You are here:ਮੁਖ ਪੰਨਾ»ਜੀਵਨੀਆਂ»ਇਕਬਾਲ ਰਾਮੂਵਾਲੀਆ»01 - ਗੁਜਰੀ ਮਰਦੀ ਨਹੀਂ

ਦਾਖ਼ਲਾ

Tuesday, 20 October 2009 16:56

01 - ਗੁਜਰੀ ਮਰਦੀ ਨਹੀਂ

Written by ਇਕਬਾਲ ਰਾਮੂਵਾਲੀਆ
Rate this item
(0 votes)

ਸੰਨ 2000 ਦੀ ਆਮਦ ਦੀ ਗਲੋਬਲੀ ਛਣਕਾਹਟ ਨੂੰ ਗੁਜ਼ਰਿਆਂ ਛੇ ਮਹੀਨੇ ਬੀਤ ਗਏ ਸਨ। ‎ਬਾਕੀ ਸੰਸਾਰ ਵਾਂਗ, ਟਰਾਂਟੋ ਨਿਵਾਸੀ ਵੀ, ਨਵੀਂ ਸਦੀ ਦੇ ਜਸ਼ਨਾਂ ਦੀ ਚਮਕ-ਦਮਕ ਤੇ ਚਾਅ ਨੂੰ ਖੂਬ ‎ਹੰਢਾਅ ਕੇ, ਪੂਰੀ ਤਰ੍ਹਾਂ ਸਹਿਜ ਵੱਲ ਪਰਤ ਆਏ ਸਨ। ਘਰਾਂ ਦੇ ਦਰਵਾਜ਼ਿਆਂ, ਛੱਤਾਂ, ਤੇ ਰੁੰਡ-ਮਰੁੰਡ ‎ਦਰਖ਼ਤਾਂ ਨੂੰ ਲਾੜੀਆਂ ਵਾਂਗ ਸਜਾਉਣ ਵਾਲੀਆਂ ਰੰਗੀਨ ਲਾਈਟਾਂ, ਗੱਤੇ ਦੇ ਬਕਸਿਆਂ `ਚ ਗੁੰਝਲ਼ੀਆਂ ‎ਬਣ ਕੇ, ਘਰਾਂ ਦੀਆਂ ਬੇਸਮੈਂਟਾਂ `ਚ ਉੱਤਰ ਗਈਆਂ ਸਨ। ਬਜ਼ਾਰਾਂ `ਚ, ਸੜਕਾਂ ਦੇ ਸਿਰਾਂ ਉੱਤੋਂ ਦੀ, ‎ਇੱਕ ਪਾਸੇ ਦੇ ਖੰਭਿਆਂ ਤੋਂ ਦੂਸਰੇ ਪਾਸੇ ਦੇ ਖੰਭਿਆਂ ਤੀਕ ਲਟਕਾਈਆਂ, ਰੰਗ-ਬਰੰਗੇ ਭੁਕਾਨਿਆਂ ‎ਦੀਆਂ ਸੰਘਣੀਆਂ ਲੜੀਆਂ, ਬੁੱਢੀ ਮੱਝ ਦੇ ਪਿਚਕ ਗਏ ਥਣਾਂ `ਚ ਵਟ ਗਈਆਂ ਸਨ।

ਕੰਮ ਤੋਂ ਹੋ ਗਈਆਂ ਜੁਲਾਈ-ਅਗਸਤ ਵਾਲੀਆਂ ਸਾਲਾਨਾ ਛੁੱਟੀਆਂ ਦਾ ਲਾਹਾ ਲੈਣ ਲਈ, ਇੱਕ ‎ਦਿਨ ਆਪਣੇ ਨਿਯਮ ਅਨੁਸਾਰ ਸਵਖ਼ਤੇ ਉੱਠ ਕੇ, ਮੈਂ ਆਪਣੇ ਕੰਪਿਊਟਰ ਨਾਲ ਛੇੜ-ਛਾੜ ਕਰ ‎ਰਿਹਾ ਸਾਂ ਕਿ ਅਚਾਨਕ ਹੀ ਮੇਰੀ ਸੱਜੀ ਵੱਖੀ `ਚ ਸੂਈ ਚੁਭਣ ਵਰਗਾ ਦਰਦ ਟਪਕਣ ਲੱਗਾ। ਪੰਜ ‎ਕੁ ਮਿੰਟਾਂ `ਚ ਹੀ, ਸੂਈ ਦੀ ਉਹ ਚੋਭ, ਕੰਡਿਆਲੀ ਮਧਾਣੀ `ਚ ਬਦਲ ਕੇ, ਮੇਰੇ ਜਿਸਮ ਤੇ ਦਿਮਾਗ਼ ਨੂੰ ‎ਰਿੜਕਣ ਲੱਗੀ। ਮੇਰੇ ਹਸਪਤਾਲ `ਚ ਪਹੁੰਚਣ ਤੋਂ ਪਹਿਲਾਂ, ਵੱਖੀ ਦੇ ਉਸ ਤਿੱਖੇ ਦਰਦ ਨੇ ਮੈਨੂੰ ‎ਆਂਡੇ ਵਾਂਗ ਫੈਂਟ ਸੁੱਟਿਆ।

ਐਮਰਜੰਸੀ ਵਾਰਡ `ਚ ਮੇਰਾ ਬਲੱਡ ਪ੍ਰੈਸ਼ਰ ਚੈੱਕ ਕਰਨ ਉਪਰੰਤ, ਨਰਸ ਨੇ ਮੈਨੂੰ ਵੇਟਿੰਗਰੂਮ ‎ਵੱਲ ਰੇੜ੍ਹ ਦਿੱਤਾ। ਮੇਰੇ ਦੋਵੇਂ ਹੱਥ ਵੱਖੀ ਉੱਤੇ ਦਰਦ ਵਾਲੀ ਥਾਂ ਤੋਂ ਲੱਥਣ ਦੀ ਹਿੰਮਤ ਨਹੀਂ ਸਨ ਕਰ ‎ਰਹੇ।

ਵੱਡ-ਅਕਾਰੀ ਵੇਟਿੰਗਰੂਮ ਵਿੱਚ, ਚਾਰੇ ਪਾਸੇ, ਕੰਧਾਂ ਨਾਲ ਢੋਅ ਲਾਈ ਖਲੋਤੇ, ਬੇਚੈਨ ਮਰੀਜ਼ਾਂ ‎ਦੀਆਂ ਕੁਮਲਾਈਆਂ ਨਿਗਾਹਾਂ ਮੇਰੇ ਵੱਲ ਪਲ ਕੁ ਲਈ ਉੱਲਰੀਆਂ ਤੇ ਮੁੜ ਆਪਣੇ ਆਪਣੇ ਦਰਦ `ਚ ‎ਗੁਆਚ ਗਈਆਂ। ਮੈਂ ਤਰਦੀ ਨਜ਼ਰੇ ਦੇਖਿਆ ਕਿ ਕਿਸੇ ਵੀ ਕੁਰਸੀ ਤੋਂ ਮੇਰੇ ਲਈ ‘ਜੀ ਆਇਆਂ’ ‎ਉੱਭਰਨ ਦੀ ਗੁੰਜਾਇਸ਼ ਨਹੀਂ ਸੀ। ਪੈਰ ਘੜੀਸਦਾ ਘੜੀਸਦਾ ਮੈਂ ਕਮਰੇ ਦੇ ਪਿਛਲੇਰੇ ਖੂੰਜੇ `ਚ ਫ਼ਰਸ਼ ‎‎`ਤੇ ਹੀ ਢੇਰੀ ਹੋ ਗਿਆ।

ਵੱਖੀ ਦਾ ਦਰਦ ਹਰ ਪਲ ਇੱਕ ਪੌੜੀ ਉਤਾਂਹ ਚੜ੍ਹੀ ਜਾ ਰਿਹਾ ਸੀ। ਫ਼ਰਸ਼ `ਤੇ ਬੈਠਿਆਂ ਮੈਂ ‎ਜਦੋਂ ਵਾਰ ਵਾਰ ਵੱਖੀ ਨੂੰ ਹੱਥਾਂ ਨਾਲ ਘੁੱਟਦਾ, ਤਾਂ ਮੇਰਾ ਮੱਥਾ ਆਪਣੇ-ਆਪ ਫਰਸ਼ ਵੱਲ ਝੁਕ ਜਾਂਦਾ, ‎ਤੇ ਮੇਰਾ ਧੜ ਖ਼ੁਦ-ਬਖ਼ੁਦ ਹੀ ਮੂੰਗਲੀ ਵਾਂਗ ਘੁੰਮ ਜਾਂਦਾ। ਪ੍ਰੰਤੂ ਲਮਕਵੇਂ ਅੰਦਾਜ਼ `ਚ ਨਿੱਕਲਦੀਆਂ, ‎ਮੇਰੀਆਂ ‘ਊ …ਫ਼, ਊ…ਫ਼’ ਦੀਆਂ ਦਬਵੀਆਂ ਹੂਕਾਂ ਤੇ ਪੀੜ ਨਾਲ ਮਾਰੂਥਲ ਹੋ ਗਏ ਮੇਰੇ ਬੁੱਲ੍ਹ ਕਿਸੇ ‎ਵੀ ਮਰੀਜ਼ ਨੂੰ ਪਿਘਲਾਉਣ `ਚ ਕਾਮਯਾਬ ਨਹੀਂ ਸਨ ਹੋ ਰਹੇ।

