You are here:ਮੁਖ ਪੰਨਾ»ਜੀਵਨੀਆਂ»ਇਕਬਾਲ ਰਾਮੂਵਾਲੀਆ»03 - ਸੜਦੀਆਂ ਤਲ਼ੀਆਂ ਲਈ ਛਾਂ ਦੀ ਤਲਾਸ਼

ਲੇਖ਼ਕ

Thursday, 22 October 2009 16:30

03 - ਸੜਦੀਆਂ ਤਲ਼ੀਆਂ ਲਈ ਛਾਂ ਦੀ ਤਲਾਸ਼

Written by
Rate this item
(0 votes)

ਮੇਰਾ ਪੱਕਾ ਯਕੀਨ ਹੈ ਕਿ ਮੇਰੇ ਵਾਂਗ ਹੀ ਹਰ ਵਿਅਕਤੀ ਨੂੰ ਕਦੇ-ਕਦਾਈਂ ਅਜੀਬੋ-ਗਰੀਬ ‎ਸੁਪਨਿਆਂ ਦੀ ਪ੍ਰੇਸ਼ਾਨੀ `ਚੋਂ ਗੁਜ਼ਰਨਾ ਪੈਂਦਾ ਹੋਵੇਗਾ। ਮੈਨੂੰ ਅਨੇਕਾਂ ਅਜੇਹੇ ਸੁਪਨੇ ਵਾਰ ਵਾਰ ਆਉਂਦੇ ਨੇ ‎ਜਿਨ੍ਹਾਂ `ਚੋਂ ਗੁਜ਼ਰਦਿਆਂ ਮੈਂ ਸਾਹੋ-ਸਾਹ ਅਤੇ ਪਸੀਨੋ-ਪਸੀਨੀ ਹੋ ਜਾਂਦਾ ਹਾਂ। ਕਈਆਂ ਸੁਪਨਿਆਂ `ਚ ‎ਵਰਤਿਆ ਵਰਤਾਰਾ ਏਨਾ ਕਰੂਰ, ਕਮੀਨਾ, ਤੇ ਗਲੀਜ਼ ਹੁੰਦਾ ਹੈ ਕਿ ਅਗਰ ਇਹ ਹਕੀਕਤ ਹੋਵੇ ਤਾਂ ‎ਸੁਪਨਾ ਲੈਣ ਵਾਲਾ ਇਨਸਾਨ ਖੁਦਕੁਸ਼ੀ ਕਰ ਜਾਵੇ।

ਵਾਰ ਵਾਰ ਦੁਹਰਾਏ ਜਾਂਦੇ ਇੱਕ ਸੁਪਨੇ `ਚ ਮੇਰਾ ਬਾਪ ਇੱਕ ਸ਼ਮਸ਼ਾਨਘਾਟ `ਚ ਮੁਰਦਾ ਹਾਲਤ ‎‎`ਚ ਪਿਆ ਹੈ। ਉਸ ਦਾ ਸਿਰ ਧੌਣ ਕੋਲੋਂ ਕੱਟਿਆ ਹੋਇਆ ਹੈ। ਡੌਲ਼ੇ ਮੋਢਿਆਂ ਤੋਂ ਵੱਢੇ ਹੋਏ ਨੇ ਅਤੇ ‎ਬਾਹਾਂ ਤੇ ਹੱਥ ਇੱਕ ਦੂਜੇ ਤੋਂ ਬੇਰਿਸ਼ਤ ਹੋਏ ਪਏ ਨੇ। ਹੇਠਾਂ ਲੱਕ ਕੋਲੋਂ ਧੜ, ਟੰਗਾਂ ਤੋਂ ਵੱਖ ਪਿਆ ਹੈ; ‎ਲੱਤਾਂ ਗੋਡਿਆਂ ਤੋਂ ਵੱਢ ਕੇ ਪਰ੍ਹੇ ਕੀਤੀਆਂ ਪਈਆਂ ਹਨ, ਤੇ ਪੈਰ ਗਿੱਟਿਆਂ ਤੋਂ ਅਲੱਗ ਨੇ। ਅਸੀਂ ਚਾਰੇ ‎ਭਰਾ ਅਤੇ ਸਾਡੇ ਕੁੱਝ ਦੋਸਤ ਬਾਪੂ ਦੇ ਵੱਢੇ ਹੋਏ ਅੰਗਾਂ ਨੂੰ ਆਪਣੀ ਆਪਣੀ ਥਾਂ `ਤੇ ਮਿਲ਼ਾ ਦੇਂਦੇ ਹਾਂ। ‎ਮੋਇਆ ਪਿਆ ਬਾਪੂ ਕਹਿੰਦਾ ਹੈ, ਮੈਨੂੰ ਇੱਕ ਵਾਰੀ ਬਾਹਾਂ ਦਾ ਸਹਾਰਾ ਦੇ ਕੇ ਉਠਾਲ਼ ਦਿਓ, ਫਿਰ ਮੈਂ ‎ਆਪੇ ਤੁਰਨ ਲੱਗ ਜਾਵਾਂਗਾ। ਅਸੀਂ ਜਦੋਂ ਵੱਢੇ ਹੋਏ ਸਰੀਰ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ‎ਕਦੇ ਬਾਂਹ ਗਿਰ ਜਾਂਦੀ ਹੈ, ਕਦੇ ਸਿਰ ਲੁੜਕ ਜਾਂਦਾ ਹੈ ਤੇ ਕਦੇ ਲੱਤ ਖਿਸਕ ਜਾਂਦੀ ਹੈ। ਆਖ਼ਿਰ ਲੰਮੀ ‎ਜੱਦੋ-ਜਹਿਦ ਤੋਂ ਬਾਅਦ ਬਾਪੂ ਨੂੰ ਪੈਰਾਂ `ਤੇ ਖੜ੍ਹਾ ਕਰ ਦਿੱਤਾ ਜਾਂਦਾ ਹੈ। ਫ਼ਿਰ ਉਹ ਇੰਝ ਤੁਰਦਾ ਹੈ ‎ਜਿਵੇਂ ਤੰਦਾਂ ਦੇ ਖਿੱਚਣ ਨਾਲ ਲੱਕੜ ਦੀਆਂ ਪੂਤਲੀਆਂ ਹੁਝਕੇ ਜਿਹੇ ਮਾਰ ਕੇ, ਏਧਰ ਓਧਰ ਲੜ-‎ਖੜਾਉਂਦੀਆਂ ਨੇ। ਧੌਣ ਦਾ ਹੁਜਕਾ ਵਜਦਾ ਹੈ, ਲੱਕ ਪਿੱਛੇ ਨੂੰ ਧੱਕਿਆ ਜਾਂਦਾ ਹੈ, ਬਾਹਾਂ ਅੱਗੇ ਪਿੱਛੇ ‎ਝੋਲੇ ਖਾਂਦੀਆਂ ਨੇ, ਤੇ ਲੱਤਾਂ ਲੁੜਕੂੰ-ਲੁੜਕੂੰ ਕਰਦੀਆਂ ਨੇ। ਉਹ ਜਿਵੇਂ ਤੁਰਦਾ ਹੈ, ਓਂਵੇਂ ਸਿਰਫ਼ ਕੋਈ ‎ਲਾਸ਼ ਹੀ ਤੁਰ ਸਕਦੀ ਹੈ।

