Print this page
Thursday, 15 October 2009 18:43

24 - ਖਾਨਖਾਨੇ ਵਾਲਾ ਮਹਿੰਦਰ ਸਿੰਘ

Written by
Rate this item
(0 votes)

ਜਿਵੇਂ ਹਾਕੀ ਵਿੱਚ ਬਲਬੀਰ ਸਿੰਘ ਨਾਂ ਨੂੰ ਬਖ਼ਸ਼ ਹੈ ਤਿਵੇਂ ਅਥਲੈਟਿਕਸ ਵਿੱਚ ਮਹਿੰਦਰ ਸਿੰਘ ਨਾਂ ਦੀ ਗੁੱਡੀ ਚੜ੍ਹੀ ਰਹੀ ਹੈ। ਤਿੰਨ ਮਹਿੰਦਰ ਸਿੰਘ ਟੋਕੀਓ, ਜਕਾਰਤਾ ਤੇ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਦੇ ਚੈਂਪੀਅਨ ਬਣੇ ਹਨ। 1958 ਵਿੱਚ ਟੋਕੀਓ ਦੀਆਂ ਤੀਜੀਆਂ ਏਸ਼ਿਆਈ ਖੇਡਾਂ `ਚੋਂ ਖਾਨਖਾਨੇ ਦੇ ਮਹਿੰਦਰ ਸਿੰਘ ਨੇ ਗੋਲਡ ਮੈਡਲ ਜਿੱਤਿਆ ਸੀ। ਚਾਰ ਸਾਲ ਬਾਅਦ ਜਕਾਰਤਾ ਦੀਆਂ ਏਸ਼ਿਆਈ ਖੇਡਾਂ `ਚ ਜ਼ਿਲ੍ਹਾ ਜਲੰਧਰ ਦਾ ਇੱਕ ਹੋਰ ਮਹਿੰਦਰ ਸਿੰਘ 1500 ਮੀਟਰ ਦੀ ਦੌੜ ਨੂੰ ਪੈ ਗਿਆ ਸੀ। 1970 ਵਿੱਚ ਬੈਂਕਾਕ ਦੀਆਂ ਏਸ਼ਿਆਈ ਖੇਡਾਂ `ਚ ਫੋਲੜੀਵਾਲ ਦੇ ਮਹਿੰਦਰ ਸਿੰਘ ਗਿੱਲ ਨੇ ਤੀਹਰੀ ਛਾਲ ਵਿੱਚ ਨਵਾਂ ਏਸ਼ਿਆਈ ਰਿਕਾਰਡ ਰੱਖਿਆ ਸੀ। ਉਸ ਬਾਰੇ ਲਿਖੇ ਆਰਟੀਕਲ ਦਾ ਨਾਂ ਪਹਿਲਾਂ ਮੈਂ ਅਲਸੀ ਦਾ ਫੁੱਲ ਰੱਖਿਆ ਸੀ ਤੇ ਬਾਅਦ ਵਿੱਚ ਹੀਰਾ ਹਿਰਨ ਲਿਖ ਦਿੱਤਾ। ਇਸ ਲੇਖ `ਚ ਸਭ ਤੋਂ ਵੱਡੇ ਮਹਿੰਦਰ ਸਿੰਘ ਦੀ ਗੱਲ ਕਰਦੇ ਹਾਂ।