ਪੰਜੀਂ ਸੱਤੀਂ ਮਿੰਟੀਂ, ਕਚਹਿਰੀ `ਚ ਤਾਰੀਖ਼ ਭੁਗਤਣ ਆਇਆਂ ਨੂੰ ਵਜਦੀ ‘ਵਾਜ’ ਵਾਂਗ, ‎ਰੀਸੈਪਸ਼ਨ ਡੈਸਕ ਤੋਂ ਜਿਓਂ ਹੀ ਕਿਸੇ ਮਰੀਜ਼ ਦੇ ਨਾਮ ਦਾ ਅਵਾਜ਼ਾ ਉੱਠਦਾ, ਤਾਂ ਮੈਂ ਆਪਣੇ ਆਪ ਨੂੰ ‎ਜਲਦੀ ਹੀ ਬੈੱਡ `ਤੇ ਦੇਖਣ ਦਾ ਤਸੱਵਰ ਕਰਨ ਲੱਗ ਜਾਂਦਾ: ਪੀੜ ਮੱਠੀ ਹੋਈ ਮਹਿਸੂਸ ਹੋਣ ‎ਲਗਦੀ, ਤੇ ਮੱਥੇ ਨੂੰ ਤ੍ਰੇਲੀਆਂ ਤੋਂ ਪਲ ਕੁ ਲਈ ਕੁੱਝ ਕੁ ਰਾਹਤ ਮਿਲ ਜਾਂਦੀ।

ਮੇਰੀਆਂ ਜਗਦੀਆਂ-ਬੁਝਦੀਆਂ ਅੱਖਾਂ ਨੂੰ ਨਾ ਸਹਾਰਦੀ ਹੋਈ, ਵਾਰ ਵਾਰ ਮੇਰੇ ਮੱਥੇ ਤੋਂ ‎ਨੈਪਕਿਨ ਨਾਲ ਤ੍ਰੇਲੀਆਂ ਪੂੰਝਦੀ ਮੇਰੀ ਬੀਵੀ, ਅਚਾਨਕ ਹੀ, ਰਸੈਪਸ਼ਨ ਡੈਸਕ `ਤੇ ਜਾ ਧਮਕੀ!‎

‎‘ਮੇਰਾ ਹਸਬੰਡ ਦੋ ਘੰਟੇ ਤੋਂ ਪੀੜ ਨਾਲ ਤੜਫ਼ ਰਿਹੈ; ਨਾ ਤੁਸੀਂ ਉਸ ਨੂੰ ਪਾਣੀ ਪੀਣ ਦੇਂਦੇ ਹੋ, ਤੇ ‎ਨਾ ਹੀ ਕੋਈ ਦਰਦ-ਮਾਰ ਗੋਲੀ!’‎

‎‘ਤੁਹਾਡੇ ਹਸਬੰਡ ਨਾਲ ਸਾਨੂੰ ਢੇਰ ਹਮਦਰਦੀ ਐ,’ ਰੀਸੈਪਸ਼ਨ ਨਰਸ ਨਰਮੀ ਨਾਲ ਬੋਲੀ। ‎‎‘ਸਾਨੂੰ ਪਤੈ ਪਈ ਉਹ ਅਸਹਿ ਪੀੜ ਨਾਲ ਤੜਫ਼ ਰਿਹੈ, ਪਰ ਡਾਕਟਰ ਦੀ ਇਜਾਜ਼ਤ ਬਗ਼ੈਰ ਨਾ ਤਾਂ ‎ਅਸੀਂ ਉਸ ਨੂੰ ਕੋਈ ਡ੍ਰਿੰਕ ਦੇ ਸਕਦੇ ਹਾਂ ਤੇ ਨਾ ਹੀ ਕੋਈ ਦਰਦ-ਮਾਰ ਗੋਲੀ।’‎

‎‘ਉਸ ਦੀ ਵਾਰੀ ਕਦੋਂ ਆਵੇਗੀ?’‎

‎‘ਉਸ ਦੀ ਵਾਰੀ, ਵਾਰੀ ਸਿਰ ਆਵੇਗੀ।’‎

‎‘ਪਰ ਆਹ ਕੀ ਪਈ ਉਸ ਤੋਂ ਬਾਅਦ ਵਿੱਚ ਆਏ ਮਰੀਜ਼ਾਂ ਨੂੰ ਤੁਸੀਂ ਪਹਿਲਾਂ ਅੰਦਰ ਲਿਜਾਈ ‎ਜਾਂਦੇ ਹੋ?’‎

‎‘ਕਈ ਮਰੀਜ਼ ਸਾਨੂੰ ਜਲਦੀ ਅਟੈਂਡ ਕਰਨੇ ਪੈਂਦੇ ਨੇ। ਅਸੀਂ ਦੇਖ ਲਿਐ ਪਈ ਤੁਹਾਡੇ ਹਸਬੰਡ ਨੂੰ ‎ਕਿਡਨੀ-ਸਟੋਨ ਦਾ ਦਰਦ ਹੈ ਜਿਹੜਾ ਕਿ ਗਹਿਰਾ ਹੋਣ ਦੇ ਬਾਵਜੂਦ ਜਾਨਲੇਵਾ ਨਹੀਂ। ਪਹਿਲਾਂ ‎ਲਿਜਾਏ ਰਹੇ ਮਰੀਜ਼ਾਂ ਦੀ ਹਾਲਤ ਅਤਿਅੰਤ ਸੰਗੀਨ ਹੈ: ਕਿਸੇ ਦੇ ਜਿਸਮ `ਤੇ ਜ਼ਖ਼ਮ ਨੁੱਚੜ ਰਹੇ ਨੇ, ‎ਤੇ ਕਈਆਂ ਦੀਆਂ ਛਾਤੀਆਂ `ਚ ਦਰਦ ਹੋ ਰਿਹਾ ਐ; ਅਜੇਹੇ ਮਰੀਜ਼ਾਂ ਨੂੰ ਤੁਰੰਤ ਮੈਡੀਕਲ ਮੱਦਦ ਦੇਣ ‎ਦੀ ਪਹਿਲ ਦਿੱਤੀ ਜਾਂਦੀ ਐ।’‎

ਇਹ ਸ਼ਾਇਦ ਤਲਖ਼ ਮੁਦਰਾ `ਚ ਕੀਤੀ ਮੇਰੀ ਬੀਵੀ ਦੀ ਦਖ਼ਲਅੰਦਾਜ਼ੀ ਦਾ ਕ੍ਰਿਸ਼ਮਾ ਸੀ ਕਿ ‎ਅੱਧੇ ਕੁ ਘੰਟੇ `ਚ ਹੀ ਮੈਨੂੰ ਫ਼ਰਸ਼ ਤੋਂ ਉਠਾਅ ਕੇ, ਐਮਰਜੰਸੀ ਰੀਸੈਪਸ਼ਨ ਡੈਸਕ ਦੇ ਪਿਛਵਾੜੇ ਇੱਕ ‎ਬੈੱਡ ਉੱਤੇ ਲਿਟਾਅ ਦਿੱਤਾ ਗਿਆ ਪਰ ਡਾਕਟਰ ਦਾ ਚਿਹਰਾ ਦੇਖਣਾ ਮੈਨੂੰ ਚਾਰ ਕੁ ਘੰਟੇ ਬਾਅਦ ਹੀ ‎ਨਸੀਬ ਹੋਇਆ।

ਡਾਕਟਰ ਦੇ ਆਉਣ ਤੋਂ ਬਾਅਦ ਪਲਾਂ `ਚ ਹੀ ਮੇਰੀ ਵੱਖੀ ਐਕਸਰੇਅ ਮਸ਼ੀਨ ਦੇ ਕੈਮਰੇ ਹੇਠ ‎ਸੀ। ਐਕਸਰੇਅ ਤਸਵੀਰ ਨੂੰ ਗਹੁ ਨਾਲ ਦੇਖ ਕੇ ਡਾਕਟਰ ਨੇ ਮੈਨੂੰ ਦੱਸਿਆ ਕਿ ਇੱਕ ਮੋਟਾ ਸਟੋਨ, ‎ਗੁਰਦੇ `ਚੋਂ ਖਿਸਕ ਕੇ ਪਿਸ਼ਾਬ-ਬਲੈਡਰ ਵੱਲ ਨੂੰ ਜਾਂਦੀ ਨਾਲ਼ੀ ਵਿੱਚ ਚਲਾ ਗਿਆ ਸੀ। ਇਸ ਨੂੰ ‎ਕੱਢਣ ਲਈ ਇੱਕ ਸਾਧਾਰਣ ਆਪਰੇਸ਼ਨ ਦੀ ਜ਼ਰੂਰਤ ਸੀ ਜਿਸ ਲਈ ਸਮਾਂ ਰਾਤ ਦੇ ਨੌਂ ਵਜੇ ਦਾ ਤੈਅ ‎ਹੋਇਆ।

ਆਪਰੇਸ਼ਨ ਥੀਅਟਰ `ਚ, ਨਰਸ ਦੇ ਹੱਥਾਂ ਵਿੱਚ ਪਲਾਸਟਿਕ ਦੇ ਇੱਕ ਪੈਕਟ `ਚੋਂ ਖੁਲ੍ਹ ਰਹੀ ‎ਸੂਈ ਨੂੰ ਦੇਖ ਕੇ ਮੈਂ ਤ੍ਰਭਕ ਗਿਆ।

‎‘ਫ਼ਿਕਰ ਨਾ ਕਰ!’ ਨਰਸ ਮੁਸਕ੍ਰਾਈ। ‘ਇਹ ਸੂਈਆਂ ਤਾਂ ਮਰੀਜ਼ਾਂ ਦੀਆਂ ਨਾੜਾਂ `ਚ ਮੈਂ ਹਜ਼ਾਰਾਂ ‎ਵਾਰ ਚੋਭ ਚੁੱਕੀ ਹਾਂ। ਤੈਨੂੰ ਤਾਂ ਚੁਭਦੀ ਸੂਈ ਮਹਿਸੂਸ ਵ’ ਨੀ ਹੋਣੀ!’‎