ਮੋਇਆ ਬਾਪੂ ਕਹਿੰਦਾ ਹੈ ਮੈਨੂੰ ਇੱਕ ਵਾਰ ਸਾਈਕਲ ਦੀ ਕਾਠੀ `ਤੇ ਬਿਠਾਅ ਦਿਓ, ਫੇਰ ਦੇਖਿਓ ‎ਮੇਰਾ ਸਾਈਕਲ ਧੂੜਾਂ ਪਟਦਾ ਕਿਵੇਂ ਜਾਂਦਾ ਹੈ। ਸਾਈਕਲ ਹਾਜ਼ਰ ਹੁੰਦਾ ਹੈ ਤੇ ਬਾਪੂ ਉਸ `ਤੇ ਸਵਾਰ ਹੋ ‎ਕੇ ਸਾਡੇ ਗਵਾਂਢੀ ਪਿੰਡ ਬੁੱਟਰ ਵਾਲੇ ਓਸ ਸੂਏ ਦੀ ਲਿੱਸੀ ਜਿਹੀ ਪਟੜੀ `ਤੇ ਹਵਾ ਨੂੰ ਕਟਦਾ ਜਾ ਰਿਹਾ ‎ਹੈ ਜਿਸ ਉੱਤੋਂ, ਦਸਵੀਂ `ਚ ਸਕੂਲ ਜਾਂਦਿਆਂ, ਮੈਂ ਆਪਣੇ ਹਮਜਮਾਤੀਆਂ ਨਾਲ਼ ਸੈਂਕੜੇ ਦਫ਼ਾ ਸਾਈਕਲ ‎ਸਵਾਰੀ ਕੀਤੀ।

ਜਿਸ `ਚ ਮੈਂ ਬਾਂਟਿਆਂ ਦੀ ਉਮਰ ਗੁਜ਼ਾਰੀ, ਸਾਡਾ ਉਹ ਜੱਦੀ ਘਰ ਮੇਰੇ ਸੁਪਨਿਆਂ ਦੇ ਆਸਮਾਨ ‎‎`ਚ ਚੰਦ ਵਾਂਗ ਜੜਿਆ ਹੋਇਆ ਹੈ: ਕਦੇ ਇਹ ਤੀਜ-ਚੌਥ ਦੇ ਦਾਤਰੀ-ਅਕਾਰ ਵਾਂਗ ਮੇਰੇ ਮੱਥੇ `ਚ ‎ਖੁੱਭ ਜਾਂਦਾ ਹੈ ਤੇ ਕਦੇ ਪੁੰਨਿਆਂ ਦਾ ਸੂਰਜਮੁਖੀ ਮੁਹਾਂਦਰਾ ਬਣ ਕੇ ਮੇਰੇ ਤਸੱਵਰ ਨੂੰ ਰੁਸ਼ਨਾਉਣ ਲਗਦਾ ‎ਹੈ। ਦੋ ਵੱਡ-ਅਕਾਰੀ ਕੋਠਿਆਂ ਅਤੇ ਹਰੇਕ ਸਾਲ ਸਾਉਣ-ਭਾਦੋਂ ਦੇ ਮੀਹਾਂ `ਚ ਕਿਰੂੰ ਕਿਰੂੰ ਕਰਦੀਆਂ ‎ਵਾਗਲੇ ਦੀਆਂ ਕੰਧਾ ਵਿਚਕਾਰ, ਬੇਚੈਨੀ ਭੋਗਦਾ, ਫ਼ੋੜੇਦਾਰ ਵਿਹੜਾ ਜਿਸ ਦੇ ਐਨ ਵਿਚਕਾਰ, ਕੁਕੜੀਆਂ ‎ਨੂੰ ਜਾਂਗਲੀ ਬਿੱਲੇ ਤੋਂ ਬਚਾਉਣ ਲਈ, ਕਿੱਕਰ ਦਾ ਇੱਕ ਲੰਮਾ, ਉੱਚ-ਕੱਦਾ, ਮੋਟਾ ਟਾਹਣ ਸਿੱਧਾ ਗੱਡ ‎ਕੇ, ਉਸ ਦੇ ਸਿਖ਼ਰ ਇੱਕ ਟੋਕਰਾ ਬੰਨ੍ਹਿਆਂ ਹੋਇਆ ਸੀ। ਹਰ ਸ਼ਾਮ ਅਸੀਂ ਚਾਰੇ ਭਰਾ ਕੁਕੜੀਆਂ ਨੂੰ ‎ਦਬੋਚ ਕੇ ਇਸ ਟੋਕਰੇ ਵੱਲ ਨੂੰ ਉਛਾਲਦੇ ਤੇ ਸਾਰੀਆਂ ਕੁਕੜੀਆਂ ਵਾਰੀ ਵਾਰੀ ਇਸ ਟੋਕਰੇ `ਚ ‎ਅਸਵਾਰ ਹੋ ਜਾਂਦੀਆਂ।