ਵੱਡੇ ਮਹਿੰਦਰ ਸਿੰਘ ਨੇ ਟੋਕੀਓ ਦੀਆਂ ਏਸ਼ਿਆਈ ਖੇਡਾਂ ਵਿੱਚ 15.62 ਮੀਟਰ ਟ੍ਰਿਪਲ ਜੰਪ ਕਰ ਕੇ ਗੋਲਡ ਮੈਡਲ ਜਿੱਤਣ ਦੇ ਨਾਲ ਏਸ਼ੀਆ ਦਾ ਨਵਾਂ ਰਿਕਾਰਡ ਕਰ ਦਿੱਤਾ ਸੀ। ਉਹ ਰਿਕਾਰਡ ਫਿਰ ਨਾ ਜਕਾਰਤਾ ਵਿੱਚ ਟੁੱਟਾ ਤੇ ਨਾ ਉਸ ਤੋਂ ਅਗਲੀਆਂ ਏਸ਼ਿਆਈ ਖੇਡਾਂ ਵਿੱਚ ਟੁੱਟਾ। ਉਹ ਆਖ਼ਰ ਉਹਦੇ ਹੀ ਸਿਰਨਾਵੀਏਂ ਤੇ ਉਹਦੇ ਹੀ ਜ਼ਿਲ੍ਹੇ ਦੇ ਮਹਿੰਦਰ ਸਿੰਘ ਗਿੱਲ ਨੇ 1970 ਦੀਆਂ ਏਸ਼ਿਆਈ ਖੇਡਾਂ ਵਿੱਚ ਬਿਹਤਰ ਕੀਤਾ। ਵੱਡਾ ਮਹਿੰਦਰ ਸਿੰਘ ਫੌਜ ਦੀ ਨੌਕਰੀ ਤੋਂ ਰਿਟਾਇਰ ਹੋ ਕੇ ਐੱਨ.ਆਈ.ਐੱਸ.ਦਾ ਕੋਚ ਬਣ ਗਿਆ ਸੀ ਤੇ ਛੋਟਾ ਮਹਿੰਦਰ ਸਿੰਘ ਛਾਲਾਂ ਦੀ ਵਿਸ਼ੇਸ਼ ਸਿਖਲਾਈ ਲੈਣ ਅਮਰੀਕਾ ਚਲਾ ਗਿਆ ਸੀ। ਬਾਅਦ ਵਿੱਚ ਉਹ ਉਥੋਂ ਦਾ ਹੀ ਪੱਕਾ ਵਸਨੀਕ ਬਣ ਗਿਆ ਤੇ ਅੱਜ ਕੱਲ੍ਹ ਕੈਲੇਫੋਰਨੀਆਂ ਦੇ ਸ਼ਹਿਰ ਟਰਲੱਕ ਵਿੱਚ ਖੇਡ ਸਮਾਨ ਦਾ ਬਿਜ਼ਨਸ ਕਰਦਾ ਹੈ। ਵੱਡਾ ਮਹਿੰਦਰ ਸਿੰਘ ਛੋਟੇ ਮਹਿੰਦਰ ਸਿੰਘ ਕਹਿੰਦਾ ਰਹਿੰਦਾ ਸੀ, “ਛੋਟੇ ਭਾਈ, ਸਾਨੂੰ ਵੀ ਕਦੇ ਸੱਦ ਲੈ ਅਮਰੀਕਾ।”

ਮਹਿੰਦਰ ਸਿੰਘ ਸੀਨੀਅਰ ਦਾ ਜਨਮ 30 ਜਨਵਰੀ 1933 ਨੂੰ ਪਿੰਡ ਖਾਨਖਾਨਾ ਜਿਲ੍ਹਾ ਜਲੰਧਰ ਵਿੱਚ ਹੋਇਆ ਸੀ। ਇਹ ਪਿੰਡ ਹੁਣ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਹੈ। ਉਸ ਨੇ ਖਾਲਸਾ ਹਾਈ ਸਕੂਲ ਚਰਨ ਕੰਵਲ ਬੰਗਾ ਤੋਂ ਦਸਵੀਂ ਪਾਸ ਕੀਤੀ ਸੀ। ਉਦੋਂ ਨੌਜੁਆਨਾਂ ਨੂੰ ਸਿਹਤ ਬਣਾਉਣ ਦਾ ਸ਼ੌਕ ਸੀ ਤੇ ਹੁਣ ਵਾਂਗ ਨਸ਼ੇ ਪੱਤਿਆਂ ਵਿੱਚ ਨਹੀਂ ਸਨ ਪਏ। ਮਹਿੰਦਰ ਸਿੰਘ ਕੱਦ ਕਾਠ ਦਾ ਚੰਗਾ ਜੁਆਨ ਹੋਣ ਕਾਰਨ 1951 ਵਿੱਚ ਸਿੱਖ ਰਜਮੈਂਟ `ਚ ਭਰਤੀ ਹੋ ਗਿਆ। ਭਰਤੀ ਹੋਣ ਵੇਲੇ ਉਸ ਦਾ ਕੱਦ 5 ਫੁੱਟ ਸਾਢੇ ਗਿਆਰਾਂ ਇੰਚ ਮਿਣਿਆ ਗਿਆ ਸੀ। ਸਕੂਲ ਵਿੱਚ ਉਹ ਹਾਕੀ ਖੇਡਦਾ ਸੀ। ਅੰਬਾਲੇ ਰਕਰੂਟੀ ਕਰਦਿਆਂ ਉਸ ਨੂੰ ਅਥਲੈਟਿਕਸ ਕਰਨ ਦਾ ਸ਼ੌਕ ਹੋ ਗਿਆ ਤੇ ਉਹ ਉੱਚੀ ਛਾਲ ਲਾਉਣ ਲੱਗ ਪਿਆ। ਸਾਲ ਕੁ ਪਿੱਛੋਂ ਉਸ ਨੇ ਸਾਰੀ ਫੌਜ ਦੀ ਅਥਲੈਟਿਕ ਮੀਟ ਵਿੱਚ ਭਾਗ ਲਿਆ ਤੇ ਉੱਚੀ ਛਾਲ ਲਾਉਣ `ਚ ਦੂਜੇ ਨੰਬਰ `ਤੇ ਆਇਆ।