ਤੇ ਉਸ ਨੇ ਇਨਟਰਾਵੀਨਸ ਦੀ ਸੂਈ ਮਲਕੜੇ ਜੇਹੇ ਮੇਰੇ ਖੱਬੇ ਹੱਥ ਦੇ ਬਾਹਰਲੇ ਪਾਸੇ ਇੱਕ ‎ਨਾੜ ਦੇ ਅੰਦਰ ਬਿਠਾਅ ਦਿੱਤੀ।

ਇੰਟਰਾਵੀਨਸ-ਸਟੈਂਡ ਤੋਂ ਲਟਕਦੀ ਗੁਲੂਕੋਜ਼ ਦੀ ਥੈਲੀ `ਚ ਬੁਲਬਲਿਆਂ ਨੇ ਹਰਕਤ ਕੀਤੀ, ਤੇ ‎ਮੈਨੂੰ ਆਪਣੇ ਲਹੂ `ਚ ਭਾਫ਼ ਦਾ ਛਲਕਾਅ ਜਿਹਾ ਮਹਿਸੂਸ ਹੋਇਆ।

ਅਗਲੇ ਹੀ ਪਲ, ਐਨਸਥੀਯਾ ਡਾਕਟਰ ਉਂਗਲ ਕੁ ਭਰ ਸਰਿੰਜ ਨੂੰ ਆਪਣੇ ਚਿਹਰੇ ਦੇ ‎ਸਾਹਮਣੇ ਲਿਆ ਕੇ ਮੁਸਕ੍ਰਾਇਆ।

‎‘ਮਿਸਟਰ ਗਿੱਲ, ਮੈਂ ਤੈਨੂੰ ਨੀਂਦ ਵਿੱਚ ਡੋਬਣ ਲੱਗਿਆ ਹਾਂ।’‎

‎‘ਐਨਸਥੀਯਾ ਰਾਹੀਂ ਨੀਂਦ `ਚ ਡੁੱਬਣ ਦਾ ਇਹ ਮੇਰਾ ਪਹਿਲਾ ਤਜਰਬਾ ਹੈ’ , ਮੈਂ ਆਖਿਆ। ‘ਮੈਂ ‎ਦੇਖਣਾ ਚਹੁੰਦਾ ਆਂ ਕਿ ਸੁਰਤ ਤੋਂ ਬਿਸੁਰਤੀ `ਚ ਦਾਖ਼ਲ ਹੁੰਦਿਆਂ ਕਿੰਝ ਮਹਿਸੂਸ ਹੁੰਦਾ ਐ।’‎

ਡਾਕਟਰ ਦੀ ਮੁਸਕ੍ਰਾਹਟ ਵਿਚਲੀ ਤਨਜ਼ ਦਾ ਬੋਧ ਮੈਨੂੰ ਸੁਰਤ ਆਉਣ ਤੋਂ ਬਾਅਦ ਹੋਇਆ।

ਸਰਿੰਜ ਦੀ ਸੂਈ, ਗੁਲੂਕੋਜ਼ ਦੀ ਥੈਲੀ `ਚੋਂ ਹੇਠਾਂ ਵੱਲ ਨੂੰ ਫੁਟਦੀ, ਪਲਾਸਟਿਕ ਦੀ ਨਾਲੀ ਵੱਲ ‎ਉੱਲਰੀ। ਪਲਾਸਟਿਕ ਦੀ ਨਾਲੀ ਨੇ ਬਿਨ-ਵਿਰੋਧ ਆਪਣੇ ਆਪ ਨੂੰ ਸੂਈ ਦੇ ਹਵਾਲੇ ਕਰ ਦਿੱਤਾ। ‎ਸਰਿੰਜ ਦੀ ਸ਼ਾਫ਼ਟ ਨੂੰ ਡਾਕਟਰ ਦੇ ਅੰਗੂਠੇ ਦੇ ਦਬਾਅ ਦੀ ਹੀ ਇੰਤਜ਼ਾਰ ਸੀ ਕਿ ਤਰਲ ਅਨੈਸਥੀਯਾ, ‎ਥੈਲੀ ਵਿੱਚੋਂ ਨਾਲੀ ਅੰਦਰ ਤੁਪਕ ਰਹੇ ਗੁਲੂਕੋਜ਼ ਨਾਲ, ਇੱਕਜਾਨ ਹੋਣ ਲੱਗਾ। ਦੋ ਕੁ ਸਕਿੰਟਾਂ ਤੋਂ ‎ਬਾਅਦ ਕੀ ਵਾਪਰਿਆ, ਮੈਨੂੰ ਯਾਦ ਨਹੀਂ।

ਜਦੋਂ ਮੈਂ ਬਿਹੋਸ਼ੀ ਦੀ ਬੁੱਕਲ਼ `ਚੋਂ ਬਾਹਰ ਨਿੱਕਲਿਆ, ਮੇਰਾ ਬੇਜਾਨ ਹੱਥ ਮੇਰੀ ਬੀਵੀ ਦੇ ਹੱਥ ‎ਵਿੱਚ ਸੀ। ਮੇਰਾ ਭਤੀਜਾ ਤੇ ਭਤੀਜ-ਨੂੰਹ ਮੇਰੇ ਬੈੱਡ ਦੇ ਸੱਜੇ ਪਾਸੇ ਗ਼ਮਗ਼ੀਨੀ `ਚ ਖਲੋਤੇ ਸਨ। ‎ਮੇਰੀ ਡੌਰ-ਭੌਰ ਝਾਕਣੀ ਨੇ ਉਨ੍ਹਾਂ ਨੂੰ ਹੋਰ ਉਦਾਸ ਕਰ ਦਿੱਤਾ।

‎‘ਆਪਰੇਸ਼ਨ ਕਦੋਂ ਹੋਣੈ?’ ਮੈਂ ਬੁੜਬੜਾਇਆ।

‎‘ਉਹ ਤਾਂ ਹੋ ਵੀ ਗਿਆ,’ ਮੇਰੀ ਬੀਵੀ ਘਗਿਆਈ ਅਵਾਜ਼ `ਚ ਬੋਲੀ।

‎‘ਅੱਛਾ?’ ਮੈਂ ਬੇਯਕੀਨੀ `ਚ ਬੋਲਿਆ। ‘ਕੀ ਟਾਇਮ ਐ ਹੁਣ?’‎

‎‘ਤੜਕੇ ਦੇ ਸਾਢੇ ਚਾਰ,’ ਮੇਰੇ ਭਤੀਜੇ ਨੇ ਦੱਸਿਆ।

‎‘ਹੈਂ?’ ਮੇਰੇ ਮੱਥੇ `ਤੇ ਸਿਆੜ ਉੱਭਰੇ। ‘ਏਨੀ ਸਵਖਤੇ ਤੁਸੀਂ ਕਿਵੇਂ ਆ ਗਏ।’‎

ਤਿੰਨਾਂ ਦੀਆਂ ਨਜ਼ਰਾਂ ਇੱਕ ਦੂਜੇ `ਚ ਟਕਰਾਅ ਕੇ ਫਰਸ਼ `ਤੇ ਕਿਰ ਗਈਆਂ। ਉਨ੍ਹਾਂ ਦੀ ਖ਼ਮੋਸ਼ੀ ‎ਲੋੜ ਤੋਂ ਵਧੇਰੇ ਲੰਮੇਰੀ ਹੋਣ ਲੱਗੀ।

ਡਾਕਟਰ ਨੇ ਬੁਲਾਇਆ ਸੀ,’ ਚੁੱਪ ਨੂੰ ਝੰਜੋੜਨ ਲਈ ਭਤੀਜਾ ਬੋਲਿਆ।

‎‘ਕਿਓਂ?’ ਮੈਂ ਡੂੰਘਾ ਸਾਹ ਲੈ ਕੇ ਪੁੱਛਿਆ।

‎‘ਆਪਰੇਸ਼ਨ … ਆਪਰੇਸ਼ਨ `ਚ ਗੜਬੜ ਹੋਗ`ੀ ਸੀ।’‎

‎‘ਗੜਬੜ?’ ਮੇਰੀਆਂ ਭਵਾਂ ਅੰਦਰ ਨੂੰ ਖਿੱਚੀਆਂ ਗਈਆਂ।

‎‘ਹਾਂ, ਸ਼ੁਕਰ ਕਰੋ ਤੁਹਾਡੀ ਜਾਨ ਬਚ ਗਈ,’ ਮੇਰੀ ਬੀਵੀ ਦਾ ਗੱਚ ਉੱਛਲਣ ਦੇ ਕੰਢੇ ਹੋ ਗਿਆ ‎ਸੀ।

‎‘ਚਾਚਾ ਜੀ, ਡਾਕਟਰ ਤੋਂ ਗਲਤੀ ਨਾਲ ਤੁਹਾਡੀ ਉਹ ਨਾਲੀ ਕੱਟੀ ਗਈ ਜਿਹੜੀ ਪਿਸ਼ਾਬ ਨੂੰ ‎ਗੁਰਦੇ ਤੋਂ ਬਲੈਡਰ ਵੱਲ ਲਿਜਾਂਦੀ ਐ।’