ਦੋ ਕੱਚਿਆਂ ਕੋਠਿਆਂ `ਚੋਂ ਇੱਕ ਨੰਬਰ `ਚ ਲੱਕੜ ਦੀ ਇੱਕ ਪੇਟੀ ਜਿਸ `ਚ ਰਜ਼ਾਈਆਂ, ਗੁਦੈਲੇ, ‎ਤੇ ਮੋਟੇ ਖੇਸ ਗਰਮੀਆਂ ਦੀ ਰੁੱਤ `ਚ ਲੰਮੇਂ ਨਿਸਲੇਵੇਂ (ਹਾਈਬਰਨੇਸ਼ਨ) ਵਿੱਚ ਸਿਥੱਲ ਹੋ ਕੇ ਪਏ ‎ਰਹਿੰਦੇ। ਇੱਕ ਦਾਦੇ-ਪੜਦਾਦਿਆਂ ਵੇਲੇ ਦਾ ਸੰਦੂਕ ਜਿਹੜਾ ਸਾਡੀਆਂ ਸਿਆਲੂ ਖੇਸੀਆਂ, ਬਾਪੂ ਦੇ ਕੋਟ ‎ਤੇ ਪੁਰਾਣੇ ਫ਼ੌਜੀ ਕੱਪੜਿਆਂ ਦੀ ਦੁਕਾਨ ਤੋਂ ਖਰੀਦੀ ਮੂੰਗੀਆ ਜਿਹੀ ਭਾਅ ਮਾਰਦੀ ਬਰਾਂਡੀ ਅਤੇ ਹੋਰ ‎ਨਿੱਕੇ-ਮੋਟੇ ਸਮਾਨ ਨੂੰ ਸਾਂਭੀ ਰਖਦਾ। ਇਸੇ ਕੋਠੇ `ਚ ਹੀ ਖਲ਼-ਵੜੇਵਿਆਂ ਤੇ ਕਣਕ ਦੀਆਂ ਬੋਰੀਆਂ ਤੇ ‎ਗੁੜ ਦੇ ਗੱਟੇ ਦਾ ਨਿਵਾਸ-ਅਸਥਾਨ ਸੀ। ਭਾਰੇ ਪਾਵਿਆਂ ਤੇ ਸਡੌਲ ਬਾਹੀਆਂ ਵਾਲਾ ਇੱਕ ਨਿਵਾਰੀ ‎ਪਲੰਘ ਵੀ, ਬਾਰੀਓਂ-ਸੱਖਣੇ ਇਸੇ ਕੋਠੇ ਦੀ ਵਿਰਲੀ ਜਿਹੀ ਪਰਜਾ ਦਾ ਹਿੱਸਾ ਸੀ। ਵਿਹੜੇ ਵੱਲ ਨੂੰ ‎ਖੁਲ੍ਹਦੇ ਬਾਰ ਵਾਲੇ ਇਸ ਕੋਠੇ ਦੀਆਂ ਕੰਧਾਂ ਸੌਣ ਭਾਦੋਂ `ਚ ਜਦੋਂ ਸਲ੍ਹਾਬ ਜਾਂਦੀਆਂ, ਮੇਰੀ ਮਾਂ ਨੂੰ, ਕੰਧਾਂ `ਚ ‎ਮੋਟੀਆਂ ਮੇਖਾਂ ਲਾ ਕੇ ਜੜੀਆਂ ਉਨ੍ਹਾਂ ਟਾਂਡਾਂ ਦੇ ਗਿਰਨ ਦਾ ਫ਼ਿਕਰ ਲੱਗ ਜਾਂਦਾ, ਜਿਨ੍ਹਾਂ ਉੱਪਰ ਮੂਧੇ ਮੂੰਹ ‎ਪਈਆਂ ਕੱਚ ਦੀਆਂ ਗਲਾਸੀਆਂ ਅਤੇ ਪਿੱਤਲ ਦੇ ਭਾਡਿਆਂ ਦੀ ਭੀੜ ਹੁੰਦੀ ਸੀ।

ਵਿੰਗ-ਤੜਿੰਗੇ ਸ਼ਤੀਰਾਂ-ਕੜੀਆਂ ਉੱਪਰ ਕਾਨਿਆਂ ਦੀ ਛੱਤ ਚੁੱਕੀ ਖਲੋਤੀਆਂ, ਕੱਚੀਆਂ ਇੱਟਾਂ ਨਾਲ ‎ਉਸਾਰੀਆਂ ਮੋਟੀਆਂ ਕੰਧਾਂ ਦਾ ਇੱਕੋ-ਇੱਕ ਫ਼ਾਇਦਾ ਇਹ ਸੀ ਕਿ ਇਨ੍ਹਾਂ ਅੰਦਰ ਨਾ ਤਾਂ ਗਰਮੀਆਂ ਵਿੱਚ ‎ਭੜਦਾਅ ਹੀ ਮਾਰਦੀ ਸੀ ਤੇ ਨਾ ਹੀ ਸਿਆਲਾਂ ਦੀ ਠਾਰੀ ਇਸ ਕੋਠੇ ਨੂੰ ਅੱਜ ਦੇ ਪਲਸਤਰੀ ਘਰਾਂ ਵਾਂਗ ‎ਫਰੀਜ਼ਰ `ਚ ਬਦਲ ਸਕਦੀ ਸੀ।