ਫਿਰ ਬਰਗੇਡੀਅਰ ਕਰਨੈਲ ਸਿੰਘ ਨੇ ਉਸ ਨੂੰ ਸੰਭਾਲ ਲਿਆ ਤੇ ਉੱਚੀ ਛਾਲ ਦੀ ਥਾਂ ਲੰਮੀ ਛਾਲ ਲਾਉਣ ਦੀ ਪ੍ਰੈਕਟਿਸ ਕਰਵਾਈ। 1954 ਵਿੱਚ ਉਸ ਨੇ ਲੰਮੀ ਛਾਲ ਲਾਉਂਦਿਆਂ ਵੀਹ ਸਾਲ ਪਹਿਲਾਂ ਦਾ ਰੱਖਿਆ ਨੈਸ਼ਨਲ ਰਿਕਾਰਡ ਤੋੜ ਦਿੱਤਾ। 12 ਅਗੱਸਤ 1908 ਨੂੰ ਪਿੰਡ ਮਜ਼ਾਰਾ ਡੀਂਗਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜੰਮੇ ਕੈਪਟਨ ਨਿਰੰਜਣ ਸਿੰਘ ਨੇ 1934 ਵਿੱਚ 22 ਫੁੱਟ ਸਾਢੇ ਦਸ ਇੰਚ ਲੰਮੀ ਛਾਲ ਲਾਈ ਸੀ। ਵੀਹ ਸਾਲ ਕੋਈ ਹੋਰ ਭਾਰਤੀ ਅਥਲੀਟ ਏਨੀ ਲੰਮੀ ਛਾਲ ਨਾ ਲਾ ਸਕਿਆ। ਆਖ਼ਰ ਮਹਿੰਦਰ ਸਿੰਘ ਨੇ 22 ਫੁੱਟ ਸਾਢੇ ਗਿਆਰਾਂ ਇੰਚ ਲੰਮੀ ਛਾਲ ਲਾ ਕੇ ਨੈਸ਼ਨਲ ਰਿਕਾਰਡ ਬਿਹਤਰ ਕੀਤਾ। ਇਸ ਛਾਲ ਨੇ ਉਸ ਨੂੰ ਸਿਪਾਹੀ ਤੋਂ ਲੈਸ ਨੈਕ ਬਣਾ ਦਿੱਤਾ। 1955 ਵਿੱਚ ਉਸ ਨੇ 23 ਫੁੱਟ ਸਾਢੇ ਸੱਤ ਇੰਚ ਲੰਮੀ ਛਾਲ ਲਾਈ। ਫਿਰ ਲੰਮੀ ਛਾਲ ਦੇ ਪੁਰਾਣੇ ਏਸ਼ਿਆਈ ਚੈਂਪੀਅਨ ਬਲਦੇਵ ਸਿੰਘ ਨੇ ਉਸ ਨੂੰ ਤੀਹਰੀ ਛਾਲ ਲਾਉਣ ਲਈ ਪ੍ਰੇਰਿਆ ਤੇ ਉਸ ਨੇ ਕਈ ਸਾਲ ਪਹਿਲਾਂ ਦਾ ਰੱਖਿਆ ਰਬੈਲੋ ਦਾ ਨੈਸ਼ਨਲ ਰਿਕਾਰਡ ਤੋੜ ਦਿੱਤਾ।

