਤਾਂ ‘ਚ ਕੋਈ ਕਮੀ-ਪੇਸ਼ੀ ਨਹੀਂ ਰਹਿਣੀ ਚਾਹੀਦੀ!

***

ਸਾਈਕਲ ਉੱਤੇ ਦੇਹੜਕੇ ਪਿੰਡ ਪਹੁੰਚਣ ਦਾ ‘ਰੂਟ’ ਬਲਵੰਤ ਨੇ ਸਾਡੇ ਗਵਾਂਢੀ ਰਾਜੇ-ਸਿੱਖ ਤਾਇਆ ਨਗਿੰਦਰ ਸਿਓਂ ਤੋਂ ਪਹਿਲੀ ਰਾਤ ਹੀ ਪੁੱਛ ਲਿਆ ਸੀ। ਦੇਹੜਕੇ ਪਿੰਡ ਦਾ ਦੀਵਾਨ, ਅਖੰਡਪਾਠ ਦੇ ਭੋਗ ਤੋਂ ਬਾਅਦ, ਦੁਪਹਿਰ ਦੇ ਗਿਆਰਾਂ-ਬਾਰਾਂ ਵਜੇ ਅਰੰਭ ਹੋਣਾ ਸੀ, ਇਸ ਲਈ ਪੱਚੀ ਤੀਹ ਮੀਲ ਦੇ ਕੱਚੇ ਸਫ਼ਰ ਲਈ ਸਵਖ਼ਤੇ ਨਿੱਕਲਣਾ ਜ਼ਰੂਰੀ ਸੀ।

ਸੂਰਜ ਦੀ ਟਿੱਕੀ ਹਾਲੇ ਧਰਤੀ ਦੇ ਸਿਰਹਾਣੇ ਵਾਲ਼ੇ ਪਾਸੇ ਰਜ਼ਾਈ ‘ਚ ਮੂੰਹ ਲਪੇਟੀ ਪਈ ਸੀ ਕਿ ਬਲਵੰਤ ਨੇ ਸਾਈਕਲ ਦੇ ਟਾਇਰਾਂ ਦੀ ਨਬਜ਼ ਉਂਗਲ਼ਾਂ ਤੇ ਅੰਗੂਠੇ ਨਾਲ਼ ਟੋਹੀ। ਦੋਹਾਂ ਚੱਕਿਆਂ `ਚ ਹਵਾ ਪੂਰੀ ਸੀ। ਆਪਣੇ ਮੂੰਹ ਉੱਪਰ, ਨੱਕ ਤੀਕ ਮਾਰ ਕਰਦੀ ਢਾਠੀ ਬੰਨ੍ਹ ਲੈਣ ਤੋਂ ਬਾਅਦ, ਬਲਵੰਤ ਨੇ, ਸਾਈਕਲ ਦੀ ਕਾਠੀ ਨੂੰ ਹੈਂਡਲ ਨਾਲ਼ ਜੋੜਦੇ ਡੰਡੇ ਉਦਾਲ਼ੇ ਪੁਰਾਣੇ ਕੱਪੜੇ ਲਪੇਟ ਕੇ, ਉਨ੍ਹਾਂ ਉਦਾਲ਼ੇ ਇੱਕ ਰੱਸੀ ਘੁੱਟ ਕੇ ਬੰਨ੍ਹ ਦਿੱਤੀ। ਬੇਬੇ ਨੇ ਖੋਏ ਦੀਆਂ ਛੇ-ਸੱਤ ਪਿੰਨੀਆਂ ਇੱਕ ਪਰਨੇ ‘ਚ ਲਪੇਟ ਕੇ ਕੱਪੜੇ ਦੇ ਇੱਕ ਥੈਲੇ ‘ਚ ਬਿਰਾਜਮਾਨ ਕਰ ਦਿੱਤੀਆਂ। ਇਸ ਥੈਲੇ ਨੂੰ ਬਲਵੰਤ ਨੇ ਸਾਈਕਲ ਦੇ ਹੈਂਡਲ ਨਾਲ਼ ਲਟਕਾਅ ਦਿੱਤਾ।

ਝੋਲ਼ੀਦਾਰ ਪਜਾਮੇ, ਤੇ ਗੋਡਿਆਂ ਨੂੰ ਛੂੰਹਦੇ ਕਾਲਰਾਂ ਵਾਲ਼ੇ ਕੁੜਤੇ, ਸਾਡੇ ਸਰੀਰਾਂ ਉਦਾਲ਼ੇ ਲਿਪਟ ਗਏ। ਬੇਬੇ ਦੀਆਂ ਬੁਣੀਆਂ, ਮੋਟੀ ਉੱਨ ਦੀਆਂ ਸਵੈਟਰਾਂ ਸਾਡੇ ਸਿਰਾਂ ਨੂੰ ਪਲ਼ੋਸ ਕੇ ਸਾਡੇ ਕਮੀਜ਼ਾਂ ਦੇ ਉਦਾਲ਼ੇ ਲਿਪਟ ਗਈਆਂ। ਭੂਰੇ ਕੱਪੜੇ ਦੇ ਬਣੇ, ਰਬੜ ਦੇ ਤਲ਼ਿਆਂ ਵਾਲੇ ਬੂਟਾਂ ਦੇ ਤਸਮੇਂ ਕੱਸ ਲਏ ਗਏ। ਛੋਟਾ ਰਛਪਾਲ, ਜਿਹੜਾ ਆਪਣੇ ਪੰਜਵੀਂ ਦੇ ਹਮਜਮਾਤੀਆਂ ਵਿੱਚੋਂ ਕੱਦ ਅਤੇ ਉਮਰ ‘ਚ ਸ਼ਾਇਦ ਸਭ ਤੋਂ ਛੋਟਾ ਸੀ, ਨੂੰ ਕਾਠੀਓਂ ਮੂਹਰਲੇ ਡੰਡੇ ਦਿੱਤਾ ਉੱਪਰ ਬਿਠਾਅ ਦਿੱਤਾ ਗਿਆ। ਸੁੰਨਸਾਨ ਵਿਹੜੇ `ਚ ਪੱਸਰੀ ਗਾਹੜੀ ਧੁੰਦ ਕੰਧਾਂ ਨੂੰ ਲੁਕੋ ਰਹੀ ਸੀ।