ਦੂਸਰਾ ਕੋਠਾ, ਦਿੱਖ-ਮੁਹਾਂਦਰੇ ਪੱਖੋਂ ਪੇਟੀਆਂ ਵਾਲੇ ਕੋਠੇ ਦਾ ਜੁੜਵਾਂ-ਭਰਾ ਹੀ ਸੀ; ਪਰ ਇਨ੍ਹਾਂ ‎ਦੋਹਾਂ ਦਰਮਿਆਨ ਇੱਕ ਫਰਕ ਤਾਂ ਇਹ ਸੀ ਕਿ ਦੂਸਰੇ ਨੂੰ ਦੋ ਦਰਵਾਜ਼ੇ ਲੱਗੇ ਹੋਏ ਸਨ: ਇੱਕ ‎ਬਾਹਰਲੀ ਗਲੀ ਵੱਲ ਨੂੰ ਤੇ ਦੂਸਰਾ ਅੰਦਰਲੇ ਪਾਸੇ ਵਿਹੜੇ ਵਿੱਚ ਨੂੰ। ਦੂਸਰਾ ਫ਼ਰਕ ਇਹ ਕਿ ਇਸ ‎ਕੋਠੇ ਦੇ ਐਨ ਵਿਚਕਾਰ, ਸਿਗਰਟਾਂ ਦੀ ਡੱਬੀ ਦੇ ਆਕਾਰ ਦੀਆਂ ਪੱਕੀਆਂ ਨਾਨਕਸ਼ਾਹੀ ਇੱਟਾਂ ਨਾਲ ‎ਉਸਾਰਿਆ ਇੱਕ ਮੋਟਾ ਥਮਲਾ ਸੀ ਜਿਸ ਨੂੰ ਜੱਫੀ `ਚ ਲੈਣ ਲਈ ਤਿੰਨ ਜਣਿਆਂ ਨੂੰ ਆਪਣੀਆਂ ਬਾਹਾਂ ‎ਜੋੜਨੀਆਂ ਪੈਂਦੀਆਂ ਸਨ। ਇਸ ਕੋਠੇ ਦੇ ਇੱਕ ਖੂੰਜੇ `ਚ ਇੱਕ ਮੱਝ ਤੇ ਇੱਕ ਗਊ ਦਾ ਟਿਕਾਣਾ ਸੀ, ਤੇ ‎ਪਸ਼ੂਆਂ ਦੇ ਟਿਕਾਣੇ ਦੇ ਲਾਗਲੇ ਖੂੰਜੇ `ਚ ਸਰਕੜੇ ਦੇ ਫਿੜਕੇ (ਡਿਵਾਇਡਰ) ਖੜ੍ਹੇ ਕਰ ਕੇ, ਤੂੜੀ ਲਈ ‎ਜਗ੍ਹਾ ਬਣਾਈ ਹੋਈ ਸੀ। ਕੋਠੇ ਦੇ ਬਚਦੇ ਅੱਧ `ਚ ਸਾਡੇ ਭੈਣ ਭਰਾਵਾਂ ਦੇ ਮੰਜੇ ਡਹਿੰਦੇ ਸਨ।

ਗੌਰਮਿੰਟ ਕਾਲਜ ਲੁਧਿਆਣੇ ਤੋਂ ਐਮ ਏ ਕਰਨ ਤੋਂ ਬਾਅਦ, 1970 `ਚ ਜਦੋਂ ਮੈਂ ਕਸਬਾ ਸੁਧਾਰ ਦੇ ‎ਦਿਹਾਤੀ ਕਾਲਜ `ਚ ਲੈਕਚਰਰ ਲੱਗ ਗਿਆ ਤਾਂ ਪਿੰਡ ਵਿਚਲਾ ਇਹ ਪੁਰਾਣਾ ਘਰ ਛੱਡ ਕੇ ਭਾਂਵੇਂ ਅਸੀਂ ‎ਆਪਣੇ ਖੇਤ ਵਿੱਚ ਇੱਕ ਵਿਸ਼ਾਲ, ਪੱਕਾ ਘਰ ਉਸਾਰ ਲਿਆ, ਪਰ ਨਵ-ਮੁਹਾਂਦਰ ਨਵਾਂ ਘਰ ਸਾਡੇ ‎ਪੁਰਾਣੇ ਘਰ ਨੂੰ ਮੇਰੇ ਸੁਪਨਿਆਂ `ਚੋ ਹਾਲੇ ਤੀਕ ਵੀ ਖ਼ਾਰਜ ਨਹੀਂ ਕਰ ਸਕਿਆ।