1955 ਵਿੱਚ ਉਹ ਲੰਮੀ ਛਾਲ ਦੇ ਨਾਲ ਹਾਪ ਸਟੈੱਪ ਜੰਪ ਵੀ ਲਾਉਣ ਲੱਗਾ ਤੇ ਪਟਿਆਲੇ ਦੀਆਂ ਨੈਸ਼ਨਲ ਖੇਡਾਂ ਵਿੱਚ ਦੂਜੇ ਸਥਾਨ ਉਤੇ ਆਇਆ। 1956 ਵਿੱਚ ਉਸ ਨੇ ਇੰਡੋ-ਪਾਕਿ ਮੀਟ ਵਿੱਚ ਹਿੱਸਾ ਲਿਆ ਤੇ ਮੈੱਲਬੌਰਨ ਦੀਆਂ ਓਲੰਪਿਕ ਖੇਡਾਂ ਲਈ ਭਾਰਤੀ ਟੀਮ ਵਿੱਚ ਚੁਣਿਆ ਗਿਆ। ਆਸਟ੍ਰੇਲੀਆ ਦੇ ਸ਼ਹਿਰ ਬੈਂਡੀਗੋ ਵਿੱਚ ਹੋਈਆਂ ਪ੍ਰੀ ਓਲੰਪਿਕ ਖੇਡਾਂ ਵਿੱਚ ਉਸ ਨੇ 50 ਫੁੱਟ ਪੌਣੇ ਛੇ ਇੰਚ ਤੀਹਰੀ ਛਾਲ ਲਾ ਕੇ ਚੰਗੀ ਹੋਣਹਾਰੀ ਵਿਖਾਈ। ਉਸ ਨੇ 1958 ਵਿੱਚ ਕਾਰਡਿਫ਼ ਦੀਆਂ ਕਾਮਨਵੈੱਲਥ ਖੇਡਾਂ ਵਿੱਚ ਵੀ ਭਾਗ ਲਿਆ ਪਰ ਕੋਈ ਮੈਡਲ ਨਾ ਜਿੱਤ ਸਕਿਆ। ਉਸ ਦੀ ਅਸਲੀ ਬੱਲੇ ਬੱਲੇ ਟੋਕੀਓ ਦੀਆਂ ਏਸ਼ਿਆਈ ਖੇਡਾਂ ਵਿੱਚ ਹੋਈ ਜਿਥੇ ਉਹ ਨਵੇਂ ਰਿਕਾਰਡ ਨਾਲ ਏਸ਼ੀਆ ਦਾ ਚੈਂਪੀਅਨ ਬਣਿਆ। ਟੋਕੀਓ ਵਿੱਚ ਭਾਰਤ ਨੇ ਕੁਲ ਪੰਜ ਸੋਨ ਤਮਗ਼ੇ ਜਿੱਤੇ। ਇਹ ਸਿੱਖਾਂ ਲਈ ਮਾਣ ਦੀ ਗੱਲ ਹੈ ਕਿ ਪੰਜੇ ਸੋਨ ਤਮਗ਼ੇ ਸਿੱਖ ਖਿਡਾਰੀਆਂ ਰਾਹੀਂ ਜਿੱਤੇ ਗਏ। ਜਿਵੇਂ ਸੁਤੰਤਰਤਾ ਸੰਗਰਾਮ ਵਿੱਚ ਸਿੱਖ ਸਭ ਤੋਂ ਵੱਧ ਫਾਂਸੀ ਚੜ੍ਹੇ ਉਵੇਂ ਖੇਡ ਖੇਤਰ ਵਿੱਚ ਵੀ ਸਿੱਖ ਖਿਡਾਰੀਆਂ ਨੇ ਭਾਰਤ ਲਈ ਸਭ ਤੋਂ ਬਹੁਤੇ ਤਮਗ਼ੇ ਜਿੱਤੇ ਹਨ।

ਟੋਕੀਓ ਦੀਆਂ ਏਸ਼ਿਆਈ ਖੇਡਾਂ ਤਕ ਮਹਿੰਦਰ ਸਿੰਘ ਕਈ ਮੁਲਕਾਂ ਵਿੱਚ ਛਾਲਾਂ ਲਾ ਆਇਆ ਸੀ ਤੇ ਤਜਰਬੇਕਾਰ ਅਥਲੀਟ ਬਣ ਗਿਆ ਸੀ। ਇਹਦੇ ਨਾਲ ਉਹਦੇ ਵਿਸ਼ਵਾਸ ਵਿੱਚ ਵਾਧਾ ਹੋ ਗਿਆ ਸੀ। ਟੋਕੀਓ ਵਿੱਚ 51 ਫੁੱਟ ਸਾਢੇ ਚਾਰ ਇੰਚ ਤੀਹਰੀ ਛਾਲ ਲਾ ਕੇ ਉਸ ਨੇ ਸਹਿਜ ਨਾਲ ਹੀ ਸੋਨ ਤਮਗ਼ਾ ਜਿੱਤ ਲਿਆ। ਉਂਜ ਉਸ ਦਾ ਕਹਿਣਾ ਸੀ ਕਿ ਉਹਦੀ ਵਧੀਆ ਛਾਲ ਪ੍ਰੀ ਓਲੰਪਿਕ ਖੇਡਾਂ ਵਿੱਚ 52 ਫੁੱਟ ਸਾਢੇ ਛੇ ਇੰਚ ਲੱਗੀ ਸੀ। ਰੋਮ ਦੀਆਂ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ 52 ਫੁੱਟ ਦਾ ਸਟੈਂਡਰਡ ਮਿਥਿਆ ਗਿਆ ਸੀ। ਪਰ ਟਰਾਇਲਾਂ ਵਿੱਚ ਅੱਧੀ ਇੰਚ ਪਿੱਛੇ ਰਹਿ ਜਾਣ ਕਾਰਨ ਉਹ ਰੋਮ ਨਾ ਜਾ ਸਕਿਆ। ਉਹ 1962 ਤਕ ਨੈਸ਼ਨਲ ਚੈਂਪੀਅਨ ਬਣਦਾ ਰਿਹਾ।