ਦਰਵਾਜ਼ਿਓਂ ਬਾਹਰ ਨਿੱਕਲ਼ਦਿਆਂ ਹੀ ਬਲਵੰਤ ਨੇ ਸਾਈਕਲ ਦੇ ਪੈਡਲ ‘ਤੇ ਆਪਣਾ ਪੰਜਾ ਟਿਕਾਅ ਦਿੱਤਾ। ਸਾਈਕਲ ਨੇ ਜਿਓਂ ਹੀ ਸਪੀਡ ਫੜੀ, ਤਾਂ ਮੈਂ ਪਲਾਕੀ ਮਾਰ ਕੇ ਪਿਛਲੀ ਕਾਠੀ (ਕੈਰੀਅਰ) ‘ਤੇ ਬੈਠ ਗਿਆ। ਰਾਮੂਵਾਲ਼ੇ ਤੋਂ ਦੇਹੜਕੇ ਨੂੰ ਜਾਂਦਿਆਂ ਪਹਿਲਾ ਪਿੰਡ ਬੁੱਟਰ ਆਉਣਾ ਸੀ ਜਿੱਥੋਂ ਦੇ ਹਾਈ ਸਕੂਲ ਵਿੱਚੋਂ ਬਲਵੰਤ ਨੇ ਹਾਲੇ ਬੀਤੇ ਸਾਲ ਹੀ ਦਸਵੀਂ ਪਾਸ ਕੀਤੀ ਸੀ। ਇਸ ਲਈ ਬੁੱਟਰ ਤੀਕ ਦੇ ਰਸਤੇ ਦਾ ਕੁੱਲ ਵੇਰਵਾ ਉਸ ਨੂੰ ਕਵੀਸ਼ਰੀ ਦੇ ਦਰਜਣਾਂ ਵਾਰ ਗਾਏ ਕਿਸੇ ਬਿਰਤਾਂਤਕ ਛੰਦ ਵਾਂਗ ਯਾਦ ਸੀ: ਕਿੱਥੇ ਮੋੜ ਆਉਂਦਾ ਸੀ, ਕਿੱਥੇ ਡੰਡੀ ਜਿਹੀ ਬਣਦੀ ਸੀ, ਕਿੱਥੇ ਸੱਜੇ ਜਾਂ ਖੱਬੇ ਪਾਸੇ ਨੂੰ ਬੁਰਕ ਜਿਹਾ ਮਾਰ ਕੇ ਸਾਈਕਲ ਨੇ ਇੱਕ ਦਮ ਫੇਰ ਸਿੱਧੇ ਨਿੱਕਲਣਾ ਸੀ, ਤੇ ਕਿਹੜੇ ਥਾਂ `ਤੇ, ਰਸਤੇ ਨੂੰ ਚੀਰਦੀ ਕਿਸੇ ਆੜ ਜਾਂ ਖਾਲ਼ੇ ਕਾਰਨ, ਸਾਈਕਲ ਨੇ ਚੁੱਭੀ ਜਿਹੀ ਮਾਰਨੀ ਸੀ ਜਾਂ ਉੱਪਰ ਨੂੰ ਹਿਚਕੀ ਜਿਹੀ ਲੈਣੀ ਸੀ।

ਫਿਰਨੀਓਂ ਨਿੱਕਲ਼ ਕੇ ਬੁੱਟਰ ਦੇ ਰਾਹ ਚੜ੍ਹਦਿਆਂ ਹੀ ਬਲਵੰਤ ਨੇ ਸਾਈਕਲ ਨੂੰ ਰੇਲ-ਗੱਡੀ ਬਣਾ ਦਿੱਤਾ। ਸਾਈਕਲ ਸੰਘਣੀ ਧੁੰਦ ਨੂੰ ਤੀਰ ਵਾਂਗ ਚੀਰਦਾ ਜਾ ਰਿਹਾ ਸੀ। ਧੁੰਦ ਏਨੀ ਗਾਹੜੀ ਸੀ ਕਿ ਕੱਚੇ ਰਸਤੇ ਤੋਂ ਵੀਹ ਕਰਮਾਂ ਦੇ ਫ਼ਾਸਲੇ ‘ਤੇ ਫੈਲਰੀ ਹੱਡਾਰੋੜੀ ਪਾਰ ਕਰ ਜਾਣ ਦਾ ਅਹਿਸਾਸ ਵੀ ਸਾਨੂੰ ਹੱਡਾਂ ਦੇ ਮੁਸ਼ਕ ਨਾਲ਼ ਹੀ ਹੋਇਆ। ਰਛਪਾਲ ਨੇ ਸਾਈਕਲ ਦੇ ਹੈਂਡਲ ਨੂੰ ਵਿਚਕਾਰੋਂ ਜਹਿਓਂ ਦੋਹਾਂ ਹੱਥਾਂ ਨਾਲ਼ ਘੁੱਟ ਕੇ ਫੜਿਆ ਹੋਇਆ ਸੀ। ਬਲਵੰਤ ਚੁੱਪ ਸੀ ਕਿਉਂਕਿ ਉਸ ਦਾ ਸਾਰਾ ਧਿਆਨ, ਸਾਈਕਲ ਦੇ ਅਗਾੜੀ, ਦਸ-ਪੰਦਰਾਂ ਕਦਮਾਂ ਕੁ ਤੀਕ ਨਜ਼ਰ ਆਉਂਦੇ ਰਸਤੇ ਉੱਪਰ ਹੀ ਕੇਂਦਰਤ ਸੀ। ਦਸ-ਪੰਦਰਾਂ ਕਦਮਾਂ ਤੋਂ ਅੱਗੇ ਧੁੰਦ ਦੀ ਮੋਟੀ ਕੰਧ ਸੀ: ਜਿਓਂ ਜਿਓਂ ਸਾਈਕਲ ਅੱਗੇ ਵਧਦਾ, ਤਾਂ ਕੰਧ ਵੀ ਅੱਗੇ ਹੀ ਅੱਗੇ ਤੁਰਦੀ ਜਾ ਰਹੀ ਸੀ। ਸੀਤ ਹਵਾ ਨਾਲ਼ ਠਰ ਗਿਆ, ਬਲਵੰਤ ਦਾ ਨੱਕ ਸੁਰੜ-ਸੁਰੜ ਕਰਨ ਲੱਗਾ। ਧੁੰਦ ਨੇ ਸਾਡੇ ਕੱਪੜਿਆਂ `ਚ ਸਿੱਲ੍ਹ ਫੂਕਣੀ ਸ਼ੁਰੂ ਕਰ ਦਿੱਤੀ। ਬਲਵੰਤ ਬਿੰਦੇ ਬਿੰਦੇ ਸੱਜੇ ਹੱਥ ਨੂੰ ਹੈਂਡਲ ਤੋਂ ਲਹੁੰਦਾ ਤੇ ਅੱਖਾਂ ‘ਚੋਂ ਨਿੱਕਲ਼ ਰਹੇ ਪਾਣੀ ਨੂੰ ਸਾਫ਼ ਕਰ ਲੈਂਦਾ।