ਮਲ-ਮੂਤਰ ਨਾਲ ਹੱਥ-ਪੈਰ ਤੇ ਕੱਪੜੇ ਲਿੱਬੜਣ, ਅਣਪਛਾਤੇ ਰਾਹਾਂ/ਮੁਕਾਮਾਂ `ਤੇ ਭਟਕਣ, ‎ਮੁਰਦਿਆਂ `ਚ ਘਿਰੇ ਹੋਣ, ਤੇ ਸੱਪਾਂ ਤੋਂ ਬਚਣ ਲਈ ਦੌੜਦਿਆਂ-ਹਫ਼ਦਿਆਂ ਬੇਵੱਸ ਹੋ ਜਾਣ ਵਰਗੇ ‎ਵਰਤਾਰੇ ਮੇਰੇ ਸੁਪਨਿਆਂ `ਚ ਵਾਰ ਵਾਰ ਵਰਤਦੇ ਨੇ, ਪਰ ਸਭ ਤੋਂ ਵੱਧ ਦੁਹਰਾਏ ਜਾਣ ਵਾਲੇ ਵਰਤਾਰੇ ‎ਹਨ ਮੇਰੇ ਬੂਟ ਤੇ ਜੁੱਤੀਆਂ ਗੁਆਚ ਜਾਣੇ ਅਤੇ ਸਿਰੋਂ-ਤੇੜੋਂ ਨੰਗੇ ਹੋ ਜਾਣਾ। ਕਦੇ ਮੈਂ ਗੁਰਦਵਾਰਿਆਂ `ਚ ‎ਆਪਣੀਆਂ ਗਵਾਚੀਆਂ ਜੁੱਤੀਆਂ ਲਭਦਾ ਲਭਦਾ ਪ੍ਰੇਸ਼ਾਨ ਹੋ ਰਿਹਾ ਹੁੰਦਾ ਹਾਂ, ਤੇ ਕਦੇ ਕਿਸੇ ਸਕੂਲ `ਚ ‎ਕੋਟ-ਪੈਂਟ ਤੇ ਨੈਕਟਾਈ `ਚ ਸਜਿਆ ਮੈਂ ਨੰਗੇ ਪੈਰੀਂ ਘੁੰਮ ਰਿਹਾ ਹੁੰਦਾ ਹਾਂ। ਨੰਗੇ ਪੈਰੀਂ ਹੀ ਪਖਾਨੇ ਦੀ ‎ਹਾਜਤ ਪੂਰੀ ਕਰਨ ਲਈ ਜਿੱਥੇ ਵੀ ਜਾਂਦਾ ਹਾਂ, ਉਥੇ ਮਨੁੱਖੀ ਗੰਦਗੀ ਖਿਲਰੀ ਹੁੰਦੀ ਹੈ ਜਿਹੜੀ ਮੇਰੇ ‎ਪੈਰਾਂ, ਹੱਥਾਂ ਤੇ ਕੱਪੜਿਆਂ ਨੂੰ ਚਿੰਬੜ ਜਾਂਦੀ ਹੈ। ਹਵਾਈ ਜਹਾਜ਼ `ਚ ਨੰਗੇ ਪੈਰੀਂ ਬੈਠੇ ਹੋਣਾ, ਬਜ਼ਾਰ ‎‎`ਚ ਜੁੱਤੀਓਂ ਬਗ਼ੈਰ ਹੀ ਤੁਰਦੇ ਹੋਣਾ, ਤੇ ਰੇਡੀਓ ਸਟੇਸ਼ਨ `ਤੇ ਨਗਨ ਹਾਲਤ ਵਿੱਚ ਗਾਉਣਾ ਮੇਰੇ ‎ਸੁਪਨਿਆਂ `ਚ ਵਾਰ ਵਾਰ ਵਾਪਰਨ ਵਾਲੀਆਂ ਘਟਨਾਵਾਂ ਨੇ।

ਸੁਪਨਿਆਂ ਦੀਆਂ ਜੜ੍ਹਾਂ ਦੇ ਜਗਿਆਸੂ ਅਕਸਰ ਕਹਿੰਦੇ ਨੇ ਕਿ ਸੁਪਨੇ ਸਾਡੇ ਜੀਵਨ ਵਿੱਚ ‎ਵਾਪਰੀਆਂ ਘਟਨਾਵਾਂ ਅਤੇ ਸਾਡੀਆਂ ਅਣਪੂਰਤ ਖ਼ਾਹਸ਼ਾਂ ਦੇ ਸਾਡੇ ਅਚੇਤ ਮਨ ਵਿੱਚ ਰਹਿ ਗਏ ‎ਪਰਛਾਵੇਂ ਹੁੰਦੇ ਨੇ ਜਿਹੜੇ ਚਿੱਬ-ਖੜਿੱਬੇ ਰੂਪ ਵਿੱਚ ਸਾਡੇ ਸੁਪਨਿਆਂ `ਚ ਉੱਗ ਆਉਂਦੇ ਨੇ। ਨਿੱਕਿਆਂ ‎ਹੁੰਦਿਆਂ ਨੂੰ, ਬਾਪੂ ਸਾਨੂੰ ਆਪਣੇ ਡੱਕਰੇ ਹੋ ਗਏ ਬਚਪਨ ਦੀਆਂ ਕਹਾਣੀਆਂ ਸੁਣਾਉਂਦਾ ਰਹਿੰਦਾ ਸੀ: ‎ਕਿਵੇਂ ਉਹਦੇ ਪਿਓ ਨੇ ਆਪਣੀ ਚੌਦਾਂ ਪੰਦਰਾਂ ਏਕੜ ਜੱਦੀ ਜ਼ਮੀਨ ਅਫੀਮ ਦੀਆਂ ਮੋਟੀਆਂ ਗੋਲੀਆਂ `ਚ ‎ਵੱਟ ਕੇ ਨਿਗਲ਼ ਲਈ, ਤੇ ਕਿਵੇਂ ਸਾਡਾ ਬਾਪ ਬਾਰਾਂ-ਤੇਰਾਂ ਸਾਲ ਦੀ ਉਮਰ `ਚ ਹੀ ਅਨਾਥ ਹੋ ਗਿਆ ਸੀ: ‎ਫ਼ਿਰ ਪੰਜ ਭੈਣਾਂ ਤੇ ਇੱਕ ਭਰਾ ਦੇ ਪਾਲਣ-ਪੋਸ਼ਣ ਅਤੇ ਵਿਆਹੁਣ-ਵਰਨ ਦਾ ਭਾਰਾ ਬੋਝ ਉਸ ਦੇ ਕੰਨ੍ਹੇ ‎‎`ਤੇ ਆ ਡਿੱਗਾ ਸੀ। ਬਾਪੂ ਵਾਰ ਵਾਰ ਬਿਆਨਦਾ ਕਿ ਕਿਵੇਂ ਘਰ `ਚ ਭੁਜਦੀ ਭੰਗ ਨੇ ਬਾਪੂ ਦਾ ਬਚਪਨ ‎ਲੂਹ ਸੁੱਟਿਆ, ਤੇ ਕਿਵੇਂ ਜ਼ਹੀਨ-ਬੁੱਧ ਸਾਡੇ ਬਾਪ ਨੂੰ ਸਕੂਲ `ਚ ਹਾਜ਼ਰੀ ਲਵਾਉਣਾ, ਅੱਧੀ ਛੁੱਟੀ ਘਰ ‎ਆਉਣਾ ਤੇ ਸਕੂਲ ਦੇ ਅੰਤ `ਤੇ ਪਹਾੜੇ ਗਾਉਣਾ ਨਸੀਬ ਹੀ ਨਾ ਹੋ ਪਾਇਆ। ਬਾਲੜੀ ਉਮਰੇ ਹੀ ਉਹ ‎ਸਵਖ਼ਤੇ ਉੱਠ ਕੇ ਮੱਝਾਂ ਗਾਈਆਂ ਦੀ ਦੇਖ-ਭਾਲ਼ ਕਰਦਾ, ਆਪਣੇ ਚਾਚੇ ਨਾਲ ਖੇਤ `ਚ ਮਿੱਟੀਓ-ਮਿੱਟੀ ‎ਹੁੰਦਾ, ਤੇ ਚਾਰਾ ਵੱਢਦਾ/ਕੁਤਰਦਾ। ਜਦੋਂ ਬਾਕੀ ਬੱਚੇ ਸਕੂਲ ਦੇ ਖ਼ਾਤਮੇ `ਤੇ ਛੱਪੜ `ਚ ਫੱਟੀਆਂ ਤੋਂ ‎ਪੂਰਨੇ ਧੋਂਦੇ, ਬਾਪੂ ਉਨ੍ਹਾਂ ਨੂੰ ਦੇਖ ਦੇਖ ਕੇ ਹਉਕੇ ਭਰਦਾ। ਇਸ ਲਈ ਮੇਰੇ ਸੁਪਨਿਆਂ `ਚ ਆਉਂਦਾ ਬਾਪੂ ‎ਦਾ ਡੱਕਰੇ ਹੋਇਆ ਸਰੀਰ ਸ਼ਾਇਦ ਉਸ ਦੀ ਬਚਪਨ ਤੋਂ ਹੀ ਡੱਕਰੇ ਹੋ ਗਈ ਜ਼ਿੰਦਗੀ ਦਾ ਪ੍ਰਤੀਬਿੰਬ ‎ਹੀ ਹੈ।