1962 ਵਿੱਚ ਉਹ 25 ਫੁੱਟ ਲੰਮੀ ਤੇ 51 ਫੁੱਟ ਤੀਹਰੀ ਛਾਲ ਲਾ ਰਿਹਾ ਸੀ ਕਿ ਉਸ ਦਾ ਖੱਬਾ ਗੋਡਾ ਮਰੋੜਾ ਖਾ ਗਿਆ। ਗੋਡੇ ਦੀ ਸੱਟ ਉਹਦੀਆਂ ਛਾਲਾਂ ਨੂੰ ਹਮੇਸ਼ਾਂ ਲਈ ਲੈ ਬੈਠੀ। ਫਿਰ ਉਸ ਨੇ ਪਟਿਆਲੇ ਦੇ ਐੱਨ.ਆਈ.ਐੱਸ.ਤੋਂ ਅਥਲੈਟਿਕਸ ਦਾ ਕੋਚਿੰਗ ਕੋਰਸ ਕਰ ਲਿਆ ਤੇ ਫੌਜੀ ਅਥਲੀਟਾਂ ਨੂੰ ਕੋਚਿੰਗ ਦੇਣ ਲੱਗਾ। 1974 ਵਿੱਚ ਉਹ ਫੌਜ ਤੋਂ ਰਿਟਾਇਰ ਹੋਇਆ। ਫਿਰ ਉਸ ਨੇ ਐੱਨ.ਆਈ.ਐੱਸ.ਦੀ ਕੋਚਿੰਗ ਸਕੀਮ ਅਧੀਨ ਕੁੱਝ ਸਮਾਂ ਬੰਗਲੌਰ ਤੇ ਰਿਟਾਇਰਮੈਂਟ ਤਕ ਦਾ ਬਾਕੀ ਸਮਾਂ ਜਲੰਧਰ ਵਿੱਚ ਕੋਚਿੰਗ ਦਿੱਤੀ।

1982 ਵਿੱਚ ਦਿੱਲੀ ਦੀਆਂ ਨੌਵੀਆਂ ਏਸ਼ਿਆਈ ਖੇਡਾਂ ਸਮੇਂ ਟ੍ਰਿਪਲ ਜੰਪ ਦਾ ਮੁਕਾਬਲਾ ਮੈਂ ਦੋਹਾਂ ਮਹਿੰਦਰ ਸਿੰਘਾਂ ਦੇ ਵਿਚਕਾਰ ਬਹਿ ਕੇ ਵੇਖਿਆ ਸੀ। ਏਸ਼ੀਆਂ ਦੇ ਸਾਬਕਾ ਚੈਂਪੀਅਨਾਂ ਨਾਲ ਉਨ੍ਹਾਂ ਦੇ ਈਵੈਂਟ ਨੂੰ ਵੇਖਣ ਦਾ ਆਪਣਾ ਅਨੰਦ ਸੀ। ਦਰਸ਼ਕਾਂ ਨਾਲ ਜਵਾਹਰ ਲਾਲ ਸਟੇਡੀਅਮ ਭਰਿਆ ਹੋਇਆ ਸੀ। ਮਹਿੰਦਰ ਸਿੰਘ ਗਿੱਲ ਸਾਨੂੰ ਘੇਰ ਕੇ ਛਾਲਾਂ ਦੇ ਅਖਾੜੇ ਕੋਲ ਲੈ ਗਿਆ ਸੀ ਅਖੇ ਕੋਲ ਬਹਿ ਕੇ ਵੇਖਣ ਦਾ ਵੱਧ ਨਜ਼ਾਰਾ ਆਵੇਗਾ। ਸੱਚਮੁੱਚ ਨਜ਼ਾਰਾ ਆਇਆ ਵੀ ਵੱਧ। ਉਥੇ ਬੈਂਕਾਕ ਦੀਆਂ ਏਸ਼ਿਆਈ ਖੇਡਾਂ `ਚੋਂ ਸੋਨੇ ਦੇ ਦੋ ਤਮਗ਼ੇ ਜਿੱਤਣ ਵਾਲਾ ਹਰੀ ਚੰਦ ਵੀ ਬੈਠਾ ਸੀ। ਉਹਦਾ ਕੱਦ ਨਿੱਕਾ ਸੀ ਤੇ ਮੁੱਛਾਂ ਲੰਮੀਆਂ ਸਨ। ਬੈਂਕਾਕ ਵਿੱਚ ਬਾਜ਼ੀਗਰਾਂ ਦੇ ਪੁੱਤਰ ਨੇ ਕਮਾਲ ਕਰ ਵਿਖਾਈ ਸੀ। ਪਹਿਲਵਾਨ ਮਾਧੋ ਸਿੰਘ ਵੀ ਹਾਜ਼ਰ ਸੀ ਤੇ ਲੰਮੀ ਛਾਲ ਵਾਲਾ ਯੋਹਾਨਨ ਵੀ ਪੱਬਾਂ ਭਾਰ ਹੋਇਆ ਫਿਰਦਾ ਸੀ। ਬਿਸ਼ਨ ਸਿੰਘ ਬੇਦੀ ਅਰਜਨ ਅਵਾਰਡੀਆਂ ਨੂੰ ਮੀਟਿੰਗ ਲਈ ਸੱਦਾ ਪੱਤਰ ਦੇ ਰਿਹਾ ਸੀ। ਪੱਗ ਹੇਠਾਂ ਉਹਦੀ ਫਿਫਟੀ ਚਮਕ ਰਹੀ ਸੀ। ਖੇਡਣ ਸਮੇਂ ਉਹ ਪਟਕਾ ਬੰਨ੍ਹਦਾ ਸੀ ਜਿਸ ਕਰਕੇ ਪਟਕੇ ਵਾਲਾ ਸਰਦਾਰ ਵੱਜਣ ਲੱਗ ਪਿਆ ਸੀ। ਚਾਰ ਸੌ ਮੀਟਰ ਵਾਲਾ ਅਜਮੇਰ ਸਿੰਘ ਮਜ਼ਾਕ ਕਰਦਾ ਹੱਸ ਰਿਹਾ ਸੀ।