ਹਾਲੇ ਡੇਢ ਕੁ ਮੀਲ ਦਾ ਸਫ਼ਰ ਹੀ ਤੈਅ ਹੋਇਆ ਹੋਵੇਗਾ ਕਿ ਰਛਪਾਲ ਦੱਬਵੀਂ ਚੀਕ ‘ਚ ਰੋਣ ਲੱਗ ਪਿਆ।

ਬਲਵੰਤ ਨੇ ਬਰੇਕ ਮਾਰੇ ਤੇ ਮੈਂ ਇੱਕ ਦਮ ਛਾਲ਼ ਮਾਰ ਕੇ ਕੈਰੀਅਰ ਤੋਂ ਉੱਤਰ ਗਿਆ।

-ਕੀ ਹੋ ਗਿਆ? ਬਲਵੰਤ ਨੇ ਸਾਈਕਲ ਦੀ ਕਾਠੀ ਤੋਂ ਉੱਤਰ ਕੇ ਰਛਪਾਲ ਨੂੰ ਪੁੱਛਿਆ।

ਰਛਪਾਲ ਹੁਣ ਉੱਚੀ ਉੱਚੀ ਰੋਣ ਲੱਗਾ। ਬਲਵੰਤ ਨੇ ਉਸ ਨੂੰ ਡੰਡੇ ਤੋਂ ਉਤਾਰ ਲਿਆ।

-ਓਏ ਦੱਸ ਤਾਂ ਸਹੀ ਕੀ ਹੋ ਗਿਆ ਤੈਨੂੰ?

-ਉਂਗਲਾਂ… ਰਛਪਾਲ ਰੋਂਦਿਆਂ ਰੋਦਿਆਂ ਬੱਸ ਏਨਾ ਹੀ ਕਹਿ ਸਕਿਆ।

-ਕੀ ਹੋ ਗਿਆ ਤੇਰੀਆਂ ਉਂਗਲ਼ਾਂ ਨੂੰ?

-ਉਂਗਲ਼ਾਂ ‘ਚ ਕੰਡੇ ਚੁਭਦੇ ਐ! ਉਸ ਦੇ ਬੁੱਲ੍ਹ ਪਾਸਿਆਂ ਤੋਂ ਹੇਠਾਂ ਨੂੰ ਲੁੜਕੇ ਹੋਏ ਸਨ ਤੇ ਹੇਠਲੇ ਬੁੱਲ੍ਹ ਦਾ ਵਿਚਕਾਰਲਾ ਪਾਸਾ ਗੋਲਾਈ ਅਖ਼ਤਿਆਰ ਕਰ ਕੇ ਉਸ ਦੇ ਹੇਠਲੇ ਦੰਦਾਂ ‘ਤੇ ਛਤਰਧਾਰੀ ਹੋ ਗਿਆ ਸੀ।

ਬਲਵੰਤ ਨੇ ਰਛਪਾਲ ਦੀਆਂ ਉਂਗਲਾਂ ਨੂੰ ਆਪਣੇ ਹੱਥਾਂ ‘ਚ ਲਿਆ ਤੇ ਬੋਲਿਆ: ਓਏ ਕੁਸ਼ ਨੀ ਹੋਇਆ! ਉਂਗਲਾਂ ਠੰਡੀ ਹਵਾ ਨਾਲ਼ ਠਰ ਗਈਐਂ! ਹੁਣੇ ਠੀਕ ਕਰ ਦਿੰਨੇ ਆਂ!

ਉਸ ਨੇ ਰਛਪਾਲ ਦੇ ਇੱਕ ਹੱਥ ਨੂੰ ਆਪਣੇ ਯੱਖ ਹੋਏ ਹੱਥਾਂ ‘ਚ ਲੈ ਕੇ ਰਗੜਨਾ ਸ਼ੁਰੂ ਕਰ ਦਿੱਤਾ। ਮੈਂ ਉਸ ਦੇ ਦੂਸਰੇ ਹੱਥ `ਤੇ ਆਪਣਾ ਹੱਥ ਘਸਾਉਣ ਲੱਗਾ। ਰਛਪਾਲ ਦੇ ਲਗਾਤਾਰ ਨਿੱਕਲ਼ ਰਹੇ ਹਟਕੋਰੇ ਦੋ ਕੁ ਮਿੰਟਾਂ ਬਾਅਦ ਛਿੱਜਣ ਲੱਗੇ।

-ਠੀਕ ਐਂ ਹੁਣ? ਬਲਵੰਤ ਨੇ ਰਛਪਾਲ ਦਾ ਮੋਢਾ ਹਲੂਣਿਆਂ।

ਰਛਪਾਲ ਨੇ ਅੱਖਾਂ ਨੂੰ ਝਮਕ ਕੇ ਉਨ੍ਹਾਂ `ਚੋਂ ਨਮੀ ਝਾੜੀ ਤੇ ਚੁੱਪ-ਚਾਪ ਸਿਰ ਨੂੰ ਹੇਠਾਂ-ਉੱਪਰ ਕੀਤਾ।

ਬਲਵੰਤ ਨੇ ਝੋਲ਼ੇ `ਚੋਂ ਪਿੰਨੀਆਂ ਵਾਲ਼ਾ ਪਰਨਾ ਕੱਢਿਆ, ਤੇ ਪਿੰਨੀਆਂ ਨੂੰ ਝੋਲ਼ੇ ‘ਚ ਸੁੱਟ ਕੇ, ਪਰਨਾ ਰਛਪਾਲ ਦੇ ਹੱਥਾਂ ਉਦਾਲ਼ੇ ਲਪੇਟ ਦਿੱਤਾ।