‎ ‘ਫੇਰ ਕੀ ਕੀਤਾ ਡਾਕਟਰ ਨੇ?’ ਮੈਂ ਘਬਰਾਹਟ ਨਾਲ ਪੁੱਛਿਆ।

‎‘ਨਾਲੀ ਦੀ ਮੁਰੰਮਤ ਕਰਨ ਲਈ, ਤੁਹਾਡੇ ਪੇਟ `ਚ ਲਾਏ ਛੋਟੇ ਜਿਹੇ ਕੱਟ ਨੂੰ ਗਿੱਠ, ਸਵਾ ‎ਗਿੱਠ ਲੰਮਾਂ ਕਰਨਾ ਪਿਆ।’

ਮੇਰਾ ਹੇਠਲਾ ਬੁੱਲ੍ਹ ਦੰਦਾਂ ਵਿਚਕਾਰ ਜਾ ਬੈਠਾ। ਚਿੰਤਾ ਦੀਆਂ ਬਦਲੀਆਂ ਨੂੰ ਮੇਰੇ ਚਿਹਰੇ `ਤੇ ‎ਸੰਘਣੀਆਂ ਹੁੰਦੀਆਂ ਦੇਖ ਕੇ ਭਤੀਜਾ ਬੋਲਿਆ, ‘ਫ਼ਿਕਰ ਵਾਲੀ ਕੋਈ ਗੱਲ ਨਹੀਂ … ਡਾਕਟਰ ਨੇ ਲੰਮੀ ‎ਜੱਦੋ-ਜਹਿਦ ਕਰ ਕੇ ਨਾਲ਼ੀ ਜੋੜ ਦਿੱਤੀ ਐ, ਤੇ ਪਿਸ਼ਾਬ ਦੇ ਰਸਤਿਓਂ ਇੱਕ ਪਲਾਸਟਿਕ ਦੀ ਨਲ਼ਕੀ, ‎ਕੱਟੀ ਗਈ ਨਾਲੀ ਦੇ ਜੋੜ ਅੰਦਰ ਸਪੋਰਟ ਲਈ ਖਿਸਕਾਅ ਦਿੱਤੀ ਐ।’‎

ਹੁਣ ਮੇਰੇ ਅੰਦਰ ਮੇਰੇ ਜਣਨਅੰਗਾਂ ਉਦਾਲ਼ੇ ਗਿੱਲ ਜਿਹੀ ਹੋਣ ਦਾ ਅਹਿਸਾਸ ਜਾਗਿਆ। ਮੇਰਾ ‎ਹੱਥ ਜੰਘਾਂ ਵੱਲ ਨੂੰ ਖਿਸਕਣ ਲੱਗਾ। ਮੈਂ ਦੇਖਿਆ ਕਿ ਮੇਰਾ ਕੱਛਾ ਗ਼ਾਇਬ ਸੀ। ਜਣਨਅੰਗ ਨੂੰ ‎ਛੋਹੰਦਿਆਂ ਹੀ, ਮੇਰੀਆਂ ਉਂਗਲਾਂ ਫੁਰਤੀ ਨਾਲ ਕੰਬਲ ਤੋਂ ਬਾਹਰ ਆ ਗਈਆਂ। ਉਂਗਲਾਂ ਉਦਾਲੇ ਖ਼ੂਨ ‎ਦਾ ਗਾੜ੍ਹਾ ਲੇਪ ਦੇਖਦਿਆਂ ਹੀ ਮੇਰੀ ਬੀਵੀ ਤੜਫ਼ ਉੱਠੀ। ਭਤੀਜਾ ਫ਼ਟਾ-ਫ਼ਟ ਨਰਸ-ਕਾਊਂਟਰ ਵੱਲ ‎ਨੂੰ ਦੌੜਿਆ।

ਨਰਸ ਨੇ ਆਉਂਦਿਆਂ ਹੀ ਪੇਪਰ-ਟਾਵਲ ਮੇਰੇ ਹੱਥ ਉਦਾਲੇ ਲਪੇਟ ਕੇ, ਮੇਰਾ ਹੱਥ ਆਪਣੀਆਂ ‎ਫਿੱਕੀਆਂ ਗੁਲਾਬੀ ਉਂਗਲਾਂ `ਚ ਬੋਚ ਲਿਆ।

‎‘ਮਿਸਟਰ ਗਿੱਲੀ-ਬਿੱਲੀ,’ ਆਪਣੀਆਂ ਭੂਰੀਆਂ ਅੱਖਾਂ `ਚੋਂ ਦਿਲਾਸੇ ਦੀ ਭਰਪੂਰ ਫ਼ੁਹਾਰ ‎ਸੁਟਦਿਆਂ ਨਰਸ, ਮਜ਼ਾਕੀਆ ਅੰਦਾਜ਼ `ਚ ਛਣਕੀ। ‘ਫ਼ਿਕਰ ਕਰਨ ਦੀ ਜ਼ਰੂਰਤ ਨਹੀਂ। ਤੇਰੇ ਪੇਟ ‎ਅੰਦਰ ਡਾਕਟਰ ਨੂੰ ਕਾਫ਼ੀ ਕੱਟ-ਵੱਢ ਕਰਨੀ ਪਈ ਜਿਸ ਕਰ ਕੇ ਤੇਰੇ ਅੰਦਰੋਂ ਹਾਲੇ ਵੀ ਸਿੰਮ ਰਿਹਾ ‎ਖ਼ੂਨ, ਪਿਸ਼ਾਬ ਰਸਤਿਓਂ ਬਾਹਰ ਆਈ ਜਾ ਰਿਹਾ ਹੈ। ਜਿਓਂ ਜਿਓਂ ਜ਼ਖ਼ਮ ਆਠਰੇਗਾ, ਖ਼ੂਨ ਦਾ ‎ਸਿੰਮਣਾ ਰੁਕ ਜਾਵੇਗਾ।’‎

ਖੂਨ ਨਾਲ ਤਰ ਹੋ ਗਏ ਪੇਪਰ-ਟਾਵਲ ਨੂੰ ਗਾਰਬਿਜ-ਕੈਨ `ਚ ਸੁਟਦਿਆਂ, ਉਸ ਨੇ ਆਪਣੀਆਂ ‎ਨਜ਼ਰਾਂ ਮੇਰੀ ਪਤਨੀ ਵੱਲ ਫੇਰੀਆਂ।

‎ ‘ਮਿਸਿਜ਼ ਗਿੱਲ, ਤੁਸੀਂ ਸਾਰੇ ਇਸ ਕਮਰੇ `ਚੋਂ ਪੰਜ ਕੁ ਮਿੰਟ ਲਈ ਬਾਹਰ ਜਾਣ ਦੀ ਕਿਰਪਾ ਕਰ ‎ਸਕਦੇ ਓ?‎

ਬੀਵੀ, ਭਤੀਜੇ, ਤੇ ਉਸ ਦੀ ਪਤਨੀ ਦੇ ਬਾਹਰ ਹੁੰਦਿਆਂ ਹੀ ਨਰਸ ਨੇ ਬੈੱਡ ਉਦਾਲੇ ਪੜਦਾ ‎ਤਾਣ ਲਿਆ। ਅਗਲੇ ਪਲ ਉਸ ਨੇ ਨਿੱਕੇ ਨਿੱਕੇ, ਸਿਲ੍ਹੇ ਤੌਲੀਆਂ ਨਾਲ ਮੇਰੀਆਂ ਜੰਘਾਂ ਅਤੇ ਜਣਨ-‎ਅੰਗ ਦੇ ਆਲੇ-ਦੁਆਲੇ ਨੂੰ ਏਨੀ ਕੋਮਲਤਾ ਨਾਲ ਸਾਫ਼ ਕਰਨਾ ਸ਼ੁਰੂ ਕਰ ਦਿਤਾ ਜਿਵੇਂ ਮੈਂ ਉਸ ਦਾ ਨਵ-‎ਜੰਮਿਆਂ ਬੱਚਾ ਹੋਵਾਂ। ਮੇਰੇ ਸੂਖ਼ਮ ਅੰਗਾਂ ਦੀ ਸਫ਼ਾਈ ਕਰਦਿਆਂ ਉਹ ਦਿਲਾਸੀਆ ਅੰਦਾਜ਼ `ਚ ਬੋਲੀ ‎ਜਾ ਰਹੀ ਸੀ: ‘ਮਿਸਟਰ ਗਿੱਲ ਦਾ ਦਰਦ ਬੱਸ ਕੁੱਝ ਘੰਟਿਆਂ ਦਾ ਪ੍ਰਾਹੁਣਾ ਈ ਐ। ਮਿਸਟਰ ਗਿੱਲ ‎ਸਾਡਾ ਬਹਾਦਰ ‘ਬੱਚਾ’ ਐ। ਏਹ ਨੀ ਘਬਰਾਉਂਦਾ ਪੀੜਾਂ ਤੋਂ ਤੇ ਤਕਲੀਫ਼ਾਂ ਤੋਂ। ਏਹਨੇ ਬੱਸ ਕੁੱਝ ਈ ‎ਦਿਨਾਂ `ਚ ਠੀਕ ਹੋ ਕੇ ਦੌੜਨ ਲੱਗ ਜਾਣਾ ਐ! ਠੀਕ ਕਿਹਾ ਮੈਂ ਗਿੱਲ ਬੋਆਏ?’‎

ਫ਼ਿਰ, ਆਪਣੇ ਚਿੱਟੇ ਕੋਟ ਦੀ ਜੇਬ ਵਿੱਚੋਂ ਇੱਕ ਨੈਪਕਿਨ ਕੱਢ ਕੇ, ਉਸ ਨੇ ਮੇਰੇ ਮੱਥੇ, ਗੱਲ੍ਹਾਂ ‎ਅਤੇ ਮੂੰਹ `ਤੇ ਫੇਰ ਦਿੱਤਾ।