ਮੈਂ ਮਾਧੋ ਸਿੰਘ ਨਾਲ ਹੱਥ ਮਿਲਾਇਆ ਤਾਂ ਉਹਦੇ ਹੱਥਾਂ ਦੇ ਰੱਟਣ ਮੈਨੂੰ ਰੜਕੇ। ਵੱਡਾ ਮਹਿੰਦਰ ਸਿੰਘ ਵੀ ਉਹਦੇ ਨਾਲ ਹੀ ਬੈਠਾ ਸੀ ਜੋ ਕਹਿਣ ਲੱਗਾ, “ਇਸ ਭਲੇ ਲੋਕ ਦੀ ਵੀ ਸੁਣ ਲਓ। ਇਹ ਰੋਮ ਦੀਆਂ ਓਲੰਪਿਕ ਖੇਡਾਂ ਵਿੱਚ ਸੈਮੀ ਫਾਈਨਲ ਤਕ ਪੁੱਜ ਚੱਲਿਆ ਸੀ। ਮਿਲਖਾ ਸਿੰਘ ਚੌਥੇ ਨੰਬਰ `ਤੇ ਆਇਆ ਤਾਂ ਉਹਦੀ ਗੁੱਡੀ ਅਸਮਾਨੀ ਚੜ੍ਹ ਗਈ ਪਰ ਮਾਧੋ ਸਿੰਘ ਨੂੰ ਪੰਜਵਾਂ ਨੰਬਰ ਲੈਣ ਦੇ ਬਾਵਜੂਦ ਕਿਸੇ ਨੇ ਪੁੱਛਿਆ ਈ ਨਹੀਂ। ਹੁਣ ਕਿਥੇ ਮਿਲਖਾ ਸਿੰਘ ਤੇ ਕਿਥੇ ਮਾਧੋ ਸਿੰਘ? ਉਹ ਡਾਇਰੈਕਟਰ ਹੈ ਤੇ ਇਹ ਵਿਚਾਰਾ ਹਲ ਵਾਹ ਕੇ ਮਸੀਂ ਗੁਜ਼ਾਰਾ ਕਰਦੈ।”

ਮਹਿੰਦਰ ਸਿੰਘ ਨੂੰ ਖ਼ੁਦ ਰੰਜ ਸੀ ਕਿ ਭਾਰਤੀ ਅਥਲੀਟਾਂ ਨੂੰ ਪਿਛਲੇ ਡੇਢ ਸਾਲ ਤੋਂ ਕੋਚਿੰਗ ਉਹ ਦਿੰਦਾ ਆ ਰਿਹਾ ਸੀ ਪਰ ਏਸ਼ਿਆਈ ਖੇਡਾਂ ਵੇਲੇ ਟੀਮ ਨਾਲ ਆਫੀਸ਼ਲ ਕੋਚ ਕਿਸੇ ਹੋਰ ਨੂੰ ਲਾ ਦਿੱਤਾ ਗਿਆ ਸੀ। ਸਿਰਫ ਇਸ ਲਈ ਕਿ ਉਸ ਨੇ ਅਧਿਕਾਰੀਆਂ ਦੀ ਚਮਚਾਗੀਰੀ ਨਹੀਂ ਸੀ ਕੀਤੀ। ਮਹਿੰਦਰ ਸਿੰਘ ਗਿੱਲ ਨੇ ਗ਼ਿਲਾ ਪ੍ਰਗਟ ਕੀਤਾ ਕਿ ਉਹ ਅਮਰੀਕਾ ਤੋਂ ਏਸ਼ੀਅਨ ਖੇਡਾਂ ਵੇਖਣ ਦਿੱਲੀ ਆਇਆ ਸੀ ਪਰ ਇਥੇ ਉਸ ਨੂੰ ਕੋਈ ਸਿਆਣਦਾ ਈ ਨਹੀਂ। ਪੁਰਾਣੇ ਚੈਂਪੀਅਨਾਂ ਦੀ ਕੋਈ ਪੁੱਛ ਗਿੱਛ ਨਹੀਂ। ਏਦੂੰ ਤਾਂ ਮੈਂ ਨਾ ਆਉਂਦਾ ਤਾਂ ਚੰਗਾ ਰਹਿੰਦਾ। ਉਸ ਨੇ ਹੋਰ ਕਿਹਾ, “ਇਹ ਕਿਹੋ ਜਿਹਾ ਮੁਲਕ ਆ ਜਿਥੇ ਮਾਮੂਲੀ ਪਾਲੇਟੀਸ਼ਨ ਟੀਸੀ `ਤੇ ਚੜ੍ਹਾਏ ਆ ਤੇ ਓਲੰਪੀਅਨਾਂ ਤੇ ਏਸ਼ੀਆ ਦੇ ਚੈਂਪੀਅਨਾਂ ਨੂੰ ਗੇਟ ਵੀ ਨ੍ਹੀਂ ਲੰਘਣ ਦਿੱਤਾ ਜਾਂਦਾ।”