ਸੂਰਜ ਨੇ ਭਾਵੇਂ ਸਿਰ ਉਠਾਅ ਲਿਆ ਸੀ, ਪਰ ਦੂਰ ਦੂਰ ਤੀਕ ਪੱਸਰੇ, ਧੁੰਦ ਦੇ ਮੋਟੇ ਤੰਬੂ ਕਾਰਨ, ਉਹ ਨਜ਼ਰ ਤੋਂ ਹਾਲੇ ਵੀ ਓਝਲ਼ ਸੀ। ਸੂਰਜ ਚੜ੍ਹ ਜਾਣ ਕਾਰਨ, ਹੁਣ ਆ਼ਲ਼ੇ-ਦੁਆਲ਼ੇ ‘ਚ ਸਿਰਫ਼ ਚਿੱਟਾ ਹਨੇਰਾ ਹੀ ਰਹਿ ਗਿਆ ਸੀ, ਤੇ ਦਿਸਣ-ਹੱਦ ਦਸ-ਪੰਦਰਾਂ ਕਦਮਾਂ ਤੋਂ ਵਧ ਕੇ ਵੀਹ ਕੁ ਕਦਮਾਂ `ਤੇ ਖਿਸਕ ਗਈ ਸੀ। ਹੁਣ ਆਲ਼ੇ-ਦੁਆਲ਼ੇ ‘ਚ ਖਲੋਤੇ ਘੋਨ-ਮੋਨ ਬਿਰਖਾਂ ਦੇ ਝਾਉਲ਼ੇ ਜਿਹੇ ਵੀ ਨਜ਼ਰੀਂ ਆਉਣ ਲੱਗ ਪਏ ਸਨ।

ਜਦੋਂ ਅਸੀਂ ਬੁੱਟਰ ਵਾਲ਼ੇ ਸੂਏ `ਤੇ ਅੱਪੜੇ, ਤਾਂ ਧੁੰਦ ਵਿੱਚੋਂ, ਸਿਰਾਂ ‘ਤੇ ਝੁੰਬ ਮਾਰੀ, ਖੇਤਾਂ ਵੱਲ ਨੂੰ ਜਾ ਰਹੇ ਲੋਕਾਂ ਦੇ ਭੂਤੀਆ-ਆਕਾਰ ਨਜ਼ਰੀਂ ਪੈਣ ਲੱਗੇ। ਬਲਵੰਤ ਦੇ ਮਗਰਲੇ ਪਾਸੇ ਬੈਠਾ ਹੋਣ ਕਰ ਕੇ, ਮੈਂ ਤਾਂ ਸੀਤ ਹਵਾ ਦੇ ਕਹਿਰ ਤੋਂ ਰਤਾ ਕੁ ਬਚਿਆ ਹੋਇਆ ਸਾਂ, ਪਰ ਰਛਪਾਲ ਦੇ ਨੱਕ ਦੀ ਕੋਂਪਲ਼ ਪਾਲ਼ੇ ਨਾਲ਼ ਠਰ ਕੇ ਨੀਲੀ ਹੋਈ ਪਈ ਸੀ।

ਸੂਏ ਦੇ ਪੁਲ਼ ‘ਤੇ, ਮੋਟੇ ਖੇਸ ਦੀ ਬੁੱਕਲ਼ ਮਾਰੀ, ਅੱਧ-ਖੜ ਉਮਰ ਦਾ ਇੱਕ ਵਿਅਕਤੀ ਸਿਗਰਟ ਦੇ ਸੂਟੇ ਲਾ ਰਿਹਾ ਸੀ। ਉਸ ਦੀ “ਲੈਂਪ” ਮਾਰਕਾ ਸਿਗਰਟ ਦੀ ਬੋਅ ਅਸੀਂ ਕਈ ਕਦਮ ਪਹਿਲਾਂ ਹੀ ਸੁੰਘ ਲਈ ਸੀ। ਉਸ ਦੇ ਨੇੜੇ ਅੱਪੜਦਿਆਂ ਬਲਵੰਤ ਨੇ ਸਾਈਕਲ ਹੌਲ਼ੀ ਕੀਤਾ ਤੇ ਮੈਨੂੰ ਪਿਛਲੇ ਕੈਰੀਅਰ ਤੋਂ ਉੱਤਰ ਜਾਣ ਲਈ ਕਿਹਾ।

-ਸਾਸਰੀ `ਕਾਲ…ਕਿਵੇਂ ਐ ਬਾਈ ਸਿੰਆਂ? ਬਲਵੰਤ, ਸਿਗਰਟੀ ਵਿਅਕਤੀ ਨੂੰ ਸੰਬੋਧਤ ਸੀ।

-ਤੂੰ ਸੁਣਾ ਬਈ ਚੋਬਰਾ! ਚੁਟਕੀ ਮਾਰ ਕੇ ਸਿਗਰਟ ਤੋਂ ਰਾਖ਼ ਝਾੜਦਿਆਂ ਸਿਗਰਟੀ ਬੋਲਿਆ।

-ਤੀਲਾਂ ਵਾਲੀ ਡੱਬੀ ਚਾਹੀਦੀ ਸੀ ਭੋਰਾ ਕੁ! ਬਲਵੰਤ ਦੇ ਬੋਲ ਦੀ ਕੰਬਣੀ ਸਿਗਰਟੀ ਨੇ ਜ਼ਰੂਰ ਭਾਂਪ ਲਈ ਹੋਵੇਗੀ।

-ਹੈਂਅ? ਉਹ ਤ੍ਰਭਕ ਕੇ ਬੋਲਿਆ। ਤੀਲਾਂ ਵਾਲ਼ੀ ਡੱਬੀ?

-ਹਾਂ, ਤੀਲਾਂ ਵਾਲ਼ੀ ਡੱਬੀ!

-ਕੀ ਕਰਨੀ ਆਂ?