ਆਪਣੇ ਨੰਗ-ਪੈਰੇ ਹੋਣ ਦੇ ਸੁਪਨੇ ਦੀ ਤਹਿ ਤੀਕ ਜਾਂਦਿਆਂ ਮੈਨੂੰ ਬੀਤੀਆਂ ਘਟਨਾਵਾਂ ਦੇ ਅਚੇਤ ‎ਮਨ `ਚ ਰਹਿ ਗਏ ਪਰਛਾਵਿਆਂ ਵਾਲਾ ਕਥਨ ਯਕੀਨਯੋਗ ਜਾਪਣ ਲੱਗ ਜਾਂਦਾ ਹੈ। ਨੰਗੇ ਪੈਰਾਂ ਤੇ ‎ਜੁੱਤੀਆਂ ਗਵਾਚਣ ਦਾ ਸੁਪਨਾ ਮੈਨੂੰ ਅੱਧੀ ਸਦੀ ਪਿੱਛੇ ਮੇਰੇ ਪਿੰਡ `ਚ ਲੈ ਜਾਂਦਾ ਹੈ। ਮੋਗੇ ਸ਼ਹਿਰ ਤੋਂ ਦਸ ‎ਕਿਲੋਮੀਟਰ ਦੇ ਕੱਚੇ ਫਾਸਲੇ `ਤੇ ਵਸਿਆ ਮੇਰਾ ਪਿੰਡ ਜਿੱਥੇ ਨਾ ਬਿਜਲੀ ਦਾ ਨਾਮੋਨਿਸ਼ਾਨ ਤੇ ਨਾ ਕਿਸੇ ‎ਗਲੀ `ਤੇ ਪੱਕੀ ਇੱਟ ਦਾ ਪਰਛਾਵਾਂ। ਕੱਚੀਆਂ ਕੰਧਾਂ ਵਿਚਕਾਰ ਉਘੜ-ਦੁਘੜੇ ਵਲ-ਵਲੇਵੇਂ ਖਾ ਕੇ ਇੱਕ ‎ਦੂਜੀ ਨੂੰ ਕਟਦੀਆਂ-ਮਿਲਦੀਆਂ ਗਲੀਆਂ, ਤੇ ਗਲ਼ੀਆਂ ਦੇ ਐਨ ਵਿਚਕਾਰ ਕਾਲੇ ਰੰਗ ਦੇ ਚਿੱਕੜ ਦੀਆਂ ‎ਅਮੁੱਕ ਕਾਤਰਾਂ! ਪਿੰਡ ਦੇ ਧੁਰ-ਪੂਰਬ `ਚ ਅਖੀਰਲੀ ਗਲੀ ਉੱਪਰ ਸਾਡਾ ਘਰ! ਅਖ਼ੀਰਲੀ ਗਲ਼ੀ `ਚੋਂ ‎ਸਾਡੇ ਘਰ ਦੇ ਐਨ ਲਾਗਿਓਂ ਪਾਟ ਕੇ ਪਿੰਡ ਦੇ ਪੇਟ ਵੱਲ ਵਿੱਚ ਨੂੰ ਖੁਭਦੀ ਵਲੇਵੇਂਦਾਰ ਗਲੀ ਅਖ਼ੀਰ ‎ਪਿੰਡ ਨੂੰ ਦੋ ਫਾੜੀਆਂ `ਚ ਐਨ ਵਿਚਕਾਰੋਂ ਕੱਟ ਦੇਣ ਵਾਲੀ ਮੋਟੀ ਗਲੀ `ਚ ਜਾ ਰਲਦੀ ਸੀ। ‎ਵਿਚਕਾਰਲੀ ਗਲੀ ਦਾ ਪੱਛਮੀ ਸਿਰਾ ਗੁਰਦਵਾਰੇ ਦੇ ਦਰਵਾਜ਼ੇ `ਤੇ ਦਸਤਕ ਦੇ ਕੇ ਖ਼ਤਮ ਹੋ ਜਾਂਦਾ ਸੀ।