ਜਦੋਂ ਟ੍ਰਿਪਲ ਜੰਪ ਦਾ ਮੁਕਾਬਲਾ ਸ਼ੁਰੂ ਹੋਇਆ ਤਾਂ ਦੋਵੇਂ ਮਹਿੰਦਰ ਸਿੰਘ ਗ਼ਿਲੇ ਸ਼ਿਕਵੇ ਭੁੱਲ ਗਏ ਤੇ ਲੱਗ ਰਹੀਆਂ ਛਾਲਾਂ ਉਤੇ ਤਬਸਰਾ ਕਰਨ ਲੱਗੇ। ਕਿਸੇ ਦਾ ਸਟੈੱਪ ਸਲਾਹਿਆ ਜਾਣ ਲੱਗਾ, ਕਿਸੇ ਦਾ ਹਾਪ ਤੇ ਕਿਸੇ ਦਾ ਜੰਪ। ਕਿਸੇ ਦੀ ਨੁਕਤਾਚੀਨੀ ਹੁੰਦੀ ਕਿ ਫਲਾਣੇ ਦੀ ਬਾਡੀ ਸਟਿੱਫ਼ ਹੈ ਜਿਸ ਕਰਕੇ ਉਸ ਤੋਂ ਹਾਈਟ ਈ ਨਹੀਂ ਲਈ ਗਈ। ਫਲਾਣੇ ਦਾ ਪੈਰ ਈ ਫੱਟੀ `ਤੇ ਠੀਕ ਨਹੀਂ ਆ ਰਿਹਾ। ਵੱਡੇ ਮਹਿੰਦਰ ਸਿੰਘ ਨੇ ਦੱਖਣੀ ਭਾਰਤ ਦੇ ਇੱਕ ਜੰਪਰ ਦਾ ਭੇਤ ਖੋਲ੍ਹਿਆ, “ਨਾ ਇਹ ਸ਼ਰਾਬ ਛੱਡੇ, ਨਾ ਤੀਵੀਂ। ਇਹਦਾ ਵੀ ਕਿਹਰੇ ਆਲਾ ਕੰਮ ਆਂ। ਜੇ ਇਹ ਸਹੀ ਰਹਿੰਦਾ ਤਾਂ ਹੁਣ ਨੂੰ ਕਿਥੇ ਦਾ ਕਿਥੇ ਪਹੁੰਚਿਆ ਹੁੰਦਾ। ਚੀਨੇ ਜਪਾਨੀਆਂ ਨੂੰ ਇਹ ਕਿਥੇ ਦਿਵਾਲ ਸੀ?”

ਇਕ ਹੋਰ ਨੇ ਬੈਠੇ ਬੈਠੇ ਤੋਪਾ ਭਰ ਦਿੱਤਾ, “ਸੈਣੀ ਦੀਆਂ ਲੱਤਾਂ ਤਾਂ ਸਿੱਧੀਆਂ ਨ੍ਹੀਂ ਹੁੰਦੀਆਂ ਤੇ ਊਂ ਚੀਫ ਕੋਚ ਬਣਿਆ ਫਿਰਦਾ!” “ਲੱਤਾਂ ਤਾਂ ਉਹੋ ਜੀਆਂ ਈ ਰਹਿਣੀਆਂ ਭਾਵੇਂ ਚੀਫ ਮਨਿਸਟਰ ਬਣ ਜੇ। ਜਮਾਂਦਰੂ ਵਿੰਗੀਆਂ ਲੱਤਾਂ ਵੀ ਕਦੇ ਸਿੱਧੀਆਂ ਹੋਈਆਂ?” ਕੋਲ ਬੈਠੇ ਗੋਲੇ ਦੇ ਏਸ਼ੀਆ ਚੈਂਪੀਅਨ ਜੋਗਿੰਦਰ ਸਿੰਘ ਨੇ ਤੋੜਾ ਝਾੜਿਆ।