-ਹੱਥ ਠਰਗੇ ਐ ਜੁਆਕਾਂ ਦੇ, ਬਲਵੰਤ ਸਾਡੇ ਵੱਲੀਂ ਝਾਕ ਕੇ ਮਿਮਕਿਆ। – ਮੇਰਾ `ਰਾਦਾ ਐ ਬਈ ਔਸ ਸਲਵਾੜ੍ਹ ਨੂੰ ਅੱਗ ਲਾ ਕੇ ਜ਼ਰਾ ਸੇਕ ਲਈਏ।

 

ਸਾਡੇ ਅੱਗ ਸੇਕਣ ਤੋਂ ਬਾਅਦ ਸਾਈਕਲ ਫੇਰ ਹਰਕਤ `ਚ ਆ ਗਿਆ। ਐਤਕੀਂ ਰਛਪਾਲ ਦੀ ਸੀਟ ਪਿਛਲੀ ਕਾਠੀ ਉੱਤੇ ਹੋ ਗਈ ਤੇ ਮੈਂ ਮੂਹਰਲੇ ਡੰਡੇ ‘ਤੇ ਸਵਾਰ ਹੋ ਗਿਆ। ਸੂਏ ਦੀ ਪਟੜੀ ‘ਤੇ ਸਾਈਕਲ ਧੂੜਾਂ ਪਟਦਾ ਜਾ ਰਿਹਾ ਸੀ। ਗਿੱਠ, ਗਿੱਠ ਦਾ ਕੱਦ ਕਰ ਗਈਆਂ ਕਣਕਾਂ ਉੱਪਰ ਪਈ ਤ੍ਰੇਲ ਸਾਫ਼ ਦਿਸਦੀ ਸੀ। ਕੱਚੇ ਰਸਤੇ ਦਾ ਰੇਤਾ ਤੇ ਮਿੱਟੀ ਸਿੱਲ੍ਹ ਨਾਲ਼ ਭਰੇ ਹੋਏ ਸਨ। ਪੱਤਿਆਂ ਤੋਂ ਬਗ਼ੈਰ ਪਿੰਜਰ ਜਾਪਦੇ, ਉਦਾਸ ਦ੍ਰਖ਼ਤਾਂ ਉੱਪਰ, ਆਪਣੇ ਖੰਭਾਂ ਨੂੰ ਮੋਢਿਆਂ ਵਾਂਗ ਸੁੰਗੇੜ ਕੇ ਬੈਠੇ ਹੋਏ ਕਾਂ ਉੱਡਣ ਦੀ ਹਿੰਮਤ ਗੁਆ ਬੈਠੇ ਸਨ।

ਪੰਜ ਛੇ ਮੀਲ ਚੱਲਣ ਤੋਂ ਬਾਅਦ, ਕਮਾਦ ਜਾਂ ਸਲਵਾੜ੍ਹਾਂ ਨਾਲ਼ ਢਕੀ, ਕਿਸੇ ਪਰਦੇ ਵਾਲ਼ੀ ਥਾਂ `ਤੇ ਅਸੀਂ ਸਾਈਕਲ ਤੋਂ ਉੱਤਰਦੇ ਤੇ ਪਿਸ਼ਾਬ ਕਰਨ ਦੇ ਬਹਾਨੇ ਬਲਵੰਤ ਨੂੰ ਦਮ ਦੁਆ ਦਿੰਦੇ। ਤੇਜ਼ ਹਵਾ ‘ਚ ਸਾਈਕਲ ਚਲਾਉਣ ਨਾਲ਼ ਬਲਵੰਤ ਦਾ ਜ਼ੋਰ ਲੱਗਣ ਕਾਰਨ ਨੌ ਕੁ ਵਜਦੇ ਨੂੰ ਉਸ ਦੇ ਪੇਟ ‘ਚ ਤਿਤਲੀਆਂ ਉੱਡਣ ਲੱਗੀਆਂ। ਸੁੰਨਸਾਨ ਥਾਂ ‘ਤੇ ਖਲੋਤੇ ਇੱਕ ਨਲ਼ਕੇ ਕੋਲ਼ ਉਸ ਨੇ ਸਾਈਕਲ ਰੋਕਿਆ ਤੇ ਦੋ ਤਿੰਨ ਪਿੰਨੀਆਂ ਨਿਘਾਰਨ ਬਾਅਦ ਪੇਟ ਪਾਣੀ ਨਾਲ਼ ਭਰ ਲਿਆ।

ਮੇਰੇ ਹੱਥ, ਪਰਨੇ ‘ਚ ਲਪੇਟੇ ਹੋਏ ਸਨ, ਇਸ ਲਈ ਠੰਡ ਸਿਰਫ਼ ਅੱਖਾਂ ਤੇ ਨੱਕ ‘ਤੇ ਹੀ ਮਾਰ ਕਰਦੀ ਸੀ। ਕਈਆਂ ਪਿੰਡਾਂ ਦੀਆਂ ਫਿਰਨੀਆਂ ਨਾਪਦੇ ਤੇ ਕਈ ਵਿੰਗ-ਤੜਿੰਗੇ ਰਸਤਿਆਂ ਦਾ ਭਰਮਣ ਕਰਦੇ ਕਰਦੇ, ਅਖ਼ੀਰ ਅਸੀਂ ਦੇਹੜਕੇ ਜਾ ਸਿਰ ਕੱਢਿਆ।