‎‘ਸਾਡਾ ਗਿੱਲ ‘ਬੋਆਏ’ ਹੁਣ ਹੱਸ ਕੇ ਦਿਖਾਏਗਾ,’ ਨਰਸ, ਮੇਰੇ ਨੱਕ ਨੂੰ ਆਪਣੇ ਅੰਗੂਠੇ ਅਤੇ ‎ਉਂਗਲੀ ਨਾਲ ਮਰੋੜਦਿਆਂ, ਬੋਲੀ।

ਮੇਰੇ ਬੁੱਲ੍ਹਾਂ `ਤੇ ਹਲਕੀ ਜਿਹੀ ਮੁਸਕ੍ਰਾਹਟ ਉਦੇ ਹੁੰਦਿਆਂ ਹੀ ਛਿਪ ਗਈ।

‎‘ਸ਼ਰਾਰਤੀ ਬੱਚਾ!’ ਮੇਰੇ ਕੰਬਲ਼ ਨੂੰ ਟਿਕਾਣੇ ਸਿਰ ਕਰਦਿਆਂ, ਨਰਸ ਨੇ ਮੇਰੀ ਦਾਹੜੀ ਨੂੰ ਥਪ-‎ਥਪਾਇਆ। ‘ਨਿੱਕੀ ਜੲ੍ਹੀ ਤਕਲੀਫ਼ ਤੋਂ ਈ ਉਦਾਸ ਹੋ ਗਿਐ, ਸਾਡਾ ਭੋਲੂ ਕਾਕਾ!’‎

ਮੈਨੂੰ ਜਾਪਿਆ ਮੈਂ ਇੱਕ ਪੋਤੜੇ `ਚ ਲਿਪਟਿਆ ਹੋਇਆ ਨਵ-ਜਨਮਿਆਂ ਬੱਚਾ ਸਾਂ ਤੇ ਇਹ ‎ਨਰਸ ਮੇਰੀ ਮਾਂ ਸੀ ਜਿਹੜੀ ਮੈਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ।

ਪਰ ਇਹ ਮੇਰੀ ਮਾਂ ਨਹੀਂ।

ਫਿਰ ਕੌਣ ਹੈ ਇਹ?‎

‎‘ਕੌਣ ਹੈਂ ਤੂੰ?’ ਮੈਂ ਬੁੜਬੁੜਾਇਆ।

‎‘ਤੈਨੂੰ ਪਤਾ ਈ ਪਈ ਮੈਂ ਏਥੇ ਨਰਸ ਹਾਂ, ਮਿਸਟਰ ਗਿੱਲ, ਤੇਰੇ ਵਰਗੇ ਮਰੀਜ਼ਾਂ ਦੀ ਦੇਖ-ਭਾਲ਼ ‎ਲਈ!’‎

‎‘ਤੂੰ ਕਿਤੇ ਗੁਜਰੀ ਤਾਂ ਨਹੀਂ?’‎

‎‘ਗੋਜਰੀ? ਕੌਣ ਗੋਜਰੀ? ਕੀ ਕਹੀ ਜਾਂਦੈ ਸਾਡਾ ਗਾਲੜੀ ਮੁੰਡਾ?’‎

‎‘ਮੇਰੀ ਮਾਂ ਦਸਦੀ ਹੁੰਦੀ ਸੀ ਕਿ ਛੋਟੇ ਹੁੰਦਿਆਂ ਉਸ ਦੀਆਂ ਸਾਰੀਆਂ ਹਾਨਣਾਂ ਮੈਨੂੰ ‘ਇਕਬਾਲ’ ‎ਨਹੀਂ ਸਗੋਂ ‘ਗੁਜਰੀ ਵਾਲਾ’ ਹੀ ਕਹਿੰਦੀਆਂ ਸਨ।’‎

ਨਰਸ ਨੇ ਮੇਰੀ ਬੀਵੀ ਨੂੰ ਅੰਦਰ ਆਉਣ ਦਾ ਸੱਦਾ ਦੇ ਦਿੱਤਾ।

‎‘ਮਿਸਿਜ਼ ਗਿੱਲ, ਆਪਣਾ ‘ਗਿੱਲ ਬੋਆਏ’ ਕਹਿੰਦੈ ਮੈਂ ‘ਗੋਜਰੀ’ ਆਂ। ਹਾ, ਹਾ, ਹਾ!’ ਨਰਸ ਨੇ ‎ਮੇਰੇ ਸਿਰ ਨੂੰ ਥਪ-ਥਪਾਂਦਿਆਂ ਮੇਰੀ ਬੀਵੀ ਨੂੰ ਦੱਸਿਆ।

‎‘ਗੁਜਰੀ!’ ਮੇਰੀ ਬੀਵੀ ਉਦਾਸ ਮੁਦਰਾ `ਚ ਲਹਿ ਗਈ। ‘ਜਦੋਂ ਤੋਂ ਇਨ੍ਹਾਂ ਨੇ ਸੁਰਤ ਸੰਭਲ਼ੀ ਐ, ‎ਇਹ ਗੁਜਰੀ ਨੂੰ ਹੀ ਨੂੰ ਲਭਦੇ ਫਿਰਦੇ ਨੇ।’‎

‎‘ਅੱਛਾ!’ ਨਰਸ ਬਾਰੀ ਨਾਲ ਢੋਅ ਲਾ ਕੇ ਖਲੋ ਗਈ। ‘ਆਓ ਆਪਾਂ ਆਪਣੇ ਗਿੱਲ ਬੋਆਏ ਨੂੰ ‎ਸੁਣੀਏਂ। ਦੱਸ ਬਈ, ਗਿੱਲ ਬੋਆਏ, ਕੀ ਕਹਿੰਦਾ ਸੀ ਤੂੰ ਗੋਜਰੀ, ਗੋਜਰੀ।’‎

ਗਲੇ `ਚ ਉੱਭਰ ਆਈ ਜਕੜ ਦੇ ਰਤਾ ਕੁ ਢਿੱਲੀ ਹੁੰਦਿਆਂ ਹੀ ਮੈਂ ਬੋਲਣ ਲੱਗਾ: ਜਦੋਂ ਮੈਂ ‎ਜਨਮਿਆਂ ਸਾਂ ਤਾਂ ਇੱਕ ਔਰਤ ਸੀ ਗੁਜਰੀ, ਤੇ ਮੇਰੇ ਬਾਪ ਦਾ ਹਾਣੀ ਸੀ ਉਹਦਾ ਘਰਵਾਲਾ, ਸਮਦੂ। ‎ਇਨ੍ਹਾਂ ਨਾਲ ਸਾਡੀ ਕੰਧ ਵੀ ਸਾਂਝੀ ਸੀ ਤੇ ਦਿਲ ਵੀ। ਆਵਦੇ ਘਰ, ਸਾਰੀ ਦਿਹਾੜੀ ਖੱਡੀ ਬੁਣਦੇ ਸਮਦੂ ‎ਨੂੰ ਜਦੋਂ ਵੀ ਅੱਧੇ ਕੁ ਘੰਟੇ ਦੀ ਛੁੱਟੀ ਕਰਨ ਦੀ ਭਲ਼ ਉਠਦੀ ਤਾਂ ਉਹ ਹੁੱਕਾ ਚੁੱਕ ਕੇ ਸਾਡੇ ਘਰ ਆ ‎ਬੈਠਦਾ ਜਿੱਥੇ ਉਦ੍ਹੀ ਘਰਵਾਲੀ, ਗੁਜਰੀ, ਮੈਨੂੰ ਬੁੱਕਲ਼ `ਚ ਲੈ ਕੇ ਆਪਣਾ ਦੁੱਧ ਚੁੰਘਾਅ ਰਹੀ ਹੁੰਦੀ।