ਪੱਛਮ ਵਿੱਚ ਗੁਰਦਵਾਰੇ ਕੋਲ ਮੁਕਦੀ ਮੋਟੀ ਗਲੀ ਦੇ ਸਿਰੇ `ਤੇ ਕਾਟਵੇਂ ਲੋਟ ਇੱਕ ਗਲੀ ਸੀ ‎ਜਿਸ `ਤੇ ਉੱਤਰ ਵੱਲ ਨੂੰ ਮੁੜਦਿਆਂ ਪ੍ਰਾਇਮਰੀ ਸਕੂਲ `ਚ ਅੱਪੜ ਜਾਈਦਾ ਸੀ। ਸਾਡੇ ਘਰ ਤੋਂ ਸਕੂਲ ‎ਤੀਕਰ, ਤੀਜੀ `ਚ ਪੜ੍ਹਦੇ ਮੇਰੇ ਵਰਗੇ ਬੱਚੇ ਦੇ ਨਿੱਕੇ ਨਿੱਕੇ ਕਦਮਾਂ ਦਾ ਸਫ਼ਰ ਕੋਈ ਸੱਤ, ਅੱਠ ਮਿੰਟਾਂ ‎‎`ਚ ਮੁਕਦਾ ਸੀ।

ਜਿਸ ਦਿਨ ਦਾ ਜ਼ਿਕਰ ਮੈਂ ਕਰਨ ਲੱਗਾ ਹਾਂ ਉਹ ਜੇਠ ਹਾੜ ਦੀ ਲੱਟ ਲੱਟ ਬਲ਼ਦੀ ਲਮਕਵੀਂ ‎ਸੰਗਲੀ ਦੀ ਇੱਕ ਕੜੀ ਸੀ। ਪਹਿਲੀ ਆਥਣ ਮੈਂ ਪਿੰਡ ਦੀ ਸ਼ਾਮਲਾਟ ਦੇ ਮੈਦਾਨ `ਚ ਆਪਣੇ ਹਾਣੀਆਂ ‎ਨਾਲ ਕਬੱਡੀ ਖੇਲ੍ਹਣ ਗਿਆ ਆਪਣੀ ਜੁੱਤੀ ਗੁਆ ਆਇਆ ਸਾਂ। ਜੁੱਤੀ ਉੱਡ ਕੇ ਕਿਧਰੇ ਸੈਰ ਕਰਨ ‎ਨਹੀਂ ਚਲੀ ਗਈ ਸੀ; ਜ਼ਾਹਰ ਸੀ ਕਿ ਉਸ ਨੂੰ ਕਿਸੇ ਸ਼ਰਾਰਤੀ ਨੇ ਚੁਰਾ ਲਿਆ ਸੀ। ਜੇਠ ਹਾੜ ਦੀਆਂ ‎ਸਵੇਰਾਂ ਤਾਂ ਰਾਤ ਦੀਆਂ ਤ੍ਰੇਲਾਂ ਕਾਰਨ ਠਰੰਮੇਂ `ਚ ਹੁੰਦੀਆਂ ਨੇ; ਇਸ ਲਈ ਸਵੇਰੇ ਸਕੂਲ ਵੱਲ ਨੰਗੇ ਪੈਰੀਂ ‎ਜਾਂਦਿਆਂ ਮੈਨੂੰ ਬਹੁਤੀ ਤਕਲੀਫ਼ ਨਹੀਂ ਹੋਈ, ਪਰ ਛੁੱਟੀ ਹੋਣ `ਤੇ ਜਦੋਂ ਮੈਂ ਸਕੂਲੋਂ ਨਿੱਕਲਿਆ, ਤਾਂ ਸੂਰਜ ‎ਸਿਖ਼ਰ ਉੱਤੇ ਸੀ। ਕੰਧਾਂ `ਚੋਂ ਮਾਰਦਾ ਸੇਕ ਮੈਨੂੰ ਸਾੜਨ ਨੂੰ ਪੈਂਦਾ ਸੀ, ਤੇ ਧਰਤੀ ਤਵੇ ਵਾਂਗ ਤਪੀ ਹੋਈ ‎ਸੀ। ਮੇਰੀਆਂ ਨੰਗੀਆਂ ਤਲ਼ੀਆਂ ਜਦੋਂ ਭਖੀ ਹੋਈ ਧਰਤੀ `ਤੇ ਟਿਕੀਆਂ, ਤਾਂ ਮੈਂ ਤੜਫ਼ ਉੱਠਿਆ। ਬਾਕੀ ‎ਬੱਚਿਆਂ ਦੇ ਪੈਰਾਂ `ਚ ਜੁੱਤੀਆਂ ਹੋਣ ਕਾਰਨ ਉਹ ਦੁੜੰਗੇ ਮਾਰਦੇ ਤੇ ਹਸਦੇ-ਖੇਡਦੇ ਘਰਾਂ ਨੂੰ ਜਾ ਰਹੇ ‎ਸਨ, ਪਰ ਮੈਂ ਪੱਬਾਂ ਭਾਰ ਤੁਰ ਕੇ ਆਪਣੀਆਂ ਤਲੀਆਂ ਨੂੰ ਸੜਨ ਤੋਂ ਬਚਾਉਣ ਦੀ ਅਸਫ਼ਲ ਕੋਸ਼ਿਸ਼ ਕਰ ‎ਰਿਹਾ ਸਾਂ। ਕੁੱਝ ਕੁ ਕਦਮ ਤਪੀ ਹੋਈ ਧਰਤੀ `ਤੇ ਤੁਰਨ ਬਾਅਦ ਮੇਰੀਆਂ ਚੀਕਾਂ ਨਿੱਕਲ਼ ਗਈਆਂ ਤਾਂ ‎ਸਾਥੀਆਂ `ਚ ਹਾਸੜ ਮੱਚ ਉੱਠੀ। ਮੈਂ ਆਪਣੇ ਬਚਾਓ ਲਈ ਆਲ਼ੇ ਦੁਆਲੇ ਕਿਸੇ ਚੀਜ਼ ਦੀ ਤਾਲਾਸ਼ ‎ਕਰਨ ਲੱਗਾ। ਸਿਰ ਦੇ ਸਿਖ਼ਰਲਾ ਸੂਰਜ ਰਤਾ ਕੁ ਢਲ਼ ਗਿਆ ਹੋਣ ਕਾਰਨ ਕੰਧਾਂ ਦੇ ਕਦਮਾਂ `ਚ ਕਾਤਰ ‎ਕੁ ਛਾਂ ਉੱਗ ਆਈ ਸੀ। ਮਨ ਨੂੰ ਬਚਾਓ ਦੀ ਝੂਠੀ ਤਸੱਲੀ ਦੇਣ ਲਈ ਮੈਂ ਕੰਧਾਂ ਦੀ ਨਹੁੰ ਕੁ ਭਰ ਛਾਂ `ਤੇ ‎ਤੁਰ ਕੇ ਰੋਂਦਾ ਕੁਰਲਾਉਂਦਾ ਘਰ ਅੱਪੜਿਆ ਸਾਂ।