ਮਹਿੰਦਰ ਗਿੱਲ ਨੇ ਚੈਂਪੀਅਨ ਬਣਨ ਵਾਲੇ ਚੀਨੇ ਜੰਪਰ ਨੂੰ ਪੰਜਾਬੀ ਵਿੱਚ ਉੱਚੀ ਦੇਣੀ ਕਿਹਾ, “ਹੁਣ ਦੇਖਦਾ ਕੀ ਆਂ? ਹਵਾ ਪਿਛਲੀ ਆ, ਛੇਤੀ ਜੰਪ ਲਾ ਜਾ।” ਚੀਨੇ ਨੂੰ ਪੰਜਾਬੀ ਤਾਂ ਕੀ ਸਮਝ ਆਉਣੀ ਸੀ ਪਰ ਉਹਨੇ ਟੇਕ ਆਫ਼ ਬੋਰਡ ਕੋਲ ਟੰਗੀ ਗੁਥਲੀ ਅੱਗੇ ਨੂੰ ਝੂਲਦੀ ਵੇਖ ਕੇ ਤੁਰਤ ਛਾਲ ਲਾਈ ਤੇ ਏਸ਼ੀਆ ਦਾ ਨਵਾਂ ਰੱਖ ਗਿਆ। ਬੋਰਡ ਉਤੇ ਉਹਦੀ ਛਾਲ ਦੀ ਦੂਰੀ ਅੰਕਿਤ ਹੋਈ ਤਾਂ ਦਰਸ਼ਕਾਂ ਨੇ ਤਾੜੀਆਂ ਮਾਰ ਕੇ ਉਹਦਾ ਹੌਂਸਲਾ ਵਧਾਇਆ।

ਮੈਂ ਦੋ ਢਾਈ ਘੰਟੇ ਦੋਹਾਂ ਮਹਿੰਦਰ ਸਿੰਘਾਂ ਸੰਗ ਬਿਤਾਏ ਤੇ ਪ੍ਰਭਾਵ ਲਿਆ ਕਿ ਉਨ੍ਹਾਂ ਨੂੰ ਬੀਤ ਗਏ ਦਿਨਾਂ ਦਾ ਝੋਰਾ ਹੈ। ਉਹ ਸ਼ਿਕਵੇ ਸ਼ਿਕਾਇਤਾਂ ਨਾਲ ਭਰੇ ਪਏ ਹਨ। ਵੱਡੇ ਮਹਿੰਦਰ ਸਿੰਘ ਦੀ ਛੋਟੇ ਮਹਿੰਦਰ ਸਿੰਘ ਨੂੰ ਕਹੀ ਗੱਲ ਮੈਨੂੰ ਹੁਣ ਤਕ ਯਾਦ ਹੈ, “ਤੂੰ ਤਾਂ ਅਮਰੀਕਾ ਵਿੱਚ ਮੌਜਾਂ ਕਰਦਾ ਹੋਵੇਂਗਾ। ਮੈਨੂੰ ਵੀ ਕਿਸੇ ਤਰ੍ਹਾਂ ਸੱਦ ਲੈ। ਉਥੇ ਕਿਸੇ ਫੈਕਟਰੀ ਵਿੱਚ ਈ ਲੁਆ ਦਈਂ, ਤੇਰਾ ਜਸ ਗਾਇਆ ਕਰਾਂਗੇ। ਐਥੇ ਸਾਡੀ ਜੂੰਨ ਬੜੀ ਮਾੜੀ ਆ।”

ਮੈਂ ਇਹ ਵੀ ਨੋਟ ਕੀਤਾ ਕਿ ਨਵੇਂ ਜੇਤੂਆਂ ਦੁਆਲੇ ਫੋਟੋਗਰਾਫਰਾਂ ਦੀਆਂ ਭੀੜਾਂ ਸਨ ਤੇ ਪੱਤਰ ਪ੍ਰੇਰਕਾਂ ਦੇ ਝੁਰਮਟ ਸਨ ਜਦ ਕਿ ਪੁਰਾਣੇ ਜੇਤੂ ਅਣਗੌਲੇ ਫਿਰਦੇ ਸਨ। ਸੱਚੀ ਗੱਲ ਹੈ ਖੇਡਾਂ ਦੇ ਪਿੜ ਵਿੱਚ ਵੀ ਰਾਜਨੀਤੀ ਦੇ ਖੇਤਰ ਵਾਂਗ ਚੜ੍ਹਦੇ ਸੂਰਜ ਨੂੰ ਹੀ ਸਲਾਮਾਂ ਹੁੰਦੀਆਂ ਹਨ ਤੇ ਢਲ ਗਏ ਸੂਰਜਾਂ ਨੂੰ ਕੋਈ ਨਹੀਂ ਪੁੱਛਦਾ।

Read 3103 times Last modified on Thursday, 15 October 2009 18:48
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।

Latest from ਪ੍ਰਿੰਸੀਪਲ ਸਰਵਣ ਸਿੰਘ