‎‘ਗੁਜਰੀ ਤੈਨੂੰ ਆਪਣਾ ਦੁੱਧ ਚੁੰਘਾਅ ਰਹੀ ਹੁੰਦੀ?’ ਨਰਸ ਨੇ ਅੱਖਾਂ ਸੁੰਗੇੜੀਆਂ।

‎‘ਜੀ ਹਾਂ, ਆਪਣਾ ਦੁੱਧ!’‎

‎‘ਉਹ ਕਿਓਂ?’‎

‎‘ਉਹ ਇਸ ਤਰ੍ਹਾਂ ਕਿ ਜਦੋਂ ਮੈਂ ਜਨਮਿਆਂ ਤਾਂ ਮੇਰੀ ਮਾਂ ਨੂੰ ਜਣੇਪੇ ਨਾਲ ਸਬੰਧਤ ਕੋਈ ਗੁਪਤ ‎ਰੋਗ ਲੱਗ ਗਿਆ ਜਿਸ ਨੇ ਉਸ ਦੀਆਂ ਛਾਤੀਆਂ `ਚ ਖੁਸ਼ਕੀ ਖਿਲਾਰ ਦਿੱਤੀ। ਮੈਂ ਭੁੱਖ ਨਾਲ ‎ਵਿਲਕਿਆ ਤਾਂ ਗਵਾਂਢਣ ਗੁਜਰੀ ਨੇ ਛਾਤੀ ਨਾਲ ਲਾ ਲਿਆ। ਜਿਓਂ ਹੀ ਮੇਰੇ ਬੁਲ੍ਹ ਉਸ ਦੇ ਪਿੰਡੇ ਨੂੰ ‎ਛੋਹ ਕੇ ਦੁੱਧ ਟਟੋਲਣ ਲੱਗੇ, ਉਸ ਦੀਆਂ ਛਾਤੀਆਂ ਛਲਕ ਉੱਠੀਆਂ। ਉਹਨੇ ਆਪਣੀ ਛਾਤੀ ਮੇਰੇ ਮੂੰਹ ‎ਵਿੱਚ ਟਿਕਾਅ ਕੇ ਮੇਰੀ ਵਿਲਕਣੀ ਨੂੰ ਜਿੰਦਰਾ ਲਗਾ ਦਿੱਤਾ। ਉਸ ਦਿਨ ਤੋਂ ਬਾਅਦ ਗੁਜਰੀ ਦੀ ਗੋਦ ‎ਮੇਰਾ ਆਲ੍ਹਣਾ ਹੋ ਗਈ। ਮਾਂ ਦਸਦੀ ਹੁੰਦੀ ਸੀ ਪਈ ਉਹ ਸਵਖ਼ਤੇ ਹੀ ਸਾਡੇ ਘਰ ਆ ਛਣਕਦੀ: ‎ਆਪਣੀ ਬਰਸਾਤ ਹੋਈ ਛਾਤੀ ਮੇਰੇ ਬੁਲ੍ਹਾਂ `ਚ ਰੱਖ ਦੇਂਦੀ। ਮੈਨੂੰ ਰਜਾਅ ਕੇ, ਉਹ ਚਾਹ ਬਣਾਉਂਦੀ, ‎ਚੌਂਕਾ-ਚੁੱਲ੍ਹਾ ਸੰਵਾਰਦੀ, ਬਹੁਕਰ ਮਾਰਦੀ, ਦਾਲ਼ ਰਿੰਨ੍ਹਦੀ, ਰੋਟੀ ਪਕਾਉਂਦੀ, ਤੇ ਮੇਰੀ ਮਾਂ ਨੂੰ ਦਿਲਾਸੇ ‎ਦੇਂਦੀ। ਮੇਰੀ ਮਾਂ ਜੇ ਮੈਨੂੰ ਗੁਜਰੀ ਕੋਲੋਂ ਆਪਣੇ ਹੱਥਾਂ `ਚ ਪਕੜਣ ਲਈ ਬਾਹਾਂ ਉਲਾਰਦੀ, ਮੈਂ ‎ਕੁਰਲਾਉਣ ਲੱਗ ਜਾਂਦਾ। ਸਾਲ ਭਰ, ਦਿਨ ਰਾਤ ਗੁਜਰੀ ਨਾਲ਼ ਚਿੰਬੜੇ ਰਹਿਣ ਕਾਰਨ ਮੈਨੂੰ ਗੁਜਰੀ ‎ਹੀ ਮੇਰੀ ਮਾਂ ਜਾਪਣ ਲੱਗ ਪਈ।

‎‘ਜਦੋਂ ਮੈਂ ਡੇਢ ਕੁ ਸਾਲ ਦਾ ਹੋਇਆ, ਸੰਨ ਸੰਤਾਲੀ ਆਪਣੇ ਮੱਧ ਤੋਂ ਦੋ ਕੁ ਮਹੀਨੇ ਉਰੇ ਸੀ। ‎ਅਚਾਨਕ ਹੀ ਪਾਕਿਸਤਾਨ ਬਣਨ ਦੀਆਂ ਅਫ਼ਵਾਹਾਂ ਹਕੀਕਤ `ਚ ਬਦਲਣ ਲੱਗੀਆਂ। ਪਿੰਡ `ਚ ‎ਕਾਨਾਫ਼ੂਸੀ ਹੋਣ ਲੱਗੀ ਕਿ ਮੁਸਲਮਾਨਾਂ ਨੂੰ ਭਾਰਤ ਛੱਡ ਕੇ ਪਾਕਿਸਤਾਨ ਜਾਣਾ ਪਵੇਗਾ। ਦਹਿਸ਼ਤਜ਼ਦਾ ‎ਮੁਸਲਮਾਨ ਪਰਵਾਰ ਅੰਦਰੋ ਅੰਦਰੀ ਪਿੰਡੋਂ ਨਿਕਲਣ ਦੀਆਂ ਤਿਆਰੀਆਂ ਕਰਨ ਲੱਗੇ। ਆਟੇ ਦੀਆਂ ‎ਵਾਧੂ ਬੋਰੀਆਂ ਪਿਸਣ ਲੱਗੀਆਂ, ਤੇ ਲੰਮੇ ਸਫ਼ਰ ਲਈ ਛੋਲੇ ਤੇ ਜੌਂ ਭੁੱਜਣ ਲੱਗੇ, ਮਿੱਟੀ ਦਾ ਤੇਲ, ‎ਲਾਲਟਣਾਂ, ਤੇ ਪਾਥੀਆਂ-ਲੱਕੜਾਂ ਗੱਡਿਆਂ `ਤੇ ਸਵਾਰ ਹੋਣ ਲੱਗੀਆਂ। ਗੱਡਿਆਂ ਉੱਪਰ ਬਾਂਸਾਂ ਦੇ ਵਿੱਢ ‎‎(ਫ਼ਰੇਮ) ਉਸਰਨ ਲੱਗੇ; ਗਧਿਆਂ ਘੋੜਿਆਂ `ਤੇ ਸਮਾਨ ਲੱਦਣ ਲਈ ਬੋਰੀਆਂ, ਖੁਰਜੀਆਂ `ਚ ‎ਬਦਲਣ ਲੱਗੀਆਂ। ਸਦੀਆਂ ਤੋਂ ਭਰਾਵਾਂ ਵਾਂਗ ਵਸਦੇ ਸਿੱਖਾਂ ਤੇ ਮੁਸਲਮਾਨਾਂ ਵਿਚਕਾਰ ਇੱਕ ਅਕਾਊ ‎ਖ਼ਾਮੋਸ਼ੀ ਤਣੀ ਜਾਣ ਲੱਗੀ।

ਸਮਦੂ ਤੇ ਗੁਜਰੀ ਇੱਕ ਦਿਨ ਉੱਤਰੇ ਹੋਏ ਚਿਹਰੇ ਲੈ ਕੇ ਮੇਰੀ ਮਾਂ ਕੋਲ ਆ ਬੈਠੇ: ਦਿਲਜੀਤ ‎ਕੁਰੇ, ਸੁਣਿਆਂ ਮੁਸਲਮਾਨਾਂ ਨੂੰ ਉੱਜੜਨਾ ਪੈਣੈ!‎

ਸੁਣਿਆਂ ਤਾਂ ਮੈਂ ਵੀ ਆ, ਮੇਰੀ ਮਾਂ ਉਦਾਸ ਅਵਾਜ਼ `ਚ ਬੋਲੀ।

ਸਾਨੂੰ ਬੇਔਲਾਦਿਆਂ ਨੂੰ ਵੀ ਉੱਜੜਨਾ ਪਵੇਗਾ? ਸਮਦੂ ਭਰੇ ਗਲੇ ਨਾਲ ਬੋਲਿਆ।

ਅਸੀਂ ਭਲਾ ਐਸ ਨਿਆਣੇ ਤੋਂ ਬਿਨਾ ਕਿਵੇਂ ਜੀਵਾਂਗੇ, ਸਿੱਲ੍ਹੀਆਂ ਅੱਖਾਂ ਨੂੰ ਝਮਕਦਿਆਂ, ਗੁਜਰੀ ਮੈਨੂੰ ‎ਆਪਣੀ ਛਾਤੀ ਨਾਲ ਘੁੱਟ ਕੇ ਬੋਲੀ।

ਸਾਨੂੰ ਕਿਸੇ ਤਰੀਕੇ ਬਚਾਵੋ ਏਸ ਉਜਾੜੇ ਤੋਂ!‎

ਤੇ ਅਖ਼ੀਰ ਮੁਸਲਮਾਨਾਂ ਦੇ ਉਜੜਣ ਦਾ ਦਿਨ ਆਣ ਢੁੱਕਾ। ਮੁਸਲਮਾਨ, ਆਪਣੇ ਉਜਾੜੇ ਦੇ ‎ਸਫ਼ਰ ਲਈ, ਗੱਡਿਆਂ, ਘੋੜਿਆਂ, ਤੇ ਗਧੀਆਂ ਉੱਤੇ ਰਾਸ਼ਨ ਲੱਦਣ ਵਿੱਚ ਮਸਰੂਫ਼ ਸਨ। ਨਾ ਉਹ ‎ਮੰਜੇ ਲਿਜਾ ਸਕਦੇ ਸਨ, ਨਾ ਕਣਕ ਦੀਆਂ ਬੋਰੀਆਂ, ਤੇ ਨਾ ਕੰਧਾਂ ਤੇ ਨਾ ਛੱਤਾਂ। ਜਿੰਨ੍ਹਾਂ ਦੇ ਘਰਾਂ `ਚ ‎ਹਵਾ ਵੀ ਸਿਰ ਝੁਕਾਅ ਕੇ ਵੜਦੀ ਸੀ, ਉਨ੍ਹਾਂ ਦੇ ਸਾਹਮਣੇ ਹੀ ਕੋਈ ਉਨ੍ਹਾਂ ਦੀਆਂ ਬੱਕਰੀਆਂ ਖੋਲ੍ਹ ਕੇ ‎ਆਪਣੇ ਘਰ ਨੂੰ ਤੁਰਿਆ ਜਾ ਰਿਹਾ ਸੀ, ਕੋਈ ਮੱਝਾਂ ਤੇ ਕੋਈ ਗਾਈਆਂ। ਕੋਈ ਵਿਹੜਿਆਂ `ਚ, ਕੁੜ-‎ਕੁੜ ਭੱਜਦੇ ਕੁੱਕੜਾਂ ਮਗਰ ਦੌੜੀ ਜਾ ਰਹੇ ਸਨ, ਤੇ ਕੋਈ ਦਾਤੀਆਂ-ਰੰਬੇ ਬੋਰੀਆਂ `ਚ ਥੁੰਨੀ ਜਾਂਦਾ ਸੀ। ‎ਮੰਜੇ, ਮੇਜ਼ ਤੇ ਕੁਰਸੀਆਂ, ਓਪਰਿਆਂ ਦੇ ਸਿਰਾਂ `ਤੇ ਅਸਵਾਰ ਹੋ ਕੇ, ਉੱਜੜਣ ਵਾਲਿਆਂ ਨੂੰ ਦੰਦੀਆਂ ‎ਚਿੜਾਅ ਰਹੇ ਸਨ।