ਬਚਪਨ ਤੋਂ ਐਮ ਏ ਦੀ ਪੜ੍ਹਾਈ ਕਰਨ ਤੀਕਰ, ਤੇ ਫ਼ਿਰ ਕੈਨਡਾ `ਚ ਅਵਾਸ ਕਰਨ ਦੇ ਮੁਢਲੇ ‎ਦੌਰ ਦੌਰਾਨ, ਜ਼ਿੰਦਗੀ ਮੈਨੂੰ ਇੱਕ ਚੁਣੌਤੀ ਬਣ ਕੇ ਟੱਕਰਦੀ ਰਹੀ। ਜ਼ਿੰਦਗੀ ਦੇ ਮੁਢਲੇ ਵੀਹ ਪੱਚੀਆਂ ‎ਸਾਲਾਂ ਦਾ ਸਫ਼ਰ ਸੜਦੀਆਂ ਧਰਤੀਆਂ ਉੱਤੇ ਨੰਗੇ ਪੈਰੀਂ ਤੁਰਨ ਦੇ ਬਰਾਬਰ ਹੀ ਸੀ। ਸ਼ਾਇਦ ਇਸੇ ਲਈ ‎ਜੁੱਤੀ ਗੁਆਚਣ ਦਾ ਥੀਮ ਮੇਰੇ ਸੁਪਨਿਆਂ ਨੂੰ ਵਾਰ ਵਾਰ ਡੰਗਦਾ ਹੈ।

Read 3084 times
ਇਕਬਾਲ ਰਾਮੂਵਾਲੀਆ

ਜਨਮ: ਮੋਗੇ ਦੇ ਲਾਗੇ ਪਿੰਡ ਰਾਮੂਵਾਲਾ `ਚ ਮਾਤਾ ਦਿਲਜੀਤ ਕੌਰ ਤੇ ਪੇਟੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ 1946 `ਚ ਜਨਮਿਆਂ।

ਵਿੱਦਿਆ: ਅੱਠਵੀਂ ਜਮਾਤ ਪਿੰਡ ਦੇ ਸਕੂਲੋਂ ਤੇ ਦਸਵੀਂ ਪਿੰਡ ਬੁੱਟਰ ਤੋਂ ਕਰ ਕੇ ਬੀ.ਏ.ਡੀ.ਐਮ.ਕਾਲਜ ਮੋਗਾ ਤੋਂ।

ਸਰਵਿਸ: ਅੰਗਰੇਜ਼ੀ ਦੀ ਐਮ.ਏ.ਗੌਰਮਿੰਟ ਕਾਲਜ ਲੁਧਿਆਣੇ ਤੋਂ ਕਰ ਕੇ ਖਾਲਸਾ ਕਾਲਜ ਸੁਧਾਰ `ਚ ਪੰਜ ਸਾਲ ਅੰਗਰੇਜ਼ੀ ਦਾ ਲੈਕਚਰਰ। 1975 `ਚ ਕੈਨਡਾ ਚਲਾ ਗਿਆ ਜਿੱਥੇ ਫੈਕਟਰੀਆਂ `ਚ ਕੰਮ ਕਰਨ, ਟੈਕਸੀ ਚਲਾਉਣ ਤੇ ਦਰਬਾਨੀ ਕਰਨ ਦੇ ਨਾਲ਼ ਨਾਲ਼ ਯੂਨੀਵਰਸਿਟੀਆਂ `ਚ ਪੜ੍ਹਾਈ ਵੀ ਕਰੀ ਗਿਆ। 1985 ਤੋਂ ਕੈਨਡਾ `ਚ ਸਕੂਲ ਸਿਸਟਮ ਵਿੱਚ ਵਿਦਿਆਕਾਰ ਦੇ ਤੌਰ `ਤੇ ਕੰਮ ਕਰ ਰਿਹਾ ਹੈ।

ਕਿਤਾਬਾਂ: ਸ਼ਾਇਰੀ ਦੀਆਂ ਕੁੱਲ ਛੇ ਕਿਤਾਬਾਂ, ਇੱਕ ਕਾਵਿ-ਨਾਟਕ, ਦੋ ਨਾਵਲ ਅੰਗਰੇਜ਼ੀ `ਚ ਤੇ ਇੱਕ ਪੰਜਾਬੀ `ਚ।

ਪਤਾ: ਦੋ ਬੇਟੀਆਂ ਦਾ ਬਾਪ, ਅੱਜ ਕੱਲ ਟਰਾਂਟੋ ਦੇ ਨਜ਼ਦੀਕ ਬਰੈਂਪਟਨ ਸ਼ਹਿਰ ਦਾ ਵਸਨੀਕ।