ਗੁਰਦਵਾਰੇ ਸਾਡਾ ਭਰਵਾਂ ਸਵਾਗਤ ਹੋਇਆ। ਗੁਰਦਵਾਰੇ ਦੀ ਇਮਾਰਤ ਛੋਟੀ ਹੋਣ ਕਰ ਕੇ, ਗੁਰਦਵਾਰੇ ਦੇ ਸਾਹਮਣੇ ਵਾਲੇ ਮੈਦਾਨ ਵਿੱਚ ਹੀ ਚਾਨਣੀਆਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਦੇ ਹੇਠ ਪੱਟੀਆਂ ਵਿਛੀਆਂ ਹੋਈਆਂ ਸਨ। ਗੁਰੂ ਗ੍ਰੰਥ ਸਾਹਿਬ ਦੀ ਬੀੜ, ਚਾਨਣੀ ਦੇ ਹੇਠ, ਗੁਰਦਵਾਰੇ ਦੇ ਮੁੱਖ ਗੇਟ ਦੇ ਨੇੜੇ ਜੇਹੇ ਸ਼ਸ਼ੋਭਤ ਸੀ। ਲੰਗਰ ਵਿੱਚੋਂ ਲੌਂਗ-ਲਾਚੀਆਂ ਤੇ ਭਰਵੇਂ ਮਿੱਠੇ ਵਾਲ਼ੀ ਚਾਹ ਛਕਾਉਣ ਤੋਂ ਬਾਅਦ ਜਦੋਂ ਸਾਨੂੰ ਦੀਵਾਨ ਵਿੱਚ ਲਿਆਂਦਾ ਗਿਆ, ਤਾਂ ਸਾਡੇ ਇੱਕੋ ਰੰਗ ਦੇ ਕੱਪੜਿਆਂ ਤੋਂ ਸਾਡੇ ਕਵੀਸ਼ਰ ਹੋਣ ਦਾ ਅੰਦਾਜ਼ਾ ਲਾ ਲੈਣ ਨਾਲ਼, ਸੰਗਤ ਵਿੱਚ ਘੁਸਰ-ਮੁਸਰ ਹੋਣ ਲੱਗੀ। ਸਾਰਾ ਪਿੰਡ ਦੀਵਾਨ ਵਿੱਚ ਹਾਜ਼ਰ ਹੋਣ ਕਾਰਨ, ਦੀਵਾਨ ਵਿੱਚ ਹਵਾ ਗੁਜ਼ਰਨ ਜੋਗਰੀ ਜਗਾ੍ਹ ਵੀ ਖ਼ਾਲੀ ਨਹੀਂ ਸੀ। ਏਡਾ ਵੱਡਾ ਇਕੱਠ ਦੇਖ ਕੇ ਮੇਰੇ ਅੰਦਰ ਝੁਣਝੁਣੀ ਫੁੱਟਣ ਲੱਗੀ।

ਸਟੇਜ ਸੈਕਟਰੀ ਨੇ ਆਪਣੇ ਸੰਖੇਪ ਭਾਸ਼ਣ ‘ਚ ਸਾਡੇ ਜੱਥੇ ਦੀ ਤਾਰੀਫ਼ ਕਰਦਿਆਂ ਇਹ ਭੇਤ ਵੀ ਖੋਲ੍ਹ ਦਿੱਤਾ ਕਿ ਧਾਰਮਿਕ ਸਥਾਨ `ਤੇ ਇਹ ਕਵੀਸ਼ਰੀ ਗਾਉਣ ਦਾ ਇਹ ਸਾਡਾ ਪਹਿਲਾ ਬਕਾਇਦਾ ਪ੍ਰੋਗਰਾਮ ਸੀ।

ਆਪਣੇ ਪਿੰਡ ਤੋਂ ਦੇਹੜਕੇ ਤੀਕ ਦੇ ਸਾਈਕਲੀ ਸਫ਼ਰ ਦਾ ਪਾਲ਼ਾ ਮੇਰੇ ਹੱਡਾਂ ਤੀਕ ਹਾਲੇ ਵੀ ਜੰਮਿਆਂ ਪਿਆ ਸੀ।

ਜਿਓਂ ਹੀ ਅਸੀਂ ਮਾਈਕਰੋਫ਼ੋਨ ਦੇ ਸਾਹਮਣੇ ਹੋਏ, ਸੰਗਤ ਉੱਪਰ ਖ਼ਾਮੋਸ਼ੀ ਧੂੜੀ ਗਈ। ਏਡੇ ਵੱਡੇ ਇਕੱਠ ਨੂੰ ਦੇਖ ਕੇ ਮੇਰੀਆਂ ਲੱਤਾਂ ਥਿੜਕੀਆਂ। ਛੋਟਾ ਰਛਪਾਲ ਡੌਰ ਭੌਰ ਹੋਇਆ ਖਲੋਤਾ ਸੀ।

ਬਲਵੰਤ ਨੇ ਫਤੇਹ ਬੁਲਾਈ ਤੇ ਉਹ ਸੰਗਤ ਨੂੰ ਸਰਸਾ ਨਦੀ ਉੱਤੇ ਲੈ ਗਿਆ। ਸਰਸਾ ਨਦੀ ਉੱਤੇ ਕਾਲ਼ੀ-ਬੋਲ਼ੀ ਸੀਤ ਰਾਤ ਵਿੱਚ ਕਹਿਰ ਦਾ ਝੱਖੜ ਝੁੱਲਣ ਲੱਗਾ। ਚਾਰ ਕੁ ਮਿੰਟਾਂ ਬਾਅਦ, ਗੁਰੂ ਜੀ ਦੇ ਪਰਵਾਰ ਦੇ ਖੇਰੂੰ-ਖੇਰੂੰ ਹੋ ਜਾਣ ਵਾਲ਼ਾ ਛੰਦ ਸਪੀਕਰ ਉੱਤੇ ਗੂੰਜਣ ਲੱਗਾ। ਤਿੱਖੀਆਂ ਆਵਾਜ਼ਾਂ ‘ਚ ਸਾਡੇ ਵੱਲੋਂ ਗਾਇਆ ਛੰਦ ਜਦੋਂ ਸਮਾਪਤ ਹੋਇਆ ਤਾਂ ਸਾਡੇ ਸਾਹਮਣੇ ਬੈਠੇ ਨਿਹੰਗ ਬਾਣੇ ਵਾਲ਼ੇ ਇੱਕ ਸਿੰਘ ਨੇ ‘ਬੋਲੇਅਅਅ ਸੋ ਨਿਹਾਲ’ ਦਾ ਲੰਮਾਂ ਜੈ-ਕਾਰਾ ਛੱਡ ਦਿੱਤਾ। ਸਾਰੀ ਸੰਗਤ ‘ਸਤਿ ਸ੍ਰੀ ਆਕਾਲ’ ਦੇ ਜਵਾਬ ਨਾਲ਼ ਗੂੰਜ ਉੱਠੀ।

ਜੈਕਾਰਾ ਮੁੱਕਦਿਆਂ ਹੀ ਸੰਗਤ ‘ਚੋਂ ਦਰਜਣਾਂ ਵਿਅਕਤੀ ਇੱਕ ਇੱਕ ਰੁਪੈਆ ਜੇਬਾਂ ‘ਚੋਂ ਕੱਢ ਕੇ ਸਾਡੇ ਵੱਲ ਵਧਣੇ ਸ਼ੁਰੂ ਹੋ ਗਏ। ਵੇਖਦਿਆਂ ਹੀ ਵੇਖਦਿਆਂ ਸਾਡੇ ਸਾਹਮਣੇ ਰੱਖੇ ਮੇਜ਼ ਉੱਪਰ ਮਾਇਆ ਦਾ ਢੇਰ ਲੱਗ ਗਿਆ।