ਅਸੀਂ ਨੀ ਜਾਣਾ, ਦਿਲਜੀਤ ਕੁਰੇ, ਪੜੇ-ਪਾਕਿਸਤਾਨ! ਗੁਜਰੀ ਨੇ ਐਲਾਨ ਕਰ ਦਿੱਤਾ।

ਬਾਪੂ, ਗੁਜਰੀ ਤੇ ਸਮਦੂ ਨੂੰ ਸਾਡੇ ਤੂੜੀ ਵਾਲੇ ਕੋਠੇ `ਚ ਬਿਠਾਅ ਆਇਆ।

ਤੁਸੀਂ ਨੀ ਹਿਲਣਾ ਏਥੋਂ, ਬਾਪੂ ਨੇ ਤਿਊੜੀਆ ਅੰਦਾਜ਼ `ਚ ਤਾਕੀਦ ਕੀਤੀ। ਭਾਵੇਂ ਮੀਂਹ ਆਵੇ, ‎ਭਾਵੇਂ ਮੁੜ੍ਹਕਾ, ਤੁਸੀਂ ਬੱਸ ਅੰਦਰੇ ਈ ਰਹਿਣੈ। ਏਥੇ ਈ ਥੋਨੂੰ ਰੋਟੀ ਆਊ ਤੇ ਏਥੇ ਈ ਦੁੱਧ-ਪਾਣੀ।

ਮੁਸਲਮਾਨਾਂ ਦੇ ਉੱਜੜਿਆਂ ਮਹੀਨਾ ਕੁ ਹੋਇਆ ਸੀ ਕਿ ਇੱਕ ਦਿਨ ਮਿਲਟਰੀ ਦੀਆਂ ਜੀਪਾਂ ‎ਪਿੰਡ `ਚ ਫੁੰਕਾਰਨ ਲੱਗੀਆਂ। ਲਾਲ ਪੱਗਾਂ ਸ਼ਿਕਾਰੀ ਕੁੱਤਿਆਂ ਵਾਂਗ ਮੁਸਲਮਾਨਾਂ ਨੂੰ ਸੁੰਘਦੀਆਂ ਫਿਰ ‎ਰਹੀਆਂ ਸਨ। ਕਿਸੇ ਨੇ ਠਾਣੇਦਾਰ ਦੇ ਕੰਨ `ਚ ਫੂਕ ਮਾਰ ਦਿੱਤੀ ਅਖ਼ੇ ਕਰਨੈਲ ਕਵੀਸ਼ਰ ਨੇ ਆਵਦੇ ‎ਘਰ `ਚ ਇੱਕ ਮੁਸਲਮਾਨ ਜੋੜਾ ਛੁਪਾਇਆ ਹੋਇਐ।

ਕਰਨੈਲ ਕਵੀਸ਼ਰ ਐ ਤੇਰਾ ਨਾਮ? ਦੇਹਲ਼ੀ ਵੜਦਿਆਂ ਠਾਣੇਦਾਰ ਗਰਜਿਆ।

ਜੀ ਹਾਂ, ਬਾਪੂ ਦੇ ਬੁਲ੍ਹ ਕੰਬੇ।

ਤੂੜੀ ਵਾਲਾ ਕੋਠਾ ਕਿਹੜਾ ਐ ਤੇਰਾ?‎

ਬਾਪੂ ਜਿੰਦਰਾ ਲੱਗੇ ਦਰਵਾਜ਼ੇ ਵੱਲ ਝਾਕਿਆ।

ਖੋਲ੍ਹ ਜਿੰਦਰਾ!‎

ਪੁਲਸੀਆਂ ਦੀ ਧਾੜ ਜਦੋਂ ਤੂੜੀ ਵਾਲੇ ਕੋਠੇ `ਚ ਵੜੀ ਤਾਂ ਮੈਂ ਗੁਜਰੀ ਦੀਆਂ ਬਾਹਾਂ `ਚ ਸਾਂ।

ਮੈਨੂੰ ਹੱਥ ਨਾ ਲਾਇਓ, ਗਾਤਰੇ ਪਾਈ ਨਿੱਕੀ ਕਿਰਪਾਨ ਨੂੰ ਪੁਲਸੀਆਂ ਵੱਲ ਨੂੰ ਉਲਾਰਦਿਆਂ ‎ਸਮਦੂ ਗਰਜਿਆ। ਮੈਂ ਸਿੱਖ ਹੋ ਗਿਆਂ, ਸਿੱਖ।

ਤੈਨੂੰ ਜਬਰੀ ਸਿੱਖ ਬਣਾਇਆ ਗਿਐ! ਠਾਣੇਦਾਰ ਨੇ ਮੋੜਵੀਂ ਗਰਜ ਮਾਰੀ। ਸਿੱਧਾ ਹੋ ਕੇ ਜੀਪ ‎‎`ਚ ਬੈਠ ਨਹੀਂ ਤਾਂ …‎

ਠਾਣੇਦਾਰ ਦੀ ‘ਨਹੀਂ ਤਾਂ’ ਸੁਣਦਿਆਂ ਹੀ, ਸਿਪਾਹੀਆਂ ਦੀ ਧਾੜ ਸਮਦੂ ਤੇ ਗੁਜਰੀ ਉੱਤੇ ‎ਝਪਟੀ।

ਮੈਂ ਸਿੱਖਣੀ ਆਂ ਸਿੱਖਣੀ! ਗੁਜਰੀ ਕੁਰਲਾਈ। ਆਹ ਦੇਖੋ ਮੈਂ ਆਪਣੀ ਧਰਮ ਦੀ ਭੈਣ ਦਲਜੀਤੋ ‎ਦਾ ਮੁੰਡਾ ਗੋਦ ਲਿਐ!‎

ਗੁਜਰੀ ਵੱਲੋਂ ਘੁੱਟੇ ਜਾਣ ਨਾਲ ਮੇਰੀ ਲੇਰ ਨਿੱਕਲ ਗਈ।

ਸਿਪਾਹੀ ਗੁਜਰੀ ਨੂੰ ਮੇਰੇ ਸਮੇਤ ਧੂਹ ਕੇ ਜੀਪ ਕੋਲ ਲੈ ਗਏ।

ਛੱਡ ਦਿਓ ਅਬਲਾ ਨੂੰ, ਜਾਲਮੋ! ਮੇਰੀ ਮਾਂ ਦੀ ਲੇਰ ਨਿੱਕਲ਼ੀ। ਦੇਖਿਓ ਮੇਰਾ ਮੁੰਡਾ ਨਾ ਮਾਰ ‎ਦਿਓ!‎

ਛੱਡ ਦੇ ਮੁੰਡੇ ਨੂੰ, ਨੲ੍ਹੀਂ ਤਾਂ ਸਿਰ ਪਾੜਦੂੰ ਡੰਡੇ ਨਾ’ ਤੇਰਾ, ਡੰਡਾ ਉਲਾਰ ਕੇ ਠਾਣੇਦਾਰ ‎ਗਰਜਿਆ।

ਦੋ ਤਿੰਨ ਸਿਪਾਹੀਆਂ ਨੇ ਗੁਜਰੀ ਦੀਆਂ ਬਾਂਹਾਂ ਮ੍ਰੋੜ ਕੇ ਮੈਨੂੰ ਉਸ ਦੀ ਬੁੱਕਲ਼ `ਚੋਂ ਤੋੜ ਲਿਆ।

ਏਨੀ ਵਾਰਤਾ ਦੱਸਣ ਤੋਂ ਬਾਅਦ ਮੈਂ ਆਪਣੇ ਗਲ਼ੇ `ਚ ਉੱਭਰ ਆਈ ਘੁਟਣ ਨਾਲ ਸਿੱਝਣ ‎ਲੱਗਾ।

ਕਮਰੇ `ਚ ਛਾਅ ਗਈ ਖ਼ਾਮੋਸ਼ੀ `ਚ ਮੇਰੀ ਬੀਵੀ ਦਾ ਹਟਕੋਰਾ ਕੰਬਿਆ।

‎‘ਕੀ ਬਣਿਆਂ ਗੁਜਰੀ ਦਾ ਫ਼ਿਰ?’ ਉਦਾਸ ਬੁੱਲ੍ਹਾਂ ਦੀ ਕੰਬਣੀ ਨੂੰ ਕਾਬੂ `ਚ ਰੱਖਣ ਦੀ ਕੋਸ਼ਿਸ਼ ‎ਕਰਦਿਆਂ ਨਰਸ ਨੇ ਪੁੱਛਿਆ। ‘ਕਿੱਥੇ ਗਈ ਫਿਰ ਵਿਚਾਰੀ ਗੋਜਰੀ?’‎

‎‘ਦਸ ਪੰਦਰਾਂ ਮੀਲ ਦੇ ਫਾਸਲੇ `ਤੇ ਬਣੇ ਮੁਸਲਮਾਨਾਂ ਦੇ ਕੈਂਪ ਤੀਕ ਪਹੁੰਚਣ ਤੋਂ ਪਹਿਲਾਂ ਹੀ ‎ਉਹ ਰੋਂਦੀ ਕੁਰਲਾਉਂਦੀ ਦਮ ਤੋੜ ਗਈ!’ ਹੇਠਲੇ ਬੁੱਲ੍ਹ ਨੂੰ ਦੰਦਾਂ `ਚ ਕਰਦਿਆਂ ਮੈਂ ਦੱਸਿਆ।