ਰੂਪੈਆਂ ਵਾਲ਼ੇ ਲੋਕ ਜਿਓਂ ਹੀ ਆਪਣੀ ਆਪਣੀ ਜਗ੍ਹਾ `ਤੇ ਵਾਪਿਸ ਪਰਤੇ, ਬਲਵੰਤ, ਗੁਰੂ ਜੀ ਦੇ ਅਤਿਅੰਤ ਭਰੋਸੇਯੋਗ ਰਸੋਈਏ ਗੰਗੂ ਨੂੰ ਸਟੇਜ `ਤੇ ਲੈ ਆਇਆ। ਗੰਗੂ, ਗੁਰੂ ਜੀ ਦੀ ਮਾਤਾ ਗੁਜਰੀ ਨੂੰ, ਆਪਣੇ ਪਿੰਡ ਖੇੜੀ, ਆਪਣੇ ਘਰ ‘ਚ ਸ਼ਰਨ ਲੈਣ ਲਈ ਮਨਾਉਣ ਲੱਗਾ। ਮਾਤਾ ਜੀ ਤੇ ਸਾਹਿਬਜ਼ਾਦੇ ਮਾਇਆ ਦੀ ਗਠੜੀ ਸਮੇਤ ਗੰਗੂ ਦੇ ਚੌਬਾਰੇ ਵਿੱਚ ਚਲੇ ਗਏ। ਗੰਗੂ ਹੇਠਾਂ ਰਸੋਈ ‘ਚ ਆਟਾ ਗੁਨ੍ਹ ਰਹੀ ਆਪਣੀ ਮਾਤਾ ਨੂੰ ਕਹਿਣ ਲੱਗ ਪਿਆ: “ਆਖਾਂ ਮੈਂ ਝਿਜਕ, ਝਿਜਕ ਕੇ, ਇੱਕ ਗੱਲ ਜੇ ਮੰਨੇ ਮਾਂ; ਬਣਿਆਂ ਕੰਮ ਰੱਬ-ਸਬੱਬੀਂ, ਪਾਵੀਂ ਨਾ ਨੰਨੇ ਮਾਂ; ਦੌਲਤ ਤੱਕ ਅੱਖਾਂ ਮੀਟਣ, ਅਕਲ ਦੇ ਅੰਨ੍ਹੇ ਮਾਂ, ਆਈ ਹੈ ਮਸਾਂ ਅੜਿੱਕੇ, ਕਰੀਏ ਨਾ ਖ਼ੈਰ ਨਾ; ਮਾਰ ਦੇਈਏ ਦਾਦੀ ਪੋਤੇ, ਦੇ ਕੇ ਤੇ ਜ਼ਹਿਰ ਮਾਂ, ਮਾਇਆ ਰਹਿ ਜਾਊ ਪੱਲੇ!” ਮਾਤਾ ਗੰਗੂ ਨੂੰ ਅਕ੍ਰਿਤਘਣ ਬਣਨ ‘ਤੇ ਲਾਅਣਤਾਂ ਪਾਉਣ ਲੱਗੀ: ਸੜਜੇ ਤੇਰੀ ਜੀਭਾ ਗੰਗੂ, ਫੁਰਨਾ ਕੀ ਫੁਰਿਆ ਵੇ; ਨਿਮਕ ਹਰਾਮੀ ਬਣ ਨਾ, ਜ਼ਾਲਮ ਬੇ-ਗੁਰਿਆ ਵੇ; ਜਿਸ ਨੇ ਬਣਾਇਆ ਪਾੜੇਂ, ਉਸ ਦਾ ਢਿੱਡ ਛੁਰਿਆ ਵੇ! ਯੂਸਫ਼ ਦੀ ਕੀਮਤ ਪਾ ਨਾ, ਸੂਤ ਦੀ ਅੱਟੀ ਵੇ; ਭਰਕੇ ਤੇ ਡੋਬੇ ਬੇੜਾ, ਪਾਪ ਦੀ ਖੱਟੀ ਵੇ; ਮਾਇਆ ਨੇ ਨਾਲ਼ ਨਾ ਜਾਣਾ!

ਸਾਹਿਬਜ਼ਾਦਿਆਂ ਨੂੰ ਕੰਧਾਂ ‘ਚ ਚਿਣੇ ਜਾਣ ਤੀਕਰ ਦੇ ਇਤਿਹਾਸ ਦੇ ਅਹਿਮ ਪੜਾਵਾਂ ਨੂੰ ਚਿਤਰਦੇ ਛੰਦ ਜਿਓਂ ਹੀ ਖ਼ਤਮ ਹੁੰਦੇ ਤਾਂ ਮਾਇਆ ਦੀ ਢੇਰੀ ਹੋਰ ਵੱਡੀ ਹੋਈ ਜਾਂਦੀ। ਸ਼ਹੀਦੀ ਪ੍ਰਸੰਗ ਜਦੋਂ ਮਾਸੂਮ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਵਾਲੇ ਪੜਾਅ ‘ਤੇ ਅੱਪੜਿਆ ਤਾਂ ਸੰਗਤ ਵਿੱਚ ਛਾਈ ਖ਼ਾਮੋਸ਼ੀ ਹੋਰ ਡੂੰਘੀ ਹੋ ਗਈ। ਔਰਤਾਂ ਵਾਲ਼ੇ ਪਾਸਿਓਂ ਸਿਸਕੀਆਂ ਸੁਣਾਈ ਦੇਣ ਲੱਗੀਆਂ, ਤੇ ਮਰਦਾਂ ਵਾਲ਼ੇ ਪਾਸੇ ਹੌਕੇ ਉੱਗਣ ਲੱਗੇ। ਉੱਚੀਆਂ ਅਵਾਜ਼ਾਂ ‘ਚ ਲਗਾਤਾਰ ਡੇਢ ਘੰਟਾ ਗਾਈ ਜਾਣ ਕਾਰਨ ਸਾਡੇ ਸਰੀਰ ਪਸੀਨੇ ‘ਚ ਤਰ ਹੋ ਗਏ, ਤੇ ਹੱਡਾਂ `ਚੋਂ ਸੇਕ ਨਿਕਲਣ ਲੱਗਾ।