‎‘ਤੂੰ ਉਸ ਨੂੰ ਯਾਦ ਕਰਦੈਂ, ਮਿਸਟਰ ਗਿੱਲ?’‎

‎‘ਮੇਰੇ ਪਿੰਡ `ਚ ਮੇਰੀ ਮਾਂ ਦੀਆਂ ਹਾਨਣਾਂ ਮੈਨੂੰ ਇਕਬਾਲ ਦੇ ਤੌਰ ਤੇ ਘੱਟ ਅਤੇ ‘ਗੁਜਰੀਵਾਲੇ’ ‎ਦੇ ਤੌਰ `ਤੇ ਵੱਧ ਜਾਣਦੀਆਂ ਸਨ। ਬਚਪਨ `ਚ ਤਾਂ ਮੈਂ ਆਪਣੇ ਇਸ ਉੱਪ-ਨਾਮ ਬਾਰੇ ਬਹੁਤਾ ਕਦੇ ‎ਨਹੀਂ ਸੋਚਿਆ, ਪਰ ਜਿਉਂ ਜਿਉਂ ਮੈਂ ਉਮਰ ਦੀ ਚੜ੍ਹਾਈ ਚੜ੍ਹਦਾ ਗਿਆ ਤਾਂ ਇਹ ਗੱਲ ਮੈਨੂੰ ਡਾਢਾ ‎ਪ੍ਰੇਸ਼ਾਨ ਕਰਨ ਲੱਗੀ ਪਈ ਮੈਨੂੰ ਆਪਣਾ ਦੁੱਧ ਚੁੰਘਾਉਣ ਵਾਲੀ ਉਸ ਔਰਤ ਨੂੰ ਮੈਂ ਦੇਖ ਕਿਉਂ ਨਹੀਂ ‎ਸਕਿਆ। ਕਈ ਦਹਾਕਿਆਂ ਤੋਂ ਮੈਂ ਉਸ ਦਾ ਚਿਹਰਾ ਤੇ ਉਦ ਦੀਆਂ ਬਾਂਹਾਂ, ਉਸ ਦੀਆਂ ਉਂਗਲਾਂ ਤੇ ਉਸ ‎ਦੀਆਂ ਦੁੱਧੀਆਂ ਨੂੰ ਚਿਤਵਦਾ ਆ ਰਿਹਾ ਹਾਂ। ਇੱਕ ਵਾਰ ਮੈਂ ਪਾਕਿਸਤਾਨ ਗਿਆ, ਤਾਂ ਉਥੇ ਤੀਹ ਪੈਂਤੀ ‎ਸਾਲ ਦੀ ਹਰ ਔਰਤ `ਚੋਂ ਮੈਨੂੰ ਗੁਜਰੀ ਦਾ ਅਕਸ ਹੀ ਨਜ਼ਰ ਆਈ ਜਾਵੇ। ਫ਼ੇਰ ਮੈਂ ਕਦੇ ਕਦੇ ਇਹ ਵੀ ‎ਸੋਚਦਾਂ ਕਿ ਸ਼ਾਇਦ ਉਹ ਮਰੀ ਹੀ ਨਾ ਹੋਵੇ।’‎

‎‘ਪਰ ਤੇਰੇ ਪਿੰਡ ਦੇ ਬੰਦਿਆਂ ਨੇ ਦੱਸਿਆ ਸੀ ਪਈ ਉਹ ਤਾਂ ਦਮ ਤੋੜ ਗਈ ਸੀ।’‎

‎‘ਗੁਜਰੀਆਂ ਕਦੇ ਨਹੀਂ ਮਰਦੀਆਂ।’ ਮੈਂ ਘਗਿਆਈ ਆਵਾਜ਼ `ਚ ਬੋਲਿਆ। ‘ਉਹ ਵਾਰ ਵਾਰ ‎ਜਨਮਦੀਆਂ ਨੇ, ਹਰ ਮਹੱਲੇ `ਚ, ਹਰ ਸ਼ਹਿਰ `ਚ ਤੇ ਹਰ ਦੇਸ਼ `ਚ!’‎

ਨਰਸ ਨੇ ਆਪਣੇ ਨੈਪਕਿਨ ਨਾਲ ਮੇਰੀਆਂ ਅੱਖਾਂ ਤੋਂ ਸਿੱਲ੍ਹ ਪੂੰਝੀ। ਫੇਰ ਉਸ ਨੇ ਮੇਰੇ ਮੱਥੇ ਅਤੇ ‎ਦਾਹੜੀ `ਤੇ ਆਪਣਾ ਮੁਲਾਇਮ ਹੱਥ ਫੇਰਿਆ ਤੇ ਹੌਲੀ ਹੌਲੀ ਝੁਕਦਿਆਂ ਮੇਰੇ ਸਿਰ ਉੱਤੇ ਆਪਣੇ ਕੰਬਦੇ ਬੁੱਲ੍ਹ ‎ਟਿਕਾਅ ਦਿੱਤੇ। ਮੈਨੂੰ ਜਾਪਿਆ ਜਿਵੇਂ ਮੇਰੀ ਗੁਜਰੀ ਮੈਨੂੰ ਆਪਣੀ ਬੁੱਕਲ ਵਿੱਚ ਲੈਣ ਦੀ ਤਿਆਰੀ ਕਰ ਰਹੀ ‎ਹੋਵੇ।

Last modified on Thursday, 22 October 2009 16:29
ਇਕਬਾਲ ਰਾਮੂਵਾਲੀਆ

ਇਕਬਾਲ ਰਾਮੂਵਾਲੀਆ

ਜਨਮ: ਮੋਗੇ ਦੇ ਲਾਗੇ ਪਿੰਡ ਰਾਮੂਵਾਲਾ `ਚ ਮਾਤਾ ਦਿਲਜੀਤ ਕੌਰ ਤੇ ਪੇਟੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ 1946 `ਚ ਜਨਮਿਆਂ।

ਵਿੱਦਿਆ: ਅੱਠਵੀਂ ਜਮਾਤ ਪਿੰਡ ਦੇ ਸਕੂਲੋਂ ਤੇ ਦਸਵੀਂ ਪਿੰਡ ਬੁੱਟਰ ਤੋਂ ਕਰ ਕੇ ਬੀ.ਏ.ਡੀ.ਐਮ.ਕਾਲਜ ਮੋਗਾ ਤੋਂ।

ਸਰਵਿਸ: ਅੰਗਰੇਜ਼ੀ ਦੀ ਐਮ.ਏ.ਗੌਰਮਿੰਟ ਕਾਲਜ ਲੁਧਿਆਣੇ ਤੋਂ ਕਰ ਕੇ ਖਾਲਸਾ ਕਾਲਜ ਸੁਧਾਰ `ਚ ਪੰਜ ਸਾਲ ਅੰਗਰੇਜ਼ੀ ਦਾ ਲੈਕਚਰਰ। 1975 `ਚ ਕੈਨਡਾ ਚਲਾ ਗਿਆ ਜਿੱਥੇ ਫੈਕਟਰੀਆਂ `ਚ ਕੰਮ ਕਰਨ, ਟੈਕਸੀ ਚਲਾਉਣ ਤੇ ਦਰਬਾਨੀ ਕਰਨ ਦੇ ਨਾਲ਼ ਨਾਲ਼ ਯੂਨੀਵਰਸਿਟੀਆਂ `ਚ ਪੜ੍ਹਾਈ ਵੀ ਕਰੀ ਗਿਆ। 1985 ਤੋਂ ਕੈਨਡਾ `ਚ ਸਕੂਲ ਸਿਸਟਮ ਵਿੱਚ ਵਿਦਿਆਕਾਰ ਦੇ ਤੌਰ `ਤੇ ਕੰਮ ਕਰ ਰਿਹਾ ਹੈ।

ਕਿਤਾਬਾਂ: ਸ਼ਾਇਰੀ ਦੀਆਂ ਕੁੱਲ ਛੇ ਕਿਤਾਬਾਂ, ਇੱਕ ਕਾਵਿ-ਨਾਟਕ, ਦੋ ਨਾਵਲ ਅੰਗਰੇਜ਼ੀ `ਚ ਤੇ ਇੱਕ ਪੰਜਾਬੀ `ਚ।

ਪਤਾ: ਦੋ ਬੇਟੀਆਂ ਦਾ ਬਾਪ, ਅੱਜ ਕੱਲ ਟਰਾਂਟੋ ਦੇ ਨਜ਼ਦੀਕ ਬਰੈਂਪਟਨ ਸ਼ਹਿਰ ਦਾ ਵਸਨੀਕ।

2 comments

  • Comment Link folcklord Tuesday, 20 July 2010 15:38 posted by folcklord

    F7l0kP fqgyntutibps, [url=http://flsxzpntscex.com/]flsxzpntscex[/url], [link=http://ftdeihuqooha.com/]ftdeihuqooha[/link], http://egmadaeyucdt.com/

    This e-mail address is being protected from spambots. You need JavaScript enabled to view it
  • Comment Link kuleshs Wednesday, 14 July 2010 00:40 posted by kuleshs

    gADM8Y ymzawtzxajpm, [url=http://mutihmaxrohq.com/]mutihmaxrohq[/url], [link=http://fbiejeemlurk.com/]fbiejeemlurk[/link], http://axcmcjkixvom.com/

    This e-mail address is being protected from spambots. You need JavaScript enabled to view it