ਦੀਵਾਨ ਦੀ ਸਮਾਪਤੀ ਜਿਓਂ ਹੀ ਹੋਈ, ਬੱਚਿਆਂ ਤੇ ਔਰਤਾਂ ਨੇ ਸਾਡੇ ਉਦਾਲ਼ੇ ਝੁਰਮਟ ਬੰਨ੍ਹ ਲਿਆ। ਕੋਈ ਔਰਤ ਸਾਨੂੰ ਬੁੱਕਲ਼ ‘ਚ ਲਵੇ, ਕੋਈ ਸਿਰ ਪਲ਼ੋਸੇ, ਤੇ ਕੋਈ ਮੋਢਿਆਂ ਨੂੰ ਥਾਪੜਾ ਦੇਈ ਜਾਵੇ: ਹਰ ਪਾਸਿਓਂ ਆਵਾਜ਼ਾਂ ਆਈ ਜਾਣ: ਜਿਓਂਦੇ ਰਹੋ! ਜੁਗ ਜੁਗ ਜੀਵੋ! ਧੰਨ ਤੁਹਾਡੀ ਮਾਂ, ਬੱਚਿਓ, ਜਿਸ ਨੇ ਏਡੇ ਹੋਣਹਾਰਾਂ ਨੂੰ ‘ਜਰਮ’ ਦਿੱਤਾ! ਦੇਖੋ ਨੀ ਨਿੱਕੇ ਨਿੱਕੇ ਜਵਾਕ ਕਮਾਲਾਂ ਈ ਕਰੀ ਜਾਂਦੇ ਐ!

ਏਨੀਆਂ ਤਾਰੀਫ਼ਾਂ ਸੁਣ ਕੇ ਉਸ ਸਵੇਰ ਝੱਲੀ ਕਹਿਰ ਦੀ ਠਾਰੀ ਦੀ ਯਾਦ ਦਿਮਾਗ਼ `ਚੋਂ ਨੁੱਚੜ ਗਈ।

Last modified on Tuesday, 30 November 1999 00:00
ਇਕਬਾਲ ਰਾਮੂਵਾਲੀਆ

ਇਕਬਾਲ ਰਾਮੂਵਾਲੀਆ

ਜਨਮ: ਮੋਗੇ ਦੇ ਲਾਗੇ ਪਿੰਡ ਰਾਮੂਵਾਲਾ `ਚ ਮਾਤਾ ਦਿਲਜੀਤ ਕੌਰ ਤੇ ਪੇਟੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ 1946 `ਚ ਜਨਮਿਆਂ।

ਵਿੱਦਿਆ: ਅੱਠਵੀਂ ਜਮਾਤ ਪਿੰਡ ਦੇ ਸਕੂਲੋਂ ਤੇ ਦਸਵੀਂ ਪਿੰਡ ਬੁੱਟਰ ਤੋਂ ਕਰ ਕੇ ਬੀ.ਏ.ਡੀ.ਐਮ.ਕਾਲਜ ਮੋਗਾ ਤੋਂ।

ਸਰਵਿਸ: ਅੰਗਰੇਜ਼ੀ ਦੀ ਐਮ.ਏ.ਗੌਰਮਿੰਟ ਕਾਲਜ ਲੁਧਿਆਣੇ ਤੋਂ ਕਰ ਕੇ ਖਾਲਸਾ ਕਾਲਜ ਸੁਧਾਰ `ਚ ਪੰਜ ਸਾਲ ਅੰਗਰੇਜ਼ੀ ਦਾ ਲੈਕਚਰਰ। 1975 `ਚ ਕੈਨਡਾ ਚਲਾ ਗਿਆ ਜਿੱਥੇ ਫੈਕਟਰੀਆਂ `ਚ ਕੰਮ ਕਰਨ, ਟੈਕਸੀ ਚਲਾਉਣ ਤੇ ਦਰਬਾਨੀ ਕਰਨ ਦੇ ਨਾਲ਼ ਨਾਲ਼ ਯੂਨੀਵਰਸਿਟੀਆਂ `ਚ ਪੜ੍ਹਾਈ ਵੀ ਕਰੀ ਗਿਆ। 1985 ਤੋਂ ਕੈਨਡਾ `ਚ ਸਕੂਲ ਸਿਸਟਮ ਵਿੱਚ ਵਿਦਿਆਕਾਰ ਦੇ ਤੌਰ `ਤੇ ਕੰਮ ਕਰ ਰਿਹਾ ਹੈ।

ਕਿਤਾਬਾਂ: ਸ਼ਾਇਰੀ ਦੀਆਂ ਕੁੱਲ ਛੇ ਕਿਤਾਬਾਂ, ਇੱਕ ਕਾਵਿ-ਨਾਟਕ, ਦੋ ਨਾਵਲ ਅੰਗਰੇਜ਼ੀ `ਚ ਤੇ ਇੱਕ ਪੰਜਾਬੀ `ਚ।

ਪਤਾ: ਦੋ ਬੇਟੀਆਂ ਦਾ ਬਾਪ, ਅੱਜ ਕੱਲ ਟਰਾਂਟੋ ਦੇ ਨਜ਼ਦੀਕ ਬਰੈਂਪਟਨ ਸ਼ਹਿਰ ਦਾ ਵਸਨੀਕ।

2 comments

  • Comment Link folcklord Monday, 19 July 2010 19:50 posted by folcklord

    x7MwtZ brhtdrugxldx, [url=http://awgfyvvtpyrb.com/]awgfyvvtpyrb[/url], [link=http://qqqoxwwyzsps.com/]qqqoxwwyzsps[/link], http://iydcqxsdqtbp.com/

    This e-mail address is being protected from spambots. You need JavaScript enabled to view it
  • Comment Link kuleshs Tuesday, 13 July 2010 23:26 posted by kuleshs

    Cs5Rx9 iawqxjglzrkq, [url=http://cmsaynezkxyk.com/]cmsaynezkxyk[/url], [link=http://vlnjhpbhjpup.com/]vlnjhpbhjpup[/link], http://eqobxfjwmlwo.com/

    This e-mail address is being protected from spambots. You need JavaScript enabled to view it